ਡਿਜ਼ਨੀ ਲੈਂਡ ਅਤੇ ਇਰਦ-ਗਿਰਦ

ਆਮ-ਖਾਸ

ਵਿਸ਼ਵ ਪ੍ਰਸਿੱਧ ਮਨੋਰੰਜਕ ਪਾਰਕ: ਡਿਜ਼ਨੀ ਲੈਂਡ (2)
ਮਨੋਰੰਜਨ ਦੀ ਦੁਨੀਆਂ ਵਿੱਚ ਡਿਜ਼ਨੀ ਲੈਂਡ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮਨੁੱਖੀ ਦਿਮਾਗ ਅਤੇ ਵਿਗਿਆਨ ਦੇ ਸੁਚੱਜੇ ਸੁਮੇਲ ਨੇ ਵਾਲਟ ਡਿਜ਼ਨੀ ਦੇ ਸੁਫਨੇ ਨੂੰ ਇੱਕ ਅਜਿਹੇ ਰੂਪ ਵਿੱਚ ਸਾਕਾਰ ਕੀਤਾ ਹੈ, ਜੋ ਆਪਣੇ ਆਪ ਵਿੱਚ ਅਜੂਬਾ ਬਣ ਗਿਆ ਹੈ।

ਵਾਲਟ ਡਿਜ਼ਨੀ ਨੂੰ ਬਚਪਨ ਤੋਂ ਹੀ ਡਰਾਇੰਗ ਦਾ ਸ਼ੌਕ ਸੀ। ਉਹ 1920 ਵਿੱਚ ਕੈਲੀਫੋਰਨੀਆ ਆ ਗਿਆ ਅਤੇ ਆਪਣੇ ਭਰਾ ਰੌਏ ਡਿਜ਼ਨੀ ਨਾਲ ਮਿਲ ਕੇ ਸਟੂਡੀਓ ਸਥਾਪਿਤ ਕਰ ਲਿਆ। 1928 ਵਿੱਚ ਉਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ‘ਮਿੱਕੀ ਮਾਊਸ’ ਦਾ ਕਾਰਟੂਨ ਘੜਿਆ, ਜੋ ਅੱਜ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਹੌਲੀ-ਹੌਲੀ ‘ਐਨੀਮੇਟਿਡ ਫਿਲਮਾਂ’ ਦੇ ਖੇਤਰ ਵਿੱਚ ਉਸ ਦਾ ਨਾਂ ਨਿਰਮਾਤਾ, ਨਿਰਦੇਸ਼ਕ ਦੇ ਤੌਰ `ਤੇ ਵੀ ਪ੍ਰਸਿੱਧ ਹੋ ਗਿਆ। ਉਸ ਨੇ ਆਪਣੀ ਜ਼ਿੰਦਗੀ ਵਿੱਚ 26 ‘ਅਕੈਡਮੀ ਅਵਾਰਡ’ ਜਿੱਤੇ, ਜੋ ਇੱਕ ਰਿਕਾਰਡ ਹੈ। ਪੇਸ਼ ਹੈ, ਇਸ ਲੇਖ ਦੀ ਦੂਜੀ ਤੇ ਆਖਰੀ ਕਿਸ਼ਤ…

ਰਵਿੰਦਰ ਸਿੰਘ ਸੋਢੀ, ਕੈਨੇਡਾ
ਫੋਨ: 604-369-2371

ਡਿਜ਼ਨੀ ਲੈਂਡ ਦਾ ਅੰਦਰਲਾ ਮਾਹੌਲ:
ਡਿਜ਼ਨੀ ਲੈਂਡ ਅਤੇ ਕੈਲੀਫੋਰਨੀਆ ਐਡਵੈਂਚਰ ਦਾ ਸਾਡਾ ਚਾਰ ਦਿਨ ਦਾ ਪ੍ਰੋਗਰਾਮ ਸੀ। ਇਨ੍ਹਾਂ ਦਿਨਾਂ ਦੌਰਾਨ ਮੈਂ ਕਿਸੇ ਨੂੰ ਆਪਸ ਵਿੱਚ ਉੱਚੀ ਆਵਾਜ਼ ਵਿੱਚ ਗੱਲ ਕਰਦੇ ਨਹੀਂ ਦੇਖਿਆ। ਜੇ ਕੋਈ ਗਲਤੀ ਨਾਲ ਕਿਸੇ ਨਾਲ ਟਕਰਾਅ ਜਾਵੇ ਜਾਂ ਕਿਸੇ ਦੇ ਪੈਰ `ਤੇ ਦੂਸਰੇ ਦਾ ਪੈਰ ਆ ਜਾਵੇ ਤਾਂ ਗਲਤੀ ਵਾਲਾ ਝੱਟ ‘ਸੌਰੀ’ ਕਹਿ ਦਿੰਦਾ ਅਤੇ ਦੂਜਾ ਹੱਸ ਕੇ ‘ਓਕੇ’ ਕਹਿ ਅੱਗੇ ਤੁਰ ਪੈਂਦਾ। ਕਈ ਰਾਈਡਜ਼ ਲਈ ਲੋਕ ਘੰਟੇ ਤੋਂ ਵੱਧ ਸਮੇਂ ਲਈ ਵੀ ਕਤਾਰ ਵਿੱਚ ਖੜ੍ਹੇ ਰਹਿੰਦੇ ਹਨ, ਪਰ ਮਜਾਲ ਹੈ ਕਿਸੇ ਨੇ ਲਾਈਨ ਤੋੜਨ ਦੀ ਜਾਂ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ।
ਹਰ ਰਾਈਡ ਜਾਂ ਸ਼ੋਅ ਦੇ ਬਾਹਰ ਸਟਰੋਲਰ, ਵ੍ਹੀਲ ਚੇਅਰ ਖੜ੍ਹੀਆਂ ਕਰਨ ਨੂੰ ਥਾਂ ਬਣੀ ਹੋਈ ਹੈ। ਲੋਕ ਉਨ੍ਹਾਂ `ਤੇ ਹੀ ਆਪਣੇ ਬੈਗ ਰੱਖ ਕੇ ਚਲੇ ਜਾਂਦੇ ਹਨ। ਉਸ ਥਾਂ `ਤੇ ਕਿਸੇ ਦੀ ਡਿਊਟੀ ਵੀ ਨਹੀਂ ਹੁੰਦੀ। ਕਈ ਔਰਤਾਂ ਆਪਣੇ ਪਰਸ ਵੀ ਬੈਗ ਵਿੱਚ ਰੱਖ ਕੇ ਚਲੀਆਂ ਜਾਂਦੀਆਂ ਹਨ, ਪਰ ਦੂਜੇ ਦੇ ਸਮਾਨ ਨੂੰ ਕੋਈ ਹੱਥ ਵੀ ਨਹੀਂ ਲਾਉਂਦਾ। ਜਿੱਥੇ ਰੋਜ਼ਾਨਾ 40-50 ਹਜ਼ਾਰ ਲੋਕਾਂ ਦੀ ਭੀੜ ਜੁੜੀ ਰਹਿੰਦੀ ਹੋਵੇ, ਉਥੋਂ ਦਾ ਅਜਿਹਾ ਮਾਹੌਲ ਆਪਣੇ ਆਪ ਵਿੱਚ ਹੀ ਅਜੂਬਾ ਹੈ।
ਖਾਣ-ਪੀਣ ਲਈ ਬਹੁਤ ਸਾਫ-ਸੁਥਰੀਆਂ ਥਾਂਵਾਂ ਹਨ, ਜਿਨ੍ਹਾਂ `ਤੇ ਭੀੜ ਲੱਗੀ ਹੀ ਰਹਿੰਦੀ ਹੈ, ਪਰ ਉਥੇ ਵੀ ਕੋਈ ਰੌਲ਼ਾ-ਗੌਲ਼ਾ ਨਹੀਂ। ਕਿਸੇ ਵੀ ਹੋਟਲ ਵਿੱਚ ਸ਼ਰਾਬ ਨਹੀਂ ਵਰਤਾਈ ਜਾਂਦੀ।
ਥਾਂ ਪੁਰ ਥਾਂ ਵਾਸ਼ਰੂਮ ਹਨ। ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਕਚਰਾ ਸੁੱਟਣ ਲਈ ਥਾਂ ਪੁਰ ਥਾਂ ਪਲਾਸਟਿਕ ਜਾਂ ਸਟੀਲ ਦੇ ਕਨਟੇਨਰ ਪਏ ਹਨ।

ਡਿਜ਼ਨੀ ਲੈਂਡ ਜਾਣ ਦੀ ਤਿਆਰੀ ਕਿਵੇਂ ਕੀਤੀ ਜਾਵੇ:
ਜਿਨ੍ਹਾਂ ਕੋਲ ਖੁੱਲ੍ਹਾ ਪੈਸਾ ਹੈ, ਉਹ ਭਾਵੇਂ ਰੋਜ਼ਾਨਾ ਹੀ ਡਿਜ਼ਨੀ ਲੈਂਡ ਜਾਈ ਜਾਣ, ਪਰ ਮੱਧ ਵਰਗ ਦੇ ਵਿਦੇਸ਼ੀ ਸੈਲਾਨੀਆਂ ਲਈ ਸਿਰਫ ਡਿਜ਼ਨੀ ਲੈਂਡ ਦਾ ਪ੍ਰੋਗਰਾਮ ਬਣਾਉਣਾ ਇੱਕ ਸੁਨਹਿਰੀ ਸੁਪਨਾ ਹੀ ਹੈ। ਜਦੋਂ ਕੋਈ ਅਮਰੀਕਾ ਜਾਂ ਕੈਨੇਡਾ ਆਪਣੇ ਕਿਸੇ ਬੱਚੇ, ਰਿਸ਼ਤੇਦਾਰ, ਦੋਸਤ-ਮਿੱਤਰ ਨੂੰ ਮਿਲਣ ਜਾਂਦਾ ਹੈ, ਤਾਂ ਵੀ ਇਹ ਪ੍ਰੋਗਰਾਮ ਮੁਸ਼ਕਿਲ ਨਾਲ ਹੀ ਬਣਦਾ ਹੈ। ਇਸ ਲਈ ਵਿਉਂਤ ਪਹਿਲਾਂ ਹੀ ਬਣਾਉਣੀ ਪੈਂਦੀ ਹੈ। ਭੀੜ ਤੋਂ ਬਚਣ ਲਈ ਜਨਵਰੀ ਅੱਧ ਤੋਂ ਮਾਰਚ ਅੱਧ ਜਾਂ ਅੱਧ ਸਤੰਬਰ ਤੋਂ ਅੱਧ ਨਵੰਬਰ ਤੱਕ ਜਾਇਆ ਦਾ ਸਕਦਾ ਹੈ। ਵੈਸੇ ਤਾਂ ਲੋਕ ਇੱਕ ਦਿਨ ਦਾ ਪ੍ਰੋਗਰਾਮ ਬਣਾ ਕੇ ਵੀ ਚਲੇ ਜਾਂਦੇ ਹਨ, ਪਰ ਜੇ ਡਿਜ਼ਨੀ ਲੈਂਡ ਅਤੇ ਡਿਜ਼ਨੀ ਕੈਲੀਫੋਰਨੀਆ ਐਡਵੈਂਚਰ- ਦੋਹਾਂ ਦਾ ਹੀ ਪੂਰਾ ਆਨੰਦ ਮਾਣਨਾ ਹੈ ਤਾਂ ਚਾਰ-ਪੰਜ ਦਿਨ ਘੱਟ ਤੋਂ ਘੱਟ ਚਾਹੀਦੇ ਹਨ। ਦੋ ਦਿਨਾਂ ਵਿੱਚ ਐਡਵੈਂਚਰ ਪਾਰਕ ਭਾਵੇਂ ਪੂਰਾ ਤਾਂ ਨਹੀਂ ਦੇਖਿਆ ਜਾ ਸਕਦਾ, ਪਰ ਮੁੱਖ-ਮੁੱਖ ਰਾਈਡਜ਼ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜੇ ਇਕੱਲੇ ਡਿਜ਼ਨੀ ਲੈਂਡ ਦੇ ਸਾਰੇ 52 ਰਾਈਡਜ਼ ਦਾ ਨਜ਼ਾਰਾ ਲੈਣਾ ਹੈ ਤਾਂ ਹਫ਼ਤਾ ਵੀ ਘੱਟ ਹੈ।
ਹੋਟਲ ਬੁੱਕ ਕਰਵਾਉਣ ਵੇਲੇ ਇਹ ਧਿਆਨ ਰੱਖੋ ਕਿ ਹੋਟਲ ਪਾਰਕ ਦੇ ਨੇੜੇ ਹੀ ਹੋਵੇ ਅਤੇ ਜਿੱਥੇ ਨਾਸ਼ਤਾ ਵੀ ਮਿਲਦਾ ਹੋਵੇ। ਕੁਝ ਹੋਟਲ ਰਾਤ ਦਾ ਖਾਣਾ ਵੀ ਮੁਫ਼ਤ ਦਿੰਦੇ ਹਨ। ਇਸ ਸਹੂਲਤ ਨਾਲ ਸਮੇਂ ਦੀ ਬਚਤ ਹੋ ਜਾਂਦੀ ਹੈ। ਇਸ ਨਾਲ ਹੋਟਲ ਤੋਂ ਬਾਹਰ ਖਾਣੇ ਦੀ ਭਾਲ ਕਰਨ ਅਤੇ ਆਉਣ-ਜਾਣ ਦੀ ਖੇਚਲ ਬਚ ਜਾਂਦੀ ਹੈ ਤੇ ਟੈਕਸੀਆਂ ਦੇ ਪੈਸੇ ਵੀ ਨਹੀਂ ਖਰਚਣੇ ਪੈਂਦੇ। ਪਾਰਕ ਦੇ ਨੇੜੇ-ਤੇੜੇ ਜਾਂ ਪੰਜ-ਚਾਰ ਮੀਲ ਦੇ ਇਲਾਕੇ ਵਿੱਚ ਹਰ ਤਰ੍ਹਾਂ ਦੇ ਹੋਟਲ ਮਿਲ ਜਾਂਦੇ ਹਨ।
ਸਵੇਰੇ ਜਲਦੀ ਤੋਂ ਜਲਦੀ ਪਾਰਕ ਪਹੁੰਚਣ ਦਾ ਫਾਇਦਾ ਇਹ ਹੁੰਦਾ ਹੈ ਕੇ ਭੀੜ ਘੱਟ ਹੋਣ ਕਰਕੇ ਬਹੁਤੀਆਂ ਲੰਬੀਆਂ ਕਤਾਰਾਂ ਤੋਂ ਬਚਾਓ ਹੋ ਜਾਂਦਾ ਹੈ ਅਤੇ ਜ਼ਿਆਦਾ ਰਾਈਡਜ਼ ਲਏ ਜਾ ਸਕਦੇ ਹਨ। ਦੁਪਹਿਰ ਦੇ ਖਾਣੇ ਲਈ ਆਪਣੀ ਪਸੰਦ ਦਾ ਸਮਾਨ ਲੈ ਜਾਣਾ ਚਾਹੀਦਾ ਹੈ, ਜਿਸ ਨਾਲ ਪਾਰਕ ਦੇ ਅੰਦਰ ਮਿਲਦੇ ਮਹਿੰਗੇ ਸਮਾਨ ਤੋਂ ਬਚਿਆ ਜਾ ਸਕਦਾ ਹੈ। ਇਸ ਬਚਤ ਨਾਲ ਵਿਸ਼ੇਸ਼ ਲਾਈਨਾਂ ਵਾਲੇ ਟਿਕਟ ਖਰੀਦ ਕੇ ਜ਼ਿਆਦਾ ਤੋਂ ਜ਼ਿਆਦਾ ਰਾਈਡਜ਼ ਜਾਂ ਸ਼ੋਅ ਦੇਖੇ ਦਾ ਸਕਦੇ ਹਨ।

ਡਿਜ਼ਨੀ ਲੈਂਡ ਦੀਆਂ ਕੁਝ ਵਿਸ਼ੇਸ਼ ਗੱਲਾਂ:
1. ਇਸ ਪਾਰਕ ਵਿੱਚ ਇੱਕ ਥਾਂ 70 ਮਿਲੀਅਨ ਸਾਲ ਪੁਰਾਣੇ ਦਰਖ਼ਤ ਦਾ ਮੁੱਢ ਪਿਆ ਹੈ।
2. ਡਿਜ਼ਨੀ ਲੈਂਡ ਦੀ ‘ਸਲੀਪਿੰਗ ਬਿਊਟੀ ਕੈਸਲ’ ਵਿੱਚ ਇੱਕ ਟਾਈਮ ਕੈਪਸੂਲ ਦੱਬਿਆ ਹੋਇਆ ਹੈ। ਵਾਲਟ ਦੀ ਇੱਛਾ ਮੁਤਾਬਿਕ ਇਹ ਕੈਪਸੂਲ ਡਿਜ਼ਨੀ ਲੈਂਡ ਦੇ 80ਵੇਂ ਜਨਮ ਸਮਾਰੋਹ ਸਮੇਂ ਧਰਤੀ ਵਿੱਚੋਂ ਕੱਢਿਆ ਜਾਵੇਗਾ।
3. ਕੈਲੀਫੋਰਨੀਆ ਐਡਵੈਂਚਰ ਵਿੱਚ ਮੇਨ ਸਟਰੀਟ ਓਪੇਰਾ ਹਾਊਸ ਕੋਲ ਉਹ ਬੈਂਚ ਵੀ ਪਿਆ ਹੈ, ਜਿਸ `ਤੇ ਬੈਠਿਆਂ ਵਾਲਟ ਡਿਜ਼ਨੀ ਨੂੰ ਇਹ ਪਾਰਕ ਬਣਾਉਣ ਦਾ ਫੁਰਨਾ ਫੁਰਿਆ ਸੀ।
4. ਡਿਜ਼ਨੀ ਲੈਂਡ ਸੰਬੰਧੀ ਇੱਕ ਹੋਰ ਪੱਖ ਗਿੰਨੀ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੈ ਕਿ ਇੱਕ ਪੱਤਰਕਾਰ ਜੈਫ ਰਿਟਜ਼ ਇਸ ਪਾਰਕ ਵਿੱਚ 8 ਸਾਲ, 3 ਮਹੀਨੇ ਅਤੇ 113 ਦਿਨ ਲਗਾਤਾਰ ਆਉਂਦਾ ਰਿਹਾ। ਕੋਵਿਡ ਮਹਾਂਮਾਰੀ ਸਮੇਂ ਉਸ ਦੇ ਰੋਜ਼ਾਨਾ ਆਉਣ ਦਾ ਸਿਲਸਿਲਾ ਟੁੱਟਿਆ।
5. ਡਿਜ਼ਨੀ ਲੈਂਡ ਵਿੱਚ ਕੇਵਲ ਦੋ ਥਾਂਵਾਂ `ਤੇ ਹੀ ਸ਼ਰਾਬ ਦੀ ਵਰਤੋਂ ਹੋ ਸਕਦੀ ਹੈ। ਉਨ੍ਹਾਂ ਵਿੱਚੋਂ ਇੱਕ ਹੈ, ‘ਕਲੱਬ 33’; ਇਹ ਕਲੱਬ ਆਮ ਲੋਕਾਂ ਲਈ ਨਹੀਂ ਹੈ। ਪ੍ਰਬੰਧਕਾਂ ਵੱਲੋਂ ਬੁਲਾਏ ਵਿਸ਼ੇਸ਼ ਮਹਿਮਾਨ ਹੀ ਇਸ ਵਿੱਚ ਜਾ ਸਕਦੇ ਹਨ।
6. ਪਾਰਕ ਸ਼ੁਰੂ ਹੋਣ ਸਮੇਂ ਇੱਥੇ ਸਿਰਫ ਪੰਜਾਹ ਕਰਮਚਾਰੀ ਸਨ, ਪਰ ਵਰਤਮਾਨ ਸਮੇਂ ਵਿੱਚ 32,000 ਕਰਮਚਾਰੀ ਕੰਮ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਦੀ ਵਿਸ਼ੇਸ਼ਤਾ ਹੈ ਕਿ ਇਹ ਤਿੰਨ ਸ਼ਬਦ ‘ਮੈਨੂੰ ਨਹੀਂ ਪਤਾ’ (ੀ ਦੋਨ’ਟ ਕਨੋੱ ) ਕਦੇ ਨਹੀਂ ਬੋਲਦੇ।
7. ਇੱਥੇ ਰੋਜ਼ਾਨਾ ਤਕਰੀਬਨ ਢਾਈ ਕਰੋੜ ਅਮਰੀਕੀ ਡਾਲਰਾਂ ਦਾ ਕਾਰੋਬਾਰ ਹੁੰਦਾ ਹੈ।

ਡਿਜ਼ਨੀ ਲੈਂਡ ਵਿੱਚ ਹੋਏ ਕੁਝ ਹਾਦਸੇ:
ਡਿਜ਼ਨੀ ਲੈਂਡ ਵਿੱਚ ਕਈ ਤਾਂ ਬਹੁਤ ਹੀ ਖਤਰਨਾਕ ਰਾਈਡਜ਼ ਹਨ, ਪਰ ਪ੍ਰਬੰਧਕਾਂ ਵੱਲੋਂ ਤਕਨੀਕੀ ਮਾਹਿਰਾਂ ਦੀ ਟੀਮ ਦੀ ਸਹਾਇਤਾ ਨਾਲ ਸਾਰੇ ਰਾਈਡਜ਼ ਦੇ ਰੱਖ-ਰਖਾਅ ਅਤੇ ਮੁਰੰਮਤ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ। 1955 ਤੋਂ ਲੈ ਕੇ ਹੁਣ ਤੱਕ (ਫਰਵਰੀ 2024) ਬਹੁਤੇ ਹਾਦਸੇ ਨਹੀਂ ਹੋਏ। ਜਨਵਰੀ 2024 ਵਿੱਚ ਹੀ ਹਾਂਗ ਕਾਂਗ ਵਾਲੇ ਡਿਜ਼ਨੀ ਲੈਂਡ ਦਾ ਰੋਲਰ ਕੋਸਟਰ ਇੱਕ ਖਤਰਨਾਕ ਮੋੜ `ਤੇ ਆ ਕੇ ਅਚਾਨਕ ਰੁਕ ਗਿਆ। ਕਈ ਘੰਟੇ ਰਾਈਡਰ ਫਸੇ ਰਹੇ। ਅਖੀਰ ਵਿੱਚ ਫ਼ਾਇਰ ਬ੍ਰਿਗੇਡ ਵਾਲਿਆਂ ਨੇ ਉਨ੍ਹਾਂ ਨੂੰ ਸਹੀ ਸਲਾਮਤ ਹੇਠਾਂ ਉਤਾਰਿਆ।
ਐਨਾਹਾਈਮ ਦੇ ਡਿਜ਼ਨੀ ਲੈਂਡ ਦੀ ਖੁਸ਼ਕਿਸਮਤੀ ਕਹੀ ਦਾ ਸਕਦੀ ਹੈ ਕਿ ਕੁਝ ਕੁ ਦੁਰਘਟਨਾਵਾਂ ਹੀ ਹੋਈਆਂ ਹਨ, ਕੁਝ ਰਾਈਡਜ਼ ਦੀ ਖ਼ਰਾਬੀ ਕਾਰਨ ਅਤੇ ਕੁਝ ਦਰਸ਼ਕਾਂ ਦੀ ਗਲਤੀ ਕਾਰਨ। ਡਿਜ਼ਨੀ ਲੈਂਡ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਨੌਂ ਸਾਲ ਇੱਥੇ ਕੋਈ ਦੁਰਘਟਨਾ ਨਹੀਂ ਵਾਪਰੀ। 1964 ਵਿੱਚ ਇੱਕ 15 ਸਾਲ ਦਾ ਲੜਕਾ ਚਲਦੀ ਹੋਈ ਰਾਈਡ ਵਿੱਚੋਂ ਬੈਲਟ ਖੋਲ੍ਹ ਕੇ ਖੜ੍ਹਾ ਹੋ ਗਿਆ। ਸਰੀਰ ਦਾ ਸੰਤੁਲਨ ਵਿਗੜਨ ਕਾਰਨ ਉਹ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਸਾਲ 2000 ਵਿੱਚ ਸਪੇਸ ਮਾਊਨਟੇਨ ਰੋਲਰ ਕੋਸਟਰ ਚਲਦੇ ਹੋਏ ਇੱਕੋ ਦਮ ਰੁਕ ਗਿਆ, ਜਿਸ ਕਰਕੇ ਨੌਂ ਸਵਾਰੀਆਂ ਨੂੰ ਸੱਟਾਂ ਲੱਗੀਆਂ। ਇਸੇ ਸਾਲ ਹੀ ਇੱਕ ਬੱਚਾ ਇੱਕ ਰਾਈਡ ਵਿੱਚੋਂ ਡਿਗਣ ਕਾਰਨ ਆਪਣੀ ਜਾਣ ਗਵਾ ਬੈਠਾ। ਕੈਰਨ ਬਿੱਗ ਥੰਡਰ ਰਾਈਡ ਵਿੱਚ ਵੀ ਇੱਕ ਬੱਚੇ ਦੀ ਮੌਤ ਹੋ ਗਈ ਸੀ। ਇੱਕ ਵਾਰ ਮਾਊਨਟੇਨ ਰੇਲ ਪੱਟੜੀ ਤੋਂ ਉਤਰ ਗਈ, ਜਿਸ ਨਾਲ 22 ਸਾਲ ਦੇ ਇੱਕ ਨੌਜਵਾਨ ਨੂੰ ਜਾਨ ਤੋਂ ਹੱਥ ਧੋਣੇ ਪਏ। ਇੱਕ ਅਪਾਹਜ ਵਿਅਕਤੀ ਵੀ ਇੱਕ ਵਾਰ ਕਿਸੇ ਰਾਈਡ ਵਿੱਚ ਚਾਲੀ ਮਿੰਟ ਫਸਿਆ ਰਿਹਾ। ਇੱਕ ਵਾਰ ਇੱਕ ਵੱਡਾ ਦਰਖ਼ਤ ਅਚਾਨਕ ਹੀ ਗਿਰ ਗਿਆ, ਜਿਸ ਨਾਲ 27 ਬੰਦਿਆਂ ਦੇ ਮਾਮੂਲੀ ਸੱਟਾਂ ਲੱਗੀਆਂ। ਦੋ ਦੁਰਘਟਨਾਵਾਂ ਵਿੱਚ ਡਿਜ਼ਨੀ ਲੈਂਡ ਦੇ ਦੋ ਕਰਮਚਾਰੀਆਂ ਨੂੰ ਵੀ ਜਾਨ ਗੁਆਉਣੀ ਪਈ। ਇਨ੍ਹਾਂ ਤੋਂ ਇਲਾਵਾ ਵੀ ਕੁਝ ਛੋਟੀਆਂ-ਛੋਟੀਆਂ ਘਟਨਾਵਾਂ ਹੋਰ ਵੀ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *