ਜੀਤ ਕੁਮਾਰ ਕੌਸ਼ਲ: ਜਜ਼ਬੇ ਅੱਗੇ ਉਮਰ ਦੇ ਕੀ ਮਾਇਨੇ!

ਗੂੰਜਦਾ ਮੈਦਾਨ

ਕੁਲਜੀਤ ਦਿਆਲਪੁਰੀ
ਸਾਲ 1969 ਤੋਂ ਪੈਲਾਟਾਈਨ (ਇਲੀਨਾਏ) ਵਿਖੇ ਰਹਿੰਦੇ ਕਰੀਬ 80 ਸਾਲ ਦੇ ਜੀਤ ਕੁਮਾਰ ਕੌਸ਼ਲ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਜਾਣ ਦਾ ਸੁਪਨਾ ਪੂਰਾ ਕਰ ਕੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਉਮਰ ਦੇ ਉਹ ਪਹਿਲੇ ਸ਼ਖਸ ਹਨ, ਜਿਨ੍ਹਾਂ ਨੇ ਬਿਨਾ ਕਿਸੇ ਤਕਲੀਫ ਦੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਪੈਰ ਪਾਇਆ ਤੇ ਭਾਰਤੀ ਝੰਡਾ ਤਿਰੰਗਾ ਲਹਿਰਾਇਆ, ਜਦਕਿ ਉਨ੍ਹਾਂ ਦੇ ਗਰੁੱਪ ਵਿੱਚ ਬਾਕੀ ਜਣੇ ਨੌਜਵਾਨ ਮੁੰਡੇ-ਕੁੜੀਆਂ ਹੀ ਸਨ। ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ ਉਚਾਈ ਸਮੁੰਦਰੀ ਤਲ ਤੋਂ ਕਰੀਬ 5545 ਮੀਟਰ ਉੱਪਰ ਹੈ ਅਤੇ ਇਸ ਜਗ੍ਹਾ ਦੇ ਉੱਤੇ ਤੰਦਰੁਸਤ ਵਿਅਕਤੀ ਵੀ ਜਾਣ ਤੋਂ ਪਹਿਲਾਂ ਬਹੁਤ ਸੌ ਵਾਰੀ ਸੋਚਦਾ ਹੈ। ਇੱਥੇ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਰਸਤਾ ਵੀ ਬਹੁਤ ਜੋਖ਼ਮ ਭਰਿਆ ਹੁੰਦਾ ਹੈ।

ਜ਼ਿੰਦਗੀ ਦੇ ਇੱਕ ਪੜਾਅ ਉੱਤੇ ਜ਼ਿਆਦਾਤਰ ਲੋਕ ਇਹ ਸੋਚਣ ਲੱਗ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਉਮਰ ਦਾ ਇੱਕ ਵੱਡਾ ਹਿੱਸਾ ਹੰਢਾ ਲਿਆ ਗਿਆ ਹੈ ਅਤੇ ਹੁਣ ਜੋ ਬਾਕੀ ਬਚੀ ਉਮਰ ਪੋਤਰੀ-ਪੋਤਰਿਆਂ ਨਾਲ ਤੇ ਬਿਮਾਰੀਆਂ ਨਾਲ ਜੂਝਦੇ ਹੋਏ ਹੰਢਾਉਣੀ ਹੈ। ਇਸ ਦੇ ਉਲਟ ਕੁਝ ਲੋਕ ਵਡੇਰੀ ਉਮਰ ਵਿੱਚ ਵੀ ਬਜ਼ੁਰਗੀ ਦਾ ਅਹਿਸਾਸ ਨਹੀਂ ਮੰਨਦੇ ਜਾਂ ਕਹਿ ਲਈਏ ‘ਜਵਾਨ ਬਜ਼ੁਰਗ’ ਜੀਤ ਕੁਮਾਰ ਕੌਸ਼ਲ ਨੇ ਇਸ ਕਥਨ ਨੂੰ ਝੂਠਾ ਪਾ ਦਿੱਤਾ ਹੈ। ਜੀਤ ਕੁਮਾਰ ਕੌਸ਼ਲ ਦਾ ਕਹਿਣਾ ਹੈ ਕਿ ਜੇਕਰ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ, ਤਾਂ ਸਫਲਤਾ ਕਦਮ ਚੁੰਮਦੀ ਹੈ; ਉਮਰ ਮਹਿਜ਼ ਨੰਬਰਾਂ ਦੀ ਖੇਡ ਹੈ।
ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਜੀਤ ਕੁਮਾਰ ਕੌਸ਼ਲ ਦਾ ਕਹਿਣਾ ਹੈ ਕਿ ਉਸ ਵਕਤ ਸਿਰਫ ਸੱਤ ਡਾਲਰ ਉਨ੍ਹਾਂ ਕੋਲ ਸਨ, ਜਦੋਂ ਉਹ ਅਮਰੀਕਾ ਪੁੱਜੇ ਸਨ ਤੇ ਉਸ ਤੋਂ ਬਾਅਦ ਵੱਖ-ਵੱਖ ਵੱਡੇ ਅਦਾਰਿਆਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਆਪ ਨੂੰ ਇੱਥੇ ਹੀ ਉਨ੍ਹਾਂ ਨੇ ਪੱਕਾ ਕਰ ਲਿਆ, ਪਰ ਆਪਣੀ ਮਿੱਟੀ ਦਾ ਮੋਹ ਇੰਨਾ ਜ਼ਿਆਦਾ ਸੀ ਕਿ ਜਦੋਂ ਸਮਾਂ ਲੱਗਦਾ ਤਾਂ ਵਾਪਸ ਆਪਣੇ ਦੇਸ਼ ਪਰਤ ਜਾਂਦੇ। ਜ਼ਿਕਰਯੋਗ ਹੈ ਕਿ ਉਹ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੋਸਲਾਂ ਤੋਂ ਹਨ।
ਜੀਤ ਕੁਮਾਰ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਮਾਊਂਟ ਐਵਰੈਸਟ ਬਾਬਤ ਪੜ੍ਹਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਇਹ ਆਇਆ ਕਿ ਉਨ੍ਹਾਂ ਨੂੰ ਇਸ ਜਗ੍ਹਾ ਉੱਤੇ ਜਾ ਕੇ ਆਉਣਾ ਚਾਹੀਦਾ ਹੈ। ਜਦੋਂ ਇਸ ਬਾਬਤ ਉਨ੍ਹਾਂ ਨੇ ਆਪਣੇ ਪੋਤਰੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਤੁਸੀਂ ਇਸ ਉਮਰ ਵਿੱਚ ਉੱਥੇ ਨਾ ਜਾਓ। ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਉਹ ਜਗ੍ਹਾ ਠੀਕ ਨਹੀਂ ਹੈ, ਦਿੱਕਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ; ਪਰ ਪੋਤਰੇ ਦੇ ਮਨ੍ਹਾਂ ਕਰਨ ਦੇ ਬਾਵਜੂਦ ਬੇਸ ਕੈਂਪ `ਤੇ ਜਾਣ ਦਾ ਉਨ੍ਹਾਂ ਦਾ ਜਜ਼ਬਾ ਬਰਕਰਾਰ ਰਿਹਾ। ਜਦੋਂ ਪਰਿਵਾਰ ਵੱਲੋਂ ਨਾਂਹ-ਪੱਖੀ ਹੁੰਗਾਰਾ ਮਿਲਿਆ ਤਾਂ ਜੀਤ ਕੁਮਾਰ ਕੌਸ਼ਲ ਨੇ ਇਸ ਗੱਲ ਨੂੰ ਲੜ ਬੰਨ ਲਿਆ ਕਿ ਹੁਣ ਉਹ ਬੈਂਸ ਕੈਂਪ ਜਾ ਕੇ ਹੀ ਦਿਖਾਉਣਗੇ। ਉਨ੍ਹਾਂ ਨੇ ਆਪਣੀ ਮੁਢਲੀ ਮੈਡੀਕਲ ਜਾਂਚ ਕਰਵਾਈ ਅਤੇ ਨੇਪਾਲ ਦਾ ਰੁਖ਼ ਕਰ ਲਿਆ ਤੇ ਫਿਰ ਆਪਣਾ ਸੁਪਨਾ ਪੂਰਾ ਕੀਤਾ।
ਆਪਣੇ ਸਫਰ ਦਾ ਤਜ਼ਰਬਾ ਸਾਂਝਾ ਕਰਦਿਆਂ ਜੀਤ ਕੁਮਾਰ ਕੌਸ਼ਲ ਨੇ ਦੱਸਿਆ ਕਿ ਬੇਸ ਕੈਂਪ `ਤੇ ਪਹੁੰਚਣ ਲਈ ਕਰੀਬ 6 ਦਿਨ ਦਾ ਸਮਾਂ ਲੱਗਾ। ਪਹਿਲੇ ਦਿਨ ਕੁੱਲ ਪੰਜ ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ। ਪਹਿਲੇ ਦਿਨ ਦਾ ਸਫਰ ਸੌਖਾ ਰਿਹਾ, ਪਰ ਦੂਜੇ ਦਿਨ ਤੋਂ ਸਫ਼ਰ ਦਾ ਪੜਾਅ ਔਖਾ ਹੁੰਦਾ ਗਿਆ। ਜਿਵੇਂ-ਜਿਵੇਂ ਚੜ੍ਹਾਈ ਚੜ੍ਹਦੇ ਗਏ, ਮੁਸ਼ਕਿਲਾਂ ਹੋਰ ਵਧਦੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਦੋਂ ਆਕਸੀਜਨ ਘੱਟਣੀ ਸ਼ੁਰੂ ਹੋ ਗਈ ਜਾਂ ਜਦੋਂ ਸਾਹ ਚੜ੍ਹਦਾ, ਤਾਂ ਉਹ ਰੁਮਾਲ ਵਿੱਚ ਬੰਨ੍ਹੀ ਕਪੂਰ ਸੁੰਘ ਲੈਂਦੇ ਅਤੇ ਇਸ ਨੂੰ ਉਨ੍ਹਾਂ ਦੇਸੀ ਨੁਸਖੇ ਦੇ ਤੌਰ ਉੱਤੇ ਅਪਨਾਇਆ।
ਉਨ੍ਹਾਂ ਦੱਸਿਆ ਕਿ ਗਰੁੱਪ ਵਿੱਚ ਉਦੋਂ ਸਭ ਤੋਂ ਵੱਧ ਮੇਰੀ ਉਮਰ 79 ਸਾਲ ਸੀ ਅਤੇ ਸਭ ਤੋਂ ਘੱਟ ਉਮਰ ਦੇ ਪਰਬਤਾਂ ਰੋਹੀ ਦੀ ਉਮਰ 25 ਸਾਲ ਸੀ। ਜੀਤ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਬਾਕੀਆਂ ਨੂੰ ਇਹ ਹੌਸਲਾ ਦੇ ਰਹੀ ਸੀ ਕਿ ਜੇਕਰ ਉਹ ਇਸ ਔਖੇ ਪੈਂਡੇ ਉੱਤੇ ਚੱਲ ਸਕਦੇ ਹਨ, ਤਾਂ ਨੌਜਵਾਨਾਂ ਨੂੰ ਤਾਂ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਬਾਅਦ ਨੌਜਵਾਨਾਂ ਨੇ ਵੀ ਜੀਤ ਕੁਮਾਰ ਕੌਸ਼ਲ ਸਣੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਉੱਤੇ ਜਾ ਕੇ ਤਿਰੰਗਾ ਲਹਿਰਾਇਆ। ਉਹ ਸਮਾਂ ਉਨ੍ਹਾਂ ਲਈ ਬਹੁਤ ਹੀ ਗੌਰਵਮਈ ਅਤੇ ਭਾਵੁਕ ਕਰਨ ਵਾਲਾ ਵੀ ਰਿਹਾ।
ਹੁਣ ਜੀਤ ਕੁਮਾਰ ਕੌਸ਼ਲ ਵੱਲੋਂ ਇੱਕ ਨਵੇਂ ਸੁਪਨੇ ਦੀ ਉਡਾਰੀ ਵੀ ਮਿੱਥ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤਿਆਰੀ ਕਰ ਰਹੇ ਹਨ ਕਿ ਉਹ ਸਾਊਥ ਪੋਲ ਉੱਤੇ ਜਾ ਕੇ ਆਉਣਗੇ, ਜੋ ਬਹੁਤ ਹੀ ਠੰਡ ਵਾਲੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਇੱਥੇ ਉਹ ਸ਼ਿੱਪ ਵਿੱਚ ਜਾਣਗੇ, ਪਰ ਅਗਲਾ ਟੀਚਾ ਉੱਥੇ ਹੀ ਜਾਣ ਦਾ ਹੈ। ਜੀਤ ਕੁਮਾਰ ਕੌਸ਼ਲ ਨਾਲ ਫੋਨ: 215-824-6402 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *