ਦੁੱਖੜੇ ਬਟਵਾਰੇ ਦੇ…
ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੇ ਦੁੱਖ ਪਿੰਡੇ ਜਾਂ ਮਨ `ਤੇ ਹੰਢਾਏ ਹਨ, ਉਸ ਨਾਲ ਜੁੜੀਆਂ ਯਾਦਾਂ ਅਤੇ ਯਾਦਾਂ ਵਿੱਚੋਂ ਉਠਦੀਆਂ ਚੀਸਾਂ ਦਾ ਦਰਦ ਉਹ ਹੀ ਕਿਆਸ ਸਕਦੇ ਹਨ। ਸਾਂਝੇ ਪੰਜਾਬ ਦੇ ਪੰਜਾਬੀਆਂ ਨੂੰ ਹਾਲੇ ਵੀ ਵਿਛੋੜੇ ਦਾ ਹੇਰਵਾ ਹੈ; ਹਾਲੇ ਵੀ ਉਨ੍ਹਾਂ ਦੇ ਧੁਰ ਅੰਦਰ ਮਜ਼ਹਬੀ ਸਾਂਝਾਂ, ਇਤਫਾਕ ਤੇ ਭਲੇ ਵੇਲਿਆਂ ਦੀ ਪੂਣੀ ਕੱਤ ਹੁੰਦੀ ਹੈ ਅਤੇ ਫਿਰ ਬਦਲਦੀਆਂ ਤਰਜੀਹਾਂ ਤੇ ਸਿਆਸੀ/ਧਾਰਮਿਕ ਲੋੜਾਂ ਵਿੱਚੋਂ ਉਪਜੀ ਬੇਇਤਫਾਕੀ ਦੀ ਲਹਿਰ ਵੀ ਫਿਰਦੀ ਹੈ, ਜੋ ਉਨ੍ਹਾਂ ਨੂੰ ਪਰੁੰਨ ਸੁੱਟਦੀ ਹੈ। ਅਜਿਹੀਆਂ ਹੀ ਮਿੱਠੀਆਂ-ਖੱਟੀਆਂ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ ਕਲਮਕਾਰ ਸਾਂਵਲ ਧਾਮੀ ਨੇ ਕੁਝ ਇਸ ਲਹਿਜ਼ੇ `ਚ ਖੋਲ੍ਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ, ਪਾਠਕ ਇਨ੍ਹਾਂ ਨੂੰ ਪਰੁੱਚ ਕੇ ਪੜ੍ਹਨਗੇ… ਪ੍ਰਬੰਧਕੀ ਸੰਪਾਦਕ
ਸਾਂਵਲ ਧਾਮੀ
ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਭੀਖੋਵਾਲ ਤੋਂ ਚੜਦੇ ਪਾਸੇ ਘੁੱਗ ਵੱਸਦਾ ਪਿੰਡ ਹੈ ਕਾਂਟੀਆਂ। ਹੋਰ ਨਜ਼ਦੀਕੀ ਪਿੰਡ ਹਨ- ਬਾਗਪੁਰ, ਬਸੀ ਮਾਰੂਫ਼, ਰੌਲ਼ ਤਲ਼ਾਈ, ਖੁੰਡੇ ਤੇ ਬਸੀ ਕਾਸੋ। ਚਵੀ ਸੌ ਕਿੱਲੇ ਦੇ ਕਰੀਬ ਰਕਬਾ ਹੈ ਇਸ ਪਿੰਡ ਦਾ। ਅੱਜ ਇਹ ਪਿੰਡ ਇੱਕੋ ਥਾਂ ਵੱਸਦਾ ਹੈ, ਪਰ ਸੰਤਾਲ਼ੀ ਤੋਂ ਪਹਿਲਾਂ ਇਸਦੀਆਂ ਦੋ ਆਬਾਦੀਆਂ ਸਨ। ਦੱਖਣ ਦਿਸ਼ਾ ਵਾਲ਼ੀ ਆਬਾਦੀ ’ਚ ਨਿਰੋਲ ਮੁਸਲਿਮ ਗੁੱਜਰ ਵੱਸਦੇ ਸਨ ਤੇ ਉੱਤਰ ਦੀ ਗੁੱਠੇ ਗੁੱਜਰ ਤੇ ਆਦਿ-ਧਰਮੀ। ਨਿਹਾਲਾ ਤੇ ਖੈਰਦੀਨ ਲੰਬੜ ਇਸ ਪਿੰਡ ਦੇ ਚੌਧਰੀ ਬੰਦੇ ਸਨ।
ਸੰਤਾਲ਼ੀ ਦੇ ਆਰ-ਪਾਰ ਦੀਆਂ ਗੱਲਾਂ ਸੁਣਨ ਲਈ ਮੈਂ ਨੱਬੇ ਵਰਿ੍ਹਆਂ ਦੇ ਬਜ਼ੁਰਗ ਬਾਬੇ ਹਜ਼ਾਰੇ ਨੂੰ ਮਿਲਿਆ। ਉਸਨੇ ਇਉਂ ਬੋਲਣਾ ਸ਼ੁਰੂ ਕਰ ਦਿੱਤਾ, ਜਿਉਂ ਸਭ ਕੁਝ ਲਿਖ ਕੇ ਯਾਦ ਕਰਦਾ ਰਿਹਾ ਹੋਵੇ। ਆਪਣੇ ਹਾਣੀ ਗੁਲਾਬ ਨਬੀ ਤੇ ਬੂਟੇ ਨੂੰ ਯਾਦ ਕਰਦਿਆਂ ਉਸਦੀਆਂ ਅੱਖਾਂ ਭਰ ਆਈਆਂ। ਉਹ ਫਜ਼ਲੇ, ਬੂਰੇ, ਦੌਲੇ, ਗੁਲਾਮ ਨਬੀ, ਬੂਟੇ, ਲਾਡੋ ਤੇ ਜੈਨਾ ਹੁਰਾਂ ਦੀਆਂ ਗੱਲਾਂ ਕਰਦਾ ਰਿਹਾ। ਇਨ੍ਹਾਂ ਕੁੜੀਆਂ ਤੇ ਮੁੰਡਿਆਂ ਨਾਲ਼ ਕਦੇ ਉਹ ਮੱਝਾਂ ਚਾਰਦਾ ਹੁੰਦਾ ਸੀ। ਫਿਰ ਉਸਨੂੰ ਵਿਛੋੜੇ ਦਾ ਉਹ ਮੰਜ਼ਰ ਯਾਦ ਆ ਗਿਆ, ਜਦੋਂ ਬੂਟਾ, ਹਾਕੋ, ਸਰਦਾਰ, ਨਿਆਜ਼ ਖੜ੍ਹੇ ਕੂਕਾਂ ਮਾਰ ਰਹੇ ਸਨ।
ਉਨ੍ਹਾਂ ਦੇ ਪਰਿਵਾਰ ਦੀ ‘ਸਾਂਝ’ ਦੁੱਲੇ ਗੁੱਜਰ ਨਾਲ਼ ਸੀ।
“ਆਹ ਮੰਜਾ ਦੁੱਲੇ ਚਾਚੇ ਨੇ ਐਸਾਂ ਭੈਣ ਦੇ ਦਾਜ ਲਈ ਬਣਵਾਇਆ ਸੀ…।” ਜਿਸ ਮੰਜੇ ’ਤੇ ਬੈਠਾ ਉਹ ਗੱਲਾਂ ਕਰ ਰਿਹਾ ਸੀ, ਉਸ ਦੇ ਪਾਵੇ ’ਤੇ ਉਸਨੇ ਇਉਂ ਹੱਥ ਫੇਰਿਆ ਸੀ, ਜਿਉਂ ਪਾਲਤੂ ਖ਼ਰਗੋਸ਼ ਦਾ ਸਿਰ ਪਲੋਸ ਰਿਹਾ ਹੋਵੇ।
“ਬੜੀ ਅਜਬ ਕਹਾਣੀ ਹੈ ਇਸ ਮੰਜੇ ਦੀ। ਅਲਮਾਰੀ ਤੇ ਇਹ ਮੰਜਾ ਦੁੱਲੇ ਚਾਚੇ ਨੇ ਭੂੰਗੇ ਤੋਂ ਬਣਵਾਏ ਸੀ। ਅਸੀਂ ਖੁਦ ਗੱਡੇ ’ਤੇ ਲੱਦ ਕੇ ਲਿਆਏ ਸਾਂ। ਥੋੜ੍ਹੇ ਦਿਨਾਂ ਤੱਕ ਐਸਾਂ ਭੈਣ ਦਾ ਨਿਕਾਹ ਸੀ। ਫਿਰ ਚੰਦਰਾ ਸੰਤਾਲ਼ੀ ਆ ਗਿਆ। ਉਹ ਲੋਕ ਉੱਜੜ ਗਏ। ਮੱਝਾਂ, ਗਾਈਆਂ ਤੇ ਬੱਕਰੀਆਂ ਬਾਹਰਲੇ ਪਿੰਡਾਂ ਵਾਲ਼ੇ ਲੈ ਗਏ। ਮੈਂ ਇਹ ਮੰਜਾ ਚੁੱਕ ਲਿਆਂਦਾ। ਨਿੱਕਾ-ਨਿੱਕਾ ਹੋਰ ਵੀ ਬੜਾ ਸਮਾਨ ਚੁੱਕਿਆ ਸੀ ਮੈਂ। ਉਹ ਮੈਂ ਪੁਲਿਸ ਦੇ ਡਰ ਤੋਂ ਮਿੱਟੀ ’ਚ ਦੱਬ ਦਿੱਤਾ ਸੀ। ਓਥੋਂ ਕੋਈ ਹੋਰ ਕੱਢ ਕੇ ਲੈ ਗਿਆ। ਚੋਰਾਂ ਨੂੰ ਮੋਰ ਪੈ ਗਏ।” ਗੱਲ ਮੁਕਾ ਉਹ ਹੱਸਣ ਦੀ ਅਸਫ਼ਲ ਕੋਸ਼ਿਸ਼ ਕਰਦਾ ਹੈ।
ਕਾਂਟੀਆਂ ਦੀ ਬਹੁਤੀ ਜ਼ਮੀਨ ਰੇਤਲੀ ਸੀ। ਸਰਕੜਿਆਂ ਨਾਲ਼ ਭਰੀ ਹੋਈ। ਜ਼ਮੀਨਾਂ ਵਾਲ਼ੇ ਬਹੁਤੇ ਗੁੱਜਰ ਵੀ ਲਕੜੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ। ਮੀਂਹ ਦੀ ਆਸ ’ਤੇ ਥੋੜ੍ਹਾ-ਥੋੜ੍ਹਾ ਥਾਂ ਬੀਜ ਲੈਂਦੇ। ਬਲਦ ਵੀ ਵਿਰਲੇ-ਟਾਂਵੇਂ ਗੁੱਜਰ ਕੋਲ਼ ਹੁੰਦੇ ਸਨ।
ਗੁਲਾਮ ਮੁਹੰਮਦ ਦੇ ਅਮੀਰ ਹੋਣ ਦੀ ਕਹਾਣੀ ਵੀ ਬਹੁਤ ਅਨੋਖੀ ਏ। ਚਾਰ ਭਰਾ ਸਨ ਉਹ। ਹੋਰਾਂ ਵਾਂਗ ਗ਼ਰੀਬੀ ਦੇ ਝੰਬੇ ਹੋਏ। ਉਨ੍ਹਾਂ ਊਠਣੀ ਰੱਖੀ ਹੋਈ ਸੀ। ਕਾਨੇ ਤੋੜ ਕੇ ਵੇਚਦੇ ਹੁੰਦੇ ਸਨ ਉਹ। ਗੁਲਾਮ ਪਿੰਡੋਂ ਉਹ ਹੱਜ ’ਤੇ ਗਿਆ ਸੀ। ਵਾਟੇ ਕਿਸੇ ਸ਼ਹਿਰ `ਚ ਉੱਨ ਦੀ ਬੋਲੀ ਹੁੰਦੀ ਪਈ ਸੀ। ਉਹਨੇ ਵੀ ਬੋਲੀ ਦੇ ਦਿੱਤੀ। ਬੋਲੀ ਉਹਦੇ ਨਾਂ ਟੁੱਟ ਗਈ। ਉਸੀ ਵਕਤ ਉੱਨ ਨੂੰ ਖਰੀਦਣ ਲਈ ਵਪਾਰੀ ਆ ਗਿਆ। ਖੜੇ-ਖੜੋਤੇ ਨੂੰ ਹਜ਼ਾਰਾਂ ਰੁਪਏ ਮਿਲ ਗਏ ਸੀ। ਵਾਪਸ ਮੁੜਿਆ ਤਾਂ ਉਹ ਗਰੀਬਾਂ ’ਚ ਵੰਡਣ ਲਈ ਕੰਬਲ ਲੈ ਕੇ ਆਇਆ। ਤਿੰਨ-ਚਾਰ ਦਿਨ ਨਿਆਜ਼ਾਂ ਦਿੰਦਾ ਰਿਹਾ। ਫਿਰ ਉਸਨੇ ਖੇਮਕਰਨ ਵਿਖੇ ਉੱਨ ਦਾ ਕਾਰਖਾਨਾ ਖਰੀਦ ਲਿਆ ਤੇ ਗਰੀਬ ਗੁੱਜਰਾਂ ਦੇ ਕਈ ਮੁੰਡੇ ਕੰਮ ’ਤੇ ਲਗਾ ਲਏ।
ਸੰਤਾਲ਼ੀ ’ਚ ਗੁਲਾਮ ਮੁਹੰਮਦ ਤੇ ਉਸਦੇ ਭਰਾ ਆਪਣੇ ਟੱਬਰਾਂ ਦੀ ਹਿਫ਼ਾਜ਼ਤ ਲਈ, ਰਫ਼ਲਾਂ ਲੈ ਕੇ ਖੇਮਕਰਨ ਤੋਂ ਆਏ। ਪਿੰਡੋਂ ਉੱਜੜ ਕੇ ਇਹ ਲੋਕ ਨੇੜਲੇ ਕਸਬੇ ਹਰਿਆਣੇ ਦੇ ਕੈਂਪ ’ਚ ਪਹੁੰਚ ਗਏ। ਰਾਸ਼ਣ-ਪਾਣੀ ਲਈ ਉਹ ਵਿੱਚ-ਵਿਚਾਲੇ ਪਿੰਡ ਵੱਲ ਗੇੜਾ ਮਾਰ ਲੈਂਦੇ। ਇੱਕ ਸ਼ਾਮ ਨੇੜਲੇ ਪਿੰਡਾਂ ਦੇ ਲੋਕ ਕਾਂਟੀਆਂ ਨੂੰ ਲੁੱਟ ਰਹੇ ਸਨ। ਗੁਲਾਮ ਮੁਹੰਮਦ ਹੁਰਾਂ ਗੋਲ਼ੀ ਚਲਾ ਦਿੱਤੀ। ਡਡਿਆਣੇ ਪਿੰਡ ਦੇ ਦੋ ਬੰਦੇ ਇਸ ਪਿੰਡ ’ਚ ਬੰਦੇ ਮਾਰੇ ਗਏ।
ਮੁਸਲਮਾਨ ਗਏ ਤਾਂ ਅੰਬਰ ਕਈ ਦਿਨ ਰੋਂਦਾ ਰਿਹਾ। ਪਹਾੜਾਂ ਵੱਲੋਂ ਪਾਣੀ ਚੜ੍ਹ ਆਇਆ। ਮੁਸਲਮਾਨਾਂ ਦੇ ਘਰ ਚੜ੍ਹਦੇ ਪਾਸੇ ਸਨ। ਵਿਚਕਾਰ ਬਰੇਤਾ ਪੈ ਗਿਆ। ਘਰ ਬਹਿਣ ਲੱਗੇ। ਸੱਤਵੇਂ ਦਿਨ ਮੀਂਹ ਮੱਠਾ ਪਿਆ ਤਾਂ ਨੌਜਵਾਨਾਂ ਨੇ ਲੰਬੇ-ਲੰਬੇ ਸੋਟੇ ਲਏ ਤੇ ਪਾਣੀ ਟੋਹ-ਟੋਹ ਕੇ ਬਜ਼ੁਰਗਾਂ ਨੂੰ ਲੰਘਾਇਆ। ਦਰਅਸਲ ਸੰਨ ਸੰਤਾਲ਼ੀ ਨੇ ਆਦਿ-ਧਰਮੀਆਂ ਨੂੰ ਵੀ ਉਜਾੜ ਦਿੱਤਾ ਸੀ ਤੇ ਉਹ ਹਮੇਸ਼ਾ ਲਈ ਦੱਖਣ ਦਿਸ਼ਾ ਵਾਲ਼ੀ ਆਬਾਦੀ ’ਚ ਆਣ ਵਸੇ ਸਨ।
ਲੀਕੋਂ ਪਾਰ ਗਏ ਗੁਲਾਮ ਮੁਹੰਮਦ ਨੇ ਪਿੰਡ ਵਾਸੀਆਂ ਨੂੰ ਕਈ ਚਿੱਠੀਆਂ ਪਾਈਆਂ। ਮੁੜ-ਮੁੜ ਇੱਕੋ ਗੱਲ ਲਿਖਦਾ ਕਿ ਮਨ ਬਣਾਓ, ਅਸੀਂ ਇੱਕ ਦਿਨ ’ਚ ਹੀ ਸਾਰਾ ਪਿੰਡ ਲੈ ਜਾਵਾਂਗੇ। ਲਹਿੰਦੇ ਪੰਜਾਬ ’ਚ ਇਸ ਟੱਬਰ ਨੇ ਆਪਣਾ ਕਾਰੋਬਾਰ ਹੋਰ ਵੀ ਵਧਾ ਲਿਆ ਸੀ।
ਗੁੱਜਰਾਂ ਵਾਲ਼ੀ ਜ਼ਮੀਨ ਸਿਆਲਕੋਟੀਆਂ ਨੂੰ ਅਲਾਟ ਹੋਈ ਸੀ। ਉਹ ਬਹੁਤੀ ਦੇਰ ਪਿੰਡ ’ਚ ਟਿਕ ਨਾ ਸਕੇ। ਰੇਤੀਲੀ ਜ਼ਮੀਨ ਤੇ ਸਰਕੜਿਆਂ ਦੇ ਜੰਗਲ ਕੋਲ਼ੋ ਡਰ ਗਏ। ਜ਼ਮੀਨਾਂ ਵੇਚ ਅਗਾਂਹ ਚਲੇ ਗਏ। ਓਧਰ ਪਾਕਿਸਤਾਨ ’ਚ ਕਾਂਟੀਆਂ ਦੀ ਜ਼ਮੀਨ ‘ਵੈਰਾਨੀ’ ਮਿੱਥੀ ਗਈ। ਕੋਈ ਅੱਠ-ਦਸ ਵਰ੍ਹੇ ਇੱਥੋਂ ਦੇ ਗੁੱਜਰ ਜ਼ਮੀਨ ਤੋਂ ਵਿਰਵੇ ਰਹੇ। ਨਿਹਾਲ ਦਾ ਮੁੰਡਾ ਇਕਬਾਲ ਪਟਵਾਰੀ ਸੀ। ਉਹਦੀ ਕੋਸ਼ਿਸ਼ ਨਾਲ਼ ਕਾਂਟੀਆਂ ਵਾiਲ਼ਆਂ ਨੂੰ ਜ਼ਮੀਨ ਮਿਲੀ।
ਕੱਚੇ ਵੱਢੇ ਕਾਨੇ ਦੀ ਅਖ਼ੀਰਲੀ ਨਾਲ਼ੀ ਨੂੰ ਨਾਕੂ ਕਿਹਾ ਜਾਂਦਾ। ਇਹ ਸੂਈ ਵਰਗਾ ਤਿੱਖਾ ਹੁੰਦਾ ਹੈ ਤੇ ਚਮੜੇ ਤੇ ਧੌੜੀਆਂ ਰੰਗਣ ਵੇਲੇ ਨਾਲ਼ ਸੀਤਾ ਜਾਂਦਾ ਹੈ। ਜਦੋਂ ਚਮੜਾ ਪੱਕ ਜਾਂਦਾ ਹੈ ਤਾਂ ਨਾਕੂਆਂ ਨੂੰ ਵਿੱਚੇ ਹੀ ਵੱਢ ਦਿੱਤਾ ਜਾਂਦਾ ਹੈ। ਨਾਲ਼ੀਆਂ ਦਾ ਫੂਸ ਉਵੇਂ ਚਮੜੇ ਵਿੱਚ ਫਸਿਆ ਰਹਿ ਜਾਂਦਾ। ਰੰਗੀਆਂ ਹੋਈਆਂ ਉਹ ਧੌੜੀਆਂ ਬਹੁਤ ਮਹਿੰਗੇ ਭਾਅ ਵਿਕਦੀਆਂ ਨੇ। ਧੌੜੀਆਂ ਨਾਲ਼ ਨਾਕੂ ਵੀ ਜੋਖੇ ਜਾਂਦੇ ਨੇ। ਸੋ ਇਹ ਨਾਲ਼ੀਆਂ ਵੀ ਧੌੜੀ ਦੇ ਭਾਅ ਵਿਕ ਜਾਂਦੀਆਂ ਨੇ।
ਕਿਧਰੋਂ ਇਕਬਾਲ ਦੇ ਹੱਥ ਇਹ ਨਾਲ਼ੀਆਂ ਆ ਗਈਆਂ ਸਨ। ਨਾਲ਼ੀਆਂ ਲੈ ਕੇ ਉਹ ਅਦਾਲਤ ਵਿੱਚ ਪੇਸ਼ ਹੋ ਗਿਆ ਸੀ। ਉਸਨੇ ਜੱਜ ਨੂੰ ਕਿਹਾ ਕਿ ਸਾਡੇ ਪਿੰਡ ਕਾਂਟੀਆਂ ਦੇ ਖੇਤ ਬੰਜਰ ਨਹੀਂ ਸਨ। ਉਨ੍ਹਾਂ ਵਿੱਚ ਆਹ ਚੀਜ਼ ਉੱਗਦੀ ਤੇ ਤਿਆਰ ਹੁੰਦੀ ਸੀ। ਬੱਸ ਇੱਕ ਇਹੋ ਸਬੂਤ ਕਾਂਟੀਆਂ ਦੇ ਮੁਸਲਮਾਨਾਂ ਲਈ ਵਧੀਆ ਜ਼ਮੀਨ ਦਾ ਜ਼ਰੀਆ ਬਣ ਗਿਆ। ਭੁੱਖੇ ਮਰਦੇ-ਮਰਦੇ ਉਹ ਲੋਕ ਮੁਰੱਬਿਆਂ ਦੇ ਮਾਲਕ ਹੋ ਗਏ। ਹੁਣ ਉਹ ਕਾਂਟੀਆਂ ਵਾiਲ਼ਆਂ ਨੂੰ ਚਿੱਠੀਆਂ ਲਿਖਦੇ ਤਾਂ ਨਹਿਰੀ ਪਾਣੀਆਂ, ਲਹਿ-ਲਹਾਉਂਦੀਆਂ ਫਸਲਾਂ ਤੇ ਜ਼ਿੰਦਗੀ ’ਚ ਆਏ ਖ਼ੁਸ਼ੀਆਂ-ਖੇੜਿਆਂ ਦਾ ਜ਼ਿਕਰ ਜ਼ਰੂਰ ਕਰਦੇ। ਭਾਵੇਂ ਕਿ ਕਾਂਟੀਆਂ ਬੰਜਰ ਸੀ, ਬੇਸ਼ੱਕ ਇਸ ਪਿੰਡ ਨੇ ਉਨ੍ਹਾਂ ਨੂੰ ਕਦੇ ਵੀ ਰੱਜਵੀਂ ਰੋਟੀ ਨਹੀਂ ਸੀ ਬਖ਼ਸ਼ੀ, ਪਰ ਉਨ੍ਹਾਂ ਦੀਆਂ ਚਿੱਠੀਆਂ ’ਤੇ ਹੰਝੂਆਂ ਦੇ ਨਿਸ਼ਾਨ ਜ਼ਰੂਰ ਹੁੰਦੇ ਸਨ।
ਫਿਰ ਕੋਈ ਪੰਜਾਹ ਵਰਿ੍ਹਆਂ ਬਾਅਦ ਆਪਣਾ ਪਿੰਡ ਵੇਖਣ ਆਇਆ। ਉਹ ਹੈਰਾਨ ਹੋ ਗਿਆ। ਕਾਂਟੀਆਂ ਦੇ ਖੇਤਾਂ ’ਚ ਸਰਕੜੇ ਦੀ ਥਾਂ ਕਿੰਨੂ ਤੇ ਕਮਾਦ ਲਹਿਲਹਾ ਰਹੇ ਸਨ। ਉਹ ਪਿੰਡ ਵਾਸੀਆਂ ਨੂੰ ਵਿਖਾਉਣ ਲਈ ਸਬੂਤ ਵਜੋਂ ਆਪਣੇ ਨਾਲ਼ ਕੁਝ ਗੰਨੇ ਲੈ ਗਿਆ ਸੀ।
ਗੱਲਬਾਤ ਦੇ ਅਖ਼ੀਰ ’ਚ ਬਾਬਾ ਹਜ਼ਾਰਾ ਮੇਰੇ ਕੋਲ਼ ਹੁੰਦਿਆਂ ਬੋਲਿਆ, “ਪੁੱਤਰਾ! ਸੰਤਾਲ਼ੀ ’ਚ ਪਾਪੀਆਂ ਲੱਖਾਂ ਬੇਗੁਨਾਹ ਮਾਰੇ। ਘਰ ਉਜਾੜੇ। ਲੁੱਟਾਂ-ਖੋਹਾਂ ਕੀਤੀਆਂ। ਧੀਆਂ-ਭੈਣਾਂ ਦੀ ਬੇਪਤੀ ਵੀ ਕੀਤੀ। ਮੈਥੋਂ ਵੀ ਗਲਤੀ ਹੋ ਗਈ ਇੱਕ। ਮੈਂ ਆਹ ਮੰਜਾ ਚੁੱਕ ਲਿਆਇਆਂ। ਉਹ ਵੀ ਭੈਣ ਐਸਾਂ ਦੇ ਦਾਜ ਦਾ। ਮੈਂ ਕਈ ਚਿੱਠੀਆਂ ਵੀ ਲਿਖਵਾਈਆਂ। ਖੌਰੇ ਦੁੱਲੇ ਚਾਚੇ ਨੂੰ ਮਿਲੀਆਂ ਈ ਨਹੀਂ। ਕਾਸ਼ ਕਿਸੇ ਤਰ੍ਹਾਂ ਇਹ ਮੰਜਾ ਮੈਂ ਪਾਕਿਸਤਾਨ ਪਹੁੰਚਾ ਸਕਦਾ!”
“ਲੈ! ਰੋਂਦਾ ਮੰਜੇ ਨੂੰ, ਤੇਰੀ ਐਸਾਂ ਤਾਂ ਕਦੋਂ ਦੀ ਮਰ ਗਈ ਹੋਣੀ ਏਂ!” ਕੋਲ਼ ਬੈਠੀ ਉਸਦੀ ਪਤਨੀ ਗੁੱਸੇ-ਭਰੇ ਮਜ਼ਾਕ ’ਚ ਬੋਲੀ ਹੈ।
“ਉਹ ਤਾਂ ਠੀਕ ਹੈ, ਪਰ ਮੈਂ ਕੀ ਕਰਾਂ? ਉਸ ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ!” ਇਹ ਆਖਦਿਆਂ ਬਾਬੇ ਹਜ਼ਾਰੇ ਨੇ ਬੁੱਢੀਆਂ ਅੱਖਾਂ ਨੂੰ, ਝੁਰੜਾਏ ਹੱਥਾਂ ’ਚ ਲੁਕੋ ਲਿਆ ਸੀ।