ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਇਸੇ ਤਰ੍ਹਾਂ ਕਈ ਪੰਜਾਬੀ ਸ਼ਖ਼ਸੀਅਤਾਂ ਨੇ ਨੇਪਾਲ ਦੀ ਧਰਤੀ ‘ਤੇ ਜਾ ਕੇ ਵੀ ਨਾਮਣਾ ਖੱਟਿਆ ਹੈ ਅਤੇ ਵੱਖ ਵੱਖ ਖੇਤਰਾਂ ਵਿੱਚ ਵੱਡੀ ਧਾਂਕ ਜਮਾਈ ਹੈ। ਨੇਪਾਲ ਨਾਲ ਪੰਜਾਬੀਆਂ ਦੀ ਧਾਰਮਿਕ ਤੇ ਇਤਿਹਾਸਕ ਸਾਂਝ ਹੈ। ਭਾਰਤ-ਨੇਪਾਲ ਸਰਹੱਦ ’ਤੇ ਪੰਜਾਬੀਆਂ ਨੇ ਜਿਨ੍ਹਾਂ ਇਲਾਕਿਆਂ ਵਿੱਚ ਆਪਣੀ ਰਿਹਾਇਸ਼ ਕਰ ਲਈ ਸੀ, ਉਨ੍ਹਾਂ ਵਿੱਚੋਂ ਇੱਕ ਇਲਾਕੇ ਨੂੰ ਅੱਜ ਵੀ ‘ਸਿੱਖਾਨਪੁਰ’ ਆਖ਼ਿਆ ਜਾਂਦਾ ਹੈ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਉਂਜ ਤਾਂ ਸੁਭਾਅ ਦੇ ਉੱਦਮੀ ਅਤੇ ਜੁੱਸੇ ਦੇ ਤਕੜੇ ਪੰਜਾਬੀਆਂ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਆਪਣੀ ਧਾਂਕ ਜਮਾਈ ਹੈ, ਪਰ ਭਾਰਤ ਦਾ ਗੁਆਂਢੀ ਮੁਲਕ ਨੇਪਾਲ ਇੱਕ ਅਜਿਹਾ ਮੁਲਕ ਹੈ, ਜਿਸ ਨਾਲ ਪੰਜਾਬੀਆਂ ਦੀ ਵੱਡੀ ਧਾਰਮਿਕ ਤੇ ਇਤਿਹਾਸਕ ਸਾਂਝ ਹੈ। ਇੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਸਨ ਅਤੇ ਸਿੱਖ ਇਤਿਹਾਸ ਦੀ ਮਹਾਨ ਹਸਤੀ ਮਹਾਰਾਣੀ ਜਿੰਦ ਕੌਰ ਉਰਫ਼ ਮਹਾਰਾਣੀ ਜਿੰਦਾਂ ਵੀ ਪੁੱਜੀ ਸੀ ਤੇ ਕੁਝ ਸਮੇਂ ਤੱਕ ਇੱਥੇ ਹੀ ਰੂਪੋਸ਼ ਰਹੀ ਸੀ।
ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਤੀਜੀ ਉਦਾਸੀ ਲਈ ਘਰੋਂ ਨਿਕਲੇ ਸਨ ਤਾਂ ਉਹ ਸੰਨ 1516 ਵਿੱਚ ਨੇਪਾਲ ਪੁੱਜੇ ਸਨ। ਇੱਥੇ ਉਹ ਤਕਰੀਬਨ ਇੱਕ ਸਾਲ ਦੇ ਅਰਸੇ ਲਈ ਰੁਕੇ ਸਨ ਤੇ ਉਨ੍ਹਾਂ ਨੇ ਇੱਥੇ ਪ੍ਰਭੂ ਭਗਤੀ ਵਿੱਚ ਆਪਣਾ ਸਮੁੱਚਾ ਸਮਾਂ ਬਤੀਤ ਕੀਤਾ ਸੀ। ਇੱਥੇ ਉਨ੍ਹਾਂ ਨੇ ਸਥਾਨਕ ਵਿਦਵਾਨਾਂ ਅਤੇ ਸਮਕਾਲੀ ਧਾਰਮਿਕ ਹਸਤੀਆਂ ਨਾਲ ਧਾਰਮਿਕ ਸੰਕਲਪਾਂ ਸਬੰਧੀ ਵਿਚਾਰ ਚਰਚਾਵਾਂ ਵੀ ਕੀਤੀਆਂ ਸਨ। ਜਿਸ ਸਥਾਨ ’ਤੇ ਗੁਰੂ ਸਾਹਿਬ ਨੇ ਇੱਕ ਪਿੱਪਲ ਹੇਠਾਂ ਬੈਠ ਕੇ ਭਗਤੀ ਕੀਤੀ ਸੀ, ਉਸ ਸਥਾਨ ਨੂੰ ਨੇਪਾਲ ਵਿੱਚ ‘ਨਾਨਕ ਮੱਠ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਹ ਸਥਾਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਨੇੜੇ ਬਾਲਾਜੂ ਨਾਮਕ ਨਗਰ ਵਿਖੇ ਸਥਿਤ ਹੈ।
ਬੜੀ ਬਚਿੱਤਰ ਗੱਲ ਹੈ ਕਿ ਗੁਰੂ ਨਾਨਕ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਨੇਪਾਲ ਵਾਸੀਆਂ ਨੇ ਉਦੋਂ ਉਨ੍ਹਾਂ ਨੂੰ ‘ਨਾਨਕ ਰਿਸ਼ੀ’ ਆਖ਼ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਅੱਜ ਵੀ ਉਸ ਖਿੱਤੇ ਵਿੱਚ ਉਨ੍ਹਾਂ ਦਾ ਜ਼ਿਕਰ ਇਸੇ ਨਾਂ ਨਾਲ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਦੌਰਾਨ ਪੱਛਮੀ ਨੇਪਾਲ ਵਿੱਚ ਕੋਸੀ ਨਦੀ ਦੇ ਨਜ਼ਦੀਕ ‘ਤਰਾਈ’ ਅਤੇ ਸੀਤਾ ਦੀ ਜਨਮ ਭੂਮੀ ਕਹੇ ਜਾਂਦੇ ‘ਜਨਕਪੁਰ’ ਦੀ ਧਰਤੀ ’ਤੇ ਚਰਨ ਪਾਉਣ ਦੇ ਨਾਲ ਨਾਲ ਐਵਰੈਸਟ ਪਰਬਤ ਦੇ ਖੇਤਰ ਵਿੱਚ ਸਥਿਤ ‘ਤੇਂਗਬੁਚ ਮੱਠ’ ਵਿਖੇ ਵੀ ਸ਼ਿਰਕਤ ਕੀਤੀ ਸੀ। ਡਾ. ਦਲਵਿੰਦਰ ਸਿੰਘ ਗਰੇਵਾਲ ਅਤੇ ਸ. ਐਮ.ਐਸ. ਕੋਹਲੀ ਦੀਆਂ ਖੋਜਾਂ ਅਨੁਸਾਰ ਤੇਂਗਬੁੱਚ ਖਿੱਤੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੂੰ ‘ਗੁਰੂ ਰਿੰਪੋਚੇ’ ਦੇ ਨਾਂ ਨਾਲ ਪੂਜਿਆ ਜਾਂਦਾ ਹੈ। ਕੁਝ ਹੋਰ ਖੋਜਾਂ ਅਨੁਸਾਰ ਗੁਰੂ ਸਾਹਿਬ ਨੇ ‘ਬਾਰਹਾਂਕਸ਼ੇਤਰ’, ‘ਬਾਨੇਪਾ’ ਅਤੇ ‘ਭਗਤਪੁਰ’ ਆਦਿ ਇਲਾਕਿਆਂ ਦੀ ਵੀ ਜ਼ਿਆਰਤ ਕੀਤੀ ਸੀ। ਉਹ ਨੇਪਾਲ ਦੇ ਮਸ਼ਹੂਰ ‘ਪਸ਼ੂਪਤੀਨਾਥ ਮੰਦਿਰ’ ਵਿਖੇ ਵੀ ਗਏ ਸਨ ਤੇ ਉਥੇ ਬੈਠ ਕੇ ਵੀ ਉਨ੍ਹਾਂ ਨੇ ਪ੍ਰਭੂ ਉਸਤਤਿ ਗਾਇਨ ਕੀਤੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਨੂੰ ਸਿੱਖ ਇਤਿਹਾਸ ਦਾ ‘ਸੁਨਹਿਰੀ ਕਾਲ’ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਕਾਲ ਸਿੱਖਾਂ ਦੀ ਚੜ੍ਹਤ ਅਤੇ ਲੋਕਾਂ ਵਿੱਚ ਪ੍ਰਵਾਨਗੀ ਦਾ ਬੇਹਤਰੀਨ ਕਾਲ ਸੀ। ਇਸ ਕਾਲ ਵਿੱਚ ਬਰਤਾਨਵੀ ਹਾਕਮਾਂ ਦੀ ਜਿੱਤਾਂ ਦੀ ਲੜੀ ਨੂੰ ਸਿੱਖ ਫ਼ੌਜਾਂ ਨੇ ਠੱਲ੍ਹ ਪਾਈ ਸੀ। ਅੰਗਰੇਜ਼ਾਂ ਨੂੰ ਸਿੱਖ ਰਾਜ ’ਤੇ ਕਬਜ਼ਾ ਕਰਨ ਲਈ ਕਈ ਲੂੰਬੜ-ਚਾਲਾਂ ਚੱਲਣੀਆਂ ਪਈਆਂ ਸਨ ਤੇ ਉਨ੍ਹਾਂ ਚਾਲਾਂ ਸਦਕਾ ਪੈਦਾ ਹੋਈ ਖ਼ਾਨਜੰਗੀ ਕਰਕੇ ਸਿੱਖਾਂ ਦਾ ਉਹ ‘ਸੁਨਹਿਰੀ ਕਾਲ’ ਬਦਲ ਕੇ ‘ਸਿੱਖ ਰਾਜ ਦੀਆਂ ਸ਼ਾਮਾਂ’ ਵਿੱਚ ਤਬਦੀਲ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਬਰਤਾਨਵੀ ਹਾਕਮ ਉਸਦੇ ਫ਼ਰਜ਼ੰਦ ਕੁੰਵਰ ਦਲੀਪ ਸਿੰਘ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਸਨ ਤੇ ਉਥੇ ਉਸਦਾ ਧਰਮ ਤਬਦੀਲ ਕਰਵਾ ਕੇ ਉਸਦੀ ਸ਼ਾਦੀ ਇੱਕ ਈਸਾਈ ਕੁੜੀ ਨਾਲ ਕਰਨ ਵਿੱਚ ਸਫ਼ਲ ਰਹੇ ਸਨ। ਉਸ ਉਥਲ-ਪੁਥਲ ਭਰੇ ਕਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਮਹਾਰਾਣੀ ਜਿੰਦ ਕੌਰ ਨੂੰ ਵੀ ਭੇਸ ਬਦਲ ਕੇ ਪੰਜਾਬ ਤੋਂ ਫ਼ਰਾਰ ਹੋਣਾ ਪਿਆ ਸੀ ਤੇ ਇਸ ਰੂਪੋਸ਼ੀ ਦੇ ਕਾਲ ਵਿੱਚ 29 ਅਪ੍ਰੈਲ 1849 ਨੂੰ ਉਹ ਨੇਪਾਲ ਦੀ ਧਰਤੀ ’ਤੇ ਜਾ ਪੁੱਜੀ ਸੀ। ਉਸ ਵੇਲੇ ਦੀ ਨੇਪਾਲੀ ਸਰਕਾਰ ਨੇ ਮਹਾਰਾਣੀ ਦਾ ਸਾਥ ਦਿੱਤਾ ਸੀ ਤੇ ਉਸ ਵੱਲੋਂ ਤਕਰੀਬਨ 11 ਸਾਲ ਨੇਪਾਲ ’ਚ ਬਿਤਾਉਣ ਪਿੱਛੋਂ ਉਸਨੂੰ ਗੁਪਤ ਰੂਪ ਵਿੱਚ ਲੰਦਨ ਪੁੱਜਣ ਵਿੱਚ ਵੀ ਪੂਰੀ ਮਦਦ ਕੀਤੀ ਸੀ।
ਮਹਾਰਾਣੀ ਦੇ ਨਾਲ ਪੰਜਾਬ ਤੋਂ ਨੇਪਾਲ ਪੁੱਜੇ ਬਾਕੀ ਦੇ ਸਿੱਖ ਸੈਨਿਕ ਤੇ ਹੋਰ ਲੋਕ ਪਿੱਛੇ ਨੇਪਾਲ ’ਚ ਹੀ ਵੱਸ ਗਏ ਸਨ ਅਤੇ ਉਨ੍ਹਾਂ ਨੇ ਇੱਥੇ ਹੀ ਰੋਜ਼ੀ ਰੋਟੀ ਲਈ ਵੱਖ ਵੱਖ ਕਾਰੋਬਾਰ ਸ਼ੁਰੂ ਕਰ ਦਿੱਤੇ ਸਨ। ਭਾਰਤ-ਨੇਪਾਲ ਸਰਹੱਦ ’ਤੇ ਸਥਿਤ ਨੇਪਾਲਗੰਜ ਦੇ ਕੁਝ ਇਲਾਕਿਆਂ ਵਿੱਚ ਵੱਸ ਗਏ ਇਨ੍ਹਾਂ ਪੰਜਾਬੀਆਂ ਨੇ ਜਿਨ੍ਹਾਂ ਇਲਾਕਿਆਂ ਵਿੱਚ ਆਪਣੀ ਰਿਹਾਇਸ਼ ਕਰ ਲਈ ਸੀ, ਉਨ੍ਹਾਂ ਵਿੱਚੋਂ ਇੱਕ ਇਲਾਕੇ ਨੂੰ ਅੱਜ ਵੀ ‘ਸਿੱਖਾਨਪੁਰ’ ਆਖ਼ਿਆ ਜਾਂਦਾ ਹੈ ਤੇ ਪੰਜਾਬੀਆਂ ਦੀ ਵੱਸੋਂ ਵਾਲੇ ਬਾਕੀ ਇਲਾਕੇ ‘ਜਮਹੂਆ’ ਅਤੇ ‘ਬੰਕਟਵਾ’ ਹਨ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਾਲ ਦੌਰਾਨ ਕਾਂਗੜਾ ਖਿੱਤੇ ਵਿੱਚ ਸਿੱਖ ਅਤੇ ਗੋਰਖਾ ਫ਼ੌਜਾਂ ਦਰਮਿਆਨ ਗਹਿਗੱਚ ਲੜਾਈ ਹੋਈ ਸੀ ਤੇ ਗੋਰਖਿਆਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਲਾਹੌਰ ਦਰਬਾਰ ਨੇ ਗੋਰਖਿਆਂ ਨੂੰ ਫ਼ੌਜ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਵੀ ਨੇਪਾਲ ਦੇ ਗੋਰਖੇ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਅ ਰਹੇ ਹਨ।
ਸਾਲ 2011 ਵਿੱਚ ਕਰਵਾਈ ਗਈ ਜਨਗਣਨਾ ਅਨੁਸਾਰ ਨੇਪਾਲ ਵਿੱਚ ਪੰਜਾਬੀਆਂ ਦੀ ਸੰਖਿਆ 609 ਸੀ, ਜਦੋਂ ਕਿ ਕੁਝ ਹੋਰ ਸੰਗਠਨਾਂ ਦੇ ਅਧਿਐਨ ਅਨੁਸਾਰ ਇਹ ਸੰਖਿਆ ਸੱਤ ਹਜ਼ਾਰ ਦੇ ਕਰੀਬ ਬਣਦੀ ਸੀ। ਅਜੋਕੇ ਸਮੇਂ ਵਿੱਚ ਨੇਪਾਲ ਵਿਖੇ ਵੱਸਦੇ ਪੰਜਾਬੀਆਂ ਨੇ ਨੇਪਾਲ ਦੀ ਤਰੱਕੀ ਵਿੱਚ ਚੋਖਾ ਯੋਗਦਾਨ ਪਾਇਆ ਹੈ ਤੇ ਲਗਾਤਾਰ ਪਾ ਰਹੇ ਹਨ। ਪੰਜਾਬੀਆਂ ਨੇ ਇੱਥੇ ਟਰਾਂਸਪੋਰਟ, ਇੰਜੀਨੀਅਰਿੰਗ ਤੇ ਡਾਕਟਰੀ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤੇ ਹਨ ਅਤੇ ਬਤੌਰ ਸਿੱਖਿਆ ਸ਼ਾਸਤਰੀ, ਪਾਇਲਟ ਤੇ ਫ਼ੈਸ਼ਨ ਡਿਜ਼ਾਇਨਰ ਵੀ ਪੰਜਾਬੀਆਂ ਨੇ ਇੱਥੇ ਵੱਡੀ ਧਾਂਕ ਜਮਾਈ ਹੈ। 1970 ਅਤੇ 1980 ਦੇ ਦਹਾਕਿਆਂ ਦੌਰਾਨ ਨੇਪਾਲ ਵਿੱਚ ਸਿੱਖਾਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਤੇ ਇੱਥੇ ਕਾਠਮੰਡੂ ਵਿੱਚ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੁੰਦਾ ਸੀ ਤੇ ਬੀਰਗੰਜ, ਨੇਪਾਲਗੰਜ, ਕ੍ਰਿਸ਼ਨਾ ਨਗਰ ਅਤੇ ਬਟਵਾਲ ਖੇਤਰਾਂ ਵਿੱਚ ਗੁਰਦੁਆਰਾ ਸਾਹਿਬ ਮੌਜੂਦ ਸਨ।
ਸਾਲ 2004 ਵਿੱਚ ਨੇਪਾਲ ਸਰਕਾਰ ਨੇ ਖ਼ਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਕਰਕੇ ਇੱਕ ‘ਯਾਦਗਾਰੀ ਸਿੱਕਾ’ ਜਾਰੀ ਕੀਤਾ ਸੀ ਤੇ ਫਿਰ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਅਕੀਦਤ ਵਜੋਂ 2500, 1000 ਅਤੇ 100 ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ ਸਨ। ਇਸਦੇ ਨਾਲ ਹੀ ਇਹ ਫ਼ਖ਼ਰ ਕਰਨ ਯੋਗ ਹੈ ਕਿ ਸ. ਮਿਹਰ ਸਿੰਘ ਨਾਮਕ ਹਸਤੀ ਨੂੰ ਕ੍ਰਿਸ਼ਨਾ ਨਗਰ ਇਲਾਕੇ ਦਾ 25 ਵਰਿ੍ਹਆਂ ਤੱਕ ਮੇਅਰ ਰਹਿਣ ਦਾ ਸਰਫ਼ ਹਾਸਿਲ ਹੈ ਤੇ ਸ. ਗੁਰਸ਼ਰਨ ਸਿੰਘ ਨੂੰ ਵੀ ‘ਕ੍ਰਿਸ਼ਨਾ ਨਗਰ ਚੈਂਬਰ ਆੱਫ਼ ਕਾਮਰਸ’ ਦਾ ਪ੍ਰਧਾਨ ਬਣਨ ਦਾ ਮਾਣ ਹਾਸਿਲ ਹੋ ਚੁੱਕਾ ਹੈ। ਨੇਪਾਲੀ ਪੁਲਿਸ ਅਤੇ ਨੇਪਾਲੀ ਫ਼ੌਜ ਦੇ ਮਾਣਮੱਤੇ ਅਧਿਕਾਰੀ ਰਹਿਣ ਦਾ ਮਾਣ ਸ. ਸ਼ੰਕਰ ਸਿੰਘ ਦੇ ਹਿੱਸੇ ਆ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਕਈ ਹੋਰ ਵੀ ਪੰਜਾਬੀ ਸ਼ਖ਼ਸੀਅਤਾਂ ਨੇ ਨੇਪਾਲ ਦੀ ਧਰਤੀ ‘ਤੇ ਜਾ ਕੇ ਨਾਮਣਾ ਖੱਟਿਆ ਹੈ।
________________________________________________________
ਵਿਰਾਸਤ ਦੀਆਂ ਜੜਾਂ ਨਰੋਈਆਂ ਰੱਖਿਓ!
“ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਦਾ ਪਤਾ ਨਹੀਂ ਹੈ, ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ।” -ਸੈਮੂਅਲ ਹਟਿੰਗਟਨ।
ਵਿਸ਼ਵ ਵਿਰਾਸਤ ਦਿਵਸ ਆਪਣੇ ਵਿਰਸੇ ਨੂੰ ਪਛਾਣਨ, ਸੰਭਾਲਣ ਤੇ ਸਦਾ ਚੇਤੇ ਰੱਖਣ ਦਾ ਦਿਵਸ ਹੈ। ਅਜੋਕੀ ਨੌਜਵਾਨ ਪੀੜ੍ਹੀ, ਜੋ ਆਪਣੇ ਵਿਰਸੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਕੇ ਵਿਰਸਾ ਸੰਭਾਲ ਲਈ ਤਿਆਰ ਕਰਨ ਲਈ ਇਸ ਤੋਂ ਸੁਭਾਗਾ ਦਿਨ ਕੋਈ ਹੋਰ ਨਹੀਂ ਹੋ ਸਕਦਾ ਹੈ। ਇਹ ਦਿਵਸ ਹਰੇਕ ਮੁਲਕ ਅਤੇ ਖਿੱਤੇ ਵਿੱਚ ਵੱਸਦੇ ਲੋਕਾਂ ਨੂੰ ਆਪਣੇ ਇਲਾਕੇ ਦੀਆਂ ਵਿਰਾਸਤੀ ਥਾਵਾਂ, ਇਮਾਰਤਾਂ ਤੇ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ।
ਦਰਅਸਲ ‘ਕੌਮਾਂਤਰੀ ਵਿਰਾਸਤੀ ਸਮਾਰਕ ਕੌਂਸਲ’ ਨਾਮਕ ਸੰਸਥਾ ਨੇ ਸੰਨ 1982 ਵਿੱਚ ਟਿਊਨੀਸ਼ੀਆ ਵਿਖੇ ਹੋਏ ਇੱਕ ਕੌਮਾਂਤਰੀ ਸੈਮੀਨਾਰ ਦੌਰਾਨ ਇਹ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ, ਜਿਸਨੂੰ ਸੰਨ 1983 ਵਿੱਚ ਯੂਨੈਸਕੋ ਦੀ ਆਮ ਸਭਾ ਦੇ 22ਵੇਂ ਇਜਲਾਸ ਵਿੱਚ ਪ੍ਰਵਾਨ ਕਰ ਲਿਆ ਗਿਆ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਕੌਂਸਲ ਦੀ ਸਥਾਪਨਾ ਕੌਮਾਂਤਰੀ ਸਮਾਰਕਾਂ ਦੀ ਸੰਭਾਲ ਲਈ ਸੰਨ 1964 ਵਿੱਚ ਬਣੇ ‘ਵੀਨਸ ਚਾਰਟਰ’ ਦੇ ਸਿਧਾਂਤਾਂ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਦੁਨੀਆਂ ਭਰ ਵਿੱਚ ਫੈਲਾਉਣਾ ਹੈ ਅਤੇ ਸਾਲ 2022 ਵਿੱਚ ਇਸ ਦਿਵਸ ਦਾ ਥੀਮ ਸੀ– ‘ਵਿਰਾਸਤ ਅਤੇ ਵਾਤਾਵਰਣ।’ ਇਸ ਥੀਮ ਰਾਹੀਂ ਦੁਨੀਆਂ ਦੇ ਬਦਲਦੇ ਤਾਪਮਾਨ, ਮੌਸਮ ਅਤੇ ਵਾਤਾਵਰਣ ਦੀਆਂ ਤਬਦੀਲੀਆਂ ਦੇ ਮੱਦੇਨਜ਼ਰ ਵਿਰਾਸਤੀ ਇਮਾਰਤਾਂ ਦੀ ਸੰਭਾਲ ਦਾ ਹੋਕਾ ਦੇਣਾ ਸੀ। ਸਾਲ 2023 ਦਾ ਥੀਮ ਸੀ- ‘ਆਓ, ਭਵਿੱਖ ਸੁਧਾਰੀਏ’ ਅਤੇ ਸਾਲ 2024 ਲਈ ਥੀਮ ‘ਕਨੈਕਸ਼ਨਜ਼, ਰੂਟਸ ਐਂਡ ਨੈੱਟਵਰਕਸ’ ਚੁਣਿਆ ਗਿਆ।
ਵਿਰਸਾ ਸੰਭਾਲ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਵਿਸ਼ਵ ਦੀ ਵੱਡੀ ਹਸਤੀ ਨੈਲਸਨ ਮੰਡੇਲਾ ਨੇ ਕਿਹਾ ਸੀ, “ਸਾਡੇ ਅਮੀਰ ਤੇ ਭਿੰਨਤਾ ਪੂਰਨ ਵਿਰਸੇ ਵਿੱਚ ਉਹ ਅਦਭੁੱਤ ਤਾਕਤ ਹੈ, ਜੋ ਸਾਡੇ ਰਾਸ਼ਟਰ ਨਿਰਮਾਣ ਵਿੱਚ ਮਦਦ ਕਰ ਸਕਦੀ ਹੈ।” ਉਨ੍ਹਾਂ ਦੇ ਇਹ ਬੋਲ ਜੇ ਭਾਰਤ ‘ਤੇ ਲਾਗੂ ਕਰਕੇ ਵੇਖੇ ਜਾਣ ਤਾਂ ਇਹ ਅੱਖਰ-ਅੱਖਰ ਸੱਚ ਜਾਪਦੇ ਹਨ, ਕਿਉਂਕਿ ਭਾਰਤ ਦੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਵਿੱਚ ਉਹ ਕਦਰਾਂ-ਕੀਮਤਾਂ ਤੇ ਪਰੰਪਰਾਵਾਂ ਹਨ, ਜਿਨ੍ਹਾਂ ਦੀ ਅਜੋਕੇ ਸਮਾਜ ਨੂੰ ਭਾਰੀ ਲੋੜ ਹੈ ਤੇ ਇਨ੍ਹਾਂ ਵਿਰਸੇ ਵਿੱਚ ਮਿਲੀਆਂ ਦਾਤਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ, ਮੁਲਕ ਪ੍ਰਤੀ ਵਫ਼ਾਦਾਰੀ, ਸਮਾਜ ਪ੍ਰਤੀ ਉਸਾਰੂ ਰਵੱਈਆ ਤੇ ਸੱਚ ਲਈ ਕੁਰਬਾਨ ਹੋ ਜਾਣਾ ਆਦਿ ਜਿਹੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਵੀ ਸ਼ਾਮਿਲ ਹਨ।
ਭਾਰਤੀ ਪੁਰਾਤਤਵ ਵਿਭਾਗ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖ਼ਭਾਲ ਤੇ ਉਨ੍ਹਾਂ ਦੀ ਪੁਨਰ ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਅਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ, ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾਅ ਨਹੀਂ ਪਾ ਰਹੀ ਹੈ। ਬਤੌਰ ਇੱਕ ਜ਼ਿੰਮੇਵਾਰ ਨਾਗਰਿਕ ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸ-ਪਾਸ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਅਸਲ ਦਿੱਖ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਤੇ ਸਾਫ਼-ਸਫ਼ਾਈ ਰੱਖਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਈਏ। ਸਾਡੇ ਮੁਲਕ ਦੀਆਂ ਧਾਰਮਿਕ ਜਥੇਬੰਦੀਆਂ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਵੀ ਵਿਰਾਸਤੀ ਮਹੱਤਵ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪੁਨਰ ਨਿਰਮਾਣ ਸਮੇਂ ਸੰਗਮਰਮਰ ਅਤੇ ਸੋਨਾ ਲਾਉਣ ਦੀ ਥਾਂ ਆਧੁਨਿਕ ਤਕਨੀਕ ਅਤੇ ਸਾਧਨਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਵਿਰਾਸਤੀ ਰੂਪ ਬਰਕਰਾਰ ਰੱਖਣ ਲਈ ਹਰੇਕ ਹੀਲਾ ਕਰਨ।
ਦੁਨੀਆਂ ਭਰ ਵਿੱਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਵਿੱਚ ‘ਸ੍ਰੀ ਹਰਿਮੰਦਰ ਸਾਹਿਬ, ਲਾਲ ਕਿਲਾ, ਤਾਜ ਮਹੱਲ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਕੋਣਾਰਕ ਮੰਦਿਰ, ਚੀਨ ਦੀ ਦੀਵਾਰ, ਪੀਸਾ ਦੀ ਮੀਨਾਰ, ਅਜੰਤਾ-ਅਲੋਰਾ ਦੀਆਂ ਗੁਫ਼ਾਵਾਂ, ਵੈਟੀਕਨ ਸਿਟੀ, ਮਾਊਂਟ ਸੇਂਟ ਮਾਈਕਲ, ਸਟੈਚੂ ਆਫ਼ ਲਿਬਰਟੀ, ਮਿਸਰ ਦੇ ਪਿਰਾਮਿਡ’ ਆਦਿ ਦਾ ਸ਼ੁਮਾਰ ਹੁੰਦਾ ਹੈ, ਜੋ ਅੱਜ ਵੀ ਹਰੇਕ ਨੂੰ ਆਪਣੇ ਅਮੀਰ ਵਿਰਸੇ ਨੂੰ ਨੇੜਿਉਂ ਤੱਕਣ, ਪਛਾਣਨ, ਸੰਭਾਲਣ ਅਤੇ ਉਸ ਤੋਂ ਕੁਝ ਸਿੱਖਣ ਦਾ ਸੰਦੇਸ਼ ਦੇ ਰਹੇ ਹਨ।