ਖਾਹਿਸ਼ਾਂ ਦੀ ਘੁੰਮਣਘੇਰੀ ਵਿੱਚ ਉਲਝਿਆ ਜ਼ਿੰਦਗੀ ਦਾ ਤਾਣਾ-ਬਾਣਾ

ਆਮ-ਖਾਸ

ਡਾ. ਅਰਵਿੰਦਰ ਸਿੰਘ ਭੱਲਾ
ਫੋਨ:+91-9463062603
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਫ਼ਰਮਾਇਆ ਕਿ ਸੋਚਾਂ ਦੇ ਚੱਕਰਵਿਊ ਵਿੱਚ ਘਿਰਿਆ ਹਰੇਕ ਮਨੁੱਖ ਹਮੇਸ਼ਾ ਇਹ ਸੋਚਦਾ ਹੈ ਕਿ ਜਿਵੇਂ ਦੁਨੀਆਂ ਭਰ ਦੇ ਦੁੱਖ, ਤਕਲੀਫਾਂ ਤੇ ਅਜ਼ਮਾਇਸ਼ਾਂ ਉਸ ਦੇ ਹਿੱਸੇ ਵਿੱਚ ਆਈਆਂ ਹੋਣ ਅਤੇ ਜਿਵੇਂ ਖੁਸ਼ੀਆਂ ਤੇ ਖੇੜਿਆਂ ਦਾ ਉਸ ਨਾਲ ਕੋਈ ਅਸਲੋਂ ਵੈਰ ਹੋਵੇ। ਗਫ਼ਲਤ ਅਤੇ ਬਦਗੁਮਾਨੀ ਦਾ ਸ਼ਿਕਾਰ ਮਨੁੱਖ ਖੁਦ ਨੂੰ ਹਮੇਸ਼ਾ ਖਸਾਰੇ ਵਿੱਚ ਅਤੇ ਦੂਜਿਆਂ ਨੂੰ ਮੁਨਾਫ਼ੇ ਦੀ ਸਥਿਤੀ ਵਿੱਚ ਦੇਖਣ ਦਾ ਆਦੀ ਹੁੰਦਾ ਹੈ। ਜੇਕਰ ਮਨੁੱਖ ਨੂੰ ਕਿਤੇ ਆਪਣੀ ਝੋਲੀ ਵੀ ਭਰੀ ਹੋਈ ਦੇਖਣ ਦਾ ਹੁਨਰ ਆ ਜਾਵੇ ਤਾਂ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣ, ਪਰ ਅਫ਼ਸੋਸ!

ਮਨੁੱਖ ਨੂੰ ਕੇਵਲ ਆਪਣੇ ਦੁੱਖ ਅਤੇ ਦੂਜਿਆਂ ਦੇ ਸੁੱਖ ਨਜ਼ਰ ਆਉਂਦੇ ਹਨ। ਦਰਅਸਲ ਹਰੇਕ ਮਨੁੱਖ ਆਪਣੇ ਖਿਆਲਾਂ ਦੀ ਉਧੇੜ-ਬੁਣ ਵਿੱਚ ਜਦੋਂ ਵੀ ਆਪਣੇ ਸੁੱਖਾਂ ਦੀ ਤੁਲਨਾ ਵਿੱਚ ਆਪਣੇ ਦੁੱਖਾਂ ਨੂੰ ਵਧਾਅ-ਚੜ੍ਹਾਅ ਕੇ ਦੇਖਦਾ ਹੈ ਤਾਂ ਉਹ ਨਾਸ਼ੁਕਰਿਆਂ ਵਾਂਗ ਪਰਵਦਗਾਰ ਦੀਆਂ ਰਹਿਮਤਾਂ ਤੇ ਬਰਕਤਾਂ ਨੂੰ ਸਿਰਿਉਂ ਹੀ ਭੁਲਾ ਦਿੰਦਾ ਹੈ। ਖੁਦਗਰਜ਼ ਮਨੁੱਖ ਕਦੇ ਵੀ ਇਹ ਜਾਣ ਨਹੀਂ ਪਾਉਂਦਾ ਹੈ ਕਿ ਪਰਮਾਤਮਾ ਨੇ ਉਸ ਦੀ ਝੋਲੀ ਵਿੱਚ ਕਿਹੜੀਆਂ-ਕਿਹੜੀਆਂ ਨੇਮਤਾਂ ਪਾਈਆਂ ਹਨ ਅਤੇ ਕਦਮ-ਕਦਮ ਉਤੇ ਕਦੋਂ ਕਦੋਂ ਉਸ ਨੂੰ ਅਉਖੀ ਘੜੀ ਦੇਖਣ ਤੋਂ ਬਚਾਇਆ ਹੈ। ਰੱਬ ਨੂੰ ਭੁਲਾ ਕੇ ਮਨ ਦੇ ਆਖੇ ਲੱਗ ਕੇ ਤੁਰਨ ਵਾਲੇ ਲੋਕ ਬੁਨਿਆਦੀ ਤੌਰ ਉੱਪਰ ਆਪਣੀਆਂ ਹਸਰਤਾਂ, ਖ਼ਵਾਬਾਂ ਅਤੇ ਹਵਸ ਦੇ ਗੁਲਾਮ ਹੁੰਦੇ ਹਨ। ਉਹ ਇਹ ਕਦੇ ਵੀ ਮਹਿਸੂਸ ਹੀ ਨਹੀਂ ਕਰ ਪਾਉਂਦੇ ਹਨ ਕਿ ਰੱਬ ਉਨ੍ਹਾਂ ਦੇ ਅਮਲਾਂ, ਔਕਾਤ, ਇਬਾਦਤ ਅਤੇ ਤਕਦੀਰ ਦੇ ਅਨੁਸਾਰ ਹਰ ਵੇਲੇ ਉਨ੍ਹਾਂ ਨੂੰ ਕਿੱਥੇ-ਕਿੱਥੇ ਨਿਵਾਜ਼ ਰਿਹਾ ਹੁੰਦਾ ਹੈ, ਲੇਕਿਨ ਹਰ ਵੇਲੇ ਆਪਣੇ ਹਲਾਤਾਂ ਤੇ ਮੁਕੱਦਰਾਂ ਨੂੰ ਕੋਸਣ ਵਾਲਾ ਮਨੁੱਖ ਕੇਵਲ ਆਪਣੀ ਅਧੂਰੀ ਸਮਝ ਅਨੁਸਾਰ ਆਪਣੇ ਆਪ ਨੂੰ ਬੇਫਜ਼ੂਲ ਦੇ ਖਿਆਲਾਂ, ਅੰਦੇਸ਼ਿਆਂ ਅਤੇ ਮਾਨਸਿਕ ਉਲਝਣਾਂ ਵਿੱਚ ਉਲਝਾ ਕੇ ਆਪਣੇ ਹੱਥੀਂ ਖੁਦ ਨੂੰ ਆਪਣੇ ਸੋਹਣੇ ਰੱਬ ਤੋਂ ਦੂਰ ਕਰ ਲੈਂਦਾ ਹੈ।
ਮੁਰਸ਼ਦ ਨੇ ਇਸ ਗੱਲ ਦੀ ਵੀ ਤਲਕੀਨ ਕੀਤੀ ਕਿ ਈਮਾਨ, ਇਬਾਦਤ, ਦਿਆਨਤਦਾਰੀ ਅਤੇ ਸਹਿਜ ਦੇ ਰਾਹ ਉੱਤੇ ਤੁਰਦਿਆਂ ਮਨੁੱਖ ਨੂੰ ਕਦੇ ਲਾਲਚ, ਦੁਚਿੱਤੀ, ਹੇਰਵਾ ਅਤੇ ਪਛਤਾਵਾ ਸਤਾਉਂਦਾ ਨਹੀਂ। ਜਦੋਂ ਕਿ ਇਹ ਵੀ ਇਕ ਅਟੱਲ ਸਚਾਈ ਹੈ ਕਿ ਸਮੇਂ ਤੋਂ ਪਹਿਲਾਂ ਅਤੇ ਤਕਦੀਰ ਤੋਂ ਵੱਧ ਵੀ ਕਦੀ ਕਿਸੇ ਨੂੰ ਕੁਝ ਵੀ ਮਿਲਿਆ ਨਹੀਂ, ਲੇਕਿਨ ਮਨਮੱਤ ਦੇ ਰਾਹ ਉੱਤੇ ਚਲਣ ਵਾਲਾ ਮਨੁੱਖ ਇਸ ਅਟੱਲ ਸੱਚਾਈ ਦੀ ਡੂੰਘਾਈ ਨੂੰ ਕਦੇ ਵੀ ਸਮਝ ਨਹੀਂ ਪਾਉਂਦਾ ਹੈ। ਬੇਲਗਾਮ ਖਾਹਿਸ਼ਾਂ ਅਸਲ ਵਿੱਚ ਮਨੁੱਖ ਦੀ ਰੂਹ ਅਤੇ ਦੇਹ ਨੂੰ ਹੌਲੀ-ਹੌਲੀ ਆਪਣੀ ਗ੍ਰਿਫ਼ਤ ਵਿੱਚ ਲੈ ਕੇ ਮਨੁੱਖ ਨੂੰ ਮੋਹ, ਮਾਇਆ, ਲਾਲਚ ਅਤੇ ਹਵਸ ਦੀ ਦਲਦਲ ਵਿੱਚ ਧੱਸਣ ਲਈ ਇਕੱਲਿਆਂ ਛੱਡ ਦਿੰਦੀਆਂ ਹਨ। ਬੇਸ਼ੱਕ ਆਪਣੇ ਹਿੱਸੇ ਦੀਆਂ ਖੁਸ਼ੀਆਂ ਦੀ ਤਲਾਸ਼ ਕਰਨਾ ਤੇ ਆਪਣੇ ਖ਼ਵਾਬਾਂ ਦੀ ਤਾਬੀਰ ਲਈ ਜੱਦੋਜਹਿਦ ਕਰਨਾ ਮਨੁੱਖ ਦੀ ਫ਼ਿਤਰਤ ਦਾ ਇਕ ਅਹਿਮ ਹਿੱਸਾ ਹੈ, ਲੇਕਿਨ ਮਨੁੱਖ ਆਪਣੇ ਆਪ ਨੂੰ ਹਸਰਤਾਂ ਦੇ ਬਾਜ਼ਾਰ ਵਿੱਚ ਨਿਲਾਮ ਕਰ ਦੇਵੇ, ਇਹ ਵੀ ਹਰਗਿਜ਼ ਮੁਨਾਸਿਬ ਨਹੀਂ। ਇਸ ਗੱਲ ਵਿੱਚ ਕੋਈ ਬੁਰਾਈ ਨਹੀਂ ਕਿ ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਯਤਨ ਕਰੇ, ਲੇਕਿਨ ਆਪਣੀਆਂ ਜ਼ਰੂਰਤਾਂ ਅਤੇ ਤਰਜੀਹਾਂ ਤੈਅ ਕਰਦੇ ਸਮੇਂ ਇਹ ਵੀ ਜ਼ਰੂਰੀ ਹੈ ਕਿ ਉਹ ਇਸ ਗੱਲ ਦਾ ਹਮੇਸ਼ਾ ਖ਼ਿਆਲ ਰੱਖੇ ਕਿ ਉਹ ਕਦੇ ਵੀ ਹਵਸ ਦੀ ਭੱਠੀ ਵਿੱਚ ਨਾ ਸੜੇ।
ਮੁਰਸ਼ਦ ਨੇ ਇਹ ਵੀ ਫ਼ਰਮਾਇਆ ਕਿ ਜਦੋਂ ਤੁਸੀਂ ਕਿਸੇ ਦੇ ਸੁੱਖਾਂ ਨੂੰ ਦੇਖ ਕੇ ਉਸ ਨਾਲ ਈਰਖਾ ਜਾਂ ਕ੍ਰੋਧ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਜਿੱਥੇ ਇੱਕ ਪਾਸੇ ਬੇਵਜ੍ਹਾ ਸਜ਼ਾ ਦੇ ਰਹੇ ਹੁੰਦੇ ਹੋ, ਉਥੇ ਦੂਜੇ ਪਾਸੇ ਤੁਸੀਂ ਰੱਬ ਦੀ ਰਜ਼ਾ ਤੋਂ ਮੁਨਕਰ ਹੋ ਕੇ ਰੱਬ ਦੀਆਂ ਬਰਕਤਾਂ ਦੇ ਬੂਹੇ ਆਪਣੇ ਲਈ ਆਪਣੇ ਹੱਥੀਂ ਬੰਦ ਕਰ ਲੈਂਦੇ ਹੋ। ਆਪਣੀ ਅਧੂਰੀ ਸਮਝ, ਸਿਆਣਪ ਤੇ ਚਤੁਰਾਈ ਉਤੇ ਤੁਹਾਨੂੰ ਹੱਦੋਂ ਵੱਧ ਮਾਣ ਹੁੰਦਾ ਹੈ ਅਤੇ ਤੁਹਾਡੇ ਅੰਦਰ ਆਪਣੇ ਸੋਹਣੇ ਰੱਬ ਨਾਲ ਵਾਬਸਤਾ ਹਜ਼ਾਰਾਂ ਸ਼ੰਕੇ ਤੇ ਸਵਾਲ ਤੁਹਾਨੂੰ ਪ੍ਰੇਸ਼ਾਨ ਕਰੀਂ ਰੱਖਦੇ ਹਨ। ਮੁਰਸ਼ਦ ਨੇ ਫ਼ਰਮਾਇਆ ਕਿ ਜਦੋਂ ਇਨਸਾਨ ਅੰਦਰੋਂ ਨੇਕੀ, ਸੱਚਾਈ ਅਤੇ ਮਾਸੂਮੀਅਤ ਮਨਫੀ ਹੁੰਦੀ ਹੈ ਤਾਂ ਉਸ ਸਮੇਂ ਮਨੁੱਖ ਜ਼ਿਹਨੀ ਤੌਰ ਉੱਪਰ ਭਟਕਣ ਦਾ ਸ਼ਿਕਾਰ ਹੁੰਦਾ ਹੈ। ਸੁੱਖ, ਆਰਾਮ, ਸ਼ੋਹਰਤ ਅਤੇ ਤਾਕਤ ਹਾਸਿਲ ਕਰਨ ਦੀ ਇੱਛਾ ਉਸ ਕੋਲੋਂ ਇਹ ਸੋਚਣ-ਸਮਝਣ ਦੀ ਸਲਾਹੀਅਤ ਵੀ ਖੋਹ ਲੈਂਦੀ ਹੈ ਕਿ ਜਿਸ ਕਿਸੇ ਸ਼ੈਅ ਦਾ ਉਹ ਤਲਬਗਾਰ ਹੁੰਦਾ ਹੈ, ਕੀ ਉਸ ਸ਼ੈਅ ਨੂੰ ਹਾਸਲ ਕਰਨ ਦੀ ਉਸ ਅੰਦਰ ਕਾਬਲੀਅਤ ਤੇ ਜ਼ਹਾਨਤ ਵੀ ਹੈ ਕਿ ਨਹੀਂ! ਤੇ ਉਹ ਇਹ ਵੀ ਨਹੀਂ ਸਮਝ ਪਾਉਂਦਾ ਹੈ ਕਿ ਉਹ ਸਫ਼ਲਤਾ ਦੇ ਸਿਖ਼ਰ ਨੂੰ ਛੂਹ ਕੇ ਧੁਰ ਅੰਦਰੋਂ ਸਕੂਨ ਹਾਸਲ ਕਰ ਪਾਵੇਗਾ ਜਾਂ ਨਹੀਂ?
ਮੁਰਸ਼ਦ ਨੇ ਇਹ ਵੀ ਫ਼ਰਮਾਇਆ ਕਿ ਅਖੌਤੀ ਸਫ਼ਲਤਾ ਨੂੰ ਹਾਸਲ ਕਰਨ ਅਤੇ ਆਪਣੀਆਂ ਤ੍ਰਿਸ਼ਨਾਵਾਂ ਦੀ ਤ੍ਰਿਪਤੀ ਦੀ ਉਮੀਦ ਵਿਅਕਤੀ ਨੂੰ ਸਦਾ ਬੇਚੈਨ ਰੱਖਦੀ ਹੈ। ਮਨੁੱਖ ਇਸੇ ਕਰਕੇ ਸਹਿਜ ਅਵਸਥਾ ਵਿੱਚ ਨਹੀਂ ਵਿਚਰ ਪਾਉਂਦਾ ਹੈ, ਕਿਉਂ ਕਿ ਉਸ ਅੰਦਰ ਨਿੱਤ ਕੁਝ ਨਵਾਂ ਹਾਸਿਲ ਕਰਨ ਦੀ ਖਾਹਿਸ਼ ਉਸ ਦੇ ਮਨ ਨੂੰ ਹਮੇਸ਼ਾ ਵਿਚਲਿਤ ਕਰੀ ਰੱਖਦੀ ਹੈ। ਆਪਣੀ ਜਿੱਤ ਦਾ ਪਰਚਮ ਲਹਿਰਾਉਣ ਦੀ ਤੀਬਰਤਾ ਵੀ ਮਨੁੱਖ ਦੇ ਮਨ ਅੰਦਰ ਅਸੰਤੁਸ਼ਟੀ ਅਤੇ ਭਟਕਣ ਨੂੰ ਵਧਾਉਣ ਵਿੱਚ ਕਾਰਗਰ ਨਿਭਾਉਂਦੀ ਹੈ। ਇਸ ਤਰ੍ਹਾਂ ਦੀ ਮਨੋਦਸ਼ਾ ਨਾਲ ਨਜਿੱਠਣ ਲਈ ਮਨ ਦੀ ਇਕਾਗਰਤਾ ਨੂੰ ਭੰਗ ਹੋਣ ਤੋਂ ਬਚਾਉਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਵਿਚਲਿਤ ਮਨ ਮਨੁੱਖ ਦੀਆਂ ਜ਼ਿਆਦਾਤਰ ਸਮਸਿਆਵਾਂ ਦੀ ਮੂਲ ਜੜ੍ਹ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਮਨੁੱਖ ਆਪਣੀ ਸੋਚਣ-ਸਮਝਣ ਦੀ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਦੇਣ ਤੋਂ ਖੁੰਝ ਜਾਂਦਾ ਹੈ। ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਆਪਣੇ ਮਨ, ਬੇਕਾਬੂ ਭਾਵਨਾਵਾਂ ਅਤੇ ਹਰ ਪਲ ਰੂਪ ਵਟਾਉਂਦੀਆਂ ਖਾਹਿਸ਼ਾਂ ਹੀ ਇੱਕ ਦਿਨ ਉਸ ਦੇ ਪਤਨ ਦਾ ਸਬੱਬ ਬਣਦੀਆਂ ਹਨ। ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮਨ ਨੂੰ ਆਪਣੇ ਕਾਬੂ ਵਿੱਚ ਰੱਖਣ ਦਾ ਹੁਨਰ ਸਿੱਖਣ ਅਤੇ ਕਦੇ ਨਾ ਤ੍ਰਿਪਤ ਹੋਣ ਵਾਲੀਆਂ ਖਾਹਿਸ਼ਾਂ ਦੀ ਕਿਸ਼ਤੀ ਵਿੱਚ ਸਵਾਰ ਹੋਣ ਤੋਂ ਜਿੰਨਾ ਸੰਭਵ ਹੋ ਸਕੇ, ਉਹ ਗੁਰੇਜ਼ ਕਰਨ; ਕਿਉਂ ਕਿ ਆਪਣੇ ਮਨ ਦੇ ਹੱਥੋਂ ਸ਼ਿਕਸਤ ਖਾ ਕੇ ਮਨੁੱਖ ਕਦੇ ਵੀ ਸਦੀਵੀਂ ਖੁਸ਼ੀ ਜਾਂ ਸਕੂਨ ਹਾਸਲ ਨਹੀਂ ਕਰ ਸਕੇਗਾ।

Leave a Reply

Your email address will not be published. Required fields are marked *