ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ ਆਪਣੇ ਅਸਲ ਨਾਇਕਾਂ ਦੀ ਤਾਲਾਸ਼ ਵਿੱਚ ਸਦਾ ਪੰਜਾਬ ਦੀ ਜਵਾਨੀ ਨੂੰ ਬੇਚੈਨ ਰੱਖਦੇ ਹਨ। ਮੀਡੀਆ ਖੇਤਰ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਲੇਖਕ ਜਸਵੀਰ ਸਿੰਘ ਸ਼ੀਰੀ ਨੇ ਇਸ ਨਾਵਲ ਵਿੱਚ ਪੰਜਾਬ ਦੀ ਇਸ ਬੇਚੈਨ ਆਤਮਾ ਨੂੰ ਹੀ ਸੰਬੋਧਨ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਅਸੀਂ ਕਿਸ਼ਤ-ਦਰ-ਕਿਸ਼ਤ ਪ੍ਰਕਾਸ਼ਿਤ ਕਰ ਰਹੇ ਹਾਂ…
ਜਸਵੀਰ ਸਿੰਘ ਸ਼ੀਰੀ
ਫੋਨ: +91-6280574657
ਪੰਜਾਬੀ ਯੂਨੀਵਰਸਿਟੀ ਕਿਸੇ ਕੰਮ ਗਈ ਸਿਮਰਨ ਇੱਕ ਦਿਨ ਤੀਏ ਕੁ ਪਹਿਰ ਵੀਰਦੀਪ ਦੇ ਖੋਖੇ ਜਾ ਪੁੱਜੀ। ਵੀਰਦੀਪ ਨੇ ਕੁਰਸੀ ਤੋਂ ਉੱਠ ਕੇ ਉਸ ਨੂੰ ਜੀ ਆਇਆਂ ਕਿਹਾ। ਵੀਰਦੀਪ ਦਾ ਉਸਤਾਦ ਵਕੀਲ ਅੱਜ ਕਿਧਰੇ ਗਿਆ ਹੋਇਆ ਸੀ। ਉਹ ਗੱਲਾਂ ਕਰਨ ਲੱਗੇ। ਇੱਕ ਦੂਜੇ ਦੇ ਕਿੱਤੇ ਬਾਰੇ, ਦਿਲਬਾਗ ਬਾਰੇ ਤੇ ਹੋਰ ਬਹੁਤ ਕੁਝ ਬਾਰੇ। ਸਿਮਰਨ ਆਖਣ ਲੱਗੀ, ‘ਵੀਰਦੀਪ ਦਿਲਬਾਗ ਨੂੰ ਇੱਕ ਦਿਨ ਇੱਥੇ ਸੱਦ ਲੈ, ਮੈਂ ਉਹਦੇ ਨਾਲ ਕੁਝ ਗੱਲਾਂ ਕਰਨਾ ਚਾਹੁੰਦੀ ਹਾਂ।’
‘ਤੂੰ ਆਪੇ ਕਰ`ਲਾ ਗੱਲ, ਤੁਸੀਂ ਰੋਜ਼ ਮਿਲਦੇ ਹੋ’ ਵੀਰਦੀਪ ਨੇ ਇੱਕ ਤਰ੍ਹਾਂ ਟਿੱਚਰ ਕੀਤੀ।
‘ਮੈਂ ਤੇ ਕਰ ਲਵਾਂਗੀ, ਪਰ ਤੁਹਾਡੀ ਸਾਰੀ ਖੇਡ ਖਤਮ ਹੋ ਜਾਣੀ’ ਸਿਮਰਨ ਨੇ ਮੋੜਵਾਂ ਉੱਤਰ ਦਿੱਤਾ।
‘ਚਲੋ ਮੈਂ ਕਰਦਾਂ ਗੱਲ ਜਿਸ ਦਿਨ ਮਿਲਿਆ ਉਹ। ਹੁਣ ਤੇ ਮੈਨੂੰ ਮਿਲੇ ਨੂੰ ਵੀ ਕਈ ਦੇਰ ਹੋ ਗਈ’ ਵੀਰਦੀਪ ਆਖਣ ਲੱਗਾ।
ਸਿਮਰਨ ਦੇ ਮੂੰਹ ਤੋਂ ਉਸ ਨੂੰ ਜਿਵੇਂ ਗਹਿਰੀ ਉਦਾਸੀ ਦੀ ਝਲਕ ਪਈ
‘ਮੈਂ ਦੱਸਦਾਂ ਤੁਹਾਨੂੰ ਦਿਨ ਤੈਅ ਕਰ ਕੇ’ ਸਿਮਰਨ ਦਾ ਦਿਲ ਰੱਖਣ ਲਈ ਵੀਰਦੀਪ ਨੇ ਕਿਹਾ।
ਇੰਨੇ ਨੂੰ ਵੀਰਦੀਪ ਦਾ ਉਸਤਾਦ ਵਕੀਲ ਆ ਗਿਆ। ਉਹਨੇ ਆਪਣੇ ਬੌਸ ਨਾਲ ਸਿਮਰਨ ਦੀ ਰਸਮੀ ਜਾਣ-ਪਹਿਚਾਣ ਕਰਵਾਈ। ਹੁਣ ਉਨ੍ਹਾਂ ਵਿਚਕਾਰ ਬਹੁਤੀ ਗੱਲ ਹੋ ਨਹੀਂ ਸੀ ਸਕਦੀ। ਸਿਮਰਨ ਨੇ ਚਾਹ ਪੀਤੀ ਅਤੇ ਵਾਪਸ ਪਰਤ ਗਈ। ਕਿਸੇ ਅਣਹੋਏ ਭਵਿੱਖ ਦੀ ਆਸ ਲੈ ਕੇ। ਉਸ ਦੇ ਜਾਣ ਬਾਅਦ ਵੀਰਦੀਪ ਕਿਸੇ ਕੇਸ ਦੀ ਪੈਰਵੀ ਲਈ ਅਦਾਲਤ ਚਲਾ ਗਿਆ। ਜਦੋਂ ਵਾਪਸ ਪਰਤਿਆ ਤਾਂ ਦਿਲਬਾਗ ਉਹਦੇ ਖੋਖੇ ਵਿੱਚ ਬੈਠਾ ਸੀ।
‘ਉਹ ਤੇਰੀ’ ਉਹਦੇ ਮੂੰਹੋਂ ਨਿਕਲਿਆ। ‘ਸ਼ੈਤਾਨ ਨੂੰ ਯਾਦ ਕੀਤਾ ਤੇ ਤੁਰੰਤ ਹਾਜ਼ਰ ਹੋ ਗਿਆ!’ ਵੀਰਦੀਪ ਨੇ ਵਿਅੰਗ ਕੀਤਾ।
‘ਕਿਵੇਂ ਯਾਦ ਆਈ ਫੇਰ ਸ਼ੈਤਾਨ ਦੀ’ ਦਿਲਬਾਗ ਨੇ ਪੁੱਛਿਆ।
‘ਸਲਾਹ ਕਰਕੇ ਈ ਆਏ ਲਗਦੇ ਓਂ?’ ਵੀਰਦੀਪ ਨੇ ਮੋੜਵਾਂ ਸੁਆਲ ਕੀਤਾ।
‘ਕੀ ਬੁਝਾਰਤਾਂ ਜੀਆਂ ਪਾਈ ਜਾਨੈਂ ਯਾਰ, ਕਾਹਦੀ ਸਲਾਹ, ਕੀਹਦੇ ਨਾਲ ਸਲਾਹ?’
ਵੀਰਦੀਪ ਦਾ ਬੌਸ ਘਰੇ ਚਲਾ ਗਿਆ ਸੀ। ਉਹ ਦਿਲਬਾਗ ਦੇ ਲਾਗੇ ਪਈ ਕੁਰਸੀ ‘ਤੇ ਬੈਠ ਗਿਆ। ਦਿਲਬਾਗ ਦੇ ਕੰਨ ਕੋਲ ਮੂੰਹ ਕਰਦਿਆਂ ਉਹਨੇ ਆਖਿਆ, ‘ਸਿਮਰਨ ਆਈ ਸੀ ਅੱਜ ਇੱਥੇ, ਹੁਣੇ ਥੋੜ੍ਹੀ ਦੇਰ ਪਹਿਲਾਂ ਗਈ… ਯੂਨੀਵਰਸਿਟੀ ਆਈ ਸੀ, ਬਾਅਦ ਵਿੱਚ ਇੱਥੇ ਮੈਨੂੰ ਮਿਲਣ ਆ ਗਈ। ਤੈਨੂੰ ਮਿਲਣਾ ਚਾਹੁੰਦੀ ਸੀ, ਥੋੜ੍ਹੀ ਦੇਰ ਪਹਿਲਾਂ ਆ ਜਾਂਦਾ ਤਾ ਅੱਜ ਹੀ ਮੇਲ ਹੋ ਜਾਂਦਾ!’ ਵੀਰਦੀਪ ਇੰਨਾ ਸਹਿਜ ਬੋਲ ਰਿਹਾ ਸੀ ਕਿ ਉਸ ਦੇ ਬੋਲਾਂ ਦੇ ਭਾਵਾਂ ਵਿੱਚ ਲੇਸ ਮਾਤਰ ਵੀ ਈਰਖਾ ਨਹੀਂ ਸੀ। ਉਹਦੀਆਂ ਅੱਥਰੀਆਂ ਕਾਰਵਾਈਆਂ ਦੇ ਬਾਵਜੂਦ ਦਿਲਬਾਗ ਉਸ ਨੂੰ ਆਪਣੇ ਹੀ ਵਜੂਦ ਦਾ ਕੋਈ ਹਿੱਸਾ ਲਗਦਾ। ਇਸ ਸੱਚਾਈ ਦਾ ਦਿਲਬਾਗ ਨੂੰ ਵੀ ਅਨੁਭਵ ਸੀ।
‘ਕਾਹਦੇ ਲਈ ਮਿਲਣਾ ਚਾਹੁੰਦੀ ਸੀ ਮੈਨੂੰ’ ਦਿਲਬਾਗ ਨੇ ਸਵਾਲ ਕੀਤਾ।
‘ਇਹ ਤਾਂ ਮੈਂ ਪੁਛਿਆ ਨੀ, ਪਰ ਮੈਨੂੰ ਆਖ ਗਈ ਕਿ ਦਿਲਬਾਗ ਨੂੰ ਬੁਲਾ ਲੋ ਇੱਥੇ ਕਦੀ, ਮੈਂ ਉਹਨੂੰ ਮਿਲਣਾ ਚਾਹੁੰਨੀ ਆਂ’ ਵੀਰਦੀਪ ਨੇ ਸਾਰੀ ਗੱਲ ਦੱਸੀ।
‘ਤੈਨੂੰ ਪਤਾ ਈ ਆ ਵੀਰਦੀਪ ਮੇਰੇ ਹਾਲਾਤ ਦਾ, ਤੂੰ ਆਪ ਈ ਕੋਈ ਸਰਦਾ ਬਣਦਾ ਜਵਾਬ ਦੇ ਦੇਣਾ ਸੀ।’ ਦਿਲਬਾਗ ਨੇ ਭੋਲੇ ਭਾਅ ਕਿਹਾ।
‘ਮਿਲਣਾ ਤੈਨੂੰ ਚਾਹੁੰਦੀ ਸੀ, ਮੈਂ ਕੀ ਜਵਾਬ ਦੇ ਦਿੰਦਾ?’ ਵੀਰਦੀਪ ਨੇ ਹੱਸ ਕੇ ਕਿਹਾ।
‘ਤੂੰ ਕੀ ਕਿਹਾ ਫੇਰ’ ਦਿਲਬਾਗ ਪੁਛਣ ਲੱਗਾ।
‘ਮੈਂ ਤੇ ਆਖ ਦਿੱਤਾ ਬਈ ਦਿਨ ਤਹਿ ਕਰਕੇ ਦੱਸ ਦਿਆਂਗੇ, ਤੁਸੀਂ ਆ ਜਾਣਾ’ ਵੀਰਦੀਪ ਨੇ ਸਹੀ ਸਹੀ ਦੱਸਿਆ।
‘ਇਹ ਮਿਲਣੀਆਂ ਨਾ ਹੀ ਸ਼ੁਰੂ ਹੋਣ ਤੇ ਚੰਗਾ ਵੀਰਦੀਪ, ਫਿਰ ਉਥੇ ਵੀ ਮਿਲਣ-ਗਿਲਣ ਸ਼ੁਰੂ ਹੋ ਜੂ’ ਦਿਲਬਾਗ ਹਾਲੇ ਝਿਜਕ ਰਿਹਾ ਸੀ।
‘ਨਹੀਂ ਮਿਲਣ ਬੈਠਣ ਸਿਰਫ ਬਾਹਰ ਵਾਰ’ ਵੀਰਦੀਪ ਨੇ ਆਪਣੀ ਰਾਏ ਦਿੱਤੀ।
‘ਠੀਕ ਐ ਫਿਰ, ਜੇ ਵੱਡੇ ਬਾਈ ਨੂੰ ਕੋਈ ਇਤਰਾਜ ਨੀ ਤਾਂ ਮਿਲ ਲਾਂਗਾ ਮੈਂ’ ਦਿਲਬਾਗ ਨੇ ਵੀਰਦੀਪ ਦਾ ਜਿਵੇਂ ਮਾਣ ਰੱਖਿਆ ਹੋਵੇ।
‘ਦੱਸ ਫੇਰ ਡੇਟ ਜਿਸ ਦਿਨ ਤੂੰ ਟਾਈਮ ਕੱਢ ਸਕਦਾਂ’ ਵੀਰਦੀਪ ਪੁੱਛਣ ਲੱਗਾ।
‘ਮੇਰੀਆਂ ਤਾਂ ਸਾਰੀਆਂ ਡੇਟਾਂ ਵੇਹਲੀਆਂ ਈ ਨੇ, ਤੁਸੀਂ ਆਪਣੇ ਹਿਸਾਬ ਨਾਲ ਸੈਟ ਕਰ ਲੈਣਾ’ ਆਪਣੇ ਸੁਭਾਅ ਮੁਤਾਬਕ ਦਿਲਬਾਗ ਨੇ ਗੱਲ ਖੁੱਲ੍ਹੀ ਛੱਡ ਦਿੱਤੀ।
ਆਪਣੇ ਖੋਖੇ ਵਿੱਚ ਲੱਗੇ ਕੈਲੰਡਰ ਵੱਲ ਵੇਖ ਕੇ ਵੀਰਦੀਪ ਨੇ 18 ਮਈ ਦੀ ਤਾਰੀਖ ਤੈਅ ਕਰ ਦਿੱਤੀ। ‘12 ਕੁ ਵਜੇ ਤੂੰ ਪੁੱਜ ਜਾਵੀਂ ਏਥੇ’ ਉਹਨੇ ਦਿਲਬਾਗ ਨੂੰ ਤਕਰੀਬਨ ਹਦਾਇਤ ਦਿੱਤੀ। ਇਸ ਤੋਂ ਬਾਅਦ ਉੱਠ ਕੇ ਉਹ ਚਾਹ ਦੀ ਦੁਕਾਨ ਵੱਲ ਚਲੇ ਗਏ। ‘ਉਦਾਂ ਮੈਂ ਤੇਰੇ ਨਾਲ ਹੋਰ ਬਹੁਤ ਗੰਭੀਰ ਗੱਲਾਂ ਕਰਨੀਆਂ ਚਾਹੁੰਦਾ ਸਾਂ ਵੀਰਦੀਪ, ਆਹ ਸਿਮਰਨ ਵਾਲਾ ਤੂੰ ਵਿਆਹ ‘ਚ ਬੀ ਦਾ ਲੇਖਾ ਪਾ ਲਿਆ’ ਦਿਲਬਾਗ ਆਖਣ ਲੱਗਾ।
‘ਵਿਆਹ ਈ ਕਰਵਾ ਦੀਏ ਜੇ ਹੁਣ ਤੁਹਾਡਾ’ ਵੀਰਦੀਪ ਗੱਲਾਂ `ਚੋਂ ਗੱਲ ਕੱਢ ਲਈ।
‘ਸਾਨੂੰ ਤੇ ਘਰ ‘ਚ ਹੁਣ ਔਰਤ ਦੀ ਲੋੜ ਐ। ਮੇਰਾ ਇਤਰਾਜ਼ ਵੀ ਕੋਈ ਨੀ। ਮੈਂ ਇੱਕ ਦਿਨ ਮਾਤਾ ਵੱਲ ਵੀ ਗਿਆ ਸੀ। ਉਹਨੂੰ ਆਖਿਆ ਕਿ ਤੂੰ ਇੱਥੇ ‘ਕੱਲੀ ਹੱਥ ਫੂਕੀ ਜਾਨੀਂ ਐਂ ਚੱਲ ਸਾਡੇ ਕੋਲ, ਉਹ ਮੰਨੀ ਨੀ, ਕਹਿੰਦੀ ਮੇਰੀ ਤਾਂ ਇਸ ਘਰ ਡੋਲੀ ਆਈ ਸੀ, ਇੱਥੋਂ ਈ ਅਰਥੀ ਉੱਠੂ। ਬੁੜ੍ਹੀਆਂ ਮੋਹ ਪਾ ਬਹਿੰਦੀਆਂ ਘਰਾਂ-ਥਾਵਾਂ ਨਾਲ।’ ਦਿਲਬਾਗ ਨੇ ਮਾਤਾ ਦੇ ਇਨਕਾਰ ਵਾਲੀ ਵਾਰਤਾ ਸੁਣਾਈ।
‘ਗਿਆ ਸਾਂ ਇੱਕ ਦਿਨ ਮੈਂ ਤੇਰੇ ਪਿੰਡ। ਦੱਸਦੀ ਸੀ ਮਾਤਾ ਮੈਨੂੰ ਵੀ। ਮੈਨੂੰ ਕਹਿੰਦੀ ਮੋੜ ਕੇ ਲਿਆ ਦਿਲਬਾਗ ਨੂੰ ਘਰੇ ਕਿਸੇ ਤਰ੍ਹਾਂ। ਆਪਾਂ ਉਹਦਾ ਵਿਆਹ ਵਿਊਹ ਕਰੀਏ। ਕਹਿੰਦੀ ਮੈਂ ਵੀ ਚਾਰ ਦਿਨ ਨੂੰਹ ਦੀਆਂ ਪੱਕੀਆਂ ਖਾ ਕੇ ਵੇਖ ਲਾਂ’ ਵੀਰਦੀਪ ਨੇ ਮਾਤਾ ਵਾਲੀ ਗੱਲ ਅਗਾਂਹ ਤੋਰੀ।
‘ਕੀ ਦੱਸਾਂਗੇ ਕੁੜੀ ਵਾਲਿਆਂ ਨੂੰ ਬਈ ਮੁੰਡਾ ਡਾਕੇ ਮਾਰਦਾ? ਹੁਣ ਪ੍ਰੋਫੈਸਰ ਭਾਲਦੇ ਹੋਣੇ ਅਗਲੇ।’
‘ਦੱਸ ਦਿਆਂਗੇ ਬਈ ਸਾਡੀ ਸੈਨਾ ਦਾ ਮੁਖੀ ਆ’ ਵੀਰਦੀਪ ਨੇ ਹੱਸ ਕੇ ਕਿਹਾ।
‘ਇੰਨੀਆਂ ਹਲਕੀਆਂ ਗੱਲਾਂ ਨੀ ਜਚਦੀਆਂ ਵੀਰਦੀਪ ਤੇਰੇ ਮੂੰਹੋਂ’ ਦਿਲਬਾਗ ਨੇ ਵੀਰਦੀਪ ਨੂੰ ਦਰੁਸਤ ਕੀਤਾ।
‘ਭਜਾ ਕੇ ਤੇ ਮੈਂ ਲਿਆ ਨੀ ਸਕਦਾ ਵੀਰਦੀਪ ਸਿਆਂ, ਇਹਦੇ ਨਾਲ ਹੋਰ ਦੁਸ਼ਮਣੀਆਂ ਖੜੀਆਂ ਹੋਣਗੀਆਂ, ਤੂੰ ਸਿਆਣਾ ਸੋਚ ਕੋਈ ਨਵੀਂ ਸਕੀਮ’ ਦਿਲਬਾਗ ਨੇ ਗੱਲ ਮੋੜ ਘੇੜ ਕੇ ਵੀਰਦੀਪ ‘ਤੇ ਸੁੱਟ ਦਿੱਤੀ।
‘ਚਲ ਮੈਂ ਸੋਚ ਲੂੰ ਕੋਈ ਸਬੀਲ, ਪਰ ਤੂੰ ਇਹ ਦੱਸ ਬਈ ਗੰਭੀਰ ਮਸਲੇ ਕਿਹੜੇ ਸੀ ਵਿਚਾਰਨ ਵਾਲੇ।’ ਵੀਰਦੀਪ ਨੇ ਪੁੱਛਿਆ।
‘ਮੈਂ ਇਹ ਵੇਖਿਆ ਕਿ ਵਿਹਲੇ ਨੀ ਬਿਠਾ ਸਕਦੇ ਆਪਾਂ ਬੰਦਿਆਂ ਨੂੰ ਘਰੇ। ਆਪਾਂ ਆਪਣੇ ਕਾਰਜ ਨੂੰ ਕੋਈ ਬਣਦਾ ਸਰਦਾ ਸਰੂਪ ਦੇਈਏ, ਤਾਂ ਕਿ ਬੰਦੇ ਸਰਗਰਮੀ ਵਿੱਚ ਪਏ ਰਹਿਣ ਅਤੇ ਸਾਨੂੰ ਨਵਾਂ ਕਾਡਰ ਵੀ ਮਿਲਦਾ ਰਹੇ।’ ਦਿਲਬਾਗ ਆਖਣ ਲੱਗਾ, ਹੁਣ ਉਹ ਮੈਚਿਉਰ ਹੋ ਰਿਹਾ ਸੀ।
‘ਇਸ ਤੋਂ ਵੀ ਪਹਿਲਾਂ ਆਪਾਂ ਇਹ ਸੋਚ ਲੀਏ ਕਿ ਆਪਾਂ ਪਹੁੰਚਣਾ ਕਿੱਥੇ ਚਾਹੁੰਦੇ ਹਾਂ? ਸੁਪਨਾ ਕੀ ਹੈ ਆਪਣਾ? ਨਿਸ਼ਾਨਾ ਚਾਹੀਦਾ ਕੋਈ, ਉਹਨੂੰ ਹਾਸਲ ਕਰਨ ਦਾ ਰੋਡ ਮੈਪ ਤਾਂ ਬਾਅਦ ਵਿੱਚ ਬਣੇਗਾ।’ ਵੀਰਦੀਪ ਨੇ ਉਹਦੇ ਸਾਹਵੇਂ ਮੁਢਲੀ ਗੱਲ ਰੱਖੀ। ਉਂਝ ਜਿਹੜਾ ਨਾਂ ਮੈਂ ਉਸ ਦਿਨ ਦੱਸਿਆ ਸੀ ਤੈਨੂੰ ਕਾਗਜ਼ ‘ਤੇ ਲਿਖ ਕੇ, ੳਹਦੇ ਬਾਰੇ ਕੀ ਸੋਚਿਆ? ਇਹ ਨਾਂ ਮੈਂ ਤੈਨੂੰ ਬੜਾ ਸੋਚ ਸਮਝ ਕੇ ਸੁਝਾਇਆ ਸੀ।’
‘ਨਾਵਾਂ ‘ਚ ਕੀ ਪਿਆ ਵੀਰਦੀਪ, ਇਹ ਰੱਖ ਲੋ ਜਾਂ ਕੋਈ ਹੋਰ, ਆਪਣੇ ਇਸ ਧਰਤੀ ‘ਤੇ ਜੰਮਿਆਂ ਦਾ ਫਾਇਦਾ ਹੋਣਾ ਚਾਹੀਦਾ ਲੋਕਾਂ ਨੂੰ ਕੋਈ। ਅਖੀਰ ਨੂੰ ਜ਼ਿੰਦਗੀ ਮੁੱਕ ਜਾਣੀ, ਵਿਚਲੀ ਵਾਟ ਖੂਬਸੂਰਤ ਹੋਵੇ ਤੇ ਅੰਤ ਕੁਝ ਸਾਰਥਕ ਜਿਹਾ ਵੀ’ ਦਿਲਬਾਗ ਨੇ ਦਲੀਲ ਦਿੱਤੀ।
‘ਅੱਜ ਕੱਲ੍ਹ ਤੂੰ ਸੋਹਣੀਆਂ ਗੱਲਾਂ ਕਰਨ ਲੱਗ ਪਿਆਂ ਦਿਲਬਾਗ, ਸਿਮਰਨ ਦਾ ਅਸਰ ਹੋਇਆ ਲਗਦਾ’ ਗੰਭੀਰ ਰਹਿਣ ਵਾਲਾ ਵੀਰਦੀਪ ਵੀ ਹੁਣ ਬਹੁਤੀ ਵਾਰ ਮਜ਼ਾਕ ਦੇ ਮੂਡ ਵਿੱਚ ਆ ਜਾਂਦਾ ਤੇ ਦਿਲਬਾਗ ਦੇ ਸੁਭਾਅ ਵਿੱਚ ਕੁਝ ਗੰਭੀਰਤਾ ਝਲਕਣ ਲੱਗੀ ਸੀ।
‘ਅਸਰ ਅੰਦਰਲੇ ਸਿਮਰਨ ਦਾ ਹੋਇਆ ਜਾਂ ਬਾਹਰਲੀ ਦਾ, ਇਹ ਤੇ ਪਤਾ ਨੀ, ਪਰ ਹੋ ਤੇ ਰਿਹਾ ਕੁਝ ਮੈਨੂੰ, ਯੂ.ਪੀ. ਵਾਲੀ ਘਟਨਾ ਤੋਂ ਬਾਅਦ ਮਾਰ ਮਰਾਈ ਵਾਲੀ ਮਾਨਸਿਕਤਾ ਤੋਂ ਵੀ ਜੀਅ ਉਠ ਗਿਆ ਲਗਦਾ। ਲੁਕੇ ਜਿਹੇ ਰਹਿਣ ਤੋਂ ਵੀ ਕਈ ਵਾਰ ਬੇਚੈਨ ਹੋ ਜਾਨਾਂ ਵੀਰਦੀਪ ਮੈਂ’ ਦਿਲਬਾਗ ਨੇ ਆਪਣੀ ਮਾਨਸਿਕਤਾ ਵਿੱਚ ਵਾਪਰ ਰਹੀਆਂ ਤਬਦੀਲੀਆਂ ਬਾਰੇ ਦੱਸਿਆ।
‘ਅਦਾਲਤ ਰਾਹੀਂ ਪੇਸ਼ ਕਰਵਾ ਦੇਨੇ ਆਂ ਤੁਹਾਨੂੰ, ਕੇਸ ਕੂਸ ਚੱਲਣਗੇ, ਸਜ਼ਾ ਹੋਣੀ ਤੇ ਮੁਸ਼ਕਲ ਈ ਏ, ਪ੍ਰਾਈਵੇਟ ਗਵਾਹਾਂ ‘ਤੇ ਮੁਨੱਸਰ ਕਰਦੀ ਹੁੰਦੀ ਸਜ਼ਾ, ਉਹ ਔਖੇ ਹੀ ਮਿਲਣੇ’ ਵੀਰਦੀਪ ਨੇ ਉਸ ਸਾਹਮਣੇ ਇੱਕ ਹੋਰ ਰਾਹ ਪੇਸ਼ ਕੀਤਾ।
‘ਇਦਾਂ ਗੋਡੇ ਜਿਹੇ ਟੇਕ ਕੇ ਵੀ ਬਾਹਰ ਆਏ ਤੇ ਕੀ ਆਏ’ ਦਿਲਬਾਗ ਨੇ ਅਗਲੀ ਦੁਬਿਧਾ ਦੱਸੀ।
‘ਰਾਜਨੀਤਿਕ ਪਾਰਟੀ ਬਣਾ ਲੈਨੇਂ ਆਂ ਆਪਾਂ, ਪੰਜਾਬ ਲਈ, ਸਰਬੱਤ ਦੇ ਭਲੇ ਲਈ, ਵਿਹੜਾ ਖਾਲੀ ਹੋਇਆ ਪਿਆ’ ਵੀਰਦੀਪ ਨੇ ਦਲੀਲ ਦਿੱਤੀ।
’ਕੱਲੀ ਰਾਜਨੀਤੀ ਨਾਲ ਕੁਸ਼ ਮਿਲ ਜੂ, ਲਗਦਾ ਨੀ, ਕੇਂਦਰ ਸਰਕਾਰ ਕਰਨ ਤੇ ਦਿੰਦੀ ਨੀ ਖੇਤਰੀ ਪਾਰਟੀਆਂ ਨੂੰ ਕੁਸ਼, ਸਾਰੇ ਕੁਝ ਨੂੰ ਆਪਣੇ ਹੱਥਾਂ ਹੇਠ ਕਰੀ ਜਾਂਦੇ’ ਦਿਲਬਾਗ ਪਿਛਲੇ ਕਾਫੀ ਸਮੇਂ ਤੋਂ ਅਖਬਾਰਾਂ ‘ਤੇ ਨੇੜਿਉਂ ਨਿਗਾਹ ਰੱਖਦਾ ਰਿਹਾ ਸੀ।
‘ਕਿਸੇ ਵੀ ਪਾਰਟੀ ਦੀ ਲੀਡਰਸ਼ਿਪ ਦੇ ਹੱਥ ਹੁੰਦਾ ਬਹੁਤਾ ਕੁਸ਼ ਦਿਲਬਾਗ, ਆਪਣੇ ਲੋਕ ਤਾਂ ਬਥੇਰਾ ਸਾਥ ਦਿੰਦੇ ਪਰ ਲੀਡਰਸ਼ਿਪ ਧੋਖਾ ਦੇ ਜਾਂਦੀ। ਕਿਸਾਨ ਮੋਰਚੇ ਦਾ ਹਾਲ ਵੇਖ ਲੈ, ਜਦੋਂ ਪੰਜਾਬ ਵਿੱਚ ਸਿਆਸੀ ਲਾਭ ਲੈਣ ਦਾ ਵਕਤ ਆਇਆ, ਸਾਰੇ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ, ਛਿੱਤਰੀਂ ਦਾਲ ਵੰਡਣ ਲੱਗ ਪਏ’ ਵੀਰਦੀਪ ਨੇ ਦਲੀਲ ਦਿੱਤੀ।
‘ਉਹ ਹੋਰ ਤਰ੍ਹਾਂ ਦਾ ਤਜਰਬਾ ਸੀ ਵੀਰਦੀਪ, ਕਿਸਾਨ ਮੋਰਚੇ ਵਿੱਚ ਠੰਡੀਆਂ/ਤੱਤੀਆਂ ਸਿੱਖ ਧਿਰਾਂ, ਐਨ.ਆਰ.ਆਈ, ਠੰਡੇ/ਤੱਤੇ ਕਮਿਊਨਿਸਟ, ਕਾਰਸੇਵਾ ਵਾਲੇ ਬਾਬੇ- ਸਾਰੇ ਰਲ-ਮਿਲ ਕੇ ਚੱਲ ਰਹੇ ਸਨ। ਇਹ ਇੱਕ ਆਪਣੀ ਹੀ ਕਿਸਮ ਦਾ ਸਾਂਝਾ ਮੋਰਚਾ ਸੀ, ਜਿੱਥੇ ਕਮਿਊਨਿਸਟ ਅਤੇ ਸਿੱਖ ਇੱਕ ਸਾਂਝੇ ਮੰਚ ‘ਤੇ ਆ ਗਏ ਸਨ। ਘੁਲ ਮਿਲ ਵੀ ਗਏ ਸਨ, ਪਰ ਸਿਆਸਤ ਵਿੱਚ ਇਹ ਨਹੀਂ ਵਾਪਰ ਰਿਹਾ। ਲਗਦਾ ਵਾਪਰ ਵੀ ਨੀ ਸਕਦਾ’ ਦਿਲਬਾਗ ਨੇ ਕਿਸਾਨ ਮੋਰਚੇ ਦੇ ਅਨੁਭਵਾਂ ਨੂੰ ਸਮੇਟਣ ਦਾ ਯਤਨ ਕੀਤਾ।
‘ਸਿਆਸੀ ਖੇਤਰ ਵਿੱਚ ਉਂਝ ਕੁਝ ਵੀ ਸੰਭਵ ਹੋ ਸਕਦਾ। ਇਹ ਹੈ ਈ ਸੰਭਾਵਨਾਵਾਂ ਦੀ ਖੇਡ। ਸਿੱਖਾਂ ‘ਤੇ ਕਮਿਊਨਿਸਟਾਂ ਨੇ ਇੱਕ ਦੂਜੇ ਦੇ ਖਿਲਾਫ ਬੇਬੁਨਿਆਦ ਈਰਖਾਵਾਂ ਪਾਲੀਆਂ ਹੋਈਆਂ ਨੇ। ਚੁਰਾਸੀਵਿਆਂ ਵਾਲੇ ਬਲਿਊ ਸਟਾਰ ਅਪਰੇਸ਼ਨ ਨੇ ਪੰਜਾਬ ਦੇ ਕਮਿਊਨਿਸਟ ਵੀ ਵੰਡ ਦਿੱਤੇ ਹੋਏ ਨੇ। ਜਿਨ੍ਹਾਂ ਨੇ ਪੰਜਾਬ ਦੇ ਹੱਕ ਵਿੱਚ ਸਟੈਂਡ ਲਿਆ, ਉਹ ਸਿੱਖੀ ਵੱਲ ਝੁਕ ਗਏ; ਜਿਨ੍ਹਾਂ ਨੇ ਵਿਰੁਧ ਮੋਰਚਾ ਮੱਲਿਆ, ਉਹ ਹਿੰਦੂ ਮੱਤ ਵੱਲ ਝੁਕ ਗਏ ਹਨ।’ ਵੀਰਦੀਪ ਨੇ ਸਾਰੇ ਵਰਤਾਰੇ ਦੇ ਅੰਦਰ ਝਾਕਣ ਦਾ ਯਤਨ ਕੀਤਾ।
‘ਪਰ ਮੇਰਾ ਖਿਆਲ ਹੈ ਕਿ ਹੁਣ ਸਾਡਾ ਬਣੀਆਂ ਬਣਾਈਆਂ ਵਿਚਾਰਧਾਰਵਾਂ ਦਾ ਆਸਰਾ ਲੈ ਕੇ ਨਹੀਂ ਸਰਨਾ, ਸਾਨੂੰ ਹਾਲਾਤ ਦੇ ਸਨਮੁਖ ਕਰੀਏਟਿਵ ਹੋਣਾ ਪੈਣਾ। ਰੋਜ਼-ਬਾ-ਰੋਜ਼ ਵਾਪਰਦੀਆਂ ਘਟਨਾਵਾਂ ਦੇ ਨਵੇਂ ਤੇ ਨਿਵੇਕਲੇ ਉੱਤਰ ਘੜਨੇ ਪੈਣੇ ਹਨ’ ਵੀਰਦੀਪ ਨੇ ਕੁਝ ਹੋਰ ਵਿਆਖਿਆ ਦਿੱਤੀ।
‘ਠੀਕ ਐ ਗੱਲ ਤੇਰੀ, ਅਸੀਂ ਸਮਕਾਲ ਦੇ ਸੁਆਲਾਂ ਦੇ ਜੁਆਬ ਬੀਤੇ ਵਿੱਚੋਂ ਨਹੀਂ ਲੱਭ ਸਕਦੇ’ ਦਿਲਬਾਗ ਨੇ ਹੁੰਘਾਰਾ ਭਰਿਆ।
‘ਬਿਲਕੁਲ, ਇਤਿਹਾਸ ਤੋਂ ਪ੍ਰੇਰਣਾ ਲਈ ਜਾ ਸਕਦੀ, ਪਰ ਵਰਤਮਾਨ ਦੇ ਸਨਮੁਖ ਤਾਂ ਅਸੀਂ ਖੁਦ ਹੀ ਖਲੋਵਾਂਗੇ’ ਵੀਰਦੀਪ ਨੇ ਦਿਲਬਾਗ ਦੀ ਹੀ ਗੱਲ ਨੂੰ ਅੱਗੇ ਤੋਰਿਆ।
‘ਹਾਲ ਦੀ ਘੜੀ ਜੇ ਇਹ ਕਰ ਲਈਏ ਕਿ ਪਾਰਟੀ ਬਾਹਰ ਤੂੰ ਬਣਾ ਲੈ ਕੁਝ ਹੋਰ ਬੰਦਿਆਂ ਨਾਲ ਰਲ ਕੇ ਅਸੀਂ ਅੰਦਰਖਾਤੇ ਤੇਰੀ ਮਦਦ ਕਰੀਂ ਆਉਂਦੇ, ਬਾਕੀ ਵਕਤ ਨਾਲ ਵੇਖੀ ਜਾਊ ਕੀ ਹੁੰਦੈ’ ਦਿਲਬਾਗ ਨੇ ਵੱਡੀ ਜ਼ਿਮੇਵਾਰੀ ਵੀਰਦੀਪ ਵੱਲ ਖਿਸਕਾਈ।
‘ਇਦਾਂ ਕਰ ਲੈਂਦੇ ਹਾਂ, ਪਰ ਪਾਰਟੀ ਬਣਾਉਣੀ ਤੇ ਚਲਾਉਣੀ ਵਾਹਵਾ ਸਾਰੇ ਬੰਦਿਆਂ ਦਾ ਕੰਮ ਹੈ, ਇਸੇ ਲਈ ਮੈਂ ਚਾਹੁੰਦਾ ਸੀ ਕਿ ਤੂੰ ਓਪਨ ਹੋ ਜਾਵੇਂ’ ਵੀਰਦੀਪ ਨੇ ਦਲੀਲ ਦਿੱਤੀ।
‘ਬੰਦੇ ਪਾ ਲੋ ਕੁਝ ਵੇਖ ਕੇ, ਬਾਅਦ ਵਿੱਚ ਆਪੇ ਛਾਨਣਾ ਲਗਦਾ ਰਹੂ। ਸਿਮਰਨ ਹੋਰਾਂ ਨੂੰ ਲਾ ਥੋੜ੍ਹਾ ਜਿਹਾ ਨੇੜੇ, ਹਰਜੀਤ ਨਾਲ ਵੀ ਰਾਬਤਾ ਰੱਖੋ, ਇਨ੍ਹਾਂ ਨਾਲ ਕੁਝ ਕੁੜੀਆਂ ਹੋਰ ਵੀ ਆ ਜਾਣਗੀਆਂ। ਜਦੋਂ ਮੈਂ ਆਖਰੀ ਵਾਰੀ ਮਿਲਿਆਂ ਬਘੇਲਾ ਕਾਫੀ ਠੀਕ ਹੋ ਗਿਆ ਸੀ, ਮੈਂ ਦੁਬਾਰਾ ਮਿਲਦਾਂ ਉਹਨੂੰ, ਸ਼ਾਇਦ ਤੇਰੇ ਨਾਲ ਤੁਰ ਪਏ। ਆਪਣੇ ਨਾਲ ਖੇਡਦੇ ਪੜ੍ਹਦੇ ਰਹੇ ਹੋਰ ਮੁੰਡਿਆਂ ਨਾਲ ਵੀ ਕੰਟੈਕਟ ਕਰਕੇ ਵੇਖ’ ਦਿਲਬਾਗ ਨੇ ਸਲਾਹ ਦਿੱਤੀ।
ਇਉਂ ਉਹ ਦੇਰ ਤੱਕ ਗੱਲਾਂ ਕਰਦੇ ਰਹੇ। ਖਤਰਿਆਂ ਨੂੰ ਨਜ਼ਰ ਅੰਦਾਜ਼ ਕਰਕੇ। ਦਿਲਬਾਗ ਅੱਜ ਜਿਵੇਂ ਭੁੱਲ ਹੀ ਗਿਆ ਸੀ ਕਿ ਉਹ ਰੂਪੋਸ਼ ਜ਼ਿੰਦਗੀ ਜੀਅ ਰਿਹਾ ਹੈ, ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਬਾਹਰ ਕਾਫੀ ਹਨੇਰਾ ਹੋ ਗਿਆ ਸੀ। ਦਿਲਬਾਗ ਘਰ ਜਾਣ ਦੀ ਬਜਾਏ ਅੱਜ ਵੀਰਦੀਪ ਕੋਲ ਹੀ ਰਹਿ ਗਿਆ। ਵੀਰਦੀਪ ਨੇ ਕਮਰਾ ਬਦਲ ਲਿਆ ਸੀ। ਇਹ ਸ਼ਹਿਰ ਦਾ ਪੌਸ਼ ਇਲਾਕਾ ਸੀ। ਉਹ ਜਾਂਦੇ ਹੋਏ ਹੋਟਲ ਤੋਂ ਰੋਟੀ ਖਾ ਗਏ ਅਤੇ ਦੇਰ ਤੱਕ ਗੱਲਾਂ ਕਰਦੇ ਰਹੇ। ਉਹ ਪੰਜਾਬ ਦੇ ਧਰਮ, ਸਭਿਆਚਾਰ, ਭਾਸ਼ਾ, ਇਤਿਹਾਸ ਨੂੰ ਨਵੀਂ ਤਰ੍ਹਾਂ ਸਮਝਣ ਦਾ ਯਤਨ ਕਰ ਰਹੇ ਸਨ। ਪੁਰਾਣੇ ਵਾਦਾਂ, ਵਿਚਾਰਧਾਰਵਾਂ ਤੋਂ ਹਟ ਕੇ, ਕਿਸੇ ਨਵੇਂ ਵਾਦ ਨਾਲ ਜੁੜੇ ਬਿਨਾ, ਆਪਣੇ ਗਿਆਨ ਅਤੇ ਅਨੁਭਵਾਂ ਦੀ ਰੋਸ਼ਨੀ ਵਿੱਚ ਸਿੱਟਿਆਂ ‘ਤੇ ਪਹੁੰਚਣ ਦੀ ਕਾਹਲੀ ਤੋਂ ਬਿਨਾ। ਗੱਲਾਂ ਕਰਦੇ ਕਰਦੇ ਉਹ ਸੌਂ ਗਏ। ਦਿਲਬਾਗ ਦੀ ਜਾਗ ਤੜਕੇ ਚਾਰ ਕੁ ਵਜੇ ਖੁੱਲ੍ਹ ਗਈ। ਬਿਨਾ ਖੜਾਕ ਕੀਤੇ ਉਹ ਅੱਧਾ ਕੁ ਘੰਟਾ ਪਿਆ ਰਿਹਾ। ਫਿਰ ਉਠਿਆ ਅਤੇ ਤਿਆਰ ਹੋਣ ਲੱਗਾ। ਉਹਨੇ ਵੀਰਦੀਪ ਨੂੰ ਜਗਾਇਆ। ਵੀਰਦੀਪ ਨੇ ਚਾਹ ਬਣਾ ਲਈ। ਦਿਲਬਾਗ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰ ਕੇ ਤਿਆਰ ਹੋ ਗਿਆ। ਚਾਹ ਦਾ ਕੱਪ ਪੀ ਕੇ ਉਹ ਪਹਿ ਸੀਰਨ ਦੇ ਨਾਲ ਹੀ ਨਿਕਲ ਗਿਆ। 9 ਕੁ ਵਜੇ ਤੱਕ ਆਪਣੇ ਟਿਕਾਣੇ ‘ਤੇ ਪਹੁੰਚ ਗਿਆ। ਗੋਲੂ ਹੋਰਾਂ ਨੂੰ ਮਿਲਿਆ ਤਾਂ ਉਨ੍ਹਾਂ ਦੇ ਜਿਵੇਂ ਫਿਊਜ਼ ਉਡੇ ਪਏ ਸਨ, ‘ਕੀ ਹੋਇਆ ਬੱਲਿਓ, ਤੁਸੀਂ ਅਹੁਰੇ ਅਹੁਰੇ ਜਿਹੇ ਝਾਕਦੇ’ ਦਿਲਬਾਗ ਨੇ ਮਜ਼ਾਕ ਜਿਹੇ ਨਾਲ ਕਿਹਾ।
‘ਓ ਬਾਈ ਕੁਸ਼ ਦੱਸ-ਦੁੱਸ ਕੇ ਜਾਇਆ ਕਰ ਯਾਰ, ਸਾਡੇ ਤਾਂ ਸਾਹ ਸੁੱਕੇ ਰਹੇ ਸਾਰੀ ਰਾਤ, ਬਈ ਬਾਈ ਨਾਲ ਪਤਾ ਨੀ ਕੀ ਬਣੀ ਹੋਣੀ’ ਅੰਬੇ ਨੇ ਜਿਵੇਂ ਇਤਰਾਜ਼ ਜਿਤਾਇਆ।
‘ਬਸ ਐਵੇਂ ਰਾਤ ਸਿਰ ਪੈ ਗਈ ਯਾਰ। ਆਪਣੇ ਵਕੀਲ ਬਾਈ ਕੋਲ ਗਿਆ ਸੀ, ਥੋਨੂੰ ਪਤਾ ਬਈ ਅੱਗੋਂ ਉਹ ਗੱਲਾਂ ਦੀ ਲੜੀ ਨੀ ਟੁੱਟਣ ਦਿੰਦਾ। ਫਿਰ ਹਨੇਰਾ ਹੋ ਗਿਆ। ਰਾਤ ਬਰਾਤੇ ਆਉਣ ਦਾ ਮੇਰਾ ਹਿਉਂ ਨਹੀਂ ਪਿਆ। ਚਲੋ ਗਲਤੀ ਫਲਤੀ ਮਾਫ, ਹੁਣ ਤੇ ਖੁਸ਼ ਹੋ ਜੋ ਕੰਜਰੋ’ ਇੰਨਾ ਆਖ ਕੇ ਦਿਲਬਾਗ ਨੇ ਦੋਹਾਂ ਨੂੰ ਜੱਫੀ ਪਾ ਲਈ। ਫਿਰ ਉਹ ਪੰਜਾਬੀ ਦੇ ਬੀਟ ਸੌਂਗ ਲਾ ਕੇ ਕਈ ਦੇਰ ਤੱਕ ਭੰਗੜਾ ਪਾਉਂਦੇ ਰਹੇ।
(ਬਾਕੀ ਅਗਲੇ ਅੰਕ ਵਿੱਚ ਪੜ੍ਹੋ)