ਭਾਰਤ-ਕੈਨੇਡਾ ਤਲਖ਼ੀ ਬਰਕਰਾਰ; ਸਿੱਖ ਭਾਈਚਾਰੇ ਵਿੱਚ ਚਿੰਤਾ

Uncategorized

ਸ਼ਿਕਾਗੋ: ਕੈਨੇਡਾ ਅਤੇ ਭਾਰਤ ਵਿਚਾਲੇ ਕਈ ਦਿਨਾਂ ਤੋਂ ਪੈਦਾ ਹੋਈ ਤਲਖ਼ੀ ਹਾਲੇ ਵੀ ਬਰਕਰਾਰ ਹੈ, ਸਗੋਂ ਦੋਹਾਂ ਦੇਸ਼ਾਂ ਦੇ ਸਿਆਸੀ ਆਗੂਆਂ ਵੱਲੋਂ ਜਾਰੀ ਬਿਆਨਬਾਜ਼ੀ ਕਾਰਨ ਇਹ ਤਲਖ਼ੀ ਹੋਰ ਵੀ ਵਧੀ ਹੈ। ਇਸ ਦੇ ਮੱਦੇਨਜ਼ਰ ਸਿੱਖ ਸਫ਼ਾਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਅੰਦਰ ਕਈ ਤਰ੍ਹਾਂ ਦੇ ਤੌਖਲੇ ਉਭਰ ਆਏ ਹਨ। ਸੂਤਰਾਂ ਅਨੁਸਾਰ ਵੋਟ ਰਾਜਨੀਤੀ ਕਾਰਨ ਸਿੱਖ ਭਾਈਚਾਰੇ ਦੀਆਂ ਵੱਖ ਵੱਖ ਧਿਰਾਂ ਵਿੱਚ ਵੀ ਪਾੜਾ ਵਧਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਹਰਦੀਪ ਸਿੰਘ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹਿਣ ਪਿੱਛੋਂ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ। ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ; ਪਰ 21 ਸਤੰਬਰ ਨੂੰ ਨਿਊ ਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਮੁੜ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਨਿੱਝਰ ਹੱਤਿਆ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ, ਪਰ ਓਟਾਵਾ ਨੇ ਜੋ ਜਾਣਕਾਰੀ ਜੁਟਾਈ ਸੀ, ਉਹ ਜ਼ਿਆਦਾ ਪੁਖਤਾ ਸੀ ਅਤੇ ਉਸ ਦੇ ਆਧਾਰ ਉੱਤੇ ਹੀ ਦੋਸ਼ ਲਾਏ ਗਏ ਹਨ। ਅਮਰੀਕਾ ਦੇ ਸੀਨੀਅਰ ਕੂਟਨੀਤਕ ਨੇ ਇਹ ਪੁਸ਼ਟੀ ਕੀਤੀ ਕਿ `ਫਾਈਵ ਆਈਜ਼` ਦੇ ਭਾਈਵਾਲਾਂ ਦਰਮਿਆਨ ਖੁਫੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਸੀ, ਪਰ ਉਸ ਨੂੰ ਇਹ ਨਹੀਂ ਸੀ ਦੱਸਿਆ ਕਿ ਉਹ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦੇ ਨਿਸ਼ਾਨੇ `ਤੇ ਹੈ। ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਮਾਮਲੇ ਵਿੱਚ ਕੈਨੇਡਾ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ `ਚ ਇਸ ਮਾਮਲੇ `ਤੇ ਚੁੱਪ ਰਹਿਣ ਤੋਂ ਬਾਅਦ ਜੈਸ਼ੰਕਰ ਨੇ ਨਿਊ ਯਾਰਕ `ਚ ਇੱਕ ਹੋਰ ਪ੍ਰੋਗਰਾਮ `ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਕੈਨੇਡਾ ਵੱਲੋਂ ਲਗਾਏ ਗਏ ਇਲਜ਼ਾਮਾਂ `ਤੇ ਖੁੱਲ੍ਹ ਕੇ ਗੱਲ ਕੀਤੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਅਜਿਹਾ ਕੰਮ ਕਰਨਾ ਸਰਕਾਰ ਦੀ ਨੀਤੀ ਨਹੀਂ ਹੈ। ਜਿੱਥੋਂ ਤੱਕ ਵੱਖਵਾਦੀ ਗਤੀਵਿਧੀਆਂ ਦਾ ਸਵਾਲ ਹੈ, ਕੈਨੇਡਾ ਵਿੱਚ ਮਾਹੌਲ ਬਹੁਤ ਅਨੁਕੂਲ ਹੈ।
ਵਿਦੇਸ਼ ਮੰਤਰੀ ਨੇ ਕਿਹਾ, “ਕੈਨੇਡਾ ਵਿੱਚ ਵੱਖਵਾਦੀ ਤਾਕਤਾਂ ਨਾਲ ਜੁੜੇ ਸੰਗਠਿਤ ਅਪਰਾਧ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਸੀਂ ਵਾਰ-ਵਾਰ ਕੈਨੇਡਾ ਨੂੰ ਖਾਲਿਸਤਾਨ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਹਿੰਦੇ ਰਹੇ ਹਾਂ। ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕੌਂਸਲੇਟ `ਤੇ ਹਮਲਾ ਕੀਤਾ ਗਿਆ।”
ਕੈਨੇਡੀਅਨ ਸਰਕਾਰ ਅਨੁਸਾਰ ਉਹ ਦੇਸ਼ ਦੀ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਤੋਂ ਚਿੰਤਤ ਹੈ। ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ `ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ 45 ਸਾਲਾ ਕੈਨੇਡੀਅਨ ਨਾਗਰਿਕ ਖ਼ਾਲਿਸਤਾਨੀ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਵੈਨਕੂਵਰ ਦੇ ਪੂਰਬ ਵਿੱਚ ਪੰਜ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ, ਸਰੀ ਵਿੱਚ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿੱਥੇ ਇੱਕ ਪਾਸੇ ਖਾਲਿਸਤਾਨੀ ਧਿਰਾਂ ਨੇ ਭਾਰਤ ਸਰਕਾਰ ਪ੍ਰਤੀ ਵਿਰੋਧੀ ਸੁਰ ਤਿੱਖੀ ਕਰਦਿਆਂ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਹਨ, ਦੂਜੇ ਪਾਸੇ ਸਿੱਖ ਭਾਈਚਾਰੇ ਦਾ ਉਹ ਹਿੱਸਾ ਸਕਤੇ ਵਿੱਚ ਹੈ, ਜੋ ਖਾਲਿਸਤਾਨ ਦਾ ਹਮਾਇਤੀ ਨਹੀਂ ਹੈ। ਇਹ ਚਰਚਾ ਛਿੜ ਪਈ ਹੈ ਕਿ ਕਥਿਤ ਖਾਲਿਸਤਾਨੀਆਂ ਦੇ ਨਾਲ ਨਾਲ ਭਾਰਤ ਸਰਕਾਰ ਦੇ ਪੱਖੀ ਕੁਝ ਸਿੱਖ ਹਲਕਿਆਂ ਦੀਆਂ ਗਤੀਵਿਧੀਆਂ ਕਾਰਨ ਆਮ ਸਿੱਖ ਭਾਈਚਾਰੇ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।
ਪਿਛਲੇ ਦਿਨੀਂ ਮਿਲਵਾਕੀ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਵੀ ਇਹ ਮੁੱਦਾ ਛੋਹਿਆ ਗਿਆ ਅਤੇ ਸਿੱਖ ਭਾਈਚਾਰੇ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਸ਼ਿਕਾਗੋ ਵਿੱਚ ਸਥਿਤ ਭਾਰਤੀ ਕੌਂਸਲ ਜਨਰਲ ਸੋਮ ਨਾਥ ਘੋਸ਼ ਨੂੰ ਇਸ ਬਾਰੇ ਰੌਸ਼ਨੀ ਪਾਉਣ ਲਈ ਕਿਹਾ ਗਿਆ। ਇਸ ਮੌਕੇ ਕੌਂਸਲ ਜਨਰਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਤੋਂ ਬਿਨਾ ਭਾਰਤ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਤਣਾਅ ਦੋ ਦੇਸ਼ਾਂ ਵਿਚਕਾਰ ਹੈ, ਨਾ ਕਿ ਕਿਸੇ ਵੀ ਭਾਈਚਾਰੇ ਵਿੱਚ; ਕਿਉਂਕਿ ਤਲਖ਼ੀ ਉਦੋਂ ਪੈਦਾ ਹੋਈ, ਜਦੋਂ ਕੈਨੇਡਾ ਨੇ ਨਾਪ੍ਰਵਾਨਯੋਗ ਦੋਸ਼ ਲਾਏ।
ਇਸ ਸਭ ਕਸ਼ਮਕਸ਼ ਦੌਰਾਨ ਸਿਆਸੀ ਪੈਂਤੜੇ ਖੇਡਦੀਆਂ ਧਿਰਾਂ ਕਾਰਨ ਬਹੁਤ ਗਿਣਤੀ ਸਿੱਖ ਭਾਈਚਾਰੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਦਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ, ਕਿਸਾਨ ਅੰਦੋਲਨ ਦੌਰਾਨ ਵੀ ਸਿੱਖ ਭਾਈਚਾਰੇ ਪ੍ਰਤੀ ਨਫਰਤ ਭਰੇ ਸ਼ਬਦ ਵਰਤੇ ਗਏ ਸਨ, ਜਦਕਿ ਭਾਰਤੀ ਝੰਡੇ ਨੂੰ ਸਾੜਨ ਤੇ ਬੇਅਦਬੀ ਕਰਨ ਦੀਆਂ ਕਾਰਵਾਈਆਂ ਕੁਝ ਕੁ ਉਨ੍ਹਾਂ ਚਿਹਰਿਆਂ ਵੱਲੋਂ ਕੀਤੀ ਗਈ ਸੀ, ਜੋ ਕਥਿਤ ਤੌਰ `ਤੇ ਖਾਲਿਸਤਾਨ ਦੇ ਹਮਾਇਤੀ ਹਨ।
ਮੌਜੂਦਾ ਸਥਿਤੀ ਵਿੱਚ ਵੀ ਕੁਝ ਫਿਰਕਾਪ੍ਰਸਤ ਜਥੇਬੰਦੀਆਂ ਦੀ ਸਿਆਸਤ ਦੇ ਪਿਛਲੱਗ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਕਿਉਂਕਿ ਸਾਰੇ ਹੀ ਸਿੱਖ ਅਤੇ ਸਾਰੇ ਹੀ ਹਿੰਦੂ ਲੋਕ ਕੱਟੜਪੰਥੀ ਨਹੀਂ ਹਨ। ਇਨ੍ਹਾਂ ਫਿਰਕਿਆਂ ਵਿਚਲੇ ਗਰਮਖਿਆਲੀਆਂ ਦੀਆਂ ਬਿਆਨਬਾਜ਼ੀਆਂ ਤੇ ਕਾਰਵਾਈਆਂ ਦੇ ਮੱਦੇਨਜ਼ਰ ਭਾਈਚਾਰਿਆਂ ਵਿੱਚ ਸਥਾਨਕ ਪੱਧਰ ਉੱਤੇ ਵੀ ਤਣਾਅ ਵਧਣ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ। ‘ਪਾੜੋ ਤੇ ਰਾਜ ਕਰੋ’ ਦੇ ਸਿਧਾਂਤ ਉੱਤੇ ਚਲਦੇ ਲੋਕਾਂ ਨੂੰ ਭਾਈਚਾਰਿਆਂ ਵਿਚਲੀ ਅਜਿਹੀ ਕਸ਼ਮਕਸ਼ ਰਾਸ ਬੈਠਦੀ ਹੈ, ਕਿਉਂਕਿ ਹੁਣ ਭਾਰਤ ਨੇ ਕਥਿਤ ਖਾਲਿਸਤਾਨੀਆਂ ਉੱਤੇ ਹੋਰ ਸਖਤੀ ਕਰਨ ਦਾ ਮਨ ਬਣਾ ਲਿਆ ਹੈ। ਸਿੱਖ ਹਲਕਿਆਂ ਵਿੱਚ ਚਰਚਾ ਹੈ ਕਿ ਅਜਿਹੇ ਮਾਹੌਲ ਵਿੱਚ ਆਮ ਸਿੱਖ ਭਾਈਚਾਰੇ ਉਤੇ, ਖਾਸ ਕਰ ਵਿਦੇਸ਼ ਤੋਂ ਭਾਰਤ ਜਾਣ ਵਾਲਿਆਂ ਨੂੰ ਵੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ ਇਨ੍ਹੀਂ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਇੱਕ ਹੋਰ ਨਵੇਂ ਮੁੱਦੇ `ਤੇ ਘਿਰਦੇ ਨਜ਼ਰ ਆਏ। ਦਰਅਸਲ ਹੁਣ ਕੈਨੇਡਾ ਦੇ ਮੁਸਲਿਮ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਟਿੱਪਣੀ `ਤੇ ਇਤਰਾਜ਼ ਦਰਜ ਕਰਵਾਇਆ ਹੈ। ਇਹ ਮਾਮਲਾ ਕੈਨੇਡਾ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਜਾਂਦੀ ਸੈਕਸੁਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟਟੀ ਬਾਰੇ ਹੈ।
ਕੈਨੇਡਾ ਵਿੱਚ ਸਿੱਖਿਆ ਨਾਲ ਜੁੜਿਆ ਇੱਕ ਪ੍ਰੋਗਰਾਮ ਹੈ, ਜੋ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਲਈ ਹੈ ਅਤੇ ਜਿਸ ਦਾ ਮਕਸਦ ਬੱਚਿਆਂ ਨੂੰ ਐਲਜੀਬੀਟੀਕਿਊ ਭਾਈਚਾਰੇ ਪ੍ਰਤੀ ਜਾਗਰੂਕ ਕਰਨਾ ਹੈ। ਪਰ ਕੈਨੇਡਾ `ਚ ਵੱਸਦੇ ਮੁਸਲਮਾਨ ਮਾਪਿਆਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਇਸ ਬਾਰੇ ਪੜ੍ਹਾਇਆ ਜਾਣਾ ਬੱਚਿਆਂ ਲਈ ਕੁਝ ਜ਼ਿਆਦਾ ਹੀ ਜਲਦੀ ਹੈ। ਇਸ ਸਿਲਸਿਲੇ `ਚ ਬਹੁਤ ਸਾਰੇ ਲੋਕਾਂ ਨੇ ਇੱਕ ਮਾਰਚ ਵੀ ਕੱਢਿਆ, ਜਿਸ ਵਿੱਚ ਵੱਡੀ ਗਿਣਤੀ ਮੁਸਲਮਾਨ ਮਾਪਿਆਂ ਦੀ ਰਹੀ। ਟੀਚਰਜ਼ ਯੂਨੀਅਨ ਨੇ ਵੀ ਇਸ ਪ੍ਰਦਰਸ਼ਨ ਦੇ ਖ਼ਿਲਾਫ਼ ਸੜਕਾਂ `ਤੇ ਆ ਕੇ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ।
ਟਰੂਡੋ ਦੀ ਇਸ ਟਿੱਪਣੀ `ਤੇ ਵੀ ਵਿਵਾਦ ਭਖਿਆ, ਜਦੋਂ ਉਨ੍ਹਾਂ ਆਪਣੇ ਐਕਸ ਅਕਾਊਂਟ `ਤੇ ਲਿਖਿਆ, “ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ- ਦੇਸ਼ ਵਿੱਚ ਟ੍ਰਾਂਸਫੋਬੀਆ, ਹੋਮੋਫੋਬੀਆ ਅਤੇ ਬਾਇਫੋਬੀਆ ਲਈ ਕੋਈ ਥਾਂ ਨਹੀਂ ਹੈ।…ਮੈਂ ਉਨ੍ਹਾਂ ਦੇ ਖਿਲਾਫ ਨਫਰਤ ਅਤੇ ਵਿਰੋਧ ਪ੍ਰਦਰਸ਼ਨ ਦੀ ਸਖਤ ਨਿੰਦਾ ਕਰਦਾ ਹਾਂ। ਅਸੀਂ ਜਿਨਸੀ ਘੱਟ ਗਿਣਤੀਆਂ ਦੇ ਹੱਕ ਵਿੱਚ ਖੁੱਲ੍ਹ ਕੇ ਖੜ੍ਹੇ ਹਾਂ ਅਤੇ ਇਹ ਸਾਡੇ ਲਈ ਜਾਇਜ਼ ਵੀ ਹਨ ਅਤੇ ਮਹੱਤਵਪੂਰਨ ਵੀ।”
ਦਿ ਮੁਸਲਿਮ ਐਸੋਸੀਏਸ਼ਨ ਆਫ਼ ਕੈਨੇਡਾ ਨੇ ਟਰੂਡੋ ਦੇ ਇਸ ਬਿਆਨ `ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਅਜਿਹੀ ਟਿੱਪਣੀ ਨਾਲ ਸਕੂਲਾਂ `ਚ ਮੁਸਲਮਾਨ ਬੱਚਿਆਂ ਦਾ ਸ਼ੋਸ਼ਣ ਵਧ ਸਕਦਾ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਅਤੇ ਵਿਰੋਧ ਨੂੰ ਸੁਣਿਆ ਜਾਣਾ ਚਾਹੀਦਾ ਹੈ, ਨਾ ਕਿ ਇਸ ਨੂੰ ਨਫ਼ਰਤ ਭਰਿਆ ਕਹਿਣਾ ਚਾਹੀਦਾ ਹੈ।
ਸਟੱਡੀ ਵੀਜ਼ਾ: ਕੈਨੇਡਾ-ਭਾਰਤ ਕੂਟਨੀਤਕ ਮਸਲਾ ਅਜੇ ਤੱਕ ਠੰਢਾ ਨਹੀਂ ਹੋਇਆ ਕਿ ਅਜਿਹੇ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ। ਵਿਦਿਆਰਥੀ ਦੋਵੇਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰ ਰਹੇ ਹਨ। ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆਉਣ ਦੇ ਆਪਣੇ ਫ਼ੈਸਲੇ `ਤੇ ਸਵਾਲ ਚੁੱਕ ਰਹੇ ਹਨ, ਖ਼ਾਸ ਕਰ ਕੇ ਜਦੋਂ ਦੀਆਂ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਹਨ।

Leave a Reply

Your email address will not be published. Required fields are marked *