ਗੱਠਜੋੜ ਦੀਆਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦਾ ਅਮਲ ਤੇਜ਼
ਜੇ.ਐਸ. ਮਾਂਗਟ
ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐਨ.ਡੀ.ਏ ਦੇ ਮੁਕਾਬਲੇ ਲਈ ‘ਇੰਡੀਆ’ ਬਲਾਕ ਦਾ ਬਾਨ੍ਹਣੂ ਬੰਨਣ ਵਾਲੇ ਪ੍ਰਮੁੱਖ ਆਗੂ ਤੇ ਪਾਲਾ ਬਦਲਣ ਦੇ ਮਾਹਿਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਗੱਠਜੋੜ ਤੋਂ ਵੱਖ ਹੋ ਜਾਣ ਨੇ ਇੱਕ ਵਾਰ ਤਾਂ ਇਸ ਨਵੇਂ ਸਿਆਸੀ ਗੱਠਜੋੜ ਦਾ ਲੱਕ ਹੀ ਤੋੜ ਦਿੱਤਾ ਸੀ। ਇਸ ਦੇ ਸਿੱਟੇ ਵਜੋਂ ਬਿਹਾਰ ਵਿੱਚ ਜਨਤਾ ਦਲ ਯੂਨਾਈਟਿਡ ਅਤੇ ਰਾਸ਼ਟਰੀ ਜਨਤਾ ਦਲ ਗੱਠਜੋੜ ਦੀ ਸਾਂਝੀ ਸਰਕਾਰ ਡਿੱਗ ਗਈ। ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾ ਲਈ। ਇਸ ਘਟਨਾਕ੍ਰਮ ਤੋਂ ਬਾਅਦ ਇੱਕ ਵਾਰ ਤਾਂ ਇੰਜ ਜਾਪਣ ਲੱਗਾ ਸੀ ਕਿ ਸ਼ਾਇਦ ਭਾਜਪਾ/ਐਨ.ਡੀ.ਏ. ਦਾ ਮੁਕਾਬਲਾ ਕਰਨ ਲਈ ਬਣਾਏ ਗਏ ‘ਇੰਡੀਆ’ ਗੱਠਜੋੜ ਦਾ ਕੋਈ ਵਜੂਦ ਹੀ ਬਾਕੀ ਨਾ ਬਚੇ।
ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪੋ-ਆਪਣੇ ਤੌਰ ‘ਤੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤੇ ਜਾਣ ਤੋਂ ਬਾਅਦ ‘ਇੰਡੀਆ’ ਗੱਠਜੋੜ ਆਖਰੀ ਸਾਹਾਂ ‘ਤੇ ਵਿਖਾਈ ਦੇਣ ਲੱਗਾ, ਪਰ ਬਾਅਦ ਵਿੱਚ ਵਾਪਰੀਆਂ ਕੁਝ ਕੁ ਘਟਨਾਵਾਂ ਨੇ ਹੀ ਬਾਜ਼ੀ ਪਲਟਣੀ ਆਰੰਭ ਕਰ ਦਿੱਤੀ। ਮਸਲਨ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਭਾਜਪਾ ਦੇ ਪ੍ਰਜ਼ਾਈਡਿੰਗ ਅਫਸਰ ਵਲੋਂ ਵਿਗਾੜਿਆ ਗਿਆ ਨਤੀਜਾ ਸੁਪਰੀਮ ਕੋਰਟ ਵੱਲੋਂ ਪਲਟ ਦੇਣ ਅਤੇ ਪ੍ਰਜ਼ਾਈਡਿੰਗ ਅਫਸਰ ਅਨਿਲ ਮਸੀਹ ਵੱਲੋਂ ਅੱਠ ਵੋਟਾਂ ਨਾਲ ਛੇੜ-ਛਾੜ ਕਰਨ ਖਿਲਾਫ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਫੈਸਲੇ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਇੱਕ ਤਰ੍ਹਾਂ ਨਾਲ ਜਾਨ ਪੈ ਗਈ ਵਿਖਾਈ ਦਿੱਤੀ। ਇਸ ਸਫਲਤਾ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਡਰ ਅੰਦਰ ਵੀ ਨਵੀਂ ਰੂਹ ਫੂਕੀ। ਉਨ੍ਹਾਂ ਨੂੰ ਲੱਗਣ ਲੱਗਾ ਕਿ ਸਾਰੀਆਂ ਪ੍ਰਸਥਿਤੀਆਂ ਉਨ੍ਹਾਂ ਦੇ ਉਲਟ ਅਤੇ ਬੇਵਿਸਾਹੀਆਂ ਹੋਣ ਦੇ ਬਾਵਜੂਦ ਤਕੜੇ ਹੋ ਕੇ ਲੋਕ ਸਭਾ ਚੋਣ ਲੜਨੀ ਚਾਹੀਦੀ ਹੈ। ਵੱਡੀਆਂ ਔਕੜਾਂ ਅਤੇ ਸਾਧਨਾਂ ਦੀ ਕਮੀ ਦੇ ਬਾਵਜੂਦ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਹਰਾਇਆ ਵੀ ਜਾ ਸਕਦਾ ਹੈ। ਸਥਿਤੀਆਂ ਨੂੰ ਸਹੀ ਰੁਖ ਬਦਲਣ ਵਿੱਚ ਕੋਈ ਅਦਿੱਖ ਸ਼ਕਤੀ (ਹੈਂਡ ਆਫ ਗੌਡ) ਵੀ ਉਨ੍ਹਾਂ ਦੀ ਮੱਦਦ ਕਰ ਸਕਦਾ ਹੈ। ਇਸ ਕਿਸਮ ਦੇ ਵਿਚਾਰ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਵੀ ਕੀਤੇ। ਉਨ੍ਹਾਂ ਹਿੰਦੂ ਮਿਥਾਲੋਜੀ ਵਿੱਚੋਂ ਪ੍ਰਮਾਣ ਪੇਸ਼ ਕਰਦਿਆਂ ਕਿਹਾ ਕਿ ਅੱਤ ਅਤੇ ਖੁਦਾ ਦਾ ਵੈਰ ਹੁੰਦਾ ਹੈ।
ਯਾਦ ਰਹੇ, 30 ਜਨਵਰੀ ਨੂੰ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਕੁੱਲ 36 ਵੋਟਾਂ ਵਿੱਚੋਂ ‘ਆਪ’ ਅਤੇ ਕਾਂਗਰਸ ਦੇ ਗੱਠਜੋੜ ਨੂੰ 20 ਵੋਟਾਂ ਮਿਲੀਆਂ ਸਨ, ਜਦਕਿ ਭਾਜਪਾ ਨੂੰ 16 ਵੋਟਾਂ ਮਿਲੀਆਂ ਸਨ। ਇਸ ਚੋਣ ਅਮਲ ਦੌਰਾਨ ਭਾਜਪਾ ਦੇ ਖਾਸਮ-ਖਾਸ ਪ੍ਰਜ਼ਾਈਡਿੰਗ ਅਫਸਰ ਅਨਿਲ ਮਸੀਹ ਨੇ 8 ਵੋਟਾਂ ਆਪਣੇ ਪੈਨ ਨਾਲ ਕੱਟ ਦਿੱਤੀਆਂ ਸਨ ਅਤੇ ਉਸ ਦੀ ਇਹ ਕਾਰਵਾਈ ਕੈਮਰੇ ਵਿੱਚ ਕੈਦ ਹੋ ਗਈ ਸੀ। ‘ਆਪ’ ਅਤੇ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਲੜ ਰਹੇ ਕੁਲਦੀਪ ਕੁਮਾਰ ਨੇ ਇਸ ਬੇਇਨਸਾਫੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕੀਤੀ, ਪਰ ਉਚ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ। ਇਹ ਮਾਮਲਾ ਸਾਹਮਣੇ ਆਉਣ ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ੍ਹ ਨੇ ਮਾਮਲੇ ਨੂੰ ਸੁਣਵਾਈ ਲਈ ਰਜਿਸਟਰ ਕਰ ਲਿਆ ਅਤੇ ਆਪਣੇ ਸਮੇਤ ਤਿੰਨ ਮੈਂਬਰੀ ਬੈਂਚ ਦਾ ਗਠਨ ਕੀਤਾ। ਅਦਾਲਤ ਨੇ ਇਸ ਮਾਮਲੇ ਦਾ ਸਾਰਾ ਰਿਕਾਰਡ ਤਲਬ ਕਰ ਲਿਆ ਅਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਰਿਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਅਨਿਲ ਮਸੀਹ ਦੀ ਵੀਡੀਉ ਵੇਖਣ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਇੱਥੇ ਲੋਕ ਮੱਤ ਚੁਰਾ ਲਿਆ ਗਿਆ ਹੈ ਅਤੇ ਇਹ ਜਮਹੁਰੀਅਤ ਦਾ ਕਤਲ ਹੈ।
ਯਾਦ ਰਹੇ, 8 ਵੋਟਾਂ ਰੱਦ ਕੀਤੇ ਜਾਣ ਤੋਂ ਬਾਅਦ ਅਨਿਲ ਮਸੀਹ ਨੇ ਭਾਜਪਾ ਦੇ ਆਗੂ ਮਨੋਜ ਸਨੋਕਰ ਨੂੰ ਜੇਤੂ ਕਰਾਰ ਦੇ ਦਿੱਤਾ ਸੀ, ਭਾਵੇਂ ਕਿ ਬਾਅਦ ਵਿੱਚ ਉਸ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਭਾਜਪਾ ਨੇ ਇਥੇ ਹੀ ਬੱਸ ਨਹੀਂ ਕੀਤੀ, ਸਗੋਂ ‘ਆਪ’ ਅਤੇ ਕਾਂਗਰਸ ਦੇ ਗੱਠਜੋੜ ਨੂੰ ਹਰ ਹੀਲੇ ਮਾਤ ਦੇਣ ਲਈ ਆਪ ਦੇ ਤਿੰਨ ਕੌਂਸਲਰ ਖਰੀਦ ਕੇ ਆਪਣੇ ਵੱਲ ਵੀ ਕਰ ਲਏ ਸਨ, ਪਰ ਸਰਬਉਚ ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਅਧੀਨ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰ ਕੇ ਪਹਿਲੀ ਚੋਣ ਨੂੰ ਆਧਾਰ ਬਣਾਉਂਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ। ਇਸ ਦੌਰਾਨ ਅਦਾਲਤ ਨੇ ਪ੍ਰਜ਼ਾਈਡਿੰਗ ਅਫਸਰ ਅਨਿਲ ਮਸੀਹ ਦੀ ਕਾਫੀ ਝਾੜ ਝੰਬ ਕੀਤੀ ਅਤੇ ਉਸ ਖਿਲਾਫ ਕੇਸ ਦਰਜ ਕਰਨ ਦਾ ਵੀ ਆਦੇਸ਼ ਦਿੱਤਾ ਗਿਆ। ਜਦੋਂ ਅਦਾਲਤ ਨੇ ਪੁਛਿਆ ਕਿ ਉਹ ਵੋਟਾਂ ‘ਤੇ ਕਾਟਾ ਫੇਰਦਿਆਂ ਵਾਰ-ਵਾਰ ਕੈਮਰੇ ਵੱਲ ਕਿਉਂ ਵੇਖ ਰਿਹਾ ਹੈ ਤਾਂ ਉਸ ਨੇ ਆਖਿਆ ਕੇ ‘ਆਪ’ ਦੇ ਕੌਂਸਲਰ ਖੱਪ ਕਰ ਰਹੇ ਸਨ, ਇਸ ਹੀ ਉਹ ਕੈਮਰੇ ਵੱਲ ਵੇਖ ਰਿਹਾ ਸੀ। ਇਸ ਦੌਰਾਨ ਭਾਜਪਾ ਦੇ ਵਕੀਲ ਵੱਲੋਂ ਨਵੇਂ ਸਿਰਿਉਂ ਚੋਣ ਕਰਵਾਉਣ ਦੀ ਵੀ ਮੰਗ ਕੀਤੀ ਗਈ, ਪਰ ਸੁਪਰੀਮ ਕੋਰਟ ਨੇ ਧਾਰਾ 142 ਅਧੀਨ ਪਹਿਲੀ ਚੋਣ ਦੇ ਨਤੀਜੇ ਨੂੰ ਹੀ ਵਾਜਬ ਠਹਿਰਾਉਣਾ ਠੀਕ ਸਮਝਿਆ।
ਇਸ ਫੈਸਲੇ ਨੇ ਨਾ ਸਿਰਫ ਕਾਂਗਰਸ ਅਤੇ ‘ਆਪ’ ਨੂੰ ਹੀ ਰਾਹਤ ਪਹੁੰਚਾਈ, ਸਗੋਂ ਭਾਰਤੀ ਜਮਹੂਰੀ ਪ੍ਰਬੰਧ ਦੇ ਕਿਰ ਰਹੇ ਵਜੂਦ ਤੋਂ ਫਿਕਰਮੰਦ ਹਰ ਸ਼ਖਸ ਨੂੰ ਸੰਤੁਸ਼ਟੀ ਬਖਸ਼ੀ। ਇਸ ਤੋਂ ਵੀ ਅੱਗੇ ਇਸ ਨੇ ਉਪਰੋਕਤ ਦੋਹਾਂ ਪਾਰਟੀਆਂ ਦੇ ਆਤਮ ਵਿਸ਼ਵਾਸ ਨੂੰ ਵੀ ਉਗਾਸਾ ਦਿੱਤਾ। ਇਸ ਤੋਂ ਬਾਅਦ ਵੱਖ-ਵੱਖ ਸਟੇਟਾਂ ਵਿੱਚ ਦੋਹਾਂ ਪਾਰਟੀਆਂ ਵਿਚਕਾਰ ਸਮਝੌਤਿਆਂ ਦਾ ਅਮਲ ਤੇਜ਼ ਹੋ ਗਿਆ। ਦਿੱਲੀ ਵਿੱਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ, ਜਿੱਥੇ ਆਮ ਆਦਮੀ ਪਾਰਟੀ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਦੇ ਲੋਕ ਸਭਾ ਹਲਕਿਆਂ ਤੋਂ ਚੋਣ ਲੜੇਗੀ, ਜਦੋਂਕਿ ਕਾਂਗਰਸ ਪਾਰਟੀ ਉੱਤਰ-ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਅਤੇ ਚਾਂਦਨੀ ਚੌਂਕ ਯਾਨਿ ਤਿੰਨ ਸੀਟਾਂ ‘ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਦੋਹਾਂ ਪਾਰਟੀਆਂ ਵੱਲੋਂ ਹਰਿਆਣਾ, ਗੁਜਰਾਤ ਅਤੇ ਗੋਆ ਵਿੱਚ ਵੀ ਸੀਟਾਂ ਦੀ ਵੰਡ ਸਬੰਧੀ ਸਮਝੌਤਾ ਕਰ ਲਿਆ ਗਿਆ ਹੈ। ਚੰਡੀਗੜ੍ਹ ਦੀ ਸੀਟ ਤੋਂ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਅਤੇ ਆਮ ਆਦਮੀ ਪਾਰਟੀ ਇਸ ਉਮੀਦਵਾਰ ਨੂੰ ਆਪਣੀ ਹਮਾਇਤ ਦੇਵੇਗੀ।
ਪੰਜਾਬ ਵਿੱਚ ਵਿਸ਼ੇਸ਼ ਹਾਲਾਤ ਦੇ ਮੱਦੇਨਜ਼ਰ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਤੋਰ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨਾਲ ਚੋਣ ਸਮਝੌਤਾ ਕਰ ਲਿਆ ਹੈ। ਬਿਹਾਰ ਵਿੱਚ ਨਿਤੀਸ਼ ਕੁਮਾਰ ਦੇ ਪਲਟੀ ਮਾਰ ਜਾਣ ਤੋਂ ਬਾਅਦ ਤੇਜੱਸਵੀ ਯਾਦਵ ਨੇ ਕੱਦ ਕੱਢਣਾ ਸ਼ੁਰੂ ਕਰ ਦਿੱਤਾ ਹੈ। ਯਾਦ ਰਹੇ, ਰਾਸ਼ਟਰੀ ਜਨਤਾ ਦਲ ਵੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਗੁਜਰਾਤ ਵਿੱਚ ਕਾਂਗਰਸ ਪਾਰਟੀ 24 ਸੀਟਾਂ ‘ਤੇ ਚੋਣ ਲੜੇਗੀ, ਜਦੋਂਕਿ ਆਮ ਆਦਮੀ ਪਾਰਟੀ ਦੋ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਹਰਿਆਣਾ ਵਿੱਚ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਇਲਾਵਾ ਕਾਂਗਰਸ ਪਾਰਟੀ 10 ਸੀਟਾਂ ‘ਤੇ ਚੋਣ ਲੜੇਗੀ, ਜਦਕਿ ਆਮ ਆਦਮੀ ਪਾਰਟੀ ਕੁਰੂਕਸ਼ੇਤਰ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਗੋਆ ਦੀਆਂ ਦੋਵੇਂ ਲੋਕ ਸਭਾ ਸੀਟਾਂ ‘ਤੇ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਅਤੇ ‘ਆਪ’ ਦੀ ਇਨ੍ਹਾਂ ਨੂੰ ਹਮਾਇਤ ਰਹੇਗੀ। ਇਸ ਦੌਰਾਨ ਸੀਨੀਅਰ ਕਾਂਗਰਸ ਆਗੂ ਮੁਕਲ ਵਾਸਨਿਕ ਨੇ ਕਿਹਾ ਕਿ ਇਹ ਸਾਰੀਆਂ ਸੀਟਾਂ ‘ਇੰਡੀਆ’ ਗੱਠਜੋੜ ਸਾਂਝੇ ਤੌਰ ‘ਤੇ ਲੜੇਗਾ ਅਤੇ ਸਾਰੀਆਂ ਸੀਟਾਂ ਜਿੱਤਣ ਦਾ ਯਤਨ ਕੀਤਾ ਜਾਵੇਗਾ।