ਕਤਲ, ਲੁੱਟਾਂ, ਸੜਕ ਹਾਦਸੇ ਬਨਾਮ ਸੁਰੱਖਿਆ ਫੋਰਸ

ਆਮ-ਖਾਸ ਖਬਰਾਂ

-ਮਾਲਵੇ ‘ਚ ਮਾਂ ਵੱਲੋਂ ਪੁੱਤ ਕਤਲ
-ਮਾਝੇ ‘ਚ ਪੁੱਤ ਵੱਲੋਂ ਮਾਂ, ਭਾਬੀ ਤੇ ਭਤੀਜਾ ਕਤਲ
ਜੇ.ਐਸ. ਮਾਂਗਟ
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਹੀ ਕਈ ਦਿਲ ਕੰਬਾਊ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਕੁੱਝ ਤਾਂ ਹਾਦਸੇ ਹਨ, ਦੂਜੇ ਬੇਰਹਿਮੀ ਭਰਪੂਰ ਕਤਲ ਅਤੇ ਇਸ ਤੋਂ ਇਲਾਵਾ ਔਰਤਾਂ ਦੀ ਬੇਪਤੀ ਨਾਲ ਸੰਬੰਧਤ ਘਟਨਾਵਾਂ। ਇਹ ਘਟਨਾਵਾਂ ਦੱਸਦੀਆਂ ਹਨ ਕਿ ਸਾਡੇ ਸਮਾਜਕ ਅਤੇ ਸਭਿਆਚਾਰਕ ਰੁਝਾਨ ਕਿਸ ਪਾਸੇ ਵੱਲ ਵਧ ਰਹੇ ਹਨ! ਪੰਜਾਬ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਬੇਹੱਦ ਦੁਖਦਾਈ ਹਨ। ਇਹ ਹਾਦਸੇ ਇਸ ਦੇ ਬਾਵਜੂਦ ਵਾਪਰ ਰਹੇ ਹਨ ਕਿ ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਅਤੇ ਸੜਕਾਂ ‘ਤੇ ਹੁੰਦੇ ਜ਼ੁਰਮਾਂ ਨੂੰ ਰੋਕਣ ਲਈ ਇੱਕ ਵੱਖਰੀ, ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕੀਤਾ ਹੈ।

ਇਹ ਫੋਰਸ ਆਧੁਨਿਕ ਤਕਨੀਕੀ ਸਹੂਲਤਾਂ ਅਤੇ ਸਾਜ਼ੋ-ਸਮਾਨ ਨਾਲ ਲੈਸ ਹੈ। ਪਿੱਛੇ ਜਿਹੇ ਇਸ ਫੋਰਸ ਲਈ ਨਵੀਆਂ ਗੱਡੀਆਂ ਵੀ ਖਰੀਦੀਆਂ ਗਈਆਂ ਹਨ; ਪਰ ਸੜਕਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਇਸ ਦਾ ਕੋਈ ਪ੍ਰਭਾਵ ਹਾਲੇ ਤੱਕ ਵਿਖਾਈ ਨਹੀਂ ਦਿੱਤਾ। ਹੁਣ ਤੇ ਖੁਦ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਲੱਗੇ ਹਨ! ਸੜਕ ਸੁਰੱਖਿਆ ਫੋਰਸ ਕਿੱਥੇ ਹੈ?
ਲੰਘੀ ਪੰਜ ਅਪ੍ਰੈਲ ਨੂੰ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਵਾਪਰੀਆਂ ਦੋ ਅਤਿ ਨਿੰਦਣਯੋਗ ਘਟਨਾਵਾਂ ਨੇ ਅਖਬਰਾਂ ਦਾ ਪਹਿਲਾ ਪੰਨਾ ਮੱਲਿਆ ਹੈ। ਪਹਿਲੀ ਘਟਨਾ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬੇ ਵਲਟੋਹਾ ਵਿੱਚ ਵਾਪਰੀ। ਇੱਥੇ ਇੱਕ 55 ਸਾਲਾ ਔਰਤ ਨੂੰ ਨਿਰਵਸਤਰ ਕਰਕੇ ਉਸ ਦੀ ਵੀਡੀਓ ਬਣਾਈ ਗਈ ਅਤੇ ਵਾਇਰਲ ਵੀ ਕਰ ਦਿੱਤੀ ਗਈ। ਇਹ ਕਾਰਾ ਕਰਨ ਵਾਲੇ ਟੱਬਰ ਨੇ ਦੋਸ਼ ਇਹ ਲਾਇਆ ਕਿ ਇਸ ਔਰਤ ਦਾ ਲੜਕਾ ਗੁਆਂਢ ਵਿੱਚੋਂ ਉਨ੍ਹਾਂ ਦੀ ਲੜਕੀ ਨੂੰ ਲੈ ਗਿਆ ਅਤੇ ਅਦਾਲਤੀ ਵਿਆਹ ਕਰਵਾਉਣ ਮਗਰੋਂ ਕਿਧਰੇ ਹੋਰ ਰਹਿਣ ਲੱਗਾ। ਔਰਤ ਨੂੰ ਨਿਰਵਸਤਰ ਕਰਨ ਵਾਲਿਆਂ ਵਿੱਚ ਕੁੜੀ ਦੇ ਦੋ ਭਰਾ ਅਤੇ ਇੱਕ ਔਰਤ ਵੀ ਸ਼ਾਮਲ ਸੀ। ਸਵਾਲ ਉੱਠਦਾ ਹੈ ਕਿ ਮੁੰਡੇ-ਕੁੜੀ ਨੇ ਵਿਆਹ ਕਰਵਾ ਲਿਆ ਹੈ ਅਤੇ ਅਦਾਲਤ/ਕਾਨੂੰਨ ਨੇ ਇਸ ਨੂੰ ਮਾਨਤਾ ਦੇ ਦਿੱਤੀ ਹੈ। ਮੁੰਡੇ ਦੀ ਮਾਂ ਨੂੰ ਕਾਹਦੀ ਸਜ਼ਾ ਦਿੱਤੀ ਗਈ ਹੈ? ਕਿਸੇ ਔਰਤ ਨੂੰ ਜਨਤਕ ਤੌਰ `ਤੇ ਨਿਰਵਸਤਰ ਕਰਨਾ ਉਸ ਦੇ ਕਤਲ ਤੋਂ ਵੀ ਭੱਦੀ ਸਜ਼ਾ ਹੈ। ਇਹ ਉਸ ਦੇ ਮਨੁੱਖੀ ਮਾਣ-ਤਾਣ ਦੀ ਘੋਰ ਬੇਅਦਬੀ ਹੈ। ਪੰਜਾਬ ਵਿੱਚ ਔਰਤਾਂ ਵਿਰੁਧ ਹਿੰਸਾ ਅਤੇ ਨਿਰਾਦਰੀ ਦਾ ਮਾਮਲਾ ਸਾਡੀਆਂ ਨਾਂਹਮੁਖੀ ਸਮਾਜਕ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ। ਇਹ ਕਦਰਾਂ-ਕੀਮਤਾਂ ਸਾਨੂੰ ਕਿਸੇ ਰਹਿਬਰ ਨੇ ਨਹੀਂ ਦਿੱਤੀਆਂ, ਸਗੋਂ ਪੰਜਾਬ ਦੇ ਟਰਾਈਬਲ ਵਿਰਸੇ ਦੀ ਦੇਣ ਹਨ। ਦੂਸਰੇ ਭਾਈਚਾਰੇ ਦੀਆਂ ਔਰਤਾਂ ਨੂੰ ਧਾੜਵੀਆਂ ਦੇ ਚੁੰਗਲ ਵਿੱਚੋਂ ਛੁਡਾ ਕੇ ਵਾਰਸਾਂ ਦੇ ਹਵਾਲੇ ਕਰਨ ਵਾਲੇ ਇਤਿਹਾਸ ਦੇ ਵਾਰਸਾਂ ਨੂੰ ਇਹ ਕੁਕਰਮ ਕਿਸ-ਕਿਸ ਗੈਰ-ਮਨੁੱਖੀ ਤਹਿਜ਼ੀਬ ਨੇ ਸਿਖਾਏ ਹਨ? ਸਮਾਜਕ ਮਨੋਵਿਗਿਆਨੀਆਂ ਲਈ ਇਹ ਡੂੰਘੀ ਖੋਜ ਪੜਤਾਲ ਦਾ ਵਿਸ਼ਾ ਹੈ।
ਹਾਲੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਇੱਕ ਵਿਆਹ ਵਿੱਚ ਡਾਂਸਰ/ਐਕਟਰ ਕੁੜੀ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਖ਼ਬਰ ਕਾਫੀ ਵਾਇਰਲ ਹੋ ਗਈ ਸੀ। ਸੰਬੰਧਤ ਲੜਕੀ ਡਾਂਸਰ ਹੋਣ ਤੋਂ ਇਲਾਵਾ ਕੁਝ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਅਸੀਂ ਵਿਆਹਾਂ ਵਿੱਚ ਡਾਂਸਰ ਨੱਚਣ `ਤੇ ਲਾ ਲਈਆਂ, ਪਰ ਏਨੇ ਕੁ ਸਮਝਣ ਜੋਗੇ ਵੀ ਨਹੀਂ ਹੋਏ ਕਿ ਮਨੋਰੰਜਨ ਕਰਨਾ ਇਨ੍ਹਾਂ ਕੁੜੀਆਂ ਦਾ ਕਿੱਤਾ ਹੈ ਅਤੇ ਇਸੇ ਨਾਲ ਇਨ੍ਹਾਂ ਦੀ ਰੋਟੀ ਰੋਜ਼ੀ ਜੁੜੀ ਹੋਈ ਹੈ। ਯਾਦ ਰਹੇ, ਭਿਆਨਕ ਬੇਰੁਜ਼ਗਾਰੀ ਕੁੜੀਆਂ ਨੂੰ ਘਰਾਂ ਦੀ ਦਹਿਲੀਜ ਟੱਪਣ ਲਈ ਮਜ਼ਬੂਰ ਕਰ ਰਹੀ ਹੈ ਤੇ ਸਰਕਾਰਾਂ ਇਸ ਦੇ ਹੱਲ ਤੋਂ ਲਗਾਤਾਰ ਪੱਲਾ ਝਾੜ ਰਹੀਆਂ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਅਤੇ ਨੌਜੁਆਨਾਂ ਵਿੱਚ ਵਿਆਪਕ ਪੱਧਰ ‘ਤੇ ਪਸਰੀ ਨਿਰਾਸ਼ਾ ਦੀਆਂ ਖਬਰਾਂ ਛਪ ਕੇ ਹਟੀਆਂ ਹਨ।
ਦੂਜੀ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਕੰਦੋਵਾਲੀ ਵਿੱਚ ਵਾਪਰੀ। ਇਸ ਘਟਨਾ ਵਿੱਚ ਸਾਡੇ ਸਮਾਜਕ ਵਿਹਾਰ ਵਿੱਚ ਵੱਸਦੀ ਸ਼ਰੀਕੇਬਾਜ਼ੀ ਅਤੇ ਸਾੜਾ ਪ੍ਰਮੁੱਖ ਕਾਰਨ ਜਾਪਦੇ ਹਨ। ਉਪਰੋਕਤ ਪਿੰਡ ਦੇ ਇੱਕ ਨਸ਼ਈ ਕਹੇ ਜਾਂਦੇ ਨੌਜੁਆਨ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਮਨਬੀਰ ਕੌਰ, ਭਰਜਾਈ ਅਰੀਤ ਕੌਰ ਅਤੇ ਦੋ ਸਾਲਾ ਭਤੀਜੇ ਸਮਰੱਥਬੀਰ ਸਿੰਘ ਦਾ ਕਤਲ ਕਰ ਦਿੱਤਾ। ਇਨ੍ਹਾਂ ਕਤਲਾਂ ਨੂੰ ਨੇਪਰੇ ਚਾੜ੍ਹਨ ਤੋਂ ਬਾਅਦ ਉਸ ਨੇ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਪੁਲਿਸ ਕੋਲ ਪੇਸ਼ ਹੋ ਗਿਆ। ਘਟਨਾ ਤੋਂ ਬਾਅਦ ਗੁਰਦੁਆਰੇ ਮੱਥਾ ਟੇਕਣ ਜਾਣਾ ਦਰਸਾਉਂਦਾ ਹੈ ਕਿ ਆਪਣੇ ਕੀਤੇ ਕੁਕਰਮ ਪ੍ਰਤੀ ਉਸ ਦੇ ਮਨ ਵਿੱਚ ਕੋਈ ਪਛਤਾਵਾ ਨਹੀਂ ਸੀ। ਰਿਪੋਰਟਾਂ ਅਨੁਸਾਰ ਇਹ ਨੌਜਵਾਨ ਅਤੇ ਇਸ ਦਾ ਇੱਕ ਭਰਾ ਪ੍ਰਿਤਪਾਲ ਸਿੰਘ ਏਅਰਪੋਰਟ ‘ਤੇ ਕੰਮ ਕਰਦੇ ਸਨ। ਦੂਜਾ ਭਰਾ ਕੰਮ ਕਾਰ ਦੇ ਚੱਕਰ ਵਿੱਚ ਦੁਬਈ ਚਲਾ ਗਿਆ ਅਤੇ ਟਰੱਕ ਚਲਾਉਣ ਲੱਗਾ। ਭਾਊ ਅੰਮ੍ਰਿਤਪਾਲ ਕੰਮ ਛੱਡ ਕੇ ਘਰ ਬੈਠ ਗਿਆ ਸੀ। ਅੰਮ੍ਰਿਤਪਾਲ ਦੀ ਪਤਨੀ ਦੋ ਬੱਚੀਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਜਾ ਬੈਠੀ। ਭਰਾ ਦੀ ਸਾਵੀਂ ਪੱਧਰੀ ਜ਼ਿੰਦਗੀ ਅਤੇ ਆਪਣੇ ਉਖੇੜੇ ਨੇ ਇਸ ਨੂੰ ਇਸ ਨੌਬਤ ਤੱਕ ਪਹੁੰਚਾ ਦਿੱਤਾ।
ਇਸ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਜੋਆਣਾ ਦੀ ਜੰਮਪਲ ਇੱਕ ਔਰਤ ਨੇ ਆਪਣੇ ਹੀ ਸੱਤ ਸਾਲਾ ਬੱਚੇ ਨੂੰ ਕਤਲ ਕਰਕੇ ਮਾਨਸਾ ਦੇ ਬੱਸ ਸਟੈਂਡ ਦੇ ਲਾਗੇ ਸੁੱਟ ਦਿੱਤਾ। ਮਾਰੇ ਗਏ ਇਸ ਸਿੱਖ ਬੱਚੇ ਦੀ ਤਸਵੀਰ ਬੀਤੇ ਦਿਨੀਂ ਕੁਝ ਅਖਬਾਰਾਂ ਵਿੱਚ ਛਪੀ ਸੀ। ਪਿੰਡ ਦੇ ਸਰਪੰਚ ਦੇ ਦੱਸਣ ਅਨੁਸਾਰ ਵੀਰਪਾਲ ਕੌਰ ਨਾਂ ਦੀ ਇਹ ਔਰਤ ਗੁਪਤ ਵਿਆਹ ਕਰਵਾ ਕੇ ਤਲਵੰਡੀ ਸਾਬੋ ਵਿੱਚ ਰਹਿੰਦੀ ਸੀ ਅਤੇ ਤਕਰੀਬਨ 11 ਸਾਲ ਉਸ ਨੇ ਆਪਣੇ ਮਾਪਿਆਂ ਨੂੰ ਇਸ ਵਿਆਹ ਬਾਰੇ ਪਤਾ ਨਹੀਂ ਲੱਗਣ ਦਿੱਤਾ। ਆਪਣੇ ਭਤੀਜਿਆਂ, ਮਾਵਾਂ ਅਤੇ ਢਿੱਡੋਂ ਜੰਮੇ ਮਸੂਮਾਂ ਦੇ ਕਤਲ ਸਾਡੀ ਸਮਾਜਕ ਵਿਵਸਥਾ ਨੂੰ ਕਿਸ ਦਿਸ਼ਾ, ਕਿਸ ਰਸਾਤਲ ਵੱਲ ਲੈ ਜਾਣਗੇ, ਇਸ ਬਾਰੇ ਸਾਨੂੰ ਭਰਮ ਭੁਲੇਖੇ ਨਹੀਂ ਰਹਿਣੇ ਚਾਹੀਦੇ।
ਅਸਲ ਵਿੱਚ ਸਾਡੇ ਸਮਾਜ ਵਿੱਚ ਮੌਜੂਦ ਰਵਾਇਤੀ ਧਾਰਮਿਕ ਅਤੇ ਸਭਿਆਚਾਰਕ ਕੀਮਤਾਂ ਟੁੱਟ ਰਹੀਆਂ ਹਨ, ਪਰ ਉਸ ਦੀ ਥਾਂ ਲੈਣ ਲਈ ਕੋਈ ਨਵੀਆਂ ਤੇ ਤੰਦਰੁਸਤ ਕਦਰਾਂ ਕੀਮਤਾਂ ਜਾਂ ਆਪਣੀਆਂ ਪੁਰਾਣੀਆਂ ਚੰਗੀਆਂ ਕਦਰਾਂ ਦੀ ਪੁਨਰ ਵਿਆਖਿਆ ਅਤੇ ਨਰੋਆ ਸਭਿਆਚਾਰਕ ਮਾਹੌਲ ਸਿਰਜਣ ਲਈ ਸਾਡੇ ਕੋਲ ਹਾਲੇ ਕੁਝ ਵੀ ਨਹੀਂ ਹੈ। ਇਹ ਖੱਪਾ ਸੋਸ਼ਲ ਮੀਡੀਆ, ਇੰਟਰਨੈਟ, ਇਲਕਟ੍ਰਾਨਿਕ ਮੀਡੀਆ ਆਦਿ ਵੱਲੋਂ ਪ੍ਰਸਾਰਤ ਕੀਤੇ ਜਾ ਰਹੇ ਗੰਦ-ਪੁਲੰਦ ਵੱਲੋਂ ਪੂਰਿਆ ਜਾ ਰਿਹਾ ਹੈ। ਉਪਰੋਕਤ ਸਾਰਾ ਕੁਝ ਕਰਨ ਦੀ ਜ਼ਿੰਮੇਵਾਰੀ ਅਸਲ ਵਿੱਚ ਪੰਜਾਬ ਦੇ ਬੁੱਧੀਜੀਵੀਆਂ, ਸਭਿਆਚਾਰਕ ਕਾਮਿਆਂ ਅਤੇ ਸੱਤਾ ‘ਤੇ ਕਾਬਜ਼ ਲੋਕਾਂ ਦੀ ਬਣਦੀ ਹੈ। ਇਨ੍ਹਾਂ ਧਿਰਾਂ ਨੇ ਆਪਣੀ ਇਸ ਜਿੰLਮੇਵਾਰੀ ਤੋਂ ਮੂੰਹ ਭਵਾ ਲਿਆ ਹੈ।
ਇਸ ਤੋਂ ਵੀ ਪਹਿਲਾਂ ਸਾਡੀ ਰਾਜਨੀਤਿਕ ਜਮਾਤ ਦੇ ਆਦਰਸ਼ ਤੰਦਰੁਸਤ ਹੋਣੇ ਚਾਹੀਦੇ ਹਨ। ਇਸੇ ਜਮਾਤ ਨੇ ਕਿਸੇ ਸਮਾਜ ਨੂੰ ਚੰਗੀ/ਮਾੜੀ ਦਿਸ਼ਾ ਦੇਣੀ ਹੁੰਦੀ ਹੈ, ਪਰ ਸਾਡੇ ਇਹ ਲੋਕ ਵੀ ਬਾਜ਼ਾਰ ਤੋਂ ਸੇਧ ਲੈਣ ਲੱਗੇ ਹਨ। ਇਸ ਸਥਿਤੀ ਵਿੱਚ ਪੰਜਾਬ ਦੇ ਲੋਕ ਇੱਕ ਸਭਿਅਤਾ ਦੇ ਤੌਰ ‘ਤੇ ਆਪਣੀ ਭਾਸ਼ਾ ਸਮੇਤ ਖਤਰੇ ਮੂੰਹ ਆਏ ਹੋਏ ਹਨ। ਇਸ ਸਥਿਤੀ ਤੋਂ ਬਚਾਅ ਲਈ ਸਾਡੇ ਕੋਲ ਆਪਣੀ ਭਾਸ਼ਾ ਅਤੇ ਸਭਿਆਚਾਰ ਵਿੱਚ ਗੜੁੱਚ ਸ਼ਹਿਰ ਬਹੁਤ ਜ਼ਰੂਰੀ ਹਨ, ਜਿੱਥੇ ਸਾਡਾ ਨਵਾਂ ਬੁੱਧੀਮਾਨ ਵਰਗ ਗੋਲਬੇਲਾਈਜੇLਸ਼ਨ ਦੇ ਹੜ੍ਹ ਸਾਹਮਣੇ ਸਿਰ ਚੁੱਕ ਕੇ ਖਲੋ ਸਕੇ ਅਤੇ ਆ ਰਹੇ ਚੰਗੇ ਮਾੜੇ ਵਿਚਾਰਾਂ ਨੂੰ ਆਪਣੀਆਂ ਤੰਦਰੁਸਤ ਰਵਾਇਤਾਂ ਅਤੇ ਸਭਿਆਚਰ ਦੇ ਅਨਕੂਲ ਫਿਲਟਰ ਲਾ ਸਕੇ। ਇਹ ਭਾਵੇਂ ਕੋਈ ਵਿਅਕਤੀ ਹੋਵੇ ਜਾਂ ਸਮਾਜ, ਆਪਣੇ ਅੰਦਰ ਉਸਰੇ ਗਿਆਨ ਤੇ ਸਭਿਆਚਾਰ ਦੇ ਸੰਦਰਭ ਵਿੱਚ ਹੀ ਨਵੇਂ ਖਿਆਲਾਂ ਦੀ ਪੁਣਛਾਣ ਕਰ ਸਕਦਾ ਹੈ ਅਤੇ ਇਸ ਵਿਚਲੇ ਕਚਰੇ ਨੂੰ ਵੱਖ ਕਰ ਸਕਦਾ ਹੈ। ਇਸ ਦੀ ਅਣਹੋਂਦ ਵਿੱਚ ਸੰਸਾਰੀਕਰਨ ਦੀ ਬੇਮੁਹਾਰ ਸੁਨਾਮੀ ਅਵੇਸਲੀਆਂ ਕੌਮਾਂ ਨੂੰ ਉਨ੍ਹਾਂ ਦੀ ਭਾਸ਼ਾ ਸਮੇਤ ਲਾਜ਼ਮੀ ਹੀ ਜੜ੍ਹਾਂ ਤੋਂ ਉਖਾੜ ਦੇਵੇਗੀ।
ਭਿਆਨਕ ਸੜਕ ਹਾਦਸੇ: ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਦੀਆਂ ਸੜਕਾਂ ‘ਤੇ ਕਾਫੀ ਖੂਨ ਵਗਿਆ ਹੈ। ਲੰਘੀ ਛੇ ਅਪਰੈਲ ਨੂੰ ਲਧਿਆਣਾ ਜ਼ਿਲ੍ਹੇ ਦੇ ਕਸਬਾ ਸਮਰਾਲਾ ਦੇ ਲਾਗੇ ਵਾਪਰੇ ਇੱਕ ਹਾਦਸੇ ਵਿੱਚ ਲੁਧਿਆਣਾ ਜ਼ਿਲ੍ਹਾ ਪੁਲਿਸ ਦੇ ਏ.ਸੀ.ਪੀ. ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਪਰਮਜੀਤ ਸਿੰਘ ਦੀ ਮੌਤ ਹੋ ਗਈ, ਉਨ੍ਹਾਂ ਦਾ ਡਰਾਈਵਰ ਗੰਭੀਰ ਜ਼ਖਮੀ ਹੈ। ਇਸੇ ਦਿਨ ਮਲੋਟ ਲਾਗੇ ਹੋਏ ਇੱਕ ਹਾਦਸੇ ਵਿੱਚ ਦੋ ਭੈਣ-ਭਰਾਵਾਂ ਦੀ ਮੌਤ ਹੋਈ। ਇਸੇ ਦਿਨ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ `ਤੇ ਇੱਕ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚੋਂ 12 ਲੱਖ ਰੁਪਏ ਲੁੱਟੇ ਗਏ। ਇਸੇ ਦਿਨ ਬਟਾਲ ਦੇ ਮਾਨ ਨਗਰ ਮੁਹੱਲੇ ਵਿੱਚੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਸੁਨਿਆਰੇ ਕੋਲੋਂ 9 ਲੱਖ ਰੁਪਏ ਲੁੱਟ ਲਏ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਫਰੀਦਕੋਟ ਜ਼ਿਲ੍ਹੇ ਦੇ ਪੰਜ ਗਰਾਈਆਂ ਖੁਰਦ ਲਾਗੇ ਵਾਪਰੇ ਇੱਕ ਹਾਦਸੇ ਵਿੱਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਇਹ ਮੌਤਾਂ ਟਾਟਾ ਏਸ ਅਤੇ ਟਰਾਲੇ ਵਿਚਕਾਰ ਹੋਈ ਟੱਕਰ ਨਾਲ ਹੋਈਆਂ। ਜਦੋਂ ਸਾਰੇ ਦੇਸ਼ ਦਾ ਸਿਆਸਤਦਾਨ ਚੋਣ ਗਿਅਰ ਵਿੱਚ ਹੈ ਤਾਂ ਸੜਕਾਂ ਬੇਲਗਾਮ ਹੋ ਗਈਆਂ ਹਨ!

Leave a Reply

Your email address will not be published. Required fields are marked *