ਗਿਆਰਾਂ ਸਾਲ ਨੇਪਾਲ ਰਹੀ ਮਾਈ…

ਅਦਬੀ ਸ਼ਖਸੀਅਤਾਂ ਆਮ-ਖਾਸ

ਹਰਜੋਤ ਸਿੰਘ ਸਿੱਧੂ*
ਫੋਨ: +91-9854800075
ਸਾਲ 2022 ਵਿੱਚ ਮੈਂ ਨੇਪਾਲ ਵਿੱਚ ਸੀ। ਮੈਨੂੰ ਕਾਠਮੰਡੂ ਵਿੱਚ ਸਭ ਤੋਂ ਪੁਰਾਣੇ ਅਤੇ ਪਵਿੱਤਰ ਮੰਦਰ ਪਸ਼ੂਪਤੀਨਾਥ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ। ਨੇਪਾਲ ਨੂੰ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਪਰਭੱਤਾਂ ਸਮੇਤ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਦਾ ਘਰ ਹੋਣ ਲਈ ‘ਵਿਸ਼ਵ ਦੀ ਛੱਤ’ ਵਜੋਂ ਜਾਣਿਆ ਜਾਂਦਾ ਹੈ। ਨੇਪਾਲ ਇੱਕ ਐਸਾ ਦੇਸ਼ ਹੈ, ਜੋ ਸੁਤੰਤਰਤਾ ਦਿਵਸ ਨਹੀਂ ਮਨਾਉਂਦਾ, ਕਿਉਂਕਿ ਉਹ ਕਦੇ ਵੀ ਕਿਸੇ ਵਿਦੇਸ਼ੀ ਕਬਜ਼ੇ ਹੇਠ ਨਹੀਂ ਸੀ। ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਸ਼ਵ ਵਿੱਚ ਜਾਣਿਆ ਜਾਂਦਾ ਇੱਕ ਮਸ਼ਹੂਰ ਸ਼ਹਿਰ ਹੈ।

ਨੇਪਾਲ ਵਿੱਚ ਮੇਰੀ ਯਾਤਰਾ ਦੌਰਾਨ ਮੈਂ ਸੋਚ ਰਿਹਾ ਸੀ, ਕਿਸੇ ਵਕਤ ਪੰਜਾਬ ਦਾ ਮਹਾਰਾਜਾ ਅਤੇ ਨੇਪਾਲ ਦਾ ਰਾਜਾ ਦੋਸਤ ਸਨ। ਉਹ ਵੀ ਸਮਾਂ ਸੀ ਜਦ ਕਾਠਮੰਡੂ ਪਹੁੰਚਣ ਲਈ ਇੱਕ ਮਾਈ ਨੇ ਲੰਬਾ ਸਫ਼ਰ ਕੀਤਾ! ਉਹ ਵੀ ਸਮਾਂ ਸੀ ਜਦ ਇੱਕ ਰਾਣੀ ਨੂੰ ਭਿਖਾਰੀ ਬਣ ਲੁਕ-ਲੁਕ ਕੇ ਆਪਣਾ ਦੇਸ਼ ਛੱਡ ਕਾਠਮੰਡੂ ਆਉਣਾ ਪਿਆ!
ਅੰਗਰੇਜਾਂ ਵੱਲੋਂ ਰਾਜ ਭਾਗ ਖੋਹਣ ਤੋਂ ਬਾਅਦ ਮਾਈ ਨੂੰ ਚੁਨਾਰ ਦੇ ਕਿਲੇ, ਬਨਾਰਸ ਵਿੱਚ ਕੈਦ ਕਰ ਦਿੱਤਾ ਗਿਆ; ਪਰ ਕੁਝ ਸਮੇਂ ਬਾਅਦ ਮਾਈ ਚੁਨਾਰ ਕੈਦ ਤੋਂ ਬਚ ਨਿਕਲੀ ਅਤੇ ਬਚਦੇ ਬਚਾਉਂਦੇ ਪਟਨਾ ਪਹੁੰਚ ਗਈ। ਅੰਗਰੇਜ਼ ਉਸ ਦਾ ਠਿਕਾਣਾ ਜਾਣਨ ਲਈ ਪਿੱਛੇ ਸਨ। ਪਟਨਾ ਵਿਖੇ ਮਾਈ ਆਪਣੇ ਸਹਾਇਕ ਅਵਤਾਰ ਨੂੰ ਮਿਲਦੀ ਹੈ, ਆਪਣਾ ਭੇਸ ਬਦਲਣ ਲਈ।
ਤਪੱਸਵੀ ਵਰਗੀ ਦਿਖਣ ਲਈ ਭਗਵੇ ਰੰਗ ਦੀ ਸਾੜੀ ਪਾਉਂਦੀ ਹੈ, ਜੋ ਉਸ ਲਈ ਅਵਤਾਰ ਲਿਆਇਆ ਸੀ। ਸਾਧੂਆਂ ਵਾਂਗ ਦਿਖਣ ਲਈ ਮਾਈ ਆਪਣੇ ਵਾਲਾਂ ਵਿੱਚ ਨਦੀ ਦੀ ਗ਼ਾਰ ਮਲਦੀ ਹੈ। ਉਸ ਰਾਤ ਉਹ ਪਟਨਾ ਦੇ ਇੱਕ ਗੁਰਦੁਆਰੇ ਵਿੱਚ ਠਹਿਰਦੀ ਹੈ, ਜਿੱਥੇ ਗਰੀਬਾਂ ਨੂੰ ਮੁਫਤ ਰਿਹਾਇਸ਼ ਅਤੇ ਭੋਜਨ ਛਕਾਇਆ ਜਾਂਦਾ ਹੈ। ਮਾਈ ਲਈ ਪਟਨਾ ਵਿੱਚ ਰਹਿਣਾ ਖ਼ਤਰਨਾਕ ਸੀ, ਇਸ ਲਈ ਉਹ ਨੇਪਾਲ ਜਾਣ ਅਤੇ ਨੇਪਾਲ ਦੀ ਮਦਦ ਲੈਣ ਦੀ ਯੋਜਨਾ ਬਣਾਉਂਦੀ ਹੈ। ਰਵਾਨਾ ਹੋਣ ਲਈ ਮਾਈ ਦਾ ਸਹਾਇਕ ਅਵਤਾਰ ਘੋੜਿਆਂ ਅਤੇ ਹੋਰ ਜਰੂਰੀ ਸਮਾਨ ਦਾ ਇੰਤਜ਼ਾਮ ਕਰਨ ਅਗਲੇ ਦਿਨ ਚਲਾ ਜਾਂਦਾ ਹੈ, ਪਰ ਵਾਪਸ ਨਹੀਂ ਆਉਂਦਾ। ਮਾਈ ਨੇ ਅਵਤਾਰ ਲਈ 3 ਦਿਨ ਹੋਰ ਇੰਤਜ਼ਾਰ ਕੀਤਾ, ਪਰ ਉਹ ਕਦੇ ਵਾਪਸ ਨਹੀਂ ਆਇਆ। ਆਸ-ਪਾਸ ਦੇ ਲੋਕ ਉਸ ਨੂੰ ਦੱਸਦੇ ਹਨ ਕਿ ਫਿਰੰਗੀ ਸੜਕਾਂ ‘ਤੇ ਬਾਗੀਆਂ ਦੀ ਭਾਲ ਕਰ ਰਹੇ ਹਨ। ਉਸ ਸਾਰੀ ਰਾਤ ਉਹ ਗੁਰਦੁਆਰੇ ਵਿੱਚ ਅਰਦਾਸ ਕਰਦੀ ਹੈ। ਸਵੇਰ ਵੇਲੇ ਉਹ ਆਪਣੇ ਹੰਝੂ ਪੂੰਝਦੀ ਹੈ ਅਤੇ ਆਪਣੀ ਯਾਤਰਾ ਸ਼ੁਰੂ ਕਰਦੀ ਹੈ। ਉਸਦੇ ਕੋਲ ਕੁਝ ਰੁਪਈਏ ਸਨ, ਜਾਣ ਤੋਂ ਪਹਿਲਾਂ ਉਸਨੇ ਗੁਰਦੁਆਰੇ ਦੇ ਗ੍ਰੰਥੀ ਨੂੰ ਦੱਸਿਆ ਕਿ ਉਹ ਨੇਪਾਲ ਵਿੱਚ ਪਸ਼ੂਪਤੀਨਾਥ ਸ਼ਿਵ ਦੇ ਪ੍ਰਸਿੱਧ ਮੰਦਰ ਦੀ ਯਾਤਰਾ ‘ਤੇ ਜਾਣਾ ਚਾਹੁੰਦੀ ਹੈ। ਗ੍ਰੰਥੀ ਉਸ ਨੂੰ ਰਸਤੇ ਦਾ ਦਿਸ਼ਾ-ਨਿਰਦੇਸ਼ ਦਿੰਦਾ ਹੈ, ਇੱਕ ਪੁਰਾਣਾ ਕੰਬਲ, ਕੁਝ ਰੋਟੀਆਂ ਅਤੇ ਕੁਝ ਪੈਸੇ ਦਿੰਦਾ ਹੈ। ਉਹ ਸ਼ਰਧਾਲੂਆਂ ਦੇ ਸਮੂਹ ਨੂੰ ਲੱਭਣ ਦੀ ਉਮੀਦ ਨਾਲ, ਸ਼ਹਿਰ ਤੋਂ ਬਾਹਰ ਦਾ ਰਸਤਾ ਲੈ ਕੇ ਇਕੱਲੀ ਚੱਲ ਪੈਂਦੀ ਹੈ, ਪਰ ਉਸ ਨੂੰ ਰਸਤੇ ਵਿੱਚ ਕੋਈ ਨਹੀਂ ਮਿਲਦਾ। ਮਾਈ ਥੱਕੀ ਹਾਰੀ ਆਪਣੇ ਠਿਕਾਣੇ ਵੱਲ ਤੁਰੀ ਜਾਂਦੀ ਹੈ, ਆਖ਼ਿਰ ਉਸਦੀ ਜੁੱਤੀ ਟੁੱਟ ਜਾਂਦੀ ਹੈ। ਉਸਦੇ ਪੈਰਾਂ ਵਿੱਚੋਂ ਖੂਨ ਵਗਣ ਲੱਗਦਾ ਅਤੇ ਛਾਲੇ ਬਣ ਜਾਂਦੇ ਹਨ। ਜਦੋਂ ਦਰਦ ਬਹੁਤ ਵੱਧ ਜਾਂਦਾ, ਤਾਂ ਉਹ ਰੁਕ ਜਾਂਦੀ ਹੈ। ਰਸਤੇ ਵਿੱਚ ਉਹ ਥੋੜ੍ਹਾ ਜਿਹਾ ਦੁੱਧ ਅਤੇ ਥੋੜ੍ਹੀਆਂ ਰੋਟੀਆਂ ਖਰੀਦਦੀ ਹੈ। ਜਦੋਂ ਉਸ ਕੋਲ ਪੈਸੇ ਖਤਮ ਹੋ ਜਾਂਦੇ ਹਨ, ਤਾਂ ਉਹ ਭੀਖ ਮੰਗਣ ਲੱਗ ਜਾਂਦੀ। ਇੱਕ ਵਾਰ ਜਦੋਂ ਉਹ ਕਸਬਾ ਪਾਰ ਲੰਗ ਜਾਂਦੀ ਤਾਂ ਜਿਨ੍ਹਾਂ ਤੋਂ ਭੀਖ ਮੰਗਦੀ, ਉਹ ਲੋਕ ਵੀ ਘਟ ਜਾਂਦੇ।
ਅਕਸਰ ਰਸਤਾ ਜੰਗਲਾਂ ਵਿੱਚੋਂ ਲੰਘਦਾ, ਜਿੱਥੇ ਉਸਨੂੰ ਜੰਗਲੀ ਜਾਨਵਰਾਂ ਤੋਂ ਚੌਕਸ ਰਹਿਣਾ ਪੈਂਦਾ। ਉਹ ਆਪਣੀ ਰੱਖਿਆ ਲਈ ਪੱਥਰ ਇਕੱਠੇ ਕਰ ਨਾਲ ਰੱਖਦੀ। ਰਾਤ ਨੂੰ ਉਹ ਆਪਣੇ ਆਪ ਨੂੰ ਇੱਕ ਫਟੇ ਹੋਏ ਕੰਬਲ ਵਿੱਚ ਲਪੇਟਦੀ ਅਤੇ ਦਰੱਖਤਾਂ ਦੇ ਹੇਠਾਂ ਜਾਂ ਗੁਫਾਵਾਂ ਵਿੱਚ ਸੌਂਦੀ। ਦਿਨ-ਰਾਤ ਇੱਕ-ਦੂਜੇ ਵੱਲ ਭੱਜਦੇ, ਉਸਨੂੰ ਇਹ ਜਿਵੇਂ ਇੱਕ ਸੁਪਨਾ ਲੱਗ ਰਿਹਾ ਸੀ। ਇੱਕ ਦਿਨ ਉਸਨੂੰ ਪਤਾ ਲੱਗਾ ਕਿ ਉਹ ਹੁਣ ਪਹਾੜਾਂ ਵਿੱਚ ਹੈ। ਸਵੇਰੇ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ, ਜਦੋਂ ਮਾਈ ਦੀ ਅੱਖ ਖੁੱਲ੍ਹਦੀ ਤਾਂ ਕੰਬਲ ਬਰਫ਼ ਦੀ ਪਰਤ ਨਾਲ ਢੱਕਿਆ ਹੁੰਦਾ। ਪੈਂਡਾ ਲੰਬਾ ਸੀ, ਰਸਤੇ ਵਿੱਚ ਉਸਦਾ ਭੋਜਨ ਖਤਮ ਹੋ ਜਾਂਦਾ। ਮਾਈ ਨੂੰ ਲੱਗਦਾ ਹੈ, “ਮੈਂ ਜਲਦੀ ਹੀ ਮੌਤ ਦੇ ਮੂੰਹ ਵਿੱਚ ਜਾਵਾਂਗੀ।”
ਮਾਈ ਇੱਕ ਚੱਟਾਨ ਦੇ ਹੇਠਾਂ ਥੱਕੀ ਹੋਈ ਪਈ ਸੀ, ਸ਼ਰਧਾਲੂਆਂ ਦਾ ਇੱਕ ਸਮੂਹ ਉਸ ਦੇ ਕੋਲ ਆਉਂਦਾ ਹੈ, ਉਹ ਵੀ ਪਸ਼ੂਪਤੀਨਾਥ ਮੰਦਿਰ ਜਾ ਰਹੇ ਸਨ। ਉਹ ਮਾਈ ਨੂੰ ਲੋੜਵੰਦ ਸਮਝ ਕੇ ਭੋਜਨ ਖੁਆਉਂਦੇ ਅਤੇ ਹਮਦਰਦੀ ਕਰਦੇ। ਆਪਣੇ ਭੇਸ ਨੂੰ ਛੁਪਾਣ ਲਈ ਮਾਈ ਉਨ੍ਹਾਂ ਨੂੰ ਦੱਸਦੀ ਹੈ, “ਮੇਰੇ ਪੁੱਤਰ ਦੀ ਮੌਤ ਨੇ ਮੈਨੂੰ ਸੰਨਿਆਸੀ ਬਣਾ ਦਿੱਤਾ ਹੈ।” ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਇੱਕ ਮਹੀਨੇ ਬਾਅਦ ਮਾਈ ਆਪਣੇ ਆਪ ਨੂੰ ਕਾਠਮੰਡੂ ਵਿੱਚ ਲੈ ਪਹੁੰਚੀ।
ਉਹ ਪੁੱਛ ਪੁੱਛਾ ਕੇ ਰਾਣਾ ਜੰਗ ਬਹਾਦਰ ਦੇ ਮਹਿਲ ਦੇ ਸਾਹਮਣੇ ਪਹੁੰਚ ਗਈ। ਜਦੋਂ ਰਾਣਾ ਜੰਗ ਬਹਾਦੁਰ ਦਰਬਾਰ ਨੂੰ ਜਾ ਰਿਹਾ ਸੀ, ਤਾਂ ਉਹ ਆਪਣਾ ਰੱਥ ਰੋਕਦਾ ਹੈ ਅਤੇ ਮਾਈ ਨੂੰ ਭਿਖਾਰੀ ਸਮਝ ਕੇ ਕੁਝ ਸਿੱਕੇ ਭੇਟ ਕਰਦਾ ਹੈ। ਪਰ ਮਾਈ ਸਿੱਕੇ ਲੈਣ ਤੋਂ ਇਨਕਾਰ ਕਰ ਦਿੰਦੀ ਹੈ। ਇਹ ਜੰਗ ਬਹਾਦਰ ਨੂੰ ਚੰਗਾ ਨਹੀਂ ਲਗਦਾ ਅਤੇ ਗੁੱਸੇ ਵਿੱਚ ਜੰਗ ਬਹਾਦਰ ਨੇ ਮਾਈ ਨੂੰ ਪੁੱਛਿਆ, ਤੁਸੀਂ ਕੌਣ ਹੋ? ਉਹ ਜਵਾਬ ਦਿੰਦੀ ਹੈ, “ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦਾਂ ਹਾਂ, ਜੋ ਕਦੇ ਤੁਹਾਡੇ ਰਾਜ ਦੇ ਮਿੱਤਰ ਸੀ।” ਜੰਗ ਬਹਾਦੁਰ ਉਸ ਵੱਲ ਹੈਰਾਨੀ ਨਾਲ਼ ਝਾਕਦਾ ਹੈ। ਸ਼ਾਇਦ ਉਹ ਉਸ ਦੇ ਚਿਹਰੇ ‘ਤੇ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਬਰਖਾਸਤ ਕਰਨ ਦੀ ਬਜਾਏ, ਉਹ ਮਾਈ ਨੂੰ ਪੁੱਛਦਾ ਹੈ ਕਿ ਉਹ ਨੇਪਾਲ ਕਿਵੇਂ ਪਹੁੰਚੀ?
ਜਦੋਂ ਉਹ ਆਪਣੇ ਜੇਲ੍ਹ `ਚੋਂ ਬਚ ਕੇ ਨਿਕਲਣ ਅਤੇ ਔਕੜਾਂ ਭਰੀ ਯਾਤਰਾ ਦਾ ਵਰਣਨ ਕਰਦੀ ਹੈ, ਤਾਂ ਜੰਗ ਬਹਾਦਰ ਆਪਣੇ ਰੱਥ ਤੋਂ ਹੇਠਾਂ ਉਤਰ ਜਾਂਦਾ ਹੈ ਅਤੇ ਝੁਕਦਾ ਹੈ; “ਤੁਸੀਂ ਇੱਕ ਬਹਾਦਰ ਔਰਤ ਹੋ, ਮਾਈ ਜਿੰਦਾਂ। ਅਸੀਂ ਸਰਕਾਰ ਵੱਲੋਂ ਅਤੀਤ ਵਿੱਚ ਦਿੱਤੀ ਮਦਦ ਲਈ ਅੱਜ ਵੀ ਨਿੱਘ ਅਤੇ ਧੰਨਵਾਦ ਨਾਲ ਯਾਦ ਕਰਦੇ ਹਾਂ। ਭਾਵੇਂ ਅਸੀਂ ਪੰਜਾਬ ਤੋਂ ਬਹੁਤ ਦੂਰ ਹਾਂ, ਪਰ ਅੰਗਰੇਜ਼ਾਂ ਨੇ ਤੁਹਾਡੇ ਰਾਜ ਨੂੰ ਖੋਹਣ ਅਤੇ ਤੁਹਾਡੇ ਪੁੱਤਰ ਦਾ ਬੁਰਾ ਹਾਲ ਕਰਨ ਬਾਰੇ ਬਹੁਤ ਸੁਣਿਆ। ਨੇਪਾਲ ਵਿੱਚ ਤੁਹਾਡਾ ਸੁਆਗਤ ਹੈ।”
ਰਾਣੀ ਜਿੰਦਾ ਗਿਆਰਾਂ ਸਾਲ ਨੇਪਾਲ ਵਿੱਚ ਰਹੀ ਅਤੇ ਜਦ ਉਸ ਨੂੰ ਦਿਖਣਾ ਘਟ ਗਿਆ, ਇੱਕ ਦਹਾਕੇ ਬਾਅਦ ਅੰਗਰੇਜ਼ਾਂ ਨੇ ਉਸਨੂੰ ਆਪਣੇ 22 ਸਾਲਾਂ ਦੇ ਪੁੱਤਰ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿਖੇ ਮਿਲਣ ਦੀ ਇਜਾਜ਼ਤ ਦਿੱਤੀ। ਕਲਕੱਤੇ ਤੋਂ ਰਾਣੀ ਆਪਣੇ ਪੁੱਤਰ ਨਾਲ ਇੰਗਲੈਂਡ ਰਵਾਨਾ ਹੋ ਗਈ। ਪਹਿਲੀ ਅਗਸਤ 1863 ਦੀ ਸਵੇਰ ਨੂੰ ਮਹਾਰਾਣੀ ਜਿੰਦ ਕੌਰ ਦੀ ਅਬਿੰਗਡਨ ਹਾਊਸ, ਕੇਨਸਿੰਗਟਨ ਵਿੱਚ ਮੌਤ ਹੋ ਗਈ। 1885 ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿੱਚ ਸਸਕਾਰ ਗੈਰ-ਕਾਨੂੰਨੀ ਸੀ ਅਤੇ ਦਲੀਪ ਸਿੰਘ ਨੂੰ ਆਪਣੀ ਮਾਂ ਦੀ ਦੇਹ ਨੂੰ ਪੰਜਾਬ ਲਿਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਦੇਹ ਨੂੰ ਕੇਨਸਲ ਗ੍ਰੀਨ ਕਬਰਸਤਾਨ ਵਿੱਚ ਕੁਝ ਦਿਨਾਂ ਲਈ ਰੱਖਿਆ ਗਿਆ। 1864 ਦੀ ਬਸੰਤ ਵਿੱਚ ਮਹਾਰਾਜੇ ਨੇ ਦੇਹ ਨੂੰ ਭਾਰਤ ਵਿੱਚ ਬੰਬਈ ਲਿਜਾਣ ਦੀ ਇਜਾਜ਼ਤ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਆਪਣੀ ਮਾਂ ਦਾ ਸਸਕਾਰ ਕੀਤਾ, ਅਤੇ ਗੋਦਾਵਰੀ ਨਦੀ ਦੇ ਪੰਚਵਟੀ ਵਾਲੇ ਪਾਸੇ ਦਲੀਪ ਨੇ ਆਪਣੀ ਮਾਤਾ ਦੀ ਯਾਦ ਵਿੱਚ ਇੱਕ ਛੋਟੀ ਸਮਾਧ ਬਣਾਈ ਸੀ। ਜਿੰਦ ਕੌਰ ਦੀ ਲਾਹੌਰ ਵਿੱਚ ਸਸਕਾਰ ਕਰਨ ਦੀ ਇੱਛਾ ਨੂੰ ਬ੍ਰਿਟਿਸ਼ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਸੀ।
*ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ।

Leave a Reply

Your email address will not be published. Required fields are marked *