ਗ਼ੈਰ-ਕਾਨੂੰਨੀ ਪਰਵਾਸ ਦਾ ਤਾਣਾ-ਬਾਣਾ!

ਸਿਆਸੀ ਹਲਚਲ ਵਿਚਾਰ-ਵਟਾਂਦਰਾ

ਮੁੱਦਾ ਵਿਚਾਰਦਿਆਂ…
ਰਾਜਵੀਰ ਗਿੱਲ
ਅਮਰੀਕਾ ਦੇ ਫ਼ੌਜੀ ਜਹਾਜ਼ ਵਿੱਚ ਵਾਪਸ ਪਰਤੇ ਭਾਰਤੀ/ਪੰਜਾਬੀ ਨੌਜਵਾਨ ਆਪਣੇ ਸੁਫ਼ਨੇ ਟੁੱਟਣ ਅਤੇ ਪਰਿਵਾਰਾਂ ਦੇ ਖ਼ੁਸ਼ਹਾਲ ਹੋਣ ਦੀ ਬਜਾਇ ਕਰਜ਼ੇ ‘ਚ ਡੁੱਬ ਜਾਣ ਦੀ ਰਾਹ ਦਾ ਇੱਕ ਖ਼ੌਫ਼ਨਾਕ ਮੰਜ਼ਰ ਪੇਸ਼ ਕਰਦੇ ਹਨ। ਉਨ੍ਹਾਂ ਦੇ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਉਹ ਅਮਰੀਕੀ ਫ਼ੌਜ ਦੀਆਂ ਬੇੜੀਆਂ ਵਿੱਚ ਜਕੜੇ ਆਪਣੇ ਦੇਸ਼ ਪਰਤਣਗੇ। ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ ਕੀਤੀ ਜਾ ਰਹੀ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਦੇ ਚੱਲਦਿਆਂ ਬਹੁਤੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਸੋਚੀਂ ਪਏ ਹੋਏ ਹਨ ਅਤੇ ਉਹ ਕੈਨੇਡਾ ਨੂੰ ਆਪਣੀ ਅਗਲੀ ਪਨਾਹ ਵਜੋਂ ਦੇਖਣ ਲੱਗੇ ਹਨ। ਇਸ ਮੁਹਿੰਮ ਤੋਂ ਬਾਅਦ ਪੰਜਾਬ ਦੇ ਕਈ ਘਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਕਰੀਬ ਮਹੀਨਿਆਂ ਦੀ ਭੁੱਖ ਕੱਟ ਕੇ ਘਰ ਪਹੁੰਚੇ ਇਨ੍ਹਾਂ ਪੰਜਾਬੀਆਂ/ਭਾਰਤੀਆਂ ਨਾਲ ਇੱਕ ਹੋਰ ਤਸਵੀਰ ਜੁੜੀ ਹੈ- ਰੱਬ ਦਾ ਭਾਣਾ ਮੰਨਦੀਆਂ ਮਾਵਾਂ ਦੀ, ਜਿਹੜੀਆਂ ਆਪਣੇ ਪੁੱਤਾਂ-ਧੀਆਂ ਦੇ ਵਾਪਸ ਪਰਤ ਆਉਣ ‘ਤੇ ਰੱਬ ਦਾ ਸ਼ੁਕਰ ਕਰ ਰਹੀਆਂ ਹਨ; ਪਰ ਦੂਜਾ ਪਹਿਲੂ ਇਹ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਜ਼ਿਆਦਾਤਰ ਨੌਜਵਾਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਏਜੰਟਾਂ ਨੂੰ ਦੇਣ ਲਈ ਪੈਸੇ ਵੀ ਕਰਜ਼ਾ ਲੈ ਕੇ ਜਾਂ ਫ਼ਿਰ ਰਿਸ਼ਤੇਦਾਰਾਂ ਤੋਂ ਮੋੜਨ ਦਾ ਵਾਅਦਾ ਕਰਕੇ ਲਏ ਸਨ। ਹੁਣ ਇਨ੍ਹਾਂ ਪਰਿਵਾਰਾਂ ਸਿਰ 30 ਤੋਂ 40 ਲੱਖ ਜਾਂ ਇਸ ਤੋਂ ਵੀ ਵੱਧ ਦੀ ਦੇਣਦਾਰੀ ਹੈ।
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ‘ਤੇ ਲੈਂਡ ਹੋਏ ਜਹਾਜ਼ ਵਿੱਚੋਂ ਉਤਰੇ ਬਹੁਤੇ ਹਾਲੇ ਮਹੀਨਿਆਂ ਦੀ ਭੁੱਖ-ਪਿਆਸ ਕੱਟਣ ਤੋਂ ਬਾਅਦ ਅਮਰੀਕਾ ਦੀ ਸਰਹੱਦ ‘ਤੇ ਹੀ ਪਹੁੰਚੇ ਸਨ, ਜਿੱਥੋਂ ਉਨ੍ਹਾਂ ਨੂੰ ਡਿਟੈਨਸ਼ਨ ਸੈਂਟਰ (ਜਿੱਥੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਰੱਖਿਆ ਜਾਂਦਾ ਹੈ) ਵਿੱਚ ਭੇਜ ਦਿੱਤਾ ਗਿਆ। ਚਰਚਾ ਹੈ ਕਿ ਡਿਟੈਨਸ਼ਨ ਸੈਂਟਰ ਅੰਦਰ ਕਈ ਅਜਿਹੇ ਨੌਜਵਾਨ ਵੀ ਹਨ, ਜੋ ਕਰੀਬ ਦੋ ਸਾਲਾਂ ਤੋਂ ਨਜ਼ਰਬੰਦ ਹਨ। ਇਹ ਨੌਜਵਾਨ ਸਿਹਤ ਦੇ ਨਾਲ-ਨਾਲ ਮਾਨਸਿਕ ਤੌਰ ‘ਤੇ ਵੀ ਟੁੱਟ ਚੁੱਕੇ ਹਨ। ਉਂਜ ਜਿਹੜੇ ਲੋਕਾਂ ਨੇ ਅਮਰੀਕਾ ਵਿੱਚ ਲੀਗਲ ਬੌਂਡ ਭਰ ਕੇ ਸ਼ਰਣ ਲੈ ਲਈ ਹੈ, ਉਨ੍ਹਾਂ ਨੂੰ ਹਾਲ ਦੀ ਘੜੀ ਡਿਪੋਰਟ ਨਹੀਂ ਕੀਤਾ ਜਾ ਰਿਹਾ।
ਆਖ਼ਰ ਪੰਜਾਬ ਸਣੇ ਦੇਸ਼ ਦੇ ਹੋਰ ਸੂਬਿਆਂ ਤੋਂ ਭਾਰਤੀ ਇਨ੍ਹਾਂ ਔਖੇ ਪੈਂਡਿਆਂ ਜ਼ਰੀਏ ਅਮਰੀਕਾ ਪਹੁੰਚਣ ਦਾ ਹੀਆ ਕਿਉਂ ਕਰਦੇ ਹਨ? ਉਹ ਕਿਹੜੇ ਰਾਹ ਹਨ, ਜਿਨ੍ਹਾਂ ਨੂੰ ਭਾਰਤੀ ਅਮਰੀਕਾ ਦਾ ਸੁਫ਼ਨਾ ਗ਼ੈਰ-ਕਾਨੂੰਨੀ ਤਰੀਕੇ ਨਾਲ ਪੂਰਾ ਕਰਨ ਲਈ ਅਪਣਾਉਂਦੇ ਹਨ? ਅਮਰੀਕਾ ਗ਼ੈਰ-ਕਾਨੂੰਨੀ ਪਰਵਾਸੀਆਂ ਪ੍ਰਤੀ ਹੁਣ ਅਗਾਊਂ ਕੀ ਰੁਖ਼ ਅਪਣਾ ਰਿਹਾ ਹੈ? ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੇ ਅਜਿਹੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਤਲਾਸ਼ਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰਵਾਸ ਸਬੰਧੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਰਵਾਸ ਕਰਨ ਵਾਲੇ ਬਹੁਤੇ ਲੋਕ ਆਰਥਿਕ ਤੌਰ ‘ਤੇ ਹੇਠਲੇ ਤਬਕੇ ‘ਚੋਂ ਨਹੀਂ ਹਨ, ਪਰ ਉਨ੍ਹਾਂ ਵਿੱਚੋਂ ਬਹੁਤੇ ਘੱਟ ਸਿੱਖਿਆ ਜਾਂ ਅੰਗਰੇਜ਼ੀ ਵਿੱਚ ਮੁਹਾਰਤ ਦੀ ਘਾਟ ਕਾਰਨ ਅਮਰੀਕਾ ਦਾ ਟੂਰਿਸਟ ਜਾਂ ਵਿਦਿਆਰਥੀ ਵੀਜ਼ਾ ਹਾਸਿਲ ਕਰਨ ਦੇ ਯੋਗ ਨਹੀਂ ਸਨ। ਇਸ ਤੋਂ ਇਲਾਵਾ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਆਉਂਦੇ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਵੱਡਾ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ, ਖੇਤੀਬਾੜੀ ਸੰਕਟ ਅਤੇ ਵਧ ਰਹੀ ਨਸ਼ੇ ਦੀ ਸਮੱਸਿਆ ਸਣੇ ਵਿੱਤੀ ਦਿੱਕਤਾਂ ਹਨ। ਨੌਜਵਾਨਾਂ ਵਿੱਚ ਰੀਸਬਾਜ਼ੀ ਦੇ ਰੁਝਾਨ ਦਾ ਵਧ ਜਾਣਾ ਵੀ ਇੱਕ ਕਾਰਕ ਹੈ। ਇਸੇ ਲਈ ਉਨ੍ਹਾਂ ਨੇ ਏਜੰਟਾਂ ਜ਼ਰੀਏ ਅਮਰੀਕਾ ਪਹੁੰਚਣ ਦਾ ਰਾਹ ਅਖਤਿਆਰ ਕੀਤਾ। ਇਹ ਏਜੰਟ ਸਰਹੱਦੀ ਰੋਕਾਂ ਨੂੰ ਚਕਮਾ ਦੇਣ ਲਈ ਬਣਾਏ ਗਏ ਲੰਬੇ ਅਤੇ ਵਧੇਰੇ ਔਖੇ ਰੂਟਾਂ ਦੀ ਵਰਤੋਂ ਕਰਦੇ ਹਨ। ਇਸ ਦਾ ਇੱਕ ਹੋਰ ਕਾਰਨ ਹੈ, ਅਮਰੀਕਾ ਪਹੁੰਚਣ ਵਿੱਚ ਲੱਗਣ ਵਾਲਾ ਸਮਾਂ। ਉੱਤਰੀ ਸਰਹੱਦ ‘ਤੇ ਸਥਿਤ ਕੈਨੇਡਾ, ਭਾਰਤੀਆਂ ਲਈ ਵਧੇਰੇ ਪਹੁੰਚਯੋਗ ਪਰਵੇਸ਼ ਪੁਆਇੰਟ ਬਣ ਗਿਆ ਹੈ, ਜਿਸ ਵਿੱਚ ਵਿਜ਼ਟਰ ਵੀਜ਼ੇ ਦਾ ਪ੍ਰੋਸੈਸਿੰਗ ਸਮਾਂ 76 ਦਿਨ ਹੈ, ਜਦਕਿ ਭਾਰਤ ਵਿੱਚ ਅਮਰੀਕਾ ਦੇ ਵੀਜ਼ੇ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ।
ਮੀਡੀਆਂ ਖ਼ਬਰਾਂ ਮੁਤਾਬਕ ਜ਼ਿਆਦਾਤਰ ਭਾਰਤੀ ਪਰਵਾਸੀ ਮੈਕਸੀਕੋ ਦੇ ਨਾਲ ਲਗਦੀ ਤੇ ਕਾਫੀ ਮਸਰੂਫ਼ ਦੱਖਣੀ ਸਰਹੱਦ ਰਾਹੀਂ ਐੱਲ ਸੈਲਵਾਡੋਰ ਜਾਂ ਨਿਕਾਰਾਗੁਆ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਨ, ਇਹ ਦੋਵੇਂ ਪਰਵਾਸ ਦੀ ਸਹੂਲਤ ਦਿੰਦੇ ਹਨ। ਰਿਪੋਰਟ ਮੁਤਾਬਕ ਨਵੰਬਰ 2022 ਤੱਕ ਭਾਰਤੀ ਨਾਗਰਿਕਾਂ ਨੂੰ ਐੱਲ ਸੈਲਵਾਡੋਰ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਸੀ। ਮੌਜੂਦਾ ਪ੍ਰਚਲਤ ਰੂਟ ਏਕਵਾਡੋਰ ਜ਼ਰੀਏ ਹੈ, ਉੱਥੋਂ ਡੰਕੀ ਰਾਹੀਂ ਕੋਲੰਬੀਆ ਅਤੇ ਫ਼ਿਰ ਪਨਾਮਾ। ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ। ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ। ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ। ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।
ਪਮਾਨਾ ਦੇ ਜੰਗਲਾਂ ਦਾ ਰਸਤਾ ਜ਼ਿਆਦਾਤਰ ਭੁੱਖੇ-ਪਿਆਸੇ ਕੱਟਣਾ ਪੈਂਦਾ ਅਤੇ ਜੇ ਕੋਈ ਗਰੁੱਪ ਦਾ ਸਾਥੀ ਕਿਸੇ ਵੀ ਕਾਰਨ ਕਰਕੇ ਪਿੱਛੇ ਰਹਿ ਜਾਵੇ ਤਾਂ ਬਾਕੀ ਮੈਂਬਰ ਉਸ ਨੂੰ ਹਾਲਾਤ ‘ਤੇ ਛੱਡ ਕੇ ਅੱਗੇ ਰਵਾਨਾ ਹੋ ਜਾਂਦੇ ਹਨ। ਡੰਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੰਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ। ਇਸ ਤੋਂ ਇਲਾਵਾ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦਾ ਇੱਕ ਹੋਰ ਰੂਟ ਯੂਰਪ ਤੋਂ ਹੋ ਕੇ ਵੀ ਹੈ। ਇਸ ਰੂਟ ਤਹਿਤ ਏਜੰਟ ਨੌਜਵਾਨਾਂ ਨੂੰ ਪਹਿਲਾਂ ਸਪੇਨ ਜਾਂ ਫਿਰ ਹਾਲੈਂਡ ਪਹੁੰਚਾਉਂਦੇ ਹਨ। ਨਵਾਂ ਰੂਟ ਹੁਣ ਡੁੱਬਈ ਜ਼ਰੀਏ ਅਮਰੀਕਾ ਪਹੁੰਚਣ ਦਾ ਵੀ ਹੈ।
ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਪਿਊ ਦੀ 2024 ਦੀ ਰਿਸਰਚ ਦੇ ਅੰਕੜੇ ਦਰਸਾਉਂਦੇ ਹਨ ਕਿ 2022 ਤੱਕ, ਅਮਰੀਕਾ ਵਿੱਚ ਤਕਰੀਬਨ 1.10 ਕਰੋੜ ਗ਼ੈਰ-ਦਸਤਾਵੇਜ਼ੀ ਪਰਵਾਸੀ ਸਨ, ਜੋ ਕਿ ਕੁੱਲ ਆਬਾਦੀ ਦਾ ਤਕਰੀਬਨ 3.3 ਫ਼ੀਸਦ ਹਿੱਸਾ ਬਣਦੇ ਹਨ। ਸੰਖਿਆ 2005 ਤੋਂ ਮੁਕਾਬਲਤਨ ਸਥਿਰ ਰਹੀ ਹੈ। ਹਾਲਾਂਕਿ ਪਿਊ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਕਾਰਕ ਅਜੇ ਵੀ ਅਧਿਕਾਰਤ ਅੰਕੜਿਆਂ ਤੋਂ ਬਾਹਰ ਹੋ ਸਕਦੇ ਹਨ, ਜਿਵੇਂ ਕਿ ਕਿਊਬਾ, ਵੈਨੇਜ਼ੁਏਲਾ, ਹੈਤੀ ਅਤੇ ਨਿਕਾਰਾਗੁਆ ਤੋਂ ਮਾਨਵਤਾਵਾਦੀ ਪਰਮਿਟ ਹਾਸਿਲ ਕਰਕੇ ਪਹੁੰਚੇ 500,000 ਪਰਵਾਸੀ। ਜੇ ਭਾਰਤੀ ਪਰਵਾਸੀਆਂ ਦੀ ਗੱਲ ਕਰੀਏ ਤਾਂ 2020 ਤੋਂ ਅਮਰੀਕਾ ਦੇ ਕਸਟਮ ਅਤੇ ਸਰਹੱਦ ਸੁਰੱਖਿਆ ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ- ਦੋਵਾਂ ਸਰਹੱਦਾਂ ‘ਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਕਰੀਬ 1,70,000 ਭਾਰਤੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪਿਊ ਰਿਸਰਚ ਸੈਂਟਰ ਅੰਕੜੇ ਦਰਸਾਉਂਦੇ ਹਨ ਕਿ 2022 ਤੱਕ, ਅੰਦਾਜ਼ਨ 7,25,000 ਭਾਰਤੀ ਬਿਨਾ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਏ ਸਨ।
ਜ਼ਿਆਦਾਤਰ ਗ਼ੈਰ-ਦਸਤਾਵੇਜ਼ੀ ਪਰਵਾਸੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਕਰੀਬ 80 ਫ਼ੀਸਦ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੇਸ਼ ਵਿੱਚ ਹਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਮੈਕਸੀਕੋ ਰਾਹੀਂ ਆਉਣ ਵਾਲੇ ਹਨ, ਇਸ ਤੋਂ ਬਾਅਦ ਗੁਆਟੇਮਾਲਾ, ਅਲ ਸੈਲਵਾਡੋਰ ਅਤੇ ਹੌਂਡੂਰਸ ਤੋਂ ਆਏ ਹਨ। ਇਨ੍ਹਾਂ ਪਰਵਾਸੀਆਂ ਦੇ ਟਿਕਾਣੇ ਛੇ ਸੂਬਿਆਂ- ਕੈਲੀਫੋਰਨੀਆ, ਟੈਕਸਸ, ਫਲੋਰਿਡਾ, ਨਿਊ ਯਾਰਕ, ਨਿਊ ਜਰਸੀ ਅਤੇ ਇਲੀਨਾਏ ਵਿੱਚ ਹਨ।
ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਲਈ ਚਲਾਈ ਗਈ ਮੁਹਿੰਮ ਦੌਰਾਨ ਅਪਰਾਧਿਕ ਅਤੇ ਬਿਨਾ ਅਪਰਾਧ ਵਾਲਾ ਪਿਛੋਕੜ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸ (ਆਈ.ਸੀ.ਈ.) ਦੇ ਅੰਕੜਿਆਂ ਮੁਤਾਬਕ ਵ੍ਹਾਈਟ ਹਾਊਸ ਵਿੱਚ ਟਰੰਪ ਦੀ ਵਾਪਸੀ ਤੋਂ ਬਾਅਦ ਹੁਣ ਤੱਕ 3500 ਤੋਂ ਵੱਧ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੰਪ ਦੇ ਬਿਆਨਾਂ ‘ਤੇ ਆਲੋਚਕਾਂ ਦੇ ਖ਼ਦਸ਼ਿਆਂ ਨੂੰ ਦਕਕਿਨਾਰ ਕਰਕੇ ਇਤਬਾਰ ਕੀਤਾ ਜਾਵੇ ਤਾਂ ਸਾਰੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਟਰੰਪ ਨੇ ਗੁਆਂਟਾਨਾਮੋ ਬੇ ਵਿੱਚ ਇੱਕ ਪਰਵਾਸੀ ਨਜ਼ਰਬੰਦੀ ਸਹੂਲਤ ਵਾਲਾ ਸੈਂਟਰ ਬਣਾਉਣ ਦੇ ਹੁਕਮ ਵੀ ਦਿੱਤੇ ਹਨ, ਜਿਸ ਵਿੱਚ 30,000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਉਂਜ ਕੁਝ ਮਨੁੱਖੀ ਅਧਿਕਾਰ ਸਮੂਹਾਂ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਕਈ ਐਗਜ਼ੀਕਿਊਟਿਵ ਆਰਡਸ ਉਪਰ ਦਸਤਖ਼ਤ ਕੀਤੇ ਸਨ, ਜਿਸ ਵਿੱਚ ਦੇਸ਼ ਦੀਆਂ ਸਰਹੱਦਾਂ ਉਪਰ ਰੱਖਿਆ ਦੇ ਲਈ ਅਮਰੀਕੀ ਫੌਜ ਨੂੰ ਅਧਿਕਾਰ ਦਿੱਤੇ ਗਏ ਸਨ। ਟਰੰਪ ਦਾ ਚੋਣ ਵਾਅਦਾ ਵੀ ਦੇਸ਼ ਵਿੱਚੋਂ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਸੀ। ਟਰੰਪ ਨੇ ਪਹਿਲਾਂ ਹੀ ਵੱਡੀ ਪੱਧਰ ਉੱਤੇ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਲਈ ਅਮਰੀਕੀ ਫ਼ੌਜ ਦੀ ਵਰਤੋਂ ਲਏ ਜਾਣ ਦੀ ਗੱਲ ਆਖੀ ਸੀ। ਟਰੰਪ ਪ੍ਰਸ਼ਾਸਨ ਤੋਂ ਪਹਿਲਾਂ ਵੀ ਅਕਤੂਬਰ 2024 ਵਿੱਚ ਵੀ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈ.ਸੀ.ਈ.-ਆਈਸ) ਨੇ 1000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਭੇਜਿਆ ਸੀ। ਇਸ ਤੋਂ ਇਲਾਵਾ ਉਸ ਸਮੇਂ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਰੌਬਰਟ ਸੇਲੇਸੇਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰੱਖਿਆ ਮੰਤਰਾਲਾ ਦੇਸ਼ ਦੇ ਗ੍ਰਹਿ ਸੁਰੱਖਿਆ ਮੰਤਰਾਲਾ ਨੂੰ ਫੌਜ ਦਾ ਜਹਾਜ਼ ਮੁਹੱਈਆ ਕਰਵਾਏਗਾ ਤਾਂ ਕਿ ਪੰਜ ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਸਕੇ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਵਿੱਚ ਇੱਕ ਲੱਖ ਤੋਂ ਵੱਧ ਲੋਕ ਡਿਪੋਰਟ ਕੀਤੇ ਗਏ ਸਨ। ਅਮਰੀਕਾ ਗੈਰ-ਕਾਨੂੰਨੀ ਪਰਵਾਸੀਆਂ ਨੂੰ ਪਹਿਲਾਂ ਵੀ ਡਿਪੋਰਟ ਕਰਦਾ ਰਿਹਾ ਹੈ, ਪਰ ਇਹ ਗੱਲ ਉਠ ਰਹੀ ਹੈ ਕਿ ਟਰੰਪ ਸਰਕਾਰ ਨੇ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਫੌਜ ਦੇ ਜਹਾਜ਼ ਵਿੱਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਉਧਰ, ਭਾਰਤ ਵਿੱਚ ਅਮਰੀਕੀ ਐਂਬੈਸੀ ਦੇ ਬੁਲਾਰੇ ਅਨੁਸਾਰ ਅਮਰੀਕਾ ਦੇ ਪਰਵਾਸ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨਾ ਅਮਰੀਕਾ ਦੀ ਕੌਮੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਏ ਲੋਕਾਂ ਖਿਲਾਫ਼ ਕਾਨੂੰਨ ਦੀ ਪਾਲਣਾ ਕਰਨਾ ਅਮਰੀਕਾ ਦੀ ਨੀਤੀ ਹੈ।

Leave a Reply

Your email address will not be published. Required fields are marked *