ਵਿਚਾਰ ਆਪੋ-ਆਪਣਾ
ਮੈਂ ਹੈਰਾਨ ਹੁੰਦਾ ਹਾਂ ਉਨ੍ਹਾਂ ਲੋਕਾਂ ਦੀ ਛੋਟੀ ਸੋਚ ਉੱਪਰ, ਜੋ ਇਹ ਪ੍ਰਚਾਰਨ ਉੱਪਰ ਜੁਟੇ ਹੋਏ ਹਨ ਕਿ ਅੰਮ੍ਰਿਤਪਾਲ ਸਿੰਘ ਦੀ ਜਿੱਤ ਪਿੱਛੇ ਭਾਰਤੀ ਏਜੰਸੀਆਂ ਜਾਂ ਭਾਜਪਾ ਦੀ ਸ਼ਾਜਿਸ਼ ਹੈ। ਇੱਕ ਪਾਸੇ ਪੂਰੇ ਦੇਸ਼ ਦਾ ਫ਼ਿਰਕਾਪ੍ਰਸਤ ਮੀਡੀਆ ਖਡੂਰ ਸਾਹਿਬ ਤੇ ਫਰੀਦਕੋਟ ਦੀ ਜਿੱਤ ਤੋਂ ਬੁਖਲਾਇਆ ਪਿਆ ਹੈ; ਇਨ੍ਹਾਂ ਜਿੱਤਾਂ ਨੂੰ ਲੈ ਕੇ ਦੇਸ਼ ਦੀ ਅਖੰਡਤਾ ਨੂੰ ਖਤਰੇ ਦੀ ਦੁਹਾਈ ਪਾਈ ਜਾ ਰਹੀ ਹੈ।
ਰਿਬੇਰੋ ਵਰਗਾ ਆਦਮੀ, ਜਿਸ ਨੇ ਸਾਡੇ ਖੂਨ ਨਾਲ ਹੌਲੀ ਖੇਡੀ ਸੀ, ਉਹ ਪੰਜਾਬ ਦੀਆਂ ਇਨ੍ਹਾਂ ਦੋ ਜਿੱਤਾਂ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਜਿੱਤ ਲਈ ਲੰਬੇ ਲੰਬੇ ਆਰਟੀਕਲ ਲਿਖ ਕੇ ਪੂਰੇ ਦੇਸ਼ ਨੂੰ ਖ਼ਬਰਦਾਰ ਕਰ ਰਿਹਾ ਹੈ। ਸਿੱਖ ਵਿਰੋਧੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਦਾ ਤਾਂ ਹਮੇਸ਼ਾ ਇਹ ਕੰਮ ਰਿਹਾ ਹੈ ਕਿ ਉਹ ਅਜਿਹਾ ਭੰਬਲਭੂਸਾ ਪੈਦਾ ਕਰਕੇ ਸਿੱਖ ਕੌਮ ਨੂੰ ਆਪਣੇ ਮਕਸਦ ਤੋਂ ਭਟਕਾਉਣ ਲਈ ਉਨ੍ਹਾਂ ਵਿੱਚ ਵੰਡੀਆਂ ਪਾਉਣ ਦੀਆਂ ਸਾਜਿਸ਼ਾਂ ਰਚਣ, ਪਰ ਜਦੋਂ ਆਪਣੇ ਆਪ ਨੂੰ ਪੰਥਕ ਅਤੇ ਆਜ਼ਾਦੀ ਸਮਰਥਕ ਅਖਵਾਉਣ ਵਾਲੇ ਵੀ ਆਪਣੀ ਆਵਾਜ਼ ਨੂੰ ਸਿੱਖ ਵਿਰੋਧੀਆਂ ਦੀ ਸੁਰ ਵਿੱਚ ਮਿਲਾ ਕੇ ਬੋਲਣ ਲੱਗ ਪੈਣ ਤਾਂ ਸਿਰ ਚਕਰਾਉਣ ਲੱਗ ਪੈਂਦਾ ਹੈ।
ਇਸ ਵਕਤ ਏਜੰਸੀਆਂ ਦਾ ਇਹ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਇਸ ਜਿੱਤ ਦੇ ਬਣੇ ਪ੍ਰਭਾਵ ਨੂੰ ਨੁਕਸਾਨ ਪਹੁੰਚਾਇਆ ਜਾਵੇ ਅਤੇ ਉਹ ਅਜਿਹਾ ਕਰਨ ਲਈ ਮਨਘੜਤ ਅਫਵਾਹਾਂ ਫੈਲਾਉਣ ਲਈ ਸਥਾਪਤੀ ਵਿਚਲੇ ਆਪਣੇ ਹੱਥਠੋਕਿਆਂ, ਧੜੇਬੰਦਕ ਬਿਰਤੀ ਦੇ ਗ੍ਰਸੇ ਲੋਕਾਂ ਅਤੇ ਵਿਚਾਰਧਾਰਕ ਵਿਰੋਧੀਆਂ ਨੂੰ ਪੂਰੀ ਚਲਾਕੀ ਨਾਲ ਵਰਤ ਰਹੀਆਂ ਹਨ। ਮੇਰਾ ਬੀਤੇ ਦੀ ਲਹਿਰ ਦਾ ਤਜਰਬਾ ਦਰਸਾਉਂਦਾ ਹੈ ਕਿ ਏਜੰਸੀਆਂ ਕਿਸੇ ਆਗੂ ਜਾਂ ਜਥੇਬੰਦੀ ਦੀ ਕਿਰਦਾਰਕੁਸ਼ੀ ਕਰਨ ਲਈ ਜਾਂ ਫਿਰ ਕਿਸੇ ਵੱਡੀ ਪ੍ਰਾਪਤੀ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਅਜਿਹੀਆਂ ਚਾਲਾਂ ਅਕਸਰ ਚੱਲਦੀਆਂ ਸਨ। ਇੱਥੋਂ ਤੱਕ ਕਿ ਇੰਦਰਾ ਗਾਂਧੀ ਦੇ ਕਤਲ ਨੂੰ ਏਜੰਸੀਆਂ ਵੱਲੋਂ ਆਪ ਕਰਵਾਈ ਘਟਨਾ ਦਰਸਾਉਣ ਦੀ ਸਟੋਰੀ ਤੱਕ ਪ੍ਰਚਾਰੀ ਗਈ ਸੀ।
ਮੈਂ 1980 ਤੋਂ 1995 ਤੱਕ ਲਹਿਰ ਵਿੱਚ ਸਰਗਰਮ ਰਿਹਾ ਅਤੇ 1995 ਤੋਂ 2005 ਤੱਕ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਰਿਹਾ ਹਾਂ, ਪਰ ਮੈਂ ਕਦੇ ਨਹੀਂ ਦੇਖਿਆ ਕਿ ਸਰਕਾਰ ਜਾਂ ਏਜੰਸੀਆਂ ਆਪਣੀ ਕਿਸੇ ਗੁਪਤ ਯੋਜਨਾ ਜਾਂ ਸਾਜਿਸ਼ ਨੂੰ ਆਪ ਨੰਗਾ ਕਰਦੀਆਂ ਹੋਣ; ਪਰ ਮੈਂ ਅਕਸਰ ਦੇਖਦਾ ਰਿਹਾ ਕਿ ਕਿਸੇ ਆਗੂ ਜਾਂ ਜਥੇਬੰਦੀ ਦੇ ਕਿਰਦਾਰ ਨੂੰ ਵਿਗਾੜਨ ਲਈ ਸਟੇਟ ਰੰਜਿਸ਼ਾਂ ਦੇ ਸ਼ਿਕਾਰ ਲੋਕਾਂ ਰਾਹੀਂ ਅਫਵਾਹਾਂ ਫੈਲਾਉਣ ਦੀਆਂ ਸਾਜਿਸ਼ਾਂ ਨੂੰ ਇਸਤੇਮਾਲ ਕਰਦੀ ਰਹੀ ਹੈ। ਹੁਣ ਜਦੋਂ ਆਮ ਸਿੱਖਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਐਡਾ ਵੱਡਾ ਫਤਵਾ ਦੇ ਦਿੱਤਾ ਹੈ, ਤਾਂ ਘੱਟੋ ਘੱਟ ਸਾਡੇ ਆਪਣੇ ਇਨ੍ਹਾਂ ਅਫਵਾਹਾਂ ਨੂੰ ਫੈਲਾਅ ਰਹੇ ਲੋਕਾਂ ਕੋਲ ਐਨਾ ਸਬਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੱਕ ਉਡੀਕ ਕਰਨ ਅਤੇ ਬਾਹਰ ਆ ਕੇ ਉਸ ਵੱਲੋਂ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਨੂੰ ਦੇਖ ਕੇ ਉਸ ਬਾਰੇ ਰਾਏ ਬਣਾਉਣ! ਸ਼ਾਇਦ ਇਸ ਝੂਠੇ ਪ੍ਰਚਾਰ ਵਿੱਚ ਜੁਟੇ ਲੋਕਾਂ ਦੀ ਇਸ ਬੇਸਬਰੀ ਭਰੀ ਬੁਖਲਾਹਟ ਦਾ ਕਾਰਨ ਇਹ ਵੀ ਹੈ ਕਿ ਰਵਾਇਤੀ ਅਕਾਲੀਆਂ ਸਮੇਤ ਛੋਟੇ-ਛੋਟੇ ਪੰਥਕ ਗੁੱਟਾਂ ਨੂੰ ਇਹ ਫ਼ਿਕਰ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਸਥਾਪਤੀ ਉਨ੍ਹਾਂ ਦੀ ਹੋਂਦ ਨੂੰ ਖਤਮ ਕਰ ਦੇਵੇਗੀ। ਇੱਥੇ ਇਹ ਲੋਕ ਅਸਲੀਅਤ ਨੂੰ ਸਮਝਦੇ ਹੋਏ ਵੀ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਦੀਆਂ ਅਫਵਾਹਾਂ ਫੈਲਾਉਣ ਦਾ ਜ਼ਰੀਆ ਬਣ ਰਹੇ ਹਨ। ਸਿੱਖ ਸੰਗਤਾਂ ਨੂੰ ਇਸ ਮਾਮਲੇ ਵਿੱਚ ਸੁਚੇਤ ਹੋ ਕੇ ਪਹਿਰਾ ਦੇਣ ਦੀ ਲੋੜ ਹੈ।
-ਅਮਰੀਕ ਸਿੰਘ ਮੁਕਤਸਰ
ਮਨੁੱਖੀ ਅਧਿਕਾਰ ਕਾਰਕੁਨ