-ਅਮਰੀਕ ਸਿੰਘ ਮੁਕਤਸਰ
ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ॥
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ॥
ਅੱਜ ਕੱਲ੍ਹ ਅਕਾਲੀ ਦਲ ਦੇ ਪੰਥਕ ਸਰੂਪ ਨੂੰ ਬਹਾਲ ਕਰਨ ਦਾ ਮਸਲਾ ਬਹੁਤ ਚਰਚਾ ਵਿੱਚ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਅਕਾਲੀ ਆਗੂ ਆਪਣੇ ਰਾਜਸੀ ਸਵਾਰਥਾਂ ਅਤੇ ਰੁਤਬਿਆਂ ਦੀ ਬੇਕਾਬੂ ਹਵਸ਼ ਦਾ ਸ਼ਿਕਾਰ ਹੋ ਕੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਅਕਾਲੀ ਦਲ ਦਾ ਪੰਥਕ ਮੁਹਾਂਦਰਾ ਵਿਗਾੜਨ ਵਿੱਚ ਮੁੱਖ ਰੂਪ ਵਿੱਚ ਦੋਸ਼ੀ ਸਨ, ਅੱਜ ਉਹ ਹੀ ਅਕਾਲੀ ਦਲ ਦੀ ਵਿਗੜੀ ਦਸ਼ਾ ਸਵਾਰਨ ਵਾਲੀ ਮੁਹਿੰਮ ਦੇ ਮੋਢੀ ਬਣੇ ਨਜ਼ਰ ਆ ਰਹੇ ਹਨ।
ਸਵਾਲ ਹੈ ਕਿ ਉਹ ਅਜਿਹਾ ਕਰਨ ਲਈ ਕਿਉਂ ਮਜਬੂਰ ਹੋਏ? ਸਵਾਲ ਇਹ ਵੀ ਹੈ, ਕੀ ਅੱਜ ਉਨ੍ਹਾਂ ਦੀ ਰੂਹ ਵਿੱਚ ਕਮਾਏ ਗੁਨਾਹਾਂ ਦੇ ਪਸ਼ਚਾਤਾਪ ਦਾ ਅਹਿਸਾਸ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰ ਰਿਹਾ ਹੈ? ਇਸਦੇ ਨਾਲ ਸੁਹਿਰਦ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਜ਼ਰੂਰ ਰੜਕਦਾ ਹੋਵੇਗੇ ਕਿ ਕੀ ਅਕਾਲ ਤਖਤ ਜਾਂ ਉੱਥੇ ਬੈਠਾ ਜਥੇਦਾਰ ਕੋਈ ਵਾਸ਼ਿੰਗ ਮਸ਼ੀਨ ਹੈ, ਜੋ ਕੁਝ ਪਲਾਂ ਵਿੱਚ ਇਨ੍ਹਾਂ ਦੇ ਦਹਾਕਿਆਂ ਵਿੱਚ ਕਮਾਏ ਗੁਨਾਹਾਂ ਨੂੰ ਧੋਣ ਦੀ ਸਮਰੱਥਾ ਰੱਖਦਾ ਹੈ? ਇਸਦੇ ਨਾਲ ਪੰਥ ਦਰਦੀ ਇਹ ਵੀ ਜ਼ਰੂਰ ਸੋਚਦੇ ਹੋਣਗੇ ਕਿ ਅਕਾਲ ਤਖਤ ਸਾਹਿਬ ਤੇ ਦੂਜੇ ਤਖਤਾਂ ਉਪਰ ਬੈਠੇ ਧਾਰਮਿਕ ਆਗੂ ਅਤੇ ਉਨ੍ਹਾਂ ਤੋਂ ਪਹਿਲਾਂ ਇਨ੍ਹਾਂ ਰੁਤਬਿਆਂ ਉੱਪਰ ਬੈਠੇ ਵਿਅਕਤੀਆਂ ਨੂੰ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਸਮੇਤ ਦੂਜੀਆਂ ਸਿੱਖ ਸੰਸਥਾਵਾਂ ਦੀ ਮਾਣ ਮਰਯਾਦਾ ਨੂੰ ਰੋਲਣ ਦੇ ਦੋਸ਼ ਤੋਂ ਆਜ਼ਾਦ ਕੀਤਾ ਜਾ ਸਕਦਾ ਹੈ?
ਦਰਅਸਲ ਇੱਥੇ ਮਸਲਾ ਇੱਕ ਸੰਸਥਾ ਜਾਂ ਆਗੂ ਦੇ ਕਿਰਦਾਰ ਦਾ ਨਹੀਂ, ਬਲਕਿ ਆਵਾ ਹੀ ਊਤ ਗਿਆ ਹੈ। ਸੋ ਆਪਾਂ ਅਕਾਲੀ ਦਲ ਦੇ ਪੰਥਕ ਸਰੂਪ ਦੀ ਬਹਾਲੀ ਵਾਲੇ ਮੂਲ ਮੁੱਦੇ ਦੀ ਹੀ ਵਿਚਾਰ ਕਰਦੇ ਹਾਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਅਕਾਲੀ ਦਲ ਦੀ ਮਜ਼ਬੂਤੀ, ਉਸਦੇ ਪੁਰਾਤਨ ਜਥੇਬੰਦਕ ਅਤੇ ਸਿਧਾਂਤਕ ਸਰੂਪ ਦੀ ਬਹਾਲੀ ਪੰਥ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਹ ਵੀ ਸੱਚ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਇੱਕ ਨਿੱਗਰ ਭੂਮਿਕਾ ਨਿਭਾਅ ਸਕਦਾ ਹੈ; ਪਰ ਇਸਦੇ ਨਾਲ ਇਹ ਵੀ ਚਿੱਟੇ ਦਿਨ ਵਰਗਾ ਸੱਚ ਹੈ ਕਿ ਸੁਖਬੀਰ ਸਮੇਤ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਬਦਨਾਮ ਅਤੇ ਇਖਲਾਕਹੀਣ ਆਗੂਆਂ ਦੀ ਅਗਵਾਈ ਨੂੰ ਕਬੂਲਦੇ ਹੋਏ, ਇਸ ਮਿੱਥੇ ਟੀਚੇ ਨੂੰ ਕਦੇ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਇਹ ਆਗੂ ਜੋ ਬੀਤੇ ਤਿੰਨ ਦਹਾਕੇ ਅਕਾਲ ਤਖਤ ਸਾਹਿਬ ਅਤੇ ਪੰਥਕ ਸੰਸਥਾਵਾਂ ਦੀ ਸ਼ਾਨ ਨੂੰ ਰੋਲਣ ਲਈ ਜ਼ਿੰਮੇਵਾਰ ਹਨ, ਅੱਜ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਵਾਉਣ ਦਾ ਪਾਖੰਡ ਸਿਰਜ ਕੇ ਆਪਣੇ ਡੁੱਬ ਰਹੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਤਰਲੋਮੱਛੀ ਹੋ ਰਹੇ ਹਨ।
ਸਿੱਖ ਕੌਮ ਐਨੀ ਨਾਦਾਨ ਨਹੀਂ ਹੈ, ਸ਼ੋਸ਼ਲ ਮੀਡੀਏ ਦਾ ਯੁੱਗ ਹੈ। ਹੁਣ ਅੱਗੇ ਵਾਲੀ ਗੱਲ ਨਹੀਂ ਰਹੀ ਕਿ ਕਾਮਰੇਡ ਹਮਦਰਦ ਅਤੇ ਕਾਮਰੇਡ ਹਰਚਰਨ ਬੈਂਸ ਵਰਗੇ ਚਾਣਕੀਏ ਆਪਣੀ ਚਤਰ ਚਲਾਕੀ ਨਾਲ ਤੁਹਾਨੂੰ ਇਸ ਸੰਕਟ ਵਿੱਚੋਂ ਕੱਢ ਕੇ ਫਿਰ ਸੱਤਾ ਦੇ ਦੁਆਰ ਵੱਲ ਲੈ ਜਾਣਗੇ! ਹੁਣ ਤਾਂ ਸੱਚੇ ਮਨ ਤੋਂ ਪੰਥ ਨੂੰ ਸਮਰਪਿਤ ਹੋਏ ਬਿਨਾ ਹੱਲ ਦੀ ਆਸ ਕਰਨੀ ਮਹਾ ਮੂਰਖਤਾ ਹੋਵੇਗੀ। ਇਸ ਤੋਂ ਇਲਾਵਾ ਅਕਾਲੀ ਦਲ ਦੇ ਦੋ ਧੜਿਆਂ ਦੀ ਨਹੀਂ, ਸਗੋ ਸਮੁੱਚੇ ਪੰਥ ਦੀ ਏਕਤਾ ਦਾ ਸਵਾਲ ਲੈ ਕੇ ਅੱਗੇ ਵਧਣਾ ਪਵੇਗਾ।
ਹੁਣ ਆਪਾਂ ਪੰਥਕ ਏਕਤਾ ਦੇ ਸੁਝਾਅ ਵੱਲ ਆਉਂਦੇ ਹਾਂ। ਸਭ ਤੋਂ ਪਹਿਲਾਂ ਸਵੈ-ਹਿੱਤਾਂ ਨੂੰ ਤਿਆਗ ਕੇ ਅਤੇ ਏਕਤਾ ਦਾ ਦ੍ਰਿੜ ਵਿਸ਼ਵਾਸ ਮਨ ਵਿੱਚ ਲੈ ਕੇ ਸਾਰੇ ਆਗੂ ਅਕਾਲ ਤਖ਼ਤ ਸਾਹਿਬ ਅੱਗੇ ਜੁੜਨ। ਪੰਥਕ ਰਵਾਇਤਾਂ ਅਤੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਨਿਰਪੱਖ ਰਾਏ ਇਹੀ ਬਣਦੀ ਹੈ ਕਿ ਵੱਖ-ਵੱਖ ਅਕਾਲੀ ਧੜਿਆਂ ਨੂੰ ਪੰਜ-ਪੰਜ ਪੰਥਕ ਸ਼ਖਸੀਅਤਾਂ ਦੇ ਨਾਮ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ; ਪਰ ਸ਼ਰਤ ਇਹ ਹੋਵੇ ਕਿ ਇਨ੍ਹਾਂ ਨਾਵਾਂ ਵਿੱਚ ਕਿਸੇ ਵੀ ਧੜੇ ਦਾ ਮੌਜੂਦਾ ਮੁਖੀ ਜਾਂ ਗੁਨਾਹਾਂ ਵਿੱਚ ਸ਼ਾਮਲ ਕੋਈ ਆਗੂ ਨਾ ਹੋਵੇ। ਸਾਰੇ ਧੜਿਆਂ ਵੱਲੋਂ ਸੁਝਾਏ ਪੰਜ-ਪੰਜ ਨਾਵਾਂ ਦੀਆਂ ਪਰਚੀਆਂ ਪਾ ਕੇ ਪੰਜ ਪਰਚੀਆਂ ਚੁਣੀਆਂ ਜਾਣ। ਇਸ ਚੋਣ ਤੋਂ ਬਾਅਦ ਮਿਥੇ ਸਮੇਂ ਅੰਦਰ ਇਨ੍ਹਾਂ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਉਸਦੇ ਪੁਰਾਤਨ ਸੰਵਿਧਾਨ ਮੁਤਾਬਕ ਭਰਤੀ ਕਰਾ ਕੇ ਪੁਨਰ ਗਠਨ ਕੀਤਾ ਜਾਵੇ। ਇਨ੍ਹਾਂ ਪੰਜਾਂ ਦੀ ਅਗਵਾਈ ਵਿੱਚ ਹੀ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ। ਇਨ੍ਹਾਂ ਪੰਜਾਂ ਦੀ ਚੋਣ ਤੋਂ ਬਾਅਦ ਇਹ ਤਖਤਾਂ ਦੇ ਜਥਦਾਰਾਂ ਨੂੰ ਵੀ ਸੇਵਾ ਮੁਕਤ ਹੋਣ ਦਾ ਹੁਕਮ ਕਰਨ ਅਤੇ ਅਕਾਲੀ ਦਲ ਦੀ ਪੁਨਰ ਸਥਾਪਤੀ ਤੇ ਗੁਰਦੁਆਰਾ ਕਮੇਟੀ ਦੀ ਨਵੀਂ ਚੋਣ ਤੋਂ ਬਾਅਦ ਪੰਥਕ ਰਵਾਇਤਾਂ ਮੁਤਾਬਿਕ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ। ਉਦੋਂ ਤੱਕ ਸਾਰੀ ਰਾਜਸੀ ਅਤੇ ਧਾਰਮਿਕ ਅਗਵਾਈ ਚੁਣੇ ਪੰਜਾਂ ਦੇ ਹੱਥ ਰਹੇ ਅਤੇ ਇਹ ਪੰਜ ਆਪਣੀ ਸਹਾਇਤਾ ਲਈ ਵੱਖ ਵੱਖ ਕਮੇਟੀਆਂ ਬਣਾ ਕੇ ਮਿੱਥੇ ਟੀਚੇ ਨੂੰ ਮਿਥੇ ਸਮੇਂ ਵਿੱਚ ਪੂਰਾ ਕਰਨ।