ਪੰਜਾਬੀਆਂ ਨਾਲ ਅਧਿਆਤਮਕ ਸਾਂਝ ਰੱਖਦਾ ਹੈ ਬੰਗਲਾਦੇਸ਼

ਆਮ-ਖਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ ਦੇ ਨਾਲ ਨਾਲ ਕਿਸੇ ਸਮੇਂ ਭਾਰਤ ਦਾ ਹੀ ਹਿੱਸਾ ਰਹੇ ਬੰਗਲਾਦੇਸ਼ ਨਾਲ ਵੀ ਪੰਜਾਬੀਆਂ ਦੀ ਅਧਿਆਤਮਕ ਸਾਂਝ ਹੈ। ਸਿੱਖ ਗੁਰੂਆਂ ਨੇ ਸਮੇਂ-ਸਮੇਂ ’ਤੇ ਬੰਗਲਾਦੇਸ਼ ’ਚ ਪੈਂਦੇ ਵੱਖ-ਵੱਖ ਇਲਾਕਿਆਂ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ ਸੀ। ਸੰਤਾਲੀ ਦੇ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਜ਼ਿਆਦਾਤਰ ਸਿੱਖ ਢਾਕਾ ਛੱਡ ਆਏ ਸਨ।

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਉਂਜ ਤਾਂ ਬੰਗਲਾਦੇਸ਼ ਭਾਰਤ ਦਾ ਹੀ ਹਿੱਸਾ ਰਿਹਾ ਹੈ, ਪਰ 1947 ਵਿੱਚ ਬਰਤਾਨਵੀ ਹਾਕਮਾਂ ਵੱਲੋਂ ਕੀਤੀ ਗਈ ਭਾਰਤ ਦੀ ਫਿਰਕੂ ਵੰਡ ਵਿੱਚ ਭਾਰਤ ਦੇ ਦੋ ਟੋਟੇ ਕਰਕੇ ਹਿੰਦੁਸਤਾਨ ਅਤੇ ਪਾਕਿਸਤਾਨ ਬਣਾ ਦਿੱਤੇ ਗਏ ਸਨ। ਸੰਨ 1971 ਦੀ ਭਾਰਤ-ਪਾਕਿ ਜੰਗ ਦਾ ਸਿੱਟਾ ਇਹ ਨਿੱਕਲਿਆ ਸੀ ਕਿ ਪਾਕਿਸਤਾਨ ਦੇ ਵੀ ਦੋ ਟੋਟੇ ਹੋ ਗਏ ਸਨ ਤੇ ਇੱਕ ਨਵਾਂ ਮੁਲਕ ਬੰਗਲਾਦੇਸ਼ ਦੁਨੀਆਂ ਦੇ ਨਕਸ਼ੇ ‘ਤੇ ਉਭਰ ਆਇਆ ਸੀ। ਮੂਲ ਰੂਪ ਵਿੱਚ ਭਾਰਤੀ ਬੰਗਾਲ ਤੋਂ ਅੱਡ ਹੋ ਕੇ ਬਣੇ ਇਸ ਮੁਸਲਿਮ ਬਹੁ-ਆਬਾਦੀ ਵਾਲੇ ਮੁਲਕ ਦੀ ਸਿੱਖ ਧਰਮ ਨਾਲ ਗੂੜ੍ਹ ਸਾਂਝ ਰਹੀ ਹੈ ਤੇ ਸਿੱਖ ਗੁਰੂਆਂ ਨੇ ਸਮੇਂ-ਸਮੇਂ ’ਤੇ ਬੰਗਲਾਦੇਸ਼ ’ਚ ਪੈਂਦੇ ਵੱਖ-ਵੱਖ ਇਲਾਕਿਆਂ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ ਸੀ। ਕੋਈ ਵੇਲਾ ਸੀ ਕਿ ਸਿੱਖ ਧਰਮ ਨਾਲ ਸਬੰਧਤ ਲਗਪਗ ਡੇਢ ਦਰਜਨ ਦੇ ਕਰੀਬ ਧਾਰਮਿਕ ਅਸਥਾਨ ਬੰਗਲਾਦੇਸ਼ ਵਿੱਚ ਮੌਜੂਦ ਹੋਇਆ ਕਰਦੇ ਸਨ, ਜਦੋਂ ਕਿ ਹੁਣ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਸੰਖਿਆ ਅੱਧੀ ਦਰਜਨ ਤੋਂ ਵੀ ਘੱਟ ਬਚੀ ਹੈ; ਪਰ ਫਿਰ ਵੀ ਇਹ ਸੱਚ ਹੈ ਕਿ ਸਿੱਖਾਂ ਦੀ ਆਨ, ਬਾਨ, ਸ਼ਾਨ ਦੇ ਪ੍ਰਤੀਕ ਨਿਸ਼ਾਨ ਸਾਹਿਬ ਅਜੇ ਵੀ ਬੰਗਲਾਦੇਸ਼ ਵਿੱਚ ਝੂਲਦੇ ਹਨ।
ਇਤਿਹਾਸਕ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਨ 1504 ਵਿੱਚ 35 ਵਰਿ੍ਹਆਂ ਦੀ ਉਮਰੇ ਬੰਗਾਲ ਵਿਖੇ ਪਧਾਰੇ ਸਨ। ਉਹ ਸੁਲਤਾਨ ਆਲਓਦੀਨ ਹੁਸੈਨ ਸ਼ਾਹ ਦੇ ਰਾਜਕਾਲ ਦੌਰਾਨ ਇੱਥੇ ਆਏ ਸਨ ਤੇ ਕਾਂਤਾਨਗਰ ਅਤੇ ਸਿਲਹਟ ਆਦਿ ਇਲਾਕਿਆਂ ਵਿੱਚੋਂ ਗੁਜ਼ਰੇ ਸਨ। ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਤਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਸਿਲਹਟ ਵਿਖੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਾਰਜ ਤਾਂ ਖ਼ੁਦ ਗੁਰੂ ਨਾਨਕ ਦੇਵ ਜੀ ਨੇ ਹੀ ਅਰੰਭ ਕਰਵਾਇਆ ਸੀ। ਮੁਸਲਿਮ ਇਤਿਹਾਸਕਾਰ ਅਬੁਲ ਫ਼ਜ਼ਲ ਲਿਖ਼ਦਾ ਹੈ ਕਿ ਗੁਰੂ ਨਾਨਕ ਦੇਵ ਜੀ ਕਾਮਰੂਪ ਭਾਵ ਆਸਾਮ ਦੇ ਰਸਤਿਉਂ ਸਿਲਹਟ ਵਿੱਚ ਦਾਖ਼ਲ ਹੋਏ ਸਨ। ਉਹ ਅਜੋਕੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵੱਲ ਨੂੰ ਜਾਂਦਿਆਂ ਪਿੰਡ ਸ਼ਿਵਪੁਰ ਅਤੇ ਫ਼ਰੀਦਪੁਰ ਵਿਖੇ ਵੀ ਰੁਕੇ ਸਨ। ਢਾਕੇ ਤੋਂ ਬਾਅਦ ਕਲਕੱਤਾ ਅਤੇ ਦੱਖਣੀ ਰਾਜਾਂ ਵੱਲ ਨੂੰ ਜਾਂਦਿਆਂ ਗੁਰੂ ਜੀ ਚਿਟਗਾਂਗ ਵੀ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਆਪਣੇ ਸ਼ਰਧਾਲੂ ਭਾਈ ਝੰਡਾ ਨੂੰ ‘ਮਸੰਦ’ ਥਾਪ ਦਿੱਤਾ ਸੀ। ਗੁਰੂ ਜੀ ਦੀ ਬਖ਼ਸ਼ਿਸ਼ ਸਦਕਾ ਚਿਟਗਾਂਗ ਦਾ ਰਾਜਾ ਸੁਧੀਰ ਸੇਨ ਤੇ ਉਸ ਦਾ ਪੁੱਤਰ ਇੰਦਰ ਸੇਨ ਸਿੱਖ ਸਜ ਗਏ ਸਨ। ਫਿਰ ਬੰਗਾਲ ਦੇ ਨਵਾਬ ਮੁਰਸ਼ਿਦ ਅਲੀ ਖ਼ਾਨ ਦੇ ਦੀਵਾਨ ਮੋਹਨ ਸਿੰਘ ਦੇ ਯਤਨਾਂ ਸਦਕਾ ਚਿਟਗਾਂਗ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਦਿੱਤਾ ਗਿਆ ਸੀ। ਦੀਵਾਨ ਸਾਹਿਬ ਨੇ ਢਾਕਾ ਵਿਖੇ ਵੀ ਇੱਕ ਗੁਰਦੁਆਰੇ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਸੀ, ਜੋ ਬਾਅਦ ਵਿੱਚ ਸਮੇਂ ਦੀ ਧੂੜ ਵਿੱਚ ਕਿਧਰੇ ਗੁੰਮ ਗਿਆ ਸੀ।
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਫ਼ਰਜ਼ੰਦ ਬਾਬਾ ਗੁਰਦਿੱਤਾ ਜੀ ਵੀ ਬੰਗਾਲ ਦੀ ਧਰਤੀ ’ਤੇ ਪੁੱਜੇ ਸਨ ਤੇ ਉਨ੍ਹਾਂ ਨੇ ਸੁਜਾਤਪੁਰ ਇਲਾਕੇ ਵਿੱਚ ‘ਮੰਜੀ’ ਭਾਵ ‘ਧਰਮ ਪ੍ਰਚਾਰ ਦਾ ਕੇਂਦਰ’ ਸਥਾਪਿਤ ਕੀਤਾ ਸੀ, ਕਿਉਂਕਿ ਇੱਥੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਠਹਿਰਨ ਦੇ ਪ੍ਰਮਾਣ ਮਿਲੇ ਸਨ। ਉਸ ਅਸਥਾਨ ’ਤੇ ਅੱਜ ਯੂਨੀਵਰਸਿਟੀ ਆਫ਼ ਢਾਕਾ ਦੀ ਇਮਾਰਤ ਉਸਾਰੀ ਗਈ ਹੈ। ਬਾਦਸ਼ਾਹ ਜਹਾਂਗੀਰ ਦੇ ਕਾਰਜਕਾਲ ਦੌਰਾਨ ਗੁਰੂ ਹਰਗੋਬਿੰਦ ਜੀ ਨੇ ਭਾਈ ਨੱਥਾ ਨਾਮਕ ਸਿੱਖ ਨੂੰ ਬੰਗਾਲ ਭੇਜਿਆ ਸੀ, ਜਿੱਥੇ ਜਾ ਕੇ ਭਾਈ ਨੱਥਾ ਨੇ ਸਥਾਨਕ ਸਿੱਖ ਸੰਗਤਾਂ ਲਈ ਇੱਕ ਖੂਹ ਵੀ ਖੁਦਵਾਇਆ ਸੀ। ਸਿੱਖ ਸੰਗਤਾਂ ਨੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਨਿਸ਼ਾਨ ਸਾਂਭਣ ਦਾ ਉਪਰਾਲਾ ਵੀ ਕੀਤਾ ਸੀ।
ਇੱਥੇ ਹੀ ਬਸ ਨਹੀਂ, ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਸੰਨ 1666 ਤੋਂ 1668 ਤੱਕ ਢਾਕਾ ਵਿਖੇ ਠਹਿਰੇ ਸਨ ਤੇ ਉਨ੍ਹਾਂ ਨੇ ਬੰਗਲਾ ਬਾਜ਼ਾਰ ਵਿਖੇ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕੀਤੀ ਸੀ। ਢਾਕਾ ਦੇ ‘ਗੁਰਦੁਆਰਾ ਨਾਨਕਸ਼ਾਹੀ’ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਪੈਰੀਂ ਪਾਇਆ ਜੁੱਤੀਆਂ ਦਾ ਜੋੜਾ ਬੜੀ ਸ਼ਰਧਾ ਨਾਲ ਸੰਭਾਲਿਆ ਪਿਆ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਢਾਕਾ ਦੀ ਧਰਤ ਨੂੰ ਆਪਣੀ ਪਾਵਨ ਚਰਨ ਛੋਹ ਪ੍ਰਦਾਨ ਕੀਤੀ ਸੀ। ਗੁਰਦੁਆਰਾ ਸਾਹਿਬ ਸਿਲਹਟ ਦੀ ਸੰਗਤ ਵੱਲੋਂ ਬੜੇ ਪ੍ਰੇਮ ਸਹਿਤ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗੀ ਹਾਥੀ ਭੇਟ ਕੀਤੇ ਗਏ ਸਨ।
ਇਤਿਹਾਸਕ ਹਵਾਲਿਆਂ ਤੋਂ ਇਹ ਵੀ ਜਾਣਕਾਰੀ ਹਾਸਿਲ ਹੁੰਦੀ ਹੈ ਕਿ 18ਵੀਂ ਸਦੀ ਵਿੱਚ ਬੰਗਲਾਦੇਸ਼ੀ ਖੇਤਰ ਭਾਵ ਉਸ ਸਮੇਂ ਦੇ ਬੰਗਾਲ ਵਿੱਚ ਪੰਜਾਬੀਆਂ ਦੀ ਸੰਖਿਆ ਬਹੁਤ ਘਟ ਗਈ ਸੀ। ਸੰਨ 1791 ਵਿੱਚ ਕਲਕੱਤਾ ਵਿਖੇ ਪੁੱਜੇ ਅੰਗਰੇਜ਼ ਕਲਾਕਾਰ ਐਫ਼.ਬੀ. ਸਾਲਵਿਨਜ਼ ਨੇ ਸੰਨ 1799 ਵਿੱਚ ਪ੍ਰਕਾਸ਼ਿਤ ਆਪਣੀ ਇੱਕ ਪੁਸਤਕ ਵਿੱਚ ਲਿਖ਼ਿਆ ਹੈ ਕਿ ਉਹ ਸਰੀਰਕ ਦਿੱਖ ਅਤੇ ਬਾਣੇ ਤੋਂ ਪੰਜਾਬੀ ਸਿੱਖਾਂ ਨੂੰ ਐਨੀ ਆਸਾਨੀ ਨਾਲ ਪਹਿਚਾਣਦਾ ਹੈ ਕਿ ਉਹ ‘ਖ਼ਾਲਸਾ ਸਿੱਖ’ ਅਤੇ ‘ਨਾਨਕ ਪੰਥੀ’ ਦਰਮਿਆਨ ਅੰਤਰ ਕਰਨ ਦੇ ਸਮਰੱਥ ਹੈ। ਇੱਥੇ ਇਹ ਵੀ ਯਾਦ ਰੱਖਣਯੋਗ ਹੈ ਕਿ ਸੰਨ 1830 ਦੇ ਆਸ-ਪਾਸ ਸੁਜਾਤਪੁਰ ਦੀ ਸਿੱਖ ਸੰਗਤ ਨੇ ‘ਗੁਰਦੁਆਰਾ ਨਾਨਕਸ਼ਾਹੀ ਸਾਹਿਬ’ ਨੂੰ ਵਧੀਆ ਬਣਾਉਣ ਦਾ ਉਪਰਾਲਾ ਕੀਤਾ ਸੀ ਤੇ ਮਹੰਤ ਪ੍ਰੇਮ ਦਾਸ ਜੀ ਨੇ ਸੰਨ 1833 ਵਿੱਚ ਇੱਥੇ ਮੌਜੂਦ ‘ਖੂਹ ਭਾਈ ਨੱਥਾ ਜੀ’ ਦੀ ਦਿੱਖ ਵੀ ਸੁਧਾਰੀ ਸੀ। ਮੰਦਭਾਗੀ ਗੱਲ ਇਹ ਰਹੀ ਕਿ ਸੰਨ 1897 ਵਿੱਚ ਆਏ ਇੱਕ ਜ਼ਬਰਦਸਤ ਭੂਚਾਲ ਕਰਕੇ ‘ਗੁਰਦੁਆਰਾ ਸਿਲਹਟ’ ਤਬਾਹ ਹੋ ਗਿਆ ਤੇ ਉਧਰ ਉਰਦੂ ਰੋਡ ਵਿਖੇ ਸਥਿਤ ਇੱਕ ਹੋਰ ਗੁਰਦੁਆਰਾ ਸਾਹਿਬ ਨੂੰ ਕੁਝ ਅਖੌਤੀ ਸਾਧੂਆਂ ਨੇ ਢਾਹ ਕੇ ਮਿਟਾ ਦਿੱਤਾ ਸੀ।
ਸੰਨ 1945 ਵਿੱਚ ‘ਮੇਮਨ ਸਿੰਘ’ ਨਾਮਕ ਇਲਾਕੇ ਵਿੱਚ ‘ਗੁਰਦੁਆਰਾ ਨਾਨਕ ਸਾਹਿਬ’ ਦਾ ਨਿਰਮਾਣ ਪੰਜਾਬੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਸੀ, ਜਿਸ ਦੀ ਦੇਖ-ਰੇਖ ਅੱਜ ਉੱਥੇ ਵੱਸਦੇ ਕੁਝ ਸਥਾਨਕ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ। ਸੰਨ ਸੰਤਾਲੀ ਵਿੱਚ ਵਾਪਰੇ ਭਾਰਤ-ਪਾਕਿ ਬਟਵਾਰੇ ਤੋਂ ਬਾਅਦ ਜਦੋਂ ਜ਼ਿਆਦਾਤਰ ਸਿੱਖ ਢਾਕਾ ਛੱਡ ਕੇ ਭਾਰਤ ਪਰਤ ਗਏ ਸਨ ਤਾਂ ਭਾਈ ਸਵਰਨ ਸਿੰਘ ਹੁਰਾਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਨ ਦਾ ਜ਼ਿੰਮਾ ਲਿਆ ਸੀ। ਸੰਨ 1971 ਦੀ ਜੰਗ ਤੋਂ ਬਾਅਦ ਇੱਥੇ ਆਏ ਕੁਝ ਸਿੱਖ ਸੈਨਿਕਾਂ ਨੇ ਬੰਗਲਾਦੇਸ਼ ਅੰਦਰ ਮੌਜੂਦ ਗੁਰਦੁਆਰਾ ਸਾਹਿਬਾਨ ਦੇ ਨਵੀਨੀਕਰਨ ਦੀ ਸੇਵਾ ਨਿਭਾਈ ਸੀ।
ਬੰਗਲਾਦੇਸ਼ ਵਿੱਚ ਇਸ ਵਕਤ ਵੱਸ ਰਹੇ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਜਾਂ ਤਾਂ ਵਪਾਰੀ ਹਨ ਜਾਂ ਫਿਰ ਭਾਰਤ ਸਰਕਾਰ ਨਾਲ ਸਬੰਧਤ ਸਰਕਾਰੀ ਅਧਿਕਾਰੀ। ਬੜੀ ਦਿਲਚਸਪ ਗੱਲ ਹੈ ਕਿ ਇੱਥੇ ਗੁਰੂ ਨਾਨਕ ਕਾਲ ਤੋਂ ਚਲਦੇ ਆ ਰਹੇ ਬਾਲਮੀਕੀ ਸਮਾਜ ਦੇ ਕੁਝ ਗ਼ੈਰ-ਪੰਜਾਬੀ ਪਰਿਵਾਰ ਵੱਸਦੇ ਹਨ, ਜੋ ਬੜੀ ਵਧੀਆ ਪੰਜਾਬੀ ਬੋਲਦੇ ਤੇ ਸਮਝਦੇ ਹਨ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਆਪ ਜਾ ਕੇ ਇਸ ਖਿੱਤੇ ਵਿੱਚ ਸਿੱਖੀ ਦਾ ਬੂਟਾ ਲਗਾਉਣ ਦੇ ਬਾਵਜੂਦ ਸਿੱਖ ਪੰਥ ਦੇ ਅਹੁਦੇਦਾਰ ਇੱਥੇ ਮੌਜੂਦ ਸਿੱਖ ਧਰਮ ਅਸਥਾਨਾਂ ਅਤੇ ਸਿੱਖ ਧਰਮ ਪ੍ਰਚਾਰ ਦੀ ਲਹਿਰ ਨੂੰ ਮਜ਼ਬੂਤ ਨਾ ਰੱਖ ਸਕੇ, ਜਿਸ ਕਰਕੇ ਇੱਥੇ ਪੰਜਾਬੀ ਪਰਿਵਾਰਾਂ ਤੇ ਖ਼ਾਸ ਕਰਕੇ ਸਿੱਖ ਪਰਿਵਾਰਾਂ ਦੀ ਸੰਖਿਆ ਨਿਰੰਤਰ ਘਟਦੀ ਗਈ। ਉਂਜ ‘ਗੁਰਦੁਆਰਾ ਸੰਗਤ ਤੋਲਾ ਸਾਹਿਬ’ ਵਿਖੇ ਗੁਰੂ ਅਰਜਨ ਦੇਵ ਜੀ ਦੇ ਕਾਲਖੰਡ ਨਾਲ ਸਬੰਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਹੱਥ ਲਿਖ਼ਤ ਸਰੂਪ ਮੌਜੂਦ ਸੀ, ਜਿਸ ਨੂੰ ਸੰਨ 1985 ਵਿੱਚ ‘ਗੁਰਦੁਆਰਾ ਨਾਨਕ ਸ਼ਾਹੀ’ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਭਾਈ ਕਰਤਾਰ ਸਿੰਘ ਅਤੇ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕੀ ਬੋਰਡ ਨੇ ਮੁਲਕ ਅੰਦਰ ਮੌਜੂਦ ਸਮੂਹ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਬੰਗਲਾਦੇਸ਼ ਦੀ 91 ਫ਼ੀਸਦੀ ਤੋਂ ਵੱਧ ਆਬਾਦੀ ਮੁਸਲਿਮ ਧਰਮ ਨਾਲ ਸਬੰਧਤ ਹੈ, ਜਦੋਂ ਕਿ 8 ਫ਼ੀਸਦੀ ਦੇ ਕਰੀਬ ਆਬਾਦੀ ਹਿੰਦੂ ਧਰਮ ਦੀ ਪੈਰੋਕਾਰ ਹੈ ਤੇ 0.61 ਫ਼ੀਸਦੀ ਆਬਾਦੀ ਬੁੱਧ ਧਰਮ ਮੰਨਣ ਵਾਲਿਆਂ ਦੀ ਹੈ। ਬਾਕੀ ਆਬਾਦੀ ਵਿੱਚ ਈਸਾਈ ਅਤੇ ਸਿੱਖ ਆਉਂਦੇ ਹਨ, ਜੋ ਕਿ ਬੇਹੱਦ ਥੋੜ੍ਹੀ ਸੰਖਿਆ ਵਿੱਚ ਹਨ। ਬੰਗਲਾਦੇਸ਼ ਨਾਲ ਸਬੰਧਤ ਗੁਰਦੁਆਰਾ ਪ੍ਰਬੰਧਕ ਤਾਪੋਸ਼ ਚੌਧਰੀ ਅਨੁਸਾਰ ਇੱਥੇ ਵੱਸਣ ਵਾਲੇ ਪੰਜਾਬੀ ਸਿੱਖ ਪਰਿਵਾਰਾਂ ਦੀ ਗਿਣਤੀ ਸਿਰਫ ਉਂਗਲਾਂ ’ਤੇ ਗਿਣਨ ਜੋਗੀ ਹੈ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਸ ਮੁਲਕ ਦੀ ਧਰਤੀ ’ਤੇ ਮੌਜੂਦ ਗੁਰ-ਅਸਥਾਨਾਂ ਦੀ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸਰਗਰਮ ਸਿੱਖ ਸੰਗਠਨਾਂ ਵੱਲੋਂ ਗੰਭੀਰ ਵਿਚਾਰਾਂ ਕੀਤੇ ਜਾਣ ਦੀ ਅੱਜ ਭਾਰੀ ਲੋੜ ਹੈ।

Leave a Reply

Your email address will not be published. Required fields are marked *