ਦੇਸ-ਪਰਦੇਸ ਵਿੱਚ ਪੰਜਾਬੀ ਦੇ ਕਈ ਪਰਚੇ/ਮੈਗਜ਼ੀਨ/ਅਖਬਾਰ/ਟੀ.ਵੀ. ਚੈਨਲ/ਵੈਬ ਚੈਨਲ ਹਨ ਤੇ ਉਨ੍ਹਾਂ ਸਭਨਾਂ ਦੀ ਪਾਠਕਾਂ ਤੱਕ ਪਹੁੰਚ ਆਪੋ-ਆਪਣੀ ਹੈ। ਇਸ ਖੇਤਰ ਨਾਲ ਅਜਿਹੇ ਜਿਊੜੇ ਵੀ ਜੁੜੇ ਹੋਏ ਹਨ, ਜੋ ਇਸ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਲੋਕ-ਮੁੱਦਿਆਂ ਪ੍ਰਤੀ ਉਨ੍ਹਾਂ ਦੀ ਸੰਜੀਦਾ ਸੋਚ ਅਤੇ ਮਿਆਰੀ ਪੱਤਰਕਾਰੀ ਉਨ੍ਹਾਂ ਦਾ ਹਾਸਲ ਹੈ; ਪਰ ਅਜਿਹੇ ਲੋਕ ਹਨ ਰਾਈ `ਚ ਤਿਲ ਸਮਾਨ! ਅੱਧਾ ਕੁ ਫਰਜ਼ ਨਿਭਾਉਣ ਵਾਲੇ ਵੀ ਬਹੁਤ ਹਨ, ਜਿਹੜੇ ਆਪਣੀ ਕਲਮ ਦਾ ਵਾਰ ਕਦੇ ਸਖਤ ਕਰ ਲੈਂਦੇ ਹਨ ਤੇ ਕਦੇ ਨਰਮ। ਭਾਈਚਾਰਕ ਤੌਰ `ਤੇ ਵਿਚਰਦਿਆਂ ਇਸ ਖੇਤਰ ਵਿੱਚ ਇਹ ਵਰਤਾਰਾ ਵਧੇਰੇ ਭਾਰੂ ਹੋ ਗਿਆ ਹੈ। ਨਿਰਸੰਦੇਹ ਇਸ ਖਿੱਤੇ ਵਿੱਚ ਉਨ੍ਹਾਂ ਲੋਕਾਂ ਦੀ ਘੁਸਪੈਠ ਵੀ ਹੈ, ਜੋ ਇਸ ਨੂੰ ਸਿਰਫ ਤੇ ਸਿਰਫ ਧੰਦਾ ਸਮਝਦੇ ਹਨ ਤੇ ਮੌਕਾ-ਬੇਮੌਕਾ ਨਫੇ ਦੀ ਹੀ ਤਾਕ ਵਿੱਚ ਰਹਿੰਦੇ ਹਨ।
ਖ਼ੈਰ! ਜਿੰਨੀ ਜਿਹਦੀ ਸਮਰੱਥਾ ਹੈ, ਉਹ ਉਸੇ ਮੁਤਾਬਕ ਆਪਣੇ ਮਿੱਥੇ ਸਫਰ ਉਤੇ ਤੁਰਿਆ ਹੋਇਆ ਹੈ; ਕੋਈ ਵੱਧ ਰਫਤਾਰ ਨਾਲ ਤੇ ਕੋਈ ਘੱਟ ਰਫਤਾਰ ਨਾਲ। ਇਹ ਗੱਲ ਜ਼ਰੂਰ ਮਹਿਸੂਸ ਕੀਤੀ ਗਈ ਹੈ ਕਿ ਇਸ ਸਭ ਕੁਝ ਦੌਰਾਨ ਪੰਜਾਬੀ ਪਾਠਕਾਂ, ਲੇਖਕਾਂ ਤੇ ਆਲੋਚਕਾਂ ਦਾ ਘੇਰਾ ਵੀ ਵਧਿਆ ਹੈ, ਜਿਸ ਦਾ ਕੁਝ ਹਿੱਸਾ ਉਸਾਰੂ ਪਹੁੰਚ ਵਾਲਾ ਹੈ ਅਤੇ ਕੁਝ ਉਤੇ ਸੌੜੀ ਪਹੁੰਚ ਹਾਵੀ ਹੋ ਗਈ ਹੈ। ਵੱਖ-ਵੱਖ ਵਿਚਾਰਾਂ, ਜਾਣਕਾਰੀਆਂ, ਸਰਗਰਮੀਆਂ ਵਗੈਰਾ ਦੇ ਜ਼ਰੀਏ ਭਾਈਚਾਰਕ ਸਾਂਝ ਵੀ ਪੀਡੀ ਹੋਈ ਹੈ, ਪਰ ਤ੍ਰਾਸਦਿਕ ਪਹਿਲੂ ਇਹ ਵੀ ਹੈ ਕਿ ਕਿਤੇ ਕਿਤੇ ਇਸ ਨੂੰ ਕਿੜਾਂ ਕੱਢਣ ਦੇ ਮਕਸਦ ਲਈ ਵੀ ਵਰਤਿਆ ਜਾਣ ਲੱਗ ਪਿਆ ਹੈ ਜਾਂ ਕਈ ਵਾਰ ਕੁਝ ਧਿਰਾਂ ਮੀਡੀਆ ਨੂੰ ਆਪਣੇ ਮੁਫਾਦ ਲਈ ਸਹਿਜ ਭਾਅ ਵਰਤ ਵੀ ਲੈਂਦੀਆਂ ਹਨ। ਪਦਾਰਥਵਾਦੀ ਯੁੱਗ ਵਿਚ ਅਜਿਹੀਆਂ ਪਹੁੰਚਾਂ ਆਮ ਵਰਤਾਰਾ ਹੈ; ਬਹੁਤਾ ਕਰ ਕੇ ਦੋਵੇਂ ਧਿਰਾਂ ਲੋੜ ਮੁਤਾਬਕ ਭੁਗਤਦੀਆਂ ਵੀ ਰਹਿੰਦੀਆਂ ਹਨ ਤੇ ਇਹ ਕੋਈ ਹੈਰਾਨੀਕੁਨ ਗੱਲ ਰਹਿ ਵੀ ਨਹੀਂ ਗਈ।
ਇਹ ਸਪਸ਼ਟ ਹੈ ਕਿ ਦੁਨੀਆਂ ਭਰ ਦੇ ਲੋਕਾਂ ਦੇ ਵਿਚਾਰ ਇੱਕ ਕਿਸਮ ਦੇ ਕਦੇ ਵੀ ਨਹੀਂ ਹੋ ਸਕਦੇ ਤੇ ਹੋਣੇ ਵੀ ਨਹੀਂ ਚਾਹੀਦੇ, ਕਿਉਂਕਿ ਜੇ ਸਹਿਮਤੀ ਦਾ ਮਾਹੌਲ ਭਾਰੂ ਰਿਹਾ ਤਾਂ ਕਿਸੇ ਵੀ ਮੁੱਦੇ ਉੱਤੇ ਸੁਜੱਗ ਚਰਚਾ ਦੀ ਗੁੰਜਾਇਸ਼ ਹੀ ਨਹੀਂ ਰਹੇਗੀ; ਗੋਸ਼ਟ ਲਈ ਰਾਹ ਨਹੀਂ ਖੁੱਲ੍ਹੇਗਾ। ਪੱਤਰਕਾਰਤਾ, ਵਿਦਿਅਕ ਤੇ ਸਾਹਿਤਕ ਸਮੇਤ ਸਭਨਾਂ ਖੇਤਰਾਂ ਵਿੱਚ ਨਜ਼ਰੀਏ ਦੀ ਭਿੰਨਤਾ ਤੇ ਪੁਖਤਗੀ ਉਸਾਰੂ ਸੰਵਾਦ ਦੀ ਸਾਂਝ ਨਾਲ ਸਿਹਤਮੰਦ ਸਮਾਜ ਉਸਰਦਾ ਹੈ। ਜੇ ਇਤਿਹਾਸ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ ਤਾਂ ਵਰਤਮਾਨ ਵੀ ਇਤਿਹਾਸ ਬਣਨ ਦੀ ਕਤਾਰ ਵਿਚ ਹੈ, ਜਾਂ ਇਹ ਇਤਿਹਾਸ ਬਣ ਰਿਹਾ ਹੈ। ਇਸ ਲਈ ਸਭ ਖੇਤਰਾਂ- ਭਾਵੇਂ ਉਹ ਧਾਰਮਿਕ ਹੋਵੇ ਜਾਂ ਸਮਾਜਿਕ ਹੋਵੇ, ਕੰਮ-ਕਾਜ ਨਾਲ ਜੁੜੇ ਵੱਖ-ਵੱਖ ਖੇਤਰਾਂ ਸਮੇਤ ਜ਼ਰੂਰੀ ਜਾਂ ਨਿੱਕ-ਸੁੱਕ ਖੇਤਰ ਹੋਣ, ਸਭ ਇਸ ਦਾ ਹਿੱਸਾ ਹਨ। ਇੱਥੋਂ ਤੱਕ ਕੇ ਸਿਆਸੀ ਖੇਤਰ ਹੋਰਨਾਂ ਸਭਨਾਂ ਖੇਤਰਾਂ ਵਿੱਚ ਵਧੇਰੇ ਅਸਰ-ਅੰਦਾਜ਼ ਹੋ ਜਾਣ ਕਾਰਨ ਪ੍ਰਸਥਿਤੀਆਂ ਵਿੱਚ ਲੰਮੇ ਸਮੇਂ ਤੋਂ ਗੁੱਝੀ ਉਥਲ-ਪੁਥਲ ਹੁੰਦੀ ਆ ਰਹੀ ਹੈ, ਜੋ ਅਲੱਗ ਕਿਸਮ ਦਾ ਇਤਿਹਾਸ ਸਿਰਜ ਰਹੀ ਹੈ। ਇਸ ਦੇ ਸਿੱਟੇ ਪ੍ਰਤੱਖ ਦੇਖੇ ਜਾ ਸਕਦੇ ਹਨ ਤੇ ਅਫਸੋਸ! ਭਵਿੱਖ ਇਸ ਦੇ ਕਰੂਰ ਰੂਪਾਂ ਨਾਲ ਭਰਿਆ ਮਿਲੇਗਾ, ਕਿਉਂਕਿ ਅੱਜ ਦਾ ਬੀਜਿਆ ਕੱਲ੍ਹ ਨੂੰ ਕੱਟਣਾ ਪਵੇਗਾ।
ਕਿਸੇ ਨੇ ਸੱਚ ਕਿਹਾ ਹੈ ਕਿ ਲੋਕ ਕਸਵੱਟੀ ਹੁੰਦੇ ਹਨ, ਫੈਸਲੇ ਲੋਕਾਂ ਨੇ ਲੈਣੇ ਹੁੰਦੇ ਹਨ ਅਤੇ ਗਲਤ-ਸਹੀ ਦੀ ਪਛਾਣ ਵਕਤ ਕਰਦਾ ਹੈ; ਪਰ ਅਸਲ ਕਸਵੱਟੀ ਸਹੀ ਤੇ ਨਿਰਪੱਖ ਸੋਚ ਵਾਲੇ ਲੋਕ ਹੀ ਹੁੰਦੇ ਹਨ। ਖ਼ੈਰ! ਅਸੀਂ ਵੀ “ਪੰਜਾਬੀ ਪਰਵਾਜ਼” ਦਾ ਪਹਿਲਾ ਵੈਬ-ਅੰਕ ਲੈ ਕੇ ਪਾਠਕਾਂ/ਭਾਈਚਾਰੇ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਅਤੇ ਇਸ ਰਾਹੀਂ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਦੀ ਪਾਠਕਾਂ ਨਾਲ ਸਾਂਝ ਪੁਆਉਣ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਹੈ। “ਪੰਜਾਬੀ ਪਰਵਾਜ਼” ਨੇ ਪੱਤਰਕਾਰਤਾ ਦੇ ਪਿੜ ਵਿੱਚ ਇਹ ਛੋਟਾ ਕਿਹਾ ਕਦਮ ਆਪਣੇ ਸਾਥੀ ਲੇਖਕਾਂ ਅਤੇ ਕਰੀਬੀ ਸੱਜਣਾਂ ਦੇ ਸਹਿਯੋਗ ਨਾਲ ਧਰਿਆ ਹੈ। ਵੱਡੇ-ਵੱਡੇ ਦਾਅਵਿਆਂ ਤੇ ਵਾਅਦਿਆਂ ਨੂੰ ਆਧਾਰ ਬਣਾਏ ਬਿਨਾ ਅਤੇ ਭਾਈਚਾਰਕ ਸਾਂਝ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਦਿਆਂ “ਪੰਜਾਬੀ ਪਰਵਾਜ਼” ਦੇ ਪੰਨਿਆਂ ਉਤੇ ਬੌਧਿਕ ਵਿਚਾਰਾਂ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਰਚਾਵਾਂ ਅਤੇ ਭਾਈਚਾਰਕ, ਸਮਾਜਿਕ, ਧਾਰਮਿਕ ਤੇ ਸਿਆਸੀ ਸਰਗਰਮੀਆਂ ਨੂੰ ਬਿਨਾ ਉਕਸਾਊ ਭਾਸ਼ਾ ਵਰਤਿਆਂ ਪਾਠਕਾਂ ਅੱਗੇ ਪੇਸ਼ ਕਰਨ ਪ੍ਰਤੀ ਪਹੁੰਚ ਅਪਨਾਉਣ ਦਾ ਤਹੱਈਆ ਹੈ। ਵੱਖ-ਵੱਖ ਧਿਰਾਂ ਦੀ ਗੱਲ ਨੂੰ ਵਿਚਾਰ-ਚਰਚਾ/ਵਿਚਾਰ-ਵਟਾਂਦਰੇ ਦੇ ਮਕਸਦ ਨਾਲ ਇੱਕ ਮੰਚ ਉਤੇ ਮੁਹੱਈਆ ਕਰਵਾਉਣ ਦੇ ਨਾਲ ਨਾਲ ਵੱਖ-ਵੱਖ ਮੁੱਦਿਆਂ, ਵਿਚਾਰਾਂ ਤੇ ਜਾਣਕਾਰੀ ਵਾਲੀਆਂ ਲਿਖਤਾਂ ਸਮੇਂ ਸਮੇਂ ਪ੍ਰਕਾਸ਼ਿਤ ਕਰਨੀਆਂ “ਪੰਜਾਬੀ ਪਰਵਾਜ਼” ਦੀ ਕਾਰਜਸ਼ੈਲੀ ਦਾ ਹਿੱਸਾ ਹੋਵੇਗੀ। ਉੱਚੀਆਂ-ਸੁੱਚੀਆਂ ਤੇ ਲੋਕ ਪੱਖੀ ਸੋਚਾਂ ਵਾਲੀਆਂ ਕਲਮਾਂ ਨੂੰ ਛਾਪਣਾ ਸਾਡਾ ਸੁਭਾਗ ਹੋਵੇਗਾ, ਪਰ ਇਸ ਦਾ ਇਹ ਮਤਲਬ ਉੱਕਾ ਹੀ ਨਹੀਂ ਕਿ ਅਸੀਂ ਨਵੀਆਂ ਕਲਮਾਂ ਨੂੰ ਥਾਂ ਨਹੀਂ ਦੇਵਾਂਗੇ; ਸਗੋਂ ਨਵੇਂ-ਪੁਰਾਣੇ ਸਾਹਿਤ, ਰਚਨਾਵਾਂ ਦੀ ਜੁਗਲਬੰਦੀ ਬਣਾ ਕੇ ਭਾਂਤ-ਸੁਭਾਂਤੀਆਂ ਲਿਖਤਾਂ ਨੂੰ ਪਹਿਲ ਦੇ ਆਧਾਰ `ਤੇ ਵੈਬ-ਪੰਨਿਆਂ ਦਾ ਸ਼ਿੰਗਾਰ ਬਣਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਹੀ ਕਰਾਂਗੇ।
ਖੇਡਾਂ ਤੇ ਮਨੋਰੰਜਨ ਭਰਪੂਰ ਲਿਖਤਾਂ ਦੇ ਨਾਲ ਨਾਲ ਭਾਈਚਾਰੇ ਦੇ ਉਦਮੀ ਤੇ ਅਦਬੀ ਲੋਕਾਂ ਦੇ ‘ਚਿੱਤਰ ਲੇਖ’ ਜਾਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਬਾਰੇ ਗਾਹੇ-ਬਗਾਹੇ ਛੋਟੇ-ਵੱਡੇ ਲੇਖਾਂ ਰਾਹੀਂ ਹਾਜ਼ਰੀ ਲੁਆਉਣਾ ਵੀ ਆਪਣੀ ਕਾਰਜ-ਸੂਚੀ ਵਿੱਚ ਸ਼ਾਮਲ ਕੀਤਾ ਹੈ। ਸਮੀਖਿਆ, ਅਨੁਭਵ, ਜ਼ਿੰਦਗੀ ਦੇ ਖੱਟੇ-ਮਿੱਠੇ ਸਬਕ ਆਦਿ ਨਿੱਕੀਆਂ-ਵੱਡੀਆਂ ਪਰਵਾਜ਼ਾਂ ਨੂੰ ਵੀ “ਪੰਜਾਬੀ ਪਰਵਾਜ਼” ਵਿੱਚ ਪੂਰੀ ਪੂਰੀ ਥਾਂ ਦੇਣ ਦਾ ਯਤਨ ਕੀਤਾ ਜਾਵੇਗਾ; ਯਾਨਿ ਵੱਖ ਵੱਖ ਰੰਗਾਂ ਨੂੰ ਮਿਲਾ ਕੇ ਸੱਤਰੰਗੀ ਪੀਂਘ ਚੜ੍ਹਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵਿਚ ਕੀ ਚੰਗਾਂ ਜਾਂ ਕੀ ਮਾੜਾ (ਹਲਕੇ ਪੱਧਰ ਦਾ) ਛਪਦਾ ਹੈ, ਇਸ ਦਾ ਫੈਸਲਾ ਸੁਹਿਰਦ ਪਾਠਕਾਂ, ਸਹਿਯੋਗੀਆਂ, ਜਾਣਕਾਰਾਂ ਜਾਂ ਮੀਡੀਆ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਦੇ ਨਾਲ ਨਾਲ ਸਾਹਿਤਕ, ਸਮਾਜਿਕ ਤੇ ਭਾਈਚਾਰਕ ਸ਼ਖਸੀਅਤਾਂ ਨੇ ਕਰਨਾ ਹੈ।
“ਪੰਜਾਬੀ ਪਰਵਾਜ਼” ਨੂੰ ਕਿਸੇ ਇੱਕ ਧਿਰ, ਇੱਕ ਵਿਚਾਰਧਾਰਾ ਜਾਂ ਕਿਸੇ ਇੱਕ ਖੇਤਰ ਨਾਲ ਸਬੰਧਤ ਨਾ ਰੱਖ ਕੇ ਵੱਖ-ਵੱਖ ਵਿਸ਼ਿਆਂ, ਵਿਚਾਰਾਂ, ਧਿਰਾਂ, ਖੇਤਰਾਂ ਨਾਲ ਸਬੰਧਤ ਸਰਗਰਮੀਆਂ ਨੂੰ ਥਾਂ ਦੇਣ ਦੀ ਵਿਉਂਤਬੰਦੀ ਕਰਨਾ ਸਾਡੀ ਪਹਿਲ ਹੋਵੇਗੀ; ਇਹ ਸਾਡਾ ਫਰਜ਼ ਵੀ ਹੈ ਤੇ ਇਹ ਸਾਡਾ ਟੀਚਾ ਵੀ ਹੈ। ਇਸ ਸਫਰ `ਤੇ ਸਾਨੂੰ ਪਾਠਕਾਂ, ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ, ਪੜਚੋਲਕਰਤਾਵਾਂ, ਸਹਿਯੋਗੀਆਂ- ਭਾਵ ਸਭਨਾਂ ਦੇ ਸਹਿਯੋਗ ਦੀ ਬੇਅੰਤ ਲੋੜ ਪਵੇਗੀ ਤਾਂ ਜੋ ਪੰਜਾਬੀ ਬੋਲੀ ਵਿੱਚ ਸੇਵਾ ਨਿਭਾਉਂਦਿਆਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਤੇ ਤੁਹਾਡਾ ਲਗਾਓ ਬਰਕਰਾਰ ਰੱਖਣ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਨਾਲ ਜੋੜਨ ਲਈ ਸਿਰਜਣਾਤਮਿਕ ਯਤਨ ਕਰਦੇ ਰਹੀਏ। “ਪੰਜਾਬੀ ਪਰਵਾਜ਼” ਦੇ ਅਗਲੇ ਅੰਕ ਲਈ ਤਰੱਦਦ ਜਾਰੀ ਰਹੇਗਾ ਤੇ ਤੁਹਾਡੇ ਹਾਂਦਰੂ ਹੁੰਗਾਰੇ ਦੀ ਉਡੀਕ ਵੀ…।
-ਕੁਲਜੀਤ ਦਿਆਲਪੁਰੀ
ਫੋਨ: 224-386-4548