ਦੂਜੇ ਵਿਸ਼ਵ ਯੁੱਧ ਦੌਰਾਨ ਸਾਈਪ੍ਰਸ ਦੀ ਧਰਤੀ ’ਤੇ ਲੜੇ ਸਨ ਸਿੱਖ ਸੈਨਿਕ

ਆਮ-ਖਾਸ

*ਸਾਈਪ੍ਰਸ ਵਿਖੇ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਵਿੱਚ ਸਫ਼ਲ ਹਨ ਪੰਜਾਬੀ
ਪੰਜਾਬੀਆਂ ਨੇ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਕਰ ਰਹੇ ਹਨ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਆਪਣੀ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਪੰਜਾਬੀਆਂ ਨੇ ਜੱਦੋਜਹਿਦ ਵੀ ਕੀਤੀ ਅਤੇ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਵਿੱਚ ਯੋਗਦਾਨ ਵੀ ਪਾਇਆ ਹੈ। ਪੇਸ਼ ਹੈ, ਸਾਈਪ੍ਰਸ ਵਿੱਚ ਪੰਜਾਬੀਆਂ ਦੇ ਸਫਲ ਹੋਣ ਬਾਰੇ ਇਹ ਲੇਖ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਸਾਈਪ੍ਰਸ ਮੱਧ ਪੂਰਬ ਵਿੱਚ ਸਥਿਤ ਇੱਕ ਛੋਟਾ ਜਿਹਾ ਪਰ ਮਹੱਤਵਪੂਰਨ ਮੁਲਕ ਹੈ। ਭੂ-ਮੱਧ ਸਾਗਰ ਵਿਖੇ ਸਥਿਤ ਟਾਪੂਨੁਮਾ ਇਸ ਦੇਸ਼ ਦਾ ਕੁੱਲ ਜ਼ਮੀਨੀ ਰਕਬਾ 9240 ਕਿਲੋਮੀਟਰ ਭਾਵ 3568 ਵਰਗ ਮੀਲ ਹੈ। ਇਹ ਮੁਲਕ ਗ੍ਰੀਸ ਦੇ ਪੂਰਬ, ਸੀਰੀਆ ਅਤੇ ਇਜ਼ਰਾਇਲ ਦੇ ਪੱਛਮ, ਮਿਸਰ ਦੇ ਉੱਤਰ ਅਤੇ ਤੁਰਕੀ ਦੇ ਦੱਖਣ ਵਿੱਚ ਸਥਿਤ ਹੈ। ਸਾਲ 2024 ਦੇ ਅੰਕੜਿਆਂ ਅਨੁਸਾਰ ਇਸ ਮੁਲਕ ਦੀ ਕੁੱਲ ਆਬਾਦੀ 13,60,107 ਦੇ ਕਰੀਬ ਹੈ, ਜਿਸ ਵਿੱਚੋਂ 61 ਫ਼ੀਸਦੀ ਆਬਾਦੀ ਸ਼ਹਿਰੀ ਖੇਤਰ ਵਿੱਚ ਵੱਸਦੀ ਹੈ। ਸਾਈਪ੍ਰਸ ਦੀ ਕਰੰਸੀ ਯੂਰੋ ਹੈ ਤੇ ਇਸਦੀ ਰਾਜਧਾਨੀ ਦਾ ਨਾਂ ਨਿਕੋਸ਼ੀਆ ਹੈ।
ਸੰਨ 1878 ਤੋਂ ਲੈ ਕੇ 16 ਅਗਸਤ 1960 ਤੱਕ ਬਰਤਾਨਵੀ ਸਾਸ਼ਨ ਅਧੀਨ ਰਹੇ ਇਸ ਮੁਲਕ ਦੀ ਜ਼ਿਆਦਾਤਰ ਆਬਾਦੀ ਈਸਾਈ ਧਰਮ ਵਿੱਚ ਵਿਸ਼ਵਾਸ ਰੱਖਦੀ ਹੈ। ਸਾਲ 2021 ਦੀ ਜਨਗਣਨਾ ਅਨੁਸਾਰ ਇੱਥੇ ਪੰਜਾਬੀਆਂ ਦੀ ਗਿਣਤੀ 13,280 ਦੇ ਕਰੀਬ ਸੀ, ਜੋ ਕਿ ਸਾਈਪ੍ਰਸ ਦੀ ਕੁੱਲ ਆਬਾਦੀ ਦਾ 1 ਫ਼ੀਸਦੀ ਦੇ ਕਰੀਬ ਬਣਦੀ ਸੀ। ਇੱਥੇ ਇਹ ਦਿਲਚਸਪ ਤੱਥ ਵਰਣਨਯੋਗ ਹੈ ਕਿ ਦੁਨੀਆਂ ਵਿੱਚ ਸਿੱਖਾਂ ਦੀ ਆਬਾਦੀ ਦੇ ਪੱਖ ਤੋਂ ਸਾਈਪ੍ਰਸ ਤੀਜਾ ਮੁਲਕ ਹੈ, ਜਦੋਂ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 2 ਫ਼ੀਸਦੀ ਸਿੱਖ ਹੋਣ ਕਰਕੇ ਕੈਨੇਡਾ ਪਹਿਲੇ ਸਥਾਨ ’ਤੇ ਹੈ ਅਤੇ ਭਾਰਤ ਦੀ ਕੁੱਲ ਆਬਾਦੀ ਵਿੱਚੋਂ 1.7 ਫ਼ੀਸਦੀ ਸਿੱਖ ਹਨ, ਜਿਸ ਕਰਕੇ ਸਿੱਖਾਂ ਦੀ ਆਬਾਦੀ ਪੱਖੋਂ ਭਾਰਤ ਦਾ ਦੂਜਾ ਸਥਾਨ ਹੈ ਤੇ 1 ਫ਼ੀਸਦੀ ਆਬਾਦੀ ਨਾਲ ਸਾਈਪ੍ਰਸ ਤੀਜੇ ਸਥਾਨ ’ਤੇ ਹੈ। ਸਾਈਪ੍ਰਸ ਵਿੱਚ ਪੰਜਾਬੀਆਂ ਦੀ ਗਿਣਤੀ ਇਸ ਵਕਤ ਚਾਹੇ ਘੱਟ ਲਗਦੀ ਹੋਵੇ, ਪਰ ਇੱਥੇ ਪੰਜਾਬੀਆਂ ਦੀ ਸੰਖਿਆ ਬੜੀ ਤੇਜ਼ੀ ਨਾਲ ਵਧ ਰਹੀ ਹੈ।
ਸਾਈਪ੍ਰਸ ਦਾ ਪੰਜਾਬੀਆਂ ਨਾਲ ਨਾਤਾ ਤਾਂ ਦੂਜੀ ਸੰਸਾਰ ਜੰਗ ਵੇਲੇ ਜੁੜਿਆ ਸੀ। ਅਸਲ ਵਿੱਚ ਸੰਨ 1878 ਤੋਂ 1880 ਤੱਕ ਚੱਲੀ ਅੰਗਰੇਜ਼ਾਂ ਅਤੇ ਅਫ਼ਗ਼ਾਨਾਂ ਦੀ ਜੰਗ ਵਿੱਚ ਭਾਗ ਲੈਣ ਪੰਜਾਬੀ ਸੈਨਿਕ ਅਫ਼ਗਾਨਿਤਸਾਨ ਭੇਜੇ ਗਏ ਸਨ ਤੇ ਫਿਰ ਪੰਜਾਬੀ ਫ਼ੌਜੀਆਂ ਨੂੰ ਹੀ ਬਹਾਦਰ ਤੇ ਵਫ਼ਾਦਾਰ ਤਸਲੀਮ ਕਰਦਿਆਂ ਪੰਜਾਬੀ-ਸਿੱਖ ਸੈਨਿਕਾਂ ਨੂੰ ‘ਇੰਡੋ-ਬ੍ਰਿਟਿਸ਼ ਆਰਮੀ’ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ। ਫਿਰ ਪੰਜਾਬੀ ਸੈਨਿਕਾਂ ਨੂੰ ਮਾਲਟਾ ਤੋਂ ਸਾਈਪ੍ਰਸ ਵੱਲ ਭੇਜਿਆ ਗਿਆ ਸੀ, ਜਿਸ ਤੋਂ ਪੰਜਾਬੀਆਂ ਦੀ ਸਾਈਪ੍ਰਸ ਵਿਖੇ ਆਮਦ ਦੀ ਸ਼ੁਰੂਆਤ ਹੋਈ ਸੀ। ਇੱਥੇ ਪੁੱਜੇ ਪੰਜਾਬੀਆਂ ਨੇ ਵਪਾਰਕ ਖੇਤਰ ਵਿੱਚ ਪੈਰ ਜਮਾਉਣ ਲਈ ਬੜੀ ਹੀ ਹੱਡ-ਭੰਨ੍ਹਵੀਂ ਮਿਹਨਤ ਕੀਤੀ ਸੀ ਤੇ ਫਿਰ ਸਮਾਂ ਬੀਤਣ ਨਾਲ ਪੰਜਾਬੀ ਨੌਜਵਾਨ ਇਥੇ ਉਚੇਰੀ ਵਿੱਦਿਆ ਹਾਸਿਲ ਕਰਨ ਜਾਂ ਵਪਾਰ ਕਰਨ ਲਈ ਆਉਣੇ ਸ਼ਰੂ ਹੋ ਗਏ ਸਨ ਤੇ ਇਹ ਆਮਦ ਅੱਜ ਵੀ ਬਾਦਸਤੂਰ ਜਾਰੀ ਹੈ। ਇਸਦਾ ਸਿੱਟਾ ਇਹ ਹੈ ਕਿ ਸੰਨ 1997 ਤੋਂ ਬਾਅਦ ਇੱਥੇ ਆ ਕੇ ਵੱਸਣ ਵਾਲੇ ਪੰਜਾਬੀਆਂ ਦੀ ਗਿਣਤੀ ਦਸ ਗੁਣਾਂ ਤੋਂ ਵੱਧ ਚੁੱਕੀ ਹੈ।
ਪੰਜਾਬੀ ਲੋਕ ਤਾਂ ਹੁਣ ਸਾਈਪ੍ਰਸ ਦੀ ਸੱਭਿਆਚਾਰਕ ਵਿਭਿੰਨਤਾ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਹਨ ਤੇ ਸਾਈਪ੍ਰਸ ਦੇ ਵਾਸੀ ਪੰਜਾਬੀਆਂ ਦੇ ਸੁਭਾਅ ਅਤੇ ਸਿੱਖਾਂ ਦੇ ਧਰਮ ਸਥਾਨਾਂ, ਧਰਮ ਗ੍ਰੰਥਾਂ, ਪਹਿਰਾਵੇ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਪੂਰਾ ਸਤਿਕਾਰ ਦਿੰਦੇ ਹਨ। ਪੰਜਾਬੀਆਂ ਨੇ ਸਾਈਪ੍ਰਸ ਦੀ ਰਾਜਧਾਨੀ ਨਿਕੋਸ਼ੀਆ ਵਿਖੇ ‘ਗੁਰਦੁਆਰਾ ਸੰਗਤਸਰ ਸਾਹਿਬ’ ਦੀ ਸਥਾਪਨਾ ਸੰਨ 2011 ਵਿੱਚ ਕੀਤੀ ਸੀ, ਜਿੱਥੇ ਉਹ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਵਿਰਾਸਤੀ ਸਮਾਗਮ ਆਯੋਜਿਤ ਕਰਦੇ ਹਨ। ਇਸ ਤੋਂ ਇਲਾਵਾ ਸੰਨ 2013 ਵਿੱਚ ਲਰਨਾਕਾ ਨਾਮਕ ਸ਼ਹਿਰ ਵਿਖੇ ਵੀ ਗੁਰਦੁਆਰਾ ‘ਸ੍ਰੀ ਗੁਰੂ ਨਾਨਕ ਦਰਬਾਰ’ ਦਾ ਨਿਰਮਾਣ ਕਰ ਦਿੱਤਾ ਗਿਆ ਸੀ। ਸਿੱਖੀ ਰਵਾਇਤਾਂ ਅਤੇ ਕਦਰਾਂ-ਕੀਮਤਾਂ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਸੰਨ 2016 ਵਿੱਚ ‘ਸਾਈਪ੍ਰਸ ਸਿੱਖ ਐਸੋਸੀਏਸ਼ਨ’ ਦਾ ਵੀ ਗਠਨ ਕਰ ਦਿੱਤਾ ਗਿਆ ਸੀ। ਸੰਨ 2014 ਵਿੱਚ ਯੂ.ਕੇ. ਦੇ ਇਲਫ਼ੋਰਡ ਇਲਾਕੇ ਨਾਲ ਸਬੰਧਿਤ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਈਪ੍ਰਸ ਵਿਖੇ ਲਿਆਂਦਾ ਸੀ। ਪੂਰੇ ਸਾਈਪ੍ਰਸ ਵਿੱਚ ਇਸ ਸਰੂਪ ਸਹਿਤ ਯਾਤਰਾ ਕੀਤੀ ਸੀ ਤੇ ਸਾਈਪ੍ਰਸ ਵਾਸੀਆਂ ਨੂੰ ਸਿੱਖਾਂ ਦੀਆਂ ਧਾਰਮਿਕ ਪਰੰਪਰਾਵਾਂ ਤੇ ਰਹੁ-ਰੀਤਾਂ ਸਬੰਧੀ ਜਾਣੂ ਕਰਵਾਇਆ ਸੀ। ਉਨ੍ਹਾਂ ਦੇ ਇਸ ਕਦਮ ਨਾਲ ਸਾਈਪ੍ਰਸ ਵਾਸੀਆਂ ਨੂੰ ਸਿੱਖ ਗੁਰੂਆਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਤੇ ਸਿੱਖੀ ਮਰਿਆਦਾ ਬਾਰੇ ਭਰਪੂਰ ਜਾਣਕਾਰੀ ਮਿਲੀ ਸੀ ਅਤੇ ਆਪਸੀ ਪ੍ਰੇਮ ਤੇ ਸਦਭਾਵਨਾ ਦਾ ਸੰਚਾਰ ਹੋਇਆ ਸੀ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਹਰੇਕ ਧਰਮ ਦਾ ਪੂਰਾ ਸਤਿਕਾਰ ਕੀਤੇ ਜਾਣ ਦੇ ਸਬੰਧ ਵਿੱਚ ਅਮਰੀਕਾ ਦੇ ਸਰਕਾਰੀ ਸੰਗਠਨ ‘ਫ਼ਰੀਡਮ ਹਾਊਸ’ ਵੱਲੋਂ ਸਾਈਪ੍ਰਸ ਨੂੰ ਸੌ ਫ਼ੀਸਦੀ ਅੰਕ ਦਿੱਤੇ ਗਏ ਹਨ।
ਸੰਨ 2012 ਵਿੱਚ ਬਰਮਿੰਘਮ ਤੋਂ ਸਾਈਪ੍ਰਸ ਪੁੱਜੇ ਸਿੱਖਾਂ ਦੇ ਇੱਕ ਵਫ਼ਦ ਨੇ ਸਾਈਪ੍ਰਸ ਦਾ ਦੌਰਾ ਕੀਤਾ ਸੀ ਤੇ ਵੱਖ-ਵੱਖ ਥਾਵਾਂ ’ਤੇ ਜਾ ਕੇ ਉਨ੍ਹਾਂ ਬਹਾਦਰ ਸਿੱਖ ਸੈਨਿਕਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਸੀ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਸਾਈਪ੍ਰਸ ਦੀ ਧਰਤੀ ’ਤੇ ਬੜੀ ਹੀ ਬਹਾਦਰੀ ਤੇ ਸੂਰਬੀਰਤਾ ਨਾਲ ਲੜਦਿਆਂ ਆਪਣੇ ਪ੍ਰਾਣ ਤਿਆਗੇ ਸਨ। ਇਸ ਵਫ਼ਦ ਨੇ ਨਿਕੋਸ਼ੀਆ ਵਿਖੇ ਸਥਿਤ ‘ਵਾਰ ਸੀਮੈਟਰੀ’ ਭਾਵ ‘ਯੁੱਧ ਵਿੱਚ ਸ਼ਹੀਦ ਹੋਏ ਯੋਧਿਆਂ ਦਾ ਕਬਰਸਤਾਨ’ ਨਾਮਕ ਯਾਦਗਾਰੀ ਸਥਾਨ ’ਤੇ ਜਾ ਕੇ ਪੰਜਾਬੀ-ਸਿੱਖ ਯੋਧਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਸਨ। ਇਸ ਕਬਰਸਤਾਨ ਵਿੱਚ ਹਰੇਕ ਧਰਮ ਨਾਲ ਸਬੰਧਿਤ ਸ਼ਹੀਦ ਸੈਨਿਕ ਨੂੰ ਉਸਦੀਆਂ ਧਾਰਮਿਕ ਮਾਨਤਾਵਾਂ ਅਨੁਸਾਰ ਹੀ ਦਫ਼ਨਾਇਆ ਜਾਂ ਅਗਨਭੇਟ ਕੀਤਾ ਗਿਆ ਸੀ। ਇੱਥੇ ਬਣੇ ਸਮਾਰਕ ਉੱਤੇ ਸ਼ਹੀਦਾਂ ਦੇ ਨਾਂ ਉੱਕਰੇ ਹੋਏ ਹਨ।
ਵਰਤਮਾਨ ਸਮੇਂ ਵਿੱਚ ਸਾਈਪ੍ਰਸ ਵਿਖੇ ਰਹਿ ਰਹੇ ਪੰਜਾਬੀ ਤੇ ਗ਼ੈਰ-ਪੰਜਾਬੀ ਭਾਰਤੀ ਲੋਕ, ਸੂਚਨਾ, ਦੂਰਸੰਚਾਰ, ਟੈਕਨੋਲੋਜੀ ਅਤੇ ਜਹਾਜ਼ਰਾਨੀ ਆਦਿ ਖੇਤਰਾਂ ਵਿੱਚ ਆਪਣਾ ਧਾਕ ਜਮਾਅ ਰਹੇ ਹਨ। ਇੱਥੇ ‘ਲਿਮਾਜ਼ੋਲ’ ਵਿਖੇ ਸਥਿਤ ‘ਐਮਡਾੱਕਸ’ ਨਾਮਕ ਬਹੁਕੌਮੀ ਕੰਪਨੀ ਵਿੱਚ 250 ਤੋਂ ਵੱਧ ਭਾਰਤੀ ਸਾਫ਼ਟਵੇਅਰ ਇੰਜੀਨੀਅਰ ਬਿਹਤਰ ਢੰਗ ਨਾਲ ਸੇਵਾਵਾਂ ਨਿਭਾਅ ਰਹੇ ਹਨ। ਇੱਥੇ ਰਾਜਧਾਨੀ ਨਿਕੋਸ਼ੀਆ ਵਿਖੇ ‘ਭਾਰਤੀ ਹਾਈ ਕਮਿਸ਼ਨ’ ਦਾ ਦਫ਼ਤਰ ਸਥਿਤ ਹੈ ਤੇ ਉਧਰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਵੀ ‘ਸਾਈਪ੍ਰਸ ਹਾਈ ਕਮਿਸ਼ਨ’ ਦਾ ਦਫ਼ਤਰ ਜਾਂ ਸਫ਼ਾਰਤਖ਼ਾਨਾ ਸਥਿਤ ਹੈ। ਭਾਰਤ ਨੇ ਸਾਈਪ੍ਰਸ ਦੇ ਗ਼ੁਲਾਮੀ ਕਾਲ ਸਮੇਂ ਵੀ ਅਤੇ ਉਸ ਤੋਂ ਬਾਅਦ ਵੀ ਸਾਈਪ੍ਰਸ ਦਾ ਪੂਰਾ ਸਾਥ ਦਿੱਤਾ ਹੈ। ਸਾਈਪ੍ਰਸ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਸਾਈਪ੍ਰਸ ਨਾਲ ਬੇਹੱਦ ਨਿੱਘੇ ਸਬੰਧ ਹਨ ਤੇ ਸੰਯੁਕਤ ਰਾਸ਼ਟਰ ਸੰਘ ਵੱਲੋਂ ਸਾਈਪ੍ਰਸ ਵਿਖੇ ਵੱਖ-ਵੱਖ ਸਮਿਆਂ ਅੰਦਰ ਕੀਤੇ ਗਏ ‘ਪੀਸ ਕੀਪਿੰਗ ਆਪ੍ਰੇਸ਼ਨ’ ਭਾਵ ‘ਸ਼ਾਂਤੀ ਸਥਾਪਨਾ ਆਪ੍ਰੇਸ਼ਨਾਂ’ ਵਿੱਚ ਭਾਰਤ ਨੇ ਵਧ-ਚੜ੍ਹ ਕੇ ਭਾਗ ਲਿਆ ਹੈ। ਸਾਈਪ੍ਰਸ ਦੇ ਭਾਰਤ ਨਾਲ ਵਪਾਰਕ ਰਿਸ਼ਤੇ ਵੀ ਬਹੁਤ ਮਜ਼ਬੂਤ ਹਨ। ਕੁਝ ਸਮਾਂ ਪਹਿਲਾਂ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਾਈਪ੍ਰਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਵਪਾਰ ਤੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਸਮਝੌਤਿਆਂ ’ਤੇ ਦਸਤਖਤ ਕੀਤੇ ਸਨ।
ਮੁੱਕਦੀ ਗੱਲ ਇਹ ਹੈ ਕਿ ਸਾਈਪ੍ਰਸ ਵਿੱਚ ਵੱਸਦੇ ਪੰਜਾਬੀ ਤੇ ਭਾਰਤੀ ਕਿਸੇ ਤਰ੍ਹਾਂ ਦੇ ਵੀ ਨਸਲੀ ਵਿਤਕਰੇ ਤੋਂ ਮੁਕਤ ਹਨ ਤੇ ਆਪਣੀ ਹੱਡ-ਭੰਨ੍ਹਵੀਂ ਮਿਹਨਤ ਦੀ ਕਮਾਈ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇੱਥੇ ਵੱਸਦੇ ਸਮੂਹ ਪੰਜਾਬੀ ਇਸ ਮੁਲਕ ਵਿੱਚ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਲਈ ਬਹੁਤ ਹੀ ਯਤਨਸ਼ੀਲ ਹਨ ਤੇ ਇਸ ਮਿਸ਼ਨ ਵਿੱਚ ਕਾਫੀ ਹੱਦ ਤੱਕ ਸਫ਼ਲ ਵੀ ਹਨ।

Leave a Reply

Your email address will not be published. Required fields are marked *