ਕੰਗਾਲ
ਪਰਮਜੀਤ ਢੀਂਗਰਾ
ਫੋਨ: +91-9417358120
ਮਨੁੱਖ ਨੂੰ ਸ਼ਬਦ ਘੜਨ ਵਾਲਾ ਜਾਦੂਗਰ ਕਿਹਾ ਜਾ ਸਕਦਾ ਹੈ। ਦੁਨੀਆ ਵਿੱਚ ਹਜ਼ਾਰਾਂ ਭਾਸ਼ਾਵਾਂ ਹਨ, ਜਿਨ੍ਹਾਂ ਦੇ ਬੋਲਣਹਾਰਿਆਂ ਨੇ ਆਪਣੀਆਂ ਲੋੜਾਂ ਅਨੁਸਾਰ ਸ਼ਬਦ ਘੜੇ। ਸ਼ਬਦ ਘੜਨੇ ਕੋਈ ਸੌਖਾ ਕੰਮ ਨਹੀਂ, ਸਗੋਂ ਇਨ੍ਹਾਂ ਨਾਲ ਅਰਥ ਇਕਾਈ ਨੂੰ ਜੋੜਨਾ ਹੋਰ ਵੀ ਮੁਸ਼ਕਲ ਕੰਮ ਹੈ। ਜਿਵੇਂ ਜਿਵੇਂ ਲੋੜਾਂ ਵਧੀਆਂ, ਇੱਕ ਸ਼ਬਦ ਨਾਲ ਅਰਥਾਂ ਦੇ ਕਈ ਕਈ ਵਿਸਥਾਰ ਜੁੜ ਗਏ। ‘ਕੰਗਾਲ’ ਸ਼ਬਦ ਅਜਿਹਾ ਹੈ, ਜੋ ਹਰ ਭਾਰਤੀ ਭਾਸ਼ਾ ਵਿੱਚ ਮਿਲਦਾ ਹੈ। ਇਹਦਾ ਸਗੋਤੀ ਗਰੀਬ ਸ਼ਬਦ ਹੈ।
ਗਰੀਬ ਸੈਮਟਿਕ ਮੂਲ ਦਾ ਸ਼ਬਦ ਹੈ, ਜੋ ਅਰਬੀ ਵਲੋਂ ਆਇਆ ਹੈ। ਸੈਮਟਿਕ ਮੂਲ ਦੀ ਧਾਤੂ ‘ਗ਼-ਰ-ਬ=ਗਹ-ਰ-ਬ’ ਵਿੱਚ ਅਸਤ ਹੋਣ ਅਥਵਾ ਵਾਂਝੇ ਹੋਣ ਦੇ ਭਾਵ ਹਨ। ਇਹਦੀ ਪੁਸ਼ਟੀ ਪ੍ਰਾਚੀਨ ਹਿਬਰੂ ਰੂਪ ਗਰਬ ‘ਗਹ-ਰਬ’ ਤੋਂ ਹੁੰਦੀ ਹੈ, ਜਿਸ ਦੇ ਮੂਲ ਵਿੱਚ ਹਨੇਰੇ, ਅੰਧਕਾਰ, ਕਾਲੇਪਣ, ਪੱਛਮ ਦਾ ਵਿਅਕਤੀ, ਸ਼ਾਮ ਦੇ ਭਾਵ ਹਨ। ਢਲਦੇ ਸੂਰਜ ਵਿੱਚ ਵੀ ਵਾਂਝੇ ਹੋਣ ਦੇ ਭਾਵ ਹਨ, ਕਿਉਂਕਿ ਉਸ ਤੋਂ ਬਾਅਦ ਹਨੇਰਾ ਛਾਉਣ ਲਗਦਾ ਹੈ। ਇਹਦਾ ਇੱਕ ਅਰਥ ਸ਼ਾਮ ਦਾ ਸਮਾਂ ਵੀ ਹੈ।
‘ਗਹ-ਰ-ਬ’ ਵਿੱਚ ਮਿਲਦੇ ਅਜਨਬੀ ਅਥਵਾ ਪਰਦੇਸੀ ਦੇ ਭਾਵ ਨੂੰ ਦੇਖੀਏ ਤਾਂ ਸਮਝ ਆਉਂਦੀ ਹੈ ਕਿ ਪ੍ਰਾਚੀਨ ਕਾਲ ਵਿੱਚ ਯਾਤਰਾਵਾਂ ਪੈਦਲ ਤੇ ਕਸ਼ਟਕਾਰੀ ਹੁੰਦੀਆਂ ਸਨ। ਰਾਹਗੀਰਾਂ ਨੂੰ ਅਕਸਰ ਡਾਕੂ-ਲੁਟੇਰੇ ਲੁੱਟ ਲੈਂਦੇ ਸਨ। ਪਰਦੇਸਾਂ ਵਿੱਚ ਇਹ ਯਾਤਰੀ ਥੱਕੇ-ਟੁੱਟੇ ਤੇ ਖਸਤਾਹਾਲ ਹੁੰਦੇ ਸਨ। ਉਨ੍ਹਾਂ ਦੀ ਸਥਿਤੀ ਤੋਂ ਗਰੀਬੀ ਸ਼ਬਦ ਦੀ ਸਥਿਤੀ ਸਮਝੀ ਜਾ ਸਕਦੀ ਹੈ। ਇਹਦਾ ਸਗੋਤੀ ਕੰਗਾਲ ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਦੇ ‘ਕੰਡ੍ਹਾਲ: ਜਾਂ ਕੰਡ੍ਹਾਲਮੑ’ ਤੋਂ ਬਣਿਆ ਹੈ, ਜਿਸਦਾ ਅਰਥ ਹੈ- ਜਰਜਰ, ਬਿਮਾਰ, ਖੀਣ, ਹੱਡੀਆਂ ਦਾ ਢਾਂਚਾ ਜਾਂ ਮੁੱਠ, ਅਸਥੀ ਪਿੰਜਰ। ਕੰਡ੍ਹਾਲਯ ਦਾ ਅਰਥ ਹੈ-ਸਰੀਰ। ਕੰਕਾਲ ਨਾਲ ਹੀ ਸਰੀਰ ਹੈ, ਨਹੀਂ ਤਾਂ ਉਹ ਦੁਰਬਲ, ਨਿਰਬਲ, ਕਮਜ਼ੋਰ, ਕੰਗਾਲ ਹੀ ਤਾਂ ਹੈ। ਕੰਗਾਲ ਉਹ ਹੈ, ਜੋ ਸੁਖਾਂ ਤੋਂ ਵਾਂਝਾ ਹੈ। ਦੀਨ, ਹੀਨ, ਦਰਿਦਰ ਹੈ।
ਪੰਜਾਬੀ ਕੋਸ਼ ਅਨੁਸਾਰ-ਕੰਗਾਲ, ਭੁੱਖ, ਨੰਗ ਦਾ ਮਾਰਿਆ ਹੋਇਆ, ਕੰਗਲਾ, ਨਿਰਧਨ, ਮੰਗਤਾ, ਗਰੀਬ, ਸੜਿਆ ਹੋਇਆ, ਮੁਥਾਜ। ਕੰਗਾਲਣ-ਕੰਗਲੇ ਦੀ ਵਹੁਟੀ, ਗਰੀਬ ਔਰਤ, ਕੰਗਾਲਪੁਣਾ-ਗਰੀਬੀ, ਥੁੜ੍ਹ, ਨਿਰਧਨਤਾ। ਇਹੋ ਜਿਹੇ ਅਰਥ ਨਵੇਂ ਮਹਾਨ ਕੋਸ਼ ਵਿੱਚ ਮਿਲਦੇ ਹਨ। ਕੰਕਾਲ ਦਾ ਇੱਕ ਅਰਥ ਪੰਜਰ ਜਾਂ ਪਿੰਜਰ ਵੀ ਹੈ। ਅਸਥੀ ਪੰਜਰ ਏਸੇ ਤੋਂ ਬਣਿਆ ਹੈ। ਸੰਸਕ੍ਰਿਤ ਦੀ ‘ਪਿੰਜ’ ਧਾਤੂ ਤੋਂ ਪਿੰਜਰ ਬਣਿਆ ਹੈ, ਜਿਸ ਵਿੱਚ ਸਜਾਉਣ, ਰੰਗ ਭਰਨ, ਸਪਰਸ਼, ਰਹਿਣ-ਵੱਸਣ ਦੇ ਭਾਵਾਂ ਦੇ ਨਾਲ ਸੱਟ ਮਾਰਨ, ਨੁਕਸਾਨ ਪਹੁੰਚਾਉਣ ਦੇ ਭਾਵ ਵੀ ਹਨ। ਪਿੰਜ ਧਾਤੂ ਮੂਲ ਰੂਪ ਵਿੱਚ ਆਸਰੇ ਜਾਂ ਨਿਰਮਾਣ ਦੀ ਵਾਹਕ ਹੈ। ਪਿੰਜਰ ਦਾ ਅਰਥ ਹੈ- ਹੱਡੀਆਂ ਦਾ ਢਾਂਚਾ, ਕੰਕਾਲ ਆਦਿ। ਪਤਲੀਆਂ ਪੱਟੀਆਂ ਤੋਂ ਬਣਿਆ ਜਾਲੀਦਾਰ ਨਿਵਾਸ ਪੰਛੀਆਂ ਦਾ ਪਿੰਜਰਾ ਹੈ। ਪਿੰਜਰਾ ਵੀ ਪਿੰਜ ਤੋਂ ਬਣਿਆ ਹੈ। ਇਸ ਤਰ੍ਹਾਂ ਪਿੰਜਰ ਵੀ ਇੱਕ ਤਰ੍ਹਾਂ ਨਾਲ ਸਰੀਰ ਦਾ ਆਸਰਾ ਹੈ।
ਪੰਜਾਬੀ ਕੋਸ਼ ਅਨੁਸਾਰ ਪਿੰਜਰ ਦਾ ਅਰਥ ਹੈ- ਸਰੀਰ ਦੀਆਂ ਹੱਡੀਆਂ ਦਾ ਢਾਂਚਾ, ਲਿੱਸਾ, ਕਮਜ਼ੋਰ ਬੰਦਾ। ਨਵੇਂ ਮਹਾਨ ਕੋਸ਼ ਅਨੁਸਾਰ- ਪਿੰਜਰ/ਪੰਜਰੁ- ਭੂਰਾ ਜਾਂ ਸੁਨਹਿਰਾ ਰੰਗ, ਪੀਲਾ, ਜਰਦ, ਹਰਤਾਲ, ਹੜਤਾਲ, ਅਸਥੀਆਂ ਦਾ ਢਾਂਚਾ, ਚਮੜੀ ਰਹਿਤ ਸਰੀਰ। ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥ (ਪੰਨਾ 89); ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥ (ਪੰਨਾ 659); ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਸਟੁ ਭਇਆ॥ (ਪੰਨਾ 906); ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ॥ (ਪੰਨਾ 1382) ਇਸੇ ਤਰ੍ਹਾਂ ਪਿੰਜਰੇ ਦਾ ਜ਼ਿਕਰ ਆਉਂਦਾ ਹੈ- ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥ (ਪੰਨਾ 1382); ਪਿੰਜਰਿ ਪੰਖੀ ਬੰਧਿਆ ਕੋਇ॥ (ਪੰਨਾ 839); ਸੂਆ ਪਿੰਜਰਿ ਨਹੀ ਖਾਇ ਬਿਲਾਸੁ॥ (ਪੰਨਾ 987); ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ॥ (ਪੰਨਾ 1382)
ਪਿੰਜਰੀ-ਛੋਟਾ ਪਿੰਜਰਾ, ਪਿੰਜਰੇ ਦੀ ਤਿੱਤਰੀ ਹੋਣਾ-ਕਿਸੇ ਦੇ ਵੱਸ ਵਿੱਚ ਹੋਣਾ, ਪਿੰਜਰੇ ਪਾਉਣਾ- ਕੈਦ ਕਰਨਾ ਆਦਿ ਮੁਹਾਵਰੇ ਇਸ ਨਾਲ ਸੰਬੰਧਤ ਹਨ। ਪਿੰਜ ਧਾਤੂ ਵਿੱਚ ਸਪਰਸ਼ ਦਾ ਭਾਵ ਹੈ। ਪਿੰਜਣ ਤੋਂ ਭਾਵ ਹੈ- ਰੂੰ ਨੂੰ ਪਿੰਜਣਾ, ਪਿੰਜਣ ਤਾੜਾ-ਰੂੰ ਨੂੰ ਪਿੰਜਣ ਵਾਲਾ ਤਾੜਾ, ਰੂੰ-ਪਿੰਜਣੀ ਨਾਲ ਰੂੰ ਨੂੰ ਸਾਫ ਤੇ ਮੁਲਾਇਮ ਕੀਤਾ ਜਾਂਦਾ ਹੈ। ਇੱਥੇ ਵੀ ਰੂੰ ਨੂੰ ਸੱਟ ਲਾਈ ਜਾਂਦੀ ਹੈ ਅਥਵਾ ਚੋਟ ਪਹੁੰਚਾਈ ਜਾਂਦੀ ਹੈ। ਰੂੰ ਪਿੰਜਣ ਵਿੱਚ ਕਈ ਕਿਰਿਆਵਾਂ ਸ਼ਾਮਲ ਹਨ। ਪਿੰਜਰ ਦਾ ਇੱਕ ਭਾਵ ਬਸੇਰਾ ਵੀ ਹੈ। ਇਹ ਮੂਲ ਰੂਪ ਵਿੱਚ ਸੰਸਕ੍ਰਿਤ ਧਾਤੂ ‘ਸਥੑ’ ਤੋਂ ਬਣਿਆ ਸ਼ਬਦ ਸਥਾਤ੍ਹ ਹੈ, ਇਸ ਵਿੱਚ ਖੜੇ ਰਹਿਣ, ਸਥਿਰ ਹੋਣ, ਟਿਕੇ ਰਹਿਣ, ਡਟੇ ਰਹਿਣ ਦੇ ਭਾਵ ਹਨ। ਇਹ ਭਰੋਪੀ ਭਾਸ਼ਾ ਧਾਤੂ ਹੈ ਤੇ ਇਸ ਪਰਿਵਾਰ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਇਹਦਾ ਦਖਲ ਹੈ। ਭਾਸ਼ਾ ਵਿਗਿਆਨੀ ਸਥੑ ਨਾਲ ਮਿਲਦੀ-ਜੁਲਦੀ ਸਤੑ ਧਾਤੂ ਦੀ ਕਲਪਨਾ ਕਰਦੇ ਹਨ। ਅੰਗਰੇਜ਼ੀ ਦੇ ਸਟੇਅ (ਸਟਅੇ) ਦਾ ਭਾਵ ਹੈ- ਸਥਿਰ, ਟਿਕਿਆ ਹੋਇਆ ਆਦਿ। ਇਸਦੇ ਭਾਵ ਸਥੑ ਧਾਤੂ ਵਾਲੇ ਹਨ। ਇਸ ਤਰ੍ਹਾਂ ਕੰਗਾਲ ਸ਼ਬਦ ਦੇ ਵਿਸਥਾਰ ਨੂੰ ਦੇਖਿਆ ਜਾ ਸਕਦਾ ਹੈ।