ਜਥੇਦਾਰ ਨੂੰ ਹਟਾਏ ਜਾਣ ਦੇ ਵਿਰੋਧ ਵਿੱਚ ਹਲਚਲ ਮੱਚੀ

ਸਿਆਸੀ ਹਲਚਲ ਖਬਰਾਂ

*ਮਜੀਠੀਆ, ਲੌਂਗੋਵਾਲ ਤੇ ਸ਼ਰਨਜੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਵਿਰੋਧ ਵਿੱਚ ਆਏ
*ਅਕਾਲੀ ਧੜਿਆਂ ਵਿੱਚ ਫੁੱਟ ਸਿਰੇ ਲੱਗਣ ਦੇ ਆਸਾਰ

ਪੰਜਾਬੀ ਪਰਵਾਜ਼ ਬਿਊਰੋ
ਗਿਆਨੀ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਅੰਦਰੂਨੀ ਰੱਫੜ ਖੜ੍ਹਾ ਹੋ ਗਿਆ ਹੈ। ਪਾਰਟੀ ਲੱਗਪਗ ਦੁਫਾੜ ਹੋ ਗਈ ਹੈ। ਇਸ ਦਾ ਰਸਮੀ ਰੂਪ ਵਿੱਚ ਐਲਾਨ ਕਰਨਾ ਹੀ ਸਿਰਫ ਬਾਕੀ ਰਹਿ ਗਿਆ ਲਗਦਾ ਹੈ।

ਭਾਵੇਂਕਿ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਹੋਰ ਅਕਾਲੀ ਦਲ ਦੇ ਆਗੂ ਦੋਵੇਂ ਧੜਿਆਂ ਨੂੰ ਆਪਸ ਵਿੱਚ ਨੇੜੇ ਲਿਆਉਣ ਦੇ ਯਤਨ ਕਰ ਰਹੇ ਹਨ, ਪਰ ਕਾਬਜ ਲੀਡਰਸ਼ਿੱਪ ਦੀ ਜ਼ਿੱਦ ਇਸ ਤਰੇੜ ਨੂੰ ਡੂੰਘਾ ਕਰਨ ਦਾ ਕਾਰਨ ਬਣ ਰਹੀ ਹੈ। ਯਾਦ ਰਹੇ, 7 ਮਾਰਚ 2025 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ, 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ ਸੱਤ ਮੈਂਬਰੀ ਭਰਤੀ ਕਮੇਟੀ ਦੇ ਬਚਦੇ 5 ਮੈਂਬਰਾਂ ਨੂੰ ਅਕਾਲੀ ਦਲ ਦੀ ਨਵੀਂ ਮੈਂਬਸ਼ਿਪ ਭਰਤੀ ਕਰਨ ਦੇ ਆਦੇਸ਼ ਦੇ ਦਿੱਤੇ ਸਨ ਅਤੇ ਆਖ ਦਿੱਤਾ ਸੀ ਕਿ ਇਸ ਵਾਸਤੇ ਅਕਾਲੀ ਦਲ ਦੀ ਕਾਬਜ਼ ਲੀਡਰਸ਼ਿੱਪ ਦੇ ਸਹਿਯੋਗ ਦੀ ਕੋਈ ਜ਼ਰੂਰਤ ਨਹੀਂ ਹੈ। 7 ਮੈਂਬਰੀ ਭਰਤੀ ਕਮੇਟੀ ਤੋਂ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪਹਿਲਾਂ ਹੀ ਵੱਖ ਹੋ ਚੁੱਕੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਪਿੱਛੇ ਦਲੀਲ ਇਹ ਦਿੱਤੀ ਹੈ ਕਿ “ਵਿਸ਼ਵੀਕਰਨ ਦੇ ਇਸ ਦੌਰ ਵਿੱਚ ਗਿਆਨੀ ਰਘਬੀਰ ਸਿੰਘ ਕੌਮ ਨੂੰ ਸਹੀ ਅਗਵਾਈ ਦੇਣ ਵਿੱਚ ਅਸਮਰੱਥ ਸਾਬਤ ਹੋਏ ਹਨ। ਕਮੇਟੀ ਨੇ ਦਲੀਲ ਦਿੱਤੀ ਕਿ ਇਸ ਨਾਲ ਵੱਖ-ਵੱਖ ਜਥੇਬੰਦੀਆਂ/ਸੰਸਥਾਵਾਂ ਵਿੱਚ ਵਖਰੇਵੇਂ ਵਧ ਰਹੇ ਹਨ। ਅਜਿਹੇ ਨਾਜ਼ੁਕ ਸਮੇਂ ਪੰਥਕ ਸ਼ਕਤੀ ਨੂੰ ਮਜਬੂਤ ਕਰਨ ਦੀ ਬਜਾਏ ਜਥੇਦਾਰ ਅਜਿਹੇ ਹਾਲਾਤ ਪੈਦਾ ਕਰ ਰਹੇ ਹਨ, ਜਿਸ ਨਾਲ ਪੰਥਕ ਸ਼ਕਤੀ ਖੇਰੂੰ-ਖੇਰੂੰ ਹੋ ਰਹੀ ਹੈ।”
ਪਰ ਦੂਜੇ ਪਾਸੇ, ਵਿਰੋਧੀਆਂ ਵੱਲੋਂ ਇਹ ਸਵਾਲ ਵੀ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਜੇ ਜਥੇਦਾਰ ਸਾਹਿਬ ਯੋਗ ਨਹੀਂ ਹਨ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਕਿਉਂ ਰਹਿਣ ਦਿੱਤਾ ਗਿਆ ਹੈ? ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਫਾਰਗ ਕਰਨ ਦਾ ਸ਼੍ਰੋਮਣੀ ਕਮੇਟੀ ਦੇ ਸਿਰਫ ਚਾਰ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਇਨ੍ਹਾਂ ਵਿੱਚ ਭਾਈ ਜਸਵੰਤ ਸਿੰਘ ਪੁੜੈਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਭਾਈ ਪਰਮਜੀਤ ਸਿੰਘ ਰਾਏਪੁਰ ਅਤੇ ਅਮਰੀਕ ਸਿੰਘ ਵਿਛੋਆ ਸ਼ਾਮਲ ਹਨ।
ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਤਿਹਾਸ ਵਿੱਚ ਪੋਸਟ ਗਰੈਜੂਏਟ ਹਨ ਅਤੇ ਉਨ੍ਹਾਂ ਸਿੱਖ ਮਿਸ਼ਨਰੀ ਕਾਲਜ ਤੋਂ ਵੀ ਵਿਦਿਆ ਪ੍ਰਾਪਤ ਕੀਤੀ ਹੈ। ਉਹ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਜੱਬੋਵਾਲ ਦੇ ਵਸਨੀਕ ਹਨ ਅਤੇ ਪਿਛਲੇ ਤਿੰਨ ਸਾਲ ਤੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾਵਾਚਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਦੇ ਧਾਰਮਿਕ ਸਲਾਹਕਾਰ ਵੀ ਰਹੇ ਹਨ।
ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਉਣ ਦੀ ਨਿਖੇਧੀ ਕੀਤੀ ਹੈ ਅਤੇ ਅਕਾਲੀ ਦਲ ਵਿੱਚ ਏਕਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਨਾਲ ਮਾਝੇ ਦੇ ਕਈ ਹੋਰ ਨੌਜਵਾਨ ਆਗੂਆਂ ਨੇ ਵੀ ਜਥੇਦਾਰ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ। ਇਸ ਫੈਸਲੇ ਦੀ ਔਖ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਰੋਪੜ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਏ ਜਾਣ ਦੀ ਨਿਖੇਧੀ ਕੀਤੀ ਹੈ। ਸ. ਲੌਂਗੋਵਾਲ ਨੇ ਕਿਹਾ ਕਿ ਜਿਸ ਢੰਗ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਜਥੇਦਾਰ ਖਿਲਾਫ ਕਾਰਵਾਈ ਕੀਤੀ ਗਈ ਹੈ, ਉਸ ਨੇ ਉਨ੍ਹਾਂ ਦੇ ਦਿਲ ਨੂੰ ਦੁਖੀ ਕੀਤਾ ਹੈ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕੋਰ ਕਮੇਟੀ ਮੈਂਬਰ ਲਖਬੀਰ ਸਿੰਘ ਲੋਧੀ ਨੰਗਲ, ਅਜਨਾਲਾ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਹਲਕਾ ਮੁਕੇਰੀਆਂ ਦੇ ਇੰਚਾਰਜ ਸਰਬਜੋਤ ਸਿੰਘ ਸਾਭੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਵੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਏ ਜਾਣ ‘ਤੇ ਨਾਰਾਜ਼ਗੀ ਜਾਹਰ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਵਿਰੁਧ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ “ਨਾ ਘਸੁੰਨ ਮਾਰਦਾ ਹੈ ਨਾ ਲੱਤ ਮਾਰਦਾ ਹੈ, ਪ੍ਰਮਾਤਮਾ ਜਦੋਂ ਮਾਰਦਾ ਹੈ ਤਾਂ ਮੱਤ ਮਾਰਦਾ ਹੈ।” ਖਾਲਸਾ ਦੀਵਾਨ ਦੇ ਆਗੂ ਸ. ਇੰਦਰਬੀਰ ਸਿੰਘ ਨਿੱਝਰ ਅਤੇ ਬਾਗੀ ਧੜੇ ਦੇ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਜਥੇਦਾਰ ਨੂੰ ਅਹੁਦੇ ਤੋਂ ਵੱਖ ਕਰਨ ਦੀ ਕਾਰਵਾਈ ਨੂੰ ਮੰਦਭਾਗਾ ਆਖ ਕੇ ਨਿੰਦਿਆ ਹੈ।
ਲਗਦਾ ਇਹ ਹੈ ਕਿ ਅਕਾਲੀ ਦਲ ਵਿੱਚ 2 ਦਸੰਬਰ ਦੇ ਹੁਕਮਨਾਮੇ ਨੂੰ ਮੁਕੰਮਲ ਰੂਪ ਵਿੱਚ ਸਵੀਕਾਰ ਕਰਨ ‘ਤੇ ਚੱਲ ਰਹੀ ਕਸ਼ਮਕਸ਼ ਹੁਣ ਫੁੱਟ ਕੇ ਬਾਹਰ ਆਉਣ ਲੱਗੀ ਹੈ। ਇਹ ਰੁਝਾਨ ਇੱਥੇ ਹੀ ਰੁਕ ਜਾਂਦਾ ਹੈ ਜਾਂ ਹੋਰ ਵੀ ਤੇਜ਼ੀ ਨਾਲ ਅੱਗੇ ਵਧਦਾ ਹੈ, ਇਸ ’ਤੇ ਅਕਾਲੀ ਦਲ (ਬ) ਦੀ ਹੋਂਦ ਹਸਤੀ ਦਾ ਦਾਰੋ-ਮਦਾਰ ਨਿਰਭਰ ਕਰੇਗਾ। ਇਹ ਵਰਤਾਰੇ ਕੀ ਰੁਖ ਲੈਂਦੇ ਹਨ, ਇਸ ਦਾ ਪਤਾ ਆਉਣ ਵਾਲੇ ਕੁਝ ਦਿਨਾਂ ਵਿੱਚ ਲੱਗੇਗਾ। ਉਂਝ ਬਿਕਰਮ ਸਿੰਘ ਮਜੀਠੀਆ ਵੱਲੋਂ ਆ ਰਹੇ ਵਿਰੋਧ ਦੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਉਨ੍ਹਾਂ ਨਾਲ ਕਈ ਹੋਰ ਅਕਾਲੀ ਆਗੂਆਂ ਦੇ ਬਿਆਨ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਗੰਭੀਰ ਠੇਸ ਪਹੁੰਚਾਈ ਹੈ। ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਮਜੀਠੀਆ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ‘ਤੇ ਸੁਆਲ ਚੁੱਕ ਕੇ ਗਲਤ ਕੀਤਾ ਹੈ, ਜਿਸ ਦੇ ਪਹਿਲੇ ਪ੍ਰਧਾਨ ਉਨ੍ਹਾਂ ਦੇ ਪੜਦਾਦਾ ਸ. ਸੁੰਦਰ ਸਿੰਘ ਮਜੀਠੀਆ ਬਣੇ ਸਨ। ਸ. ਭੂੰਦੜ ਨੇ ਇੱਥੋਂ ਤੱਕ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਹਮੇਸ਼ਾ ਪਿੱਠ ਥਾਪੜੀ ਹੈ, ਪਰ ਅੱਜ ਬਿਕਰਮ ਨੇ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਂਝ ਬਾਅਦ ਵਿੱਚ ਬਲਵਿੰਦਰ ਸਿੰਘ ਭੂੰਦੜ ਨੇ ਆਪਣਾ ਇਹ ਬਿਆਨ ਅੱਧ-ਪਚੱਧੇ ਰੂਪ ਵਿੱਚ ਵਾਪਸ ਲੈ ਲਿਆ ਅਤੇ ਆਖਿਆ ਕਿ ‘ਪਿੱਠ ਵਿੱਚ ਛੁਰਾ ਮਾਰਨ’ ਵਰਗੀ ਸ਼ਬਦਾਵਲੀ ਉਨ੍ਹਾਂ ਦੀ ਨਹੀਂ ਹੈ, ਪਰ ਉਨ੍ਹਾਂ ਸਵੀਕਾਰ ਕੀਤਾ ਕਿ ਬਿਆਨ ਉਨ੍ਹਾਂ ਨੂੰ ਪੁੱਛ ਕੇ ਦਿੱਤਾ ਗਿਆ ਹੈ।
ਅਸਲ ਵਿੱਚ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਇਸ ਫੈਸਲੇ ਨਾਲ ਬੀਤੀ 7 ਮਾਰਚ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਆਪੋ ਆਪਣੇ ਅਹੁਦਿਆਂ ਤੋਂ ਵੱਖ ਕਰ ਦਿੱਤਾ ਗਿਆ ਸੀ। ਗਿਆਨੀ ਰਘਬੀਰ ਸਿੰਘ ਦੀ ਥਾਂ ਇੱਕ ਸਿੱਖ ਪ੍ਰਚਾਰਕ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਹ ਦਿੱਲੀ ਦੇ ਸਿੱਖ ਆਗੂ ਅਤੇ ਸਨਅਤਕਾਰ ਪਰਮਜੀਤ ਸਿੰਘ ਸਰਨਾ ਦੇ ਨਜ਼ਦੀਕ ਸਮਝੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ ਇਸ ਪਾਸੇ ਤੋਂ ਹੋਈ ਨਾਮਜ਼ਦਗੀ ਨਾਲ ਹੀ ਹੋਈ ਲਗਦੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦੇ ਇੱਕ ਆਗੂ ਸੰਤ ਟੇਕ ਸਿੰਘ ਧਨੌਲਾ ਨੂੰ ਸ੍ਰੀ ਦਮਦਮਾ ਸਾਹਿਬ ਦਾ ਐਕਟਿੰਗ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਹੈ। ਧਾਰਮਿਕ ਖੇਤਰ ਨਾਲ ਉਨ੍ਹਾਂ ਦਾ ਜ਼ਿਆਦਾ ਵਾਹ ਵਾਸਤਾ ਨਹੀਂ ਰਿਹਾ। ਉਨ੍ਹਾਂ ਦਾ ਨਾਂ ਜਥੇਦਾਰ ਵਜੋਂ ਸਾਹਮਣੇ ਆਉਣ ‘ਤੇ ਕਈ ਕਿਸਮ ਦੀਆਂ ਵੀਡੀਉਜ਼ ਵਾਇਰਲ ਹੋ ਰਹੀਆਂ ਹਨ। ਜਥੇਦਾਰਾਂ ਨੂੰ ਬੇਪੱਤ ਕਰਕੇ ਅਹੁਦਿਆਂ ਤੋਂ ਵੱਖ ਕਰਨ ਦੇ ਇਸ ਘਟਨਾਕ੍ਰਮ ਦਰਮਿਆਨ ਦਲ ਖਾਲਸਾ ਸਮੇਤ ਕਈ ਸਿੱਖ ਜਥੇਬੰਦੀਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਇੱਕ ਸਰਬਪ੍ਰਵਾਨਿਤ ਵਿਧੀ ਵਿਧਾਨ ਘੜਨ ਦੀ ਵਕਾਲਤ ਕਰ ਰਹੀਆਂ ਹਨ।
ਇਸ ਘਟਨਾਕ੍ਰਮ ਨੇ ਪਾਰਲੀਮਾਨੀ ਸਿੱਖ ਸਿਆਸਤ ਦੇ ਸੰਕਟ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ। ਇਸ ਨਾਲ ਦੋ ਕਿਸਮ ਦੇ ਅਕਾਲੀ ਦਲਾਂ ਵਿਚਕਾਰ ਸਪਸ਼ਟ ਪਾਲਬੰਦੀ ਹੋਣ ਦੀ ਸੰਭਾਵਨਾ ਬਣ ਗਈ ਹੈ। ਇੱਕ ਪਾਸੇ ਉਹ ਹਨ, ਜਿਹੜੇ ਆਪਣੇ ਸਿਆਸੀ ਮਾਮਲਿਆਂ ਵਿੱਚ ਅਕਾਲ ਤਖਤ ਸਾਹਿਬ ਦੇ ਦਖਲ ਨੂੰ ਸਵੀਕਾਰ ਨਹੀਂ ਕਰਦੇ ਹਨ; ਦੂਜੇ ਪਾਸੇ ਉਹ ਹਨ, ਜਿਹੜੇ ਆਪਣੀ ਸਿਆਸਤ ਨੂੰ ਅਕਾਲ ਤਖਤ ਸਾਹਿਬ ਦੀ ਤਾਬਿਆ ਵਿੱਚ ਅੱਗੇ ਤੋਰਨਾ ਚਾਹੁੰਦੇ ਹਨ। ਅਕਾਲੀ ਦਲ (ਬਾਦਲ) ਦੇ ਅੰਦਰੋਂ ਜਥੇਦਾਰ ਨੂੰ ਹਟਾਏ ਜਾਣ ਦਾ ਵਿਰੋਧ ਹੋਣ ਨਾਲ ਸਥਿਤੀ ਹੋਰ ਵਿਸਫੋਟਕ ਹੋਣ ਦੇ ਆਸਾਰ ਬਣ ਗਏ ਹਨ। ਇਹ ਹਾਲਾਤ ਦੋਹਾਂ ਅਕਾਲੀ ਧੜਿਆਂ ਨੂੰ ਆਪਸੀ ਏਕਤਾ ਵੱਲ ਵੀ ਧੱਕ ਸਕਦੇ ਹਨ, ਪਰ ਅਕਾਲੀ ਦਲ ਵਿੱਚ ਚੱਲੀ ਇਸ ਖਿੱਚੋਤਾਣ ਨੇ ਬਾਦਲ ਪਰਿਵਾਰ ਵਿੱਚ ਵੀ ਦੁਫੇੜ ਖੜ੍ਹੀ ਕਰ ਦਿੱਤੀ ਹੈ।
ਇਸੇ ਘਮਸਾਣ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹਟਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਅਕਾਲੀ ਆਗੂਆਂ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਆਪਣਾ ਅਹੁਦਾ ਵਾਪਸ ਲੈਣ ਦੀਆਂ ਕੀਤੀਆਂ ਗਈਆਂ ਅਪੀਲਾਂ ਦੇ ਬਾਵਜੂਦ ਉਨ੍ਹਾਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਇਹ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਦੇ ਅਸਤੀਫੇ ਨੂੰ ਪੈਂਡਿੰਗ ਰੱਖ ਲਿਆ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਆਪਣੀ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਆਰੰਭ ਮੌਕੇ ਅੰਮ੍ਰਿਤਸਰ ਵਿੱਚ ਇੱਕ ਵੱਡਾ ਇਕੱਠ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

Leave a Reply

Your email address will not be published. Required fields are marked *