ਪਿੰਡਾਂ ਦੇ ਪੈਰ ਬੱਝਣ ਅਤੇ ਸਥਾਨਅੰਤਰ ਦੀ ਗਾਥਾ

ਆਮ-ਖਾਸ

ਪਿੰਡ ਵਸਿਆ-21
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਪਿੰਡਾਂ ਦੇ ਪੈਰ ਬੱਝਣ ਅਤੇ ਸਥਾਨਅੰਤਰ ਦਾ ਸੰਖੇਪ ਜ਼ਿਕਰ…

ਵਿਜੈ ਬੰਬੇਲੀ
ਫੋਨ: +91-9463439075

ਪੰਜਾਬ ਦੀ ਜ਼ਰਖੇਜ਼ ਤਾਸੀਰ, ਸੁਖਦ ਜਲਵਾਯੂ ਅਤੇ ਇਸ ਦੀ ਖੁਸ਼ਹਾਲੀ ਤੇ ਬੌਧਿਕ ਅਮੀਰੀ ਨੇ ਬਾਹਰਲੀਆਂ ਕੌਮਾਂ ਅਤੇ ਜਾਤ-ਧਰਮ ਸਮੂਹਾਂ ਨੂੰ, ਸਦਾ ਹੀ ਆਪਣੇ ਵੱਲ ਆਕਰਸ਼ਿਤ ਕੀਤਾ। ਧਾੜਵੀਆਂ ਨੇ ਕਈ ਪਿੰਡਾਂ ਨੂੰ ਉਜਾੜਿਆ ਅਤੇ ਕੁੱਝ ਇੱਕ ਨੂੰ ਵਸਾਇਆ। ਬਾਬਾ ਬੰਦਾ ਸਿੰਘ ਬਹਾਦੁਰ ਸਮੇਂ ਪਿੰਡਾਂ ਦੀ ਮੁੜ ਸਥਾਪਤੀ ਦੀ ਆਸ ਬੱਝੀ ਅਤੇ ਕਿਰਤੀਆਂ-ਸ਼ਿਲਪੀਆਂ, ਵਿਸ਼ੇਸ ਕਰਕੇ ਕਿਸਾਨੀ ਦੀ ਬਾਂਹ ਫੜੀ ਗਈ। ਉਸਦੇ ਪੈਰ ਪੰਚਾਇਤੀ ਅਤੇ ਕਿਰਤੀਆਂ ਦੇ ਰਾਜ ਵੱਲ ਹੀ ਵੱਧ ਰਹੇ ਸਨ, ਉਸ ਸਫਲ ਵੀ ਹੋ ਜਾਣਾ ਸੀ, ਜੇ ‘ਆਪਣੇ’ ਧੋਖਾ ਨਾ ਦਿੰਦੇ। ਸਿੱਖ ਮਿਸਲਾਂ ਵੇਲੇ ਵੀ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਵੇਲੇ ਕਿਸ ਪਿੰਡ ਨੇ ਕਿਸਦੀ ਅਧੀਨਗੀ ਜਾਂ ਮੁਕੰਮਲ ਕਬਜ਼ੇ ਹੇਠ ਆ ਜਾਣਾ ਸੀ। ਇਸ ਆਪੋ-ਧਾਪੀ ਦੇ ਮਾਹੌਲ ਸਮੇਂ ਕਈਆਂ ਨੂੰ ਉਜੜਨਾ ਜਾਂ ਦੂਸਰੇ ਥਾਂ ਵਸਣਾ ਪਿਆ।
ਕਿਹਾ ਜਾ ਸਕਦਾ ਹੈ ਕਿ ਸਹੀ ਮਾਇਨਿਆਂ ਵਿੱਚ ਪਿੰਡਾਂ ਦੇ ਪੈਰ ਮਹਾਰਾਜਾ ਰਣਜੀਤ ਸਿੰਘ ਰਾਜ ਸਮੇਂ ਹੀ ਲੱਗੇ ਅਤੇ ਪਿੰਡਾਂ ਦੀ ਤਰੱਕੀ ਦਾ ਪਿੜ ਬੱਝਣਾ ਸ਼ੁਰੂ ਹੋ ਗਿਆ, ਜਿਸਦਾ ਮੂਲ ਧੁਰਾ ਖੇਤੀ ਅਤੇ ਪਸ਼ੂ ਧਨ ਤੇ ਖੇਤੀ ਆਧਾਰਿਤ ਲਘੂ/ਘਰੇਲੂ ਸਨਅਤ ਸੀ; ਪਰ ਉਸ ਸਮੇਂ ਵੀ ਪਿੰਡਾਂ ਦੀ ਵਸੇਬ ਬੇ-ਯਕੀਨੀ ਦੀ ਹੋਣੀ ਹੰਢਾਅ ਰਹੀ ਸੀ। ਕਾਰਨ ਇਹ ਸੀ ਕਿ ਪਤਾ ਨਹੀਂ ਸੀ ਹੁੰਦਾ ਕਿ ‘ਬਾਦਸ਼ਾਹ’ ਨੇ ਕਿਹੜੇ ਵੇਲੇ ‘ਖੁਸ਼’ ਹੋ ਕੇ ਕਿਸੇ ‘ਅਹਿਲਕਾਰ’ ਜਾਂ ਜੰਗੀ ਯੋਧੇ ਨੂੰ ਉਹ ਪਿੰਡ, ਉਸਦੇ ਖਰਚਿਆਂ ਜਾਂ ਤਨਖਾਹ-ਭੱਤੇ ਦੇ ਇਵਜ਼ ਵਿੱਚ ਜਗੀਰ ਵਜੋਂ ਦੇ ਦੇਣਾ ਸੀ, ਜਿਸ ਕਾਰਨ ਸਬੰਧਿਤ ਪਿੰਡ ਨਵਿਆਂ ਦੀ ‘ਮਰਜ਼ੀ’ ਦਾ ਸ਼ਿਕਾਰ ਹੁੰਦਾ। ਦਰ-ਹਕੀਕਤ; ਪੰਜਾਬ ਦੇ ਬਹੁਤ-ਬਧੇਰੇ ਪਿੰਡਾਂ ਦੇ ਇੱਕੋ ਜਗ੍ਹਾ ਪੱਕੇ ਤੌਰ ‘ਤੇ ਸਥਾਪਿਤ ਹੋਣ ਦੀ ਤਕਦੀਰ ਬ੍ਰਿਟਿਸ਼ ਸਾਮਰਾਜ ਦੇ ਜ਼ਮੀਨੀ-ਬੰਦੋਬਸਤ ਕਾਨੂੰਨਾਂ, ਜਿਹੜੇ ਸੰਨ 1846 ਤੋਂ 1889 ਦਰਮਿਆਨ ਹੋਏ, ਵੇਲੇ ਹੀ ਸਿਰਜ ਹੋਈ। ਜ਼ਮੀਨੀ ਬੰਦੋਬਸਤਾਂ ਜਾਂ ਜ਼ਮੀਨ ਦੇ ਪੱਕੇ ਮਾਲਕ ਨਿਰਧਾਰਤ ਕਰਨ ਹਿੱਤ ਅੰਗਰੇਜ਼ਾਂ ਦੀ ਮਨਸ਼ਾ ਕੋਈ ਵੀ ਕਿਉਂ ਨਾ ਹੋਵੇ, ਬਹੁਤੇ ਪਿੰਡਾਂ ਦੇ ਮੁਕੰਮਲ ਪੈਰ ਉਦੋਂ ਹੀ ਲੱਗੇ। ਇਹੀ ਕਾਰਨ ਹੈ ਕਿ ਬਹੁਤੇ ਪੰਜਾਬੀ ਪਿੰਡਾਂ ਦੀ ਅਸਲ ਉਮਰ ਮਹਿਜ਼ ਦੋ ਕੁ ਸਦੀਆਂ ਹੀ ਹੈ।
ਪੰਜਾਬ ਭਾਰਤ ਦੀ ਆਖਰੀ ਬਾਦਸ਼ਾਹੀ ਸੀ, ਜਿਹੜਾ 1849 ਨੂੰ ਚਲਿੱਤਰੀ ਢੰਗਾਂ ਨਾਲ ‘ਆਪਣਿਆਂ’ ਦੀ ਗ਼ੱਦਾਰੀ ਤਹਿਤ, ਬਰਤਾਨਵੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ। ਬਰਤਾਨਵੀ ਸਾਮਰਾਜ ਦੇ ਇਸ ਕਦਮ ਨੂੰ ਪੰਜਾਬੀਆਂ ਨੇ ਵੰਗਾਰ ਵਜੋਂ ਲਿਆ ਅਤੇ ਉਹ ਅਣਸਾਵੇਂ ਹਾਲਾਤ ਵਿੱਚ ਵੀ ਲਗਾਤਾਰ ਕਈ ਰੂਪਾਂ ‘ਚ ਅਤੇ ਵੱਖ-ਵੱਖ ਤਨਜ਼ੀਮਾਂ ਤਹਿਤ, ਆਜ਼ਾਦੀ ਅਤੇ ਕਿਸਾਨੀ ਲਈ ਜੂਝੇ। ਪੰਜਾਬ ਦੀ ਪਰੰਪਰਾਗਤ ਆਰਥਿਕਤਾ, ਜਿਸਦਾ ਮੁੱਢਲਾ ਆਧਾਰ ‘ਪਿੰਡ ਦੀ ਸਵੈ–ਨਿਰਭਰਤਾ’ ਅਤੇ ਖੇਤੀ-ਸੱਭਿਆਚਾਰ ਸੀ, ਦੀ ਬਾਂਹ ਬਰਤਾਨਵੀ ਨੀਤੀਆਂ ਨੇ ਬੁਰੀ ਤਰ੍ਹਾਂ ਮਰੋੜੀ, ਜਿਸ ਕਾਰਨ ‘ਪੇਂਡੂ ਆਰਥਿਕਤਾ, ਸਵੈ-ਨਿਰਭਰਤਾ ਅਤੇ ਪੇਂਡੂ ਰਹਿਤਲ’ ਬੁਰੀ ਤਰ੍ਹਾਂ ਝੰਬੀ ਗਈ। ਇਹੀ ਕਾਰਨ ਸੀ ਕਿ ਜ਼ਿਆਦਾ ਸੂਹਾ ਹਿੱਸਾ ਪਾਉਣ ਵਾਲੇ ਦੇਸ਼ ਭਗਤਾਂ ਜਾਂ ਸੰਗਰਾਮੀ ਜਥੇਬੰਦੀਆਂ ਦਾ ਪਿਛੋਕੜ ਅਤੇ ਭਾਰੂ ਧਰਾਤਲ ਪਿੰਡ ਬਣੇ।
1947 ‘ਚ ਅਸੀਂ ਆਜ਼ਾਦ ਤਾਂ ਹੋਏ, ਪਰ ਬਰਤਾਨਵੀ ਸਾਮਰਾਜੀਆਂ ਅਤੇ ਫਿਰਕੂਆਂ ਦੀਆਂ ਨੀਤੀਆਂ-ਬਦਨੀਤੀਆਂ ਅਤੇ ਰਾਜ ਕਰਨ ਦੀ ਹਿਰਸ ਵਾਲਿਆਂ ਕਾਰਨ ਮੁਲਕ, ਦਰ-ਹਕੀਕਤ ਬੰਗਾਲ ਅਤੇ ਪੰਜਾਬ, ਲੀਰੋ-ਲੀਰ ਹੋ ਗਿਆ। ਬੰਗਾਲੀ ਅਤੇ ਪੰਜਾਬੀ ਕੌਮ ‘ਧਰਮ’ ਦੇ ਨਾਂ ਉੱਤੇ ਵੰਡੀ ਗਈ, ਦਸ ਲੱਖ ਦੇ ਕਰੀਬ ਪੰਜਾਬੀ ਮਾਰੇ ਗਏ ਅਤੇ ਦਹਾਕਿਆਂ ਬੱਧੀ, ਦੋਵੇਂ ਪੰਜਾਬ ਤਾਬੇ ਨਾ ਆਏ। ਪਾਕਿਸਤਾਨ ਹਿੱਸੇ 68% (ਬਹੁਤੀ ਨਹਿਰੀ ਅਤੇ ਖੇਤੀ ਵਜੋਂ ਸਵੱਲੀ) ਤੇ ਸਾਨੂੰ ਕਰੀਬ 32% ਖੇਤਰ, ਬਹੁਤੇ ਪਿੰਡ, ਮਿਲਿਆ। ਦਰਿਆ ਸਾਡੀ ਸਾਹ-ਰਗ ਸਨ। ਪੰਜਾਬ, ਜਿਹੜਾ ਕਦੇ ਸਪਤ-ਸਿੰਧੂ/ਪੰਜ-ਆਬ ਅਖਵਾਉਂਦਾ ਸੀ, ਪਰ ਸਾਡੇ ਹਿੱਸੇ ਸਿਰਫ ਢਾਈ ਆਏ। ਮਗਰੋਂ ਸਾਡੇ ਪੰਜਾਬ ਨੂੰ ਦੋ ਹੋਰ ਦੁਖਾਂਤ ਸਹਿਣੇ ਪਏ। ਅਰਥਾਤ ਬਿਨਾ ਵਾਜਬ-ਵਜ੍ਹਾ, ਸਤਾ ਦੀ ਲਾਲਸਾ ਤਹਿਤ, ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ ਗਏ: ਪਹਿਲਾਂ 1947 ਵਿੱਚ, ਦੂਜੀ ਦਫਾ 1956 ਵਿੱਚ ਅਤੇ ਤੀਜੀ ਵਾਰ 1966 ਵਿੱਚ। ਹੁਣ ਸਾਡੇ ਕੋਲ ਪੰਜਾਬੀ ਕੌਮ ਦੇ ਪ੍ਰਾਚੀਨ ਖਿੱਤੇ ਦਾ ਨਿਗੁਣਾ ਹਿੱਸਾ, 12581 ਪਿੰਡ ਅਤੇ ਕੁੱਝ ਬਰਸਾਤੀ, ਪਰ ਗੰਦੇ, ਜਲ-ਵਹਿਣ ਅਤੇ ਦੋ-ਤਿੰਨ ਵੱਡੇ ਸੀਵਰ ਹਨ। ਲੋਕਾਂ ਨੂੰ ਭਰਮਾਉਣ ਹਿੱਤ ਹਾਕਮ ਇਨ੍ਹਾਂ ਨੂੰ ‘ਦਰਿਆ’ ਕਹਿ ਸਕਦੇ ਹਨ। ਨਾ ਸੰਭਲੇ ਤਾਂ, ਹੁਣ ਪਿੰਡ ਖੇਤੀ ਅਤੇ ਜਲ ਸੰਕਟ ਕਾਰਨ ਉਜੜਨਗੇ।
ਪੁਰਾਣੇ ਵੇਲੀਂ ਜਿਸ ਪਿੰਡ ਵਿੱਚ ਜਿੰਨੇ ਵੱਧ ਜਾਤ-ਸਮੂਹ ਹੁੰਦੇ, ਉਸ ਪਿੰਡ ਨੂੰ ਉਨਾ ਹੀ ਧੜਵੈਲ ਗਰਾਂ ਮੰਨਿਆਂ ਜਾਂਦਾ ਸੀ; ਅਜਿਹੇ ਵੱਡੇ ਪਿੰਡ ਜਾਂ ਸੜਕਾਂ ਖਾਸ ਕਰਕੇ ਮੁੱਖ ਸੜਕਾਂ ‘ਤੇ ਆਏ ਪਿੰਡ ਅੱਜ ਦੇ ਛੋਟੇ-ਵੱਡੇ ਸ਼ਹਿਰ ਹਨ। ਇੱਕ ਭਖਵੀਂ ਉਦਾਹਰਣ ਪਿੰਡ ਮਾਹਿਲਪੁਰ (ਹੁਸ਼ਿਆਰਪੁਰ) ਦੀ ਦਿੱਤੀ ਜਾ ਸਕਦੀ ਹੈ। ਅੱਜ-ਕੱਲ੍ਹ ਪਰਵਾਸ ਅਤੇ ਅਰਧ-ਸ਼ਹਿਰੀ ਦੀ ਰਲਗੱਡ ਹੋਣੀ ਹੰਢਾਅ ਰਹੇ ਵੱਡ ਅਕਾਰੀ ਇਸ ਪਿੰਡ ਦੀ ਪੁਰਾਣੀ ਜੀਵਨ-ਜਾਚ ਤੇਜੀ ਨਾਲ ਤਹਿਸ-ਨਹਿਸ਼ ਹੋ ਗਈ। ਹੁਣ ਇਹ ਪਿੰਡ ਤੋਂ ਕਸਬਾ ਬਣ ਗਿਆ ਹੈ, ਕੱਲ-ਕਲੋਤਰ ਨੂੰ ਮੁਕੰਮਲ ਸ਼ਹਿਰ ਬਣ ਜਾਵੇਗਾ ਅਤੇ ਇਸਦੀਆਂ ਪੂਰਬ-ਗਾਥਾਵਾਂ ਅਤੇ ਪੁਰਾਣੀਆਂ ਪੇਂਡੂ ਪਰੰਪਰਾਵਾਂ ਇਤਿਹਾਸ ਵਿੱਚ ਦਫਨ ਹੋ ਜਾਣਗੀਆਂ। ਇਹ ਕਥਾ ਪੰਜਾਬ, ਜਿਹੜਾ ਪਿੰਡਾਂ ਦਾ ਸਮੂਹ ਹੈ, ਦੀ ਭਾਵੁਕ ਹੋਣੀ ਦੀ ਲਖਾਇਕ ਹੈ। ਦਰ-ਹਕੀਕਤ, ਸਾਡੇ ਪਿੰਡ ਸ਼ਹਿਰੀ ਆਦਤਾਂ ਵਿਆਜਣ ਜਾਂ ਪਰਾਈਆਂ ਧਰਤੀਆਂ ਨੂੰ ਤੁਰ ਪਏ ਹਨ।

Leave a Reply

Your email address will not be published. Required fields are marked *