ਅਮਰਜੀਤ ਕਸਕ ਦੀ ਪੇਸ਼ੀਨਗੋਈ: ‘ਇੰਜ ਮਿਲਿਆ ਰੱਬ ਮੈਨੂੰ’

ਸਾਹਿਤਕ ਤੰਦਾਂ

ਪਰਮਜੀਤ ਸਿੰਘ ਸੋਹਲ
ਅਮਰਜੀਤ ਕਸਕ ਇੱਕ ਅਜਿਹਾ ਸ਼ਬਦ ਸਾਧਕ ਹੈ, ਜੋ ਤਾਂਤਰਿਕ ਗਿਆਨ ਧਾਰਾ ਦੇ ਦੈਹਿਕ ਅਸਤਿਤਵੀ ਸੱਚ ਨੂੰ ਜਾਣਨ ਤੇ ਬਿਆਨਣ ਪ੍ਰਤੀ ਤਖ਼ਲੀਕੀ ਅਮਲ ’ਚੋਂ ਗੁਜ਼ਰਦਾ ਹੈ। ਉਸਦੀ ਮਸਰੂਫ਼ੀਅਤ ‘ਜੀਵਨ ਨੂੰ ਸਮੁੱਚ ਵਿੱਚ ਜਾਨਣ ਦੇ ਆਹਰ ਵਜੋਂ ਝਲਕਦੀ ਹੈ। ਉਹ ਜਾਣਦਾ ਹੈ ਕਿ ਮਨੁੱਖ ਦਾ ਜਾਣਿਆ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ। ਉਹ ਸਵੈ ਦੇ ਆਰ-ਪਾਰ ਜਾ ਕੇ ਨਿੱਜ ਕੇਂਦਰਿਤ ਦਰਸ਼ਨ ਦੀ ਪਰਿਭਾਸ਼ਾ ਘੜਦਾ ਹੈ। ਰਚਨਾ ਦੀ ਹੋਂਦਵਾਦੀ ਧਾਰਨਾ ਪ੍ਰਤੀ ਸੁਚੇਤ ਹੋ ਕੇ ਕਾਵਿ-ਕਰਮ ਕਮਾਉਂਦਾ ਹੈ।

ਦੇਹੀ ਦੇ ਸਵੈ ਗਿਰਦ ਵਾਪਰਦੇ ਸੂਖਮ ਵਰਤਾਰਿਆਂ ਬਾਰੇ ਸਵਾਲ ਖੜ੍ਹੇ ਕਰਦਾ ਉਹ ‘ਆਪਣੀ ਆਪਣੀ ਲੋਅ’ (2000), ‘ਗਹਿਰ’ (2006), ‘ਸਾਣ ’ਤੇ ਲੱਗਿਆ ਸਵੈ’ (2017) ਉਪਰੰਤ ‘ਇੰਜ ਮਿਲਿਆ ਰੱਬ ਮੈਨੂੰ’ (2024) ਕਾਵਿ-ਸੰਗ੍ਰਹਿ ਲੈ ਕੇ ਹਾਜ਼ਰ ਹੈ। ਅਸਤਿਤਵ ਦੇ ਪੱਖ ਤੋਂ ਉਹ ਦੇਹ ਦੇ ਸੰਦਰਭ ਨੂੰ ਮਹੱਤਵ ਪ੍ਰਦਾਨ ਕਰਦਾ ਹੈ। ਦੇਹੀ ’ਚ ਹੁੰਦਿਆਂ, ਦੇਹਾਂ ਦੇ ਰਸ, ਕਸ ਭੋਗਦਿਆਂ ਦੇਹਾਂ ਤੋਂ ਪਾਰ ਜਾਣਾ ਲੋਚਦਾ ਹੈ। ਉਹ ਕਿਤਾਬ ਦੀ ਪਹਿਲੀ ਕਵਿਤਾ ਵਿੱਚ ਹੀ ‘ਦੇਹੀ ਦੇ ਇਸੇ ਘਾਟ ’ਚੋਂ ਪਾਣੀ ਪੀਣ ਦੀ ਤੇਹ’ ਬਿਆਨ ਕਰਦਾ ਹੈ। ਇੱਥੋਂ ਹੀ ਉਸਦੀ ਅਸਲ ਤਲਾਸ਼ ਦਾ ਪੈਂਡਾ ਸ਼ੁਰੂ ਹੋ ਜਾਂਦਾ ਹੈ। ਕਾਵਿਕਾਰੀ ’ਚ ਉਹ ਸੇਜ ਸਿਰਹਾਣੇ ਅਗਰਬੱਤੀ ਬਾਲ ਨੂਰੀ ਆਪੇ ਨੂੰ ਅਰਘਣ ਲਈ ਉਸ ਪਲ ਦੇ ਅਸਤਿਤਵ ਦੀ ਗੱਲ ਕਰਦਾ ਹੈ, ਜਿਸ ਪਲ ਆਕਾਰ ਨਿਰਾਕਾਰ ਹੁੰਦਾ ਹੈ। ਖ਼ੁਦੀ ਨੂੰ ਇਸ ਤਰ੍ਹਾਂ ਬੁਲੰਦ ਕਰਨ ਦੀ ਭਾਵਨਾ ਤਹਿਤ ਉਹ ਕਹਿੰਦਾ ਹੈ:
ਕਿ ਮੈਂ
ਮੇਰੇ ਕੋਲ ਆ ਸਕਾਂ
ਤੂੰ ਤੇਰੇ ਕੋਲ਼,
ਇੰਜ ਲੰਘੀਏ
ਦੇਹਾਂ ਦੇ ਦਰਵਾਜ਼ੇ ’ਚੋਂ
ਕਿ ਰੱਬ ਵੀ
ਜੀ ਆਇਆਂ ਨੂੰ ਕਹੇ!
ਅਧਿਆਤਮ ਦੇ ਜਗਿਆਸੂ ਵਾਂਗ ਇਸੇ ਬੋਧ ਅਧੀਨ ਉਹ ਮਹਾਂ ਧਮਾਕੇ ਤੋਂ ਪਹਿਲਾਂ ਰੱਬੀ ਸੁੰਨ ਦੀ ਲਰਜ਼ਣ ਨੂੰ ਦੇਹੀ ਦਾ ਅਨੁਭਵ ਬਣਾਉਂਦਾ ਹੈ:
ਮਹਾਂ ਧਮਾਕੇ ਤੋਂ ਪਹਿਲਾਂ
ਇੰਜ ਹੀ
ਕੰਬਿਆ ਹੋਣਾ ਸੁੰਨ ਰੱਬ ਦਾ
ਕਿਸੇ ਤਾਂਤਰਿਕ ਯੋਗੀ ਵਾਂਗ ਉਹ ਅੰਤਰ ਦੀ ਕਾਮ-ਨਦੀ ’ਚੋਂ ਪਾਣੀ ਭਰਨ ਦਾ ਗੀਤ ਛੋਹਦਾ ਹੈ ਤੇ ਸਦਾ ਸ਼ਿਵ ਦੇ ਲੰਗ-ਯੋਨੀ ਰੂਪ ਵਿਚਲੀ ਸਿਰਜਣਸ਼ੀਲਤਾ ਦਾ ਦੈਹਿਕ ਕਰਮ ਨੂੰ ਗਾਉਂਦਾ ਹੈ। ਅਜਿਹੇ ਤਾਂਤਰਿਕ ਅਨੁਭਵ ’ਚੋਂ ਹੀ ਉਸਨੂੰ ਦੁਨੀਆ ਦਾ ਪਹੀਆ ਗਿੜਦਾ ਮਹਿਸੂਸ ਹੁੰਦਾ ਹੈ। ਇਸ ਸਾਧਨਾ ’ਚੋਂ ਗੁਜ਼ਰਦਿਆਂ ਉਹਦੇ ਲਈ ਦੇਹੀ ਨੂਰ ਦੀ ਨਦੀ ਬਣ ਜਾਂਦੀ ਹੈ, ਕੁੰਡਲਨੀ ਦੇ ਚੱਕਰ ਖੁੱਲ੍ਹਦੇ ਹਨ ਤੇ ਯੋਗ ਦੇ ਕਿਨਾਰਿਆਂ ’ਚ ਮੈਂ-ਤੂੰ ਦੀ ਅਲਹਿਦਗੀ ਸਮਾਪਤ ਹੁੰਦੀ ਹੈ।
ਇਸੇ ਸਾਧਨਾ ਦੇ ਅੰਤਰਗਤ ਦੇਹੀ ਦਾ ਭਾਂਡਾ ਸ਼ੇਰਨੀ ਦੇ ਦੁੱਧ ਲਈ ਪਾਤਰ ਬਣਦਾ ਹੈ। ਦੇਹੀ ਦਾ ਚੂੰਗੜਾ ਮਹਾਚੇਤਨਾ ਦੀ ਲੋਅ ਲਈ ਤਲਬਗੀਰ ਹੁੰਦਾ ਹੈ, ਤਾਂਘ ਤੜਪ ਵਿੱਚ ਬਦਲ ਕੇ ਆਪਣੇ ਹੀ ਅੱਧ ਲਈ ਧੜਕ ਰਹੇ ਕਣਾਂ ਦੀ ਲੀਲ੍ਹਾ ’ਚ ਬਦਲਣ ਤੇ ਆਕਾਰ ਨਿਰਾਕਾਰ ਨੂੰ ਛੋਹ ਲੈਣ ਦੀ ਇੱਛਾ ਬਣਨ ਲਗਦੀ ਹੈ:
ਧੜਕ ਰਹੇ ਕਿਣਕਿਆਂ ਦੀ ਗਾਥਾ ਇਸ਼ਕ
ਆਕਾਰ ਹੋਇਆ ਨਿਰਾਕਾਰ
ਤਨ ਭੇਦਾਂ ’ਚ ਵੰਡ ਗਿਆ ਜੋ
ਖ਼ੁਦ ਨੂੰ
ਕਲਾਵੇ ’ਚ ਭਰਨ ਦੀ ਲੋਚਾ
ਆਪਣੇ ਹੀ ਅੱਧ ਲਈ
ਧੜਕ ਰਹੇ ਕਣਾਂ ਦੀ ਲੀਲ੍ਹਾ
ਅੱਖਰਾਂ ਦੀ ਜ਼ਿੰਦਾ ਹੋਂਦ ਆਦਿ ਤੱਤ ਵਾਂਗ ਤਰੰਗਿਤ ਹੋਣ ਦੇ ਭਾਵ ਨੂੰ ਵੀ ਅਮਰਜੀਤ ਕਸਕ ਨੇ ਵਿਅਕਤ ਕੀਤਾ ਹੈ।
ਇੰਜ ਅਮਰਜੀਤ ਕਸਕ ਨੂੰ ‘ਰੱਬ’ ਮਿਲਦਾ ਹੈ ਜਾਂ ਕਹਿ ਲਓ ਉਹਦੀ ਦੇਹੀ ਦਾ ਧੂਣਾ ਬਲਦਾ ਹੈ ਤੇ ਤਨ ਦੀ ਮਿੱਟੀ ’ਚੋਂ ਅੱਗ ਪ੍ਰਜਵਲਿਤ ਹੁੰਦੀ ਹੈ।
ਸੋਚ ਨੂੰ ਹੀ ਉਹ ਕੁੰਡਲਨੀ ਸੱਪਣੀ ਆਖਦਾ ਹੈ, ਜੋ ਨੂਰ ਰੂਪ ਹੋ ਕੇ ਮੂਲਾਧਾਰ ਤੋਂ ਸਹਸਰਾਰ ਤੀਕ ਪੁੱਜਦੀ ਹੈ। ਤਨ ਦੇ ਧੂਣੇ ’ਤੇ ਬਲਦੀ ਅੱਗ ਹੀ ਚੱਕਰ-ਦਰ-ਚੱਕਰ ਆਪਣੇ ਸਿਖਰ ਵੱਲ ਪੁੱਜਦੀ ਹੈ।
ਯੋਗ ਤੇ ਮਾਇਆ, ਸ਼ਿਵ ਤੇ ਸ਼ਕਤੀ ਦਾ ਯੋਗ ਹੀ ਤੰਤ੍ਰ ਸਾਧਨਾ ਦੀ ਬ੍ਰਹਿਮੰਡ ਨੂੰ ਪਿੰਡ ’ਚੋਂ ਖੋਜਣ ਦੀ ਪਰਿਪਾਟੀ ਹੈ। ਇਸ ਵਿਚਲੀ ਕਸ਼ਿਸ਼ ਕਵੀ ਲਈ ਛੇਵਾਂ ਤੱਤ ਹੈ, ਜੋ ਦੇਹੀ ’ਚੋਂ ਪ੍ਰਗਟ ਹੁੰਦਾ ਹੈ। ਸੁੰਨ ਵਿੱਚ ਹੀ ਮਹਾਂ ਧਮਾਕਾ ਹੁੰਦਾ ਹੈ, ਸੁੰਨ ਵਿੱਚੋਂ ਹੀ ਖੰਡਾਂ ਬ੍ਰਹਿਮੰਡਾਂ ਦੀ ਘਾੜਤ ਘੜੀ ਗਈ ਹੈ। ‘ਰੱਬ ਦੇ ਮਨ ਦੇ ਸ਼ੋਰ’ ਦੀ ਗੱਲ ਕਰਦਾ ਉਹ ਆਖਦਾ ਹੈ ਕਿ ‘ਪੂਰਾ ਹੋਣ ਲਈ’ ਸ਼ਾਇਦ ਕਿਸੇ ਹਿਸਾਬ-ਕਿਤਾਬ ਦਾ ਮੁਥਾਜ ਹੋਣ ਦੀ ਲੋੜ ਨਹੀਂ ਜਾਪਦੀ; ਰੱਬ ਹੀ ਉਹ ਸਮੀਕਰਨ ਹੈ, ਜੋ ਅਵੰਡ ਹੈ।
ਰੂਹਾਨੀਅਤ ਤੋਂ ਇੱਕ ਅਹਿਸਾਸ ਦੀ ਦੂਰੀ ’ਤੇ ਅਸੀਂ ਅਚੇਤ/ਸੁਚੇਤ ਦੂਰੀ ਦਾ ਭਰਮ ਸਿਰਜੀ ਖੜ੍ਹੇ ਹਾਂ। ਜਦੋਂ ਵਿਚਾਲਿਓਂ ਮਹੀਨ ਪਰਦਾ ਹਟਦਾ ਹੈ, ਦੂਰੀ ਦਾ ਅਹਿਸਾਸ ਮਿਟ ਜਾਂਦਾ ਹੈ। ਜਪੁਜੀ ਵਿਚਲੇ ‘ਕੀਤਾ ਕਵਾਓ’ ਦੀ ਵਿਆਖਿਆ ਕਰਦਾ ਉਹ ਕਣ ਦੇ ਤਰੰਗ ਤੇ ਫਿਰ ਕਣ ਵਿੱਚ ਰੂਪਾਂਤ੍ਰਿਤ ਹੋਣ ਨੂੰ ਹੀ ਅਨਹਤ ਆਖਦਾ ਹੈ, ਜਿਸ ਨੂੰ ਸੁਣਨ ਲਈ ਰੱਬ ਦਾ ਡਾਇਲ ਕਰਨ ਦੀ ਲੋੜ ਹੈ। ਹੁਣ ਸਵਾਲ ਇਹ ਵੀ ਹੈ ਕਿ ਕੀ ਅਸੀਂ ਤੱਤਾਂ ਦਾ ਜੋੜ ਬਣ ਕੇ ਸਥਿਰ ਹੋਣਾ ਹੈ?
ਸੁਰਜਨ ਦੀ ਪ੍ਰਮੋਸ਼ਨ ਪਿੱਛੇ ਕਾਰਜਰੱਤ ਸੂਖਮ ਵਰਤਾਰਿਆਂ ਨੂੰ ਉਸ ਦੀ ਰਚਨਾਤਮਿਕ ਬਿਰਤੀ ਪਛਾਣ ਲੈਂਦੀ ਹੈ। ਕਰਮੇ ਦੇ ਫ਼ੌਜੀ ਜੀਵਨ ਵਿਚਲੀਆਂ ਗੱਲਾਂ ਵੀ ਉਸਦੇ ਫ਼ੌਜੀ ਅਨੁਭਵ ਦੀ ਸਿਮਰਤੀਆਂ ਬਣਦੇ ਹਨ। ਆਪਣੀ ਕਵਿਤਾ ਵਿੱਚ ਕਈ ਵੇਰ ਉਹ ਸਪਰਸ਼ ਬਿੰਬਾਂ ਦੀ ਉਸਾਰੀ ਕਰਦਾ ਹੈ। ਕਈ ਵਾਰ ਰੱਬੀ ਮਹਿਕ ਨੂੰ ਉਹ ਸੁੰਘਣ ਸੰਵੇਦਨਾ ਰਾਹੀਂ ਪਕੜਨ ਦੀ ਕੋਸ਼ਿਸ ਕਰਦਾ ਹੈ, ਪਰ ਕਈ ਵਾਰੀ ਇਹ ਬਿੰਬ ਭਾਵਕ ਤਰਲਤਾ ਦੇ ਵਹਿੰਦੇ ਹੋਏ ਰੁਮਾਂਟਿਕ ਧਰਾਤਲ ’ਤੇ ਜਾ ਗਿਰਦੇ ਹਨ, ਕਿਸੇ ਤੰਦ, ਸਿਆਣ ਜਾਂ ਵੇਲ ਰਾਹੀਂ ਉਹ ਅਜਿਹੇ ਭਾਵਬੋਧ ਨੂੰ ਉਜਾਗਰ ਕਰਦਾ ਹੈ, ਫਿਰ ਵੀ ਅਦੁੱਤੀ ਰਮਜ਼ਾਂ ਤੇ ਰਹੱਸਾਂ ਦੇ ਵਰਤਾਰੇ ਉਸਦੀ ਰਚਨਾ ਦੇ ਅੰਗ-ਸੰਗ ਰਹਿੰਦੇ ਹਨ।
ਕੁਦਰਤ ਦੀ ਮਹਾਨ ਵਡਿਆਈ ਹੈ ਕਿ ਉਸਨੇ ਅੰਡਜ, ਜੇਰਜ, ਸੇਤਜ, ਉਤਭੁਜ ਚਾਰੇ ਖਾਣੀਆਂ ਰਾਹੀਂ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਕਵੀ ਇਸ ਦੀ ਵਿਸਮਾਦਿਤ ਅਵਸਥਾ ਦਾ ਗਾਇਨ ਕਰਦਾ ਹੈ।
ਉਸਦੇ ਕਾਵਿਕ ਬੋਲ ਸਵੈ ਤੋਂ ਬ੍ਰਹਿਮੰਡ ਤੀਕ, ਮਨ ਦੀਆਂ ਕਿੰਨੀਆਂ ਧਰਤੀਆਂ ’ਤੇ ਵਾਪਰਦੇ ਘਟਨਾਕ੍ਰਮ, ਸੂਖਮ ਸਰੀਰਾਂ ਦੇ ਭੇਦ, ਅਕਾਰ ਨਿਰਾਕਾਰ ਦੇ ਲਘੂ ਤੋਂ ਵਿਰਾਟ ਤਸੱਵਰ ਤੱਕ ਵੇਰਵਿਆਂ ਨਾਲ ਲਬਰੇਜ਼ ਹਨ:
ਮੇਰਾ ਇੱਕ ਪੈਰ ਧਰਤੀ ’ਤੇ
ਇੱਕ ਅਕਾਸ਼ ’ਚ
ਕਿ ਸਹੀ ਸਹੀ
ਰਾਹ ਵੇਖ ਲੈਂਦਾ ਹਾਂ
ਤੇ ਦੌੜ ਪੈਂਦਾ ਵਾਹੋਦਾਹੀ
ਦੌੜਾਂ ਵੀ ਕਿਉਂ ਨਾ
ਜੋ ਦੌੜ ਨੂੰ ਜਾਣਦਾ ਹਾਂ
ਅਗੰਮੀ ਤਲਾਸ਼ ਲਈ ਇਸ ਦੌੜ ਦਾ ਕਿਤੇ ਨਾ ਕਿਤੇ ਅੰਤ ਵੀ ਹੁੰਦਾ ਹੈ। ਉਹ ਮਨ ਨੂੰ ਦੇਹਾਂ ਦੇ ਆਰ-ਪਾਰ ਵਗਦੀ ਨਦੀ ਆਖਦਾ ਹੈ, ਪਰ ਦੇਹ ਦੇ ਪਾਣੀ ਨੂੰ ਨਦੀ ਨਹੀਂ ਹੋਣ ਦਿੰਦਾ। ਆਪਣਾ ਅਲੱਗ ਅਸਤਿਤਵ ਬਚਾਈ ਰੱਖਦਾ ਹੈ। ਕਈ ਵਾਰ ਉਸਦੇ ਬੋਲਾਂ ਵਿੱਚ ਪੁਨਰ ਜਨਮ ਦੇ ਜਾਂ ਅਗਲੇਰੇ ਪਿਛਲੇਰੇ ਜਨਮਾਂ ਦੀ ਸਿਮਰਤੀ ਬਣ ਕੇ ਝਲਕਦੇ ਹਨ। ਉਸਦੀ ਚੇਤਨਾ ਵਿੱਚ ਗੁਜ਼ਰ ਚੁਕੇ ਸੂਖਮ ਪ੍ਰਾਣੀਆਂ ਦੇ ਪ੍ਰਸੰਗ ਆ ਦਾਖ਼ਲ ਹੁੰਦੇ ਹਨ। ਇਸੇ ਸੰਦਰਭ ਵਿੱਚ ਉਸਦੀ ਕਵਿਤਾ ‘ਬਹੁਤ ਰੌਸ਼ਨੀ ਹੈ ਇੱਥੇ’ ਨੂੰ ਵੀ ਲਿਆ ਜਾ ਸਕਦਾ ਹੈ। ਕਿਸੇ ਮਿਥ ਤੋਂ ਫੈਲ ਕੇ ਇਹ ਬਹੁਪਰਤੀ ਘਟਨਾਵਾਂ ਨਾਗ ਨਾਗਣ ਤੇ ਬੁੱਧ ਦੀ ਪਤਨੀ ਯਸ਼ੋਧਰਾ ਦੇ ਜ਼ਿਕਰ ਤੱਕ ਪਹੁੰਚ ਜਾਂਦੇ ਹਨ। ‘ਅੱਧੀ ਰਾਖਵੀਂ ਦੇਹ’, ‘ਪਰਿਓਂ ਪਰੇ’ ਕਵਿਤਾਵਾਂ ਵਿਚਲਾ ਕਥਾਨਕ ਰੂਹਾਂ, ਬਦਰੂਹਾਂ ਤੇ ਚੀਨੀ ਤ੍ਰਾਂਤਰਿਕ (ਓਝਾ) ਦੇ ਜਾਦੂਮਈ ਪਿਛੋਕੜ ਨਾਲ ਜਾ ਜੁੜਦਾ ਹੈ। ਇਸ ਪ੍ਰਕਾਰ ਅਮਰਜੀਤ ਕਸਕ ਦੀ ਕਵਿਤਾ ਵਿੱਚ ਤੰਤ੍ਰ ਦਾ ਦੇਹਵਾਦੀ ਰੁਝਾਨ ਦ੍ਰਿਸ਼ਟੀਗੋਚਰ ਹੁੰਦਾ ਹੈ।
‘ਕਿੱਥੇ ਹੈ ਤੂੰ’ ਤੇ ‘ਅੰਜਲੀ ਬਣੀ ਨਾ ਕਾਇਆ’ ਕਿਤਾਬ ਦੀਆਂ ਅਖ਼ਰੀਲੀਆਂ ਭਾਵਪੂਰਤ ਨਿੱਕੀਆਂ ਕਵਿਤਾਵਾਂ ਹਨ। ‘ਕਿੱਥੇ ਹੈ ਤੂੰ’ ਵਿੱਚ ਸੰਸਕਾਰਾਂ ਦੀ ਪੰਡ ਤੇ ਪੱਟੀ ਲਿਖਣ ਤੇ ਮੇਸੇ ਜਾਣ ਦਾ ਜ਼ਿਕਰ ਹੈ ਅਤੇ ‘ਅੰਜਲੀ ਬਣੀ ਨਾ ਕਾਇਆ’ ਅਖ਼ੀਰਲੀ ਕਵਿਤਾ ਵਿੱਚ ਵਿਗੋਚੇ ਦਾ ਭਾਵ ਤਾਰੀ ਹੈ। ਵਹਿਣਾਂ ਵਿੱਚ ਅਭਿੱਜ ਸੁੱਕੇ ਦਾ ਸੁੱਕਾ ਰਹਿਣ ਦੀ ਅਵਸਥਾ ਦਾ ਵਿਵਰਣ ਹੈ। ਇਹ ਅਪ੍ਰਾਪਤ ਦੀ ਨਿਸ਼ਾਨਦੇਹੀ ਹੈ। ਕਾਇਆ ਨੂੰ ਜਲ ਲਈ ਬੁੱਕ ਨਾ ਬਣਾ ਸਕਣ ਦੀ ਅਸਮਰੱਥਤਾ ਕਿਸੇ ਨਿਰੰਤਰ ਤਲਾਸ਼ ਵੱਲ ਵੀ ਜਾਣ ਦੀ ਉਗਾਹੀ ਭਰਦੀ ਹੈ। ਉਸਦੀ ਇਹ ਦੇਹੀ ਤੋਂ ਪਾਰ ਜਾਣ ਦੀ ਤਲਾਸ਼ ਜਾਰੀ ਰਹਿਣੀ ਚਾਹੀਦੀ ਹੈ, ‘ਇੰਜ ਮਿਲਿਆ ਰੱਬ ਮੈਨੂੰ’ ਉਸਦੀ ਇਸੇ ਜਾਰੀ ਤਲਾਸ਼ ਦਾ ਅਗਲੇਰਾ ਮੀਲ ਪੱਥਰ ਹੈ।

Leave a Reply

Your email address will not be published. Required fields are marked *