*ਮੌਸਮ ਬੇਹੱਦ ਮੇਹਰਬਾਨ ਰਿਹਾ ਇਸ ਵਾਰ
ਪੰਜਾਬੀ ਪਰਵਾਜ਼ ਬਿਊਰੋ
ਸੰਸਾਰ ਵਿੱਚ ਮੱਚੀ ਆਰਥਕ-ਰਾਜਨੀਤਿਕ ਅਫਰਾਤਫਰੀ ਕਾਰਨ ਪੂਰੀ ਦੁਨੀਆਂ ਦਾ ਮਾਹੌਲ ਅਨਿਸ਼ਚਿਤਤਾਵਾਂ ਨਾਲ ਭਰਪੂਰ ਹੈ। ਸ਼ੇਅਰ ਬਾਜ਼ਾਰ ਗੋਤੇ ਖਾ ਰਹੇ ਹਨ। ਰੂਸ-ਯੂਕਰੇਨ ਅਤੇ ਇਜ਼ਰਾਇਲ-ਫਲਿਸਤੀਨ ਜੰਗ ਕਾਰਨ ਸੰਸਾਰ ਸਿਆਸੀ ਹਾਲਤ ਪਹਿਲਾਂ ਹੀ ਅਨਿਸ਼ਚਤ ਬਣੇ ਹੋਏ ਸਨ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਵਾਰ ਨੇ ਇਸ ਨੂੰ ਇੱਕ ਤਰ੍ਹਾਂ ਨਾਲ ਤੇਜ਼ ਭੂਚਾਲੀ ਝਟਕੇ ਦੇ ਦਿੱਤੇ ਹਨ।
ਉਪਰੋਕਤ ਦੋ ਜੰਗਾਂ ਕਾਰਨ ਸੰਸਾਰ ਵਿੱਚ ਖੇਤੀ ਉਤਪਾਦਾਂ, ਵਿਸ਼ੇਸ਼ ਕਰਕੇ ਕਣਕ ਦੀਆਂ ਸਪਲਾਈ ਚੇਨਾਂ ਟੁੱਟ ਗਈਆਂ ਸਨ; ਕਿਉਂਕਿ ਰੂਸ ਅਤੇ ਯੂਕਰੇਨ ਵਿੱਚ ਕਣਕ ਦੀ ਵੱਡੀ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਮੌਸਮੀ ਤਬਦੀਲੀਆਂ ਵੀ ਫਸਲਾਂ ਦੇ ਉਤਪਾਦਨ ਨੂੰ ਪ੍ਰਭਾਵਤ ਕਰ ਰਹੀਆਂ ਹਨ। ਪਿਛਲੇ ਕਈ ਸਾਲ ਉੱਤਰੀ ਭਾਰਤ ਵਿੱਚ ਪੈਣ ਵਾਲੀ ਤੇਜ਼ ਗਰਮੀ ਕਾਰਨ ਜਾਂ ਬੇਮੌਸਮੀ ਬਾਰਸ਼ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੁੰਦੀ ਰਹੀ ਹੈ; ਪਰ ਇਸ ਵਾਰ ਮੌਸਮ ਪੰਜਾਬ ਦੇ ਕਿਸਾਨਾਂ ‘ਤੇ ਮਿਹਰਬਾਨ ਰਿਹਾ ਹੈ। ਅਪ੍ਰੈਲ ਦੇ ਪਹਿਲੇ ਹਫਤੇ ਤੱਕ ਵੀ ਸਵੇਰ-ਸ਼ਾਮ ਦੀ ਠੰਡ ਗਈ ਨਹੀਂ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਿਹਰਬਾਨ ਹੁੰਦੀ ਰਹੀ ਪੱਛਮੀ ਗੜਬੜੀ ਨੇ ਪੰਜਾਬ ਦਾ ਤਾਪਮਾਨ ਜ਼ਿਆਦਾ ਨਹੀਂ ਵਧਣ ਦਿੱਤਾ। ਹਰ ਤੀਜੇ ਚੌਥੇ ਦਿਨ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਉਚੇ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਅਤੇ ਨੀਮ ਪਹਾੜੀ ਖੇਤਰਾਂ ਵਿੱਚ ਬਾਰਸ਼ ਹੁੰਦੀ ਰਹੀ ਹੈ। ਇਸ ਦਾ ਨਤੀਜਾ ਇਹ ਹੈ ਕਿ ਅੱਜ ਵੀ ਪੰਜਾਬ ਵਿੱਚ ਤਾਪਮਾਨ ਤਕਰੀਬਨ 35 ਡਿਗਰੀ ਸੈਲਸੀਅਸ ਤੋਂ 20 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਰਿਹਾ ਹੈ; ਜਦਕਿ ਦਿੱਲੀ ਤੋਂ ਲੈ ਕੇ ਅੱਗੇ ਤਕਰੀਬਨ ਸਾਰਾ ਭਾਰਤ ਤੇਜ਼ ਗਰਮੀ ਨਾਲ ਭੁੱਜ ਰਿਹਾ ਹੈ। ਅਨੁਕੂਲ ਮੌਸਮ ਕਾਰਨ ਪੰਜਾਬ ਵਿੱਚ ਕਣਕ ਦਾ ਦਾਣਾ ਇਸ ਵਾਰ ਕਾਫੀ ਭਰਵਾਂ ਬਣਿਆ ਹੈ। ਉਂਝ ਵੀ ਤੇਜ਼ ਬਾਰਸ਼ ਅਤੇ ਝੱਖੜ ਝਾਂਜੇ ਤੋਂ ਬਚਾਅ ਰਹਿਣ ਕਾਰਨ ਤਕਰੀਬਨ ਸਾਰੇ ਪੰਜਾਬ ਵਿੱਚ ਫਸਲ ਸਿੱਧੀ ਖੜ੍ਹੀ ਹੈ। ਦਾਣੇ ਦੁਧ ਨਾਲ ਭਰੇ ਹੋਏ ਹਨ। ਇਸ ਹਾਲਤ ਵਿੱਚ ਖੇਤੀ ਮਾਹਿਰ ਭਵਿੱਖਬਾਣੀ ਕਰ ਰਹੇ ਹਨ ਕਿ ਜੇ 20 ਕੁ ਦਿਨ ਹੋਰ ਮੌਸਮ ਦੀ ਮਿਹਰਬਾਨੀ ਰਹੀ ਤਾਂ ਪੰਜਾਬ ਵਿੱਚ ਇਸ ਵਾਰ ਕਣਕ ਦੀ ਰਿਕਾਰਡ ਪੈਦਾਵਾਰ ਹੋਵੇਗੀ।
ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਸ.ਐਸ. ਗੋਸਲ ਅਨੁਸਾਰ ਇਸ ਵਾਰ ਕਣਕ ਲਈ ਮੌਸਮ ਪੰਜਾਬ ਵਿੱਚ ਬੇਹੱਦ ਅਨੁਕੂਲ ਰਿਹਾ ਹੈ। ਇਸ ਲਈ ਰਾਜ ਵਿੱਚ 190 ਲੱਖ ਟਨ ਕਣਕ ਦੀ ਪੈਦਾਵਾਰ ਹੋਣ ਦੀ ਉਮੀਦ ਹੈ। ਇਹ ਇੱਕ ਤਰ੍ਹਾਂ ਨਾਲ ਰਿਕਾਰਡ ਪੈਦਾਵਾਰ ਹੋਵੇਗੀ। ਰਾਜ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ ਪੰਜਾਬ ਵਿੱਚ 60 ਕੁਇੰਟਲ ਫੀ ਏਕੜ ਝਾੜ ਨਿਕਲਣ ਦੀ ਉਮੀਦ ਹੈ। ਪੰਜਾਬ ਵਿੱਚ ਇਸ ਵਾਰ ਕੁੱਲ 85 ਲੱਖ ਹੈਕਟਰ ਫਸਲ ਦੀ ਬਿਜਾਈ ਹੋਈ ਹੈ। ਐਫ.ਸੀ.ਆਈ. ਵੱਲੋਂ ਰਾਜ ਵਿੱਚੋਂ 124 ਲੱਖ ਟਨ ਕਣਕ ਖਰੀਦੀ ਜਾਣੀ ਹੈ, ਜਦਕਿ ਬਾਕੀ ਦੀ ਕਣਕ ਰਾਜ ਦੀਆਂ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾਵੇਗੀ। ਪੰਜਾਬ ਸਰਕਾਰ ਨੂੰ ਕਣਕ ਦੀ ਕੇਂਦਰ ਕੋਲੋਂ 28,894 ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਮਿਲ ਗਈ ਹੈ। 15 ਲੱਖ ਟਨ ਕਣਕ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਅਧੀਨ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਲਈ ਖਰੀਦੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਕਣਕ ਦਾ ਸਮਰਥਨ ਮੁੱਲ ਇਸ ਵਾਰ 2524 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ। ਯਾਦ ਰਹੇ, ਕੇਂਦਰੀ ਪੂਲ ਲਈ ਇਸ ਵਾਰ 300 ਲੱਖ ਟਨ ਤੋਂ ਉੱਪਰ ਕਣਕ ਦੀ ਲੋੜ ਹੈ, ਜਿਸ ਵਿੱਚੋਂ 40 ਫੀਸਦੀ ਪੰਜਾਬ ਵਿੱਚੋਂ ਖਰੀਦੀ ਜਾਵੇਗੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਵਿੱਚ 124 ਲੱਖ ਟਨ ਕਣਕ ਖਰੀਦੀ ਗਈ ਸੀ; ਜਦਕਿ ਝੋਨੇ ਦੀ ਫਸਲ ਕਈ ਦੇਰ ਤੱਕ ਮੰਡੀਆਂ ਵਿੱਚ ਰੁਲਦੀ ਰਹੀ ਸੀ। ਬੀਤੇ ਵਰ੍ਹੇ ਕਣਕ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਫਸਲ ਦਾ ਮੁੱਲ ਵਧ ਕੇ 3500 ਰੁਪਏ ਕੁਇੰਟਲ ਤੱਕ ਪਹੁੰਚ ਗਿਆ ਸੀ। ਕਣਕ ਦਾ ਆਟਾ ਹੁਣ ਤੱਕ 40 ਰੁਪਏ ਕਿੱਲੋ ਵਿਕਦਾ ਰਿਹਾ ਹੈ। ਕਿਸਾਨਾਂ ਜਥੇਬੰਦੀਆਂ ਦਾ ਆਖਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਚੰਗਾ ਮੁੱਲ ਦੇਣ ਲਈ ਰਾਜ਼ੀ ਨਹੀਂ ਹੈ, ਪਰ ਵਪਾਰੀਆਂ ਦੀ ਲੁੱਟ ਦਾ ਪੱਖ ਪੂਰ ਰਹੀ ਹੈ। ਸੰਸਾਰ ਵਿੱਚ ਹੋ ਰਹੀ ਆਰਥਕ ਹਲਚਲ ਅਤੇ ਜੰਗਾਂ ਨੇ ਹਰ ਦੇਸ਼ ਲਈ ਖੁਰਾਕੀ ਸੁਰੱਖਿਆ ਦਾ ਮਸਲਾ ਅਹਿਮ ਬਣਾ ਦਿੱਤਾ ਹੈ। ਇਸੇ ਲਈ ਕਣਕ ਦੀ ਫਸਲ ਦਾ ਮਹੱਤਵ ਬੇਹੱਦ ਵਧ ਗਿਆ ਹੈ। ਇਸ ਤੋਂ ਇਲਾਵਾ ਇਹ ਖੋਜ ਵੀ ਸਾਹਮਣੇ ਆ ਰਹੀ ਹੈ ਕਿ ਕਣਕ ਦੇ ਦਾਣੇ ਵਿੱਚ ਕੁਝ ਐਂਟੀ ਕੈਂਸਰ ਤੱਤਾਂ ਦੀ ਮੌਜੂਦਗੀ ਹੁੰਦੀ ਹੈ, ਇਨ੍ਹਾਂ ਤੱਤਾਂ ਨੂੰ ਫੂਡ ਸਟੌਕ ਤੋਂ ਵੱਖਰਾ ਕਰਨਾ ਹਾਲੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ।
ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਟਾਵੀਂ-ਟਾਵੀਂ ਮੰਡੀ ਵਿੱਚ ਕਣਕ ਆਉਣ ਵੀ ਲੱਗ ਪਈ ਹੈ। ਹਫਤੇ ਕੁ ਦੇ ਅੰਦਰ ਮੰਡੀਆਂ ਵਿੱਚ ਭਰਪੂਰ ਫਸਲ ਆਉਣ ਦੀ ਉਮੀਦ ਹੈ। ਪੰਜਾਬ ਸਰਕਾਰ ਅਨੁਸਾਰ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬੰਪਰ ਫਸਲ ਦੀ ਉਮੀਦ ਦਾ ਧਿਆਨ ਰੱਖਦਿਆਂ ਕੁਝ ਬੰਦ ਪਈਆਂ ਮਿੱਲਾਂ ਅਤੇ ਸੈਲਰਾਂ ਵਗੈਰਾ ਦੀ ਵੀ ਸਟੋਰੇਜ ਵਜੋਂ ਸਾਫ ਸਫਾਈ ਕਰਵਾ ਲਈ ਗਈ ਹੈ। ਜ਼ਿਕਰਯੋਗ ਹੈ ਕਿ ਕਣਕ ਦੀ ਫਸਲ ਕਾਰਨ ਪੰਜਾਬ ਦੀਆਂ ਮੰਡੀਆਂ ਵਿੱਚ ਤਕਰੀਬਨ 35 ਹਜ਼ਾਰ ਕਰੋੜ ਰੁਪਏ ਦੀ ਖਰੀਦੋ ਫਰੋਖਤ ਹੋਣ ਦੀ ਉਮੀਦ ਹੈ। ਇਸ ਨਾਲ ਪੰਜਾਬ ਦੇ ਬਾਕੀ ਕਾਰੋਬਾਰਾਂ ‘ਤੇ ਵੀ ਸਿਹਤਮੰਦ ਅਸਰ ਪੈਣ ਦੇ ਆਸਾਰ ਹਨ। ਉਸ ਵਕਤ ਜਦੋਂ ਪੰਜਾਬ ਦੇ ਕਿਸਾਨ ਸਰਕਾਰ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਚ ਪਏ ਹੋਏ ਹਨ ਅਤੇ ਦੋਹਾਂ ਧਿਰਾਂ ਵਿਚਾਲੇ ਕੁੜੱਤਣ ਵਾਲਾ ਮਾਹੌਲ ਹੈ, ਤਾਂ ਇੱਕ ਭਰਵੀਂ ਹਾੜ੍ਹੀ ਦੀ ਫਸਲ ਦੀ ਆਮਦ ਰਾਹਤ ਦੇਣ ਦਾ ਹੀ ਸਬੱਬ ਬਣੇਗੀ।