ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਫੋਨ: +91-6280574657
ਕਣਕਾਂ ਵੱਢਣ ਤੋਂ ਬਾਅਦ ਬਚਦੀ ਰਹਿੰਦ-ਖੂੰਹਦ ਨੂੰ ਕਿਸਾਨਾਂ ਨੇ ਅੱਗ ਲਾ ਕੇ ਸਾੜ ਦਿੱਤਾ ਹੋਇਆ ਸੀ। ਇਹ ਸ਼ਨੀਵਾਰ ਦਾ ਦਿਨ ਸੀ। ਵੀਰਦੀਪ ਪਿੰਡ ਵਾਲੇ ਬੱਸ ਸਟੈਂਡ ਉਤਰਿਆ ਤੇ ਆਪਣੇ ਘਰ ਵੱਲ ਤੁਰ ਪਿਆ। ਦਿਨ ਛਿਪ ਰਿਹਾ ਸੀ। ਛਿਪ ਰਹੇ ਸੂਰਜ ਦੀ ਲਾਲੀ ਵਿੱਚ ਦੂਰ-ਦੂਰ ਤੱਕ ਸੜੇ ਖੇਤ ਅਤੇ ਦਰਖਤ ਡਰਾਉਣਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਹ ਸਾਰਾ ਕੁਝ ਵੇਖ ਕੇ ਵੀਰਦੀਪ ਸਹਿਮ ਗਿਆ। ਉਸ ਨੂੰ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਇਸ ਸੜੀ ਜ਼ਮੀਨ ਵਰਗਾ ਕਾਲਾ-ਕਾਲਾ ਦਿਸਿਆ। ਉਹ ਲਿੰਕ ਰੋਡ ਤੋਂ ਆਪਣੇ ਘਰ ਵਾਲੀ ਪਹੀ ਪੈ ਗਿਆ। ਉਸ ਨੇ ਆਲੇ ਦੁਆਲੇ ਤੋਂ ਨਿਗਾਹ ਚੁਰਾ ਕੇ ਛਿਪਦੇ ਸੂਰਜ ‘ਤੇ ਕੇਂਦਰਤ ਕਰ ਲਈ। ਮਨ ਵਿਚਾਰਾਂ ਤੋਂ ਮੁਕਤ ਹੋਣ ਲੱਗਾ ਅਤੇ ਆਤਮਾ ਨੂੰ ਕਿਸੇ ਅਜੀਬ ਧਰਵਾਸ ਨੇ ਦਿਲਾਸਾ ਦਿੱਤਾ। ਘਰ ਪਹੁੰਚਣ ਤੱਕ ਉਹ ਛਿਪਦੇ ਸੂਰਜ ਨੂੰ ਨਿਹਾਰਦਾ ਰਿਹਾ। ਮੋਟਰ ਵਾਲੇ ਚੁਬੱਚੇ ਕੋਲ ਪੁਜਾ ਤਾਂ ਸੂਰਜ ਛਿਪ ਚੁੱਕਾ ਸੀ। ਦਰਖਤਾਂ ‘ਤੇ ਆਲ੍ਹਣਿਆਂ ਨੂੰ ਪਰਤ ਰਹੇ ਪੰਛੀਆਂ ਦੀ ਚਹਿਚਹਾਟ ਨੇ ਉਸ ਦਾ ਮਨ ਹੋਰ ਸਕੂਨ ਨਾਲ ਭਰ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਦਾ ਨੌਕਰ ਪੂਰਬੀਆ ਉਸ ਦੇ ਮੱਥੇ ਲੱਗਿਆ। ਉਹਨੇ ਨੌਕਰ ਅਸ਼ੀਸ਼ ਦਾ ਰਸਮੀ ਹਾਲ-ਚਾਲ ਪੁੱਛਿਆ। ਚਾਚਾ ਕਰਮਾ ਤੇ ਨਵਜੋਤ ਉਹਦੀ ਕਦੋਂ ਦੇ ਉਡੀਕ ਕਰ ਰਹੇ ਸਨ। ਕਰਮੇ ਨੇ ਮੁੰਡੇ ਨੂੰ ਜੱਫੀ ਵਿੱਚ ਲਿਆ, ‘ਅੱਜ ਫਿਰ ਲੇਟ ਹੋ ਗਿਆਂ ਵੀਰੂ।’ ਇਹ ਕਰਮੇ ਦਾ ਤਕੀਆ ਕਲਾਮ ਹੀ ਬਣ ਗਿਆ ਸੀ। ਵੀਰਦੀਪ ਜਿਹੜੇ ਵੇਲੇ ਮਰਜ਼ੀ ਆ ਜਾਵੇ, ਉਹਨੇ ਇਹ ਜ਼ਰੁਰ ਕਹਿਣਾ ਹੁੰਦਾ। ਨਵਜੋਤ ਮੰਜੇ ‘ਤੇ ਬੈਠੀ ਖੜ੍ਹੀ ਹੋ ਗਈ ਸੀ। ਵੀਰਦੀਪ ਨੇ ਉਹਦੇ ਗੋਡੀਂ ਹੱਥ ਲਾਏ ਤੇ ਨਵਜੋਤ ਨੇ ਸਿਰ ਪਲੋਸ ਦਿੱਤਾ। ਵੀਰਦੀਪ ਦਾ ਕੱਦ ਉਹਦੇ ਨਾਲੋਂ ਕਾਫੀ ਉੱਚਾ ਸੀ। ਵੀਰਦੀਪ ਨੇ ਨਵਜੋਤ ਨੂੰ ਅੱਜ ਨੇੜਿਉਂ ਵੇਖਿਆ। ਉਠਣ ਲੱਗੀ ਦੇ ਉਹਦੇ ਸਿਰ ਤੋਂ ਚੁੰਨੀ ਲਹਿ ਗਈ। ਉਹਦੇ ਮੱਥੇ ਉਪਰਲੇ ਵਾਲਾਂ ਵਿੱਚ ਕੁਝ ਧੌਲੇ ਵਿਖਾਈ ਦੇਣ ਲੱਗੇ ਸਨ। ਹੁਣ ਉਹ ਨੂੰਹ ਦਾ ਸਾਥ ਭਾਲਣ ਲੱਗੀ ਸੀ।
ਨਵਜੋਤ ਨੇ ਜੱਗ ਵਿੱਚ ਸ਼ੱਕਰ ਪਾਈ, ਦੋ ਨਿੰਬੂ ਨਿਚੋੜੇ ਅਤੇ ਠੰਡੇ ਪਾਣੀ ਨਾਲ ਜੱਗ ਭਰ ਕੇ ਲੈ ਆਈ। ਵੀਰਦੀਪ ਕਈ ਗਲਾਸ ਸ਼ਕੰਜਵੀਂ ਦੇ ਪੀ ਗਿਆ। ਖਾਣ-ਪੀਣ ਉਹਦਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ। ਨਵਜੋਤ ਨੂੰ ਪਤਾ ਸੀ ਕਿ ਸ਼ਕੰਜਵੀਂ ਦੇ ਇੱਕ ਅੱਧੇ ਗਿਲਾਸ ਨਾਲ ਉਹਦਾ ਦਿਲ ਨਹੀਂ ਭਰਨਾ। ਬਾਹਰ ਗਰਮੀ ਸੀ ਅਤੇ ਖੇਤਾਂ ਦੇ ਸਾੜ ਕਾਰਨ ਪੈਦਾ ਹੋਏ ਧੂਏਂ ਕਾਰਨ ਇਹ ਹੋਰ ਤਲਖ ਹੋ ਗਈ ਸੀ। ਸ਼ਕੰਜਵੀਂ ਨਾਲ ਇੱਕ ਵਾਰ ਤਾਂ ਕਾਲਜੇ ਠੰਡ ਪੈ ਗਈ।
ਕਰਮਾ ਤੇ ਨਵਜੋਤ ਉਹਦੇ ਨਾਲ ਕੁਝ ਦੇਰ ਗੱਲਾਂ ਕਰਦੇ ਰਹੇ। ਉਹਦੇ ਕਿੱਤੇ ਬਾਰੇ, ਉਸਤਾਦ ਵਕੀਲ ਅਤੇ ਪੈਸੇ-ਧੇਲੇ ਆਦਿ ਬਾਰੇ ਗੱਲਾਂ ਹੁੰਦੀਆਂ ਰਹੀਂ। ਥੋੜ੍ਹੀ ਦੇਰ ਬਾਅਦ ਉਹ ਪੌੜੀ ਚੜ੍ਹਿਆ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਕੱਪੜੇ ਉਤਾਰੇ ਤੇ ਤੇੜ ਤੌਲੀਆ ਲਪੇਟ ਕੇ ਚਲਦੀ ਮੋਟਰ ਦੇ ਚੁਬੱਚੇ ਵਿੱਚ ਨਹਾਉਣ ਲੱਗਾ। ਗਰਮੀ ਤੋਂ ਰਾਹਤ ਲਈ ਉਹ ਕਈ ਦੇਰ ਨਹਾਉਂਦਾ ਰਿਹਾ। ਫਿਰ ਕੱਪੜੇ ਬਦਲੇ ਤੇ ਹੇਠਾਂ ਲੌਬੀ ਵਿੱਚ ਆ ਗਿਆ, ਉਦੋਂ ਤੱਕ ਨਵਜੋਤ ਨੇ ਡਾਈਨਿੰਗ ਟੇਬਲ ‘ਤੇ ਰੋਟੀ ਲਗਾ ਦਿੱਤੀ ਸੀ। ਇੰਨੇ ਨੂੰ ਕਰਮਾ ਵੀ ਆ ਗਿਆ। ਉਹ ਤਿੰਨੋ ਰੋਟੀ ਖਾਣ ਲੱਗੇ। ਅਸ਼ੀਸ਼ ਪਹਿਲਾਂ ਹੀ ਰੋਟੀ ਖਾ ਚੁੱਕਾ ਸੀ। ਰੋਟੀ ਖਾਂਦਿਆਂ ਉਹ ਨਿੱਕੀਆਂ ਨਿੱਕੀਆਂ ਘਰੇਲੂ ਗੱਲਾਂ ਕਰਦੇ ਰਹੇ। ਫਿਰ ਨਵਜੋਤ ਅਸਲੀ ਗੱਲ ‘ਤੇ ਆ ਗਈ, ‘ਹੁਣ ਤਾਂ ਵੀਰਦੀਪ ਤੂੰ ਕਮਾਉਣ ਵੀ ਲੱਗ ਪਿਐਂ, ਆਪਾਂ ਜੇ ਵਿਆਹ ਕਰ ਲਈਏ ਤੇਰਾ।’ ਉਹਨੇ ਇੱਕ ਤਰ੍ਹਾਂ ਨਾਲ ਮੁੰਡੇ ਦਾ ਮਨ ਟੋਹਣਾ ਚਾਹਿਆ।
‘ਵਿਆਹ ਵੀ ਕਰ ਲਾਂਗੇ ਚਾਚੀ, ਕਾਹਲੀ ਕਾਹਦੀ ਹੈ, ਮੈਂ ਵਿਆਹ ਕਰਵਾਉਣ ਜੋਗਾ ਹੋ ਤੇ ਲਵਾਂ; ਹਾਲੇ ਮੇਰੀ ਕਮਾਈ ਇੰਨੀ ਵੀ ਨਹੀਂ ਹੋਈ ਕਿ ਲਾਵਾਂ ਵਾਲੀ ਦੇ ਨਖਰੇ ਚੁੱਕ ਸਕਾਂ’ ਵੀਰਦੀਪ ਨੇ ਚਾਚੀ ਨੂੰ ਹੱਸ ਕੇ ਉੱਤਰ ਦਿੱਤਾ।
‘ਕਮਾਈਆਂ ਕਮੂਈਆਂ ਤਾਂ ਇਉਂ ਈ ਚਲਦੀਆਂ ਰਹਿਣੀਆਂ ਵੀਰਦੀਪ, ਹਰ ਚੀਜ ਸਮੇਂ ਸਿਰ ਹੀ ਸੋਹਣੀ ਲਗਦੀ। ਬਾਅਦ ‘ਚ ਤਾਂ ਕੁਵੇਲੇ ਦੀਆਂ ਟੱਕਰਾਂ ਹੁੰਦੀਆਂ। ਨਾਲੇ ਹੁਣ ਤਾਂ ਚੰਗੇ ਰਿਸ਼ਤੇ ਆਉਂਦੇ, ਫੇਰ ਪਤਾ ਨ੍ਹੀਂ ਕਿਸ ਤਰ੍ਹਾਂ…।’ ਕਰਮੇ ਨੇ ਅੱਧੀ ਗੱਲ ਵਿੱਚੇ ਛੱਡ ਦਿੱਤੀ।
‘ਤੁਸੀਂ ਅਸਲ ਗੱਲ ਕਰੋ ਚਾਚਾ ਮੈਂ ਕਿਹੜਾ ਤੁਹਾਥੋਂ ਭਜਿਆਂ, ਜਿਵੇਂ ਕਹੋਗੇ ਕਰ ਲਾਂਗੇ’ ਵੀਰਦੀਪ ਨੇ ਗੱਲ ਮੋੜੀ।
‘ਤੇਰੀ ਕੋਈ ਆਪਣੀ ਪਸੰਦ ਹੈਗੀ ਤਾਂ ਦੱਸ, ਆਪਾਂ ਬਣਾਲਾਂਗੇ ਕੋਈ ਬਿਧ’ ਕਰਮੇ ਨੇ ਵੀਰਦੀਪ ਨੂੰ ਫਰੋਲਣਾ ਚਾਹਿਆ।
‘ਥੋਡੀ ਪਸੰਦ ਵਿੱਚ ਹੀ ਮੇਰੀ ਪਸੰਦ ਹੋਊ, ਮੈਂ ਤੁਹਾਥੋਂ ਬਾਹਰ ਕਿਵੇਂ ਹੋ ਸਕਦਾਂ’ ਵੀਰਦੀਪ ਨੇ ਦੋਹਾਂ ਨੂੰ ਇੱਕ ਤਰ੍ਹਾਂ ਨਿਰਉੱਤਰ ਕਰ ਦਿੱਤਾ। ਉਹ ਥੋੜ੍ਹੀ ਦੇਰ ਵੀਰਦੀਪ ਦੇ ਚਿਹਰੇ ਵੱਲ ਵੇਖਦੇ ਰਹੇ। ਫਿਰ ਉਨ੍ਹਾਂ ਨੇ ਇੱਕ-ਦੂਜੇ ਨਾਲ ਨਜ਼ਰ ਮਿਲਾਈ। ਦੋਹਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਫਿਰ ਕਰਮੇ ਨੇ ਗੱਲ ਤੋਰੀ; ‘ਧੌਲਪੁਰ ਤੋਂ ਇੱਕ ਕੁੜੀ ਦਾ ਰਿਸ਼ਤਾ ਆਉਂਦਾ, ਬੀ.ਐਡ ਕਰਕੇ ਸਾਇੰਸ ਟੀਚਰ ਲੱਗੀ ਹੋਈ ਕੁੜੀ ਰਾਈਆਣੇ ਵੱਡੇ ਸਕੂਲ ‘ਚ, ਤੂੰ ਕਹੇਂ ਤਾਂ ਕੁੜੀ ਵੇਖ ਵੂਖ ਲੈਨੇ ਆਂ ਤੇ ਤੂੰ ਵੀ ਮਿਲ ਲਈਂ ਕਿਸੇ ਦਿਨ ਕੁੜੀ ਨੂੰ।’
‘ਕੀ ਨਾਂ ਐ ਕੁੜੀ ਦਾ’ ਵੀਰਦੀਪ ਨੇ ਪੈਂਦੀ ਸੱਟੇ ਪੁੱਛਿਆ।
‘ਹਰਜੀਤ ਕੌਰ ਦੱਸਦੇ ਨੇ, ਬਾਕੀ ਤੂੰ ਪਤਾ ਕਰ`ਲੀਂ ਆਪਣੇ ਮਿੱਤਰਚਾਰੇ ਤੋਂ ਕੁੜੀ ਬਾਰੇ’ ਨਵਜੋਤ ਨੇ ਗੱਲ ਅੱਗੇ ਤੋਰੀ।
ਵੀਰਦੀਪ ਪਲ ਦੀ ਪਲ ਚੁੱਪ ਕਰ ਗਿਆ ਅਤੇ ਫਿਰ ਕੁਝ ਸੋਚਣ ਲੱਗਾ। ਕੁਝ ਪਲ ਸੋਚਣ ਤੋਂ ਬਾਅਦ ਫਿਰ ਉਹ ਬੋਲਿਆ; ‘ਉਨ੍ਹਾਂ ਨੂੰ ਮੇਰੇ ਪਿਛੋਕੜ ਬਾਰੇ ਸਾਰਾ ਕੁਝ ਦੱਸ ਦੇਣਾ ਸੀ ਮਾਤਾ, ਬਾਅਦ ਵਿੱਚ ਆਪਣੇ ਸ਼ਰੀਕਾਂ ਤੋਂ ਸੂਹਾਂ ਕੱਢਦੇ ਫਿਰਨਗੇ।’
‘ਅਸੀਂ ਕੀਤੀ ਸੀ ਸਾਰੀ ਗੱਲ, ਪਰ ਉਹ ਰਿਸ਼ਤਾ ਕਰਨ ‘ਤੇ ਬਜਿੱਦ ਰਹੇ’ ਕਰਮਾ ਆਖਣ ਲੱਗਾ।
‘ਫੇਰ ਠੀਕ ਐ, ਕਰ ਲੋ ਜਿਵੇਂ ਤੁਸੀਂ ਕਰਨਾ, ਥੁਆਡੇ ਤੋਂ ਚੰਗਾ ਮੇਰਾ ਹੋਰ ਕੌਣ ਸੋਚ ਸਕਦਾ’ ਵੀਰਦੀਪ ਹੁਣ ਸਮਝ ਗਿਆ ਸੀ ਕਿ ਹਰਜੀਤ ਨੇ ਭੇਜੇ ਹੋਣਗੇ ਆਪਣੇ ਮਾਪੇ ਰਿਸ਼ਤੇ ਲਈ।
—
ਫਿਰ ਇੱਕ ਦਿਨ ਨਾਭੇ ਦੇ ਛੋਟੇ ਜਿਹੇ ਹੋਟਲ ਵਿੱਚ ਹਰਜੀਤ ਦੇ ਮਾਪੇ ਅਤੇ ਕਰਮੇ ਹੋਰੀਂ ਇੱਕ ਦੂਜੇ ਦੇ ਸਨਮੁਖ ਹੋਏ। ਹਰਜੀਤ ਤੇ ਵੀਰਦੀਪ ਨੂੰ ਉਨ੍ਹਾਂ ਇੱਕ ਵੱਖਰੇ ਕਮਰੇ ਵਿੱਚ ਮਿਲਣ ਦਾ ਮੌਕਾ ਦਿੱਤਾ। ਕੁਝ ਦੇਰ ਲਈ ਦੋਵੇਂ ਇੱਕ ਦੂਜੇ ਵੱਲ ਵੇਖਦੇ ਰਹਿ ਗਏ। ਹਰਜੀਤ ਪਹਿਲਾਂ ਨਾਲੋਂ ਕੁਝ ਪਤਲੀ ਅਤੇ ਲੰਬੀ ਲੱਗ ਰਹੀ ਸੀ। ਰੰਗ ਵੀ ਕੁਝ ਸਾਫ ਹੋ ਗਿਆ ਸੀ। ਗੱਲਬਾਤ ਵਿੱਚ ਪਰਪੱਕਤਾ ਆ ਗਈ ਸੀ। ਸ਼ਾਇਦ ਇਹ ਅਧਿਆਪਨ ਦਾ ਚੜ੍ਹਿਆ ਰੰਗ ਸੀ, ਹੋ ਸਕਦੈ ਨੌਕਰੀ ਦਾ ਅਸਰ ਹੋਵੇ। ਪੱਲਿਆਂ ਤੋਂ ਕੱਢੇ ਹੋਏ ਹਲਕੇ ਗਾਜਰੀ ਸੂਟ ਵਿੱਚ ਉਹ ਇੰਨੀ ਜਚੀ ਕਿ ਇੱਕ ਪਲ ਵੀਰਦੀਪ ਨੂੰ ਜਾਪਿਆ ਕਿ ਕਾਲਜ ਵਾਲੀ ਨਹੀਂ, ਇਹ ਕੋਈ ਹੋਰ ਹਰਜੀਤ ਹੈ। ਫਿਰ ਉਹ ਗੱਲੀਂ ਪੈ ਗਏ- ਦਿਲਬਾਗ ਦੇ ਕਾਰਨਾਮਿਆਂ ਬਾਰੇ, ਕਾਲਜ ਵਿੱਚ ਬੀਤੀ ਜ਼ਿੰਦਗੀ ਬਾਰੇ ਅਤੇ ਹਰਜੀਤ ਤੇ ਵੀਰਦੀਪ ਦੇ ਮੌਜੂਦਾ ਕਿੱਤਿਆਂ ਬਾਰੇ। ਹਰਜੀਤ ਤੋਂ ਹੀ ਉਹਨੂੰ ਪਤਾ ਲੱਗਾ ਕਿ ਰਿਸ਼ਤੇ ਲਈ ਸਾਰਾ ਜ਼ੋਰ ਸਿਮਰਨ ਨੇ ਲਾਇਆ ਸੀ। ਬੈਠਿਆਂ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਸਮਾਂ ਕਦੋਂ ਬੀਤ ਗਿਆ। ਇੰਨੇ ਨੂੰ ਹੋਟਲ ਦੇ ਇੱਕ ਮੁਲਾਜ਼ਮ ਨੇ ਆਣ ਕੇ ਦੱਸਿਆ ਕਿ ਉਨ੍ਹਾਂ ਦੀ ਬਾਹਰ ਉਡੀਕ ਹੋ ਰਹੀ ਹੈ। ਆਏ ਤਾਂ ਉਹ ਵੇਖ ਵਖਾਲਾ ਕਰਨ ਸਨ, ਪਰ ਹਰਜੀਤ ਦੇ ਮਾਪਿਆਂ ਨੇ ਕੁਝ ਮਠਿਆਈ ਮੰਗਵਾਈ ਅਤੇ ਇਕਵੰਜਾ ਸੌ ਰੁਪਏ ਮੁੰਡੇ ਦੇ ਪੱਲੇ ਪਾ ਕੇ ਰਿਸ਼ਤਾ ਪੱਕਾ ਕਰ ਗਏ।
—
ਵੀਰਦੀਪ ਨੂੰ ਮਿਲਣ ਤੋਂ ਬਾਅਦ ਦਿਲਬਾਗ ਕੁਝ ਦਿਨ ਘਰ ਹੀ ਰਿਹਾ। ਫਿਰ ਉਹ ਘੋੜਿਆਂ ਨੂੰ ਵੀ ਦੌੜਨ ਲਈ ਨਾਲ ਲਿਜਾਣ ਲੱਗੇ। ਉਨ੍ਹਾਂ ਕੋਲ ਹੁਣ ਚਾਰ ਘੋੜੇ ‘ਤੇ ਇੱਕ ਘੋੜੀ ਸੀ। ਦਿਲਬਾਗ ਪਿਆਰ ਨਾਲ ਉਹਨੂੰ ‘ਰਾਣੀ’ ਆਖਦਾ। ਦਿਲਬਾਗ ਘੋੜਿਆਂ ਨਾਲ ਘੋੜੇ ਵਾਂਗ ਹੀ ਦੌੜਦਾ ਸੀ। ਘੋੜੀ ਨੂੰ ਉਹ ਸ਼ਿੰਗਾਰ ਕੇ ਰੱਖਦਾ। ਕਦੀ ਕਦੀ ਉਹਦੇ ‘ਤੇ ਸ਼ੌਕੀਆ ਗੇੜਾ ਦਿੰਦਾ। ਪਿੰਡ ਦੇ ਲੋਕ ਹੁਣ ਉਨ੍ਹਾਂ ਨੂੰ ਘੋੜੀਆਂ ਵਾਲਿਆਂ ਦਾ ਲਾਣਾ ਆਖਣ ਲੱਗੇ ਸਨ। ਦੌੜਨ ਵੇਲੇ ਦੂਜੇ ਮੁੰਡੇ ਕਾਫੀ ਪਿੱਛੇ ਰਹਿ ਜਾਂਦੇ, ਦਿਲਬਾਗ ਨਾਲ ਰਲਣ ਲਈ ਫਿਰ ਉਹ ਘੋੜਿਆਂ ‘ਤੇ ਸਵਾਰ ਹੋ ਜਾਂਦੇ। ਜਦੋਂ ਉਹ ਬਰਾਬਰ ਆ ਜਾਂਦੇ ਤਾਂ ਕਈ ਵਾਰ ਦਿਲਬਾਗ ਉਨ੍ਹਾਂ ਨੂੰ ਨਾਲ ਰਲਣ ਲਈ ਵੰਗਾਰਦਾ। ਇੰਝ ਹੱਸਦੇ-ਖੇਡਦੇ ਉਹ ਸਖਤ ਕਸਰਤ ਵਿੱਚੋਂ ਗੁਜਰਦੇ। ਛੇ-ਸੱਤ ਮੱਝਾਂ ਸਨ, ਉਨ੍ਹਾਂ ਵਿੱਚੋਂ ਤਿੰਨ ਚਾਰ ਸੂਈਆਂ ਰਹਿੰਦੀਆਂ। ਆਣ ਕੇ ਜਿੰਨਾ ਦਿਲ ਕਰਦਾ ਦੁਧ ਪੀਂਦੇ। ਦੇਸੀ ਘਿਉ `ਚ ਤਲੇ ਪਰੌਂਠੇ ਖਾਂਦੇ ਤੇ ਸੌਂ ਜਾਂਦੇ। ਕਈ ਵਾਰ ਦੁੱਧ ਨਾਲ ਈ ਲੱਪ ਲੱਪ ਦੇਸੀ ਘਿਉ ਖਾ ਜਾਂਦੇ। ਦਿਲਬਾਗ ਉਨ੍ਹਾਂ ਨੂੰ ਖਾਣ-ਸੌਣ ਵੇਲੇ ਟੋਕਦਾ ਨਾ। ਦੋ ਕੁ ਵਜੇ ਉਠਦੇ ਤੇ ਨੌਕਰ ਪੂਰਬੀਏ ਨਾਲ ਕੱਖ ਕੰਡਾ ਕਰਵਾ ਦਿੰਦੇ। ਪਸ਼ੂਆਂ ਦੀ ਸਾਂਭ-ਸੰਭਾਲ ਕਰਦੇ ਤੇ ਬਚਦਾ ਦੁੱਧ ਘੁੱਕਰ ਹਲਵਾਈ ਦੀ ਦੁਕਾਨ ‘ਤੇ ਪਾ ਆਉਂਦੇ। ਘਰੇ ਫਿਟਨੈਸ ਮਸ਼ੀਨਾਂ ਅਤੇ ਵੇਟ ਵਗੈਰਾ ਰੱਖੇ ਹੋਏ ਸਨ। ਦੇਰ ਸ਼ਾਮ ਫਿਰ ਕਸਰਤ ਕਰਨ ਲਗਦੇ। ਇਸ ਦੌਰਾਨ ਛੜਿਆਂ ਦੀ ਹਵੇਲੀ ਵਾਂਗ ਉਚੀ ਆਵਾਜ਼ ਵਿੱਚ ਬੀਟ ਸੌਂਗ ਵੱਜਦੇ ਰਹਿੰਦੇ। ਦਿਲਬਾਗ ਅੰਬੇ ਹੋਰਾਂ ਨੂੰ ਟੋਕਦਾ ਤੇ ਆਵਾਜ਼ ਹੌਲੀ ਕਰਨ ਲਈ ਆਖਦਾ। ਉਹ ਪਿੱਠ ਮਰੋੜਦਾ ‘ਤੇ ਛੋਟਿਆਂ ਦੀ ਜੋੜੀ ਫਿਰ ਆਵਾਜ਼ ਚੁੱਕ ਦਿੰਦੀ। ਦਿਲਬਾਗ ਜ਼ਿਆਦਾ ਟੋਕਦਾ ਤਾਂ ਉਹਦਾ ਹੱਥ ਫੜ ਕੇ ਨੱਚਣ ਲਾ ਲੈਂਦੇ। ‘ਤੇਰੇ ਵਿਆਹ ਵਿੱਚ ਭੰਗੜਾ ਪਾਉਣ ਦੀ ਪ੍ਰੈਕਟਿਸ ਕਰਦੇ ਆਂ ਬਾਈ, ਟੋਕਿਆ ਨਾ ਕਰ ਯਾਰ ਸਾਨੂੰ’ ਉਹ ਦਿਲਬਾਗ ਨੂੰ ਆਖਦੇ, ਦਿਲਬਾਗ ਦੀ ਖਿਝਣ ਉਡ ਪੁਡ ਜਾਂਦੀ। ਹੁਣ ਉਹ ਆਪਸ ਵਿੱਚ ਬਹੁਤ ਰਚ-ਮਿਚ ਗਏ ਸਨ। ਕਈ ਵਾਰ ਉਹ ਦਿਲਬਾਗ ਨੂੰ ਆਖਦੇ, ‘ਬਾਈ ਸਾਨੂੰ ਘਰ ਵਾਲਿਆਂ ਨੂੰ ਮਿਲਾ ਦੇ।’ ਘਰੋਂ ਨਿਕਲਿਆਂ ਨੂੰ ਹੁਣ ਕਈ ਸਾਲ ਗੁਜਰ ਗਏ ਸਨ, ਮੁੰਡਿਆਂ ਨੂੰ ਮਾਪਿਆਂ ਦੀ ਯਾਦ ਆਉਂਦੀ, ਪਿੰਡ ਜਾਣ ਨੂੰ ਦਿਲ ਕਰਦਾ। ਜਿਹੜੀਆਂ ਸੱਥਾਂ ਛੱਡ ਆਏ ਸਨ, ਉਨ੍ਹਾਂ ਵਿੱਚ ਤਾਸ਼ ਖੇਡਣ ਨੂੰ ਜੀ ਕਰਦਾ। ਕਈ ਵਾਰ ਉਨ੍ਹਾਂ ਨੂੰ ਆਪਣੇ ਵਿਆਹਾਂ ਦੀ ਵੀ ਫਿਕਰ ਹੁੰਦੀ। ਕਦੀ ਕਦੀ ਉਹ ਖਾਸੇ ਮਸੋਸੇ ਜਾਂਦੇ। ਅਜਿਹੇ ਮੌਕੇ ਦਿਲਬਾਗ ਮਾਂ ਵਾਂਗ ਉਨ੍ਹਾਂ ਦੇ ਆਲੇ-ਦੁਆਲੇ ਫਿਰਦਾ।
ਇੱਕ ਦਿਨ ਦਿਲਬਾਗ ਤੜਕੇ ਉੱਠਿਆ, ਪਿਸਤੌਲ ਡੱਬ ਵਿੱਚ ਦੇ ਲਿਆ ਅਤੇ ਘਰੋਂ ਨਿਕਲ ਗਿਆ। ਦਿਨ ਚੜ੍ਹਦੇ ਤੋਂ ਪਹਿਲਾਂ ਉਹ ਅੰਬੇ ਤੇ ਗੋਲੂ ਦੀਆਂ ਮਾਵਾਂ ਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਟਿਕਾਣੇ ‘ਤੇ ਲੈ ਆਇਆ। ਮੁੜਦਿਆਂ ਗੱਡੀ ਉਹਨੇ ਹਵਾਈ ਜਹਾਜ਼ ਬਣਾ ਦਿੱਤੀ, ਡੇੜ ਸੌ ਦੀ ਸਪੀਡ ‘ਤੇ ਚੁੱਕੀ ਰੱਖੀ। ਬੀਬੀਆਂ ਨੂੰ ਪਤਾ ਹੀ ਨਾ ਲੱਗਾ ਕਦੋਂ ਕਿੱਥੇ ਪਹੁੰਚ ਗਈਆਂ ਹਨ। ਮਾਵਾਂ ਮੁੰਡਿਆਂ ਦੇ ਗਲ ਚਿੰਬੜ ਕੇ ਰੋਣ ਲੱਗੀਆਂ। ਰੋਣ ਰੁਕਿਆ ਤਾਂ ਮੁੰਡਿਆਂ ਨੂੰ ਘਰ ਜਾਣ ਲਈ ਆਖਣ ਲੱਗੀਆਂ। ਅੰਬੇ ਦੀ ਮਾਤਾ ਬਹੁਤ ਜ਼ਿਆਦਾ ਵੈਰਾਗੀ ਹੋਈ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਹਦੀ ਇੱਕ ਛੋਟੀ ਭੈਣ ਪੁਲਿਸ ਦੇ ਨਿੱਤ ਦੇ ਗੇੜਿਆਂ ਤੋਂ ਡਰਦਿਆਂ ਮਾਪਿਆ ਵਿਆਹ ਦਿੱਤੀ ਸੀ, ‘ਅਮਰਜੀਤ ਚੱਲ ਵੇ ਘਰ, ਮੇਰੀ ਰੂਹ ਤਰਸਗੀ ਤੈਨੂੰ ਵੇਖਣ ਨੂੰ। ਭੈਣ ਤੇਰੀ ਅੱਡ ਕਲਪਦੀ ਤੈਨੂੰ ਮਿਲਣ ਲਈ। ਪਿਉ ਤੇਰਾ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ ਰਾਤ ਨੂੰ। ਸੀਰੀ ਚੰਗੇ ਨਾ ਮਿਲਦੇ ਤਾਂ ਸਾਰੀ ਖੇਤੀ ਰੁੜ੍ਹ ਪੁੜ ਜਾਂਦੀ। ਤੈਨੂੰ ਪਾਲਿਆ ਪਣਾਸਿਆ ਸੀ ਬਈ ਪੋਤੇ-ਪੋਤੀਆਂ ਨਾਲ ਘਰ ਹਰਿਆ ਭਰਿਆ ਹੋ ਜੂ, ਤੂੰ ਕੰਬਖਤਾ ਪਤਾ ਨ੍ਹੀਂ ਕਿਹੜੇ ਰਾਹੀਂ ਤੁਰ ਪਿਆਂ।’ ਉਹ ਫਿਰ ਹਟਕੋਰੇ ਭਰਨ ਲੱਗੀ।
ਗੋਲੂ ਦੀ ਮਾਤਾ ਥੋੜ੍ਹੀ ਸਹਿਜ ਵਿੱਚ ਸੀ। ਉਹਨੂੰ ਮੁੰਡੇ ਦੇ ਪੜ੍ਹ-ਲਿਖ ਕੇ ਕੋਈ ਵੱਡਾ ਅਫਸਰ ਲੱਗਣ ਦੀ ਉਮੀਦ ਸੀ। ਆਖਣ ਲੱਗੀ, ‘ਵੇ ਗੋਲੂ, ਕਬੱਡੀ ਦੇ ਵੈਲ ਨੇ ਤੈਨੂੰ ਪੱਟ ਦਿੱਤਾ, ਪੜ੍ਹ ਲਿਖ ਕੇ ਕਿਧਰੇ ਨੌਕਰੀ ਲੱਗ ਜਾਂਦਾ ਤਾਂ ਘਰ ਨੂੰ ਚਾਰ ਪੈਸੇ ਆਉਂਦੇ। ਹੁਣ ਮੈਂ ਤਾਂ ਜੱਟਾਂ ਦੇ ਬੰਨਿਆਂ ‘ਤੇ ਘਾਹ ਖੋਤਣ ਜੋਗੀ ਹੀ ਰਹਿ ਗਈ। ਤੈਥੋਂ ਛੋਟਾ ਤੇਰੇ ਨਾਲੋਂ ਵੀ ਨਿਕੰਮਾ ਨਿਕਲਿਆ। ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਕੇ ਕੰਧੀਂ ਕੌਲੀਂ ਵੱਜਦਾ ਰਹਿੰਦਾ। ਭੈਣ ਤੇਰੀ ਪੜ੍ਹਨ ਨੂੰ ਚੰਗੀ ਸੀ, ਉਹ ਤੇਰੇ ਬਾਪੂ ਨੇ ਤਿੰਨ ਲੀੜਿਆਂ ਵਿੱਚ ਹੀ ਵਿਆਹ ਕੇ ਤੋਰ ਦਿੱਤੀ। ਖੈਰ! ਜੁਆਈ ਚੰਗਾ ਨਿਕਲਿਆ ਸਰਕਾਰੀ ਨੌਕਰੀ ਕਰਦਾ, ਕੁੜੀ ਸੁਖੀ ਵੱਸਦੀ। ਉਧਰੋਂ ਤਾਂ ਮੈਨੂੰ ਹੁਣ ਠੰਡੇ ਬੁੱਲੇ ਆਉਂਦੇ। ਤੇਰਾ ਤੇ ਤੈਥੋਂ ਛੋਟੇ ਦਾ ਪਤਾ ਨ੍ਹੀਂ ਕੀ ਬਣੂੰ! ਤੇਰਾ ਬਾਪੂ ਅੱਧਖੜ ਉਮਰ ‘ਚ ਵੀ ਜੱਟਾਂ ਨਾਲ ਹੱਡ ਰਗੜਾਈ ਜਾਂਦਾ।’ ਇੰਨਾ ਆਖ ਕੇ ਮਾਤਾ ਚੁੱਪ ਕਰ ਗਈ। ਦਿਲਬਾਗ ਕੁਝ ਸਮੇਂ ਲਈ ਏਧਰ ਉਧਰ ਹੋਇਆ, ਪਰ ਉਹਦਾ ਕੰਨ ਮਾਵਾਂ ਪੁੱਤਾਂ ਨਾਲ ਗੱਲਬਾਤ ਵਿੱਚ ਹੀ ਰਿਹਾ। ਪੂਰਬੀਏ ਨੂੰ ਉਹਨੇ ਪਸ਼ੂਆਂ ਵੱਲ ਹੀ ਉਲਝਾਈ ਰੱਖਿਆ ਸੀ। ਦਿਲਬਾਗ ਨੇ ਹਲਵਾਈ ਦੀ ਦੁਕਾਨ ਤੋਂ ਦੋ ਕਿੱਲੋ ਕੜ੍ਹਿਆ ਹੋਇਆ ਦੁਧ ਮੰਗਵਾਇਆ। ਨਾਲ ਹੀ ਹੋਟਲ ਤੋਂ ਛੇ-ਸੱਤ ਬੰਦਿਆਂ ਦੀ ਰੋਟੀ ਮੰਗਵਾ ਲਈ। ਬੀਬੀਆਂ ਅੰਨ ਪਾਣੀ ਛਕਣ ਲਈ ਰਾਜ਼ੀ ਨਹੀਂ ਸਨ। ਦਿਲਬਾਗ ਨੇ ਜ਼ੋਰ ਦਿੱਤਾ, ਉਹ ਮੰਨ ਗਈਆਂ। ਬਾਅਦ ਵਿੱਚ ਸਾਰਿਆਂ ਨੇ ਸ਼ੱਕਰ ਵਾਲਾ ਗੇਰੂਆ ਭਾਅ ਮਾਰਦਾ ਦੁੱਧ ਛਕਿਆ। ਹੁਣ ਮਾਵਾਂ ਕਾਫੀ ਸਹਿਜ ਹੋ ਗਈਆਂ ਸਨ। ਉਹ ਆਲਾ-ਦੁਆਲਾ ਵੇਖਣ ਲੱਗੀਆਂ ਫਿਰ ਤੁਰ ਕੇ। ਮੁੰਡਿਆਂ ਦੀ ਹਵੇਲੀ ਨੇ ਉਨ੍ਹਾਂ ਦੀ ਰੂਹ ਰਾਜ਼ੀ ਕਰ ਦਿੱਤੀ। ਫਿਰ ਘੋੜਿਆਂ ਦੇ ਦਰਸ਼ਨ ਕੀਤੇ। ਚੌੜੇ ਲੇਵੇ ਵਾਲੀਆਂ ਮੱਝਾਂ ਦੇ ਪੁੜਿਆਂ ‘ਤੇ ਹੱਥ ਮਾਰ ਕੇ ਪਰਖਣ ਲੱਗੀਆਂ। ਉਚੀ ਤੇ ਤਾਰ ਨਾਲ ਵਲੀ ਚਾਰ-ਦੀਵਾਰੀ ਵੱਲ ਨਿਗਾਹ ਗਈ। ਅੰਬਾਂ, ਆੜੂਆਂ ਤੇ ਅੰਗੂਰਾਂ ਦੀਆਂ ਵੇਲਾਂ ਨਾਲ ਲੱਦੇ ਵੇਹੜੇ ਨਾਲ ਉਨ੍ਹਾਂ ਦਾ ਅੰਦਰ ਗਦ-ਗਦ ਹੋ ਗਿਆ। ਢਾਈ ਕੁ ਵਜੇ ਦਿਲਬਾਗ ਨੇ ਉਨ੍ਹਾਂ ਨੂੰ ਛੱਡ ਕੇ ਆਉਣ ਲਈ ਗੱਡੀ ਸਟਾਰਟ ਕਰ ਲਈ। ਬੀਬੀਆਂ ਉੱਠਣ ਵਿੱਚ ਨਾ ਆਉਣ। ਅੰਬੇ ਹੋਰਾਂ ਨੇ ਫਿਰ ਜੱਫੀਆਂ ‘ਚ ਲੈ ਕੇ ਬੀਬੀ ਹੋਰਾਂ ਨੂੰ ਤੋਰਿਆ। ਦੋਵੇਂ ਮੁੰਡੇ ਇੱਕੋ ਪਿੰਡ ਤੋਂ ਸਨ। ਦਿਲਬਾਗ ਨੇ ਪਹਿਲਾਂ ਅੰਬੇ ਦੀ ਮਾਂ ਨੂੰ ਉਹਦੇ ਘਰ ਅੱਗੇ ਉਤਾਰਿਆ, ਫਤਿਹ ਬੁਲਾਈ ਅਤੇ ਗੋਲੂ ਦੇ ਘਰ ਵੱਲ ਤੁਰ ਪਿਆ। ਦਰਾਂ ਮੂਹਰੇ ਗੱਡੀ ਰੋਕੀ ਤੇ ਇੱਕ ਲਿਫਾਫਾ ਗੋਲੂ ਦੀ ਮਾਂ ਵੱਲ ਕਰਦਿਆਂ ਕਿਹਾ, ‘ਆਹ ਲੈ ਬੀਬੀ ਸਾਂਭ ਕੇ ਲਿਜਾਈਂ, ਇਹਦੇ ਵਿੱਚ ਕੁਝ ਪੈਸੇ ਨੇ, ਮੁੰਡੇ ਦਾ ਕਿਸੇ ਚੰਗੇ ਜਿਹੇ ਡਾਕਟਰ ਤੋਂ ਇਲਾਜ ਕਰਵਾਉ। ਮੈਂ ਫਿਰ ਆਵਾਂਗਾ, ਹੋਰ ਲੋੜ ਹੋਈ ਤਾਂ ਦੱਸ ਦੇਣਾ। ਨਸ਼ਾ ਵੀ ਇੱਕ ਬਿਮਾਰੀ ਹੈ, ਦਿਲ ਨਹੀਂ ਛੱਡਣਾ, ਮੁੰਡਾ ਛੇਤੀ ਠੀਕ ਹੋ ਜਾਵੇਗਾ।’ ਮਾਤਾ ਨੇ ਪਹਿਲਾਂ ਤਾਂ ਨਾਂਹ ਨੁੱਕਰ ਕੀਤੀ, ਪਰ ਅੰਤ ਦਿਲਬਾਗ ਨੇ ਝੋਲਾ ਉਸ ਦੇ ਹੱਥ ਫੜਾ ਦਿੱਤਾ, ਨਾਲ ਹੀ ਉਹਨੇ ਗੱਡੀ ਤੋਰ ਲਈ। ਮਾਤਾ ਨੇ ਘਰ ਜਾ ਕੇ ਵੇਖਿਆ ਤਾਂ ਝੋਲੇ ਵਿੱਚ ਪੰਜ ਪੰਜ ਸੌ ਦੇ 100 ਨੋਟ ਸਨ। ਉਹਨੂੰ ਪਤਾ ਨਾ ਲੱਗੇ ਕਿੱਥੇ ਰੱਖਾਂ। ਮਾਈ ਨੇ ਇੰਨੇ ਇਕੱਠੇ ਪੈਸਿਆਂ ਨੂੰ ਪਹਿਲੀ ਵਾਰ ਹੱਥ ਲਾਇਆ ਸੀ। ਫਿਰ ਉਸ ਨੇ ਆਪਣੇ ਪੁਰਾਣੇ ਟਰੰਕ ਵਿੱਚ ਪੈਸੇ ਰੱਖ ਦਿੱਤੇ। ਆਪਣੇ ਬੂਹੇ ਵਾਲਾ ਜੰਦਰਾ ਟਰੰਕ ਨੂੰ ਮਾਰ ਦਿੱਤਾ। ਗੋਲੂ ਦਾ ਬਾਪੂ ਜਦੋਂ ਘਰ ਆਇਆ ਤਾਂ ਪ੍ਰਸਿੰਨੀ ਨੇ ਉਹਨੂੰ ਹੱਟੀ ਤੋਂ ਇੱਕ ਜ਼ੰਦਰਾ ਫੜ ਲਿਆਉਣ ਲਈ ਕਿਹਾ। ‘ਪਹਿਲਾ ਕਿੱਥੇ ਗਿਆ’ ਮਿਲਖੇ ਨੇ ਪੁੱਛਿਆ।
‘ਪਹਿਲਾਂ ਤੂੰ ਨਵਾਂ ਲਿਆ, ਫੇਰ ਦੱਸਦੀ ਆਂ’ ਪ੍ਰਸਿੰਨੀ ਨੇ ਆਪਣੇ ਆਪ ਨੂੰ ਬੋਚ ਕੇ ਕਿਹਾ। ਖੁਸ਼ੀ ਉਸ ਤੋਂ ਸੰਭਾਲਣੀ ਔਖੀ ਹੋ ਰਹੀ ਸੀ।
ਮਿਲਖਾ ਹੱਟੀ ਤੋਂ ਨਵਾਂ ਜਿੰਦਰਾ ਲੈ ਆਇਆ। ਉਹਨੇ ਫਿਰ ਪੁੱਛਿਆ, ‘ਚਾਬੀ ਚੂਬੀ ਗੁਆਚ ਗਈ ਹੋਣੀ ਜਿੰਦਰੇ ਦੀ?’
‘ਆ ਬੂਹਾ ਬੰਦ ਕਰ ਦੇ ਤੇ ਆ ਜਾ ਮੇਰੇ ਕੋਲ, ਦੱਸਦੀ ਆਂ ਤੈਨੂੰ।’ ਪ੍ਰਸਿੰਨੀ ਨੇ ਇੱਕ ਲਾਈਨ ‘ਚ ਜੁਆਬ ਦਿੱਤਾ।
ਮਿਲਖੂ ਦਰਵਾਜ਼ਾ ਬੰਦ ਕਰ ਆਇਆ ਤੇ ਚੁੱਲ੍ਹੇ ਮੂਹਰੇ ਬੈਠੀ ਪ੍ਰਸਿੰਨੀ ਕੋਲ ਆ ਬੈਠਾ। ਪ੍ਰਸਿੰਨੀ ਨੇ ਉਹਨੂੰ ਸਾਰੀ ਵਾਰਤਾ ਸੁਣਾਈ। ਮਿਲਖੂ ਨੂੰ ਸ਼ੱਕ ਜਿਹਾ ਹੋਇਆ। ਉਹ ਉਸ ਬੰਦੇ ਦੀ ਸ਼ਕਲ ਸੂਰਤ ਬਾਰੇ ਦਰਿਆਫਤ ਕਰਨ ਲੱਗਾ, ਜਿਹੜਾ ਪ੍ਰਸਿੰਨੀ ਨੂੰ ਲੈ ਕੇ ਗਿਆ ਸੀ। ਪ੍ਰਸਿੰਨੀ ਉਹਨੂੰ ਟੁੱਟ ਕੇ ਪਈ, ‘ਤੂੰ ਸਾਰੀ ਉਮਰ ਆਪਣੀ ਇਹ ਜਾਸੂਸੀ ਨ੍ਹੀਂ ਛੱਡਣੀ। ਤੈਨੂੰ ਲਗਦਾ ਜਿਹੜੇ ਤੇਰੇ ਆਂਗੂ ਜੱਟਾਂ ਦੇ ਖੇਤਾਂ ‘ਚ ਘੀਸੀਆਂ ਨ੍ਹੀਂ ਕਰਦੇ ਉਨ੍ਹਾਂ ਦੀ ਟੱਟੀ ਨੀ ਉਤਰਦੀ।’ ਪ੍ਰਸਿੰਨੀ ਮਿਲਖੂ ਦੇ ਸ਼ੱਕੀ ਸੁਭਾਅ ਤੋਂ ਖਿਝ ਗਈ। ‘ਗੋਲੂ ਨੇ ਕਿਹਾ ਕਿ ਇਹ ਪੈਸੇ ਲੈ`ਜੋ ਤੇ ਸੀਤੇ ਦਾ ਇਲਾਜ ਕਰਵਾਓ, ਨਸ਼ਾ ਛਡਵਾਉਣ ਦਾ’ ਪ੍ਰਸਿੰਨੀ ਨੇ ਗੱਡੀ ਨਵੇਂ ਟਰੈਕ ‘ਤੇ ਤੋਰੀ। ਮਿਲਖਾ ਹੁਣ ਕੁਝ ਢੈਲਾ ਹੋਣ ਲੱਗਾ। ਉਹਨੂੰ ਲੱਗਾ ਮੁੰਡੇ ਦਾ ਇਲਾਜ ਕਰਵਾਈਏ, ਸ਼ਾਇਦ ਰਾਜ਼ੀ ਹੋ ਜੇ। ਕਿਸਮਤ ਫਿਰਨ ਲੱਗਿਆਂ ਕਿਹੜਾ ਸਮਾਂ ਲਗਦਾ।’ ਉਹਨੇ ਆਪਣੇ ਮਨ ਨੂੰ ਸਮਝਾਇਆ। ਦੇਰ ਰਾਤ ਤੱਕ ਉਹ ਮੁੰਡੇ ਦੇ ਇਲਾਜ ਬਾਰੇ ਗੱਲਾਂ ਕਰਦੇ ਰਹੇ। ਸੀਤਾ ਹਾਲੇ ਤੱਕ ਘਰ ਨਹੀਂ ਸੀ ਆਇਆ। ਮਿਲਖਾ ਉਹਨੂੰ ਭਾਲਣ ਲਈ ਨਿਕਲ ਗਿਆ। ਨਸ਼ੇ ਨਾਲ ਗੁੱਟ ਹੋਇਆ ਸੀਤੂ ਪਿੰਡ ਦੇ ਦਰਵਾਜੇL ਪਿਆ ਸੀ। ਮਿਲਖੇ ਨੇ ਉਸਨੂੰ ਬਾਹੋਂ ਫੜ ਕੇ ਉਠਾਉਣ ਦਾ ਯਤਨ ਕੀਤਾ, ਪਰ ਸੀਤੇ ਨੇ ਅੱਖ ਨਾ ਪੁੱਟੀ। ਦਰਵਾਜ਼ੇ ਵਾਲੀ ਟੂਟੀ ਤੋਂ ਪਾਣੀ ਦੀ ਚੂਲੀ ਲੈ ਕੇ ਉਹਨੇ ਮੁੰਡੇ ਦੇ ਮੂੰਹ ‘ਤੇ ਮਾਰੀ, ਉਹਨੇ ਸਿਰ ਜਿਹਾ ਮਾਰਿਆ ਤੇ ਕੱਠਾ ਜਿਹਾ ਹੋ ਕੇ ਪਾਸਾ ਲਿਆ ਅਤੇ ਖੱਬੀ ਬੱਖੀ ਪਰਨੇ ਹੋ ਕੇ ਦੂਜੇ ਪਾਸੇ ਨੂੰ ਮੂੰਹ ਕਰਕੇ ਪੈ ਗਿਆ। ਮਿਲਖਾ ਟੱਕਰਾਂ ਮਾਰ ਕੇ ਘਰ ਵੱਲ ਨੂੰ ਵਾਪਸ ਮੁੜ ਪਿਆ। ਬੁੜ-ਬੁੜ ਕਰਦਾ ਉਹ ਘਰ ਦਾ ਬੂਹਾ ਲੰਘਿਆ। ‘ਲੱਭਿਆ ਨੀ ਕਿਧਰੇ?’ ਪ੍ਰਸਿੰਨੀ ਨੇ ਪੈਂਦੀ ਸੱਟੇ ਪੁੱਛਿਆ।
‘ਨਾ ਲੱਭਣ ਨੂੰ ਉਹ ਕਿਹੜਾ ਤੇਰੇ ਨੱਕ ਦੀ ਨੱਥੜੀ ਆ ਜਿਹੜੀ ਦਿਸਦੀ ਨ੍ਹੀਂ, ਐਥੇ ਦਰਵਾਜ਼ੇ ਪਿਆ ਨਸ਼ਾ ਡੱਫੀ’ ਮਿਲਖੇ ਨੇ ਜਵਾਬ ਦਿੱਤਾ। ‘ਆਪੇ ਆਜੂ ਸਾਲਾ ਜਦੋਂ ਨਸ਼ਾ ਟੁੱਟ ਗਿਆ।’ ਉਹ ਬੁੜਬੁੜਾਇਆ।
‘ਸੀਤੇ ਨੂੰ ਨਾ ਦੱਸਦੀਂ ਹੁਣ ਲਾਡ-ਲਾਡ ‘ਚ, ਬਈ ਮੇਰੇ ਕੋਲ ਐਨੇ ਪੈਸੇ ਪਏ ਆ। ਸਾਲਾ ਨਸ਼ੇ ਪੱਤੇ ‘ਚ ਈ ਉਡਾ ਦੂ ਸਾਰੇ। ਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਲਿਜਾਣ ਦਾ ਸਾਮਾ ਕਰਦੇ ਆਂ ਕੰਜਰ ਨੂੰ ਕਿਸੇ ਦਿਨ। ਦਵਾਈਆਂ ਦਵੂਈਆਂ ਵੀ ਖਾਸੀਆਂ ਮਹਿੰਗੀਆਂ, ਅੱਗੇ ਤਾਂ ਇੰਨੇ ਪੈਸੇ ਵੀ ਨ੍ਹੀਂ ਸੀ ਲੱਭਦੇ, ਹੁਣ ਚਲ ਦਵਾਈਆਂ ਲੈ ਦਿਆਂਗੇ ਇਹਨੂੰ।’ ਮਿਲਖੇ ਨੂੰ ਜ਼ਿੰਦਗੀ ‘ਚ ਕੁਝ ਰੋਸ਼ਨੀ ਵਿਖਾਈ ਦਿੱਤੀ।
‘ਗੋਲੂ ਕਹਿੰਦਾ ਸੀ ਇਹਨੂੰ ਕਿਸੇ ਨਸ਼ਾ ਛੁਡਾਊ ਕੇਂਦਰ ‘ਚ ਦਾਖਲ ਰੱਖਣਾ ਪੈਣਾ ਕੁਸ਼ ਦਿਨ, ਕਹਿੰਦਾ ਸੰਗਤ ਵੀ ਮਾਰ ਲੈਂਦੀ ਨਸ਼ੇ ਵਾਲੇ ਨੂੰ’ ਪ੍ਰਸਿੰਨੀ ਨੇ ਆਪਣੇ ਵੱਲੋਂ ਗੱਲ ਬਣਾਈ। ਦਿਲਬਾਗ ਉਸ ਨੂੰ ਦੱਸ ਗਿਆ ਸੀ ਕਿ ਮੁੰਡਾ ਸ਼ਾਇਦ ਪਹਿਲਾਂ ਪਹਿਲਾਂ ਤੁਹਾਨੂੰ ਕਿਸੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਰੱਖਣਾ ਪਵੇ।
‘ਅੱਛਾ ਅੱਛਾ, ਗੋਲੂ ਸਾਲਾ ਊਂ ਸਿਆਣਾ ਤਾਂ ਬੜਾ ਹੋ ਗਿਆ, ਘਰ ਵੱਲੋਂ ਹੀ ਮੂੰਹ ਜਿਹਾ ਮੋੜ ਗਿਆ ਕੋਹੜੀ’ ਮਿਲਖੇ ਨੇ ਦਲੀਲ ਦਿੱਤੀ।
‘ਬਥੇਰੀ ਵੱਡੀ ਹਵੇਲੀ ਵਿੱਚ ਰਹਿੰਦੇ ਨੇ ਮੁੰਡੇ, ਮੱਝਾਂ ਏਦਾਂ ਦੀਆਂ ਬੀ ਦੇਖ ਕੇ ਭੁੱਖ ਲਹਿੰਦੀ। ਮਾਰ ਕੇ ਥੱਬੇ ਥੱਬੇ ਦੇ ਲੇਵੇ ਨੇ ਮਹੀਆਂ ਦੇ।’ ਪ੍ਰੰਸਿੰਨੀ ਨੂੰ ਗੋਲੂ ਹੋਰਾਂ ਦੀ ਰਿਹਾਇਸ਼ ਨੇ ਇੱਕ ਤਰ੍ਹਾਂ ਨਾਲ ਨਿਹਾਲ ਕਰ ਦਿੱਤਾ ਸੀ।
‘ਹਛਿਆ’ ਮਿਲਖਾ ਹੈਰਾਨ ਜਿਹਾ ਹੋ ਗਿਆ।
‘ਕੋਠੀ ਕਾਹਦੀ ਆ ਕਿਲਾ ਈ ਆ ਮਾਰ ਕੇ, ਚਾਰ-ਪੰਜ ਘੋੜੀਆਂ ਬੰਨ੍ਹੀਆਂ, ਫਲ਼-ਫਲੂਟਾਂ ਦੇ ਦਰਖਤਾਂ ਨਾਲ ਭਰਿਆ ਪਿਆ ਵਿਹੜਾ।’ ਪ੍ਰਸਿੰਨੀ ਵਿਸਮਾਦ ਵਿੱਚ ਆਈ ਬੋਲੀ ਜਾ ਰਹੀ ਸੀ। ਅਗਲੇ ਦਿਨ ਕਿਸੇ ਨੇ ਉਨ੍ਹਾਂ ਨੂੰ ਇੱਕ ਸਰਕਾਰੀ ਨਸ਼ਾ ਛੁਡਾਊ ਕੇਂਦਰ ਦੀ ਦੱਸ ਪਾਈ, ਜਿਹੜਾ ਹਾਲੇ ਥੋੜ੍ਹੀ ਦੇਰ ਪਹਿਲਾਂ ਹੀ ਸਰਕਾਰ ਵਲੋਂ ਖੋਲਿ੍ਹਆ ਗਿਆ ਸੀ। ਜਿਸ ਜੱਟ ਪਰਿਵਾਰ ਨਾਲ ਮਿਲਖਾ ਸੀਰੀ ਸੀ, ਉਨ੍ਹਾਂ ਦਾ ਇੱਕ ਮੁੰਡਾ ਤੇ ਮਿਲਖਾ ਸੀਤੇ ਨੂੰ ਆਪਣੀ ਜੀਪ ਵਿੱਚ ਨਸ਼ਾ ਛੁਡਾਊ ਕੇਂਦਰ ਛੱਡ ਆਏ। ਨਾਲ ਹੀ ਦਾਖਲੇ ਦੀ ਕੁਝ ਫੀਸ ਅਤੇ ਦਵਾਈਆਂ ਦੇ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ। ਮਿਲਖੇ ਕੋਲ ਇੰਨੀ ਵਿਹਲ ਨਹੀਂ ਸੀ ਕਿ ਉਹ ਸੀਤੇ ਦੇ ਕੋਲ ਰਹਿ ਸਕਦਾ। ਨਸ਼ਾ ਖਾਧੇ ਨੂੰ ਇੱਕ ਦਿਨ ਪਹਿਲਾਂ ਹੀ ਨਿਕਲ ਚੁੱਕਾ ਸੀ। ਮੁੰਡਾ ਤੋਟ ਨਾਲ ਤੜਫਣ ਲੱਗਾ। ਕੇਂਦਰ ਵਾਲਿਆਂ ਨੇ ਉਸ ਨੂੰ ਇੱਕ ਇੰਜੈਕਸ਼ਨ ਦਿੱਤਾ ਅਤੇ ਕੁਝ ਦਵਾਈਆਂ, ਇਹਦੇ ਨਾਲ ਉਹ ਟਿਕ ਗਿਆ। ਫਿਰ ਡਾਕਟਰਾਂ ਨੇ ਉਸ ਨੂੰ ਮੁਤਬਾਦਲ ਦਵਾਈਆਂ ‘ਤੇ ਪਾ ਲਿਆ। ਪਹਿਲੇ 4-5 ਦਿਨ ਤਾਂ ਸੀਤਾ ਇਧਰ-ਉਧਰ ਦੀ ਬਾਹਰ ਵੱਲ ਭੱਜਣ ਦਾ ਯਤਨ ਕਰਦਾ ਰਿਹਾ, ਪਰ ਨਰਸਾਂ ਡਾਕਟਰਾਂ ਅਤੇ ਕੌਂਸਲਰਾਂ ਦਾ ਵਰਤਾਅ ਇੰਨੀ ਨਰਮਾਈ ਵਾਲਾ ਸੀ ਕਿ ਉਸ ਵਿੱਚ ਟਿਕਾਅ ਆਉਣ ਲੱਗਾ। ਫਿਰ ਹੋਰ ਜਿਹੜੇ ਮੁੰਡੇ ਉਥੇ ਦਾਖਲ ਸਨ, ਉਨ੍ਹਾਂ ਨਾਲ ਉਹਦੀ ਦੋਸਤੀ ਬਣਨ ਲੱਗੀ। ਸਾਰੇ ਇੱਕੋ ਵਬਾ ਦੀ ਮਾਰ ਝੱਲ ਰਹੇ ਸਨ, ਇੱਕੋ ਪੀੜ ਦਾ ਹਿੱਸਾ ਸਨ। ਇਸ ਲਈ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਜਲਦੀ ਸਮਝਣ ਲੱਗੇ। ਸੀਤਾ ਅੱਠਵੀਂ ਕੁ ਤੱਕ ਹੀ ਪੜ੍ਹਿਆ ਸੀ। ਕਈ ਉਨ੍ਹਾਂ `ਚੋਂ ਐਮ.ਏ. ਤੱਕ ਦੇ ਵਿਦਿਆਰਥੀ ਸਨ, ਕੁਝ ਵਿਚਾਰੇ ਕੋਰੇ ਅਨਪੜ੍ਹ ਵੀ ਸਨ। ਸੀਤਾ ਅਖ਼ਬਾਰ ਚੰਗੀ ਤਰ੍ਹਾਂ ਉਠਾ ਲੈਂਦਾ ਸੀ। ਬਾਕੀ ਸੁਰਖੀਆਂ ਦੇਖ ਕੇ ਅਖ਼ਬਾਰ ਪਾਸੇ ਕਰ ਦਿੰਦੇ। ਉਹ ਕਈ ਕਈ ਘੰਟੇ ਅਖਬਾਰ ਪੜ੍ਹਦਾ ਰਹਿੰਦਾ। ਇਉਂ ਇੱਥੇ ਉਸ ਦਾ ਦਿਲ ਲੱਗਣ ਲੱਗਾ। ਦੂਜੇ ਤੀਜੇ ਬੇਬੇ ਬਾਪੂ `ਚੋਂ ਵੀ ਕੋਈ ਨਾ ਕੋਈ ਗੇੜਾ ਮਾਰ ਜਾਂਦਾ। ਮੁੱਢ ਵਿੱਚ ਉਹ ਮਾਪਿਆਂ ਕੋਲ ਪਿੰਡ ਜਾਣ ਦੀ ਜ਼ਿੱਦ ਕਰਿਆ ਕਰਦਾ ਸੀ। ਫਿਰ ਉਹਨੂੰ ਮਾਪਿਆਂ ਦੀ ਆਮਦ ਇੱਕ ਧਰਵਾਸ ਦੇ ਜਾਂਦੀ। ਹੌਲੀ ਹੌਲੀ ਉਸ ਦੀ ਹਾਲਤ ਸੁਧਰਨ ਲੱਗੀ। ਜਦੋਂ ਕਾਫੀ ਠੀਕ ਹੋ ਗਿਆ ਤਾਂ ਫਿਰ ਉਹ ਪਿੰਡ ਜਾਣ ਬਾਰੇ ਜ਼ੋਰ ਦੇਣ ਲੱਗਾ। ਡਾਕਟਰਾਂ ਦੀ ਦਲੀਲ ਸੀ ਕਿ ਇਸ ਦੀ ਸੰਗਤ ਪਹਿਲਾਂ ਵਾਲੀ ਨਹੀਂ ਰਹਿਣੀ ਚਾਹੀਦੀ, ਨਹੀਂ ਤਾਂ ਉਹ ਫਿਰ ਨਸ਼ਿਆਂ ਵੱਲ ਪਰਤ ਸਕਦਾ।
ਮਿਲਖਾ ਆਖਣ ਲੱਗਾ, ‘ਡਾਕਟਰ ਜੀ ਸਾਡੇ ਕੋਲ ਤਾਂ ਉਹੀ ਕੁਸ਼ ਐ, ਦੋ ਡੰਗ ਦੀ ਰੋਟੀ ਤੇ ਮਿਹਨਤ ਮਜ਼ਦੂਰੀ। ਇਹ ਮਜ਼ਦੂਰੀ ਕਰਨ ਜੋਗਾ ਵੀ ਨਹੀਂ, ਥੋਡੇ ਕੋਲ ਕੋਈ ਕੰਮ-ਕਾਰ ਹੈ ਤਾਂ ਇਹਨੂੰ ਇੱਥੇ ਈ ਰੱਖ ਲੋ।’ ਉਹ ਡਾਕਟਰ ਦੀਆਂ ਮਿੰਨਤਾਂ ਕਰਨ ਲੱਗਾ। ਡਾਕਟਰ ਕਈ ਦੇਰ ਸੋਚਦਾ ਰਿਹਾ, ਫਿਰ ਉਸ ਨੇ ਜਵਾਬ ਦਿੱਤਾ, ‘ਚਲੋ ਕਰਦੇ ਆਂ ਇੰਚਾਰਜ ਨਾਲ ਗੱਲ।’ ਨਸ਼ਾ ਛੁਡਾਊ ਕੇਂਦਰ ਨੂੰ ਇੱਕ ਸੇਵਾਦਾਰ ਦੀ ਲੋੜ ਸੀ। ਮੈਨੇਜਮੈਂਟ ਨੇ ਥੋੜ੍ਹੀ ਜਿਹੀ ਤਨਖਾਹ ‘ਤੇ ਸੀਤੇ ਨੂੰ ਰੱਖ ਲਿਆ। ਹੁਣ ਉਹ ਉਥੇ ਆਉਣ ਵਾਲੇ ਅਮਲੀਆਂ ਅਤੇ ਸਟਾਫ ਦੇ ਸੇਵਾ ਪਾਣੀ ਵਿੱਚ ਰੁਝ ਗਿਆ। ਮਾਪੇ ਵੀ ਮੰਨ ਗਏ, ਤਨਖਾਹ ਭਾਵੇਂ ਘੱਟ ਸੀ, ਪਰ ਸੀਤੇ ਲਈ ਇੱਕ ਰੁਝੇਵਾਂ ਬਣ ਗਿਆ। ਹੁਣ ਉਹ ਆਪਣੀਆਂ ਦਵਾਈਆਂ ਜੋਗੇ ਪੈਸੇ ਕੱਢਣ ਲੱਗ ਪਿਆ ਸੀ। ਇਹ ਸਾਰਾ ਕੁਝ ਉਸ ਦੀ ਰੂਹ ਲਈ ਸਕੂਨ ਬਣਨ ਲੱਗਾ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)