ਮਨੁੱਖੀ ਇਤਿਹਾਸ ਵਿੱਚ ਪਹਿਲਾ ਸੰਸਾਰ ਯੁੱਧ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਬੰਦੇ ਖਾਣ ਵਾਲਾ ਯੁੱਧ ਸਾਬਿਤ ਹੋਇਆ, ਜੋ 1914 ਤੋਂ 1918 ਤੱਕ ਚੱਲਿਆ। ਮਨੁੱਖ ਜਾਂ ਹੁਕਮਰਾਨਾਂ ਦੀ ਹਉਮੈ ਯੁੱਧਾਂ/ਜੰਗਾਂ ਦੀ ਜਨਮਦਾਤੀ ਹੈ। ਉਹ ਆਪਣੇ ਮੁਫ਼ਾਦ ਲਈ ਆਮ ਲੋਕਾਂ ਨੂੰ ਜੰਗ ਦੀ ਅੱਗ ਵਿੱਚ ਡਾਹ ਦਿੰਦੇ ਹਨ। ਕਿਉਂਕਿ ਇਹ ਜੰਗ ਸਾਡੇ ਘਰਾਂ, ਸਾਡੇ ਮਨਾਂ ਵਿੱਚ ਆ ਵੜੀ ਹੈ, ਇਹੋ ਵਜ੍ਹਾ ਹੈ ਕਿ ਧਰਮਾਂ, ਰੰਗਾਂ, ਨਸਲਾਂ ਦੀ ਲੜਾਈ ਨੇ ਬਹੁਤੇ ਲੋਕਾਂ ਦੇ ਦਿਲਾਂ ਵਿੱਚੋਂ ਦਇਆ ਕੱਢ ਕੇ ਕਠੋਰਤਾ ਭਰ ਦਿੱਤੀ ਹੈ। ਹਥਲੇ ਲੇਖ ਵਿੱਚ ਸਥਾਪਿਤ ਕਵਿੱਤਰੀ ਤੇ ਲੇਖਿਕਾ ਸੁਰਜੀਤ (ਟੋਰਾਂਟੋ) ਨੇ ਸੰਸਾਰ ਸ਼ਾਂਤੀ ਵਿੱਚ ਕਵਿਤਾ ਦੇ ਯੋਗਦਾਨ ਦੀ ਗੱਲ ਕਰਦਿਆਂ ਲਿਖਿਆ ਹੈ ਕਿ ਤਵਾਰੀਖ ਵੱਲ ਨਜ਼ਰ ਮਾਰੀਏ ਤਾਂ ਮਨੁੱਖ ਨੇ ਸੱਤਾ ਨੂੰ ਹਥਿਆਉਣ ਲਈ ਅਨੇਕਾਂ ਜੰਗਾਂ ਲੜੀਆਂ ਹਨ ਅਤੇ ਕਵਿਤਾ ਨੇ ਇਨ੍ਹਾਂ ਦੇ ਭਿਆਨਕ ਸਿੱਟਿਆਂ ਦੇ ਦਰਦਨਾਕ ਦ੍ਰਿਸ਼ਾਂ ਨੂੰ ਪੇਸ਼ ਕਰਕੇ ਜੰਗ ਵਿਰੁੱਧ ਆਵਾਜ਼ ਉੱਠਾਈ। ਹਾਲ ਹੀ ਵਿੱਚ ਲੇਖਿਕਾ ਨੇ ਕਾਵਿ ਸੰਗ੍ਰਹਿ “ਲਵੈਂਡਰ” (ਕੈਨੇਡਾ ਦੀ ਚੋਣਵੀਂ ਪੰਜਾਬੀ ਕਵਿਤਾ) ਦੀ ਸੰਪਾਦਨਾ ਕੀਤੀ ਹੈ।
ਸੁਰਜੀਤ (ਟੋਰਾਂਟੋ)
ਫੋਨ: 416-605-3784
ਕਵਿਤਾ ਦਿਲ ਦੀ ਜ਼ੁਬਾਨ ਹੁੰਦੀ ਹੈ ਅਤੇ ਸੰਵੇਦਨਾ ਇਸ ਦੀਆਂ ਰਗਾਂ ਵਿੱਚ ਦੌੜਦਾ ਲਹੂ ਹੈ। ਕਵਿਤਾ ਦਾ ਪ੍ਰਯੋਜਨ ਸਤਿਅੰਮ ਸ਼ਿਵੰਮ ਸੁੰਦਰਮ ਭਾਵ ਜੀਵਨ ਦੀ ਸੱਚਾਈ, ਕਲਿਆਣ ਅਤੇ ਸੁਹੱਪਣ ਨੂੰ ਸਾਕਾਰ ਕਰਨਾ ਹੁੰਦਾ ਹੈ। ਸੰਵੇਦਨਾ ਭਰਪੂਰ ਹੋਣ ਕਰਕੇ ਕਵਿਤਾ ਦਿਲ `ਤੇ ਸਿੱਧੀ ਚੋਟ ਕਰਦੀ ਹੈ, ਇਸ ਲਈ ਕਵਿਤਾ ਰਾਹੀਂ ਮਾਨਵ ਪ੍ਰੇਮ ਅਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਂਦਾ ਰਿਹਾ ਹੈ। ਉਂਝ ਤਾਂ ਸਾਰਾ ਹੀ ਸਾਹਿਤ ਕਲਿਆਣਕਾਰੀ ਹੁੰਦਾ ਹੈ ਅਤੇ ਮਾਨਵ ਹਿਤਾਂ ਦੀ ਹਾਮੀ ਭਰਦਾ ਹੈ, ਪਰ ਕਵਿਤਾ ਵਿੱਚ ਜਜ਼ਬਾ ਵਧੇਰੇ ਤੀਖਣ ਹੋਣ ਕਾਰਨ ਇਹ ਮਾਨਵਤਾ ਦੇ ਹੱਕ ਵਿੱਚ ਵਧੇਰੇ ਭੁਗਤਦੀ ਹੈ। ਕਵਿਤਾ ਨੇ ਜੋ ਜੰਗਾਂ ਦੇ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਦਾ ਸੰਦੇਸ਼ ਦਿੱਤਾ, ਉਹ ਸਲਾਹੁਣਯੋਗ ਹੈ।
ਤਵਾਰੀਖ ਵੱਲ ਨਜ਼ਰ ਮਾਰੀਏ ਤਾਂ ਮਨੁੱਖ ਨੇ ਸੱਤਾ ਨੂੰ ਹਥਿਆਉਣ ਲਈ ਅਨੇਕਾਂ ਜੰਗਾਂ ਲੜੀਆਂ ਹਨ ਅਤੇ ਕਵਿਤਾ ਨੇ ਇਨ੍ਹਾਂ ਦੇ ਭਿਆਨਕ ਸਿੱਟਿਆਂ ਦੇ ਦਰਦਨਾਕ ਦ੍ਰਿਸ਼ਾਂ ਨੂੰ ਪੇਸ਼ ਕਰਕੇ ਜੰਗ ਵਿਰੁੱਧ ਆਵਾਜ਼ ਉੱਠਾਈ। ਜੰਗ ਦਾ ਨਾਂ ਸੁਣਦਿਆਂ ਹੀ ਤਬਾਹੀ ਤੇ ਸਹਿਮ ਦੇ ਕਿੰਨੇ ਭਿਆਨਕ ਸੀਨ ਅੱਖਾਂ ਅੱਗੇ ਮੰਡਰਾਉਣ ਲੱਗਦੇ ਨੇ! ਵਿਨਾਸ਼ਕਾਰੀ ਜੰਗ, ਆਦਮਖਾਣੀ ਜੰਗ ਸਦਾ ਮਨੁੱਖ ਦੇ ਅੰਬਰ `ਤੇ ਮੰਡਰਾਉਂਦੀ ਰਹੀ, ਕਹਿਰ ਢਾਹੁੰਦੀ ਰਹੀ ਅਤੇ ਲੋਕਾਂ ਦੀ ਮਾਨਸਿਕ, ਆਤਮਿਕ ਤੇ ਸ਼ਰੀਰਕ ਸ਼ਕਤੀ ਤਹਿਸ ਨਹਿਸ ਕਰਦੀ ਰਹੀ। ਜੰਗ ਨੇ ਘਰਾਂ ਦੇ ਘਰ, ਬਸਤੀਆਂ ਦੀਆਂ ਬਸਤੀਆਂ, ਸ਼ਹਿਰਾਂ ਦੇ ਸ਼ਹਿਰ ਅਤੇ ਪੂਰੇ ਦੇਸ਼ਾਂ ਦੇ ਦੇਸ਼ ਉਜਾੜ ਕੇ ਰੱਖ ਦਿੱਤੇ। ਜੰਗ ਤਾਕਤ ਜਾਂ ਹਥਿਆਰਾਂ ਦੀ ਅਜ਼ਮਾਇਸ਼ ਲਈ ਨਹੀਂ ਲੜੀ ਜਾਂਦੀ, ਮਨੁੱਖ ਦੀ ਹਉਮੈ ਜੰਗਾਂ ਦੀ ਜਨਮਦਾਤੀ ਹੈ। ਜੰਗ ਦੇ ਪਰਿਣਾਮ ਮਾਰੂ ਹੁੰਦੇ ਹਨ- ਇਹ ਚਾਹੇ ਮਹਾਂਭਾਰਤ ਦਾ ਯੁੱਧ ਹੋਵੇ, ਕਾਰਗਿਲ ਦੀ ਲੜਾਈ ਹੋਵੇ, ਕਰਬਲਾ ਦਾ ਮੈਦਾਨ ਹੋਵੇ, ਸੀਰੀਆ ਦੀ ਖਾਨਾਜੰਗੀ ਹੋਵੇ, ਰੂਸ ਅਤੇ ਯੂਕਰੇਨ ਦੀ ਲੜਾਈ ਹੋਵੇ, ਸੰਸਾਰ ਯੁੱਧ ਜਾਂ ਇਤਿਹਾਸ ਵਿੱਚ ਲੜਿਆ ਕੋਈ ਵੀ ਯੁੱਧ ਹੋਵੇ, ਇਹ ਕੇਵਲ ਪਿੱਛੇ ਲੋਥਾਂ ਦੇ ਸੱਥਰ ਵਿਛਾਉਂਦੀ ਹੈ। ਕੌਣ ਮਰਿਆ, ਕਿੱਥੇ ਮਰਿਆ- ਇਸਨੂੰ ਕੋਈ ਫ਼ਰਕ ਨਹੀਂ ਪੈਂਦਾ, ਪਰ ਲੋਕਾਂ ਦੀ ਜ਼ਿੰਦਗੀ ‘ਤੇ ਇਸਦਾ ਬਹੁਤ ਮਾਰੂ ਅਸਰ ਪੈਂਦਾ ਹੈ। ਕਵੀਆਂ ਦੇ ਕੋਮਲ ਮਨ ਅਮਨ ਦੇ ਪੁਜਾਰੀ ਹੁੰਦੇ ਹਨ, ਉਹ ਕੁਰਲਾ ਉੱਠਦੇ ਹਨ ਅਤੇ ਆਪਣੀ ਕਲਮ ਨੂੰ ਜੰਗ ਵਿਰੋਧੀ ਤੇ ਅਮਨ ਸ਼ਾਂਤੀ ਬਰਕਰਾਰ ਰੱਖਣ ਵਾਲੀਆਂ ਕਵਿਤਾਵਾਂ ਕਹਿਣੋਂ ਨਹੀਂ ਰੋਕ ਸਕਦੇ। ਬਾਬਾ ਨਜ਼ਮੀ ਕਹਿੰਦਾ ਹੈ:
ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ।
ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ, ਉਹ ਚੈਨ ਨਾਲ ਜੀਣਾ ਚਾਹੁੰਦੇ ਹਨ ਪਰ ਹੁਕਮਰਾਨਾਂ ਦੇ ਆਪਣੇ ਮੁਫ਼ਾਦ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜੰਗ ਦੀ ਅੱਗ ਵਿੱਚ ਡਾਹ ਦਿੰਦੇ ਨੇ। ਉਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਂਦੇ ਨੇ ਤੇ ਖ਼ੁਦ ਫਾਇਦਾ ਚੁੱਕਦੇ ਨੇ। ਕਵੀ ਲੋਕਾਂ ਦੀ ਇਸ ਪੀੜ ਨੂੰ ਬਹੁਤ ਸ਼ਿੱਦਤ ਨਾਲ ਸਮਝਦਾ ਹੈ। ਬੰਗਾਲੀ ਕਵੀ ਲਾਲਟੂ ‘ਉਨ੍ਹਾਂ ਮੁਹੱਲਿਆਂ ਵਿਚ’ ਨਾਮੀ ਆਪਣੀ ਕਾਵਿ ਰਚਨਾ ਵਿੱਚ ਜੰਗ ਦੁਆਰਾ ਹੋਈ ਤਬਾਹੀ ਦੀ ਮਾਰਮਿਕ ਤਸਵੀਰ ਖਿੱਚਦਾ ਹੋਇਆ ਲੋਕਾਂ `ਤੇ ਪਏ ਜੰਗ ਦੇ ਭਿਆਨਕ ਪ੍ਰਭਾਵਾਂ ਨੂੰ ਇਉਂ ਬਿਆਨ ਕਰਦਾ ਹੈ:
‘ਚਲੋ ਉਨ੍ਹਾਂ ਮੁਹੱਲਿਆਂ ਵਿੱਚ ਹੋ ਆਈਏ
ਜਿੱਥੇ ਕੋਈ ਨਹੀਂ ਸੁੱਤਾ
ਉੱਥੇ ਬੱਦਲਾਂ ਵਿੱਚ ਬਾਰੂਦ ਦੀ ਬਦਬੂ ਹੈ
ਉੱਥੇ ਕਣੀਆਂ ਮਰ ਰਹੀਆਂ ਨੇ ਜ਼ਹਿਰ ਵਿੱਚ ਘੁਲ਼ ਕੇ
ਇੱਥੇ ਕਿਸ ਉਡੀਕ ਵਿੱਚ ਬੈਠੇ ਹੋ?
ਚਲੋ ਉਨ੍ਹਾਂ ਮੁਹੱਲਿਆਂ ਨੂੰ ਦੇਖ ਆਈਏ
ਕਿੰਝ ਆਪਣੇ ਖ਼ੂਨ ਵਿੱਚ ਨਹਾ ਸਕਦੇ ਨੇ
ਕਿੰਝ ਗਲ਼ ਘਰੋੜ ਕੇ ਗਾ ਸਕਦੇ ਨੇ
ਹਾਲ-ਚਾਲ ਆਪਣੀਆਂ ਲਾਸ਼ਾਂ ਦਾ ਪੁੱਛ ਸਕਦੇ ਨੇ।
(ਹਿੰਦੀ ਤੋਂ ਪੰਜਾਬੀ ਵਿੱਚ ਤਰਜਮਾ ਦਲਜੀਤ ਅਮੀ, ਪੰਜਾਬੀ ਕਲਾਵੇਅਰ ਬਲੌਗ ਤੋਂ ਧੰਨਵਾਦ ਸਹਿਤ, 8 ਸਤੰਬਰ 2014 ਦੀ ਪੋਸਟ)
ਸੰਸਾਰ ਯੁੱਧ ਮਨੁੱਖ ਦੀ ਹਉਮੈ ਦਾ ਹੀ ਸਿੱਟਾ ਹਨ। 1914 ਵਿੱਚ ਇੱਕ ਅਰਬੀ ਨੈਸ਼ਨਲਿਸਟ ਨੇ ਆਸਟਰੀਆ ਦੇ ਰਾਜਕੁਮਾਰ ਦਾ ਕਤਲ ਕਰ ਦਿੱਤਾ, ਜਿਸ ਕਰਕੇ ਹੰਗਰੀ ਅਤੇ ਆਸਟਰੀਆ ਨੇ ਸਰਬੀਆ ’ਤੇ ਹਮਲਾ ਕਰ ਦਿੱਤਾ। ਯੂਰਪ ਦੇ ਦੇਸ਼ਾਂ ਵਿੱਚ ਇਹ ਸਮਝੌਤਾ ਸੀ ਕਿ ਜੇ ਉਨ੍ਹਾਂ `ਤੇ ਕੋਈ ਹਮਲਾ ਕਰੇ ਤਾਂ ਉਹ ਮਦਦ ਕਰਨਗੇ; ਇਸ ਲਈ ਪੂਰਾ ਯੂਰਪ ਲੜਾਈ ਵਿੱਚ ਧਕੇਲ ਦਿੱਤਾ ਗਿਆ ਅਤੇ ਸੰਸਾਰ ਯੁੱਧ ਸ਼ੁਰੂ ਹੋ ਗਿਆ। ਜੰਗ ਮੁੱਕਣ `ਤੇ ਜਰਮਨੀ, ਰੂਸ, ਆਸਟਰੀਆ ਅਤੇ ਹੰਗਰੀ ਆਦਿ ਦੇਸ਼ਾਂ ਦੀ ਬਹੁਤ ਹੀ ਮਾੜੀ ਹਾਲਤ ਹੋ ਗਈ ਫਲਸਰੂਪ ਯੂਰਪ ਕਈ ਛੋਟੋ ਛੋਟੇ ਦੇਸਾਂ ਵਿੱਚ ਵੰਡਿਆ ਗਿਆ। ਮੰਦਭਾਗੀ ਗੱਲ ਇਹ ਹੈ ਕਿ 1914 ਤੋਂ 1918 ਤੱਕ ਚੱਲਣ ਵਾਲਾ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਪਹਿਲਾ ਸੰਸਾਰ ਯੁੱਧ ਸੀ, ਜਿਸ ਵਿੱਚ ਲਗਭਗ ਇੱਕ ਕਰੋੜ ਲੋਕ ਮਾਰੇ ਗਏ। ਮਨੁੱਖੀ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਬੰਦੇ ਖਾਣ ਵਾਲਾ ਯੁੱਧ ਸਾਬਿਤ ਹੋਇਆ। ਇਸ ਦੇ ਬਾਵਜੂਦ ਲੋਕ ਬਾਜ ਨਹੀਂ ਆਏ। ਕਵੀ ਸਮਝਾਉਂਦਾ ਹੋਇਆ ਇਉਂ ਕਹਿੰਦਾ ਹੈ:
ਯੁੱਧ ਜਸ਼ਨ ਨਹੀਂ ਹੁੰਦਾ ਦੋਸਤੋ
ਉਦੋਂ ਤਾਂ ਬਿਲਕੁਲ ਨਹੀਂ ਹੁੰਦਾ
ਜਦੋਂ ਕਿਸੇ ਬਾਂਦਰ ਦੇ ਹੱਥ ‘ਚ ਬੰਦੂਕ ਹੋਵੇ
ਕਿਸੇ ਸਿਰਫਿਰੇ ਨੂੰ ਲੱਭ ਜਾਵੇ ਮਾਚਿਸ ਦੀ ਤੀਲੀ
ਕਿਸੇ ਹੈਵਾਨ ਦੇ ਹੱਥ ‘ਚ ਆ ਜਾਵੇ ਸੱਤਾ
ਤੇ ਕਿਸੇ ‘ਸ਼ੈਤਾਨ’ ਦੇ ਹੱਥ ਆ ਜਾਵੇ ‘ਰੱਬ’
(ਡਾ. ਕੁਲਦੀਪ ਸਿੰਘ ਦੀਪ)
ਪਹਿਲੇ ਮਹਾਂਯੁੱਧ ਦੀ ਇੰਨੀ ਤਬਾਹੀ ਦੇ ਬਾਵਜੂਦ 1939 ਤੋਂ ਲੈ ਕੇ 1945 ਤੱਕ ਦੂਜਾ ਮਹਾਂਯੁੱਧ ਛੇੜ ਲਿਆ ਗਿਆ, ਜਿਸ ਨੇ ਪੂਰਾ ਸੰਸਾਰ ਹੀ ਯੁੱਧ ਦੀ ਲਪੇਟ ਵਿੱਚ ਲੈ ਲਿਆ। ਇਸ ਵਿੱਚ ਜਲ, ਥਲ ਤੇ ਹਵਾਈ ਸੈਨਾ ਸ਼ਾਮਿਲ ਹੋਏ ਅਤੇ ਸਿੱਟੇ ਵਜੋਂ ਸਾਰੇ ਦੇਸ਼ਾਂ ਨੇ ਆਪਣੇ ਲੋਕਾਂ ਦਾ ਸਾਰਾ ਕੁਝ ਹੀ ਤਬਾਹ ਕਰ ਕੇ ਰੱਖ ਦਿੱਤਾ। ਇਸ ਵਿੱਚ ਦਸ ਕਰੋੜ ਫ਼ੌਜੀਆਂ ਨੇ ਹਿੱਸਾ ਲਿਆ। ਇਸ ਯੁੱਧ ਦੌਰਾਨ ਘਲੂਘਾਰੇ ਵੀ ਹੋਏ ਅਤੇ ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਨਾਲ ਜਾਪਾਨ ਦੇ ਦੋ ਸ਼ਹਿਰ ਹੀਰੋਸ਼ਮਾ ਅਤੇ ਨਾਗਾਸਾਕੀ ਤਬਾਹ ਕਰ ਦਿੱਤੇ ਗਏ। ਨਾਜ਼ੀਆਂ ਨੇ ਗੈਸ ਚੈਂਬਰਾਂ ਵਿੱਚ ਜਿਉਂਦਿਆਂ ਯਹੂਦੀਆਂ ’ਤੇ ਅਜਿਹੇ ਜ਼ੁਲਮ ਢਾਹੇ ਕਿ ਉਸ ਨਾਲ ਮਨੁੱਖਤਾ ਸ਼ਰਮਸਾਰ ਹੋਈ। ਅੱਜ ਵੀ ਜਾਪਾਨ ਦੀ ਉਸ ਬੰਜਰ ਜ਼ਮੀਨ ਵਿੱਚ ਕੁਝ ਨਹੀਂ ਉੱਗਦਾ ਅਤੇ ਜ਼ਹਿਰੀਲੀ ਹਵਾ ਨੇ ਦੂਰ ਦੂਰ ਤੱਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।
‘ਥਾ ਸਕਲ ਸੰਸਾਰ ਬੈਠਾ
ਬੁੱਧੀ ਮੇਂ ਬਾਰੂਦ ਭਰ ਕਰ-
ਕਰੋਧ, ਈਰਸ਼ਾ, ਦਵੇਸ਼, ਮਦ ਕੀ,
ਪਰੇਮ ਸੁਮਨਾਵਲੀ ਨਿਦਰ ਕਰ,
ਏਕ ਚਿੰਗਾਰੀ ਉਠੀ, ਲੋ, ਆਗ ਦੁਨੀਆਂ ਮੇਂ ਲਗੀ ਹੈ।
ਯੁੱਧ ਕੀ ਜਵਾਲਾ ਜਗੀ ਹੈ।
ਅਬ ਜਲਾਨਾ ਔਰ ਜਲਨਾ,
ਰਹਿ ਗਿਆ ਹੈ ਕਾਮ ਕੇਵਲ!
ਰਾਖ ਜਲ, ਥਲ ਮੇਂ, ਗਗਨ ਮੇਂ
ਯੁੱਧ ਕਾ ਪਰਿਣਾਮ ਕੇਵਲ!
(ਹਰਿਵੰਸ਼ ਰਾਏ ਬੱਚਨ)
ਸਰਹੱਦਾਂ ਦਾ ਯੁੱਧ
ਮੁਲਤਵੀ ਕਰ ਦਿਓ
ਦਿਨ ਦੇ ਚੜ੍ਹਨ ਤੀਕ,
ਸਰਹੱਦਾਂ ਦੇ ਯੁੱਧ ਵਿੱਚ
ਸਾਨੂੰ ਕੋਈ ਦਿਲਚਸਪੀ ਨਹੀਂ
ਸਰਹੱਦਾਂ ਦੇ ਯੁੱਧ ਵਿੱਚ
ਸਾਨੂੰ ਕੋਈ ਲਾਭ ਨਹੀਂ। (ਕਮਲ ਦੇਵ ਪਾਲ)
ਜੇ ਅੱਜ ਦੇ ਇਸ ਵਿਗਿਆਨਕ ਯੁਗ ਵਿੱਚ ਆਪਣੇ ਚੌਗਿਰਦੇ ਵੱਲ ਵੇਖੀਏ ਤਾਂ ਜਿੱਥੇ ਵਿਗਿਆਨ ਨੇ ਸਾਨੂੰ ਇੰਨੀਆਂ ਸੁੱਖ-ਸਹੂਲਤਾਂ ਦਿੱਤੀਆਂ ਹਨ, ਜਿਨ੍ਹਾਂ ਨੇ ਸਾਡਾ ਜੀਵਨ ਹਰ ਤਰ੍ਹਾਂ ਸੁਖਾਲਾ ਬਣਾ ਦਿੱਤਾ ਹੈ, ਉੱਥੇ ਇਸ ਨੇ ਸਾਡੀ ਮੌਤ ਨੂੰ ਵੀ ਸਾਡੇ ਹੋਰ ਕਰੀਬ ਲੈ ਆਂਦਾ ਹੈ। ਇੱਕ ਬਟਨ ਦਬਾ ਕੇ ਦੁਨੀਆਂ ਤਬਾਹ ਕੀਤੀ ਜਾ ਸਕਦੀ ਹੈ। ਪੈਰ ਪੈਰ `ਤੇ ਧਰਮਾਂ, ਰੰਗਾਂ, ਨਸਲਾਂ ਦੀ ਲੜਾਈ ਨੇ ਆਮ ਬੰਦੇ ਦਾ ਜੀਊਣਾ ਮੁਹਾਲ ਕਰ ਦਿੱਤਾ ਹੈ। ਹੱਦਾਂ-ਸਰਹੱਦਾਂ ਅਤੇ ਇਮੀਗਰੇਸ਼ਨਾਂ ਨੇ ਵੀ ਦੁਨੀਆਂ ਨੂੰ ਘੱਟ ਪਰੇਸ਼ਾਨ ਨਹੀਂ ਕੀਤਾ। ਇਰਾਕ ਦੀ ਤਬਾਹੀ, ਆਪਣੇ ਹੀ ਦੇਸ਼ ਤੋਂ ਮਜਬੂਰਨ ਬੇਘਰ ਹੋਏ ਸੀਰੀਆ ਦੇ ਲੋਕ, ਹੁਣ ਯੂਕਰੇਨ ਤੇ ਰੂਸ ਦੀ ਧੌਂਸ ਅਤੇ ਸੰਸਾਰ ਵਿੱਚ ਜੰਗਾਂ ਤੋਂ ਪਰੇਸ਼ਾਨ ਕਿੰਨੇ ਹੋਰ ਲੋਕ ਹਨ! ਅੱਜ ਵੀ ਤੀਜੇ ਸੰਸਾਰ ਯੁੱਧ ਦੇ ਬੱਦਲ ਸਾਰੀ ਦੁਨੀਆਂ ਦੇ ਸਿਰ `ਤੇ ਮੰਡਰਾ ਰਹੇ ਹਨ। ਆਪਣੇ ਦੇਸ਼ ਪੰਜਾਬ ਦੀਆਂ ਸਰਹੱਦਾਂ ‘ਤੇ ਨਿਤ ਦੇ ਤਣਾਓ ਕਰਕੇ ਸਰਹੱਦੀ ਵੱਸਦੇ ਸਾਡੇ ਭੈਣਾਂ-ਭਰਾਵਾਂ ਨੂੰ ਭਾਰੀ ਕਸ਼ਟ ਸਹਿਣਾ ਪੈਂਦਾ ਹੈ, ਪਰ ਉਨ੍ਹਾਂ ਲੋਕਾਂ ਦੀ ਪੀੜ ਨੂੰ ਸਮਝਣ ਤੋਂ ਅਸਮਰਥ ਲੋਕ ਇਸਦੀ ਗੰਭੀਰਤਾ ਨੂੰ ਨਹੀਂ ਸਮਝਦੇ। ਜ਼ਰਾ ਜਿੰਨੀ ਸ਼ਾਂਤੀ ਹੁੰਦੀ ਹੈ ਤੇ ਉਹ ਸੋਚਦੇ ਨੇ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ, ਪਰ ਕਵਿਤਾ ਦੀਆਂ ਅਗਲੀਆਂ ਸਤਰਾਂ ਵਿੱਚ ਕਵੀ ਲਾਲਟੂ ਦੇ ਬੋਲ ਸਾਨੂੰ ਚਿਤਾਵਨੀ ਦਿੰਦੇ ਹਨ:
ਅੱਜ ਇਹ ਮੁਹੱਲਾ ਸ਼ਾਂਤ ਹੈ
ਕੌਣ ਜਾਣਦੈ ਕਿ
ਲੱਗ ਸਕਦੀ ਹੈ ਅੱਗ ਇੱਥੇ ਵੀ ਸਿੱਲੀ ਘਾਹ ਨੂੰ
ਕਿ ਹਵਾਵਾਂ ਵਿੱਚ ਸਾਂ-ਸਾਂ ਸੁਣੀ ਜਾ ਸਕਦੀ ਹੈ
ਬੱਚਿਆਂ ਦੇ ਆਖ਼ਰੀ ਸਾਹਾਂ ਦੀ
ਇਸ ਤੋਂ ਪਹਿਲਾਂ ਕਿ ਦਸਤਕ ਸੁਣੇ
ਲਾਗਲੇ ਹਰੇ ਪੱਤਿਆਂ ਅਤੇ ਦੂਰ ਗਗਨ ਦੀ ਲਾਲੀ ਨੂੰ
ਮਲਿਆਮੇਟ ਕਰਨ ਦੀ ਖੇਡ ਦਾ ਬੋਲਾ ਸੁਣੇ
ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖ਼ਰੀ ਲਫ਼ਜ਼ ਦਫ਼ਨ ਹੋ ਜਾਣ
ਚਲੋ ਉਨ੍ਹਾਂ ਮੁਹੱਲਿਆਂ ਵਿੱਚ ਹੋ ਆਈਏ।
ਕਵੀ ਦੀ ਚਿਤਾਵਨੀ ਕਿੰਨੀ ਸੱਚੀ ਹੈ। ਕਵਿਤਾ ਪਿਆਰ ਕਰਨਾ ਸਿਖਾਉਂਦੀ ਆਈ ਹੈ। ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖ਼ਰੀ ਲਫ਼ਜ਼ ਦਫ਼ਨ ਹੋ ਜਾਣ, ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਸੀ ਮਿਲਵਰਤਣ ਦੀਆਂ ਕਵਿਤਾਵਾਂ ਦੇ ਬੋਲਾਂ ਦੇ ਕੁਝ ਅਜਿਹੇ ਬੀਜ ਬੀਜੀਏ ਕਿ ਸਾਡੇ ਦਿਲਾਂ ਅੰਦਰ ਮੁਹੱਬਤ ਦੀ ਜੋਤ ਸਦਾ ਜਗਦੀ ਰਹੇ। ਨੋਬਲ ਇਨਾਮ ਜੇਤੂ ਕੈਨੇਡੀਅਨ ਕਵਿੱਤਰੀ Wislawa Szymborska ਨੇ ਜੰਗ ਦੀ ਤਬਾਹੀ ਵੇਖੀ ਤੇ ਉਸਦੇ ਮਨ `ਤੇ ਇਸਦਾ ਅਜਿਹਾ ਪ੍ਰਭਾਵ ਪਿਆ ਕਿ ਉਸਨੇ 18 ਸਾਲ ਦੀ ਉਮਰ ਵਿੱਚ ਆਪਣੇ ਇਨ੍ਹਾਂ ਪ੍ਰਭਾਵਾਂ ਨੂੰ ਆਪਣੀ ਮਸ਼ਹੂਰ ਕਵਿਤਾ ‘The End and the Beginning’ ਵਿੱਚ ਕਿਹਾ ਕਿ ਜੰਗ ਇਸ ਤਰ੍ਹਾਂ ਦੀ ਤਬਾਹੀ ਮਚਾ ਦਿੰਦੀ ਹੈ ਕਿ ਸਭ ਕੁਝ ਖਤਮ ਹੋ ਜਾਂਦਾ ਹੈ ਤੇ ਲੋਕਾਂ ਨੂੰ ਤਬਾਹੀ ਨਾਲ ਜਮ੍ਹਾਂ ਹੋਏ ਮਲਵੇ ਦੇ ਢੇਰ ਨੂੰ ਸਾਫ਼ ਕਰਕੇ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰਨੀ ਪੈਂਦੀ ਹੈ:
Someone has to shovel
the rubble to the roadsides
so the carts loaded with corpses
can get by.
Someone has to trudge
through sludge and ashes.
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਨ ਬਰਕਰਾਰ ਰੱਖਣ ਲਈ ਅੱਜ ਤੱਕ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਤਕਰੀਬਨ ਹਰ ਭਾਸ਼ਾ ਵਿੱਚ ਹੀ ਅਨੇਕਾਂ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਹਨ, ਜੋ ਸਮਾਜ ਨੂੰ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਹਨ। ਪੰਜਾਬੀ ਲੋਕ-ਗੀਤਾਂ ਵਿੱਚ ਵੀ ਇਸਦਾ ਵਾਰ ਵਾਰ ਜ਼ਿਕਰ ਆਇਆ ਹੈ! ਸਾਡੀਆਂ ਪੰਜਾਬੀ ਸੁਆਣੀਆਂ ਨੇ ਸਦੀਆਂ ਤੋਂ ਜੰਗ ਦਾ ਬਹੁਤ ਵੱਡਾ ਦੁੱਖ ਝੱਲਿਆ ਹੈ, ਅੰਤਾਂ ਦਾ ਬਿਰਹਾ ਹੰਢਾਇਆ ਹੈ। ਉਨ੍ਹਾਂ ਦੇ ਬੋਲਾਂ ਵਿੱਚੋਂ ਜੰਗ ਦਾ ਦਰਦ ਡੁੱਲ੍ਹ ਡੁੱਲ੍ਹ ਪੈਂਦਾ ਹੈ:
ਜੇ ਤੂੰ ਸਿਪਾਹੀਆ ਗਿਆ ਜੰਗ ਨੂੰ ਲਾ ਕੇ ਮੈਨੂੰ ਝੋਰਾ
ਹੱਡਾਂ ਮੇਰਿਆਂ ਨੂੰ ਖਾ ਜਾਊ ਬਿਰਹਾ
ਜਿਉਂ ਛੋਲਿਆਂ ਨੂੰ ਢੋਰਾ
ਜੰਗ ਨੂੰ ਨਾ ਜਾਈਂ ਵੇ, ਵੇ ਬਾਗਾਂ ਦਿਆ ਮੋਰਾ।
ਜਾਂ ਫਿਰ ਇਉਂ ਗਾਉਂਦੀਆਂ ਸੁਣੀਆਂ ਜਾਂਦੀਆਂ ਨੇ:
ਬੱਲੇ ਬੱਲੇ ਬਈ ਬਸਰੇ ਦੀ ਲਾਮ ਟੁੱਟ ਜੇ
ਵੇ ਮੈਂ ਰੰਡੀਓਂ ਸੁਹਾਗਣ ਹੋਵਾਂ।
ਆਮ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਜੰਗਾਂ/ਯੁੱਧਾਂ ਦਾ ਕੀ ਪ੍ਰਭਾਵ ਪੈਂਦਾ ਹੈ, ਇਸ ਨਾਲ ਸੰਬੰਧਿਤ ਇੱਕ ਪੁਰਾਣੀ ਯਾਦ ਤਾਜ਼ਾ ਹੋ ਗਈ ਹੈ। ਇੱਕ ਦਿਨ ਪੱਛਮੀ ਪੰਜਾਬ ਦੀ ਸ਼ਾਇਰਾ ਨੁੱਜ਼ਤ ਸਦੀਕੀ ਦੇ ਘਰ ਜਾਣਾ ਹੋ ਗਿਆ। ਉਨ੍ਹਾਂ ਦੇ ਲਿਵਿੰਗ ਰੂਮ ਦੇ ਸ਼ੋਅਕੇਸ ਵਿੱਚ ਇੱਕ ਵੱਡਾ ਸਾਰਾ ਚਾਬੀਆਂ ਦਾ ਗੁੱਛਾ ਸਜਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਚਾਬੀਆਂ ਨੂੰ ਵੇਖਦਿਆਂ ਹੀ ਆਪਣੇ ਪਿੰਡ ਵਾਲੇ ਪੁਰਾਣੇ ਘਰ ਦੀਆਂ ਚਾਬੀਆਂ ਯਾਦ ਆ ਗਈਆਂ। ਕੁਝ ਹੈਰਾਨ ਹੋ ਕੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਚਾਬੀਆਂ 47 ਦੀ ਵੰਡ ਵੇਲੇ ਉਸਦੇ ਦਾਦੀ ਜੀ ਹਿੰਦੁਸਤਾਨ ਤੋਂ ਪਾਕਿਸਤਾਨ ਲੈ ਗਏ ਸਨ। ਜਦੋਂ ਉਹ ਕੈਨੇਡਾ ਆਏ ਤਾਂ ਵੀ ਚਾਬੀਆਂ ਨਾਲ ਲੈ ਕੇ ਆਏ।
ਵੰਡ ਤੋਂ ਪ੍ਰਭਾਵਿਤ ਪੱਛਮੀ ਅਤੇ ਪੂਰਬੀ ਪੰਜਾਬ ਦੇ ਲੋਕਾਂ ਨੇ ਆਪਣੇ ਲੁੱਟੇ ਘਰਾਂ ਦੀਆਂ ਚਾਬੀਆਂ ਨੂੰ ਕੈਨੇਡਾ ਤੱਕ ਆਪਣੇ ਕੋਲ ਸਾਂਭ ਕੇ ਰੱਖਿਆ ਅਤੇ ਕਹਿੰਦੇ ਸੁਣੇ ਹਨ, ‘ਮੈਂ ਘਰ ਨੂੰ ਜੰਦਰਾ ਮਾਰ ਕੇ ਕੁੰਜੀਆਂ ਲੈ ਆਈ ਹਾਂ, ਜਦੋਂ ਮਾਹੌਲ ਸੁਖਾਵੇਂ ਹੋ ਜਾਣਗੇ ਤਾਂ ਜਾ ਕੇ ਘਰ ਖੋਲ੍ਹ ਲਵਾਂਗੇ।’ ਪਰ ਕੌਣ ਵਾਪਿਸ ਜਾ ਸਕਿਆ ਆਪਣੇ ਘਰਾਂ ਨੂੰ? ਕਿੰਨੇ ਲੋਕ ਸਰਹੱਦਾਂ ਦੇ ਆਰ-ਪਾਰ ਵਾਪਿਸ ਜਾਣ ਨੂੰ ਤਰਸਦੇ ਰਹੇ! ਜਗਤਾਰ ਦੇ ਕੁਝ ਸ਼ਿਅਰ ਯਾਦ ਆ ਰਹੇ ਨੇ:
ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ।
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਹੌਰ।
ਟੁੱਟਣੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ ਲਖ ਵਾਗਲੇ ਲਹੌਰ।
ਉਹ ਚਾਬੀਆਂ ਵਾਲੀ ਗੱਲ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਗਏ। ਵੰਡ ਵੇਲੇ ਦੇ ਉਸ ਉਜਾੜੇ ਦੌਰਾਨ ਦੋਹਾਂ ਪਾਸਿਆਂ ਦੇ ਪਤਾ ਨਹੀਂ ਕਿੰਨੇ ਕੁ ਲੋਕ, ਆਪਣੇ ਖੁਸ ਗਏ ਘਰਾਂ ਦੀਆਂ ਚਾਬੀਆਂ ਹਿੱਕ ਨਾਲ ਲਾਈ ਮੁੜ ਆਪਣੇ ਘਰ ਦਾ ਮੂੰਹ ਵੇਖਣ ਨੂੰ ਤਰਸਦੇ ਇਸ ਦੁਨੀਆਂ ਤੋਂ ਕੂਚ ਕਰ ਗਏ। ਅਮ੍ਰਿਤਾ ਪ੍ਰੀਤਮ ਨੇ ਇਸ ਦਰਦ ਦੀ ਕਹਾਣੀ ਨੂੰ ਆਪਣੀ ਸੁਪ੍ਰਸਿੱਧ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਵਿੱਚ ਬਾਖੂਬੀ ਬਿਆਨਿਆ ਹੈ:
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦਮੰਦਾਂ ਦੇ ਦਰਦੀਆ ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਨਾਲ ਭਰੀ ਝਨਾਬ।
ਸਵਾਲ ਹੀ ਸਵਾਲ ਹਨ ਸਾਡੇ ਸਾਹਮਣੇ। ਆਪਣੇ ਹੀ ਲੋਕਾਂ ਦੁਆਰਾ ਆਪਣੇ ਹੀ ਹਮਸਾਇਆਂ ਦੀ ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਕਿਉਂ ਹੋਈਆਂ? ਕੌਣ ਸੀ, ਜਿਸਨੇ ਵੱਸਦੇ ਰਸਦੇ ਲੋਕਾਂ ਨੂੰ ਉਜਾੜ ਦਿੱਤਾ? ਇਹੋ ਜਿਹੇ ਉਜਾੜੇ ਪਿੱਛੇ ਕਿਸਦੀ ਸਾਜ਼ਿਸ਼ ਹੁੰਦੀ ਹੈ? ਉਹ ਜਿਹੜੇ ਕੁਝ ਚਿਰ ਪਹਿਲਾਂ ਬੜੇ ਇਤਫਾਕ ਨਾਲ ਇਕੱਠੇ ਵਸਦੇ ਸਨ, ਅਚਾਨਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਕਿਵੇਂ ਹੋ ਗਏ? ਸਵਾਲ ਹੀ ਸਵਾਲ ਸਨ, ਆਪਣੇ ਹੱਥ ਵਿੱਚ ਫੜੀਆਂ ਕੁੰਜੀਆਂ ਦੇ ਗੁੱਛੇ ਵੱਲ ਵੇਖ ਕੇ ਸੋਚ ਰਹੀ ਸਾਂ, ‘ਉਹ ਜੋ ਲੋਕਾਂ ਦੇ ਹੱਸਦੇ ਵੱਸਦੇ ਘਰ ਉਜਾੜਦੇ ਨੇ ਉਨ੍ਹਾਂ ਦੇ ਦਿਲਾਂ ਦੀਆਂ ਕੁੰਜੀਆਂ ਕਿੱਥੇ ਗੁਆਚ ਗਈਆਂ? ਉਹ ਆਪ ਅਮਨ ਸ਼ਾਂਤੀ ਨਾਲ ਕਿਉਂ ਨਹੀਂ ਰਹਿੰਦੇ ਤੇ ਦੂਜਿਆਂ ਨੂੰ ਕਿਉਂ ਨਹੀਂ ਰਹਿਣ ਦਿੰਦੇ?’
47 ਦਾ ਸੰਤਾਪ ਅਜੇ ਮੁੱਕਾ ਨਹੀਂ ਸੀ ਕਿ ਦੋਵੇਂ ਦੇਸ਼ 1965 ਦੀ ਜੰਗ ਛੇੜ ਬੈਠੇ। ਫੇਰ ਕਿੰਨਾ ਭਾਰੀ ਨੁਕਸਾਨ ਉਠਾਉਣਾ ਪਿਆ ਲੋਕਾਂ ਨੂੰ! ਨਿਤ ਨਵੀਂ ਤਾਰ ਆਉਂਦੀ ਅਤੇ ਕਿਸੇ ਨਾ ਕਿਸੇ ਘਰ ਦਾ ਪੁੱਤ ਖੋਹ ਕੇ ਲੈ ਜਾਂਦੀ। ਉਨ੍ਹੀਂ ਦਿਨੀਂ ਲੋਕ ਡਾਕੀਏ ਨੂੰ ਆਪਣੇ ਘਰ ਵੱਲ ਆਉਂਦਾ ਵੇਖ ਥਰ ਥਰ ਕੰਬਣ ਲੱਗਦੇ। ਕਿੰਨੀਆਂ ਔਰਤਾਂ ਦੇ ਸੁਹਾਗ ਉੱਜੜੇ! ਕਿੰਨੀਆਂ ਨਵੀਆਂ ਵਿਆਹੀਆਂ ਉਨ੍ਹਾਂ ਫੌਜੀਆਂ ਦੀਆਂ ਵਿਧਵਾਵਾਂ ਬਣ ਕੇ ਅਜੇ ਵੀ ਪੇਕੀਂ ਬੈਠੀਆਂ ਇਕੱਲ ਦਾ ਸੰਤਾਪ ਹੰਢਾ ਰਹੀਆਂ ਨੇ। ਕਿੰਨੇ ਮਾਸੂਮ ਬੱਚੇ ਪਿਤਾ ਦੀ ਅਣਹੋਂਦ ਕਾਰਨ ਰੁਲਣ `ਤੇ ਮਜਬੂਰ ਹੋਏ। ਪਰ ਲੜਾਈ ਕਰਵਾਉਣ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਉਨ੍ਹਾਂ ਦਾ ਕੁਝ ਨਹੀਂ ਜਾਂਦਾ। ਨੁਕਸਾਨ ਲੋਕਾਂ ਦਾ ਹੁੰਦਾ ਹੈ, ਹਾਕਮਾਂ ਦਾ ਨਹੀਂ। ਲੋਕ ਲੜਾਈ ਨਹੀਂ ਚਾਹੁੰਦੇ, ਹੁਕਮਰਾਨ/ਰਾਜਨੀਤਕ ਲੋਕ ਚਾਹੁੰਦੇ ਹਨ। ਜੇ ਲੋਕ ਜੰਗ ਚਾਹੁੰਦੇ ਹੁੰਦੇ ਤਾਂ ਇੰਟਰਨੈੱਟ ‘ਤੇ ਪੋਸਟ ਹੋਈ ਇੱਕ ਯੂਟਿਊਬ ਵੀਡੀਓ ਵਿੱਚ ਇੱਕ ਮੁਸਲਮਾਨ ਫੌਜੀ ਭਰਾ ਭਰੇ ਦਿਲ ਨਾਲ ਇਹ ਨਾ ਕਹਿ ਰਿਹਾ ਹੁੰਦਾ:
ਸੱਥਰ ਉਧਰ ਵਿਛੇ ਜਾਂ ਸੱਥਰ ਐਧਰ ਵਿਛੇ
ਸੱਥਰ ਆਪਣੇ ਘਰ ਵਿੱਚ ਵਿਛਿਆ ਜਾਪਦਾ
ਪੁੱਤ ਹਿੰਦ ਦਾ ਮਰੇ ਜਾਂ ਪਾਕ ਦਾ
ਪੁੱਤ ਮਰਦੈ ਆਪਣੇ ਮਾਂ ਬਾਪ ਦਾ।
ਧਰਤੀ ਦੇ ਕਿਸੇ ਟੁਕੜੇ ਪਿੱਛੇ ਲੜਾਈ ਕਿਉਂ? ਕੀ ਜ਼ਮੀਨ ਕਦੇ ਕਿਸੇ ਦੀ ਹੋਈ ਹੈ? ਦੋ ਵਿਸ਼ਵ ਯੁੱਧਾਂ ਤੋਂ ਅਸੀਂ ਕੀ ਖੱਟਿਆ? ਉਹ ਜੋ ਆਪਣੇ ਮੁਫਾਦ ਲਈ ਲੋਕਾਂ ਦਾ ਕਤਲੇਆਮ ਕਰਦੇ ਹਨ, ਮੌਤ ਜਿਨ੍ਹਾਂ ਦਾ ਵਪਾਰ ਹੈ, ਆਮ ਲੋਕ ਉਨ੍ਹਾਂ ਦੀਆਂ ਚਲਾਕੀਆਂ ਨੂੰ ਨਹੀਂ ਸਮਝਦੇ। ਸ਼ਾਤਰ ਲੋਕ ਨਫ਼ਰਤ ਫੈਲਾਉਂਦੇ ਹਨ ਅਤੇ ਆਪਣੇ ਵਪਾਰ ਚਲਾਉਂਦੇ ਹਨ। ਲੋਕ ਜ਼ੁਲਮ ਸਹਿੰਦੇ ਹਨ ਅਤੇ ਲੜਦੇ ਮਰਦੇ ਹਨ। ਫੈਜ਼ ਅਹਿਮਦ ਫੈਜ਼ ਕਹਿੰਦਾ ਹੈ:
ਯੂੰ ਹੀ ਹਮੇਸ਼ਾ ਉਲਝਤੀ ਰਹੀ ਹੈ ਜ਼ੁਲਮ ਸੇ ਖਲਕ
ਨਾ ਉਨਕੀ ਰਸਮ ਨਈ ਹੈ, ਨਾ ਅਪਨੀ ਰੀਤ ਨਈ ਹੈ।
ਯੂੰ ਹੀ ਹਮੇਸ਼ਾ ਖਿਲਾਏਂ ਹੈ ਹਮਨੇ ਅੰਗਾਰੋਂ ਮੇਂ ਫੂਲ
ਨਾ ਉਨਕੀ ਹਾਰ ਨਈ ਹੈ ਨਾ ਅਪਨੀ ਜੀਤ ਨਈ ਹੈ।
ਅਮੀਰ ਦੇਸ਼ ਗਰੀਬ ਦੇਸ਼ਾਂ ਨੂੰ ਅਸਲਾ ਵੇਚਦੇ ਹਨ। ਗਰੀਬ ਦੇਸ਼ ਕਰਜ਼ਾ ਚੁੱਕ ਅਸਲਾ ਯਾਨਿ ਮੌਤ ਖਰੀਦਦੇ ਨੇ। ਮੌਤ ਦੇ ਵਪਾਰੀਆਂ ਦੀਆਂ ਇਨ੍ਹਾਂ ਨੀਤੀਆਂ ਕਰਕੇ ਜੰਗ ਸਾਡੇ ਘਰਾਂ ਵਿੱਚ ਆ ਵੜੀ ਹੈ; ਜੰਗ ਸਾਡੇ ਮਨਾਂ, ਸਾਡੇ ਬੱਚਿਆਂ ਦੇ ਦਿਮਾਗਾਂ ਵਿੱਚ ਆ ਵੜੀ ਹੈ। ਟੀ.ਵੀ. `ਤੇ ਚੱਲਦੇ ਨਾਟਕਾਂ ਤੇ ਫਿਲਮਾਂ ਵਿੱਚ ਦਿਖਾਈ ਜਾਣ ਵਾਲੀ ਹਿੰਸਾ ਨੇ ਲੋਕਾਂ ਦੇ ਦਿਲਾਂ ਵਿੱਚੋਂ ਦਇਆ ਕੱਢ ਕੇ ਕਠੋਰਤਾ ਭਰ ਦਿੱਤੀ ਹੈ। ਇਸੇ ਲਈ ਥਾਂ ਥਾਂ `ਤੇ ਕਾਤਲ ਤੇ ਬਲਾਤਕਾਰੀ ਪੈਦਾ ਹੋ ਗਏ ਹਨ। ਵੀਡੀਓ ਗੇਮਾਂ ਵਿੱਚ ਚੱਲਦੀਆਂ ਕਾਰਾਂ ਦੀ ਟੱਕਰ ਤੇ ਨਿਕਲਦੀ ਅੱਗ, ਠਾਹ ਠਾਹ ਚੱਲਦੀਆਂ ਮਸ਼ੀਨਗੰਨਾਂ ਅਤੇ ਗੋਲੀਆਂ ਸਾਡੇ ਬੱਚਿਆਂ ਨੂੰ ਕੀ ਸਿਖਾ ਰਹੀਆਂ ਹਨ? ਕੀ ਅਸੀਂ ਕਦੇ ਗੌਰ ਕੀਤਾ? ਅਸੀਂ ਇਸ ਜੰਗ ਨੂੰ ਪਛਾਨਣਾ ਹੈ, ਪਛਾੜਨਾ ਹੈ। ਆਪਣੇ ਮਨਾਂ ਵਿਚੋਂ, ਆਪਣੇ ਘਰਾਂ ਵਿੱਚੋਂ, ਆਪਣੇ ਸਮਾਜ ਵਿੱਚੋਂ ਅਤੇ ਆਪਣੇ ਆਲੇ-ਦੁਆਲੇ ਵਿੱਚੋਂ ਇਸ ਨਫ਼ਰਤ ਨੂੰ ਜੜੋਂ ਉਖਾੜਨਾ ਹੈ। ਅਸੀਂ ਲਾਈਲੱਗ ਨਹੀਂ ਕਿ ਕਿਸੇ ਮੀਡੀਏ, ਕਿਸੇ ਫਿਰਕਾਪ੍ਰਸਤ ਜਾਂ ਮੌਤ ਦੇ ਕਿਸੇ ਵਪਾਰੀ ਦੇ ਪਿੱਛੇ ਲਗ ਕੇ ਆਪਣੇ ਹੀ ਹਮਸਾਇਆਂ ਦੇ ਖੂਨ ਵਿੱਚ ਹੱਥ ਰੰਗੀਏ ਜਾਂ ਜੰਗ ਜਿਹਾ ਮਾਹੌਲ ਸਿਰਜੀਏ।
ਆਓ, ਅਸੀਂ ਇਸ ਦੁਨੀਆਂ ਨੂੰ ਜੀਉਣ ਜੋਗੀ ਕਰਨ ਲਈ ਕੁਝ ਉਪਰਾਲਾ ਕਰੀਏ; ਆਪਣੇ ਆਲੇ-ਦੁਆਲੇ ਦੀ ਸੋਚ ਨੂੰ ਬਦਲੀਏ ਕਿ ਆਪਸੀ ਸਦਭਾਵਨਾ ਬਣੀ ਰਹੇ; ਨਫ਼ਰਤ ਫੈਲਾਉਣ ਵਾਲਿਆਂ ਨੂੰ ਦੱਸੀਏ ਕਿ ਅਸੀਂ ਜੰਗ ਨਹੀਂ, ਅਮਨ ਸ਼ਾਂਤੀ ਦੇ ਪੁਜਾਰੀ ਹਾਂ।
ਸ਼ਿਵ ਕੁਮਾਰ ਬਟਾਲਵੀ ਦੇ ਇਸ ਸੁਨੇਹੇ `ਤੇ ਫੁੱਲ ਚੜ੍ਹਾਈਏ ਕਿ ਇਸ ਦੁਨੀਆਂ ਵਿੱਚੋਂ ਨਫਰਤ ਸਦਾ ਲਈ ਮਿਟ ਜਾਵੇ ਅਤੇ ਸਾਰੇ ਅਮਨ-ਚੈਨ ਨਾਲ ਜੀਉਣ:
ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉਂ ਵੇ ਹੁਨਰਾਂ ਵਾਲਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਇੱਕ ਦੋਸਤੀ ਦੇ ਜ਼ਖਮ `ਤੇ
ਸਾਂਝਾਂ ਦਾ ਲੋਗੜ ਬੰਨ੍ਹ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਦੇ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ।