ਦਿੱਲੀ ਚੋਣ ਨਤੀਜਿਆਂ ਦੇ ਪੰਜਾਬ ਸਰਕਾਰ ‘ਤੇ ਅਸਰ ਪੈਣ ਦੇ ਆਸਾਰ

ਸਿਆਸੀ ਹਲਚਲ ਖਬਰਾਂ

*ਦਿੱਲੀ ‘ਚ ਭਾਜਪਾ ਨੂੰ 48 ਅਤੇ ‘ਆਪ’ ਨੂੰ 22 ਸੀਟਾਂ ਮਿਲੀਆਂ
*ਮੁਫਤ ਵਾਲੀਆਂ ਰਿਉੜੀਆਂ ਹੀ ਲੈ ਬੈਠੀਆਂ
ਪੰਜਾਬੀ ਪਰਵਾਜ਼ ਬਿਊਰੋ
ਦਿੱਲੀ ਵਿੱਚ ਆਮ ਆਦਮੀ ਪਾਰਟੀ ਚੋਣਾਂ ਹਾਰ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਦੀਆਂ 48 ਸੀਟਾਂ ਜਿੱਤ ਲਈਆਂ ਹਨ, ਜਦਕਿ ਆਮ ਆਦਮੀ ਪਾਰਟੀ ਕੇਵਲ 22 ਸੀਟਾਂ ਹਾਸਲ ਕਰ ਸਕੀ ਹੈ। 70 ਲੋਕ ਸਭਾ ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਵਿੱਚ ਬਹੁਮਤਿ ਪ੍ਰਾਪਤ ਕਰਨ ਲਈ ਸਿਰਫ 36 ਸੀਟਾਂ ਜਿੱਤਣ ਦੀ ਜ਼ਰੂਰਤ ਸੀ। ‘ਆਪ’ ਦੇ ਸਾਰੇ ਵੱਡੇ ਲੀਡਰ, ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ, ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਆਦਿ ਸ਼ਾਮਲ ਹਨ, ਚੋਣਾਂ ਹਾਰ ਗਏ ਹਨ। ਹਾਲਾਂਕਿ ਕੇਜਰੀਵਾਲ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਬਣੀ ਆਤਿਸ਼ੀ ਸਿੰਘ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ।

ਭਾਜਪਾ ਦੀ ਦਿੱਲੀ ਜਿੱਤ ਦੇ ਬਾਵਜੂਦ ਦੋਹਾਂ ਪਾਰਟੀਆਂ ਦੀ ਜਿੱਤ ਹਾਰ ਵਿਚਕਾਰ ਫਰਕ ਸਿਰਫ ਤਿੰਨ ਫੀਸਦੀ ਵੋਟਾਂ ਦਾ ਹੈ। ਕਾਂਗਰਸ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਦੀ ਕੋਈ ਸੀਟ ਵੀ ਹਾਸਲ ਨਹੀਂ ਹੋਈ ਹੈ, ਪਰ ਕਾਂਗਰਸ ਪਾਰਟੀ ਤਕਰੀਬਨ 12 ਸੀਟਾਂ ‘ਤੇ ਇੰਨੇ ਕੁ ਵੋਟ ਜ਼ਰੂਰ ਲੈ ਗਈ, ਜਿਨ੍ਹਾਂ ਨਾਲ ‘ਆਪ’ ਦੇ ਉਮੀਦਵਾਰ ਹਾਰ ਗਏ। ਇਸ ਤੋਂ ਲਗਦਾ ਹੈ ਕਿ ਵਿਰੋਧੀ ਧਿਰਾਂ ਵੱਲੋਂ ਬਣਾਏ ਗਏ ‘ਇੰਡੀਆ’ ਗੱਠਜੋੜ ਨਾਲੋਂ ਟੁੱਟਣ ਦੀ ਵੀ ‘ਆਪ’ ਨੂੰ ਕੀਮਤ ਤਾਰਨੀ ਪਈ ਹੈ। ਇਸੇ ਤੱਥ ਨੂੰ ਮੁੱਖ ਰੱਖਦਿਆਂ ਦਿੱਲੀ ਵਿੱਚ ‘ਆਪ’ ਦੀ ਹਾਰ ’ਤੇ ਤਨਜ਼ ਕੱਸਦਿਆਂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ‘ਹੋਰ ਲੜੋ ਆਪਸ ਵਿੱਚ!’ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਿੱਲੀ ਕੇਸ ਤੋਂ ਕੁਝ ਸਿੱਖਦੇ ਹਨ ਕਿ ਨਹੀਂ, ਇਸ ਦਾ ਪਤਾ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਲੱਗ ਜਾਣਾ ਹੈ, ਕਿਉਂਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਹੁਣੇ ਤੋਂ ਸ਼ੁਰੂ ਹੋ ਜਾਣੀ ਹੈ।
ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ 43.57 ਫੀਸਦੀ ਵੋਟ ਹਾਸਲ ਕੀਤੇ ਹਨ, ਜਦਕਿ ਭਾਰਤੀ ਜਨਤਾ ਪਾਰਟੀ ਨੂੰ 45.56 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਉਂਝ ਪਿਛਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 10 ਫੀਸਦੀ ਘਟ ਗਿਆ ਹੈ ਅਤੇ ਭਾਜਪਾ ਦਾ ਪਿਛਲੀਆਂ ਚੋਣਾਂ ਦੇ ਮੁਕਾਬਲੇ 7 ਫੀਸਦੀ ਵੋਟ ਸ਼ੇਅਰ ਵਧਿਆ ਹੈ। ‘ਆਪ’ ਨੂੰ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ 53.57 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦਕਿ ਭਾਜਪਾ ਨੇ ਉਸ ਚੋਣ ਵਿੱਚ 38.51 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇੰਨੇ ਕੁ ਫਰਕ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ 48 ਸੀਟਾਂ ਜਿੱਤ ਗਈ ਹੈ। ਇਸ ਜਿੱਤ ਦੇ ਨਾਲ ਹੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਲਈ ਦੌੜ ਸ਼ੁਰੂ ਹੋ ਗਈ ਹੈ, ਜਿਸ ਵਿੱਚ ਮਨਜਿੰਦਰ ਸਿੰਘ ਸਰਸਾ ਦਾ ਨਾਮ ਵੀ ਲਿਆ ਜਾ ਰਿਹਾ ਹੈ। ਇਸ ਕਿਸਮ ਦੀਆਂ ਖ਼ਬਰਾਂ ਵੀ ਹਨ ਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਅਤੇ ਬਿਹਾਰ ਵਿੱਚ ਸਾਲ ਦੇ ਅੰਤ ਵਿੱਚ ਆ ਰਹੀਆਂ ਚੋਣਾਂ ਜਿੱਤਣ ਲਈ ਇਨ੍ਹਾਂ ਦੋਹਾਂ ਰਾਜਾਂ ਤੋਂ ਦੋ ਉੱਪ ਮੁੱਖ ਮੰਤਰੀ ਵੀ ਬਣਾ ਸਕਦੀ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪ੍ਰਧਾਨ ਮੰਤਰੀ ਨੇ ਅਣਮਿਣਵੀਂ ਖੁਸ਼ੀ ਜ਼ਾਹਰ ਕੀਤੀ, ਉਥੇ ‘ਆਪ’ ਆਗੂਆਂ ਅਤੇ ਕੈਡਰ ਵਿੱਚ ਵੱਡੀ ਨਿਰਾਸ਼ਾ ਵੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੀ ਹਾਰ ਨੂੰ ‘ਠੱਗ ਸਿਆਸਤ ਦਾ ਖਾਤਮਾ’ ਆਖਿਆ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਿੱਲੀ ਵਿਧਾਨ ਸਭਾ ਵਿੱਚ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਕੁਝ ਨਾ ਕਹਿੰਦਿਆਂ ਦਿੱਲੀ ਸਮੇਤ ਦੇਸ਼ ਦੀ ਤਰੱਕੀ, ਪ੍ਰਦੂਸ਼ਣ, ਮਹਿੰਗਾਈ, ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਾਂਗਰਸ ਪਾਰਟੀ ਦੇ ਹੋਰ ਆਗੂਆਂ, ਮੈਂਬਰ ਪਾਰਲੀਮੈਂਟ ਪ੍ਰਿਯੰਕਾ ਗਾਂਧੀ ਅਤੇ ਜੈ ਰਾਮ ਰਮੇਸ਼ ਨੇ ‘ਆਪ’ ਦੀ ਹਾਰ ‘ਤੇ ਤਸੱਲੀ ਦਾ ਇਜ਼ਹਾਰ ਕੀਤਾ। ਪ੍ਰਿਯੰਕਾ ਗਾਂਧੀ ਨੇ ਆਖਿਆ ਕੇ ਦਿੱਲੀ ਦੇ ਲੋਕ ‘ਆਪ’ ਤੋਂ ਅੱਕ ਚੁੱਕੇ ਸਨ ਅਤੇ ਉਨ੍ਹਾਂ ਨੇ ਤਬਦੀਲੀ ਲਈ ਵੋਟਾਂ ਪਾਈਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਕੁਝ ਇਸੇ ਕਿਸਮ ਦੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਨਹੀਂ, ਸਗੋਂ ਕੇਜਰੀਵਾਲ ਦੇ ਝੂਠ ਅਤੇ ਹੰਕਾਰ ਦੀ ਹਾਰ ਹੋਈ ਹੈ। ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਨੇ ਭਾਜਪਾ ਦੀ ਦਿੱਲੀ ਵਿੱਚ ਜਿੱਤ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ।
‘ਆਪ’ ਦੀ ਹਾਰ ਨੂੰ ਜੇ ਨਜ਼ਦੀਕ ਤੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਪਾਰਟੀ ਦਾ ਕੋਰ ਵੋਟ ਬੈਂਕ ਹਾਲੇ ਵੀ ਬਚਿਆ ਹੋਇਆ ਹੈ, ਪਰ ਔਰਤਾਂ ਅਤੇ ਮੱਧ ਵਰਗੀ ਤਬਕਾ ਭਾਰਤੀ ਜਨਤਾ ਪਾਰਟੀ ਵੱਲ ਪਰਤ ਗਿਆ। ਇਹ ਅਸਲ ਵਿੱਚ ਚਲਵਾਂ (ਸਵਿੰਗ) ਵੋਟਰ ਹੀ ਹੈ, ਜਿਹੜਾ ਆਪਣੀ ਵਫਾਦਰੀ ਬਦਲਦਾ ਰਹਿੰਦਾ ਹੈ। ਭਾਜਪਾ ਨੂੰ ਬਹੁਤੀਆਂ ਸੀਟਾਂ ਨਵੀਂ ਦਿੱਲੀ ਅਤੇ ਸਾਊਥ ਦਿੱਲੀ ਵਿੱਚੋਂ ਮਿਲੀਆਂ ਹਨ, ਜਿੱਥੇ ਇਨ੍ਹਾਂ ਤਬਕਿਆਂ ਦਾ ਵਸੇਬਾ ਹੈ। ਇਸ ਤੋਂ ਇਲਾਵਾ ਸਿੱਖ ਵੋਟਰ ਨੇ ਵੀ ‘ਆਪ’ ਵਿੱਚ ਵਿਸ਼ਵਾਸ ਨਹੀਂ ਪ੍ਰਗਟਾਇਆ। ਸਿੱਖ ਬਹੁਲ ਹਲਕਿਆਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿੱਤ ਪ੍ਰਾਪਤ ਕਰ ਗਈ ਹੈ। ਦਿੱਲੀ ਚੋਣਾਂ ਵਿੱਚ 5 ਸਿੱਖ ਚਿਹਰੇ ਜਿੱਤੇ ਹਨ, ਜਿਨ੍ਹਾਂ ਵਿੱਚ 4 ਭਾਜਪਾ ਅਤੇ ‘ਆਪ’ ਵੱਲੋਂ ਜਰਨੈਲ ਸਿੰਘ ਨੇ ਬਾਜ਼ੀ ਮਾਰੀ ਹੈ। ਦਿੱਲੀ ਵਿੱਚ ‘ਆਪ’ ਨਾਲ ਸਿੱਖ ਨਾਰਾਜ਼ਗੀ ਸਮਝ ਆਉਂਦੀ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀਆਂ ਸਰਕਾਰਾਂ ਦੇ ਮੰਤਰਾਲਿਆਂ ਵਿੱਚ ਕਿਸੇ ਸਿੱਖ ਨੁਮਾਇੰਦੇ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ। ਇਸ ਤੋਂ ਇਲਾਵਾ ਸਿੱਖ ਬੰਦੀਆਂ, ਖਾਸ ਕਰਕੇ ਦਵਿੰਦਰ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੀਆਂ ਅਪੀਲਾਂ ‘ਤੇ ਆਮ ਆਦਮੀ ਪਾਰਟੀ ਨੇ ਨਾਂਹ ਮੁਖੀ ਰਵੱਈਆ ਅਪਣਾਇਆ। ਗੰਭੀਰ ਬਿਮਾਰ ਹੋਣ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ, ਜੋ ਕਿ ‘ਆਪ’ ਸਰਕਾਰ ਕਰ ਸਕਦੀ ਸੀ। ਫਿਰ ਵੀ ਦਿੱਲੀ ਦੇ ਝੁੱਗੀ ਝੌਂਪੜੀ ਅਤੇ ਗਰੀਬ ਤਬਕੇ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ। ਇਸੇ ਕਰਕੇ ਵੋਟ ਸੇLਅਰ ਦੇ ਮਾਮਲੇ ਵਿੱਚ ‘ਆਪ’ ਭਾਜਪਾ ਦੇ ਨੇੜੇ ਚਲੀ ਗਈ ਹੈ।
ਹਿੰਦੁਸਤਾਨ ਦੇ ਕੁਝ ਅੰਗਰੇਜ਼ੀ ਅਖਬਾਰਾਂ ਵਿੱਚ ਛਪੇ ਵਿਸ਼ਲੇਸ਼ਣਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਾ ਹੋਣ ਦਾ ਪੈਂਤੜਾ ਵੀ ਇਸ ਦੇ ਉਲਟ ਭੁਗਤਿਆ। ‘ਵਿਚਾਰਧਾਰਾ ਰਹਿਤ’ ਪਾਰਟੀ ਦਾ ਝੰਡਾ ਚੁੱਕਣ ਦੇ ਬਾਵਜੂਦ ‘ਆਪ’ ਦੀ ਲੀਡਰਸ਼ਿੱਪ ‘ਹਨੂੰਮਾਨ ਭਗਤ’ ਹੋਣ ਦਾ ਵਿਖਾਵਾ ਕਰਦੀ ਰਹੀ ਹੈ। ਇਸ ਪਾਰਟੀ ਦੇ ਲੀਡਰ ਜਨਤਕ ਤੌਰ ‘ਤੇ ‘ਹਨੂਮਾਨ ਚਾਲੀਸਾ’ ਪੜ੍ਹਦੇ ਰਹੇ ਹਨ। ਅਸਲ ਵਿੱਚ ਆਮ ਆਦਮੀ ਪਾਰਟੀ ਬੀ.ਜੇ.ਪੀ. ਵਾਲੀ ਹਿੰਦੂਤਵੀ ਪਿੱਚ ‘ਤੇ ਖੇਡ ਕੇ ਹੀ ਭਾਜਪਾ ਨੂੰ ਹਰਾਉਣ ਦਾ ਯਤਨ ਕਰ ਰਹੀ ਸੀ। ਇਸ ਤੋਂ ਇਲਾਵਾ ਦਿੱਲੀ ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਵਿੱਚ ਪਾਰਟੀ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ। ਇੱਥੋਂ ਤੱਕ ਕਿ ਜਿਨ੍ਹਾਂ ਇਲਾਕਿਆਂ ਵਿੱਚ ਦੰਗੇ ਹੋਏ, ਪਾਰਟੀ ਲੀਡਰਸ਼ਿੱਪ ਨੇ ਉਸ ਖੇਤਰ ਦਾ ਦੌਰਾ ਤੱਕ ਨਹੀਂ ਕੀਤਾ। ਇਸ ਕਰਕੇ ਦਿੱਲੀ ਦਾ ਮੁਸਲਿਮ ਵੋਟਰ ਵੀ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਿਆ। ਕੇਂਦਰ ਸਰਕਾਰ ਵੱਲੋਂ ਇੱਕ ਆਰਡੀਨੈਂਸ ਰਾਹੀਂ ਬਹੁਤੀਆਂ ਸ਼ਕਤੀਆਂ ਲੈਫਟੀਨੈਂਟ ਗਵਰਨਰ ਨੂੰ ਦਿੱਤੇ ਜਾਣ ਨਾਲ ‘ਆਪ’ ਲੋੜੀਂਦੀਆਂ ਸਿਵਲ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਵੀ ਅਪੰਗ ਹੋ ਗਈ। ਦਿੱਲੀ ਨਗਰ ਨਿਗਮ ‘ਤੇ ਪਾਰਟੀ ਦਾ ਕਬਜਾ ਹੋਣ ਦੇ ਬਾਵਜੂਦ ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਟ੍ਰੈਫਿਕ ਅਨਾਰਕੀ ਨੇ ਦਿੱਲੀ ਦੇ ਮੱਧ ਵਰਗ ਦਾ ‘ਆਪ’ ਤੋਂ ਮੋਹ ਭੰਗ ਕਰ ਦਿੱਤਾ। ਇਸ ਤੋਂ ਇਲਾਵਾ ਵੋਟਰਾਂ ਵਿੱਚ ਮੁਫਤ ਸਹੂਲਤਾਂ ਵੰਡਣ ਵਾਲੀ ਸਿਆਸਤ ਵੀ ਆਮ ਆਦਮੀ ਪਾਰਟੀ ਦੇ ਉਲਟ ਭੁਗਤੀ। ਕੇਜਰੀਵਾਲ ਵੱਲੋਂ ਆਪਣੀ ਦਿੱਲੀ ਮੁਹਿੰਮ ਦੌਰਾਨ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ, ਪਰ ਵਿਰੋਧੀਆਂ ਨੇ ਪੰਜਾਬ ਵਿੱਚ ਵਾਅਦੇ ਅਨੁਸਾਰ 1000/- ਨਾ ਦੇਣ ਦਾ ਮੁੱਦਾ ਉਠਾ ਦਿੱਤਾ। ਭਾਜਪਾ ਨੇ ਦਿੱਲੀ ਵਿੱਚ ਔਰਤਾਂ ਨੂੰ ਹਰ ਮਹੀਨੇ 2500/- ਰੁਪਏ ਦੇਣ ਦਾ ਵਾਅਦਾ ਚੋਣ ਾਬਜ਼ਾਰ ਵਿੱਚ ਸੁੱਟ ਦਿੱਤਾ। ਇਸ ਦੇ ਨਾਲ ਹੀ ਦੀਵਾਲੀ-ਹੋਲੀ ਮੌਕੇ ਦੋ ਗੈਸ ਸਿਲੰਡਰ ਮੁਫਤ। ਭਾਜਪਾ ਨੇ ਆਪਣਾ ਅੰਤਿਮ ਕਿੱਲ ਪਹਿਲੀ ਫਰਵਰੀ ਨੂੰ ਚੋਣਾਂ ਤੋਂ ਐਨ ਪਹਿਲਾਂ ਟੈਕਸ ਛੋਟਾਂ ਦਾ ਐਲਾਨ ਕਰਕੇ ਗੱਡਿਆ। ਇਸ ਤੋਂ ਇਲਾਵਾ ਥਾਂ-ਥਾਂ ਉਛਲਦੇ ਸੀਵਰੇਜ਼, ਬੀਤੀਆਂ ਗਰਮੀਆਂ ਵਿੱਚ ਪਾਣੀ ਦੀ ਕਮੀ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ, ਜੇਲ੍ਹ ਦੇ ਚੱਕਰਾਂ ਨੇ ਵੀ ਆਪਣੀ ਭੂਮਿਕਾ ਨਿਭਾਈ। ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਸ਼ਾਹਾਨਾ ਸਹੂਲਤਾਂ ਨਾਲ ਲੈਸ ਕਰਨ ਦਾ ਯਤਨ ਵੀ ‘ਆਪ’ ਦੇ ਵਿਰੁਧ ਭੁਗਤਿਆ। ਇਸ ਨੂੰ ਭਾਜਪਾ ਨੇ ਚੋਣਾਂ ਵਿੱਚ ‘ਸ਼ੀਸ਼ ਮਹਿਲ’ ਨਾਲ ਤੁਲਨਾ ਦਿੰਦਿਆਂ ਮੁੱਖ ਮੁੱਦਾ ਬਣਾਇਆ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਈ ਪਾਰਟੀ ਨੂੰ ‘ਭ੍ਰਿਸ਼ਟਾਚਾਰ’ ਦਾ ਦੋਸ਼ ਹੀ ਲੈ ਬੈਠਿਆ। ਸ਼ਰਾਬ ਘੁਟਾਲੇ ਵਾਲਾ ਕਥਿਤ ਦੋਸ਼ ਇਸ ਦੀ ਸ਼ੁਰੂਆਤ ਸੀ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦੇ ਪੰਜਾਬ ਦੀ ਸੱਤਾ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿਧਾਨ ਸਭਾ ਤੋਂ ਵਿਹਲੇ ਹੋ ਗਏ ‘ਆਪ’ ਲੀਡਰਾਂ ਲਈ ਪੰਜਾਬ ਵਿੱਚ ਹੁਕਮ ਚਲਾਉਣ ਦਾ ਝੱਲ ਵੀ ਉੱਠ ਸਕਦਾ ਹੈ। ਇਸ ਦੇ ਉਲਟ ਪੰਜਾਬ ‘ਆਪ’ ਅਤੇ ਦਿੱਲੀ ‘ਆਪ’ ਵਿੱਚ ਦੁਫੇੜ ਵੀ ਖੜ੍ਹੀ ਹੋ ਸਕਦੀ ਹੈ, ਖਾਸ ਕਰਕੇ ਜੇ ਭਗਵੰਤ ਮਾਨ ਨੇ ਭਾਰੂ ਪੈਣ ਦਾ ਯਤਨ ਕੀਤਾ। ਇੰਜ ‘ਆਪ’ ਲੀਡਰਸ਼ਿੱਪ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਹੁਤ ਸੋਚ ਸਮਝ ਕੇ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਇੱਥੇ ਵੀ ਉਨ੍ਹਾਂ ਦੀ ਸੱਤਾ ਨੂੰ ਪਲਟੀ ਵੱਜ ਸਕਦੀ ਹੈ। ਆਪਣੇ ਚੋਣ ਵਾਅਦਿਆਂ ‘ਤੇ ਖਰੇ ਨਾ ਉੱਤਰਨ ਕਾਰਨ ਪੰਜਾਬ ਦੇ ਲੋਕਾਂ ਵਿੱਚ ਪਾਰਟੀ ਖਿਲਾਫ ਪਹਿਲਾਂ ਹੀ ਨਾਰਾਜ਼ਗੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

Leave a Reply

Your email address will not be published. Required fields are marked *