ਮਨਮੋਹਨ ਸਿੰਘ ਦਾਊਂ
ਫੋਨ:+91-9815123900
ਨਿਰਛਲ ਮੁਸਕਣੀ, ਸਿੱਖੀ ਦਿੱਖ, ਮਿਹਨਤ ਦੀ ਘਾਲਣਾ ਵਰਗਾ ਚਿਹਰੇ ਦਾ ਸੁਰਮਈ-ਰੰਗ, ਅੱਖਾਂ ਵਿੱਚ ਫੁਰਤੀ ਵਾਲੀ ਤੱਕਣੀ ਤੇ ਮੋਹ ਭਰੇ ਬੋਲਾਂ ਵਾਲਾ ਜਰਨੈਲ ਸਿੰਘ ਪੰਜਾਬੀ ਸਭਿਆਚਾਰ ਨੂੰ ਪੁਨਰ-ਸੁਰਜੀਤੀ ਦੇਣ ਵਾਲਾ ਚਰਚਿਤ ਚਿੱਤਰਕਾਰ ਸੀ। ਉਸ ਦੀ ਦੋਸਤੀ ’ਚ ਨਿੱਘ ਸੀ। ਉਹ ਗੱਲ-ਗੱਲ `ਤੇ ਖਿੜਦਾ ਸੀ ਤੇ ਅੰਦਰੋਂ ਖਾਮੋਸ਼ੀ ਵਰਗੀ ਗੰਭੀਰਤਾ ਹੰਢਾਉਂਦਾ ਸੀ। ਉਹ ਕਲਾ ਦੇ ਗਹਿਰੇ ਆਲਮ ਨੂੰ ਪਕੜਨਾ ਜਾਣਦਾ ਸੀ।
ਉਹ ਰੰਗ, ਬੁਰਸ਼ ਤੇ ਪੈਨਸਿਲ ਦੀਆਂ ਰੇਖਾਵਾਂ ਨਾਲ ਇਤਿਹਾਸ ਅਤੇ ਸਭਿਆਚਾਰ ਨੂੰ ਸਥਾਈ ਬਿੰਬਾਂ ਰਾਹੀਂ ਸਾਰਥਿਕ ਰੂਪ ਪ੍ਰਦਾਨ ਕਰਨ ਦੀ ਕੋਸ਼ਿਸ਼ ’ਚ ਲੱਗਿਆ ਰਹਿੰਦਾ ਸੀ। ਉਸ ਦੀ ਮੰਜ਼ਿਲ ਦਾ ਪੈਂਡਾ ਮੁਢਲੇ ਪੜਾਅ ਕਰਕੇ, ਅਨੰਤਤਾ ਦੀ ਸੀਮਾ ਪਾਰ ਕਰਨ ’ਚ ਕਾਰਜਸ਼ੀਲ ਰਿਹਾ, ਇਸੇ ਕਰਕੇ ਉਸ ਦੀ ਕਲਾ ਦੀ ਪ੍ਰਸਿੱਧੀ ਪੰਜਾਬ ਤੋਂ ਤੁਰ ਕੇ ਅੰਤਰ-ਰਾਸ਼ਟਰੀ ਉਸਤਤ ਬਣ ਗਈ। ਚਿੱਤਰ-ਕਲਾ ਰਾਹੀਂ ਫੁਲਕਾਰੀ ਵਿਰਸੇ ਨੂੰ ਸੰਭਾਲਣਾ, ਉਸ ਦੀ ਚੇਟਕ ਰਹੀ ਤੇ ਸਿੱਖ ਇਤਿਹਾਸ ਨੂੰ ਵਰਤਮਾਨ ਤੋਂ ਗੁਆਹੀ ਭਰਾਉਣੀ ਉਸ ਦਾ ਸਿਰੜ ਸੀ। ਉਹ ਅਲੋਪ ਹੋ ਰਹੇ ਪੇਂਡੂ ਸਭਿਆਚਾਰ ਨੂੰ ਇੰਝ ਚਿੱਤਰਦਾ ਸੀ ਕਿ ਉਸ ਦੀਆਂ ਪੇਂਟਿੰਗਾਂ ’ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਸੀ।
ਜਰਨੈਲ ਸਿੰਘ ਦੇ ਪਿਤਾ ਸ਼੍ਰੋਮਣੀ ਚਿੱਤਰਕਾਰ ਸ. ਕਿਰਪਾਲ ਸਿੰਘ ਨੇ ਸਿੱਖ ਇਤਿਹਾਸ ਨੂੰ ਵੱਡੇ-ਵੱਡੇ ਕੈਨਵਸਾਂ ਰਾਹੀਂ ਚਿੱਤਰ ਕੇ ਸਾਂਭਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣੇ ਪਿਤਾ ਦੀ ਕਲਾ-ਵਿਰਾਸਤ ਨੂੰ ਬੁਲੰਦੀਆਂ `ਤੇ ਲੈ ਜਾ ਕੇ ਜੱਗ-ਜਾਹਰ ਮਹਿਮਾ ਖੱਟੀ। ਵਡੇਰੀ ਖੁਸ਼ਕਿਸਮਤੀ ਇਹ ਕਿ ਉਸ ਦੀ ਜੀਵਨ-ਸਾਥਣ ਬਲਜੀਤ ਕੌਰ ਫੁਲਕਾਰੀ ਦੀ ਸੰਜੋਗਣ ਉਸ ਦੀ ਰੰਗ-ਕਲਾ ਦਾ ਮਨ-ਪਸੰਦ ਸੁਮੇਲ ਬਣ ਗਈ। ਉਸ ਦੇ ਨਕਸ਼ਾਂ ਦੀ ਨੁਹਾਰ ਅਛੋਪਲੇ ਹੀ ਉਸ ਦੇ ਚਿੱਤਰਾਂ ’ਚ ਸਮਾਈ ਹੁੰਦੀ ਹੈ। ਜਰਨੈਲ ਸਿੰਘ ਦਾ ਜਨਮ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ’ਚ ਹੋਇਆ ਸੀ। ਸ. ਕਿਰਪਾਲ ਸਿੰਘ ਨੂੰ ਡਾ. ਐਮ.ਐਸ. ਰੰਧਾਵਾ ਨੇ ਚੰਡੀਗੜ੍ਹ ਵੱਡੀ ਥਾਂ ਦੇ ਕੇ ਚੰਡੀਗੜ੍ਹ ਸਟੂਡੀਓ ਸਥਾਪਤ ਕਰਵਾਇਆ। ਵਿਦਿਆਰਥੀ ਜੀਵਨ ਜਰਨੈਲ ਸਿੰਘ ਨੇ ਚੰਡੀਗੜ੍ਹ ਰਹਿੰਦਿਆਂ ਗੁਜ਼ਾਰਿਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਰਿਹਾ। ਚੰਡੀਗੜ੍ਹ ਰਹਿੰਦਿਆਂ, ਉਸ ਦੀ ਕਲਾ ਖੂਬ ਚਮਕੀ। ਪ੍ਰਦਰਸ਼ਨੀਆਂ ਲੱਗਣ ਲੱਗੀਆਂ ਤੇ ਫੁਲਕਾਰੀ ਵਾਲਾ ਜਰਨੈਲ ਸਿੰਘ ਬਣ ਗਿਆ। ਉਸ ਦੀ ਚਿੱਤਰਕਾਰੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
(ੳ) ਪੰਜਾਬੀ ਸਭਿਆਚਾਰ: ਜਿਸ ’ਚ ਦੁੱਧ ਰਿੜਕਦੀ ਸੁਆਣੀ, ਘੁੰਡ ਚੁਕਾਈ, ਵਿਆਹੁਲੀ ਦਾ ਸਵਾਗਤ, ਵਾਲ ਕੰਘੀ ਕਰਦੀਆਂ ਮੁਟਿਆਰਾਂ, ਚਰਖਾ ਕੱਤਦੀ, ਤ੍ਰਿੰਝਣ, ਭੱਤਾ ਲੈ ਕੇ ਜਾਂਦੀ ਨੱਢੀ, ਕਪਾਹ ਚੁਗਦੀਆਂ ਤ੍ਰੀਮਤਾਂ, ਭਠਿਆਰਨ, ਢਾਡੀ ਜੱਥਾ, ਖੂਹ ’ਤੇ ਪਾਣੀ ਭਰਦੀਆਂ, ਗਿੱਧਾ ਪਾਉਂਦੀਆਂ, ਪੀਂਘ ਝੂਟਦੀਆਂ ਮੁਟਿਆਰਾਂ, ਅਲਗੋਜ਼ੇ ਵਜਾਉਂਦੇ ਗੱਭਰੂ ਆਦਿ ਜ਼ਿਕਰਯੋਗ ਚਿੱਤਰ ਹਨ। ਉਸ ਦੀ ਕਲਾ ਦਾ ਸੁਹੱਪਣ ਤੇ ਸ਼ਿੰਗਾਰ-ਰੰਗ ਉਸ ਦੇ ਫੁਲਕਾਰੀ ਚਿੱਤਰਾਂ ’ਚੋਂ ਮਾਣਿਆ ਜਾ ਸਕਦਾ ਹੈ। ਪੇਂਡੂ ਸਭਿਆਚਾਰ ਦੀ ਮਿਠਾਸ ਨੂੰ ਯਾਦ ਕਰਾਉਂਦੇ ਹਨ ਜਿਵੇਂ ਕੰਧਾਂ ਦੇ ਆਲੇ, ਆਲੀਆਂ, ਓਟੀਏ, ਪੌੜੀਆਂ, ਬੋਹੀਏ, ਪਾਂਡੂ ਰੰਗੀਆਂ ਕੰਧਾਂ ਖਿੜਕੀਆਂ ਬੂਹੇ ਆਦਿ ਵੇਖ ਕੇ ਦਰਸ਼ਕ ਪੇਂਡੂ ਸਭਿਆਚਾਰ ’ਚ ਗੁਆਚ ਜਾਂਦਾ। ਉਸ ਦਾ ਕਥਨ ਸੀ, “ਕਲਾਕਾਰ ਨੂੰ ਸੋਚ ਕੇ ਤੇ ਸੰਕੋਚ ਕੇ ਕੰਮ ਕਰਨ ਦੀ ਲੋੜ ਹੁੰਦੀ ਤਾਂ ਜੋ ਉਸ ਦੇ ਸਿਰਜੇ ਪਾਤਰ ਲੋਕਾਂ ਨੂੰ ਸਹੀ ਪ੍ਰਭਾਵ ਦੇ ਸਕਣ। ਇਹ ਨਾ ਹੋਵੇ ਕਿ ਸਾਡਾ ਸਭਿਆਚਾਰ ਗ਼ਲਤ ਧਾਰਨਾਵਾਂ ਦਾ ਮੁਥਾਜ ਬਣ ਕੇ ਰਹਿ ਜਾਵੇ।”
(ਅ) ਦੂਜੀ ਸ਼੍ਰੇਣੀ ਵਿੱਚ ਉਸ ਦੇ ਸਿੱਖ-ਇਤਿਹਾਸ ਨਾਲ ਸਬੰਧਿਤ ਚਿੱਤਰ ਆਉਂਦੇ ਹਨ, ਜਿਨ੍ਹਾਂ ’ਚ ਉਸ ਦੇ ਚਿੱਤਰਕਾਰ ਪਿਤਾ ਦਾ ਪ੍ਰਭਾਵ ਵਿਦਮਾਨ ਹੋਇਆ ਨਜ਼ਰ ਆਉਂਦਾ ਹੈ। ਇਹ ਚਿੱਤਰ ਉਸ ਦੀ ਘਾਲਣਾ ਦੀ ਸਿਖਰ ਦਾ ਪ੍ਰਮਾਣ ਦਿੰਦੇ ਹਨ, ਜਿਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਦਾ ਹਾਥੀ ’ਤੇ ਸ਼ਹਿਨਸ਼ਾਹੀ ਜਲੌਅ, ਸਿੱਖਾਂ ਦਾ ਸਰਹਿੰਦ ਉੱਤੇ ਹਮਲਾ, ਮਹਾਰਾਜਾ ਰਣਜੀਤ ਸਿੰਘ ਦੀ ਲਾਰਡ ਵਿਲੀਅਮ ਬੈਂਟਿੰਗ ਨਾਲ 1831 ’ਚ ਇਤਿਹਾਸਕ ਮਿਲਣੀ, ਗੁਰੂ ਗੋਬਿੰਦ ਸਿੰਘ ਜੀ ਦਾ ਬਾਦਸ਼ਾਹੀ ਦਰਵੇਸ਼ੀ ਰੂਪ, ਚਮਕੌਰ ਦੀ ਲੜਾਈ ’ਚ ਬਾਬਾ ਅਜੀਤ ਸਿੰਘ ਦਾ ਬਰਛਾਧਾਰੀ ਦ੍ਰਿਸ਼, ਗੁਰੂ ਹਰਗੋਬਿੰਦ ਜੀ ਦਾ ਪੈਂਧੇ ਖਾਂ ਦਾ ਹੰਕਾਰ ਤੋੜਨਾ, ਮਹਾਰਾਣੀ ਜਿੰਦਾਂ ਤੇ ਕੰਵਰ ਦਲੀਪ ਸਿੰਘ ਦਾ ਮੇਲ, ਘੋੜੇ ’ਤੇ ਹਰੀ ਸਿੰਘ ਨਲੂਆ, ਗੁਰੂ ਗੋਬਿੰਦ ਸਿੰਘ ਦਾ ਮੁਕਤਸਰ ਰਣ-ਖੇਤਰ ’ਚ ਬੇਦਾਵਾ ਪਾੜਨਾ ਆਦਿ ਸਲਾਹੁਣਯੋਗ ਹਨ। ਇਨ੍ਹਾਂ ਚਿੱਤਰਾਂ ’ਚ ਜਰਨੈਲ ਸਿੰਘ ਨੇ ਸਿੱਖ-ਇਤਿਹਾਸ ਦੇ ਭਿੰਨ-ਭਿੰਨ ਦ੍ਰਿਸ਼ਾਂ ਨੂੰ ਵੱਖਰੇ-ਵੱਖਰੇ ਚਿੱਤਰਾਂ ’ਚ ਸਮੋ ਕੇ ਤੇ ਸੀਮਾ ਦੀਆਂ ਪਾਬੰਦੀਆਂ ’ਚ ਰਹਿ ਕੇ ਕਠਿਨ ਵਿਸ਼ਿਆਂ ਨੂੰ ਚੁਣਿਆ ਹੈ। ਸੱਚ-ਮੁੱਚ ਇਹ ਕੰਮ ਉਸ ਦੇ ਲਹੂ ਦੀ ਅਣਖ ਦਾ ਸੁਭਾਅ ਪੇਸ਼ ਕਰਦੇ ਹਨ।
(ੲ) ਤੀਜੀ ਸ਼੍ਰੇਣੀ ’ਚ ਉਸ ਦੀ ਪੋਟ੍ਰੇਟ-ਕਲਾ ਹੈ, ਜਿਸ ਵਿੱਚ ਪ੍ਰੋ. ਮੋਹਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਕੰਵਰ ਦਲੀਪ ਸਿੰਘ, ਬਾਬਾ ਖੇਮ ਸਿੰਘ ਬੇਦੀ, ਬਾਬਾ ਸੋਹਨ ਸਿੰਘ ਭਕਨਾ, ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਫੂਲਾ ਸਿੰਘ ਆਦਿ ਬਹੁਤ ਮਾਰਮਿਕ ਨਮੂਨੇ ਹਨ। ਫੋਟੋਗਰਾਫੀ ਨਾਲੋ ਪੋਟ੍ਰੇਟ ਨੂੰ ਜਿਉਂਦੀ ਧੜਕਣ ਦਾ ਅਹਿਸਾਸ ਦੇਣਾ ਤੇ ਰੰਗਾਂ ’ਚ ਬੋਲ ਪਾਉਣ ਦੇ ਹੁਨਰ ’ਚ ਉਹ ਬਹੁਤ ਨੇੜੇ ਗਿਆ ਜਾਪਦਾ ਹੈ। ਬਚਪਨ ’ਚ ਜਦੋਂ ਉਹ ਸੱਤਵੀਂ ’ਚ ਪੜ੍ਹਦਾ ਸੀ ਤਾਂ ਮਾਡਰਨ ਸਾਹਿਤ ਅਕਾਦਮੀ ਅੰਮ੍ਰਿਤਸਰ ਨੇ ਉਸ ਦੀ ਬਾਲ-ਕ੍ਰਿਤ ਨੂੰ ਇਨਾਮ ਦਿੱਤਾ ਸੀ। 1964-65 ’ਚ ਜਦੋਂ ਚਿੱਤਰਕਾਰ ਸੋਭਾ ਸਿੰਘ ਉਨ੍ਹਾਂ ਦੇ ਪਿਤਾ ਨੂੰ ਮਿਲਣ ਆਇਆ ਤਾਂ ਬਾਲ-ਮਨ ਦੀਆਂ ਚਿੱਤਰ-ਰੇਖਾਵਾਂ ਨੂੰ ਵੇਖ ਕੇ ਜਰਨੈਲ ਸਿੰਘ ਦੀ ਤਲੀ ’ਤੇ ਪੰਜਾਹ ਪੈਸੇ ਦਾ ਸਿੱਕਾ ਰੱਖ ਕੇ ਕਲਾ ਦੀ ਗੁੜ੍ਹਤੀ ਨੂੰ ਹੁਨਰੀ ਅਸੀਸ ਪ੍ਰਦਾਨ ਕੀਤੀ। ਉਦੋਂ ਉਸ ਦੀ ਇੱਕ ਪੇਂਟਿੰਗ ਦਸ ਰੁਪਏ ’ਚ ਖਰੀਦੀ ਗਈ ਸੀ।
ਪਿਛਲੇ ਕੁਝ ਸਾਲਾਂ ਤੋਂ ਜਰਨੈਲ ਸਿੰਘ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ ਤੇ ਆਪਣੀ ਕਲਾ ਦੇ ਅਗੇਰੇ ਪੰਧ ’ਤੇ ਤੁਰਦਿਆਂ ਹੱਦਾਂ-ਸਰਹੱਦਾਂ ਨੂੰ ਪਾਰ ਕਰ ਗਿਆ। ਸਾਲ 2000 ’ਚ ਕੈਨੇਡਾ ਦੇ ਸਰੀ ਸ਼ਹਿਰ ਉਸ ਨੇ ਵਾਸਾ ਕਰ ਲਿਆ। ਉਹ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦੇ ਮੁੱਢਲੇ ਮੈਂਬਰਾਂ ਵਿੱਚੋਂ ਸੀ ਅਤੇ ਇਸ ਦਾ ਪ੍ਰਧਾਨ ਵੀ ਰਿਹਾ। ਅੱਜ ਕੱਲ੍ਹ ਉਹ ਇਸ ਕਲੱਬ ਦਾ ਜਨਰਲ ਸਕੱਤਰ ਵੀ ਸੀ। ਇਸ ਤੋਂ ਬਿਨਾਂ ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਵਿਚਾਰ-ਮੰਚ ਸਮੇਤ ਕਈ-ਸਾਹਿਤਕ ਸੰਸਥਾਵਾਂ ਦੀ ਵੀ ਅਗਵਾਈ ਕਰਦਾ ਰਿਹਾ।
ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ-ਇਤਿਹਾਸ ਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਅਨੇਕਾਂ ਚਿੱਤਰ ਬਣਾਏ। ਉਸ ਨੇ ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿਖੇ ਗਦਰੀ ਬਾਬਿਆਂ ਦੀਆਂ ਯਾਦਗਾਰੀ ਤਸਵੀਰਾਂ ਵੀ ਬਣਾਈਆਂ, ਜੋ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਥਿਤ ਅਜਾਇਬ ਘਰ ’ਚ ਸਸ਼ੋਭਿਤ ਹਨ। ਉਸ ਦੀਆਂ ਕਾਮਾਗਾਟਾ ਮਾਰੂ ਜਹਾਜ਼ ਸਬੰਧੀ ਬਣਾਈਆਂ ਪੇਂਟਿੰਗਾਂ ਦੀ ਕੈਨੇਡਾ ਵਿੱਚ ਥਾਂ-ਥਾਂ ਪ੍ਰਦਰਸ਼ਨੀ ਲੱਗੀ ਤੇ ਹੱਦੋਂ ਵੱਧ ਸਤਿਕਾਰ ਤੇ ਸਨਮਾਨ ਮਿਲਿਆ। ਇਸ ਤੋਂ ਬਿਨਾ ਉਸ ਨੇ ‘ਏ ਜਰਨੀ ਵਿੱਦ ਦਾ ਐਂਡਲੈੱਸ ਆਈ’, ‘ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ: ਸ਼ਾਹਕਾਰ’ ਅਤੇ ‘ਪੰਜਾਬੀ ਪੇਂਟਿੰਗਜ਼’ ਆਦਿ ਪੁਸਤਕਾਂ ਵੀ ਲਿਖੀਆਂ। ਉਸ ਨੂੰ ਕੈਨੇਡਾ ਸਰਕਾਰ ਵੱਲੋਂ ‘ਕੁਈਨ ਅਲੈਜ਼ਾਬਿਥ ਡਾਇਮੰਡ ਜੁਬਲੀ ਮੈਡਲ’ ਨਾਲ ਵੀ ਸਨਮਾਨਿਤ ਕੀਤਾ ਗਿਆ।
ਪਿਛਲੇ ਕੁਝ ਸਮੇਂ ਤੋਂ ਜਰਨੈਲ ਸਿੰਘ ਚੰਡੀਗੜ੍ਹ ਵਿਖੇ ਪ੍ਰਾਈਵੇਟ ਹਸਪਤਾਲ ’ਚ ਜੇਰੇ ਇਲਾਜ ਸੀ। ਦਸ ਫਰਵਰੀ 2025 ਨੂੰ ਉਹ ਦਿਲ ਦੇ ਮਾਰੂ ਦੌਰੇ ਕਾਰਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਹ ਆਪਣੇ ਅਦੁੱਤੀ ਚਿੱਤਰਾਂ ਰਾਹੀਂ ਲੋਕਾਂ ਦੇ ਦਿਲਾਂ ’ਚ ਵਸਦਾ ਰਹੇਗਾ। ਚਿੱਤਰ-ਕਲਾ ਦੇ ਖੇਤਰ ਵਿੱਚ ਉਸ ਦਾ ਘਾਟਾ ਅਪੂਰਨ ਰਹੇਗਾ।