*ਖਨੌਰੀ ਅਤੇ ਸ਼ੰਭੂ ਬਾਰਡਰਾਂ ਤੋਂ ਕਿਸਾਨ ਜ਼ਬਰਦਸਤੀ ਖਦੇੜੇ
*ਲੀਡਰਸਿੱLਪ ਸਮੇਤ ਸੈਂਕੜੇ ਕਿਸਾਨ ਗ੍ਰਿਫਤਾਰ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਭਾਰਤੀ ਜਨਤਾ ਦੇ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਵੱਲੋਂ ਸ਼ੰਭੂ, ਖਨੌਰੀ-ਢਾਬੀ ਗੁੱਜਰਾਂ ਬਾਰਡਰਾਂ ਤੋਂ ਕਿਸਾਨ ਧਰਨਿਆਂ ਨੂੰ ਜਬਰੀ ਹਟਾ ਦਿੱਤਾ ਗਿਆ ਹੈ। 20 ਫਰਵਰੀ ਨੂੰ ਕੀਤੀ ਗਈ ਇਹ ਕਾਰਵਾਈ ਪੰਜਾਬ ਸਰਕਾਰ ਨੇ ਪੰਜਾਬ ਦੀ ਕਿਸਾਨੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਰਾਜ ਦੇ ਗੈਰ-ਸਿੱਖ ਵੋਟਰ, ਖਾਸ ਕਰਕੇ ਸ਼ਹਿਰੀ ਮੱਧ ਵਰਗੀ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪਤਿਆਉਣ ਦੇ ਮਕਸਦ ਨਾਲ ਕੀਤੀ ਹੈ।
ਇਹ ਪੱਖ ਵੀ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਦੇ ਇੱਕ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਵੈਸਟ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਾਈ ਜਾਣੀ ਹੈ। ਇਸ ਦੇ ਸਿੱਟੇ ਵਜੋਂ ਖਾਲੀ ਹੋਣ ਵਾਲੀ ਸੀਟ ‘ਤੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਿਆ ਜਾਣਾ ਹੈ। ਇਹ ਸੀਟ ਸ਼ਹਿਰੀ ਹਿੰਦੂ ਵਪਾਰੀ ਤਬਕੇ ਦੀ ਹੈ। ਇੰਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਰਾਜ ਸਭਾ ਵਿੱਚ ਪਹੁੰਚਣ ਦੀ ਇੱਛਾ ਕਿਸਾਨ ਮਸਲਿਆਂ ‘ਤੇ ਭਾਰੂ ਪੈ ਗਈ ਹੈ।
ਪਰ ਪੰਜਾਬ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਜਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਅਤੇ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਜਿਵੇਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਇਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸ ਕਰਕੇ ਅਤੇ ‘ਆਪ’ ਦਾ ਆਮ ਕਰਕੇ, ਅਕਸ ਦਾਅ ‘ਤੇ ਲਾ ਦਿੱਤਾ। ਪੰਜਾਬ ਦਾ ਕਿਸਾਨ ਅਵਾਮ ਇਸ ਨੂੰ ‘ਵਿਸ਼ਵਾਸਘਾਤ’ ਦਾ ਨਾਂ ਦੇ ਰਿਹਾ ਹੈ। ਇਸ ਕਾਰਵਾਈ ਤੋਂ ਬਾਅਦ 26 ਮਾਰਚ ਨੂੰ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਨਾਲ ਰੱਖੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਹ ਮੀਟਿੰਗ ਪੰਜਾਬ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਨਾਲ ਰੱਖੀ ਗਈ ਸੀ। ਇੱਥੇ ਜ਼ਿਕਰਯੋਗ ਹੈ ਕਿ ਇਸ ਮੋਰਚੇ ਵੱਲੋਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਯਤਨ ਵੀ ਪੰਜਾਬ ਸਰਕਾਰ ਨੇ ਨਾਕਾਮ ਕਰ ਦਿੱਤਾ ਸੀ।
ਫਿਰ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਤਾਜਾ ਪੁਲਿਸ ਕਾਰਵਾਈ ਨੇ ਕਿਸਾਨਾਂ ਦੇ ਦੋ ਫੋਰਮਾਂ, ਰਾਜਨੀਤਿਕ ਅਤੇ ਗੈਰ-ਰਾਜਨੀਤਿਕ ਵਿਚਕਾਰ ਏਕਤਾ ਦਾ ਮਾਹੌਲ ਵੀ ਮੁੜ ਕੇ ਬਣਾ ਦਿੱਤਾ ਹੈ। ਪੰਜਾਬ ਵਿੱਚ ਹਾੜ੍ਹੀ ਦੀ ਫਸਲ ਆਉਣ ਵਿੱਚ ਹਾਲੇ ਮਹੀਨੇ ਕੁ ਦਾ ਸਮਾਂ ਰਹਿੰਦਾ ਹੈ। ਇਸ ਹਾਲਤ ਵਿੱਚ ਕਿਸਾਨ ਜਥੇਬੰਦੀਆਂ ਨੂੰ ਆਪਣਾ ਪ੍ਰਤੀਕਰਮ ਦੇਣ ਦਾ ਸਮਾਂ ਮਿਲ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ (ਸਿਆਸੀ) ਨੇ ਆਪਣਾ ਪਹਿਲਾ ਪ੍ਰੋਗਰਾਮ ਰੱਦ ਕਰਕੇ ਬਾਰਡਰਾਂ ‘ਤੇ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ 28 ਮਾਰਚ ਨੂੰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਕਿਸਾਨਾਂ ਵੱਲੋਂ ਬਾਰਡਰਾਂ `ਤੇ ਬਣਾਏ ਗਏ ਆਰਜੀ ਆਸ਼ਿਆਨੇ ਜੇ.ਸੀ.ਬੀ. ਮਸ਼ੀਨਾਂ ਅਤੇ ਬੁਲਡੋਜ਼ਰਾਂ ਆਦਿ ਨਾਲ ਢਾਹ ਦਿੱਤੇ ਗਏ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਕਿਸਾਨਾਂ ਦੇ ਛੱਤ ਵਾਲੇ ਪੱਖਿਆਂ, ਏਅਰਕੰਡੀਸ਼ਨਾਂ ਅਤੇ ਹੋਰ ਘਰੇਲੂ ਸਾਜ਼ੋ ਸਮਾਨ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਚੁੱਕਿਆ ਗਿਆ ਹੈ। ਇਸ ਦੀ ਭੰਨ ਤੋੜ ਵੀ ਕੀਤੀ ਗਈ। ਇਸ ਤੋਂ ਇਲਵਾ ਟਰੈਕਟਰ ਟਰਾਲੀਆਂ ਵੀ ਜੇ.ਸੀ.ਬੀ. ਮਸ਼ੀਨਾਂ ਦੀ ਖਿਚ ਧੁਹ ਵਿੱਚ ਨੁਕਸਾਨੀਆਂ ਗਈਆਂ ਹਨ। ਮੋਰਚੇ ਵਾਲੀ ਥਾਂ ‘ਤੇ ਲਾਵਾਰਸ ਪਿਆ ਸਮਾਨ ਆਲੇ ਦੁਆਲੇ ਦੇ ਲੁਟੇਰਿਆਂ ਨੇ ਲੁੱਟ ਲਿਆ। ਬਹੁਤ ਸਾਰੇ ਟਰੈਕਟਰਾਂ ਦੀਆਂ ਬੈਟਰੀਆਂ ਗਾਇਬ ਹਨ। ਪੰਜਾਬ ਸਰਕਾਰ ਦਾ ਆਖਣਾ ਹੈ ਕਿ ਇਨ੍ਹਾਂ ਧਰਨਿਆਂ ਕਾਰਨ ਵਪਾਰੀਆਂ ਨੂੰ ਮਾਇਕ, ਟਰਾਂਸਪਰੋਟ ਅਤੇ ਹੋਰ ਕਾਰੋਬਾਰ ਸੰਬੰਧੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੀ 19 ਮਾਰਚ ਨੂੰ ਸ਼ਾਮੀਂ ਸਾਡੇ ਚਾਰ ਵਜੇ ਕੀਤੀ ਗਈ ਪੁਲਿਸ ਕਾਰਵਾਈ ਵਿੱਚ ਹਰਿਆਣਾ ਪ੍ਰਸ਼ਾਸਨ ਨੇ ਬੁਲਡੋਜ਼ਰਾਂ ਅਤੇ ਜੇ.ਸੀ.ਬੀ. ਮਸ਼ੀਨਾਂ ਨਾਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬਣਾਈਆਂ ਗਈਆਂ ਕੰਕਰੀਟ ਦੀਆਂ ਕੰਧਾਂ ਤੋੜ ਦਿੱਤੀਆਂ।
ਯਾਦ ਰਹੇ, ਕੰਕਰੀਟ ਦੀਆਂ ਇਹ ਕੰਧਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬਣਾਈਆਂ ਗਈਆਂ ਸਨ। ਸੰਯੁਕਤ ਮੋਰਚਾ (ਗੈਰ-ਸਿਆਸੀ) ਅਤੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਮੋਰਚਾ 10 ਫਰਵਰੀ 2024 ਨੂੰ ਸ਼ੁਰੂ ਕੀਤਾ ਗਿਆ ਸੀ। ਕਿਸਾਨਾਂ ਵਿਰੁਧ ਇਸ ਕਾਰਵਾਈ ਦੀ ਅਗਵਾਈ ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ। ਖਨੌਰੀ-ਦਿੱਲੀ ਲੁਧਿਆਣਾ ਹਾਈਵੇ ‘ਤੇ ਹੁਣ ਆਵਾਜਾਈ ਆਮ ਵਾਂਗ ਹੋ ਗਈ ਹੈ। ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨਾਂ ਦੀ ਸੀਨੀਅਰ ਲੀਡਰਸ਼ਿੱਪ ਹਿਰਾਸਤ ਵਿੱਚ ਲਈ ਗਈ ਹੈ। ਹਿਰਾਸਤ ਵਿੱਚੋਂ ਛਣ ਕੇ ਆ ਰਹੀਆਂ ਖ਼ਬਰਾਂ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ ਅਤੇ ਉਨ੍ਹਾਂ ਨੇ ਪਾਣੀ ਪੀਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਜਦੋਂ ਇਹ ਕਿਸਾਨ ਸੰਘਰਸ਼ ਆਰੰਭ ਹੋਇਆ ਸੀ ਤਾਂ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹਰਿਆਣਾ ਵਾਲੇ ਪਾਸੇ ਤਾਇਨਾਤ ਕੀਤੇ ਗਏ ਨੀਮ ਸੁਰੱਖਿਆ ਦਸਤਿਆਂ, ਹਰਿਆਣਾ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਸਨ। ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿੱਚ ਪ੍ਰਦਰਸ਼ਨ ਲਈ ਦਿੱਲੀ ਜਾਣਾ ਚਾਹੁੰਦੇ ਸਨ, ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਪਹਿਲਾਂ ਸਰਸਾ ਦੇ ਪੁਲ ‘ਤੇ ਹੀ ਰੋਕ ਲਿਆ ਸੀ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁਟੇ ਗਏ ਸਨ। ਇਨ੍ਹਾਂ ਝੜਪਾਂ ਵਿੱਚ ਕੋਈ 450 ਕਿਸਾਨ ਜ਼ਖਮੀ ਹੋਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ। ਕੁਝ ਕਿਸਾਨਾਂ ਦੀ ਨਜ਼ਰ ਵੀ ਚਲੀ ਗਈ ਸੀ। ਇਸ ਤੋਂ ਇਲਾਵਾ ਖਨੌਰੀ ਬਾਰਡਰ ‘ਤੇ ਵੀ ਦੋਹਾਂ ਧਿਰਾਂ ਵਿਚਕਾਰ ਝੜਪਾਂ ਹੁੰਦੀਆਂ ਰਹੀਆਂ। ਜਿਸ ਦੇ ਸਿਟੇ ਵਜੋਂ ਮਾਲਵੇ ਦੇ ਇੱਕ ਨੌਜਵਾਨ ਸ਼ੁਭਕਰਨ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਹ ਗੋਲੀ ਹਰਿਆਣਾ ਵਾਲੇ ਪਾਸੇ ਤੋਂ ਚਲਾਈ ਗਈ ਸੀ।
ਇਸ ਤੋਂ ਇਲਾਵਾ ਹਰਿਆਣਾ ਪੁਲਿਸ ਅਤੇ ਹੋਰ ਨੀਮ ਸੁਰੱਖਿਆ ਦਸਤਿਆਂ ਨੇ ਪੰਜਾਬ ਵਾਲੇ ਪਾਸੇ ਦਾਖਲ ਹੋ ਕੇ ਕਿਸਾਨਾਂ ਦੇ ਟਰੈਕਟਰਾਂ ਅਤੇ ਕਾਰਾਂ ਵਗੈਰਾ ਦੀ ਜ਼ਬਰਦਸਤ ਭੰਨ ਤੋੜ ਕੀਤੀ ਸੀ। ਇਸ ਤੋਂ ਇਲਾਵਾ ਕਈ ਟਰੈਕਟਰਾਂ ਦੇ ਇੰਜਣ ਵਿੱਚ ਮਿੱਟੀ ਪਾ ਦਿੱਤੀ ਗਈ ਸੀ। ਇਸ ਦੌਰਾਨ ਦੋ ਸਿੱਖ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਅਤੇ ਉਨ੍ਹਾਂ ਨੂੰ ਬੋਰੀਆਂ ਵਿੱਚ ਪਾ ਕੇ ਜਾਨਵਰਾਂ ਵਾਂਗ ਕੁੱਟਿਆ ਗਿਆ। ਇਨ੍ਹਾਂ ਨੌਜੁਆਨਾਂ ਨੂੰ ਗੰਭੀਰ ਸੱਟਾਂ ਦੇ ਇਲਾਜ ਲਈ ਪੀ.ਜੀ.ਆਈ. ਵਿੱਚ ਦਾਖਲ ਕਰਵਾਉਣਾ ਪਿਆ ਸੀ।
ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਖਿਲਾਫ ਆਮ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਕਾਂਗਰਸ ਅਤੇ ਅਕਾਲੀ ਦਲ ਸਮੇਤ ਵੱਖ-ਵੱਖ ਪਾਰਟੀਆਂ ਨੇ ਇਸ ਕਾਰਵਾਈ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ‘ਆਪ’ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਪੰਜਾਬ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਜੀਤ ਸਿੰਘ ਔਜਲਾ ਨੇ ਹੱਥਾਂ ਵਿੱਚ ਮਾਟੋ ਚੁੱਕ ਕੇ ਕਿਸਾਨਾਂ ਵਿਰੁਧ ਕੀਤੀ ਗਈ ਕਾਰਵਾਈ ਖਿਲਾਫ ਪ੍ਰਦਰਸ਼ਨ ਕੀਤਾ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੇ ਵੀ ਕਿਸਾਨਾਂ ਵਿਰੁਧ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਅਕਾਲੀ ਵਰਕਰਾਂ ਨੂੰ ਕਿਸਾਨਾਂ ਦੀ ਹਰ ਕਿਸਮ ਦੀ ਮਦਦ ਕਰਨ ਦਾ ਸੱਦਾ ਦਿੱਤਾ ਹੈ।
ਉਧਰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਤਾਂ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ, ਪਰ ‘ਆਪ’ ਨੇ ਇਸ ਦਰਮਿਆਨ ਕਾਹਲੀ ਨਾਲ ਕਾਰਵਾਈ ਕਰ ਦਿੱਤੀ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਕਿਸਾਨਾਂ ਵਿਰੁਧ ਕਾਰਵਾਈ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਮਿਲੀਭੁਗਤ ਵਜੋਂ ਕੀਤੀ ਗਈ ਹੈ। ਯਾਦ ਰਹੇ, ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਉਹ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ। ਦਿੱਲੀ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੀ ਆਮ ਆਦਮੀ ਨੇ ਹੁਣ ਪੰਜਾਬ ਪ੍ਰਸ਼ਾਸਨ ਦੀ ਗੱਡੀ ਅਗਲੇ ਦੋ ਸਾਲਾਂ ਲਈ ਕਥਿੱਤ ਤੌਰ ‘ਤੇ ਤੇਜ ਕਾਰਗੁਜ਼ਾਰੀ ਵਾਲੇ ਗੇਅਰ ਵਿੱਚ ਪਾ ਲਈ ਹੈ। ਸਰਕਾਰ ਇਸ ਤਰ੍ਹਾਂ ਕਰਦਿਆਂ ਆਪਣੀ ਦਿੱਖ (ਪ੍ਰਸੈਪਸ਼ਨ) ਸੁਧਾਰਨ ਦਾ ਯਤਨ ਕਰ ਰਹੀ ਹੈ। ਇਸੇ ਯਤਨ ਤਹਿਤ ਪਹਿਲਾਂ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਇਸ ਦੇ ਤਹਿਤ ਸਰਕਾਰ ਵੱਲੋਂ ਲੁਧਿਆਣਾ, ਮੋਗਾ ਅਤੇ ਮੁਹਾਲੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਜੇ.ਸੀ.ਬੀ. ਮਸ਼ੀਨਾਂ ਅਤੇ ਬੁਲਡੋਜਰਾਂ ਰਾਹੀਂ ਕਥਿਤ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ। ਤਸਕਰਾਂ ਦੇ ਖਿਲਾਫ ਚਲਦਾ-ਚਲਦਾ ਇਹ ਪੀਲਾ ਪੰਜਾ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਮੋਰਚਿਆਂ ‘ਤੇ ਵੀ ਚਲਾ ਦਿੱਤਾ ਗਿਆ।
ਪੰਜਾਬ ਸਰਕਾਰ ਦਾ ਕਿਸਾਨਾਂ ਖਿਲਾਫ ਕਾਰਵਾਈ ਕਰਨ ਦਾ ਹਿਉਂ ਇਸ ਕਰਕੇ ਵੀ ਪਿਆ ਹੈ ਕਿ ਪਿੱਛੇ ਜਿਹੇ ਖਨੌਰੀ ਵਾਲੀ ਲੀਡਰਸ਼ਿੱਪ ਨੇ ਦੋਹਾਂ ਸੰਯੁਕਤ ਕਿਸਾਨ ਮੋਰਚਿਆਂ ਵਿੱਚ ਹੋਣ ਜਾ ਰਹੀ ਏਕਤਾ ਜਾਣ ਬੁੱਝ ਕੇ ਤਾਰਪੀਡੋ ਕਰ ਦਿੱਤੀ ਸੀ। ਸੰਯੁਕਤ ਕਿਸਾਨ ਮੋਰਚਾ (ਸਿਆਸੀ) ਦੇ ਆਗੂਆਂ ਨਾਲ ਏਕਤਾ ਕਰਨ ਦੀ ਬਜਾਏ ਗੈਰ-ਸਿਆਸੀ ਮੋਰਚੇ ਦੀ ਲੀਡਰਸ਼ਿੱਪ ਨੇ ਡੱਲੇਵਾਲ ਦੀ ਹਮਾਇਤ ਵਿੱਚ 101 ਵਿਅਕਤੀ ਮਰਨ ਵਰਤ ‘ਤੇ ਬਿਠਾ ਦਿੱਤੇ ਸਨ। ਕਿਸਾਨ ਏਕਤਾ ਨੂੰ ਸਾਬੋਤਾਜ਼ ਕਰਨ ਲਈ ਕੇਂਦਰ ਸਰਕਾਰ ਨੇ ਗੈਰ-ਸਿਆਸੀ ਮੋਰਚੇ ਵਾਲਿਆਂ ਨੂੰ ਗੱਲਬਾਤ ਦਾ ਸੱਦਾ ਦੇ ਦਿੱਤਾ। ਇਸ ਗੱਲਬਾਤ ਦੇ ਸੱਦੇ ਦੀ ਚਾਣਕਿਆ ਨੀਤੀ ਨੇ ਡੱਲੇਵਾਲ ਨੂੰ ਗੁਲੂਕੋਜ਼ ਅਤੇ ਦਵਾਈਆਂ ਵਗੈਰਾਂ ਦੇਣ ਲਈ ਵੀ ਰਾਜ਼ੀ ਕਰ ਲਿਆ। ਇੰਜ ਕਿਸਾਨ ਲੀਡਰ ਇੱਕ ਵਾਰ ਫਿਰ ਕੇਂਦਰ ਦੇ ਚਾਣਕਿਆ ਚੱਕਰਵਿਊ ਵਿੱਚ ਉਲਝ ਕੇ ਡਿਸਕਰੈਡਿਟ ਹੋ ਗਏ। ਖਾਸ ਕਰਕੇ ਡੱਲੇਵਾਲ ਦੇ ਸੰਘਰਸ਼ ਨੂੰ ਘੱਟੇ ਕੌਡੀਆਂ ਵਿੱਚ ਰੋਲਣ, ਕਿਸਾਨ ਏਕਤਾ ਨੂੰ ਤਾਰਪੀਡੋ ਕਰਨ ਅਤੇ ਅੰਤ ਇਸ ਕਿਸਾਨ ਸੰਘਰਸ਼ ਦਾ ਜ਼ਬਰਦਸਤੀ ਅੰਤ ਕਰਨ ਵਿੱਚ ਕੇਂਦਰ ਨੇ ਸਰਗਰਮ ਭੂਮਿਕਾ ਨਿਭਾਈ। ਪਰ ਇਹ ਭੂਮਿਕਾ ਇੰਨੀ ਚਲਾਕੀ ਨਾਲ ਨਿਭਾਈ ਗਈ ਕਿ ਕਿਸਾਨ ਲੀਡਰਾਂ ਦਾ ਸਾਦਾ ਸੁਭਾਅ ਇਸ ਦੀ ਥਾਹ ਹੀ ਨਹੀਂ ਪਾ ਸਕਿਆ। ਇਸ ਕਿਸਾਨ ਸੰਘਰਸ਼ ਦਾ ਬਿਨਾ ਕਿਸੇ ਪ੍ਰਾਪਤੀ ਦੇ ਜ਼ਬਰਦਸਤੀ ਅੰਤ ਕਰਨ ਦੇ ਪੰਜਾਬ ਦੀ ਰਾਜਨੀਤੀ ‘ਤੇ ਕੀ ਅਸਰ ਪੈਂਦੇ ਹਨ, ਜਾਂ ਪੰਜਾਬ ਦੇ ਕਿਸਾਨ ਇਸ ਦਾ ਜਵਾਬ ਕਿਵੇਂ ਦਿੰਦੇ ਹਨ, ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।