ਝੂਠੀ ਇਸ਼ਤਿਹਾਰਬਾਜ਼ੀ ਤੇ ਨਕਲੀ ਦਵਾਈਆਂ ਕਾਰਨ ਬਾਬਾ ਰਾਮਦੇਵ ਸੁਪਰੀਮ ਕੋਰਟ ਦੇ ਸ਼ਿਕੰਜੇ ਵਿੱਚ

ਖਬਰਾਂ ਵਿਚਾਰ-ਵਟਾਂਦਰਾ

ਝੂਠ ਦਾ ਸਾਮਰਾਜ
ਜਸਵੀਰ ਸਿੰਘ ਸ਼ੀਰੀ
ਬਾਬਾ ਰਾਮਦੇਵ ਆਪਣੇ ਹੀ ਬਿਆਨਾਂ ਦੇ ਬੁਣੇ ਜਾਲ਼ ਕਾਰਨ ਸੁਪਰੀਮ ਕੋਰਟ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ ਕਿ ਬਾਬੇ ਦੀ ਕੰਪਨੀ ਪਤੰਜਲੀ ਅਤੇ ਦਿਵਯ ਫਾਰਮੇਸੀ ਵੱਲੋਂ ਮੌਡਰਨ ਮੈਡੀਸਨ ਖਿਲਾਫ ਅਤੇ ਆਪਣੀ ਕੰਪਨੀ ਦੀਆਂ ਦੇਸੀ ਦਵਾਈਆਂ ਦੇ ਹੱਕ ਵਿੱਚ ਕੀਤੇ ਜਾ ਰਹੇ ਦਾਅਵੇ ਦਰੁਸਤ ਨਹੀਂ ਹਨ। ਇਸ ਮਾਮਲੇ ਦੀ 21 ਨਵੰਬਰ 2023 ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਦੇ ਇੱਕ ਦੋ-ਮੈਂਬਰੀ ਬੈਂਚ ਸਾਹਮਣੇ ਮੁਆਫੀਨਾਮਾ ਦਿੱਤਾ ਕਿ ਭਵਿੱਖ ਵਿੱਚ ਉਹ ਕੋਈ ਵੀ ਫਰਜ਼ੀ ਐਡਵਰਟਾਈਜ਼ਮੈਂਟ ਨਹੀਂ ਦੇਣਗੇ;

ਪਰ ਆਪਣੇ ਇਸ ਮੁਆਫੀਨਾਮੇ ਤੋਂ ਕੁਝ ਹੀ ਦਿਨ ਬਾਅਦ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਫਿਰ ਉਸੇ ਕਿਸਮ ਦੇ ਪ੍ਰਚਾਰ ਦਾ ਤੋਰਾ ਤੋਰ ਲਿਆ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਨਾਲ ਸੰਬੰਧਤ ਇੱਕ ਵੀਡੀਓ ਅਤੇ ਝੂਠੀਆਂ ਐਡਵਰਟਾਈਜ਼ਮੈਂਟਾਂ ਦੀਆਂ ਕਾਪੀਆਂ ਲੈ ਕੇ ਮੁੜ ਅਦਾਲਤ ਵਿੱਚ ਪਹੁੰਚ ਗਈ। ਬਾਬਾ ਰਾਮਦੇਵ ਅਤੇ ਪੰਤਜਲੀ ਦੇ ਮੈਨੇਜਿੰਗ ਡਾਇਰੈਕਟਰ ਸਵਾਮੀ ਬਾਲਕ੍ਰਿਸ਼ਨ ਨੇ ਆਪਣੇ ਅਲੱਗ-ਅਲੱਗ ਮਾਅਫੀਨਾਮੇ ਦਾਖਲ ਕਰਕੇ ਫਿਰ ਅਦਾਲਤ ਵਿੱਚ ਮੁਆਫੀ ਮੰਗ ਲਈ ਕਿ 21 ਨਵੰਬਰ ਵਾਲੇ ਬਿਆਨ ਵਿੱਚ ਗਲਤੀ ਹੋ ਗਈ, ਉਹ ਅਗਾਂਹ ਤੋਂ ਨਾ ਤੇ ਇਸ ਕਿਸਮ ਦਾ ਬਿਆਨ ਦੇਣਗੇ ਅਤੇ ਨਾ ਹੀ ਫਰਜ਼ੀ ਐਡਵਰਟਾਈਜ਼ਮੈਂਟਾਂ ਦੇਣਗੇ।
ਇਸ ਦੌਰਾਨ ਉਨ੍ਹਾਂ ਦੀ ਇੱਕ ਹੋਰ ਵੀਡੀਓ ਵੀ ਸਾਹਮਣੇ ਆ ਗਈ, ਜਿਸ ਵਿੱਚ ਉਹ ਮੌਡਰਨ ਮੈਡੀਸਨ ਅਤੇ ਡਾਕਟਰਾਂ ਦਾ ਮਜ਼ਾਕ ਉਡਾ ਰਹੇ ਹਨ। ਆਖ ਰਹੇ ਹਨ, “ਡਾਕ-ਟਰ ਐਵੇਂ ਟਰ ਟਰ ਕਰਦੇ ਰਹਿੰਦੇ ਹਨ। ਰਾਮਦੇਵ ਬਿਨਾ ਡਿਗਰੀ ਤੋਂ ਡਾਕਟਰ ਹੈ। ਡਾਕਟਰ ਬਣਨਾ ਹੈ ਤਾਂ ਰਾਮਦੇਵ ਕੋਲ ਆਵੋ। ਰਾਮ ਦੇਵ ਦੈਵੀ ਡਾਕਟਰ ਹੈ” ਉਨ੍ਹਾਂ ਦੀ ਇਹ ਵੀਡੀਓ ਇੱਕ ਯੋਗਾ ਕੈਂਪ ਦੀ ਹੈ। ਰਾਮ ਦੇਵ ਨੇ ਆਪਣੇ ਅਦਾਲਤੀ ਹੁਕਮ ਦੀ ਉਲੰਘਣਾ ਸੰਬੰਧੀ 2 ਅਪ੍ਰੈਲ ਨੂੰ ਫਿਰ ਮੁਆਫੀ ਮੰਗ ਲਈ ਸੀ, ਪਰ ਅਦਾਲਤ ਨੇ ਇਹ ਸਵਿਕਾਰ ਨਹੀਂ ਸੀ ਕੀਤੀ ਅਤੇ ਕਿਹਾ ਸੀ ਕਿ ਮੁਆਫੀਨਾਮਾ ਬਾਕਾਇਦਾ ਐਫੀਡੈਵਿਟ ‘ਤੇ ਲਿਖ ਕੇ ਦਾਇਰ ਕਰਨ। ਇਸ ਸੰਬੰਧ ਵਿੱਚ ਸੁਣਵਾਈ 10 ਅਪ੍ਰੈਲ ਨੂੰ ਰੱਖੀ ਗਈ ਸੀ, ਪਰ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਆਪਣੇ ਮੁਆਫੀਨਾਮੇ ਵਾਲੇ ਐਫੀਡੈਵਿਟ ਇੱਕ ਦਿਨ ਪਹਿਲਾਂ ਯਾਨਿ 9 ਅਪ੍ਰੈਲ ਨੰਕ ਅਦਾਲਤ ਵਿੱਚ ਦਾਇਰ ਕਰ ਦਿੱਤੇ।
ਇਸ ਸੰਬੰਧ ਵਿੱਚ ਜਦੋਂ 10 ਅਪ੍ਰੈਲ ਨੂੰ ਸੁਣਵਾਈ ਹੋ ਰਹੀ ਸੀ ਤਾਂ ਰਾਮਦੇਵ ਐਂਡ ਕੰਪਨੀ ਨੇ ਆਪਣੇ ਵਕੀਲਾਂ ਤੋਂ ਸਵਾਏ ਇੱਕ ਹੋਰ ਵਿਅਕਤੀ ਅਦਾਲਤ ਵਿੱਚ ਬੋਲਣ ਲਈ ਖੜ੍ਹਾ ਕਰ ਦਿੱਤਾ, ਜਿਹੜਾ ਜੱਜਾਂ ਨੂੰ ਦੱਸਣ ਲੱਗਾ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਕਿਡਨੀ ਰਾਮਦੇਵ ਦੀ ਦਵਾਈ ਨਾਲ ਠੀਕ ਹੋ ਗਈ ਸੀ, ਜਿਹੜੀ ਅਪ੍ਰੇਸ਼ਨ ਨਾਲ ਠੀਕ ਨਹੀਂ ਸੀ ਹੋ ਸਕੀ। ਮਸ਼ਹੂਰ ਬਾਬੇ ਦੀ ਤਾਣੀ ਉਸ ਦੀ ਨਵੀਂ ਹਰਕਤ ਨਾਲ ਹੋਰ ਉਲਝ ਗਈ। ਅਦਾਲਤ ਨੇ ਟਿੱਪਣੀ ਕੀਤੀ ਕਿ ਤੁਸੀਂ ਸਾਨੂੰ ਵੀ ਮੂਰਖ ਬਣਾਉਣ ਦਾ ਯਤਨ ਕਰ ਰਹੇ ਹੋ। ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਤੁਸੀਂ ਯੋਗਾ ਵਿੱਚ ਕਾਫੀ ਵਧੀਆ ਕੰਮ ਕੀਤਾ ਹੈ ਅਤੇ ਪ੍ਰਭਾਵਸ਼ਾਲੀ ਵਿਅਕਤੀ ਰਹੇ ਹੋ। ਤੁਹਾਨੂੰ ਆਪਣੀਆਂ ਟਿੱਪਣੀਆਂ ਬੜੀਆਂ ਸੋਚ ਸਮਝ ਕੇ ਕਰਨੀਆਂ ਚਾਹੀਦੀਆਂ ਹਨ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਸਾਨੂੰਦੀਨ ਅਮਾਨੁਲਾ ‘ਤੇ ਆਧਾਰਤ ਬੈਂਚ ਨੇ ਉਨ੍ਹਾਂ ਦੀ ਨਵੀਂ ਮੁਆਫੀ ਵੀ ਰੱਦ ਕਰ ਦਿੱਤੀ। ਯਾਦ ਰਹੇ, ਇਸ ਤੋਂ ਪਹਿਲਾਂ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ 27 ਫਰਵਰੀ ਅਤੇ 19 ਮਾਰਚ ਨੂੰ ਅਦਾਲਤ ਵਿੱਚ ਜ਼ਾਤੀ ਤੌਰ ‘ਤੇ ਪੇਸ਼ ਹੋਏ ਸਨ। ਅਗਲੀ ਪੇਸ਼ੀ 30 ਮਾਰਚ ਨੂੰ ਸੀ। ਇਸ ਪੇਸ਼ੀ ਤੋਂ ਉਨ੍ਹਾਂ ਨੇ ਜ਼ਾਤੀ ਤੌਰ ‘ਤੇ ਪੇਸ਼ ਹੋਣ ਤੋਂ ਇਹ ਕਹਿੰਦਿਆਂ ਰਾਹਤ ਲਈ ਛੋਟ ਮੰਗੀ ਕਿ ਉਨ੍ਹਾਂ ਨੇ ਪਰਦੇਸ ਜਾਣਾ ਹੈ, ਪਰ ਜਿਸ ਹਵਾਈ ਟਿਕਟ ਦੀ ਕਾਪੀ ਲਗਾਈ ਗਈ ਉਹ 31 ਮਾਰਚ ਲਈ ਸੀ। ਇਸ ਤਰ੍ਹਾਂ ਉਹ ਆਪਣਾ ਮਾਮਲਾ ਲਗਾਤਾਰ ਆਪਣੇ ਹੱਥੀਂ ਉਲਝਾਉਂਦੇ ਚਲੇ ਗਏ। ਬੀਤੀ ਇੱਕ ਪੇਸ਼ੀ ‘ਤੇ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਅਦਾਲਤੀ ਹੁਕਮ ਅਦੂਲੀ, ਝੂਠੇ ਇਸ਼ਤਿਹਾਰ ਛਾਪਣ ਅਤੇ ਮੌਡਰਨ ਮੈਡੀਸਨ ਖਿਲਾਫ ਦੁਰ-ਪ੍ਰਚਾਰ ਕਰਨ ਕਾਰਨ ਉਨ੍ਹਾਂ ਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ! ਪ੍ਰਤੱਖ ਦਰਸ਼ੀਆਂ ਅਨੁਸਾਰ 10 ਅਪ੍ਰੈਲ ਵਾਲੀ ਪੇਸ਼ੀ ਵਿੱਚ ਬਾਬਾ ਰਾਮਦੇਵ ਤੇ ਉਨ੍ਹਾਂ ਦੇ ਵਕੀਲ ਮੁਆਫੀ ਲਈ ਇੱਕ ਤਰ੍ਹਾਂ ਨਾਲ ਗਿੜਗਿੜਾਉਂਦੇ ਵੇਖੇ ਗਏ।
ਇੱਥੇ ਜ਼ਿਕਰਯੋਗ ਹੈ ਕਿ ਰਾਮਦੇਵ ਦੀ ਨਰਿੰਦਰ ਮੋਦੀ ਦੀ ਅਗਾਵਾਈ ਵਾਲੀ ਭਾਜਪਾ ਸਰਕਾਰ ਨਾਲ ਕਾਫੀ ਨੇੜਤਾ ਰਹੀ ਹੈ। ਪਤੰਜਲੀ ਦਾ ਮੁੱਖ ਟਿਕਾਣਾ ਉੱਤਰਾਖੰਡ ਵਿੱਚ ਹੈ। ਅਦਾਲਤ ਨੇ ਉੱਤਰਾਖੰਡ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਵੀ ਬਾਬਾ ਰਾਮਦੇਵ ਦੀਆਂ ਕਾਰਵਾਈਆਂ ਸੰਬੰਧੀ ਜਵਾਬ ਮੰਗਿਆ ਸੀ। ਇਸ ਸੰਬੰਧ ਵਿੱਚ ਦੋਨਾ ਸਰਕਾਰਾਂ ਨੇ ਆਪਣੇ ਪੱਖ ਅਦਾਲਤ ਵਿੱਚ ਦਾਇਰ ਕੀਤੇ ਹਨ। ਉੱਤਰਾਖੰਡ ਸਰਕਾਰ ਦਾ ਆਖਣਾ ਹੈ ਕਿ ਉਨ੍ਹਾਂ ਨੇ ਬਾਬਾ ਰਾਮਦੇਵ ਨੂੰ ਕਾਰੋਬਾਰ ਦਰੁਸਤ ਕਰਨ ਲਈ ਸੁਝਾਅ ਦਿੱਤਾ ਸੀ। ਇਹ ਸੁਣ ਕੇ ਅਦਾਲਤ ਨੇ ਪੁੱਛਿਆ ਕਿ ਤੁਸਾਂ ਇਸ ਦੇ ਖਿਲਾਫ ਕਾਰਵਾਈ ਕੀ ਕੀਤੀ? ਤੁਸੀਂ ਸਰਕਾਰ ਚਲਾ ਰਹੇ ਹੋ ਪੋਸਟ ਆਫਿਸ ਨਹੀਂ। ਇੰਝ 10 ਅਪ੍ਰੈਲ ਵਾਲੀ ਪੇਸ਼ੀ ‘ਤੇ ਵੀ ਤਾਰੀਖ ਅਗਾਂਹ ਪੈ ਗਈ ਹੈ, ਅਤੇ ਬਾਬੇ ਖਿਲਾਫ ਅਦਾਲਤੀ ਕਾਰਵਾਈ ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ।
ਯਾਦ ਰਹੇ, ਇੱਕ ਵਕਤ ਬਾਬਾ ਰਾਮਦੇਵ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਸੀ। ਵਿਸ਼ੇਸ਼ ਕਰਕੇ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਲਹਿਰ ਤੋਂ ਪਹਿਲਾਂ। ਉਸ ਦੇ ਯੋਗਾ ਕੈਂਪਾਂ ਵਿੱਚ ਵੱਡੀ ਪੱਧਰ ‘ਤੇ ਲੋਕ ਇਕੱਠੇ ਹੁੰਦੇ ਸਨ ਅਤੇ ਉਹ ਯੋਗਾ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਵੀ ਕਰਦੇ ਸਨ। ਉਸ ਵੇਲੇ ਉਨ੍ਹਾਂ ਦੀ ਸ਼ਖਸੀਅਤ ਦਾ ਪ੍ਰਭਾਵਕਾਰੀ ਪੱਖ ਹਾਲੇ ਕਾਇਮ ਸੀ। ਉਨ੍ਹਾਂ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਨੀਆਂ ਦੇ ਡਰਿੰਕਸ ਅਤੇ ਹੋਰ ਖਾਦ ਪਦਾਰਥਾਂ ਦਾ ਵਿਰੋਧ ਵੀ ਕੀਤਾ। ਵੇਖਣ ਵਾਲਾ ਸੋਚਦਾ ਸੀ ਕਿ ਜਦੋਂ ਇੱਕ ਪਰਾਲਿਟਿਕ ਅਟੈਕ ਝੱਲਣ ਵਾਲਾ ਵਿਅਕਤੀ ਆਪਣੇ ਆਪ ਨੂੰ ਇਸ ਪੱਧਰ ਤੱਕ ਉਠਾ ਸਕਦਾ ਹੈ ਤਾਂ ਸਾਡਾ ਕਲਿਆਣ ਕਿਉਂ ਨਹੀਂ ਹੋ ਸਕਦਾ! ਸ਼ਾਇਦ ਇਸ ਕਿਸਮ ਦੇ ਲੋਕ ਪ੍ਰਭਾਵ ਦੇ ਵਿਚਕਾਰ ਹੀ ਉਹ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵੱਲ ਖਿੱਚੇ ਗਏ ਸਨ। ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਇੱਕ ਦਿਨ ਜਦੋਂ ਉਹ ਉਥੇ ਸਟੇਜ ‘ਤੇ ਮੌਜੂਦ ਸਨ ਤੇ ਧਰਨੇ ਵਾਲੀ ਥਾਂ ਨੂੰ ਪੁਲਿਸ ਨੇ ਘੇਰ ਲਿਆ। ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਬਾਬਾ ਰਾਮ ਦੇਵ ਇੰਨਾ ਡਰ ਗਿਆ ਕਿ ਕਿਸੇ ਚੰਗੇ ਅਥਲੀਟ ਵਾਂਗ ਸਟੇਜ ਤੋਂ ਛਾਲ ਮਾਰ ਕੇ ਦੌੜ ਗਿਆ। ਫਿਰ ਭੀੜ ਵਿੱਚੋਂ ਕਿਸੇ ਔਰਤ ਦੀ ਸਲਵਾਰ ਕਮੀਜ਼ ਪਹਿਨ ਕੇ ਉਹ ਉਥੋਂ ਨਿਕਲਿਆ ਸੀ। ਦੂਰ ਤੱਕ ਦੇਖਣ ਵਾਲੇ ਵਿਅਕਤੀਆਂ ਨੇ ਉਦੋਂ ਹੀ ਉਸ ਦੀ ਪ੍ਰਤਿਗਿਆ, ਇਮਾਨਦਾਰੀ ਅਤੇ ਕਿਸੇ ਚੀਜ਼ ਨਾਲ ਵਚਨਬੱਧਤਾ ਬਾਰੇ ਸੁਆਲ ਖੜ੍ਹੇ ਕਰ ਦਿੱਤੇ ਸਨ। ਦਿੱਬ ਦ੍ਰਿਸ਼ਟੀ ਵਾਲੇ ਲੋਕਾਂ ਨੇ ਉਸ ਦੀ ਦਿਵਿਆ ਫਾਰਮੇਸੀ ਅਤੇ ਪਤੰਜਲੀ ਦੇ ਨਾਂ ਹੇਠ ਚਲਾਏ ਗਏ ਕਾਰੋਬਾਰ ‘ਤੇ ਪਹਿਲਾਂ ਵੀ ਸੁਆਲ ਉਠਾਏ ਸਨ, ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਟਰਮਾਂ ਵਿੱਚ ਸਰਕਾਰੀ ਭਾਈਵਾਲੀ ਨਾਲ ਖੜ੍ਹੇ ਕੀਤੇ ਗਏ ‘ਝੂਠ ਦੇ ਸਾਮਰਾਜ’ ‘ਤੇ ਸੁਪਰੀਮ ਕੋਰਟ ਨੇ ਸੁਆਲੀਆ ਨਿਸ਼ਾਨ ਲਗਾ ਦਿੱਤੇ ਹਨ। ਆਪਣੇ ਝੂਠ ਨੂੰ ਹੁਣ ਇਹ ਸ਼ਖਸ਼ ਅਦਾਲਤ ਵਿੱਚ ਸਵੀਕਾਰ ਕਰ ਰਿਹਾ ਹੈ ਅਤੇ ਮਾਫੀਆਂ ਮੰਗ ਰਿਹਾ ਹੈ।
ਬਾਬਾ ਰਾਮਦੇਵ ਦੀ ਕੰਪਨੀ ਨੇ ਕਰੋਨਾ ਵੇਲੇ ਇੱਕ ‘ਕੋਰੋਨਿਲ’ ਨਾਂ ਦੀ ਗੋਲੀ ਵੀ ਬਣਾਈ ਸੀ, ਜਿਸ ਦੇ ਕਰੋਨਾ ਖਿਲਾਫ ਰਾਮਬਾਣ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਹ ਦਵਾਈ ਨਿਤਿਨ ਗਡਕਰੀ ਅਤੇ ਇੱਕ ਹੋਰ ਕੇਂਦਰੀ ਮੰਤਰੀ ਨੇ ਰਿਲੀਜ਼ ਵੀ ਕੀਤੀ ਸੀ। ਹੁਣ ਇਸ ਦਵਾਈ ਦੇ ਮਾਮਲੇ ਵਿੱਚ ਵੀ ਸਵਾਲ ਉੱਠਣ ਲੱਗੇ ਹਨ। ਬਾਬਾ ਰਾਮਦੇਵ ਨੇ ਸਰਕਾਰੀ ਛਤਰਛਾਇਆ ਹੇਠ ਵੱਖ-ਵੱਖ ਰਾਜਾਂ ਵਿੱਚ ਭੋਂਅ ਦੇ ਭਾਅ ਜ਼ਮੀਨ ਆਪਣੀ ਕੰਪਨੀ ਦੇ ਹੱਥਾਂ ਹੇਠ ਕੀਤੀ। ਇੰਜ ਪਿਛਲੇ ਦਸ ਸਾਲਾਂ ਵਿੱਚ ਹੀ ਇਹ ਵਿਅਕਤੀ ਹਜ਼ਾਰਾਂ ਕਰੋੜ ਰੁਪਏ ਦਾ ਸਾਮਰਾਜ ਖੜ੍ਹਾ ਕਰ ਗਿਆ। ਕੋਰਨੀ ਕੈਪੀਟਲਿਜ਼ਿਮ ਦੀ ਇਹ ਜਿਉਂਦੀ ਜਾਗਦੀ ਉਦਾਹਰਣ ਹੈ। ਇਸ ਨੂੰ ਗੋਦੀ ਸੇਠ ਵੀ ਕਿਹਾ ਜਾ ਸਕਦਾ ਹੈ। ਯਾਦ ਰਹੇ, ਬਾਬਾ ਰਾਮਦੇਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਂਪੁਰਸ਼ ਦਾ ਦਰਜਾ ਦਿੰਦਾ ਹੈ ਤੇ ਪ੍ਰਧਾਨ ਮੰਤਰੀ ਬਾਬੇ ਨੂੰ।

Leave a Reply

Your email address will not be published. Required fields are marked *