*ਜਰਮਨੀ ‘ਚ ਕ੍ਰਿਸਚੀਅਨ ਅਤੇ ਸੋਸ਼ਲ ਡੈਮੋਕਰੇਟਾਂ ਦੀ ਸਾਂਝੀ ਸਰਕਾਰ ਦੇ ਆਸਾਰ
*ਟਰੇਡ ਵਾਰ ਦਾ ਅਸਫਲ ਹੋਣਾ ਤੈਅ
ਪੰਜਾਬੀ ਪਰਵਾਜ਼ ਬਿਊਰੋ
ਜਦੋਂ ਦੁਨੀਆਂ ਦੇ ਵੱਡੇ ਮੁਲਕਾਂ ਦੀ ਸਿਆਸਤ ਸੱਜੇ ਪਾਸੇ ਰੁਖ ਕਰ ਰਹੀ ਹੈ ਤਾਂ ਵਾਤਾਵਰਣ ਵਿਗਾੜ ਅਤੇ ਮੌਸਮੀ ਤਬਦੀਲੀਆਂ ਬਾਰੇ ਸੁਚੇਤ ਲੋਕ ਫਿਕਰਮੰਦ ਹੋਣ ਲੱਗੇ ਹਨ। ਅਮਰੀਕਾ, ਅਰਜਨਟੀਨਾ, ਇਟਲੀ ਤੋਂ ਬਾਅਦ ਜਰਮਨੀ ਵੀ ਹੁਣ ਸੱਜੇ ਰੁਖ ਮੋੜ ਕੱਟਦਾ ਵਿਖਾਈ ਦੇ ਰਿਹਾ ਹੈ। ਜਰਮਨੀ ਵਿੱਚ ਅੱਤਿ ਸੱਜੇ ਪੱਖੀਆਂ ਦਾ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਤਿੱਖਾ ਉਭਾਰ ਵੇਖਣ ਨੂੰ ਮਿਲ ਰਿਹਾ ਹੈ। ਕੇਂਦਰ ਤੋਂ ਮਾਸਾ ਕੁ ਸੱਜੀ ਟੇਢ ਰੱਖਣ ਵਾਲੀ ਕ੍ਰਿਸਚੀਅਨ ਡੈਮੋਕਰੇਟਸ ਪਾਰਟੀ ਦੇ ਆਗੂ ਫਰੈਡਰਿਕ ਮੇਰਜ ਨੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਯਕੀਨ ਰੱਖਣ ਵਾਲੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਆਗਾਹ ਕੀਤਾ ਹੈ ਕਿ ਪਰਵਾਸ ਦੇ ਮਸਲਿਆਂ ‘ਤੇ ਆਪਣੀ ਪਹੁੰਚ ਦਰੁਸਤ ਕਰ ਲਵੋ ਨਹੀਂ ਤੇ ਇੱਕ ਸਦੀ ਬਾਅਦ ਕਠਮੁੱਲਾਵਾਦ ਮੁੜ ਸਾਡੀਆਂ ਬਰੂਹਾਂ ‘ਤੇ ਦਸਤਖ਼ਤ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਰਮਨੀ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਕ੍ਰਿਸਚੀਅਨ ਡੈਮੋਕਰੇਟ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਅੱਤਿ ਸੱਜੇਪੱਖੀ ਅਤੇ ਪਰਵਾਸ ਵਿਰੋਧੀ ਧਿਰ, ਅਲਟਰਨੇਟਿਵ ਫਾਰ ਜਰਮਨੀ (ਏ.ਐਫ.ਡੀ) ਦੂਜੇ ਸਥਾਨ ‘ਤੇ ਰਹੀ ਹੈ। ਚੋਣ ਨਤੀਜਿਆਂ ਤੋਂ ਬਾਅਦ ਬੋਲਦਿਆਂ ਏ.ਐਫ.ਡੀ. ਦੀ ਆਗੂ ਐਲਿਸ ਵੇਡਲ ਨੇ ਕਿਹਾ ਕਿ ਉਹ ਦੇਸ਼ ਦੀ ਸਭ ਤੋਂ ਮਜ਼ਬੂਤ ਪਾਰਟੀ ਬਣਨਾ ਚਹੁੰਦੀ ਹੈ। ਜਰਮਨ ਚੋਣਾਂ ਵਿੱਚ ਕ੍ਰਿਸਚੀਅਨ ਡੈਮੋਕਰੇਟਾਂ ਨੂੰ ਸਭ ਤੋਂ ਜ਼ਿਆਦਾ 28.6 ਫੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ 21 ਫੀਸਦੀ ਵੋਟਾਂ ਹਾਸਲ ਕਰਕੇ ਏ.ਐਫ.ਡੀ. ਦੂਜੇ ਨੰਬਰ ‘ਤੇ ਰਹੀ ਹੈ। ਸੋਸ਼ਿਲ ਡੈਮੋਕਰੇਟਾਂ ਨੂੰ 16.4 ਫੀਸਦੀ ਅਤੇ ਅੱਤਿ ਖੱਬਿਆਂ ਨੂੰ 8.8 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਇਸ ਹਾਲਤ ਵਿੱਚ ਕਰਿਸਚੀਅਨ ਡੈਮੋਕਰੇਟ ਅਤੇ ਸੋਸ਼ਲ ਡੈਮੋਕਰੇਟ ਪਾਰਟੀ ਦੀ ਸਾਂਝੀ ਸਰਕਾਰ ਬਣਨ ਦੀ ਉਮੀਦ ਹੈ। ਜਾਵਨੀ ਨਾਲ ਭਰਪੂਰ ਅੱਤਿ ਖੱਬੀਆਂ ਧਿਰਾਂ ਵੀ ਇਸ ਗੱਠਜੋੜ ਦਾ ਸਾਥ ਦੇ ਸਕਦੀਆਂ ਹਨ।
ਯਾਦ ਰਹੇ, ਇਹ ਕ੍ਰਿਸਚੀਅਨ ਡੈਮੋਕਰੇਟਾਂ ਦੀ ਪਾਰਟੀ ਦੀ ਆਗੂ ਐਂਜਲਾ ਮਾਰਕਲ ਹੀ ਸੀ, ਜਿਸ ਦੇ ਜਰਮਨ ਚਾਂਸਲਰ ਹੁੰਦਿਆਂ ਇਹ ਮੁਲਕ ਪਰਵਾਸੀਆਂ ਖਾਸ ਕਰਕੇ ਰਫਿਊਜ਼ੀਆਂ ਲਈ ਚੁਪੱਟ ਖੋਲ੍ਹ ਦਿੱਤਾ ਗਿਆ ਸੀ। ਬਿਲਕੁਲ ਇਹੋ ਰਾਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੜਿਆ ਸੀ। ਜਰਮਨੀ ਵਿੱਚ ਰਫਿਊਜ਼ੀਆਂ ਖਾਸ ਕਰਕੇ ਸੀਰੀਅਨਾਂ, ਮਿਸਰੀਆਂ, ਯੂਕਰੇਨੀਆਂ ਵਗੈਰਾ ਦੀ ਬਹੁਤਾਤ ਅਤੇ ਆਰਥਿਕ ਵਿਕਾਸ ਵਿੱਚ ਆਈ ਗਿਰਾਵਟ ਨੇ ਸੱਜੇ ਪੱਖੀ ਸਿਆਸਤ ਨੂੰ ਆਪਣੇ ਪੈਰ ਪਸਾਰਨ ਦਾ ਮੌਕਾ ਦੇ ਦਿੱਤਾ ਹੈ। ਆਰਥਿਕ ਖੁਸ਼ਹਾਲੀ ਦੇ ਮਾਮਲੇ ਵਿੱਚ ਕੈਨੇਡਾ ਵੀ ਹੁਣ ਤੰਗੀ ਮਹਿਸੂਸ ਕਰ ਰਿਹਾ ਹੈ।
ਜਰਮਨੀ ਦੀਆਂ ਮੁੱਖ ਧਾਰਾ ਨਾਲ ਸੰਬੰਧਤ ਪਾਰਟੀਆਂ ਦੇ ਆਗੂ ਇਸ ਵਰਤਾਰੇ ਤੋਂ ਚਿੰਤਤ ਹਨ, ਪਰ ਸਮਾਜਿਕ ਸੰਤੁਲਨ ਕਾਇਮ ਰੱਖਣ ਅਤੇ ਵਿਕਾਸ ਨੂੰ ਗਤੀ ਦੇਣ ਵਿੱਚ ਸਫਲ ਨਹੀਂ ਹੋ ਰਹੇ। ਦੂਜੇ ਪਾਸੇ ਸੱਜੇ ਪੱਖੀ ਸਰਕਾਰਾਂ ਦੀ ਇਹ ਨਵੀਂ ਚੜ੍ਹਤ ਆਮ ਤੌਰ ‘ਤੇ ਵਾਤਾਵਰਣ ਵਿਗਾੜਾਂ ਬਾਰੇ ਮਸਲਿਆਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਮੁਖਰ ਹਨ। ਭਾਰਤ ਵੀ ਭਾਵੇਂ ਪਿਛਲੇ 10-12 ਸਾਲਾਂ ਤੋਂ ਸੱਜੇ ਪੱਖੀ ਸਿਆਸਤ ਦੀ ਅਗਵਾਈ ਵਿੱਚ ਹੈ, ਪਰ ਘੱਟੋ-ਘੱਟ ਇਹ ਤੇ ਨਹੀਂ ਕਿਹਾ ਜਾ ਸਕਦਾ ਕਿ ਭਰਤ ਸਰਕਾਰ ਨੇ ਕੌਮਾਂਤਰੀ ਵਾਤਾਵਰਣ ਸਮਝੌਤਿਆਂ ਦੇ ਮਾਮਲੇ ਵਿੱਚ ਕੋਈ ਨਾਂਹ ਪੱਖੀ ਸਟੈਂਡ ਲਿਆ ਹੈ। ਉਂਜ ਜਿੱਥੋਂ ਤੱਕ ਦੇਸ਼ ਦੇ ਅੰਦਰ ਵਾਤਾਵਰਿਣਕ ਵਿਗਾੜਾਂ ਦਾ ਸੰਬੰਧ ਹੈ, ਉਹ ਜਿਉਂ ਦੇ ਤਿਉਂ ਬਣੇ ਹੋਏ ਹਨ। ਜਰਮਨੀ ਵਿੱਚ ਵਾਤਾਵਰਣਿਕ ਚੇਤਨਾ ਦਾ ਪੱਧਰ ਕਾਫੀ ਉੱਚਾ ਹੈ ਅਤੇ ਗਰੀਨ ਪਾਰਟੀ ਬਾਕੀ ਮੁਲਕਾਂ ਦੇ ਮੁਕਾਬਲੇ ਕਾਫੀ ਮਜਬੂਤ ਹੈ। ਪਿਛਲੀ ਵਾਰ ਉਹ ਸੋਸ਼ਲ ਡੈਮੋਕਰੇਟਾਂ ਨਾਲ ਭਾਈਵਾਲੀ ਕਰਕੇ ਸੱਤਾ ਵਿੱਚ ਵੀ ਰਹੀ ਹੈ।
ਸੰਸਾਰ ਦੇ ਵੱਡੇ ਮੁਲਕਾਂ ਵਿੱਚ ਇਸ ਸੱਜੇ ਪੱਖੀ ਉਭਾਰ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਇੱਕ ਦਿਲਚਸਪ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਖੱਬੇ ਪੱਖੀ ਆਗੂ ਰੂੜੀਵਾਦੀ ਪਾਰਟੀਆਂ ਤੋਂ ਚਿੜ੍ਹਦੇ ਹਨ। ਮੇਲੋਨੀ ਨੇ ਅਖਿਆ, ‘ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੀ ਜਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲਦੇ ਹਨ ਤਾਂ ਖੱਬੇ ਪੱਖੀਆਂ ਨੂੰ ਲੋਕਤੰਤਰ ਲਈ ਖ਼ਤਰਾ ਦਿਸਣ ਲੱਗ ਪੈਂਦਾ ਹੈ। ਜਦਕਿ ਖੱਬੇ ਪੱਖੀਆਂ ਦੀ ਅਜਿਹੇ ਹੀ ਗੱਠਜੋੜਾਂ ਕਾਰਨ ਸ਼ਲਾਘਾ ਕੀਤੀ ਜਾਂਦੀ ਹੈ। ਵਾਸ਼ਿੰਗਟਨ ਵਿੱਚ ਕੰਜ਼ਰਵੇਟਿਵ ਪੋਲਿਟੀਕਲ ਐਕਸ਼ਨ ਕਾਨਫਰੰਸ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਬੋਲਦਿਆਂ ਉਨ੍ਹਾਂ ਕਿਹਾ ਕਿ 1990 ਦੇ ਦਹਾਕੇ ਵਿੱਚ ਬਿਲ ਕਲਿੰਟਨ ਅਤੇ ਟੋਨੀ ਬਲੇਅਰ ਵੱਲੋਂ ‘ਗਲੋਬਲ ਨੈਟਵਰਕ’ ਬਣਾਇਆ ਗਿਆ ਤਾਂ ਉਨ੍ਹਾਂ ਨੂੰ ਦੂਰ-ਦ੍ਰਿਸ਼ਟ, ਨੀਤਵੇਤਾ (ਸਟੇਟਸਮੈਨ) ਕਿਹਾ ਗਿਆ; ਪਰ ਜਦੋਂ ਟਰੰਪ, ਮੇਲੋਨੀ ਜਾਂ ਮੋਦੀ ਮਿਲਦੇ ਹਨ ਤਾਂ ਇਸ ਨੂੰ ਲੋਕਤੰਤਰ ਲਈ ਖ਼ਤਰਾ ਆਖ ਦਿੱਤਾ ਜਾਂਦਾ ਹੈ।
ਯਾਦ ਰਹੇ, ਇਹ ਜਰਮਨੀ ਅਤੇ ਇਟਲੀ ਹੀ ਹਨ, ਜਿਨ੍ਹਾਂ ਵਿੱਚ ਬੀਤੀ ਸਦੀ ਦੇ ਮੁਢਲੇ ਦਹਾਕਿਆਂ ‘ਚ ਫਾਸ਼ਿਜ਼ਮ ਉਭਰ ਆਇਆ ਸੀ। ਉਸ ਵੇਲੇ 1930 ਵਾਲੇ ਆਰਥਕ ਮੰਦੇ ਦੀ ਮਾਰ ਸਾਰੀ ਦੁਨੀਆਂ ਝੱਲ ਰਹੀ ਸੀ। ਇਸ ਮੰਦੇ ਕਾਰਨ ਵੱਖ-ਵੱਖ ਮੁਲਕਾਂ ਦੇ ਲੋਕਾਂ ਵਿੱਚ ਫੈਲੀ ਬੇਚੈਨੀ ਨੂੰ ਹਿਟਲਰ ਅਤੇ ਮੁਸੋਲੀਨੀ ਵਰਗੇ ਆਗੂ ਫਾਸ਼ਿਜ਼ਮ ਵੱਲ ਧੂਹ ਲੈ ਗਏ ਸਨ; ਜਦਕਿ ਕਈ ਹੋਰ ਮੁਲਕਾਂ ਵਿੱਚ ਇਸੇ ਬੇਚੈਨੀ ਕਾਰਨ ਸਮਾਜਵਾਦੀ ਇਨਕਲਾਬ ਹੋ ਗਏ ਸਨ। ਇਸ ਵੇਲੇ ਵੀ ਤਕਰੀਬਨ ਸਾਰੀ ਦੁਨੀਆਂ ਇੱਕ ਲੰਮੇ ਆਰਥਕ ਮੰਦਵਾੜੇ ਵਿੱਚੋਂ ਲੰਘ ਰਹੀ ਹੈ ਅਤੇ ਲੋਕਾਂ ਵਿੱਚ ਪਸਰ ਰਹੀ ਬੇਚੈਨੀ ਕੱਟੜ ਨਸਲਵਾਦੀ ਸਿਆਸਤ ਨੂੰ ਥਾਂ ਮੁਹੱਈਆ ਕਰ ਰਹੀ ਹੈ। ਮੱਧ ਪੂਰਬ ਅਤੇ ਯੂਕਰੇਨ-ਰੂਸ ਵਿਚਕਾਰ ਲੱਗੀਆਂ ਦੋ ਜੰਗਾਂ ਇਸ ਮੰਦਵਾੜੇ ਨੂੰ ਹੋਰ ਵੱਟ ਦੇ ਰਹੀਆਂ ਹਨ। ਸਿੱਕੇ ਦਾ ਫੈਲਾਅ, ਤੇਲ, ਖਾਧ ਪਦਾਰਥਾਂ ਅਤੇ ਹੋਰ ਸਾਜ਼ੋ-ਸਾਮਾਨ ਦੀਆਂ ਸਪਲਾਈ ਚੇਨਾਂ ਵਿੱਚ ਆਈ ਰੁਕਾਵਟ ਨਾਲ ਪੈਦਾ ਹੋ ਰਹੀਆਂ ਆਰਥਿਕ ਮੁਸ਼ਕਲਾਂ ਨੂੰ ਅੱਜ ਸਾਰਾ ਸੰਸਾਰ ਮਹਿਸੂਸ ਕਰ ਰਿਹਾ ਹੈ। ਇਸ ਦਰਮਿਆਨ ਆਰਥਿਕ ਸੰਸਾਰੀਕਰਨ ਅਤੇ ਸੂਚਨਾ ਤਕਨੀਕਾਂ ਵਿੱਚ ਹੋਏ ਵਿਕਾਸ ਨੇ ਸਾਰੀ ਦੁਨੀਆਂ ਹੱਥ ਜਿੰਨੀ ਵਿੱਥ ‘ਤੇ ਖੜ੍ਹੀ ਕਰ ਦਿੱਤੀ ਹੈ। ਇਸ ਨਾਲ ਸਮਾਂ ਅਤੇ ਸਪੇਸ ਸੁੰਗੜ ਗਏ ਹਨ। ਇਸ ਨਾਲ ਹੋਰ ਕੁਝ ਹੋਇਆ ਹੋਵੇ ਜਾਂ ਨਾ, ਜੀਵਨ ਦੀ ਗਤੀ ਬਹੁਤ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਪੂਰੇ ਸੰਸਾਰ ਵਿੱਚ ਆਰਥਿਕ ਅੰਤਰ-ਨਿਰਭਰਤਾ ਵਧ ਗਈ ਹੈ। ਇਸ ਯੁੱਗ ਵਿੱਚ ਕੋਈ ਵੀ ਇਕੱਲਾ ਦੇਸ਼ ਪੂਰੇ ਸੰਸਾਰ ਨਾਲੋਂ ਟੁੱਟ ਕੇ ਜੀਅ ਨਹੀਂ ਸਕਦਾ।
ਇਸ ਦੌਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟਰੇਡ ਵਾਰ ਨੇ ਅਸਫਲ ਹੋਣਾ ਹੀ ਹੋਣਾ ਹੈ। ਪਰਵਾਸੀਆਂ ਨੂੰ ਜਹਾਜ਼ ਭਰ ਭਰ ਕੇ ਵਾਪਸ ਕਰਨ ਦਾ ਆਰਥਿਕ ਖ਼ਮਿਆਜਾ ਵੀ ਅਮਰੀਕਾ ਲਾਜ਼ਮੀ ਭੁਗਤੇਗਾ। ਕਿਉਂਕਿ ਵਸਤਾਂ ਨੂੰ ਨਿਰਮਤ ਕਰਨ ਦੀ ਲੇਬਰ ਕੌਸਟ ਉੱਚੀ ਹੋ ਜਾਵੇਗੀ ਅਤੇ ਅਮਰੀਕਾ ਵਿੱਚ ਬਣਨ ਵਾਲੇ ਸਾਜ਼ੋ-ਸਾਮਾਨ ਦੀਆਂ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤਾਂ ਵਧ ਜਾਣਗੀਆਂ। ਇਸ ਨਾਲ ਅਮਰੀਕਾ; ਚੀਨ, ਭਾਰਤ, ਬ੍ਰਾਜ਼ੀਲ, ਬੰਗਲਾ ਦੇਸ਼, ਕੀਨੀਆ ਅਤੇ ਹੋਰ ਵੱਧ ਆਬਾਦੀ ਅਤੇ ਸਸਤੀ ਲੇਬਰ ਵਾਲੇ ਮੁਲਕਾਂ ਵਿੱਚ ਬਣੀਆਂ ਵਸਤਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ। ਇਸੇ ਕਰਕੇ ਤੇ ਚੀਨ ਨੇ ਸਾਰੀ ਦੁਨੀਆਂ ਵਾਹਣੀ ਪਾਈ ਹੋਈ ਹੈ। ਇੱਥੇ ਨੌਜਵਾਨ ਆਬਾਦੀ ਦੀ ਸਸਤੀ ਅਤੇ ਹੁਨਰਮੰਦ ਲੇਬਰ ਦੀ ਕੀਮਤ ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਕਾਫੀ ਘੱਟ ਹੈ।
ਇੱਕ ਹੋਰ ਪੱਖ ਵੀ ਧਿਆਨ ਦੇਣ ਵਾਲਾ ਹੈ। ਜਿਨ੍ਹਾਂ ਏਸ਼ੀਆਈ ਮੁਲਕਾਂ ਨੇ ਬੀਤੇ ਕੁਝ ਦਹਾਕਿਆਂ ਵਿੱਚ ਤੇਜ਼ ਆਰਥਿਕ ਵਿਕਾਸ ਕੀਤਾ ਹੈ, ਉਨ੍ਹਾਂ ਨੇ ਖੁੱਲ੍ਹੀ ਮੰਡੀ ਵਾਲੀ ਆਰਥਿਕਤਾ ਦੇ ਨਾਲ-ਨਾਲ ਲੋਕਾਂ ਨੂੰ ਨਿਸ਼ਚਤ ਰੁਜ਼ਗਾਰ ਮੁਹੱਈਆ ਕਰਨ ਲਈ ਆਪਣੇ ਜਨਤਕ ਖੇਤਰ (ਪਬਲਿਕ ਸੈਕਟਰ) ਨੂੰ ਵੀ ਕਾਇਮ ਰੱਖਿਆ ਹੈ। ਭਾਰਤ ਨੇ ਵੀ ਇਸ ਕਿਸਮ ਦੇ ਆਰਥਿਕ ਵਿਕਾਸ ਨੂੰ 1947 ਤੋਂ ਬਾਅਦ ਅਪਣਾਇਆ ਸੀ, ਪਰ ਨੱਬੇਵਿਆਂ ਵਿੱਚ ਆਣ ਕੇ ਇਹ ਖੁੱਲ੍ਹੀ ਮੰਡੀ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ। ਜਦਕਿ ਕਮਿਊਨੀਕੇਸ਼ਨ, ਸਿਹਤ ਤੇ ਫਾਰਮਾ ਸੈਕਟਰ, ਪਬਲਿਕ ਟਰਾਂਸਪੋਰਟ, ਵਸੇਬਾ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਵਗੈਰਾ ਦੇ ਖੇਤਰਾਂ ਨੂੰ ਜਨਤਕ ਖੇਤਰ ਵਿੱਚ ਕਾਇਮ ਰੱਖਣ ਦੀ ਜ਼ਰੂਰਤ ਸੀ। ਗੱਲ ਕੀ, ਕਿਸੇ ਵੀ ਵਿਚਾਰ ਜਾਂ ਨੀਤੀ ਵਿੱਚ ਅਪਣਾਇਆ ਜਾਣ ਵਾਲਾ ਕਠਮੁੱਲਾਪਣ (ਅੱਤਿ ਕੱਟੜਤਾ) ਨੁਕਸਾਨ ਹੀ ਕਰਦਾ ਹੈ- ਇਹ ਚਾਹੇ ਸੱਜੇ ਪੱਖੀ ਹੋਵੇ ਜਾਂ ਖੱਬੇ ਪੱਖੀ। ਉੱਤਰ ਸਮਾਜਵਾਦੀ ਅਤੇ ਉੱਤਰ ਆਧੁਨਿਕ ਵਰਤਾਰਿਆਂ ਨੇ ਇਹ ਸਬਕ ਸਾਨੂੰ ਦੇ ਦਿੱਤੇ ਹਨ। ਇਸ ਹਾਲ ਵਿੱਚ ਜਿਹੜੇ ਵੀ ਮੁਲਕ ਆਪਣੀਆਂ ਨੀਤੀਆਂ ਵਿੱਚ ਲਚਕਦਾਰ ਅਤੇ ਮੱਧਵਰਤੀ ਪਹੁੰਚ ਅਪਨਾਉਣਗੇ, ਉਹ ਹੀ ਸੰਸਾਰ ਨੂੰ ਅਗਵਾਈ ਦੇਣ ਦੇ ਕਾਬਲ ਹੋ ਸਕਣਗੇ। ਇਹ ਪਹੁੰਚ ਹੀ ਮਨੁੱਖ ਦਾ ਕੁਦਰਤ ਨਾਲ ਖਿਲਵਾੜ ਰੋਕ ਸਕਦੀ ਹੈ।