*ਪ੍ਰਦੀਪ ਕਲੇਰ ਵੱਲੋਂ ਸੁਖਬੀਰ ਬਾਦਲ ‘ਤੇ ਸੌਦਾ ਸਾਧ ਨਾਲ ਮੇਲ-ਜੋਲ ਰੱਖਣ ਦੇ ਖੁਲਾਸੇ
*ਵਿਰੋਧੀ ਪੰਜਾਬ ਸਰਕਾਰ ਅਤੇ ਕੇਂਦਰ ਦੇ ਏਜੰਟ: ਅਕਾਲੀ ਦਲ ਬਾਦਲ
ਜਸਵੀਰ ਸਿੰਘ ਸ਼ੀਰੀ
ਅਕਾਲੀ ਸਿਆਸਤ ਵਿੱਚ ਫੁੱਟ ਦਾ ਰੇੜ੍ਹਕਾ ਸੁਲਝਣ ਵਾਲੇ ਸੰਦਰਭ ਤੋਂ ਅਗਾਂਹ ਵਧਦਾ ਨਜ਼ਰ ਆ ਰਿਹਾ ਹੈ। ਲਗਦਾ ਇੰਝ ਹੈ ਕੇ ਨਾ ਤਾਂ ਬਾਗੀ ਗੁੱਟ ਪਿਛਾਂਹ ਪੈਰ ਪੁੱਟਣ ਲਈ ਤਿਆਰ ਹੈ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤਿਆਗਣ ਦੇ ਮੂਡ ਵਿੱਚ ਹਨ। ਮਸਲਾ ਸੁਲਾਹ ਸਫਾਈ ਵਾਲੇ ਦੌਰ ਤੋਂ ਅਗਾਂਹ ਨਿਕਲ ਗਿਆ ਹੈ। ਇੱਕ ਪਾਸੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੁਝ ਦਿਨ ਪਹਿਲਾਂ ਬਾਗੀ ਗੁੱਟ ਵੱਲੋਂ ਇੱਕ 13 ਮੈਂਬਰੀ ਪ੍ਰਜ਼ੀਡੀਅਮ ਦਾ ਐਲਾਨ ਕਰ ਦਿੱਤਾ, ਦੂਜੇ ਪਾਸੇ
ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਗੁੱਟ ਨੇ ਬਾਗੀ ਧਿਰ ਦੇ ਅੱਠ ਆਗੂਆਂ- ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਵਾਈ ਨੂੰ ਪ੍ਰਦੀਪ ਕਲੇਰ ਦੇ ਉਸ ਬਿਆਨ ਦੀ ਪਿੱਠਭੂਮੀ ਵਿੱਚ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਿਲਦੇ ਰਹੇ ਹਨ।
ਬੇਅਦਬੀ ਦੇ ਦੋਸ਼ੀ ਅਤੇ ਹੁਣ ਵਾਅਦਾ ਮੁਆਫ ਗਵਾਹ ਬਣ ਚੁੱਕੇ ਪ੍ਰਦੀਪ ਕਲੇਰ ਨੇ ਹਾਲ ਹੀ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਾਇਆ ਕਿ ਉਹ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਣ ਦੇ ਬਾਵਜੂਦ ਚੋਰੀ ਛਿੱਪੇ ਮਿਲਦੇ ਰਹੇ। ਉਸ ਨੇ ਦਾਅਵਾ ਕੀਤਾ ਕਿ 12 ਜੁਲਾਈ 2015 ਨੂੰ ਦਿੱਲੀ ਦੇ 12 ਸਫਦਰਗੰਜ ਸਥਿਤ ਕੋਠੀ ਵਿੱਚ ਸੁਖਬੀਰ ਨੇ ਆਪਣੇ ਇੱਕ ਸਾਥੀ ਨਾਲ ਪੰਜਾਬ ਵਿੱਚ ਸੌਦਾ ਸਾਧ ਦੀ ਫਿਲਮ (ਐਮ.ਐਸ.ਜੀ.) ਨੂੰ ਚਲਾਉਣ ਦੇ ਮਾਮਲੇ ‘ਤੇ ਕਿਹਾ ਸੀ ਕਿ ਬਾਬਾ (ਸੌਦਾ ਸਾਧ) ਲਿਖਤੀ ਰੂਪ ਵਿੱਚ ਮੁਆਫੀ ਮੰਗੇ; ਬਾਕੀ ਉਹ ਸੰਭਾਲ ਲੈਣਗੇ। ਪ੍ਰਦੀਪ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਕਿਹਾ, ‘ਜੇ ਉਹ ਤੁਹਾਡਾ ਬਾਬਾ ਹੈ ਤਾਂ ਮੈਂ ਇੱਥੇ ਪੰਜਾਬ ਦਾ ਬਾਬਾ ਹਾਂ।’ ਪ੍ਰਦੀਪ ਅਨੁਸਾਰ ਬਾਬੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ, ‘ਮੁਆਫੀ’ ਵਾਲਾ ਸ਼ਬਦ ਬਾਦਲ ਧਿਰ ਦੀ ਮਿਲੀਭੁਗਤ ਨਾਲ ਬਾਬੇ ਦੀ ਸਹਿਮਤੀ ਬਗੈਰ ਪਾਇਆ ਗਿਆ।
ਦੂਜੇ ਪਾਸੇ ਸੁਖਬੀਰ ਬਾਦਲ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ‘ਮੈਂ ਪਹਿਲਾਂ ਹੀ ਖ਼ਾਲਸਾ ਪੰਥ ਦੇ ਸਰਬਉੱਚ ਸਥਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋ ਕੇ ਆਪਣਾ ਪੱਖ ਦੱਸ ਚੁੱਕਾ ਹਾਂ।’ ਪ੍ਰਦੀਪ ਨੇ ਹੋਰ ਕਿਹਾ ਕਿ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਦੀ ਚੋਣ ਜਿੱਤਣ ਲਈ ਵੀ ਡੇਰਾ ਸੱਚਾ ਸੌਦਾ ਦੀ ਮਦਦ ਲਈ ਗਈ ਸੀ। ਅਕਾਲੀ ਦਲ ਨੇ ਪ੍ਰਦੀਪ ਕਲੇਰ ਦੇ ਬਿਆਨ ਦੀ ਟਾਈਮਿੰਗ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ, ਪੰਜਾਬ ਦੀ ‘ਆਪ’ ਸਰਕਾਰ ਅਤੇ ਬਾਗੀ ਅਕਾਲੀਆਂ ਦੀ ਸ਼ਹਿ ‘ਤੇ ਹੋ ਰਿਹਾ ਹੈ।
ਉਂਝ ਇਹ ਗੱਲਾਂ ਨਵੀਂਆਂ ਨਹੀਂ ਹਨ, ਪਹਿਲਾਂ ਵੀ ਮੀਡੀਏ ਵਿੱਚ ਆ ਚੁੱਕੀਆਂ ਹਨ; ਪਰ ਜਿਸ ਮੌਕੇ ਕਹੀਆਂ ਜਾ ਰਹੀਆਂ ਹਨ, ਉਸ ਨਾਲ ਇਨ੍ਹਾਂ ਦਾ ਮੁੜ ਮਹੱਤਵ ਬਣ ਗਿਆ ਹੈ। ਇਸ ਸਾਰੇ ਕੁਝ ਨੂੰ ਉਸ ਪਿੱਠ ਭੂਮੀ ਵਿੱਚ ਰੱਖ ਕੇ ਵੇਖਣ ਦੀ ਲੋੜ ਹੈ, ਜਿਸ ਵਿੱਚ ਸਿੱਖ ਪੰਥ ਅੰਦਰ ਰਾਜਨੀਤਿਕ ਘਟਨਾਵਾਂ ਚੱਲ ਰਹੀਆਂ ਹਨ। ਧਿਆਨ ਰਹੇ, ਪਹਿਲੀ ਜੁਲਾਈ ਨੂੰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਬਾਗੀ ਗੁੱਟ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਇਆ ਅਤੇ ਉਨ੍ਹਾਂ ਨੇ ਬੇਅਦਬੀਆਂ, ਸੌਦਾ ਸਾਧ ਨੂੰ ਮੁਆਫੀ ਦੇਣ, ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਉਣ ਅਤੇ ਇਜ਼ਹਾਰ ਆਲਮ ਦੀ ਪਤਨੀ ਨੂੰ ਅਕਾਲੀ ਦਲ ਵੱਲੋਂ ਟਿਕਟ ਦੇਣ ਵੇਲੇ ਚੁੱਪ ਰਹਿਣ ਦਾ ਦੋਸ਼ ਸਵੀਕਾਰ ਕਰਦਿਆਂ ‘ਸਜ਼ਾ ਲਾਉਣ’ ਦੀ ਮੰਗ ਕੀਤੀ ਸੀ। ਉਨ੍ਹਾਂ ਸਾਰੀਆਂ ਉਪਰੋਕਤ ਘਟਨਾਵਾਂ ਲਈ ਸੁਖਬੀਰ ਬਾਦਲ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਪਿੱਛੋਂ ਸੁਖਬੀਰ ਸਿੰਘ ਬਾਦਲ 24 ਜੁਲਾਈ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਅਤੇ ਬੰਦ ਲਿਫਾਫੇ ਵਿੱਚ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ। ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਦੀ ਉਡੀਕ ਹਾਲਾਂ ਕੀਤੀ ਜਾ ਰਹੀ ਸੀ ਕਿ ਇਸ ਤੋਂ ਪਹਿਲਾਂ ਹੀ ਉਪਰੋਕਤ ਨਵੀਂਆਂ ਘਟਨਾਵਾਂ ਵਾਪਰ ਗਈਆਂ ਹਨ।
ਪ੍ਰਦੀਪ ਦੇ ਬਿਆਨ ਨੂੰ ਅਕਾਲੀ ਦਲ ਬਾਦਲ ਨੇ ਬਾਗੀ ਅਕਾਲੀਆਂ, ਬੀ.ਜੇ.ਪੀ. ਅਤੇ ਪੰਜਾਬ ‘ਆਪ’ ਨਾਲ ਮਿਲ ਕੇ ਕੀਤੀ ਗਈ ਕਾਰਵਾਈ ਸਮਝਿਆ ਹੈ ਤੇ ਬਾਗੀ ਅਕਾਲੀਆਂ ਦੇ ਅੱਠ ਆਗੂਆਂ ਨੂੰ ਪਾਰਟੀ ਲੀਡਰਸਿੱLਪ ਵਿੱਚੋਂ ਛਾਂਗ ਦਿੱਤਾ ਹੈ। ਪ੍ਰਦੀਪ ਦੇ ਬਿਆਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਬਾਗੀ ਅਕਾਲੀ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂ ਪ੍ਰਦੀਪ ਕਲੇਰ ਵੱਲੋਂ ਦਿੱਤੇ ਗਏ ਬਿਆਨ ‘ਤੇ ਸੁਖਬੀਰ ਬਾਦਲ ਸਪਸ਼ਟੀਕਰਨ ਦੇਣ। ਉਨ੍ਹਾਂ ਕਿਹਾ ਕਿ ਸੁਖਬੀਰ ‘ਤੇ ਡੇਰਾ ਮੁਖੀ ਦੀ ਪੁਸ਼ਤਪਨਾਹੀ ਦੇ ਲਾਏ ਗਏ ਦੋਸ਼ ਕਾਫੀ ਗੰਭੀਰ ਹਨ। ਡੇਰਾ ਮੁਖੀ ਨਾਲ ਮੇਲ-ਜੋਲ ਨਾ ਰੱਖਣ ਦੀ ਅਕਾਲ ਤਖਤ ਦੀ ਹਦਾਇਤ ਦੇ ਬਾਵਜੂਦ ਉਹ ਉਸ ਨੂੰ ਮਿਲਦੇ ਰਹੇ।
ਉਧਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਪਸ਼ਟੀਕਰਨ ਵਿੱਚ ਕਿਹਾ ਹੈ ਕਿ ਬੇਅਦਬੀਆਂ ਜਿਹੀਆਂ ਘਿਨਾਉਣੀਆਂ ਕਾਰਵਾਈਆਂ ਦੇ ਦੋਸ਼ੀ ਵੱਲੋਂ ਲਗਾਏ ਗਏ ਇਹ ਦੋਸ਼ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਤ ਹਨ ਤੇ ਮੈਨੂੰ ਕਾਫੀ ਦੁਖੀ ਕਰ ਰਹੇ ਹਨ। ਮੈਂ ਇਨ੍ਹਾਂ ਝੂਠੇ ਅਤੇ ਖਤਰਨਾਕ ਦੋਸ਼ਾਂ ‘ਤੇ ਸਖਤ ਇਤਰਾਜ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਅਕਾਲ ਤਖਤ ਸਾਹਿਬ ‘ਤੇ ਆਪਣਾ ਪੱਖ ਪੇਸ਼ ਕਰ ਚੁੱਕਾ ਹਾਂ ਅਤੇ ਉਨ੍ਹਾਂ ਦੇ ਫੈਸਲੇ ਤੋਂ ਬਾਅਦ ਹੀ ਮੈਂ ਇਸ ਪਾਪੀ ਵਿਰੁਧ ਸਖਤ ਕਾਰਵਾਈ ਕਰਾਂਗਾ। ਇਸ ਮਾਮਲੇ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਬਦਲ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਿੰਦਰ ਸਿੰਘ ਗਰੇਵਾਲ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਪ੍ਰਦੀਪ ਕਲੇਰ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਐਲਾਨੇ ਜਾਣ ਤੋਂ ਬਾਅਦ ਵੀ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਸਰਕਾਰ ਵੱਲੋਂ ਬੇਅਦਬੀ ਦੇ ਮਾਮਲੇ ਵਿੱਚ ਉਸ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਅਕਾਲੀ ਦਲ ਦੇ ਆਗੂਆਂ ਨੇ ਇਹ ਸਵਾਲ ਵੀ ਕੀਤਾ ਕਿ ਫਰੀਦਕੋਟ ਦੇ ਪੁਲਿਸ ਮੁਖੀ ਦੀ ਲਿਖਤੀ ਬੇਨਤੀ ਦੇ ਬਾਵਜੂਦ ਸਰਕਾਰ ਨੇ ਡੇਰਾ ਮੁਖੀ ਰਾਮਰਹੀਮ ‘ਤੇ ਧਾਰਾ 495 ਅਧੀਨ ਕੇਸ ਦਰਜ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਰਾਮ ਰਹੀੰਮ ਖਿਲਾਫ ਨਰਮੀ ਵਰਤ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲੀ ਹੋਈ ਹੈ।
ਇਸੇ ਦਰਮਿਆਨ ਬਾਗੀ ਅਕਾਲੀ ਦਲ ਦੇ ਆਗੂਆਂ ਨੇ ਟਕਸਾਲੀ ਅਕਾਲੀ ਪਰਿਵਾਰਾਂ ਅਤੇ ਆਮ ਲੋਕਾਂ ਨਾਲ ਆਪਣਾ ਮੇਲ ਜੋਲ ਤੇਜ਼ ਕਰ ਦਿੱਤਾ ਹੈ। ਇਸ ਤਹਿਤ ਬਾਗੀ ਧੜੇ ਵੱਲੋਂ ਅਕਾਲੀ ਦਲ ਦੇ ਰਹਿ ਚੁੱਕੇ ਮਰਹੂਮ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਦੀ ਬਰਸੀ ਮਨਾਈ ਗਈ। ਇਸ ਬਰਸੀ ਸਮਾਗਮ ਵਿੱਚ ਬਾਗੀ ਅਕਾਲੀਆਂ ਤੋਂ ਲੈ ਕੇ ਸਿਮਰਨਜੀਤ ਸਿੰਘ ਮਾਨ ਤੱਕ ਹਰ ਰੰਗ ਦੇ ਅਕਾਲੀ ਧੜਿਆਂ ਨੇ ਸ਼ਮੂਲੀਅਤ ਕੀਤੀ। ਪਿੰਡ ਤੁੜ ਦੇ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਦਰਬਾਰ ਵਿੱਚ ਹੋਏ ਇਸ ਸਮਾਗਮ ਵਿੱਚ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਨਜੀਤ ਸਿੰਘ, ਮਨਜੀਤ ਸਿੰਘ ਭੋਮਾ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਬੀਬੀ ਜਗੀਰ ਕੌਰ, ਹਰਵਿੰਦਰ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਆਦਿ ਆਗੂਆਂ ਨੇ ਹਿੱਸਾ ਲਿਆ। ਕੁਝ ਹੋਰ ਧਾਰਮਿਕ ਸੰਸਥਾਵਾਂ ਦੇ ਮੁਖੀ, ਨਿਹੰਗ ਸਿੰਘ ਅਤੇ ਕਿਸਾਨ ਆਗੂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਫਰੀਦਕੋਟ ਤੋਂ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਨੇ ਆਪਣੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੋਂ ਬਾਅਦ ਨਵੀਂ ਪੰਥਕ ਪਾਰਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਇਹ ਨਹੀਂ ਸਪਸ਼ਟ ਕੀਤਾ ਕਿ ਇਹ ਗਠਨ ਜਥੇਦਾਰ ਤੁੜ ਦੇ ਸਮਾਗਮ ‘ਤੇ ਇਕੱਠੇ ਹੋਏ ਸਾਰੇ ਧੜਿਆਂ ਨਾਲ ਮਿਲ ਕੇ ਕੀਤਾ ਜਾਵੇਗਾ ਜਾਂ ਉਹ ਵੱਖਰੇ ਤੌਰ ‘ਤੇ ਇਸ ਦਾ ਗਠਨ ਕਰਨਗੇ। ਯਾਦ ਰਹੇ, ਸਰਬਜੀਤ ਸਿੰਘ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਨਜ਼ਦੀਕ ਮੰਨੇ ਜਾਂਦੇ ਹਨ। ਅੰਮ੍ਰਿਤਪਾਲ ਸਿੰਘ ਵੀ ਉਨ੍ਹਾਂ ਦੇ ਰਾਹੀਂ ਹੀ ਪੇਸ਼ ਹੋਇਆ ਸੀ। ਉਹ ਵੀ ਪਿਛੇ ਜਿਹੇ ਤੋਂ ਅਕਾਲੀ ਦਲ (ਬਾਦਲ) ਦੇ ਖਿਲਾਫ ਸਰਗਰਮ ਵੇਖੇ ਜਾ ਰਹੇ ਹਨ।