*ਯਾਹੀਆ ਸਿਨਵਾਰ ਦੀ ਮੌਤ ਦਾ ਘਾਟਾ ਝੱਲ ਸਕੇਗੀ ਹਮਾਸ?
*ਸੌ ਤੋਂ ਵੱਧ ਇਜ਼ਰਾਇਲੀ ਨਾਗਰਿਕ ਹਾਲੇ ਵੀ ਹਮਾਸ ਦੀ ਹਿਰਾਸਤ ਵਿਚ
ਪੰਜਾਬੀ ਪਰਵਾਜ਼ ਬਿਊਰੋ
ਇਜ਼ਰਾਇਲੀ ਫੌਜ ਵੱਲੋਂ ਯਾਹੀਆ ਸਿਨਵਾਰ ਨੂੰ ਮਾਰ ਦੇਣ ਨਾਲ ਇੱਕ ਵਾਰ ਤਾਂ ਇਸ ਜਥੇਬੰਦੀ ਦਾ ਗਾਜ਼ਾ ਖੇਤਰ ਵਿੱਚ ਲੱਕ ਟੁੱਟ ਗਿਆ ਹੈ। ਭਾਵੇਂ ਕਿ ਹਮਾਸ ਦੇ ਵਿਦੇਸ਼ਾਂ ਵਿੱਚ ਰਹਿ ਰਹੇ ਲੀਡਰਾਂ ਅਤੇ ਇਰਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹਮਾਸ ਨੂੰ ਉਸ ਦੇ ਇੱਕ-ਦੋ ਲੀਡਰਾਂ ਦੀ ਮੌਤ ਨਾਲ ਕੋਈ ਫਰਕ ਨਹੀਂ ਪਵੇਗਾ, ਉਸ ਕੋਲ ਸਮੂਹਿਕ ਲੀਡਰਸ਼ਿਮ ਅਤੇ ਮਜਬੂਤ ਜਥੇਬੰਦਕ ਢਾਂਚਾ ਮੌਜੂਦ ਹੈ; ਪਰ 1962 ਵਿੱਚ ਖਾਨ ਯੂਨਿਸ ਦੇ ਇੱਕ ਰਫਿਊਜ਼ੀ ਕੈਂਪ ਵਿੱਚ ਪੈਦਾ ਹੋਇਆ ਯਹੀਆ ਸਿਨਵਾਰ ਕੋਈ ਛੋਟੀ ਹਸਤੀ ਨਹੀਂ ਸੀ। ਉਹ ਹਮਾਸ ਦੇ ਸਰਗਰਮ ਹਥਿਆਰਬੰਦ ਕੈਡਰ ਦੀ ਇੱਕ ਤਰ੍ਹਾਂ ਨਾਲ ਜਿੰਦ-ਜਾਨ ਸੀ।
ਉਹ ਆਪਣੇ ਵਿਦਿਆਰਥੀ ਜੀਵਨ ਵੇਲੇ ਹੀ ਫਲਿਸਤੀਨ ਦੀ ਮੁਕਤੀ ਦੀ ਲਹਿਰ ਨਾਲ ਜੁੜ ਗਿਆ ਸੀ ਅਤੇ ਕਈ ਵਾਰ ਇਜ਼ਰਾਇਲ ਦੀਆਂ ਜੇਲ੍ਹਾਂ ਵਿੱਚ ਰਿਹਾ। ਆਪਣੇ ਅਖੀਰਲੇ ਗੇੜ ਵਿੱਚ ਉਸ ਨੇ 22 ਸਾਲ ਇਜ਼ਰਾਇਲੀ ਜੇਲ੍ਹ ਵਿੱਚ ਬਿਤਾਏ। ਯਹੂਦੀਆਂ ਦੀ ਭਾਸ਼ਾ ਹੈਬਰਿਊ ਸਿੱਖੀ ਅਤੇ ਯਹੂਦੀ ਕੌਮ ਦਾ ਸੁਭਾਅ ਤੇ ਮਨ-ਤਨ ਪੜ੍ਹਨ ਦੇ ਕਾਬਲ ਹੋ ਗਿਆ। ਉਸ ਨੇ ਅੰਤਾਂ ਦਾ ਲਿਟਰੇਚਰ ਪੜ੍ਹਿਆ ਅਤੇ ਇਹਦੇ ਨੋਟ ਵੀ ਲੈਂਦਾ ਗਿਆ।
ਯਾਹੀਆ ਸਿਨਵਾਰ ਸੰਗਠਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਸੀ। ਸਿਨਵਾਰ ਹਮਾਸ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਆਗੂ ਸੀ। ਇਜ਼ਰਾਇਲ ਦਾ ਕਹਿਣਾ ਹੈ ਕਿ ਬੀਤੇ ਸਾਲ 7 ਅਕਤੂਬਰ ਨੂੰ ਇਜ਼ਰਾਇਲ ਦੇ ਅੰਦਰਵਾਰ ਜਾ ਕੇ ਇੱਕ ਫੈਸਟੀਵਲ ਉੱਪਰ ਕੀਤਾ ਗਿਆ ਹਮਲਾ ਉਸੇ ਦੀ ਯੋਜਨਾਬੰਦੀ ਦਾ ਸਿੱਟਾ ਸੀ। ਉਸ ਦੀ ਮੌਤ ‘ਤੇ ਇਜ਼ਰਾਇਲ ਵਿੱਚ ਜਸ਼ਨ ਵਾਲਾ ਮਾਹੌਲ ਸੀ ਅਤੇ ਫਲਿਸਤੀਨੀਆਂ ਵਿੱਚ ਡੂੰਘੀ ਸੋਗ ਦੀ ਲਹਿਰ। ਜੰਗ ਦੇ ਮੈਦਾਨ ਵਿੱਚ ਜੂਝਦਿਆਂ ਮਰਨ ਕਾਰਨ ਜਿੱਥੇ ਫਲਿਸਤੀਨ ਲੋਕ ਉਸ ਨੂੰ ਆਪਣਾ ਹੀਰੋ ਮੰਨਦੇ ਹਨ, ਜਦਕਿ ਇਜ਼ਰਾਇਲੀ ਉਸ ਨੂੰ ਸ਼ੈਤਾਨ ਸਮਝਦੇ ਸਨ। ਮਰਨ ਤੋਂ ਪਹਿਲਾਂ ਵੀ ਆਪਣੇ ਲੋਕਾਂ ਲਈ ਉਹ ਕਿਸੇ ਸੈਲੀਬਰਿਟੀ ਤੋਂ ਘੱਟ ਨਹੀਂ ਸੀ। ਇਸ ਆਗੂ ਦੇ ਮਾਰੇ ਜਾਣ ਨਾਲ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਕੋਈ ਚੱਜ ਦੀ ਪ੍ਰਾਪਤੀ ਗਿਣਾਉਣ ਜੋਗਾ ਹੋ ਗਿਆ ਹੈ। ਉਂਝ ਉਸ ਤੋਂ ਪਹਿਲਾਂ ਹਮਾਸ ਦਾ ਮੁਖੀ ਇਸਮਾਈਲ ਹਾਨੀਆ ਵੀ ਇਰਾਨ ਵਿੱਚ ਇੱਕ ਹਮਲੇ ਦੌਰਾਨ ਮਾਰਿਆ ਗਿਆ ਸੀ। ਇਹ ਹਮਲਾ ਇਜ਼ਰਾਇਲ ਦੀ ਖੁਫੀਆਂ ਏਜੰਸੀ ਮੋਸਾਦ ਵੱਲੋਂ ਕਰਵਾਇਆ ਦੱਸਿਆ ਜਾਂਦਾ ਹੈ। ਭਾਵੇਂ ਕਿ ਇਸ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਇਸੇ ਤਰ੍ਹਾਂ ਲੈਬਨਾਨ ਵੱਲੋਂ ਇਜ਼ਰਾਇਲ ‘ਤੇ ਹਮਲੇ ਕਰ ਰਹੇ ਸੰਗਠਨ, ਹਿਜ਼ਬੁੱਲਾ ਦੇ ਆਗੂ ਹਸਨ ਨਸਰੁੱਲਾ ਸਮੇਤ ਕਈ ਹੋਰ ਸੀਨੀਅਰ ਆਗੂ ਵੀ ਇਜ਼ਰਾਇਲੀ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ।
ਕੁਝ ਵੀ ਹੋਵੇ, ਬੀਤੇ ਸਾਲ 7 ਅਕਤੂਬਰ ਨੂੰ ਕੀਤੇ ਗਏ ਹਮਲੇ ਨਾਲ ਹਮਾਸ ਨੇ ਨਾ ਸਿਰਫ ਆਪਣੀ ਆਜ਼ਾਦ ਸਟੇਟ ਦਾ ਢਾਂਚਾ ਗੁਆ ਲਿਆ ਹੈ, ਸਗੋਂ ਆਪਣੀ ਲੀਡਰਸ਼ਿੱਪ ਅਤੇ ਕਾਡਰ ਦਾ ਵੱਡਾ ਹਿੱਸਾ ਵੀ ਮਰਵਾ ਲਿਆ ਹੈ। ਇਸ ਦੇ ਸਿੱਟੇ ਵਜੋਂ ਇਜ਼ਰਾਇਲ ਨੇ ਗਾਜ਼ਾ ਵਿੱਚ ਜੋ ਤਬਾਹੀ ਕੀਤੀ ਹੈ, ਉਸ ਦੀ ਪੁਨਰਉਸਾਰੀ ਲਈ ਇੱਕ ਟੁੱਟੀ ਭੱਜੀ ਕੌਮ ਨੂੰ ਵੱਡਾ ਤਰਦੱਦ ਕਰਨਾ ਪਵੇਗਾ। ਇਜ਼ਰਾਇਲ ਅਤੇ ਹਮਾਸ ਵਿੱਚ ਚੱਲ ਰਹੀ ਇਸ ਤਾਜ਼ਾ ਜੰਗ ਵਿੱਚ 42 ਹਜ਼ਾਰ ਲੋਕ ਮਾਰੇ ਗਏ ਹਨ ਤੇ ਇਸ ਤੋਂ ਤਿੱਗਣੀ ਗਿਣਤੀ ਵਿੱਚ ਜ਼ਖਮੀ ਹੋਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਹੁਣ ਇਹ ਦਲੀਲ ਦੇ ਰਹੇ ਹਨ ਕਿ ਸਿਨਵਾਰ ਦੇ ਮਾਰੇ ਜਾਣ ਨਾਲ ਇਜ਼ਰਾਇਲ ਦਾ ਗਾਜ਼ਾ ਵਿੱਚ ਪ੍ਰਮੁੱਖ ਕਾਰਜ ਸਿਰੇ ਲੱਗ ਗਿਆ ਹੈ, ਇਸ ਲਈ ਹੁਣ ਦੋਹਾਂ ਧਿਰਾਂ ਨੂੰ ਜੰਗਬੰਦੀ ਲਈ ਕਿਸੇ ਸਮਝੌਤੇ ‘ਤੇ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੇ ਹੁਣੇ ਜਿਹੇ ਜਰਮਨੀ ਦਾ ਦੌਰਾ ਵੀ ਕੀਤਾ ਹੈ ਅਤੇ ਇਸ ਮੁਲਕ ਨੇ ਵੀ ਜੰਗਬਦੀ ਦੀ ਹਮਾਇਤ ਕੀਤੀ ਹੈ। ਇਸ ਤਰ੍ਹਾਂ ਅਮਰੀਕਾ ਤੋਂ ਇਲਾਵਾ ਪ੍ਰਮੁੱਖ ਯੂਰਪੀਅਨ ਮੁਲਕ ਵੀ ਜੰਗਬੰਦੀ ਦੇ ਹੱਕ ਵਿੱਚ ਆ ਗਏ ਹਨ; ਪਰ ਇਸ ਦੇ ਬਾਵਜੂਦ ਇਰਾਕ ਗਾਜ਼ਾ ਉਤੇ ਹਮਲੇ ਜਾਰੀ ਰੱਖ ਰਿਹਾ ਹੈ ਅਤੇ ਹਮਾਸ ਦੇ ਬਾਕੀ ਬਚੇ ਲੀਡਰਾਂ ਅਤੇ ਕਾਰਕੁੰਨਾਂ ਨੂੰ ਹਥਿਆਰ ਸੁੱਟਣ ਲਈ ਆਖ ਰਿਹਾ ਹੈ। ਯਾਦ ਰਹੇ, ਬੀਤੇ ਸਾਲ ਸੱਤ ਅਕਤੂਬਰ ਨੂੰ ਹਮਾਸ ਵੱਲੋਂ ਅਗਵਾ ਕੀਤੇ ਗਏ ਇਜ਼ਰਾਇਲੀ ਨਾਗਰਿਕਾਂ ਵਿੱਚੋਂ 100 ਤੋਂ ਵੱਧ ਹਾਲੇ ਵੀ ਉਸ ਦੀ ਹਿਰਾਸਤ ਵਿੱਚ ਹਨ। ਅਸਲ ਵਿੱਚ ਅਮਰੀਕਾ ਅਤੇ ਇਜ਼ਰਾਇਲ ਨਹੀਂ ਚਾਹੁੰਦੇ ਕਿ ਹਮਾਸ ਗਾਜ਼ਾ ਪੱਟੀ ਵਿੱਚ ਸੱਤਾ ਵਿੱਚ ਰਹੇ। ਉਹ ਇੱਥੇ ਕੋਈ ‘ਡੰਮੀ’ ਸਰਕਾਰ ਕਾਇਮ ਕਰਨ ਦੇ ਚਾਹਵਾਨ ਹਨ, ਜਿਹੜੀ ਇਨ੍ਹਾਂ ਦੋਹਾਂ ਦੇਸ਼ਾਂ ਦੀ ਪਿੱਠੂ ਹੋਵੇ।
ਹਮਾਸ ਦਾ ਉਭਾਰ 1990ਵਿਆਂ ਵਿੱਚ ਉਦੋਂ ਹੋਇਆ ਸੀ, ਜਦੋਂ ਯਾਸਰ ਅਰਾਫਾਤ ਦੀ ਅਗਵਾਈ ਵਾਲੀ ਫਲਿਸਤੀਨ ਲਿਬੇਰਸ਼ਨ ਆਰਗੇਨਾਈਜੇਸ਼ਨ (ਪੀ.ਐਲ.ਓ.) ਅਤੇ ਇਸ ਦਾ ਮਿਲਟਰੀ ਵਿੰਗ ਥਕਾਵਟ ਮਹਿਸੂਸ ਕਰਨ ਲੱਗਾ ਸੀ। ਇਸ ਜਥੇਬੰਦੀ ਦੇ ਆਗੂ ਯਾਸਰ ਅਰਾਫਾਤ ਨੱਬੇਵਿਆਂ ਵਿੱਚ ਆਣ ਕੇ ਕੌਮਾਂਤਰੀ ਭਾਈਚਾਰੇ ਵੱਲੋਂ ਫਲਿਸਤੀਨੀ ਅਤੇ ਇਜ਼ਰਾਇਲੀ ਲੋਕਾਂ ਲਈ ਦੋ ਵੱਖਰੇ-ਵੱਖਰੇ ਮੁਲਕਾਂ ਦੀ ਥਿਊਰੀ ਪ੍ਰਵਾਨਣ ਲੱਗੇ ਸਨ। ਇਸੇ ਤਹਿਤ ਬਿੱਲ ਕਲਿੰਟਨ ਦੀ ਅਮਰੀਕੀ ਸਰਕਾਰ ਦੀ ਅਗਵਾਈ ਵਿੱਚ 1993 ਦੌਰਾਨ ਇੱਕ ਸਮਝੌਤਾ ਵੀ ਹੋਇਆ ਸੀ, ਜਿਸ ਵਿੱਚ ਫਲਿਸਤੀਨ ਜਿਸ ਇਲਾਕੇ ਵਿੱਚ ਰਹਿੰਦੇ ਹਨ, ਉਸ ਨੂੰ ਇੱਕ ਵੱਖਰਾ ਰਾਜ ਮੰਨ ਲਿਆ ਗਿਆ ਸੀ। ਇਸ ਸਮਝੌਤੇ ਤੋਂ ਬਾਅਦ ਫਲਿਸਤੀਨ ਵਿੱਚ ਬਣੀ ਸਰਕਾਰ ਦੇ ਯਾਸਰ ਅਰਾਫਾਤ ਮੁਖੀ ਬਣੇ। 1948 ਵਿੱਚ ਜਦੋਂ ਇਜ਼ਰਾਇਲ ਹੋਂਦ ਵਿੱਚ ਆਇਆ ਸੀ ਤਾਂ ਇਸ ਦੀ ਉਸਾਰੀ ਲਈ ਇੱਥੇ ਵੱਸਦੇ ਅਰਬੀ ਮੂਲ ਦੇ ਬਾਸ਼ਿੰਦਿਆਂ ਨੂੰ ਉਜਾੜ ਦਿੱਤਾ ਗਿਆ ਸੀ।
ਸੰਯੁਕਤ ਰਾਸ਼ਟਰ ਵੱਲੋਂ ਇੱਕ ਸਮਝੌਤੇ ਤਹਿਤ ਯਹੂਦੀਆਂ ਨੂੰ ਆਪਣਾ ਮੁਲਕ ਵਸਾਉਣ ਲਈ ਇਸ ਖਿੱਤੇ ਦਾ 44 ਫੀਸਦੀ ਹਿੱਸਾ ਦਿੱਤਾ ਗਿਆ ਤੇ ਫਲਿਸਤੀਨੀਆਂ ਨੂੰ 48 ਫੀਸਦੀ; ਪਰ ਦੋ ਸਾਮਰਾਜੀ ਮੁਲਕਾਂ ਦਾ ਆਪਣੇ ਸਿਰ ‘ਤੇ ਹੱਥ ਹੋਣ ਕਾਰਨ ਇਜ਼ਰਾਇਲ ਦਾ ਮਨਸ਼ਾ ਹਮੇਸ਼ਾ ਵਿਸਤਾਰਵਾਦੀ ਰਿਹਾ। ਉਸ ਨੇ ਹਿੱਕ ਦੇ ਜ਼ੋਰ ਫਲਿਸਤੀਨੀ ਖੇਤਰ ਵਿੱਚ ਆਪਣੇ ਬਾਸ਼ਿੰਦਿਆਂ ਨੂੰ ਵਸਾਉਣਾ ਜਾਰੀ ਰੱਖਿਆ ਅਤੇ ਇਨ੍ਹਾਂ ਦੀ ਰਾਖੀ ਇਜ਼ਰਾਇਲੀ ਫੌਜ ਕਰਦੀ ਰਹੀ। ਇਹ ਸ਼ਰੀਹਣ ਧੱਕਾ ਅਤੇ ਸੀਨਾਜ਼ੋਰੀ ਸੀ। ਇਸ ਧੱਕੇਸ਼ਾਹੀ ਵਿਰੁਧ ਪਹਿਲਾਂ ਪੀ.ਐਲ.ਓ. ਨੇ ਅਤੇ ਬਾਅਦ ਵਿੱਚ ਹਮਾਸ ਨੇ ਹਥਿਆਰਬੰਦ ਅਤੇ ਰਾਜਨੀਤਿਕ ਸੰਘਰਸ਼ ਜਾਰੀ ਰੱਖਿਆ। ਓਸਲੋ ਸਮਝੌਤੇ ਤੋਂ ਬਾਅਦ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਪੀ.ਐਲ.ਓ. ਦੀ ਸਰਕਾਰ ਰਹੀ। ਹਥਿਆਰਬੰਦ ਸੰਗਠਨ ਹਮਾਸ ਦੇ ਰਾਜਨੀਤਿਕ ਵਿੰਗ ਨੇ ਗਾਜ਼ਾ ਪੱਟੀ ਵਿੱਚ ਆਪਣੀ ਸੱਤਾ ਕਾਇਮ ਕਰ ਲਈ। ਇਹ ਬਾਕਾਇਦਾ ਚੁਣੀ ਹੋਈ ਸਰਕਾਰ ਸੀ, ਜਿਸ ਕੋਲ ਆਪਣੀ ਫੌਜੀ ਸਮਰੱਥਾ ਵੀ ਸੀ।
ਪੀ.ਐਲ.ਓ. ਦੀ ਸੱਤਾ ਸਿਰਫ ਵੈਸਟ ਬੈਂਕ ਵਾਲੇ ਪਾਸੇ ਤੱਕ ਸੀਮਤ ਹੋ ਗਈ। ਸੱਤਾ ਵਿੱਚ ਆਉਣ ਤੋਂ ਬਾਅਦ ਪੀ.ਐਲ.ਓ. ਦੇ ਬਹੁਤੇ ਆਗੂਆਂ ਉਤੇ ਭ੍ਰਿਸ਼ਟਚਾਰ ਦੇ ਦੋਸ਼ ਲੱਗਣ ਲੱਗੇ। ਕਿਸੇ ਹੱਦ ਤੱਕ ਇਹ ਸਹੀ ਵੀ ਸਨ। ਇਸ ਵਰਤਾਰੇ ਨੇ ਇਸ ਜਥੇਬੰਦੀ ਵਿੱਚ ਲੜਨ ਦਾ ਜਜ਼ਬਾ ਮਾਰ ਦਿੱਤਾ। ਅਜਿਹੀ ਸਥਿਤੀ ਇਜ਼ਰਾਇਲ ਨੂੰ ਫਿੱਟ ਬੈਠਦੀ ਸੀ। ਫਲਿਸਤੀਨੀ ਇਲਾਕੇ ਵਿੱਚ ਇਸ ਕਿਸਮ ਦੀਆਂ ਸਰਕਾਰਾਂ ਦੀ ਮੌਜ਼ੂਦਗੀ ਵਿੱਚ ਇਜ਼ਰਾਇਲ ਮਨਮਾਨੇ ਢੰਗ ਨਾਲ ਆਪਣੀਆਂ ਬਸਤੀਆਂ ਵਸਾ ਸਕਦਾ ਸੀ ਤੇ ਉਹਨੇ ਇਹ ਕੀਤਾ ਹੀ। ਇਜ਼ਰਾਇਲ ਦੇ ਅਜਿਹੇ ਵਤੀਰੇ ਨੂੰ ਠੱਲ੍ਹ ਮਾਰਨ ਲਈ ‘ਹਮਾਸ’ ਦਾ ਉਭਾਰ ਹੋਇਆ, ਜਿਸ ਨੇ ਗਾਜ਼ਾ ਪੱਟੀ ਆਪਣੇ ਕਬਜ਼ੇ ਵਿੱਚ ਲੈ ਲਈ।
ਜਿਵੇਂ ਕਿ 7 ਅਕਤੂਬਰ 2023 ਦੀ ਘਟਨਾ ਤੋਂ ਬਾਅਦ ਅਖ਼ਬਾਰ ‘ਪੰਜਾਬੀ ਪਰਵਾਜ਼’ ਵਿੱਚ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ‘ਹਮਾਸ ਕਿਧਰੇ ਆਪਣੀ ਸੀਮਤ ਸੱਤਾ ਵੀ ਨਾ ਗੁਆ ਦੇਵੇ।’ ਸਥਿਤੀ ਤਕਰੀਬਨ ਇਸੇ ਕਿਸਮ ਦੀ ਪੈਦਾ ਹੋ ਗਈ ਹੈ। ਲਗਦਾ ਹੈ, ਇਜ਼ਰਾਇਲ ਗਾਜ਼ਾ ‘ਤੇ ਉਦੋਂ ਤੱਕ ਹਮਲੇ ਜਾਰੀ ਰੱਖੇਗਾ, ਜਦੋਂ ਤੱਕ ਉਹ ਇੱਥੇ ਆਪਣੀ ਕਠਪੁਤਲੀ ਸਰਕਾਰ ਕਾਇਮ ਕਰਨ ਵਿੱਚ ਸਫਲ ਨਹੀਂ ਹੋ ਜਾਂਦਾ। ਹਮਾਸ ਵੱਲੋਂ ਬੀਤੇ ਸਾਲ ਸੱਤ ਅਕਤੂਬਰ ਨੂੰ ਬੰਦੀ ਬਣਾਏ ਗਏ ਨਾਗਰਿਕਾਂ ਵਿੱਚੋਂ ਸੌ ਤੋਂ ਵੱਧ ਲੋਕਾਂ ਨੂੰ ਰਿਹਾਅ ਕਰਵਾਉਣਾ ਇਜ਼ਰਾਇਲ ਲਈ ਸਵਾਲ ਬਣਿਆ ਹੋਇਆ ਹੈ। ਇਹ ਬੰਦੀ ਇਸੇ ਇਲਾਕੇ ਵਿੱਚ ਹਨ ਜਾਂ ਕਿਸੇ ਗੁਆਂਢੀ ਮੁਲਕ ਵਿੱਚ ਸਰਕਾ ਦਿੱਤੇ ਗਏ ਹਨ, ਪੱਕ ਨਾਲ ਨਹੀਂ ਕਿਹਾ ਜਾ ਸਕਦਾ।
ਸਿਨਵਾਰ ਦੀ ਮੌਤ ਤੋਂ ਬਾਅਦ ਵੀ ਇਜ਼ਰਾਇਲੀ ਫੌਜ ਨੇ ਗਾਜ਼ਾ ਉਪਰ ਹਮਲੇ ਜਾਰੀ ਰੱਖੇ ਹਨ, ਜਿਨ੍ਹਾਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਆਪਣਾ ਹਥਿਆਰਬੰਦ ਵਿਰੋਧ ਇਸ ਖੇਤਰ ਵਿੱਚ ਰਾਜਸੀ ਸੱਤਾ ਗੁਆਉਣ ਤੋਂ ਬਾਅਦ ਵੀ ਜਾਰੀ ਰੱਖ ਸਕੇਗੀ, ਇਸ ਬਾਰੇ ਬਹੁਤਾ ਕੁਝ ਹੁਣੇ ਤੋਂ ਨਹੀਂ ਕਿਹਾ ਜਾ ਸਕਦਾ, ਪਰ ਜਿਵੇਂ ਕਿ ਇਰਾਨ, ਹਿਜ਼ਬੁਲਾ ਅਤੇ ਖੁਦ ਹਮਾਸ ਨੇ ਦਾਅਵਾ ਕੀਤਾ ਹੈ, ਉਸ ਦੀ ਰਾਜਸੀ ਲੀਡਰਸ਼ਿੱਪ ਅਤੇ ਹਥਿਆਰਬੰਦ ਕੈਡਰ ਹਾਲੇ ਵੀ ਜਥੇਬੰਦ ਹੈ। ਇਸ ਨੁਕਤੇ ‘ਤੇ ਇਹ ਫਰਕ ਵੀ ਸਮਝਣ ਵਾਲਾ ਹੈ ਕਿ ਜਿੱਥੇ ਯਾਸਰ ਅਰਾਫਾਤ ਦੀ ਅਗਵਾਈ ਵਾਲੀ ਫਲਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਨੇ ਦੋ ਦੇਸ਼ਾਂ (ਇਜ਼ਰਾਇਲ ਅਤੇ ਫਲਿਸਤੀਨ) ਦੀ ਥਿਊਰੀ ਸਵੀਕਾਰ ਕਰ ਲਈ ਸੀ, ਹਮਾਸ ਇਰਾਨ ਵਾਂਗ ਇਜ਼ਰਾਇਲ ਦਾ ਖਾਤਮਾ ਚਾਹੁੰਦਾ ਹੈ। ਇਸ ਕਿਸਮ ਦੀਆਂ ਚੱਕਵੀਆਂ ਅਤੇ ਅੱਤਿਮੁਖੀ ਪੁਜੀਸ਼ਨਾਂ ਅਤੇ ਕਾਰਵਾਈਆਂ ਹੀ ਕਈ ਰਵਾਂ ਹੋਈਆਂ ਤਨਜੀਮਾਂ ਲਈ ਅੜਿੱਕਾ ਬਣ ਜਾਂਦੀਆਂ ਹਨ। ਅਜਿਹਾ ਹੀ ਕੁਝ ਅਸੀਂ ਬੀਤੀ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਪੰਜਾਬ ਵਿੱਚ ‘ਸਿੱਖ ਲਹਿਰ’ ਅਤੇ ਸ੍ਰੀਲੰਕਾ ਵਿੱਚ ‘ਲਿੱਟੇ’ ਨਾਲ ਵਾਪਰਦਾ ਵੇਖਿਆ ਹੈ।