ਖਿਡਾਰੀ ਪੰਜ-ਆਬ ਦੇ (39)
ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਇਸ ਨਿਰੰਤਰਤਾ ਵਿੱਚ ਹਥਲਾ ਲੇਖ ਪਾਕਿਸਤਾਨ ਹਾਕੀ ਦੀ ਗੋਲ ਮਸ਼ੀਨ ਵਜੋਂ ਜਾਣੇ ਜਾਂਦੇ ਤਾਹਿਰ ਜਮਾਂ ਦੇ ਖੇਡ ਕਰੀਅਰ ਬਾਰੇ ਹੈ। ਤਾਹਿਰ ਉਸ ਰਿਕਾਰਡ ਜਿੱਤ ਦਾ ਵੀ ਹਿੱਸਾ ਰਿਹਾ ਹੈ, ਜਦੋਂ 1989 ਵਿੱਚ ਜੂਨੀਅਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਨੇ ਮਕਾਓ ਨੂੰ 55-0 ਰਿਕਾਰਡ ਗੋਲਾਂ ਨਾਲ ਹਰਾਇਆ ਸੀ।
ਤਾਹਿਰ ਨੇ ਪਾਕਿਸਤਾਨ ਲਈ ਫਾਰਵਰਡ ਲਾਈਨ ਵਿੱਚ ਪੰਜੇ ਸਾਈਡਾਂ- ਰਾਈਟ ਆਊਟ, ਰਾਈਟ ਇਨ, ਸੈਂਟਰ ਫਾਰਵਰਡ, ਲੈਫਟ ਇਨ ਤੇ ਲੈਫਟ ਆਊਟ ਖੇਡਣ ਤੋਂ ਇਲਾਵਾ ਮਿੱਡਫੀਲਡ ਵਿੱਚ ਸੈਂਟਰ ਹਾਫ਼ ਤੇ ਰਾਈਟ ਹਾਫ਼ ਪੁਜੀਸ਼ਨ ਉਤੇ ਵੀ ਖੇਡਿਆ ਹੈ। ਉਸ ਨੂੰ ਖੇਡ ਪ੍ਰਾਪਤੀਆਂ ਬਦਲੇ ਪਾਕਿਸਤਾਨ ਸਰਕਾਰ ਵੱਲੋਂ 1994 ਵਿੱਚ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਪੁਰਸਕਾਰ ਦਿੱਤਾ ਗਿਆ। ਤਾਹਿਰ ਜਮਾਂ 1994 ਵਿੱਚ ਵਿਸ਼ਵ ਇਲੈਵਨ ਵਿੱਚ ਵੀ ਚੁਣੇ ਗਏ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਤਾਹਿਰ ਜਮਾਂ ਪਾਕਿਸਤਾਨ ਹਾਕੀ ਦੇ ਆਧੁਨਿਕ ਦੌਰ ਦਾ ਸਭ ਤੋਂ ਵੱਡਾ ਖਿਡਾਰੀ ਹੋਇਆ ਹੈ। ਪਾਕਿਸਤਾਨ ਹਾਕੀ ਦੇ ਇਤਿਹਾਸ ਵਿੱਚ ਫੀਲਡ ਗੋਲ ਕਰਨ ਵਾਲਿਆਂ ਵਿੱਚ ਤਾਹਿਰ ਜਮਾਂ ਦੂਜੇ ਨੰਬਰ ਉਪਰ ਆਉਂਦਾ ਹੈ। ਲਹਿੰਦੇ ਪੰਜਾਬ ਦੇ ਖਿਡਾਰੀਆਂ ਵਿੱਚ ਸਭ ਤੋਂ ਵੱਧ ਗੋਲ ਤਾਹਿਰ ਜਮਾਂ ਦੇ ਨਾਮ ਹੈ, ਜਿਸ ਨੇ 252 ਕੌਮਾਂਤਰੀ ਮੈਚ ਖੇਡਦਿਆਂ 134 ਗੋਲ ਕੀਤੇ ਹਨ। ਸਿੰਧ ਸੂਬੇ ਦੇ ਸੋਹੇਲ ਅੱਬਾਸ ਨੇ ਆਪਣੀ ਡਰੈਗ ਫਲਿੱਕ ਜ਼ਰੀਏ ਕੁੱਲ 348 ਗੋਲ ਕੀਤੇ ਹਨ, ਜੋ ਕਿ ਵਿਸ਼ਵ ਰਿਕਾਰਡ ਹੈ। ਉਸ ਤੋਂ ਬਾਅਦ ਸਿੰਧ ਦੇ ਹੀ ਹਸਨ ਸਰਦਾਰ ਨੇ 150 ਕੌਮਾਂਤਰੀ ਗੋਲ ਕੀਤੇ ਹਨ। ਤੀਜਾ ਨੰਬਰ ਤਾਹਿਰ ਜਮਾਂ ਦਾ ਆਉਂਦਾ ਹੈ। ਫੀਲਡ ਗੋਲ ਕਰਨ ਵਿੱਚ ਉਸ ਦਾ ਦੂਜਾ ਅਤੇ ਪੰਜਾਬ ਵੱਲੋਂ ਪਹਿਲਾ ਨੰਬਰ ਆਉਂਦਾ ਹੈ। ਹਾਕੀ ਵਿੱਚ ਪਾਕਿਸਤਾਨ ਨੇ ਸੱਠਵਿਆਂ ਤੇ ਅੱਸੀਵਿਆਂ ਵਿੱਚ ਵਿਸ਼ਵ ਹਾਕੀ ਉਪਰ ਰਾਜ ਕੀਤਾ ਹੈ। ਨੱਬੇਵਿਆਂ ਵਿੱਚ ਪਾਕਿਸਤਾਨ ਹਾਕੀ ਦਾ ਸੁਨਹਿਰੀ ਇਤਿਹਾਸ ਰਚਣ ਦਾ ਸਿਹਰਾ ਤਾਹਿਰ ਜਮਾਂ ਜਿਹੇ ਖਿਡਾਰੀਆਂ ਸਿਰ ਜਾਂਦਾ ਹੈ, ਜਿਸ ਨੇ ਬਤੌਰ ਖਿਡਾਰੀ ਤੇ ਪਾਕਿਸਤਾਨ ਨੂੰ ਵਿਸ਼ਵ ਕੱਪ, ਚੈਂਪੀਅਨਜ਼ ਟਰਾਫੀ, ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ਦਾ ਚੈਂਪੀਅਨ ਅਤੇ ਓਲੰਪਿਕ ਖੇਡਾਂ ਦਾ ਮੈਡਲ ਜਿਤਾਇਆ। ਇਸ ਤੋਂ ਬਾਅਦ ਕੋਚ ਦੀ ਭੂਮਿਕਾ ਵਿੱਚ ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ ਤੇ ਕਾਮਨਵੈਲਥ ਗੇਮਜ਼ ਦਾ ਮੈਡਲਿਸਟ ਬਣਾਇਆ।
ਪਾਕਿਸਤਾਨ ਹਾਕੀ ਦੀ ਗੋਲ ਮਸ਼ੀਨ ਆਖੇ ਜਾਂਦੇ ਤਾਹਿਰ ਜਮਾਂ ਦਾ ਜਨਮ 6 ਮਾਰਚ 1969 ਨੂੰ ਲਹਿੰਦੇ ਪੰਜਾਬ ਦੇ ਜ਼ਿਲੇ ਦੇ ਟੋਭਾ ਟੇਕ ਸਿੰਘ ਦੇ ਪਿੰਡ ਗੋਜਰਾ ਵਿਖੇ ਹੋਇਆ। ਗੋਜਰਾ ਪਿੰਡ ਨੂੰ ਪਾਕਿਸਤਾਨ ਹਾਕੀ ਦਾ ਮੱਕਾ ਆਖਿਆ ਜਾਂਦਾ ਹੈ। ਜੋ ਦਰਜਾ ਭਾਰਤ ਵਿੱਚ ਸੰਸਾਰਪੁਰ ਨੂੰ ਹਾਸਲ ਹੈ, ਉਹੀ ਦਰਜਾ ਗੋਜਰਾ ਨੂੰ ਪਾਕਿਸਤਾਨ ਵਿੱਚ ਹਾਸਲ ਹੈ। ਗੋਜਰਾ ਨੇ ਪਾਕਿਸਤਾਨ ਹਾਕੀ ਨੂੰ 130 ਤੋਂ ਵੱਧ ਖਿਡਾਰੀ ਪੈਦਾ ਦਿੱਤੇ ਹਨ, ਜਿਨ੍ਹਾਂ ਵਿੱਚ ਓਲੰਪੀਅਨਾਂ ਦੀ ਗਿਣਤੀ ਦੋ ਦਰਜਨ ਦੇ ਕਰੀਬ ਹੈ। ਪਿਤਾ ਨਜ਼ੀਰ ਅਹਿਮਦ ਦੇ ਘਰ ਮਾਤਾ ਸਫ਼ੀਆ ਬੇਗਮ ਕੁੱਖੋਂ ਜਨਮੇ ਤਾਹਿਰ ਜਮਾਂ ਦੇ ਦੋ ਭਰਾ ਤੇ ਪੰਜ ਭੈਣਾਂ ਸਨ। ਉਹ ਪਰਿਵਾਰ ਦਾ ਇਕਲੌਤਾ ਜੀਅ ਹੈ, ਜੋ ਖੇਡਾਂ ਵੱਲ ਗਿਆ। ਹਾਲਾਂਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਸ ਦੀ ਤਮੰਨਾ ਏਅਰ ਫੋਰਸ ਦਾ ਪਾਇਲਟ ਬਣਨਾ ਸੀ। ਗੋਜਰਾ ਦੇ ਦੋ ਪ੍ਰਮੁੱਖ ਸਕੂਲ ਸਨ- ਸਰਕਾਰੀ ਐਮ.ਸੀ. ਹਾਈ ਸਕੂਲ ਤੇ ਸਰਕਾਰੀ ਇਸਲਾਮੀਆ ਸਕੂਲ। ਦੋਵੇਂ ਸਕੂਲਾਂ ਵਿਚਾਲੇ ਹਾਕੀ ਮੈਚਾਂ ਦੀ ਮੁਕਾਬਲੇਬਾਜ਼ੀ ਦੇਖਣ ਵਾਲੀ ਹੁੰਦੀ ਸੀ। ਤਾਹਿਰ ਜਮਾਂ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਐਮ.ਸੀ. ਹਾਈ ਸਕੂਲ ਤੋਂ ਕੀਤੀ। ਉਸ ਦੇ ਉਸਤਾਦ ਅਸਲਮ ਰੋਡਾ ਸਨ, ਜਿਸ ਨੂੰ ਗੋਜਰਾ ਹਾਕੀ ਦੇ ਵੱਡੇ ਕੋਚ ਦਾ ਦਰਜਾ ਹਾਸਲ ਹੈ। ਤਾਹਿਰ ਜਮਾਂ ਨੇ ਸਕੂਲ ਵੱਲੋਂ ਖੇਡਦਿਆਂ ਜ਼ਿਲਾ ਤੇ ਡਿਵੀਜ਼ਨ ਚੈਂਪੀਅਨਸ਼ਿਪ ਜਿੱਤੀ। ਐਮ.ਸੀ. ਹਾਈ ਸਕੂਲ ਨੇ ਪਾਕਿਸਤਾਨ ਹਾਕੀ ਨੂੰ 15 ਓਲੰਪੀਅਨ ਦਿੱਤੇ ਹਨ।
1983-84 ਵਿੱਚ ਪਾਕਿਸਤਾਨ ਸਪੋਰਟਸ ਬੋਰਡ ਵੱਲੋਂ ਅੰਡਰ-14 ਵਰਗ ਵਿੱਚ ਹਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿੱਥੋਂ ਪੂਰੇ ਦੇਸ਼ ਵਿੱਚ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਕਾਲਰਸ਼ਿਪ ਉਪਰ ਹੋਸਟਲਾਂ ਵਿੱਚ ਤਿਆਰ ਕਰਨ ਦੀ ਯੋਜਨਾ ਉਲੀਕੀ ਗਈ। ਅੰਤਰ-ਜ਼ਿਲਾ ਅਤੇ ਅੰਤਰ-ਰਾਜੀ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰਨ ਤੋਂ ਬਾਅਦ ਤਾਹਿਰ ਜਮਾਂ ਆਪਣੀ ਸ਼ਾਨਦਾਰ ਖੇਡ ਸਦਕਾ ਸਕਾਲਰਸ਼ਿਪ ਲਈ ਚੁਣਿਆ ਗਿਆ। ਉਸ ਨੇ ਗੋਜਰਾ ਤੋਂ ਲਾਹੌਰ ਟਿਕਾਣਾ ਬਣਾ ਲਿਆ, ਜਿੱਥੇ ਉਹ ਹੋਸਟਲ ਵਿੱਚ ਰਹਿਣ ਲੱਗਾ। ਤਾਹਿਰ ਜਮਾਂ ਨੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਲੈ ਲਿਆ। ਸ਼ੁਰੂਆਤੀ ਦੌਰ ਵਿੱਚ ਤਾਹਿਰ ਜਮਾਂ ਫਾਰਵਰਡ ਲਾਈਨ ਵਿੱਚ ਲੈਫਟ ਇਨ ਸਾਈਡ ਉਪਰ ਖੇਡਦਾ ਸੀ। 1985-86 ਵਿੱਚ ਉਹ ਪਾਕਿਸਤਾਨ ਦੀ ਅੰਡਰ-18 ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ, ਜਿਸ ਨੇ ਯੂਰਪ ਦਾ ਦੌਰਾ ਕੀਤਾ। ਤਾਹਿਰ 1986 ਵਿੱਚ ਜੂਨੀਅਰ ਟੀਮ ਦੇ ਕੈਂਪ ਵਿੱਚ ਚੁਣਿਆ ਗਿਆ ਅਤੇ 1987 ਵਿੱਚ ਹੀ ਉਸ ਦੀ ਸੀਨੀਅਰ ਟੀਮ ਵਿੱਚ ਚੋਣ ਹੋ ਗਈ। ਉਸ ਵੇਲੇ ਸ਼ਾਹਬਾਜ਼ ਸੀਨੀਅਰ ਦੀ ਖੇਡ ਪੂਰੀ ਸ਼ਬਾਬ ਉਤੇ ਹੁੰਦੀ ਸੀ ਅਤੇ ਉਹ ਵੀ ਲੈਫਟ ਇਨ ਸਟਰਾਈਕਰ ਸੀ, ਜਿਸ ਕਾਰਨ ਪਾਕਿਸਤਾਨ ਹਾਕੀ ਦੇ ਕਰਤਾ-ਧਰਤਾ ਬ੍ਰਿਗੇਡੀਅਰ ਆਤਿਫ਼ ਨੇ ਤਾਹਿਰ ਨੂੰ ਸਾਈਡ ਬਦਲ ਕੇ ਰਾਈਟ ਇਨ ਖੇਡਣ ਲਈ ਪ੍ਰੇਰਿਆ।
ਤਾਹਿਰ ਨੇ ਰਾਈਟ ਇਨ ਦੀ ਪੁਜੀਸ਼ਨ ਉਤੇ ਪਾਕਿਸਤਾਨ ਹਾਕੀ ਟੀਮ ਵਿੱਚ ਅਜਿਹਾ ਆਗਾਜ਼ ਕੀਤਾ ਕਿ ਫੇਰ ਇੱਕ ਦਹਾਕਾ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਤਾਹਿਰ ਨੇ 19 ਵਰਿ੍ਹਆਂ ਦੀ ਉਮਰੇ 1988 ਵਿੱਚ ਸਿਓਲ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲਿਆ। ਓਲੰਪਿਕਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਪੰਜਵੀਂ ਥਾਂ ਲਈ। 1988 ਵਿੱਚ ਲਾਹੌਰ ਵਿਖੇ ਖੇਡੀ ਗਈ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1989 ਵਿੱਚ ਨਵੀਂ ਦਿੱਲੀ ਵਿਖੇ ਹੋਏ ਏਸ਼ੀਆ ਕੱਪ ਵਿੱਚ ਹਿੱਸਾ ਲੈਂਦਿਆਂ ਪਾਕਿਸਤਾਨ ਲਈ ਸੋਨ ਤਮਗ਼ਾ ਜਿੱਤਿਆ। 1990 ਵਿੱਚ ਬੀਜਿੰਗ ਏਸ਼ਿਆਈ ਖੇਡਾਂ ਵਿੱਚ ਤਾਹਿਰ ਨੇ ਪਾਕਿਸਤਾਨ ਲਈ ਸੋਨੇ ਦਾ ਤਮਗ਼ਾ ਜਿੱਤਿਆ। 1990 ਵਿੱਚ ਲਾਹੌਰ ਵਿਖੇ ਵਿਸ਼ਵ ਕੱਪ ਖੇਡਿਆ। ਪਾਕਿਸਤਾਨ ਦੀ ਟੀਮ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਫ਼ਾਈਨਲ ਵਿੱਚ ਪੁੱਜੀ। ਫ਼ਾਈਨਲ ਵਿੱਚ ਬੋਵਲੈਂਡਰ ਦੇ ਸ਼ਾਨਦਾਰ ਦੋ ਗੋਲਾਂ ਸਦਕਾ ਪਾਕਿਸਤਾਨ ਨੂੰ ਹਾਲੈਂਡ ਹੱਥੋਂ 1-3 ਦੀ ਹਾਰ ਮਿਲੀ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਮਗ਼ੇ ਉਪਰ ਹੀ ਸਬਰ ਕਰਨਾ ਪਿਆ। ਵਿਸ਼ਵ ਕੱਪ ਵਿੱਚ ਤਾਹਿਰ ਜਮਾਂ ਨੇ ਤਿੰਨ ਗੋਲ ਕੀਤੇ। 1991 ਵਿੱਚ ਬਰਲਿਨ ਤੇ 1992 ਵਿੱਚ ਕਰਾਚੀ ਵਿਖੇ ਖੇਡੀ ਗਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
1992 ਵਿੱਚ ਪਾਕਿਸਤਾਨ ਦੀ ਟੀਮ ਤਾਹਿਰ ਜਮਾਂ ਦੀ ਕਪਤਾਨੀ ਹੇਠ ਬਾਰਸੀਲੋਨਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਉਤਰੀ। ਲੀਗ ਦੌਰ ਵਿੱਚ ਪਾਕਿਸਤਾਨ ਟੀਮ ਚੋਟੀ ਉਤੇ ਰਹੀ ਅਤੇ ਤਾਹਿਰ ਜਮਾਂ ਨੇ ਸਪੇਨ ਖਿਲਾਫ ਹੈਟ੍ਰਿਕ ਸਮੇਤ ਕੁੱਲ ਸੱਤ ਗੋਲ ਕੀਤੇ। ਤੀਜੀ ਪੁਜੀਸ਼ਨ ਦੇ ਮੈਚ ਵਿੱਚ ਪਾਕਿਸਤਾਨ ਨੇ ਵਿਸ਼ਵ ਕੱਪ ਦੀ ਹਾਰ ਦਾ ਬਦਲਾ ਲੈਂਦਿਆਂ ਹਾਲੈਂਡ ਨੂੰ 4-3 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਪਾਕਿਸਤਾਨ ਵੱਲੋਂ ਹਾਕੀ ਵਿੱਚ ਓਲੰਪਿਕ ਖੇਡਾਂ ਵਿੱਚ ਜਿੱਤਿਆ ਇਹ ਹੁਣ ਤੱਕ ਦਾ ਆਖਰੀ ਤਮਗ਼ਾ ਹੈ। ਇਹ ਪਾਕਿਸਤਾਨ ਹਾਕੀ ਦਾ ਸੁਨਹਿਰੀ ਦੌਰ ਸੀ। 1994 ਵਿੱਚ ਪਾਕਿਸਤਾਨ ਨੇ ਚਾਰ ਵੱਡੇ ਮੁਕਾਬਲੇ ਖੇਡੇ, ਜਿਨ੍ਹਾਂ ਵਿੱਚੋਂ ਵਿਸ਼ਵ ਪੱਧਰ ਦੇ ਦੋ ਵੱਡੇ ਮੁਕਾਬਲਿਆਂ- ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਵਿੱਚ ਖਿਤਾਬੀ ਜਿੱਤ ਹਾਸਲ ਕਰਕੇ ਆਪਣੀ ਧਾਕ ਪੂਰੀ ਤਰ੍ਹਾਂ ਜਮਾਈ। ਸਿਡਨੀ ਵਿਖੇ ਖੇਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਸੋਨ ਤਮਗ਼ਾ ਜਿੱਤਿਆ। ਸੈਮੀ ਫ਼ਾਈਨਲ ਵਿੱਚ ਜਰਮਨੀ ਨੂੰ ਪੈਨਲਟੀਆਂ ਵਿੱਚ 5-3 ਅਤੇ ਫ਼ਾਈਨਲ ਵਿੱਚ ਹਾਲੈਂਡ ਨੂੰ ਪੈਨਲਟੀਆਂ ਵਿੱਚ 4-3 ਨਾਲ ਹਰਾਇਆ। ਲੀਗ ਦੌਰ ਵਿੱਚ ਅਰਜਨਟਾਈਨਾ ਤੇ ਆਸਟਰੇਲੀਆ ਖਿਲਾਫ ਜਿੱਤਾਂ ਵਿੱਚ ਤਾਹਿਰ ਜਮਾਂ ਨੇ ਇਕ-ਇਕ ਗੋਲ ਵੀ ਕੀਤਾ। ਲਾਹੌਰ ਵਿਖੇ ਖੇਡੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੇ ਸੋਨ ਤਮਗ਼ਾ ਜਿੱਤਿਆ। ਤਾਹਿਰ ਜਮਾਂ ਨੇ ਸਪੇਨ, ਆਸਟਰੇਲੀਆ ਤੇ ਜਰਮਨੀ ਖਿਲਾਫ ਇੱਕ-ਇੱਕ ਗੋਲ ਕੀਤਾ। 1994 ਵਿੱਚ ਪਾਕਿਸਤਾਨ ਨੇ ਹੀਰੋਸ਼ੀਮਾ ਏਸ਼ਿਆਈ ਖੇਡਾਂ ਅਤੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ।
1996 ਵਿੱਚ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਇੱਕ ਵਾਰ ਪਾਕਿਸਤਾਨ ਦੀ ਕਪਤਾਨੀ ਤਾਹਿਰ ਜਮਾਂ ਕੋਲ ਸੀ। ਇਸ ਵਾਰ ਪਾਕਿਸਤਾਨ ਤੇ ਭਾਰਤ ਇੱਕੋ ਪੂਲ ਵਿੱਚ ਸਨ ਅਤੇ ਦੋਵੇਂ ਟੀਮਾਂ ਸੈਮੀ ਫ਼ਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਗਈਆਂ। ਪਾਕਿਸਤਾਨ ਦੀ ਟੀਮ ਪੰਜਵੇਂ ਨੰਬਰ ਉਤੇ ਆਈ ਅਤੇ ਭਾਰਤ ਦੀ ਟੀਮ ਅੱਠਵੇਂ ਨੰਬਰ ਉਤੇ ਆਈ। ਤਾਹਿਰ ਜਮਾਂ ਨੇ ਓਲੰਪਿਕਸ ਵਿੱਚ ਦੋ ਗੋਲ ਕੀਤੇ। ਇਸੇ ਸਾਲ ਮਦਰਾਸ ਵਿਖੇ ਖੇਡੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੇ ਚਾਂਦੀ ਦਾ ਤਮਗ਼ਾ ਜਿੱਤਿਆ। 1998 ਤਾਹਿਰ ਜਮਾਂ ਦਾ ਬਤੌਰ ਖਿਡਾਰੀ ਆਖਰੀ ਸਾਲ ਸੀ, ਜਿਸ ਸਾਲ ਉਸ ਨੇ ਹਾਲੈਂਡ ਵਿਖੇ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਅਤੇ ਪਾਕਿਸਤਾਨ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਸਾਲ ਲਾਹੌਰ ਵਿਖੇ ਖੇਡੀ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾ ਅਤੇ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਤਾਹਿਰ ਨੇ ਪਾਕਿਸਤਾਨ ਲਈ ਫਾਰਵਰਡ ਲਾਈਨ ਵਿੱਚ ਪੰਜੇ ਸਾਈਡਾਂ- ਰਾਈਟ ਆਊਟ, ਰਾਈਟ ਇਨ, ਸੈਂਟਰ ਫਾਰਵਰਡ, ਲੈਫਟ ਇਨ ਤੇ ਲੈਫਟ ਆਊਟ ਖੇਡਣ ਤੋਂ ਇਲਾਵਾ ਮਿੱਡਫੀਲਡ ਵਿੱਚ ਸੈਂਟਰ ਹਾਫ਼ ਤੇ ਰਾਈਟ ਹਾਫ਼ ਪੁਜੀਸ਼ਨ ਉਤੇ ਵੀ ਖੇਡਿਆ ਹੈ। ਤਾਹਿਰ ਜਮਾਂ ਉਸ ਰਿਕਾਰਡ ਜਿੱਤ ਦਾ ਵੀ ਹਿੱਸਾ ਰਿਹਾ ਹੈ, ਜਦੋਂ 1989 ਵਿੱਚ ਜੂਨੀਅਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਨੇ ਮਕਾਓ ਨੂੰ 55-0 ਰਿਕਾਰਡ ਗੋਲਾਂ ਨਾਲ ਹਰਾਇਆ ਸੀ। ਇਸ ਜਿੱਤ ਵਿੱਚ ਸ਼ਾਹਬਾਜ਼ ਸੀਨੀਅਰ ਨੇ ਜਿੱਥੇ 12 ਗੋਲ ਕੀਤੇ, ਉਥੇ ਤਾਹਿਰ ਜਮਾਂ ਨੇ ਵੀ ਡਬਲ ਹੈਟ੍ਰਿਕ ਲਗਾਈ ਸੀ।
ਬਤੌਰ ਕੋਚ ਤਾਹਿਰ ਜਮਾਂ ਨੇ 2002 ਵਿੱਚ ਪਾਕਿਸਤਾਨ ਹਾਕੀ ਟੀਮ ਦੀ ਵਾਗਡੋਰ ਸੰਭਾਲੀ। ਉਸ ਦੀ ਕੋਚਿੰਗ ਹੇਠ ਪਾਕਿਸਤਾਨ ਟੀਮ ਨੇ 2002 ਵਿੱਚ ਕਲੋਨ ਵਿਖੇ ਹੋਈ ਚੈਂਪੀਅਨਜ਼ ਟਰਾਫੀ ਤੇ 2003 ਵਿੱਚ ਐਮਸਟਲਵੀਨ ਵਿਖੇ ਹੋਈ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਅਤੇ ਮਾਨਚੈਸਟਰ ਵਿਖੇ ਹੋਈਆਂ ਕਾਮਨਵੈਲਥ ਗੇਮਜ਼ ਵਿੱਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ। 2004 ਵਿੱਚ ਵਿਦੇਸ਼ੀ ਕੋਚ ਰੋਲਟ ਆਲਟਮੈਂਸ ਕੋਲ ਪਾਕਿਸਤਾਨ ਟੀਮ ਦੀ ਵਾਗਡੋਰ ਆਉਣ ਤੋਂ ਬਾਅਦ ਤਾਹਿਰ ਜਮਾਂ ਏਥਨਜ਼ ਓਲੰਪਿਕਸ ਵਿੱਚ ਪਾਕਿਸਤਾਨ ਦਾ ਸਹਾਇਕ ਕੋਚ ਸੀ। ਤਾਹਿਰ ਨੂੰ ਕੋਚਿੰਗ ਵਾਲੇ ਪਾਸੇ ਐਫ.ਆਈ.ਐਚ. ਦੇ ਮੌਜੂਦਾ ਪ੍ਰਧਾਨ ਤਈਅਬ ਇਕਰਾਮ ਚੌਧਰੀ ਲੈ ਕੇ ਆਏ ਸਨ। ਪਾਕਿਸਤਾਨ ਟੀਮ ਵਿੱਚ ਜਿੱਥੇ ਸ਼ਾਹਬਾਜ਼ ਸੀਨੀਅਰ, ਕਾਮਰਾਨ ਇਬਰਾਹਿਮ ਤੇ ਕਾਮਰਾਨ ਅਸ਼ਰਫ ਗੂੜ੍ਹੇ ਮਿੱਤਰ ਰਹੇ ਹਨ, ਉਥੇ ਵਿਦੇਸ਼ੀ ਟੀਮਾਂ ਵਿੱਚੋਂ ਜਰਮਨੀ ਦਾ ਓਲੰਪਿਕ ਚੈਂਪੀਅਨ ਕਪਤਾਨ ਕ੍ਰਿਸਟਨ ਬਲੰਕ ਅਤੇ ਭਾਰਤ ਦਾ ਧਨਰਾਜ ਪਿੱਲੈ ਚੰਗੇ ਮਿੱਤਰ ਹਨ।
ਤਾਹਿਰ ਜਮਾਂ ਨੂੰ ਖੇਡ ਪ੍ਰਾਪਤੀਆਂ ਬਦਲੇ ਪਾਕਿਸਤਾਨ ਸਰਕਾਰ ਵੱਲੋਂ 1994 ਵਿੱਚ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਪੁਰਸਕਾਰ ਦਿੱਤਾ ਗਿਆ। ਤਾਹਿਰ ਜਮਾਂ 1994 ਵਿੱਚ ਵਿਸ਼ਵ ਇਲੈਵਨ ਵਿੱਚ ਵੀ ਚੁਣੇ ਗਏ। ਤਾਹਿਰ ਨੈਸ਼ਨਲ ਬੈਂਕ ਆਫ਼ ਪਾਕਿਸਤਾਨ ਵਿੱਚ ਵਾਈਸ ਪ੍ਰੈਜ਼ੀਡੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਉਸ ਦੇ ਹੁੰਦਿਆਂ ਬੈਂਕ ਨੇ ਤਿੰਨ ਵਾਰ ਨੈਸ਼ਨਲ ਚੈਂਪੀਅਨਸ਼ਿਪ ਵੀ ਜਿੱਤੀ। ਹੁਣ ਉਸ ਦੀ ਰਿਹਾਇਸ਼ ਲਾਹੌਰ ਵਿਖੇ ਹੈ ਅਤੇ ਆਪਣੇ ਜੱਦੀ ਪਿੰਡ ਗੋਜਰਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਤਾਹਿਰ ਜਮਾਂ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਚਾਰ ਬੇਟੀਆਂ ਹਨ। ਤਾਹਿਰ ਜਮਾਂ ਨੂੰ ਪਿੱਛੇ ਜਿਹੇ ਲਾਹੌਰ ਫੇਰੀ ਦੌਰਾਨ ਮਿਲਣ ਦਾ ਮੌਕਾ ਮਿਲਿਆ, ਜਦੋਂ ਆਬਿਦ ਸ਼ੇਰਵਾਨੀ ਵੱਲੋਂ ਆਪਣੀ ਯੂਨੀਵਰਸਿਟੀ ਯੂ.ਐਮ.ਟੀ. ਵਿਖੇ ਪੁਸਤਕ ਰਿਲੀਜ਼ ਸਮਾਰੋਹ ਰਖਵਾਇਆ ਗਿਆ। ਇਸ ਸਮਾਰੌਹ ਦੌਰਾਨ ਤਾਹਿਰ ਦੇ ਨਿੱਘੇ ਸੁਭਾਅ ਤੋਂ ਹਰ ਕੋਈ ਕਾਇਲ ਹੋਇਆ। ਉਹ ਜਿੱਡਾ ਵੱਡਾ ਖਿਡਾਰੀ ਹੈ, ਉਸ ਤੋਂ ਵੀ ਵੱਡਾ ਇਨਸਾਨ ਹੈ।