ਨਿੰਮਾ ਡੱਲੇਵਾਲਾ
ਫੋਨ: 513-432-9754
ਹਰ ਨਵਾਂ ਸਾਲ ਚੜ੍ਹਦਿਆਂ ਅਸੀਂ ਖੁਸ਼ਆਮਦੀਦ ਆਖਦੇ ਹਾਂ ਤੇ ਉਹੀ ਨਵਾਂ ਸਾਲ ਹੌਲੀ-ਹੌਲੀ ਬਾਰਾਂ ਮਹੀਨਿਆਂ ਵਿੱਚ ਵੰਡ ਹੋ ਜਾਂਦਾ ਹੈ, ਤੇ ਹਰ ਮਹੀਨਾ ਵੰਡਿਆ ਜਾਂਦਾ ਹੈ- ਹਫੀਤਿਆਂ ਤੇ ਫਿਰ ਦਿਨਾਂ ਵਿੱਚ। ਇੰਜ 365 ਦਿਨਾਂ ਵਾਲੀ ਇੱਕ ਮੁੱਠੀ ਬਣ ਜਾਂਦੀ ਹੈ ਤੇ ਹਰ ਦਿਨ ਚੜ੍ਹਦਾ-ਲੱਥਦਾ ਹੋਇਆ ਇੱਕ ਪੁੱਠੀ ਗਿਣਤੀ ਸ਼ੁਰੂ ਕਰ ਦਿੰਦਾ ਹੈ। ਦਸੰਬਰ ਦੀ ਇਕੱਤੀ ਤਰੀਕ ਰਾਤ ਨੂੰ ਬਾਰਾਂ ਵਜੇ ਨਵੇਂ ਸਾਲ ਦੇ ਗਲ਼ ਤਖਤੀ ਪਾ ਦਿੱਤੀ ਜਾਂਦੀ ਹੈ। ਇਹ ਸਭ ਸਾਡੇ ਦਿਲ ਦੇ ਭਰਮ ਅਤੇ ਮਨ ਦੇ ਟਿਕਾਓ ਤੋਂ ਇਲਾਵਾ ਕੁਝ ਵੀ ਨਹੀਂ, ਕਿਉਂਕਿ ਇਸ ਨਾਲ ਸਾਡੇ ਜੀਵਨ ਜਾਂ ਸਮਾਜ ਵਿੱਚ ਕੋਈ ਬਦਲਾਅ ਨਹੀਂ ਆਉਂਦਾ।
ਜ਼ਿੰਦਗੀ ਵਾਲਾ ਪਹੀਆ ਪਹਿਲਾਂ ਵਾਲੀ ਰਫਤਾਰ ਹੀ ਰੁੜ੍ਹਦਾ ਹੈ ਅਤੇ ਦਿਨ ਵੀ ਪਹਿਲਾਂ ਵਾਂਗ ਹੀ ਚੜ੍ਹਦੇ ਤੇ ਛੁਪਦੇ ਹਨ। ਪੁਰਾਣੇ ਸਾਲ ਦੀਆਂ ਪ੍ਰੇਸ਼ਾਨੀਆਂ ਨਵੇਂ ਸਾਲ ਵਿੱਚ ਆਣ ਖਤਮ ਨਹੀਂ ਹੁੰਦੀਆਂ। ਹਾਂ, ਇੱਕ ਆਸ ਦੀ ਕਿਰਨ ਅਤੇ ਉਮੀਦ ਵਾਲੀ ਰੋਸ਼ਨੀ ਜ਼ਰੂਰ ਨਜ਼ਰ ਆਉਂਦੀ ਹੈ ਕਿ ਜੋ ਕਾਰਜ ਇਸ ਸਾਲ ਸੰਪੂਰਨ ਨਹੀਂ ਹੋਏ, ਸ਼ਾਇਦ ਉਸ ਸਾਲ ਨੇਪਰੇ ਚੜ੍ਹ ਜਾਣਗੇ, ਤੇ ਕਿਸੇ ਹੱਦ ਤੱਕ ਚੜ੍ਹਦੇ ਵੀ ਹਨ।
ਗੁਜਰੇ ਸਾਲ ਨੂੰ ਬੇਸ਼ੱਕ ਅਲਵਿਦਾ ਆਖ ਦਿੰਦੇ ਹਾਂ, ਪਰ ਉਹ ਸਾਡੀਆਂ ਯਾਦਾਂ ਵਿੱਚ ਰਹਿੰਦਾ ਹੈ, ਜਿਸ ਦੀ ਛਤਰ-ਛਾਇਆ ਹੇਠ ਅਸੀਂ ਵਰ੍ਹੇ ਦਾ `ਕੱਲਾ-`ਕੱਲਾ ਦਿਨ ਗੁਜਾਰਿਆ ਹੈ, ਜਿਸ ਵਿੱਚ ਅਸੀਂ ਕਈ ਦਰਦਾਂ ਦਾ ਸੇਕ ਵੀ ਹੰਢਾਇਆ ਹੋਵੇਗਾ ਤੇ ਚਾਵਾਂ ਭਰੇ ਸੁੱਖ ਵੀ ਮਾਣੇ ਹੋਣਗੇ; ਜਿਸ ਵਿੱਚ ਕਈਆਂ ਸਾਨੂੰ ਰੁਸਾਇਆ ਤੇ ਮਨਾਇਆ ਹੋਵੇਗਾ ਅਤੇ ਕਈਆਂ ਨੂੰ ਅਸੀਂ ਵੀ ਰੁਸਾਇਆ ਤੇ ਮਨਾਇਆ ਹੋਵੇਗਾ। ਕਈਆਂ ਮੁਨਾਫੇ ਖੱਟੇ ਹੋਣਗੇ ਤੇ ਕਈਆਂ ਘਾਟੇ ਖਾਧੇ ਹੋਣਗੇ।
ਖੈਰ! ਨਵੇਂ ਸਾਲ ਦੀਆਂ ਬਰੂਹਾਂ `ਤੇ ਤੇਲ ਚੋਅ ਕੇ ਪਰਵੇਸ਼ ਕਰੀਏ ਇਸ ਅੰਦਰ। ਇੰਝ ਅੱਗੇ ਹੋ ਕੇ ਗੱਲਵੱਕੜੀ ਪਾ ਮਿਲੀਏ, ਜਿਵੇਂ ਕੋਈ ਮੁੱਦਤਾਂ ਮਗਰੋਂ ਪਰਦੇਸ ਆਏ ਨੂੰ ਦਿੱਲੀ ਏਅਰਪੋਰਟ `ਤੇ ਮਿਲਦਾ ਹੈ। ਨਵੇਂ ਸਾਲ ਨੂੰ ਜ਼ਿੰਦਗੀ ਦੇ ਉਨ੍ਹਾਂ ਸੁਨਹਿਰੀ ਪਲਾਂ ਵਾਂਗ ਜੀ ਆਇਆਂ ਆਖੀਏ, ਜਿਹੜੇ ਜ਼ਿੰਦਗੀ ਵਿੱਚ ਰੰਗ ਭਰਦੇ ਹਨ ਤੇ ਜੀਵਨ ਸਤਰੰਗੀ ਪੀਂਘ ਵਰਗਾ ਬਣਾ ਦਿੰਦੇ ਹਨ।
ਲੰਘੇ ਹੋਏ ਸਾਲ ਵਿੱਚ
ਕਈਆਂ ਨੇ ਦੁੱਖ ਝੱਲੇ ਹੋਣੇ।
ਲੰਘੇ ਹੋਏ ਸਾਲ ਸੁੱਖ
ਪਾਏ ਕਈਆਂ ਦੇ ਪੱਲੇ ਹੋਣੇ।
ਰੋਗ ਟੁੱਟੇ ਹੋਣੇ ਕਈਆਂ ਦੇ
ਲੱਗੇ ਕਈਆਂ ਨੂੰ ਅਵੱਲੇ ਹੋਣੇ।
ਦਰਦਾਂ ਕਈ ਛੱਡੇ ਹੋਣੇ
ਕਈਆਂ ਦੇ ਵਿਹੜੇ ਮੱਲੇ ਹੋਣੇ।
ਕਈਆਂ ਵੱਟੇ ਮੁੰਦੀਆਂ
ਵਟਾਏ ਵੀ ਨੇ ਛੱਲੇ ਹੋਣੇ।
ਕਈਆਂ ਦੇ ਖਾਲੀ ਹੋਏ ਹੋਣੇ
ਕਈਆਂ ਭਰੇ ਗੱਲੇ ਹੋਣੇ।
ਕਈ ਤੁਰ`ਗੇ ਬਾਹਰ ਹੋਣੇ
ਕਈ ਬੈਠੇ ‘ਡੱਲੇ’ ਹੋਣੇ।
ਪਰਮਾਤਮਾ ਕਰੇ ਇਸ ਸਾਲ ਦਾ ਹਰ ਸੂਰਜ ਭਾਗਾਂ ਭਰਿਆ ਹੋਵੇ, ਖੁਸ਼ੀਆਂ ਨਾਲ ਭਰੀ ਇਸਦੀ ਗਾਗਰ ਹਰ ਇੱਕ ਦੇ ਵਿਹੜੇ ਛਲਕੇ। ਇਸ ਦੀ ਝਾਂਜਰ ਦਾ ਛਣਕਾਰਾ ਹਰ ਇੱਕ ਦਿਲ ਉਤੇ ਦਸਤਕ ਦੇਵੇ। ਹਰ ਘਰ ਖੁਸ਼ੀਆਂ ਦਾ ਐਸਾ ਰੰਗ ਬਖੇਰੇ ਕਿ ਬਨੇਰਿਆਂ `ਤੇ ਸਤਰੰਗੀਆਂ ਪੀਂਘਾਂ ਪਈਆਂ ਨਜ਼ਰ ਆਉਣਾ। ਪੂਰੇ ਸਮਾਜ ਲਈ ਨਵਾਂ ਸਾਲ ਚਾਵਾਂ ਦੇ ਉਜਾਲਿਆਂ ਨਾਲ ਭਰਪੂਰ ਹੋਵੇ, ਜਿਸ ਨਾਲ ਸਭ ਦਰਦਾਂ ਭਰੇ ਹਨੇਰੇ ਕੂਚ ਕਰ ਜਾਣ। ਸੁਪਨੇ ਸਾਕਾਰ ਹੋਣ ਤੇ ਜੋ ਅੱਧਵਾਟੇ ਰਹਿ ਗਏ ਹਨ, ਉਨ੍ਹਾਂ ਨੂੰ ਮੰਜ਼ਿਲਾਂ ਮਿਲ ਜਾਣ ਅਤੇ ਅਧੂਰੇ ਨਿਰਣੇ ਪੂਰਨਤਾ ਵੱਲ ਨੂੰ ਪੁਲਾਂਘਾ ਪੁੱਟਣ। ਨਵੇਂ ਸਾਲ ਵਿੱਚ ਕੋਈ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ, ਸਗੋਂ ਈਰਖਾ ਵਾਲਾ ਪਹਿਰਾਵਾ ਉਤਾਰ ਪਿਆਰ ਭਰੀ ਗਲਵੱਕੜੀ ਪਾਉਣੀ ਚਾਹੀਦੀ ਹੈ। ਸਰਬੱਤ ਦਾ ਭਲਾ ਮੰਗਣ ਨਾਲ ਹੀ ਭਲਾ ਹੁੰਦਾ ਹੈ। ਹਮੇਸ਼ਾ ਨਿਮਰਤਾ ਉਤੇ ਹੀ ਰਹਿਮਤਾਂ ਹੁੰਦੀਆਂ ਨੇ।
ਸੋ, ਨਵੇਂ ਸਾਲ ਦੇ ਗਲ਼ ਫੁੱਲਾਂ ਦੇ ਹਾਰ ਪਾਉਣ ਵੇਲੇ ਸਭ ਬਿਗਾਨਿਆਂ ਵਿੱਚੋਂ ਸੱਜਣਾਂ ਦੀਆਂ ਸੂਰਤਾਂ ਵੇਖੀਏ। ਇੰਝ ਕਰਿਆਂ ਹੋ ਸਕਦਾ ਬੇਗਾਨੇ ਵੀ ਮਿੱਤਰ ਬਣ ਜਾਣ! ਪਿਛਲੇ ਸਭ ਸ਼ਿਕਵੇ-ਸ਼ਿਕਾਇਤਾਂ ਨੂੰ ਭੁੱਲ ਨਵੇਂ ਸਿਰਿਉਂ ਦਿਲਾਂ ਦੀ ਮਿਲਣੀ ਹੀ ਮੁੱਖ ਮਕਸਦ ਹੋਵੇ। ਦੁਸ਼ਮਣ ਨੂੰ ਵੀ ਦਿਲ ਦੇ ਵਿਹੜੇ ਲੰਘ ਆਉਣ ਦਿਓ, ਤੇ ਅਗਲੇ ਦੇ ਦਿਲ ਦੀ ਦਹਿਲੀਜ਼ ਖੁਦ ਲੰਘ ਜਾਵੋ।
ਨਵੀਆਂ ਰਾਹਾਂ ਨਵੇਂ ਸੁਪਨੇ
ਸਜਾਇਓ ਨਵੇਂ ਸਾਲ ਵਿੱਚ।
ਬੁਰੀਆਂ ਰਾਹਾਂ ਤੇ ਬੇਈਮਾਨੀ
ਨਾ ਲਿਆਇਓ ਖਿਆਲ ਵਿੱਚ।
ਪਿਆਰ ਸੁਰਗਮਾਂ ਬਣ ਜਾਏਗਾ
ਰਹੋਗੇ ਜੇ ਸੁਰ ਤਾਲ ਵਿੱਚ।
ਭੁੱਲ ਜਾਇਓ ਕਿਤੇ ਪੁਰਾਣੇ ਨਾ
‘ਨਿੰਮਾ’ ਕਹੇ ਨਵੇਂ ਦੀ ਭਾਲ ਵਿੱਚ।
ਵੇਖਿਆ ਜਾਵੇ ਤਾਂ ਨਵਾਂ ਸਾਲ, ਸਾਲਾਂ ਦੀ ਗਿਣਤੀ ਵਿੱਚ ਵਾਧੇ ਤੋਂ ਇਲਾਵਾ ਕੁਝ ਵੀ ਨਹੀਂ। ਅਸੀਂ ਨਵੇਂ ਸਾਲ ਦੀ ਵਿਹੜੇ ਆਈ ਬਰਾਤ ਦੇ ਸਵਾਗਤ ਦੀ ਖੁਸ਼ੀ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਇਸ ਨੇ ਸਾਡੀ ਜ਼ਿੰਦਗੀ ਦਾ ਇੱਕ ਸਾਲ ਵੀ ਵਿਆਹ ਕੇ ਮੁੜਨਾ ਹੈ। ਇਸ ਤਰ੍ਹਾਂ ਹੀ ਅਸੀਂ ਆਪਣੇ ਜਨਮ ਦਿਨ ਮਨਾਉਣ ਵੇਲੇ ਯਾਦ ਨਹੀਂ ਰੱਖਦੇ ਕਿ ਕੇਕ ਵਿੱਚ ਮੋਮਬੱਤੀ ਦਾ ਵਾਧਾ ਸਾਡੀ ਜ਼ਿੰਦਗੀ ਦੇ ਸਭ ਸੱਜਣਾ-ਮਿੱਤਰਾਂ ਨੂੰ ਅਤੇ ਕਈ ਪਰਿਵਾਰ ਤੋਂ ਵਿਛੜੇ ਵਤਨੀਂ ਬੈਠੇ ਪਰਿਵਾਰ ਨੂੰ ਫੋਨ ਰਾਹੀਂ ਨਵੇਂ ਸਾਲ ਦੀਆਂ ਵਧਾਈਆ ਦਿੰਦਾ ਹੈ। ਇਸ ਫੋਨ ਨੇ ਚਿੱਠੀਆਂ ਦਾ ਖਾਤਮਾ ਕੀਤਾ ਹੀ ਹੈ, ਪਰ ਨਵੇਂ ਸਾਲ ਦੇ ਵਧਾਈ ਵਾਲੇ ਕਾਰਡ ਨੂੰ ਵੀ ਅਲੋਪ ਕਰ ਦਿੱਤਾ। ਕੁਝ ਵਰ੍ਹੇ ਪਹਿਲਾਂ ਬੜਾ ਚਾਅ ਅਤੇ ਬੜਾ ਰਿਵਾਜ ਹੁੰਦਾ ਸੀ, ਸੋਹਣੇ-ਸੋਹਣੇ ਕਾਰਡਾਂ ਉਤੇ ਵਧੀਆ-ਵਧੀਆ ਸ਼ਿਅਰ ਲਿਖ ਕੇ ਨਵੇਂ ਸਾਲ ਦੀ ਵਧਾਈ ਡਾਕ ਰਾਹੀਂ ਭੇਜਦੇ ਸੀ, ਪਰ ਅਸੀਂ ਉਸਨੂੰ ਵੀ ਪਿੱਛੇ ਛੱਡ ਦਿੱਤਾ। ਉਦੋਂ ਰੂਹਾਂ ਅਤੇ ਦਿਲ ਦੇ ਸੁਮੇਲ ਹੁੰਦੇ ਸਨ, ਤੇ ਅੱਜ ਦਿਮਾਗ ਦੇ ਖੇਲ ਬਣ ਗਏ। ਉਦੋਂ ਮੁਬਾਰਕਾਂ ਦਿਲੋਂ ਹੁੰਦੀਆਂ ਸਨ, ਤੇ ਹੁਣ ਫਰਜ਼ੀ ਬਣ ਗਈਆਂ।
ਜੇ ਅਸੀਂ ਸਾਲਾਂ ਦੇ ਬਦਲਣ ਵਾਲੇ ਮਤਭੇਦਾਂ `ਤੇ ਵਿਸ਼ਵਾਸ ਰੱਖਦੇ ਹਾਂ, ਤਾਂ ਇਹ ਜੋ ਸਾਨੂੰ ਚੰਗਿਆਈਆਂ ਵੱਲ ਬਦਲਣ ਦਾ ਸੁਨੇਹਾ ਦਿੰਦੇ ਹਨ, ਉਸ ਉਤੇ ਵੀ ਅਮਲ ਕਰਨਾ ਚਾਹੀਦਾ ਹੈ। ਲੰਘੇ ਸਾਲ ਵਿਚਲੇ ਚੰਗੇ ਕੰਮਾਂ ਨੂੰ ਕੁੱਛੜ ਚੁੱਕ ਕੇ ਅੰਦਰ ਲੈ ਆਵੋ, ਪਰ ਬੁਰਿਆਈਆਂ ਉਥੇ ਹੀ ਛੱਡ ਬੂਹੇ ਭੇੜ ਲਵੋ। ਪ੍ਰਣ ਕਰ ਲਵੋ ਕਿ ਜੋ ਕੁਤਾਹੀਆਂ ਅਸੀਂ ਵਿਛੜੇ ਵਰ੍ਹੇ ਕਰ ਬੈਠੇ ਹਾਂ, ਇਸ ਵਰ੍ਹੇ ਨਹੀਂ ਕਰਨੀਆਂ। ਦਿਲਾਂ ਵਿੱਚ ਸਜਾਏ ਖਾਬ, ਜੋ ਪਿਛਲਾ ਵਰ੍ਹਾ ਨਹੀਂ ਪੂਰ ਚੜ੍ਹਾਅ ਸਕਿਆ, ਉਨ੍ਹਾਂ ਨੂੰ ਨਵਾਂ ਸਾਲ ਪੂਰਾ ਕਰ ਦੇਵੇਗਾ। ਦਿਲ ਛੋਟਾ ਕਰ ਉਮੀਦਾਂ ਛੱਡਣ ਵਾਲਿਆਂ ਨੂੰ ਆਖਾਂਗਾ ਕਿ ਆਸ ਨਾਲ ਹੀ ਮੁਰਾਦ ਹੁੰਦੀ ਹੈ, ਮਿੱਥੇ ਟੀਚਿਆਂ ਉਤੇ ਡਟੇ ਰਹਿਣਾ ਹੀ ਸਫਲਤਾ ਦੀ ਨਿਸ਼ਾਨੀ ਹੈ।
ਚੜ੍ਹੇ ਨਵੇਂ ਸਾਲ ਦੀਆਂ
ਹੋਣ ਸਭ ਨੂੰ ਮੁਬਾਰਕਾਂ।
ਪੂਰੇ ਭਾਈਚਾਰੇ ਅਤੇ
ਪੂਰੇ ਜੱਗ ਨੂੰ ਮੁਬਾਰਕਾਂ।
ਸਾਧ ਨੂੰ ਵੀ ਚੋਰ ਨੂੰ ਵੀ
ਨਾਲੇ ਠੱਗ ਨੂੰ ਮੁਬਾਰਕਾਂ।
ਹਵਾ ਨੂੰ ਵੀ ਪਾਣੀ ਨੂੰ ਵੀ
ਨਾਲੇ ਅੱਗ ਨੂੰ ਮੁਬਾਰਕਾਂ।
ਵਿਰਸੇ ਨੂੰ ਤੇ ਧਰਮ ਨੂੰ
ਸਾਡੀ ਪੱਗ ਨੂੰ ਮੁਬਾਰਕਾਂ।
ਨਿੰਮੇ ਡੱਲੇਵਾਲੇ ਵੱਲੋਂ
ਸੱਚੇ ਰੱਬ ਨੂੰ ਮੁਬਾਰਕਾਂ।