ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ

ਖਬਰਾਂ ਗੂੰਜਦਾ ਮੈਦਾਨ

ਕੌਮਾਂਤਰੀ ਮਾਂ ਬੋਲੀ ਸਬੰਧੀ ਸਮਾਗਮ ਨੂੰ ਚੜ੍ਹਿਆ ਸ਼ਾਇਰਾਨਾ ਰੰਗ
ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਅਵੇਸਲੇ ਹੋ ਚੁਕੇ ਹਨ: ਗਿਆਨੀ ਹਰਪ੍ਰੀਤ ਸਿੰਘ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਕੁਝ ਸਥਾਨਕ ਪੰਜਾਬੀ ਸੰਸਥਾਵਾਂ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦਾ ‘ਪੰਜਾਬੀ ਤੇ ਪੰਜਾਬੀਅਤ’ ਦੇ ਰੰਗ ਵਿੱਚ ਰੰਗਿਆ ਜਾਣਾ ‘ਪੰਜਾਬੀ ਬੋਲੀ ਦੇ ਅਦਬ ਵਿੱਚ ਇੱਕ ਹੋਰ ਤਰੱਦਦ’ ਹੋ ਨਿਬੜਿਆ; ਕਿਉਂਕਿ ਇਸ ਤੋਂ ਪਹਿਲਾਂ ਚਾਰ ਵਾਰ- 2021 ਤੋਂ 2024 ਤੱਕ ਵੀ ਸਾਲਾਨਾ ਸਫਲਤਾਪੂਰਵਕ ਸਮਾਗਮ ਹੋ ਚੁਕੇ ਸਨ।

ਇਸ ਸਾਲ ਦੇ ਪੰਜਵੇਂ ਸਮਾਗਮ ਨੂੰ ਵੀ ਭਰਪੂਰ ਹੁੰਗਾਰਾ ਮਿਲਿਆ ਅਤੇ ਇਸ ਦੌਰਾਨ ਸਿਫਤੀ ਤਕਰੀਰਾਂ ਦੇ ਨਾਲ ਨਾਲ ਸ਼ਾਇਰਾਨਾ ਮਾਹੌਲ ਵੀ ਖੂਬ ਬਣਿਆ। ਸਮਾਗਮ ਦੀ ਇੱਕ ਖਾਸੀਅਤ ਇਹ ਸੀ ਕਿ ਸਾਰਾ ਸਮਾਂ ਲੋਕ ਹਾਲ ਵਿੱਚ ਜੁੜੇ ਬੈਠੇ ਰਹੇ; ਦੂਜੀ ਖਾਸੀਅਤ ਇਹ ਰਹੀ ਕਿ ਤਿੰਨ ਬੱਚੀਆਂ ਨੇ ਪੰਜਾਬੀ ਵਿੱਚ ਕਵਿਤਾਵਾਂ ਪੜ੍ਹੀਆਂ, ਜਿਸ ਪਿੱਛੋਂ ਨਾਮੀ ਨਾਟਕਕਾਰ ਡਾ. ਆਤਮਜੀਤ ਨੂੰ ਇਹ ਕਹਿਣਾ ਪਿਆ ਕਿ ‘ਅਗਲੀ ਵਾਰ ਤਿੰਨ ਨਹੀਂ, ਤੇਰਾਂ ਬੱਚੀਆਂ’ ਦੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਯਕੀਨੀ ਹੋਵੇ।
ਇਸ ਮੌਕੇ ਥੋੜ੍ਹੇ ਸਮੇਂ ਲਈ ਪਹੁੰਚੇ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ, ਪੰਜਾਬੀਆਂ ਨੂੰ ਮਾਂ ਬੋਲੀ ਪ੍ਰਤੀ ਜਾਗਰੂਕ ਕਰਨ ਲਈ ਮਾਂ ਬੋਲੀ ਦਿਹਾੜਾ ਮਨਾ ਰਹੇ ਹਾਂ। ਜਾਗਰੂਕ ਉਹਨੂੰ ਕੀਤਾ ਜਾਂਦਾ ਹੈ, ਜਿਹੜਾ ਅਵੇਸਲਾ ਹੋ ਜਾਂਦਾ ਹੈ; ਇਹ ਸੱਚ ਹੈ ਕਿ ਅਸੀਂ ਸਮੁੱਚੇ ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਅਵੇਸਲੇ ਹੋ ਚੁਕੇ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਗਿਆਨ, ਜਿੰਨੀ ਸਮਝ ਬੱਚਾ ਆਪਣੀ ਮਾਂ ਬੋਲੀ ਵਿੱਚ ਹਾਸਲ ਕਰ ਸਕਦਾ ਹੈ, ਉਨੀ ਸ਼ਾਇਦ ਹੀ ਉਹ ਕਿਸੇ ਹੋਰ ਬੋਲੀ ਵਿੱਚ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਲਿਪੀ ਗੁਰਮੁਖੀ ਹੈ, ਜੋ ਪੰਜਾਬੀ ਦੀ ਲਿਪੀ ਮੰਨੀ ਜਾਂਦੀ ਹੈ। ਆਮ ਤੌਰ `ਤੇ ਇਹ ਸਮਝਿਆ ਜਾਂਦਾ ਹੈ ਕਿ ਇਹ ਸਿੱਖਾਂ ਦੀ ਭਾਸ਼ਾ ਹੈ, ਇਹ ਪੰਜਾਬੀਆਂ ਤੇ ਉਨ੍ਹਾਂ ਦੇ ਖਿੱਤੇ ਪੰਜਾਬ ਦੀ ਭਾਸ਼ਾ ਹੈ। ਜੇ ਮੈਂ ਇਹ ਕਹਿ ਦਿਆਂ ਕਿ ਇਹ ਖਿੱਤਾ ਸੰਸਾਰ ਦਾ ਬਿਹਤਰੀਨ ਖਿੱਤਾ ਹੈ ਤਾਂ ਕੋਈ ਅਤਿਕਥਨੀ ਨਹੀਂ- ਇਹ ਚਾਹੇ ਭਾਰਤ ਦਾ ਪੰਜਾਬ ਹੈ, ਚਾਹੇ ਪਾਕਿਸਤਾਨ ਦਾ। ਇੱਥੋਂ ਦੀ ਧਰਤੀ ਵੀ ਅਮੀਰ ਹੈ ਤੇ ਇੱਥੋਂ ਦੀ ਬੋਲੀ ਵੀ ਅਮੀਰ ਹੈ। ਸੋ, ਇਸ ਦੀ ਅਹਿਮੀਅਤ ਨੂੰ ਸਮਝਣ ਦਾ ਯਤਨ ਕਰੀਏ।
ਬਤੌਰ ਮੁੱਖ ਮਹਿਮਾਨ ਪਹੁੰਚੇ ਕੌਂਸਲ ਜਨਰਲ ਸ਼ਿਕਾਗੋ ਸੋਮਨਾਥ ਘੋਸ਼ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਇਸ ਪ੍ਰੋਗਰਾਮ `ਤੇ ਇਹ ਮੇਰਾ ਤੀਜਾ ਮੌਕਾ ਹੈ ਅਤੇ ਮੈਂ ਭਵਿੱਖ ਵਿੱਚ ਹੋਰ ਵੀ ਇਸ ਨੂੰ ਵਧਦੇ-ਫੁਲਦੇ ਦੇਖਣਾ ਚਾਹੁੰਦਾ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਇੱਥੇ ਬੱਚੇ ਵੀ ਪੰਜਾਬੀ ਵਿੱਚ ਬੋਲੇ ਹਨ। ਮੈਂ ਇੱਥੇ ਕਈ ਪਰਿਵਾਰ ਵੇਖੇ ਹਨ, ਜੋ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਵਿੱਚ ਗੱਲ ਹੀ ਨਹੀਂ ਕਰਦੇ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਜ਼ਿਆਦਾਤਰ ਭਾਸ਼ਾਵਾਂ ਦਬਾਅ ਹੇਠ ਹਨ, ਕਿਉਂਕਿ ਉਹ ਮੁੱਖ ਧਾਰਾ ਦੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਨਹੀਂ ਹਨ। ਉਨ੍ਹਾਂ ਮਾਂ ਬੋਲੀ ਨੂੰ ਮਹੱਤਵ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਏ.ਆਈ. ਦੇ ਜ਼ਮਾਨੇ ਵਿੱਚ ਸਾਨੂੰ ਆਪਣੀ ਮਾਂ ਬੋਲੀ ਲਈ ਹੋਰ ਕੋਸ਼ਿਸ਼ਾਂ ਕਰਨੀਆਂ ਚਾਹੀਆਂ ਹਨ, ਇਸ ਦਾ ਦਾਇਰਾ ਵਧਾਉਣ ਲਈ। ਇੰਟਰਨੈਂਟ ਅਤੇ ਏ.ਆਈ. ਦੇ ਮਾਧਿਅਮ ਨਾਲ ਸਾਨੂੰ ਹੋਰ ਗੁਣਵੱਤਾ ਵਾਲੀ ਸਮੱਗਰੀ ਬਣਾਉਣੀ ਚਾਹੀਦੀ ਹੈ।
ਡਾ. ਵਿਕਰਮ ਗਿੱਲ ਦੇ ਸਵਾਲ ‘ਬੰਗਲਾ ਵਿੱਚ ਵੀ ਭਾਸ਼ਾ ਲਈ ਸੰਘਰਸ਼ ਹੈ, ਜਿਵੇਂ ਅਸੀਂ ਪੰਜਾਬੀ ਲਈ ਚਿੰਤਿਤ ਹਾਂ?’ ਦੇ ਜਵਾਬ ਵਿੱਚ ਸ੍ਰੀ ਘੋਸ਼ ਨੇ ਕਿਹਾ ਕਿ ਅੰਗਰੇਜ਼ੀ ਛੱਡ ਕੇ, ਇੱਥੋਂ ਤੱਕ ਕਿ ਫਰੈਂਚ ਭਾਸ਼ਾ ਦੀ ਵੀ ਸਮੱਸਿਆ ਹੋ ਰਹੀ ਹੈ। ਬੰਗਾਲ ਅਤੇ ਬੰਗਲਾ ਦੇਸ਼ ਵਿੱਚ ਵੀ ਸਮੱਸਿਆ ਹੈ। ਕਿਤੇ ਨਾ ਕਿਤੇ ਆਰਥਿਕ ਤੇ ਹੋਰ ਕਾਰਨਾਂ ਕਰਕੇ ਦਬਾਅ ਹੈ। ਇਸ ਤੋਂ ਇਲਾਵਾ ਕਿਸੇ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ।
ਨਾਟਕਕਾਰ ਡਾ. ਆਤਮਜੀਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਿੰਨ ਮਾਵਾਂ ਹੁੰਦੀਆਂ ਹਨ- ਮਾਂ ਬੋਲੀ, ਧਰਤ ਮਾਂ ਅਤੇ ਜਨਮ ਦੇਣ ਵਾਲੀ ਮਾਂ। ਫਿਰ ਉਨ੍ਹਾਂ ਇੱਕ ਐਸੇ ਸ਼ਖਸ ਬਾਰੇ ਕਵਿਤਾ ਸੁਣਾਈ, ਜੋ ਪਾਕਿਸਤਾਨੀ ਸੀ ਤੇ ਹੈ। ਉਸ ਦੇ ਦਾਦੇ-ਬਾਬੇ ਦੀ ਇੱਛਾ ਸੀ ਕਿ ਉਹ ਆਪਣੇ ਪਿੰਡ ਵੱਲੇ ਜਾ ਕੇ ਆਵੇ, ਪਰ ਇਤਫਾਕ ਵੱਸ ਜਾ ਨਹੀਂ ਸਕਿਆ। ਉਨ੍ਹਾਂ ਹਾਜ਼ਰੀਨ ਵਿੱਚ ਬੈਠੇ ਉਸ ਸ਼ਖਸ ਨਾਲ ਤੁਆਰਫ ਵੀ ਕਰਵਾਇਆ। ਵੱਲਾ ਪਿੰਡ ਉਹ ਹੈ, ਜਦੋਂ ਮਸੰਦਾਂ ਨੇ ਗੁਰੂ ਤੇਗ ਬਹਾਦਰ ਨੂੰ ਹਰਿਮੰਦਰ ਸਾਹਿਬ ਵਿੱਚ ਨਹੀਂ ਸੀ ਵੜਨ ਦਿੱਤਾ, ਤਾਂ ਗੁਰੂ ਜੀ ਨੇ ਵੱਲੇ ਪਿੰਡ ਵਿੱਚ ਆਸਰਾ ਲਿਆ ਸੀ।
ਡਾ. ਆਤਮਜੀਤ ਨੇ ਦੋ ਨੁਕਤੇ ਸਾਂਝੇ ਕੀਤੇ ਕਿ ਭਾਸ਼ਾ ਵਿਗਿਆਨੀਆਂ ਨੇ ਸਿੱਧ ਕੀਤਾ ਹੈ, ਬੱਚਾ ਬੋਲੀ ਦੀ ਗਰਾਮਰ ਮਾਂ ਦੇ ਪੇਟ ਵਿੱਚੋਂ ਲੈ ਕੇ ਆਉਂਦਾ ਹੈ। ਦੂਜੀ ਗੱਲ, ਸਾਨੂੰ ਇਹ ਬੜਾ ਵੱਡਾ ਵਹਿਮ ਪਾਇਆ ਗਿਆ ਹੈ ਕਿ ਸਿਆਣੇ ਬੰਦੇ ਅੰਗਰੇਜ਼ੀ ਬੋਲਦੇ ਹਨ। ਸਾਡੀ ਮਾਨਸਿਕਤਾ ਐਨੀ ਗਿਰ ਚੁਕੀ ਹੈ ਕਿ ਜਦੋਂ ਕੋਈ ਹਿੰਦੀ ਬੋਲਦਾ ਹੈ ਤਾਂ ਅਸੀਂ ਸਮਝ ਲੈਂਦੇ ਹਾਂ ਕਿ ਕੋਈ ਹਿੰਦੂ ਹੈ। ਉਨ੍ਹਾਂ ਦੱਸਿਆ ਕਿ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਨੇ ਹੀ ਪੰਜਾਬੀ ਲੇਖਕ ਬਲਰਾਜ ਸਾਹਨੀ ਨੂੰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਿਆ ਸੀ। ਉਪ ਮਹਾਂਦੀਪ ਵਿੱਚ ਟੈਗੋਰ ਦੇ ਨਾਲ ਨਾਲ 14 ਬੰਦੇ ਲੱਭੇ, ਜੋ ਨੋਬਲ ਪੁਰਸਕਾਰ ਜੇਤੂ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਕਹਿੰਦੀ ਹੈ ਕਿ ਘਰ ਵਿੱਚ ਉਹ ਆਪਣੀ ਮਾਂ ਬੋਲੀ ਬੋਲਦੇ ਸੀ।
ਇਸ ਮੌਕੇ ਉਨ੍ਹਾਂ ਕੌਂਸਰਲ ਰਣਜੀਤ ਸਿੰਘ ਦਾ ਸੁਨੇਹਾ ਦਿੱਤਾ ਕਿ ਉਹ ਹਾਲੇ ਵੀ ਸ਼ਿਕਾਗੋ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਕੁਝ ਚਿਰ ਸ਼ਿਕਾਗੋ ਕੌਂਸਲੇਟ ਵਿੱਚ ਬਤੌਰ ਕੌਂਸਲਰ ਸੇਵਾ ਨਿਭਾਉਂਦੇ ਰਹੇ ਹਨ ਤੇ ਹੁਣ ਉਹ ਭਾਰਤ ਵਿੱਚ ਹਨ।
ਲੇਖਕ ਤੇ ਸ਼ਾਇਰ ਰਵਿੰਦਰ ਸਹਿਰਾਅ ਨੇ ਆਪਣੀ ਤਕਰੀਰ ਵਿੱਚ ਬੋਲੀ ਦੇ ਵਿਕਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਹੜੱਪਾ, ਮਹਿੰਜੋਦਾੜੋ ਸਮੇਂ ਤੋਂ ਹੀ ਬੋਲੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀ। ਬਹੁਤ ਸਾਰੇ ਵਿਦਵਾਨਾਂ ਦਾ ਮੱਤ ਹੈ ਕਿ ਪੰਜਾਬੀ ਤੇ ਹਿੰਦੋਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਨਿਕਲੀਆਂ ਹੋਈਆਂ ਹਨ, ਪਰ ਅਗਾਂਹ ਜਾ ਕੇ ਇਹਦੇ ਰੂਪ ਤੇ ਇਲਾਕੇ ਬਦਲਦੇ ਰਹੇ। ਪੰਜਾਬੀ ਦੀ ਸਭ ਤੋਂ ਪੁਰਾਣੀ ਭਾਸ਼ਾ ਸਰਾਇਕੀ ਜਾਂ ਮੁਲਤਾਨੀ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬੰਗਲਾ ਦੇਸ਼ ਬਣਿਆ ਨਹੀਂ ਸੀ, ਉਦੋਂ 21 ਫਰਵਰੀ 1952 ਨੂੰ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਉਤੇ ਉਰਦੂ ਠੋਸੇ ਜਾਣ ਦੇ ਵਿਰੋਧ ਵਿੱਚ ਬੰਗਾਲੀ ਨੂੰ ਲਾਗੂ ਕਰਨ ਦਾ ਮੁਜਾਹਰਾ ਕੀਤਾ। ਉਦੋਂ ਉਨ੍ਹਾਂ ਦਾ ਕਿਸਾਨ, ਮਜ਼ਦੂਰਾਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕਾਂ ਨੇ ਵੀ ਸਾਥ ਦਿੱਤਾ। ਮੁਜਾਹਰੇ ਦੌਰਾਨ 5 ਵਿਦਿਆਰਥੀ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ। ਉਸ ਦਿਨ ਤੋਂ ਲੈ ਕੇ ਉਨ੍ਹਾਂ ਸੰਘਰਸ਼ ਲੜਿਆ ਅਤੇ ਜਦੋਂ 1972 ਤੋਂ ਬਾਅਦ ਬੰਗਲਾ ਦੇਸ਼ ਬਣ ਜਾਂਦਾ ਹੈ ਤਾਂ ਯੂ.ਐਨ.ਓ. ਵਿੱਚ ਮਤਾ ਰੱਖਿਆ। ਯੂਨੈਸਕੋ ਵਾਲਿਆਂ ਨੇ 21 ਦਸੰਬਰ 1999 ਨੂੰ ਆਲਮੀ ਮਾਂ ਬੋਲੀ ਦਿਵਸ ਮਨਾਉਣ ਦਾ ਮਤਾ ਪਾਸ ਕੀਤਾ।
ਇਸ ਤੋਂ ਇਲਾਵਾ ਰਵਿੰਦਰ ਸਹਿਰਾਅ ਨੇ ਕਿਹਾ ਕਿ ਬੋਲੀ ਸਿਰਫ ਬੋਲਣ ਵਾਲੀ ਹੀ ਨਹੀਂ ਹੁੰਦੀ, ਇਸ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ- ਸਾਡੀ ਸੱਭਿਅਤਾ, ਸੱਭਿਆਚਾਰ, ਰਸਮੋ-ਰਿਵਾਜ਼ ਤੇ ਹੋਰ ਬੜਾ ਕੁਝ; ਸਾਨੂੰ ਆਪਣੀ ਬੋਲੀ `ਤੇ ਮਾਣ ਹੋਣਾ ਚਾਹੀਦਾ ਹੈ। ਜਦੋਂ ਤੱਕ ਸਾਡੇ ਕੋਲ ਗੁਰਬਾਣੀ ਹੈ, ਬਾਬਾ ਫਰੀਦ, ਬਾਬਾ ਬੁੱਲੇ ਸ਼ਾਹ, ਵਾਰਿਸ ਹੈ- ਇਹ ਬੋਲੀ ਮਰ ਨਹੀਂ ਸਕਦੀ। ਹਾਂ, ਜੇ ਮਰੀ ਤਾਂ ਸਾਡੇ ਆਪਣਿਆਂ ਤੋਂ ਮਰੇਗੀ, ਕਿਉਂਕਿ ਅੱਜ ਆਪਾਂ ਪੰਜਾਬੀ ਬੋਲੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਪਹਿਲ ਦੇਣ ਲੱਗ ਪਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਯੂਨੀਵਰਸਿਟੀ ਬਣੀ ਸੀ ਪੰਜਾਬੀ ਨੂੰ ਬੜ੍ਹਾਵਾ ਦੇਣ ਲਈ, ਪਰ ਅੱਜ ਉਥੇ ਸੰਸਕ੍ਰਿਤ ਦਾ ਬੋਲ ਬਾਲਾ ਹੈ। ਉਨ੍ਹਾਂ ਦੱਸਿਆ ਕਿ ਚੜ੍ਹਦੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ 7 ਕਰੋੜ ਦੇ ਕਰੀਬ ਪੰਜਾਬੀ ਬੋਲਣ ਵਾਲੇ ਹਨ, ਪਰ ਹੁਣ ਉਥੇ ਵੀ ਉਰਦੂ ਭਾਰੂ ਹੋ ਰਹੀ ਹੈ। ਸੋਸ਼ਲ ਮੀਡੀਆ ਨੇ ਵੀ ਸਾਡੀ ਬੋਲੀ ਨੂੰ ਵਿਗਾੜਨ ਵਿੱਚ ਵੱਡਾ ਹਿੱਸਾ ਪਾਇਆ ਹੈ। ਉਨ੍ਹਾਂ ਨਸੀਹਤ ਕੀਤੀ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਸਾਨੂੰ ਆਪਣੇ ਘਰ ਵਿੱਚ ਜਰੂਰ ਰੱਖਣਾ ਚਾਹੀਦਾ ਹੈ। ਇਸ ਉਪਰੰਤ ਉਨ੍ਹਾਂ ਆਪਣੀ ਰਚਨਾ ‘ਕੁਝ ਹਰਫ਼ ਉਧਾਰੇ’ ਪੜ੍ਹੀ।
ਰਾਜਿੰਦਰ ਬੀਰ ਸਿੰਘ ਮਾਗੋ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰਕ ਸਭਾ ਸ਼ਿਕਾਗੋ ਦੀ ਬੇਨਤੀ `ਤੇ ਇਲੀਨਾਏ ਸਟੇਟ ਗਵਰਨਰ ਨੇ ਫਰਵਰੀ ਦੇ ਮਹੀਨੇ ਨੂੰ ਫਰਵਰੀ 2025 ਵਿੱਚ ‘ਪੰਜਾਬੀ ਲੈਂਗੂਏਜ ਮੰਥ’ ਐਲਾਨਿਆ ਹੈ। ਉਨ੍ਹਾਂ ਸਟੇਟ ਵੱਲੋਂ ਜਾਰੀ ਪ੍ਰੋਕਲੋਮੇਸ਼ਨ ਪੜ੍ਹਿਆ ਅਤੇ ਕਿਹਾ ਕਿ ਇਹ ਜੋ ਪ੍ਰੋਗਰਾਮ ਹੋ ਰਹੇ ਹਨ, ਬਹੁਤ ਸ਼ਲਾਘਾਯੋਗ ਹਨ ਤੇ ਅਸੀਂ ਮਾਂ ਬੋਲੀ ਦਿਵਸ ਮਨਾਉਣ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ।
ਬਾਬਾ ਦਲਜੀਤ ਸਿੰਘ ਸ਼ਿਕਾਗੋ ਨੇ ਕਿਹਾ ਕਿ ਸਾਨੂੰ ਇੱਕ ਮਤਾ ਪਾ ਕੇ ਦੋਹਾਂ ਪੰਜਾਬਾਂ (ਚੜ੍ਹਦਾ ਤੇ ਲਹਿੰਦਾ) ਦੀ ਸਟੇਟ ਅਸੈਂਬਲੀ ਵਿੱਚ ਭੇਜਣਾ ਚਾਹੀਦਾ ਹੈ ਕਿ ਉਥੋਂ ਦੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਸ. ਲਛਮਣ ਸਿੰਘ ਨੇ ਸਰਕਾਰੀ ਤੌਰ `ਤੇ ਅਜਿਹਾ ਕੀਤਾ ਸੀ, ਪਰ ਹੌਲੀ ਹੌਲੀ ਇਸ ਨੂੰ ਵਿਸਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 30 ਦੇ ਕਰੀਬ ਖੇਤਰੀ ਤੇ ਕੌਮਾਂਤਰੀ ਭਾਸ਼ਾਵਾਂ ਦਾ ਜ਼ਿਕਰ ਆਉਂਦਾ ਹੈ। ਅਖੀਰ ਵਿੱਚ ਉਨ੍ਹਾਂ ਫਿਰੋਜ਼ਦੀਨ ਸ਼ਰਫ ਦਾ ਸ਼ੇਅਰ ਸਾਂਝਾ ਕੀਤਾ, “ਸ਼ਰਫ ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ, ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।”
ਇਸ ਦੌਰਾਨ ਜੁੜਿਆ ਮੁਸ਼ਾਇਰਾ ਉਦੋਂ ਸਿਖਰ `ਤੇ ਹੋ ਗਿਆ, ਜਦੋਂ ਸ਼ਾਇਰ ਗੁਲਾਮ ਮੁਸਤਫਾ ਅੰਜੁਮ ਤਰਾਰੇ ਵਿੱਚ ਆ ਗਏ। ਆਸ਼ਕਾਨਾ ਤਰੌਂਕਾ ਦਿੰਦਿਆਂ ਉਨ੍ਹਾਂ ਕਿਹਾ, ‘ਯਾਰ ਦਾ ਡੰਗਿਆ ਹੋਇਆਂ ਵਾਂ, ਜ਼ਹਿਰ `ਚ ਰੰਗਿਆ ਹੋਇਆਂ ਵਾਂ; ਉਚੀ ਥਾਵੇਂ ਅੱਖ ਲੜਾ ਕੇ ਸੂਲੀ ਟੰਗਿਆ ਹੋਇਆਂ ਵਾਂ…।’ ਫਿਰ ਉਨ੍ਹਾਂ ਬੋਲੀਆਂ- ‘ਮੇਰੀ ਤਲ਼ੀ `ਤੇ ਦਿਖਾ ਮੈਨੂੰ ਲਿਖ ਕੇ ਕਿਤਾਬਾਂ ਵਿੱਚ ਕੀ ਪੜ੍ਹਦੈਂ’, ‘ਤੇਰਾ ਗਲ਼ੀ ਵਿੱਚ ਸੁਣ ਕੇ ਖੰਗੂਰਾ ਤੇ ਮਾਂ ਮੇਰਾ ਮੂੰਹ ਵੇਖਦੀ’, ‘ਮੈਨੂ ਭੁੱਲ ਗਏ ਭੁਲੇਖੇ ਪੈਣੇ, ਜਦੋਂ ਦਾ ਤੇਰਾ ਜਹਾਜ਼ ਉਡਿਆ’, ‘ਨੀ ਮੈਂ ਸਿਰ `ਤੇ ਦੁਪੱਟੇ ਵਾਂਗੂ ਰੱਖਿਆ, ਨੀ ਉਹ ਪੈਰਾਂ ਦੀ ਜੁਰਾਬ ਵਰਗਾ’ ਸੁਣਾ ਕੇ ਫਿਜ਼ਾ ਵਿੱਚ ‘ਵਾਹ! ਵਾਹ!!’ ਗੂੰਜਣ ਲਾਈ।
ਸਮਾਗਮ ਦੇ ਕੋਆਰਡੀਨੇਟਰ ਰਾਜ ਲਾਲੀ ਬਟਾਲਾ ਨੇ ਸ਼ਿਕਾਗੋ ਵਿੱਚ ਪੰਜਾਬੀ ਮਾਂ ਬੋਲੀ ਦਿਵਸ ਮਨਾਏ ਜਾਣ ਸਬੰਧੀ ਪਾਏ ਯੋਗਦਾਨ ਲਈ ਕੌਂਸਲਰ ਰਣਜੀਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਉਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੋਰ ਕੋਈ ਭਾਸ਼ਾ ਸਾਡੇ ਰੁਜ਼ਗਾਰ ਦੀ ਭਾਸ਼ਾ ਤਾਂ ਹੋ ਸਕਦੀ ਹੈ, ਪਰ ਸਾਡੇ ਪਿਆਰ ਤੇ ਸਤਿਕਾਰ ਦੀ ਭਾਸ਼ਾ ਸਾਡੀ ਮਾਂ ਬੋਲੀ ਹੀ ਹੈ। ਉਨ੍ਹਾਂ ਬਾਬਾ ਨਜ਼ਮੀ ਦਾ ਸ਼ੇਅਰ ‘ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ’ ਸਮੇਤ ਇੱਕ ਨਜ਼ਮ ਗਾ ਕੇ ਸੁਣਾਈ।
ਕਸ਼ਿਸ਼ ਹੁਸ਼ਿਆਰਪੁਰੀ ਨੇ ਕਿਹਾ ਕਿ ਆਪਣੀ ਬੋਲੀ ਨੂੰ ਸਮਰਪਿਤ ਹੋਣਾ ਵੱਡੀ ਗੱਲ ਹੈ। ਉਨ੍ਹਾਂ ਆਪਣੀ ਰਚਨਾ ‘ਮਹਿਫਿਲ `ਚ ਆ ਕੇ ਬੈਠੇ ਜਦੋਂ ਕਰੀਬ ਸਾਡੇ, ਨਜ਼ਰਾਂ ਬਚਾ ਕੇ ਖਿਸਕੇ ਸਾਰੇ ਰਕੀਬ ਸਾਡੇ’; ‘ਹਰ ਕੋਈ ਗ਼ਮਖਾਰ ਹੁੰਦਾ ਸੀ ਕਦੇ, ਰਿਸ਼ਤਿਆਂ ਵਿੱਚ ਪਿਆਰ ਹੁੰਦਾ ਸੀ ਕਦੇ’ ਸਮੇਤ ਕੁਝ ਹੋਰ ਸ਼ੇਅਰ ਵੀ ਸੁਣਾਏ।
‘ਸੁਖਨਵਰ ਸ਼ਿਕਾਗੋ’ ਦੇ ਸੰਚਾਲਕ ਆਬਿਦ ਰਸ਼ੀਦ ਨੇ ਦੋ ਗਜ਼ਲਾਂ ਤੇ ਕੁਝ ਬੋਲੀਆਂ ਸੁਣਾਈਆਂ, ਜਿਨ੍ਹਾਂ ਦੇ ਕੁਝ ਬੋਲ ਇਉਂ ਸਨ: ‘ਦੱਸ ਸੋਹਣਿਆ ਰੱਬਾ ਕੀ ਕਰੀਏ?’, ‘ਰੁੱਖੀ ਸੁੱਖੀ ਖਾ ਲੈਂਦੇ ਸਾਂ, ਕਿੰਨੇ ਸੁੱਖ ਦੇ ਸਾਹ ਲੈਂਦੇ ਸਾਂ।’ ਇੰਡੀਅਨਐਪੋਲਿਸ ਤੋਂ ਆਏ ਗੁਰਬਖਸ਼ ਰੰਧਾਵਾ ਨੇ ਦੋ ਕਵਿਤਾਵਾਂ ‘ਕੁਝ ਨਜ਼ਰਾਂ ਦੀ ਛੋਹ ਇੰਜ ਹੁੰਦੀ ਕਿ ਸਰਦ ਖਿਆਲ ਬਲ਼ ਪੈਂਦੇ ਨੇ’ ਅਤੇ ‘ਨਾਲ ਅਦਬ ਝੁਕਾਏ ਸਰ’ ਸੁਣਾਈਆਂ।
ਕਵਿਤਰੀ ਰਾਕਿੰਦ ਕੌਰ ਨੇ ‘ਹਸਤੀ ਇੱਕ ਕਵਿਤਾ ਹੈ’ ਸੁਣਾਈ। ਪੰਜਾਬੀ ਮਾਂ ਬੋਲੀ ਬਾਰੇ ਉਸ ਨੇ ਕਵਿਤਾ ‘ਜਿੰਦਾ-ਕੁੰਜੀ’ ਸੁਣਾਈ। ਉਸ ਦਾ ਫਿਕਰ ਸੀ ਕਿ ਜਦੋਂ ਦੋ-ਚਾਰ ਦਹਾਕਿਆਂ ਅੰਦਰ ਮਾਂ ਨੂੰ ਬੋਲੀ ਭੁੱਲ ਗਈ ਤਾਂ ਬੱਚੇ ਚੀਜ਼ਾਂ ਦੇ ਨਾਂ ਅੰਗਰੇਜ਼ੀ ਵਿੱਚ ਹੀ ਲੈਣਗੇ। ਤਾਹਿਰਾ ਰਿਦਾ ਨੇ ‘ਇਹ ਹਿਜਰ ਦਾ ਸਾਲ ਨਾ ਮੁੱਕਦਾ’ ਤੋਂ ਇਲਾਵਾ ਇੱਕ ਹੋਰ ਨਜ਼ਮ ‘ਕੋਈ ਰੁੱਸ ਰੁੱਸ ਜਾਂਦਾ ਤਾਂ ਜਾਣ ਦਿਓ’ ਸੁਣਾਈ। ਕਮਲੇਸ਼ ਕਪੂਰ ਨੇ ਇੱਕ ਲਤੀਫਾ ਸੁਣਾਇਆ ਅਤੇ ਕਿਹਾ ਕਿ ਸਾਡਾ ਭਾਵਨਾਤਮਕ ਰਿਸ਼ਤਾ ਮਾਂ ਬੋਲੀ ਨਾਲ ਹੀ ਹੁੰਦਾ ਹੈ।
ਬਦਰ ਇਸਲਾਮ ਨੇ ਇੱਕ ਨਜ਼ਮ ‘ਪਰਦੇਸ’ ਪੜ੍ਹੀ। ਗੁਰਲੀਨ ਕੌਰ ਨੇ ਆਪਣੀ ਸ਼ੇਅਰੋ-ਸ਼ਾਇਰੀ ਸੁਣਾਈ: ‘ਲੁਕੀ ਰਹੇ ਨਾ ਪੰਜਾਬੀ ਸੈਂਕੜੇ ਹਜ਼ਾਰਾਂ ਵਿੱਚ, ਭੌਰ ਕਦੇ ਰਲ਼ਦੇ ਨਾ ਭੂੰਡਾਂ ਦੀਆਂ ਡਾਰਾਂ ਵਿੱਚ’; ‘ਤੈਨੂੰ ਵਿੱਚ ਅਮਰੀਕਾ ਵੱਸਦੇ ਨੂੰ ਮੈਂ ਕੀ ਆਖਾਂ!’ ਅੰਮ੍ਰਿਤ ਪਾਲ ਕੌਰ ਨੇ ਮਾਂ ਬੋਲੀ ਦਾ ਆਪਣੇ ਜੀਵਨ ਵਿੱਚ ਯੋਗਦਾਨ ਦਾ ਕਿੱਸਾ ਸਾਂਝਾ ਕੀਤਾ ਅਤੇ ਇੱਕ ਸ਼ੇਅਰ ਪੜ੍ਹਿਆ। ਫਿਰ ਉਸ ਨੇ ‘ਮਾਂ ਬੋਲੀ ਦਾ ਸਬਕ ਪੜ੍ਹਾ ਦੇ, ਮਾਏ ਨੀ ਊੜਾ ਐੜਾ ਸਿਖਾ ਦੇ’ ਅਤੇ 1947 ਦੀ ਵੰਡ ਨਾਲ ਸਬੰਧਤ ਇੱਕ ਕਵਿਤਾ ਸੁਣਾਈ।
ਬੱਚੀ ਨਵਰੂਪ ਕੌਰ ਵਿਰਕ ਨੇ ਪੰਜਾਬੀ ਨੂੰ ਸਮਰਪਿਤ ਲੰਮੀ ਕਵਿਤਾ ‘ਮਾਂ ਬੋਲੀ ਮੇਰੀ ਪੰਜਾਬੀਏ, ਤੈਨੂੰ ਗੁਰੂਆਂ ਦੀ ਅਸੀਸ ਨੀ, ਤੇਰੀ ਕੌਣ ਕਰੂਗਾ ਰੀਸ ਨੀ’ ਸੁਣਾਈ। ਬੱਚੀ ਅਸੀਸ ਕੌਰ ਨੇ ‘ਮਾਂ ਬੋਲੀ ਹੈ ਪੰਜਾਬੀ ਸਾਡੀ, ਇਸ ਦਾ ਮਾਣ ਵਧਾਈਏ’ ਤੋਂ ਇਲਾਵਾ ਉਸ ਨੇ ਆਪਣੇ ਪਿਤਾ ਦੀ ਲਿਖੀ ਰਚਨਾ ‘ਅਸੀਂ ਤਿਤਲੀਆਂ ਅੰਬਰਾਂ ਦੇ ਵਿਹੜੇ ਕੋਟਲਾ ਛਪਾਕੀ ਖੇਡਣਾ ਲੋਚਦੀਆਂ’ ਸੁਣਾਈ। ਉਸ ਦੀ ਛੋਟੀ ਭੈਣ ਅਜੂਨੀ ਕੌਰ ਨੇ ‘ਮੈਂ ਹਾਂ ਤਿਤਲੀ, ਇੱਕ ਪਲ ਰੋਂਦੀ ਇੱਕ ਪਲ ਹੱਸਦੀ; ਫੁੱਲਾਂ `ਤੇ ਮੈਂ ਪਾਉਂਦੀ ਕਿੱਕਲੀ’ ਸੁਣਾ ਕੇ ਸਰੋਤਿਆਂ ਦੀਆਂ ਤਾੜੀਆਂ ਬਟੋਰੀਆਂ। ਇਨ੍ਹਾਂ ਬੱਚੀਆਂ ਨੂੰ ਉਨ੍ਹਾਂ ਦੀ ਮਾਂ ਅਨੁਰੀਤ ਕੌਰ ਢਿੱਲੋਂ ਨੇ ਤਿਆਰ ਕੀਤਾ ਸੀ।
ਅਖੀਰ ਵਿੱਚ ‘ਭੰਗੜਾ ਰਾਈਮਜ਼’ ਦੇ ਅਮਨ ਕੁਲਾਰ ਵੱਲੋਂ ਤਿਆਰ ਬੱਚਿਆਂ ਦੀ ਟੀਮ ਨੇ ਬਹੁਤ ਹੀ ਰਿਦਮ ਵਿੱਚ ਭੰਗੜਾ ਪਾ ਕੇ ਦਾਦ ਖੱਟੀ। ਪੇਸ਼ਕਾਰੀ ਦੌਰਾਨ ਟੀਮ ਦੇ ਪੈਰੀਂ ਪਾਏ ਘੁੰਗਰੂਆਂ ਦੀ ਖਣ-ਖਣ ਦੀ ਤਾਲ ਕੰਨਾਂ ਵਿੱਚ ਰਸ ਘੋਲ ਰਹੀ ਸੀ। ਸ਼ੁਰੂ ਵਿੱਚ ਨਵਜੋਧ ਬਾਜਵਾ ਦੇ ‘ਅਸ਼ਕੇ ਭੰਗੜਾ’ ਦੀ ਟੀਮ ਨੇ ਕੋਰਿਓਗ੍ਰਾਫੀ ਪੇਸ਼ ਕੀਤੀ, ਜਿਸ ਦੌਰਾਨ ਵੱਜਦਾ ਗੀਤ ‘ਪੈਂਤੀ ਅੱਖਰਾਂ ਦੇ ਵਿੱਚੋਂ ਡੁੱਲ੍ਹਦਾ ਭਰ ਭਰ ਪਿਆਰ ਜੀ’ ਸ਼ਲਾਘਾਯੋਗ ਸੀ।
ਚੀਫ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਸਮਾਗਮ ਲਈ ਦਰਸ਼ਨ ਸਿੰਘ ਧਾਲੀਵਾਲ ਦੇ ਵਿੱਤੀ ਸਹਿਯੋਗ ਤੋਂ ਇਲਾਵਾ ਗਰੈਂਡ ਸਪਾਂਸਰ ਜਪਨੀਤ ਖਹਿਰਾ ਅਤੇ ਹੋਰ ਸਪਾਂਸਰਾਂ ਨੇ ਵੀ ਸਹਿਯੋਗ ਦਿੱਤਾ, ਜਿਨ੍ਹਾਂ ਵਿੱਚ ਗੁਲਜ਼ਾਰ ਸਿੰਘ ਮੁਲਤਾਨੀ, ਭੁਪਿੰਦਰ ਸਿੰਘ ਧਾਲੀਵਾਲ, ਲੱਕੀ ਸਹੋਤਾ, ਹੈਪੀ ਹੀਰ, ਡਾ. ਵਿਕਰਮ ਗਿੱਲ, ਪਰਮਿੰਦਰ ਗੋਲਡੀ, ਪਾਲ ਖਲੀਲ, ਬ੍ਰਿਜ ਸ਼ਰਮਾ, ਹਰਜਿੰਦਰ ਸਿੰਘ ਜਿੰਦੀ, ਬਿਕਰਮ ਸੋਹੀ ਤੇ ਸੁਰਜੀਤ ਸਿੰਘ ਸੱਲ੍ਹਾਂ ਵੀ ਸ਼ਾਮਲ ਹਨ। ਡਾ. ਖਹਿਰਾ ਨੇ ਸਮੇਂ ਸਮੇਂ ਮੰਚ ਵੀ ਸੰਭਾਲਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਿਕਾਗੋਲੈਂਡ ਤੋਂ ਇਲਾਵਾ ਪੰਜਾਬੀ ਅਮੈਰਿਕਨ ਯੂਥ ਕਲੱਬ ਇੰਡੀਆਨਾ, ਗੁਰੂ ਲਾਧੋ ਰੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲੁਬਾਣਾ ਮਿਲਵਾਕੀ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਸਾਊਥਬੈਂਡ-ਇੰਡੀਆਨਾ ਤੋਂ ਇਲਾਵਾ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *