ਧਰਮ ਅਤੇ ਸਿਆਸਤ ਨੂੰ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ, ਪਰ ਸਥਿਤੀ ਪਿਛਲੇ ਲੰਮੇ ਸਮੇਂ ਤੋਂ ਇਹ ਬਣੀ ਹੋਈ ਹੈ ਕਿ ਸਿਆਸਤ ਉਤੇ ਧਰਮ ਦੇ ਕੁੰਡੇ ਦੀ ਥਾਂ ਧਰਮ ਉਤੇ ਸਿਆਸਤ ਦਾ ਕੁੰਡਾ ਭਾਰੂ ਪਿਆ ਹੋਇਆ ਹੈ। ਧਾਰਮਿਕ ਸੰਸਥਾਵਾਂ ਨੂੰ ਸਿਆਸੀ ਲੋੜ ਮੁਤਾਬਕ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਧਰਮਾਂ ਦੀ ਹੋਂਦ ਪ੍ਰਭਾਵਿਤ ਹੋ ਰਹੀ ਹੈ। ਧਰਮ ਦੀ ਰਾਜਨੀਤੀ ਵਿਚੋਂ ਪੰਥਕ ਮੁੱਦੇ ਲਗਪਗ ਗਾਇਬ ਹਨ, ਜਦਕਿ ਵੋਟ-ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਸਿੱਖੀ ਸਰੂਪ ਵਾਲੇ ਪਿਆਦਿਆਂ ਨੂੰ ਸਾਜ਼ਿਸ਼ ਤਹਿਤ ਵਰਤਿਆ ਜਾ ਰਿਹਾ ਹੈ। ਹਥਲੇ ਲੇਖ ਵਿੱਚ ਲੇਖਕ ਨੇ ਧਰਮ ਵਿੱਚ ਸਿਆਸਤ ਦੀ ਲੋੜ ਸਮੇਤ ਧਾਰਮਿਕ ਖੇਤਰ ਵਿੱਚ ਗਿਰਾਵਟ ਤੇ ਸਿੱਖ ਮਾਮਲਿਆਂ ਵਿੱਚ ਭਗਵੇਂਕਰਨ ਦੇ ਦਖਲ ਉਤੇ ਚਰਚਾ ਕੀਤੀ ਹੈ।
ਦਲਜੀਤ ਸਿੰਘ ਇੰਡੀਆਨਾ
ਦੁਨੀਆਂ ਵਿੱਚ ਬਹੁਤ ਸਾਰੇ ਧਰਮ ਪ੍ਰਚਲਤ ਹਨ, ਪਰ ਇਨਸਾਨ ਦਾ ਅਸਲ ਧਰਮ ਇਨਸਾਨੀਅਤ ਹੈ। ਜੇ ਕਿਸੇ ਵੀ ਇਨਸਾਨ ਵਿੱਚ ਜਜ਼ਬਾਤ ਨਹੀਂ, ਇਸ ਬ੍ਰਹਿਮੰਡ `ਤੇ ਰਹਿਣ ਵਾਲੇ ਕਿਸੇ ਵੀ ਜੀਵ-ਜੰਤੂ ਜਾਂ ਇਨਸਾਨ ਨਾਲ ਪਿਆਰ ਨਹੀਂ ਤਾਂ ਫੇਰ ਉਹ ਇਨਸਾਨ ਕਿਸੇ ਵੀ ਧਰਮ ਦਾ ਪਹਿਰਾਵਾ ਪਾਈ ਫਿਰੇ, ਉਹ ਸਿਰਫ ਦਿਖਾਵਾ ਹੈ। ਜਦੋਂ ਦਾ ਇਨਸਾਨ ਨੇ ਧਰਮ ਨੂੰ ਆਪਣੀ ਰੋਜ਼ੀ-ਰੋਟੀ ਅਤੇ ਕਮਾਈ ਦਾ ਸਾਧਨ ਬਣਾ ਲਿਆ, ਉਦੋਂ ਤੋਂ ਹਰ ਧਰਮ ਗਿਰਾਵਟ ਵੱਲ ਹੀ ਗਿਆ। ਧਰਮ ਦੇ ਨਾਮ `ਤੇ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹ ਗਈਆਂ, ਠੱਗ ਪੁਜਾਰੀ ਲੋਕਾਂ ਨੇ ਧਰਮ ਦੇ ਰਾਹੀਂ ਰੱਬ ਨੂੰ ਪਾਉਣ ਦੇ ਵੱਖ-ਵੱਖ ਤਰੀਕੇ ਦੱਸ ਕੇ ਆਪਣੇ ਮਗਰ ਲਾ ਲਿਆ- ਕਿਸੇ ਨੇ ਡੇਰਾ ਖੋਲ੍ਹ ਲਿਆ, ਕਿਸੇ ਨੇ ਆਸ਼ਰਮ। ਇਨ੍ਹਾਂ ਦੁਕਾਨਾਂ ਦੇ ਵੱਖ-ਵੱਖ ਨਾਮ ਰੱਖ ਲਏ ਅਤੇ ਪੈਸੇ ਕਮਾਉਣ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਪੁਜਾਰੀ ਨੇ ਧਰਮ ਨੂੰ ਹੀ ਚੁਣਿਆ।
ਜਦੋਂ ਬਾਬੇ ਨਾਨਕ ਨੇ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਉਸ ਸਮੇਂ ਇਸ ਖਿੱਤੇ ਵਿੱਚ ਬਹੁਤ ਸਾਰੇ ਧਰਮ ਪ੍ਰਚਲਤ ਸਨ, ਪਰ ਉਨ੍ਹਾਂ ਧਰਮਾਂ ਦੇ ਪੁਜਾਰੀ ਮੁਖੀਆਂ ਨੇ ਲੋਕਾਂ ਨੂੰ ਜਾਤ-ਪਾਤ, ਊਚ-ਨੀਚ ਦੀਆਂ ਦੀਵਾਰਾਂ ਵਿੱਚ ਵੰਡਿਆ ਹੋਇਆ ਸੀ; ਲੋਕਾਂ ਵਿੱਚ ਅੰਧ ਵਿਸ਼ਵਾਸ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ। ਜਿਉਂ ਹੀ ਬਾਬੇ ਨਾਨਕ ਨੇ ‘ਸ਼ਬਦ ਗੁਰੂ’ ਦਾ ਹੋਕਾ ਦਿੱਤਾ ਤਾਂ ਉਸ ਸਮੇਂ ਦੇ ਹਾਕਮਾਂ ਅਤੇ ਪੁਜਾਰੀਆਂ ਨੂੰ ਫ਼ਿਕਰ ਖੜ੍ਹਾ ਹੋ ਗਿਆ। ਪੁਜਾਰੀਆਂ ਨੂੰ ਆਪਣੀ ਦੁਕਾਨ ਬੰਦ ਹੋਣ ਦਾ ਡਰ ਸੀ ਅਤੇ ਹਾਕਮਾਂ ਨੂੰ ਆਪਣੀ ਧਾਰਮਿਕ ਹੋਂਦ ਨੂੰ ਖਤਰਾ ਮਹਿਸੂਸ ਹੋਇਆ; ਤਾਂ ਹੀ ਉਸ ਸਮੇਂ ਬਾਬਰ ਨੂੰ ਬਾਬੇ ਨਾਨਕ ਤੋਂ ਖਤਰਾ ਮਹਿਸੂਸ ਹੋਇਆ।
ਜਦੋਂ ਗੁਰੂ ਅਰਜਨ ਸਾਹਿਬ ਨੇ ਪੋਥੀ ਸਾਹਿਬ ਨੂੰ ਇੱਕ ਤਖ਼ਤ `ਤੇ ਬਿਰਾਜਮਾਨ ਕਰਕੇ ‘ਚਵਰ ਤਖ਼ਤ ਦੇ ਮਾਲਕ’ ਕਿਹਾ ਤਾਂ ਉਸ ਸਮੇਂ ਦੇ ਹਾਕਮਾਂ ਨੂੰ ਵੀ ਸਿੱਖ ਧਰਮ ਤੋਂ ਖਤਰਾ ਲੱਗਿਆ। ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਆਪਣੇ ਧਰਮ ਦੀ ਰਾਖੀ ਕਰਦੇ ਰਹੇ। ਉਨ੍ਹਾਂ ਸਮੇਂ ਦੇ ਹਾਕਮਾਂ ਨਾਲ ਹਮੇਸ਼ਾ ਆਪਣੀ ਹੋਂਦ ਦੀ ਲੜਾਈ ਲੜੀ ਅਤੇ ਅਨੇਕਾਂ ਕੁਰਬਾਨੀਆਂ ਕੀਤੀਆਂ।
ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੌਰਾਨ ਸਿੱਖ ਰਾਜ ਤਾਂ ਬਹੁਤ ਦੂਰ ਦੂਰ ਤੱਕ ਫੈਲਿਆ, ਪਰ ਸਿਧਾਂਤਕ ਪੱਖੋਂ ਸਿੱਖ ਉਨੇ ਵਧ ਫੁਲ ਨਹੀਂ ਸਕੇ। ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਨ੍ਹਾਂ ਨੂੰ ਸਭ ਤੋਂ ਔਖਾ ਸਿੱਖ ਰਾਜ `ਤੇ ਕਬਜਾ ਕਰਨਾ ਹੋਇਆ। ਅੰਗਰੇਜ਼ਾਂ ਨੇ ਸਿੱਖ ਰਾਜ `ਤੇ ਕਬਜਾ ਕੀਤਾ ਤਾਂ ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਸਿੱਖਾਂ ਦਾ ਗੁਰੂ, ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਦੋਂ ਸਿੱਖ, ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੁਰ ਪਿਆ, ਫੇਰ ਪਿੱਛੇ ਨਹੀਂ ਮੁੜਦਾ; ਇਸ ਕਰਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਬਦ ਗੁਰੂ ਨਾਲੋਂ ਤੋੜਨ ਵਾਲੀਆਂ ਤਰਕੀਬਾਂ ਘੜਨੀਆਂ ਸ਼ੁਰੂ ਕੀਤੀਆਂ ਤੇ ਇੱਕ ਸਾਧ ਲਾਣਾ ਖੜ੍ਹਾ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਸਿੱਖਾਂ ਵਿੱਚ ਕਿਸੇ ਦੇਹਧਾਰੀ ਸੰਤ ਜਾਂ ਸਾਧ ਨੂੰ ਇਸ ਤਰ੍ਹਾਂ ਦਾ ਕੋਈ ਵਿਸ਼ੇਸ਼ ਥਾਂ ਨਹੀਂ। ਅੰਗਰੇਜ਼ਾਂ ਨੇ ਇਹ ਨਵੀਂ ਜਮਾਤ ਖੜ੍ਹੀ ਕੀਤੀ, ਤਾਂ ਜੋ ਸਿੱਖਾਂ ਨੂੰ ‘ਸ਼ਬਦ ਗੁਰੂ’ ਨਾਲੋਂ ਤੋੜ ਕੇ ਦੇਹਾਂ ਨਾਲ ਜੋੜਿਆ ਜਾਵੇ।
ਅੰਗਰੇਜ਼ਾਂ ਨੇ ਸਿੱਖੀ ਵਿੱਚ ਸਿਆਸਤ ਸ਼ੁਰੂ ਕੀਤੀ ਤੇ ਗੁਰਦੁਆਰਿਆਂ ਵਿੱਚ ਮਹੰਤ ਵਾੜ ਦਿੱਤੇ, ਜਿਨ੍ਹਾਂ ਨੇ ਸਿੱਖੀ ਦਾ ਬ੍ਰਾਹਮਣੀਕਰਨ ਚੰਗੀ ਤਰ੍ਹਾਂ ਕੀਤਾ। ਉਸ ਸਮੇਂ ਹੀ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਵਾਲਾ ਅਹੁਦਾ ਹੋਂਦ ਵਿੱਚ ਲਿਆਂਦਾ। ਉਸ ਸਮੇਂ ਇਨ੍ਹਾਂ ਨੂੰ ਸਰਬਰਾਹ ਕਿਹਾ ਜਾਂਦਾ ਸੀ। ਇਸ ਅਹੁਦੇ ਦੀ ਵਰਤੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਧਾਰਮਿਕ ਤੌਰ `ਤੇ ਕਾਬੂ ਵਿੱਚ ਰੱਖਣ ਵਾਸਤੇ ਖੂਬ ਕੀਤੀ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਸਿੰਘ ਸਭਾ ਲਹਿਰ ਚੱਲੀ, ਜਿਸ ਰਾਹੀਂ ਸਿੱਖਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਆਈ ਅਤੇ ਗੁਰਦੁਆਰਿਆਂ ਵਿੱਚ ਮਹੰਤਾਂ-ਪੁਜਾਰੀਆਂ ਵਲੋਂ ਚਲਾਏ ਜਾ ਰਹੇ ਪਾਖੰਡ ਨੂੰ ਸਿੰਘ ਸਭਾ ਲਹਿਰ ਨੇ ਕਾਫੀ ਹੱਦ ਤੱਕ ਰੋਕਿਆ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਹੋਇਆ, ਜਿਹੜੇ ਪਹਿਲਾਂ ਸਿੱਖ ਰਾਜ ਗੁਆ ਚੁੱਕੇ ਸਨ। ਉਨ੍ਹਾਂ ਦੇ ਮੁੱਖ ਖਿੱਤੇ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ। ਪੰਜਾਬ ਦੀ ਉਹ ਜ਼ਮੀਨ ਜਿਹੜੀ ਸਾਰੇ ਭਾਰਤ ਦਾ ਢਿੱਡ ਭਰ ਸਕਦੀ ਸੀ, ਉਹ ਹਿੰਦੂ ਤੇ ਮੁਸਲਮਾਨ ਸਿਆਸਤ ਦਾ ਸ਼ਿਕਾਰ ਹੋ ਕੇ ਦੋ ਹਿੱਸਿਆਂ ਵਿੱਚ ਵੰਡੀ ਗਈ। ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਕੋਈ ਵੀ ਸਿਆਣਾ ਸਿੱਖ ਲੀਡਰ ਨਹੀਂ ਸੀ, ਜਿਹੜਾ ਪੰਜਾਬ ਨੂੰ ਇੱਕ ਰੱਖ ਕੇ ਇੱਕ ਆਜ਼ਾਦ ਖਿੱਤਾ ਰੱਖ ਪਾਉਂਦਾ। ਜ਼ਿਆਦਾਤਰ ਸਿੱਖ ਲੀਡਰ ਹਿੰਦੂ ਲੀਡਰਾਂ ਦੀਆਂ ਗੱਲਾਂ ਵਿੱਚ ਆ ਕੇ ਇੱਕ ਸਿਆਸਤ ਦਾ ਸ਼ਿਕਾਰ ਹੋ ਗਏ ਅਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਹਿੰਦੂਆਂ ਦੀ ਗੁਲਾਮੀ ਦੇ ਥੱਲੇ ਆ ਗਏ। ਇੱਕ ਸਿੱਖ ਰਾਜ ਦਾ ਪੰਜਾਬ ਅਤੇ ਕਿੱਥੇ ਅੱਜ ਦਾ ਪੰਜਾਬ! ਇਸ ਗੰਦੀ ਸਿਆਸਤ ਨੇ ਆਜ਼ਾਦੀ ਵਾਸਤੇ ਲੜਨ ਵਾਲੇ ਸਿੱਖ ਇੱਕ ਛੋਟੇ ਜਿਹੇ ਪੰਜਾਬ ਤੱਕ ਹੀ ਸੀਮਤ ਕਰ ਦਿੱਤੇ।
ਦੇਸ਼ ਦੀ ਵੰਡ ਸਮੇਂ ਸਿੱਖ ਭਾਰਤ ਨਾਲ ਆ ਗਏ। ਫੇਰ ਇੱਕ ਕੱਟੜ ਹਿੰਦੂ ਸੰਸਥਾ ਆਰ.ਐਸ.ਐਸ. ਮੂੰਹ ਅੱਡੀ ਖੜ੍ਹੀ ਸੀ, ਜੋ ਹੋਂਦ ਵਿੱਚ ਤਾਂ ਪਹਿਲਾਂ ਹੀ ਆ ਗਈ ਸੀ, ਪਰ ਅਸਲੀ ਰੰਗ ਇਸ ਨੇ ਵੰਡ ਪਿੱਛੋਂ ਦਿਖਾਉਣੇ ਸ਼ੁਰੂ ਕੀਤੇ। ਇਸ ਸੰਸਥਾ ਦਾ ਮੁੱਖ ਏਜੰਡਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਸੀ। ਸ਼ੁਰੂ ਤੋਂ ਭਾਰਤ ਵਿੱਚ ਕਾਂਗਰਸ ਦਾ ਬੋਲਬਾਲਾ ਸੀ, ਜੋ ਆਪਣੇ ਆਪ ਨੂੰ ਧਰਮ ਨਿਰਪੱਖ ਆਖਦੀ ਸੀ, ਇਸ ਕਰਕੇ ਆਰ.ਐਸ.ਐਸ. ਅੰਦਰਖਾਤੇ ਕੰਮ ਕਰਦੀ ਰਹੀ। ਸਭ ਤੋਂ ਪਹਿਲਾਂ ਇਨ੍ਹਾਂ ਨੇ ਪਾਰਸੀ, ਬੋਧੀ ਅਤੇ ਜੈਨ ਧਰਮ ਨੂੰ ਨਿਗਲ ਲਿਆ। ਇਨ੍ਹਾਂ ਧਰਮਾਂ ਨੂੰ ਡਰਾ-ਧਮਕਾ ਕੇ ਨਹੀਂ, ਸਗੋਂ ਇਨ੍ਹਾਂ ਧਰਮਾਂ ਵਿੱਚ ਘੁਸਪੈਠ ਕਰਕੇ ਖਤਮ ਕੀਤਾ।
ਕਿਉਂਕਿ ਮੁਸਲਮਾਨ ਕਿਸੇ ਵੀ ਤਰ੍ਹਾਂ ਇਨ੍ਹਾਂ ਦੇ ਧਰਮ ਨਾਲ ਮਿਲਦੇ ਨਹੀਂ, ਇਸ ਕਰਨੇ ਇਨ੍ਹਾਂ ਵਿੱਚ ਘੁਸਪੈਠ ਕਰਨੀ ਔਖੀ ਸੀ। ਸੋ, ਜਿਵੇਂ ਅੰਗਰੇਜ਼ਾਂ ਨੂੰ ਸਿੱਖ ਧਰਮ ਤੋਂ ਖਤਰਾ ਲਗਦਾ, ਉਸ ਤਰ੍ਹਾਂ ਆਰ.ਐਸ.ਐਸ. ਨੂੰ ਵੀ ਲਗਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖੀ ਵਿੱਚ ਘੁਸਪੈਠ ਕਰਕੇ ਇਸ ਨੂੰ ਜਾਂ ਤਾਂ ਆਪਣੇ ਵਿੱਚ ਰਲਾਇਆ ਜਾਵੇ ਜਾਂ ਸਿੱਖੀ ਦਾ ਹਿੰਦੂਕਰਨ ਕੀਤਾ ਜਾਵੇ। ਸਿੱਖ ਦੇਖਣ ਨੂੰ ਸਿੱਖ ਲੱਗਣ, ਪਰ ਲੱਗਣ ਹਿੰਦੂਆਂ ਦਾ ਹੀ ਹਿੱਸਾ, ਇਸ ਤਹਿਤ ਹੀ ਆਰ.ਐਸ.ਐਸ. ਨੇ ਗੁਰਦੁਆਰਿਆਂ ਤੇ ਡੇਰਿਆਂ ਰਾਹੀਂ ਸਿੱਖੀ ਵਿੱਚ ਘੁਸਪੈਠ ਕਰਨੀ ਸ਼ੁਰੂ ਕੀਤੀ। ਸਿੱਖਾਂ ਵਿੱਚ ਅਨੇਕਾਂ ਨਵੇਂ ਗ੍ਰੰਥ ਪੈਦਾ ਕੀਤੇ, ਸਿੱਖਾਂ ਦੇ ਇਤਿਹਾਸ ਵਿੱਚ ਸਾਖੀਆਂ ਰਾਹੀਂ ਮਿਥਿਹਾਸ ਵਾੜਨਾ ਸ਼ੁਰੂ ਕੀਤਾ।
1984 ਦੇ ਸਾਕੇ ਤੋਂ ਪਹਿਲਾਂ ਸਿੱਖ ਕਿਸੇ ਵੀ ਮਸਲੇ ਵਾਸਤੇ ਲੜਦੇ ਸਨ ਤਾਂ ਉਨ੍ਹਾਂ ਦਾ ਕੇਂਦਰ ਅਕਾਲ ਤਖ਼ਤ ਅਤੇ ਸ਼ਿਰੋਮਣੀ ਕਮੇਟੀ ਹੁੰਦੇ ਸਨ। 1977 ਦੀ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਦੀ ਸਿੱਖਾਂ ਨਾਲ ਖੁੰਦਕ ਸੀ, ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਆਰ.ਐਸ.ਐਸ. ਪਿੱਛੇ ਤੋਂ ਏਜੰਸੀਆਂ ਰਾਹੀਂ ਇਸ ਤਾਕ ਵਿੱਚ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਅਕਾਲ ਤਖਤ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਉਪਰ ਕਬਜ਼ਾ ਕੀਤਾ ਜਾਵੇ।
ਅਕਾਲ ਤਖਤ `ਤੇ ਹਮਲੇ ਤੋਂ ਬਾਅਦ ਸਿੱਖਾਂ ਦਾ ਘਾਣ ਕੀਤਾ ਗਿਆ ਅਤੇ ਏਜੰਸੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਸਿੱਖਾਂ ਦੀ ਸੰਸਥਾ ਸ਼ਿਰੋਮਣੀ ਕਮੇਟੀ ਉਪਰ ਕਬਜ਼ਾ ਕਰਵਾ ਦਿੱਤਾ, ਜੋ ਅੱਜ ਤੱਕ ਜਾਰੀ ਹੈ। ਆਰ.ਐਸ.ਐਸ. ਅਤੇ ਏਜੰਸੀਆ ਨੂੰ ਪਤਾ ਸੀ ਕਿ ਸਿੱਖ ਆਪਣੇ ਹੱਕਾਂ ਵਾਸਤੇ ਅਕਾਲ ਤਖਤ ਤੋਂ ਸੇਧ ਲੈਂਦੇ ਹਨ, ਇਸ ਕਰਕੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ ਸਿੱਖਾਂ ਦੀ ਧਾਰਮਿਕ ਸੰਸਥਾ ਵਿੱਚ ਘੁਸਪੈਠ ਕਰਨੀ।
ਜਦੋਂ ਅਕਾਲੀ ਦਲ (ਬਾਦਲ) ਦੀ ਸਾਂਝ ਜਨਸੰਘ ਨਾਲ ਪਈ, ਫੇਰ ਸ਼ੁਰੂ ਹੋਇਆ ਸਿੱਖੀ ਵਿੱਚ ਘੁਸਪੈਠ ਦਾ ਦੌਰ; ਤਾਂ ਹੀ ਸਿੱਖ ਨਾ ਤਾਂ ਅੱਜ ਤੱਕ ਸਿੱਖ ਗੁਰਦੁਆਰਾ ਐਕਟ, ਨਾ ਅਨੰਦ ਮੈਰਿਜ ਐਕਟ ਅਤੇ ਨਾ ਆਪਣਾ ਕੈਲੰਡਰ ਲਾਗੂ ਕਰਵਾ ਸਕੇ; ਕਿਉਂਕਿ ਇਹ ਸਾਰੀਆਂ ਗੱਲਾਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿੰਦੀਆਂ ਸਨ। ਜਿਹੜਾ ਨਾਨਕਸ਼ਾਹੀ ਕੈਲੰਡਰ ਲਾਗੂ ਵੀ ਹੋਇਆ, ਉਸ ਨੂੰ ਆਰ.ਐਸ.ਐਸ. ਦੇ ਇਸ਼ਾਰੇ `ਤੇ ਖਤਮ ਕਰ ਦਿੱਤਾ ਗਿਆ।
ਬਾਦਲ ਪਰਿਵਾਰ ਨੇ ਆਰ.ਐਸ.ਐਸ. ਅਤੇ ਭਾਜਪਾ ਦੇ ਇਸ਼ਾਰੇ `ਤੇ ਸਿੱਖੀ ਦਾ ਇੰਨਾ ਨੁਕਸਾਨ ਕੀਤਾ, ਸ਼ਾਇਦ ਕੋਈ ਦੁਸ਼ਮਣ ਵੀ ਨਾ ਕਰ ਪਾਉਂਦਾ। ਜਿਉਂ ਜਿਉਂ ਭਾਜਪਾ ਤਾਕਤਵਰ ਹੋਈ, ਉਨ੍ਹਾਂ ਦਾ ਬਾਦਲਕਿਆਂ ਤੋਂ ਭਰੋਸਾ ਟੁੱਟਦਾ ਗਿਆ ਤੇ ਉਸ ਨੇ ਸਿੱਧਾ ਹੀ ਗੁਰਦੁਆਰਿਆਂ ਉਪਰ ਕਬਜ਼ਾ ਕਰਨ ਦੀ ਠਾਣ ਲਈ। ਅੱਜ ਗੁਰਦੁਆਰਾ ਹਜ਼ੂਰ ਸਾਹਿਬ, ਗੁਰਦੁਆਰਾ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਪੂਰੀ ਤਰ੍ਹਾਂ ਆਰ.ਐਸ.ਐਸ. ਦੇ ਕਬਜ਼ੇ ਵਿੱਚ ਹਨ। ਮੂਹਰੇ ਇਨ੍ਹਾਂ ਨੇ ਸਿੱਖੀ ਸਰੂਪ ਵਾਲੇ ਪਿਆਦੇ ਲਾਏ ਹੋਏ ਹਨ ਤਾਂ ਜੋ ਧਰਮ ਰਾਹੀਂ ਸਿੱਖਾਂ `ਤੇ ਕਾਬੂ ਪਾਇਆ ਜਾ ਸਕੇ। ਜਿੰਨੀ ਦੇਰ ਭਾਜਪਾ ਪੰਜਾਬ ਸਰ ਨਹੀਂ ਕਰ ਪਾਉਂਦੀ, ਉਨੀ ਦੇਰ ਉਸ ਦਾ ਹਿੰਦੂ ਰਾਸ਼ਟਰ ਵਾਲਾ ਏਜੰਡਾ ਪੂਰਾ ਨਹੀਂ ਹੁੰਦਾ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਨੇ ਸਿੱਖਾਂ ਦੇ ਧਰਮ ਵਿੱਚ ਦਖਲ ਦੇਣ ਤੋਂ ਗੁਰੇਜ਼ ਕੀਤਾ, ਪਰ ਅਕਾਲੀ ਦਲ ਖਾਸ ਕਰ ਬਾਦਲ ਪਰਿਵਾਰ ਦਾ ਦਖਲ ਵਧਦਾ ਗਿਆ। ਅਜੋਕੇ ਤਾਜ਼ਾ ਹਾਲਾਤ ਵਿੱਚ ਭਾਜਪਾ ਆਪਣੇ ਨਾਲ ਰਹੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲੱਗੀ ਹੋਈ ਹੈ। ਇਸ ਨੇ ਅਕਾਲੀ ਦਲ, ਐਨ.ਸੀ.ਪੀ., ਸ਼ਿਵ ਸੈਨਾ ਸਮੇਤ ਹੋਰ ਪਾਰਟੀਆਂ ਨੂੰ ਤੋੜਿਆ। ਜੋ ਸਰਵੇ ਆ ਰਹੇ ਹਨ, ਉਸ ਮੁਤਾਬਕ 2024 ਵਿੱਚ ਇਕੱਲੀ ਭਾਜਪਾ ਦੀ ਹਾਲਤ ਪਤਲੀ ਹੈ, ਇਸ ਕਰਕੇ ਉਹਨੂੰ ਖੇਤਰੀ ਪਾਰਟੀਆਂ ਦੀ ਮੁੜ ਲੋੜ ਮਹਿਸੂਸ ਹੋਣ ਲੱਗੀ ਹੈ।
ਕਿਸਾਨ ਮੋਰਚੇ ਸਮੇਂ ਅਕਾਲੀ ਦਲ ਨੇ ਭਾਜਪਾ ਇਸ ਕਰਕੇ ਛੱਡ ਦਿੱਤੀ ਸੀ ਕਿ ਸ਼ਾਇਦ ਪੰਜਾਬੀ ਸਾਡੇ `ਤੇ ਭਰੋਸਾ ਕਰ ਲੈਣ, ਪਰ ਹੋਇਆ ਉਲਟ ਤੇ ਅਕਾਲੀ ਦਲ ਦਾ ਰਸੂਖ ਕਾਫੀ ਘਟ ਗਿਆ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਪਰ ਪੰਜਾਬ ਦੇ ਸਿਰ ਕਰਜਾ ਹੀ ਇੰਨਾ ਹੈ ਕਿ ਜਿਹੜੀ ਮਰਜੀ ਸਰਕਾਰ ਆ ਜਾਵੇ, ਉਹਨੂੰ ਕੇਂਦਰ ਵੱਲ ਹੱਥ ਅੱਡਣਾ ਹੀ ਪੈਂਦਾ ਹੈ। ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਵੀ ਅਮਿਤ ਸ਼ਾਹ ਦੇ ਪੂਰੇ ਸੁਰ ਵਿੱਚ ਹੈ। ਇਸ ਕਰਕੇ ਭਾਜਪਾ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਨਾਲ ਰਲਾਉਣਾ ਚਾਹੁੰਦੀ ਹੈ, ਤਾਂ ਜੋ ਪੰਜਾਬ ਵਿੱਚ ਜਿੱਤ ਹਾਸਿਲ ਕੀਤੀ ਜਾ ਸਕੇ। ਇਸ ਵਾਸਤੇ ਪਿਛਲੇ ਦਿਨਾਂ ਤੋਂ ਅਕਾਲੀ ਦਲ ਜੋ ਥੋੜ੍ਹੀ ਅੜੀ ਕਰ ਰਿਹਾ ਸੀ ਤਾਂ ਅਮਿਤ ਸ਼ਾਹ ਨੇ ਭਗਵੰਤ ਮਾਨ ਰਾਹੀਂ ਇੱਕ ਸਾਜਿਸ਼ ਤਹਿਤ ਪੀ.ਟੀ.ਸੀ. ਦਾ ਮੁੱਦਾ ਉਠਾਇਆ, ਜਦਕਿ ਪੰਜਾਬ ਦੇ ਬਹੁਤ ਸਾਰੇ ਹੋਰ ਮੁੱਦੇ ਹਨ- ਜਿਵੇਂ ਨਸ਼ਿਆਂ ਦਾ ਮੁੱਦਾ, ਕਾਨੂੰਨ-ਵਿਵਸਥਾ ਦਾ ਮੁੱਦਾ ਆਦਿ; ਪਰ ਭਗਵੰਤ ਮਾਨ ਸਭ ਕੁਝ ਛੱਡ ਕੇ ਪੀ.ਟੀ.ਸੀ. ਪਿੱਛੇ ਪੈ ਗਿਆ। ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਪੰਥਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਬਣੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਸਿੱਖਾਂ ਦੇ ਮਾਮਲਿਆਂ ਵਿੱਚ ਭਾਜਪਾ ਦੇ ਇਸ਼ਾਰੇ `ਤੇ ਦਖਲ ਦੇ ਕੇ ਖਤਰਾ ਮੁੱਲ ਲੈ ਰਹੀ ਹੈ, ਜਿਸ ਦਾ ਖਮਿਆਜ਼ਾ ਪੰਜਾਬ ਪਹਿਲਾਂ ਹੀ ਭੁਗਤ ਚੁੱਕਾ ਹੈ, ਕਿਉਂਕਿ ਸਿੱਖਾਂ ਵਾਸਤੇ ਧਰਮ ਹੀ ਸਭ ਕੁਝ ਹੈ, ਜੋ ਵੀ ਇਸ ਵਿੱਚ ਦਖਲਅੰਦਾਜ਼ੀ ਕਰਦਾ ਹੈ, ਉਸਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਆਰ.ਐਸ.ਐਸ. ਸਿੱਧੀ ਦਖਲਅੰਦਾਜ਼ੀ ਨਹੀਂ ਕਰਦੀ, ਉਹਨੇ ਸਿੱਖੀ ਸਰੂਪ ਵਾਲਿਆਂ ਨੂੰ ਰੱਖਿਆ ਹੋਇਆ ਹੈ ਇਸ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਸਤੇ।
ਸੋ ਅਖੀਰ ਗੱਲ ਇਹੋ ਕਿ ਧਰਮ ਬਣੇ ਸੀ ਚੰਗੇ ਇਨਸਾਨ, ਚੰਗੇ ਸਮਾਜ ਸਿਰਜਣ ਵਾਸਤੇ, ਪਰ ਸਮੇਂ ਸਮੇਂ ਦੇ ਹੁਕਮਰਾਨਾਂ ਨੇ ਇਸ ਨੂੰ ਵਰਤਿਆ ਲੋਕਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਵਾਸਤੇ। ਇਹ ਸਭ ਕੁਝ ਅੱਜ ਵੀ ਚੱਲ ਰਿਹਾ ਹੈ, ਇਸ ਕਰਕੇ ਕਿੰਨੀ ਦੁਨੀਆਂ ਧਰਮਾਂ ਦੇ ਨਾਮ `ਤੇ ਮਰ ਰਹੀ ਹੈ।
ਸਿੱਖੀ ਸੂਝ-ਬੂਝ ਦੇ ਨਾਲ ਸਿਆਸਤ ਦੀ ਸੂਝ ਵੀ ਹੋਣੀ ਜ਼ਰੂਰੀ ਹੈ। ਜੇ ਦੇਸ਼ ਵੰਡ ਸਮੇਂ ਸਿੱਖ ਲੀਡਰ ਸੂਝ-ਬੂਝ ਵਰਤਦੇ ਤਾਂ ਅੱਜ ਸਿੱਖ ਆਜ਼ਾਦ ਖਿੱਤੇ ਦੇ ਮਾਲਕ ਹੁੰਦੇ, ਕਿਸੇ ਦੇ ਪਿੱਛੇ ਨਾ ਲੱਗੇ ਹੁੰਦੇ। ਧਰਮ ਵਿੱਚ ਸਿਆਸਤ ਦੀ ਲੋੜ ਹੈ, ਜੇ ਲੀਡਰ ਆਪਣੇ ਘਰ ਭਰਨ ਦੀ ਥਾਂ ਕੌਮ ਪ੍ਰਤੀ ਸੋਚਣ!