ਪੀ.ਸੀ.ਐੱਸ. ਦਾ ‘ਰੰਗਲਾ ਪੰਜਾਬ’ ਪ੍ਰੋਗਰਾਮ 26 ਅਪਰੈਲ ਨੂੰ

ਖਬਰਾਂ

*ਟੀਮਾਂ ਲਈ ਅਭਿਆਸ ਦਾ ਸਮਾਂ ਵਧਾਇਆ
*ਪ੍ਰਬੰਧਕਾਂ ਵੱਲੋਂ ਤਿਆਰੀਆਂ ਲਗਪਗ ਮੁਕੰਮਲ
ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ (ਪੀ.ਸੀ.ਐੱਸ.) ਵੱਲੋਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਸਾਲਾਨਾ ਸਮਾਗਮ ‘ਰੰਗਲਾ ਪੰਜਾਬ’ 26 ਅਪਰੈਲ 2025 (ਸਨਿਚਰਵਾਰ), ਸ਼ਾਮ 6 ਵਜੇ ਤੋਂ ਕੋਪਰਨਿਕਸ ਸੈਂਟਰ (5216 ਵੈਸਟ ਲਾਰੈਂਸ ਐਵੇਨਿਊ, ਸ਼ਿਕਾਗੋ) ਵਿਖੇ ਹੋਵੇਗਾ। ‘ਰੰਗਲਾ ਪੰਜਾਬ’ ਵਿੱਚ ਟ੍ਰਾਈਸਟੇਟ ਮਿਡਵੈਸਟ ਕਮਿਊਨਿਟੀ ਭੰਗੜਾ ਤੇ ਗਿੱਧਾ ਟੀਮਾਂ ਤੋਂ ਇਲਾਵਾ ਸ਼ਾਨਦਾਰ ਸੰਗੀਤਕ ਪ੍ਰਤਿਭਾ ਰਾਹੀਂ ਮਨੋਰੰਜਨ ਕੀਤਾ ਜਾਵੇਗਾ।

ਇਸ ਸਬੰਧੀ ਰਿਹਰਸਲਾਂ ਪਿਛਲੇ ਕਈ ਹਫਤਿਆਂ ਤੋਂ ਇੰਡੀਆ ਹੱਬ, ਸ਼ਾਮਬਰਗ ਵਿਖੇ ਹੋ ਰਹੀਆਂ ਹਨ, ਜਿਸ ਦੌਰਾਨ ਦਰਜਨ ਦੇ ਕਰੀਬ ਟੀਮਾਂ ਆਪਣੀ ਪੇਸ਼ਕਾਰੀ ਲਈ ਅਭਿਆਸ ਕਰ ਰਹੀਆਂ ਹਨ। ਜਿਉਂ ਜਿਉਂ ‘ਰੰਗਲਾ ਪੰਜਾਬ’ ਦੇ ਦਿਨ ਨੇੜੇ ਆ ਰਹੇ ਹਨ, ਤਿਉਂ ਤਿਉਂ ਟੀਮਾਂ ਤਿਆਰ ਕਰਨ ਵਾਲੇ ਕੋਆਰਡੀਨੇਟਰ ਬੱਚਿਆਂ ਨੂੰ ਵਾਧੂ ਸਮਾਂ ਅਭਿਆਸ ਕਰਵਾਉਣ ਲੱਗੇ ਹਨ। ਕੁਝ ਟੀਮਾਂ ਦੀ ਤਿਆਰੀ ਪੈਲਾਟਾਈਨ ਪਬਲਿਕ ਲਾਇਬੇਰਰੀ ਅਤੇ ਕੁੜੀਆਂ/ਬੀਬੀਆਂ ਦੀਆਂ ਟੀਮਾਂ ਦੀ ਤਿਆਰੀ ਘਰਾਂ ਵਿੱਚ ਚੱਲ ਰਹੀ ਹੈ।
ਉਂਜ ਪਿਛਲੇ ਕਈ ਐਤਵਾਰਾਂ ਤੋਂ ‘ਇੰਡੀਆ ਹੱਬ’ ਇੱਕ ਤਰ੍ਹਾਂ ‘ਪੰਜਾਬ ਹੱਬ’ ਬਣਿਆ ਹੁੰਦਾ ਹੈ। ਬੱਚੇ ਆਪਣੇ ਅਭਿਆਸ ਵਿੱਚ ਰੁੱਝੇ ਹੋਏ ਹੁੰਦੇ ਹਨ ਅਤੇ ਮਾਪੇ ਇੱਕ-ਦੂਜੇ ਨਾਲ ਗੱਲਾਂ ਵਿੱਚ ਜਾਂ ਫਿਰ ਆਪੋ-ਆਪਣੇ ਫੋਨਾਂ ਵਿੱਚ; ਜਦਕਿ ਪੀ.ਸੀ.ਐੱਸ. ਦੇ ਨੁਮਾਇੰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰੀਂ ਆਉਂਦੇ ਹਨ। ਇੱਥੇ ਤੱਕ ਕਿ ਸੰਸਥਾ ਦਾ ਨਵਾਂ ਪ੍ਰਧਾਨ ਨਵਤੇਜ ਸਿੰਘ ਸੋਹੀ ਤਾਂ ਖੁਦ ਆਪਣੀਆਂ ਟੀਮਾਂ ਨੂੰ ਤਾਲ ਵਿੱਚ ਲਿਆਉਣ ਅਤੇ ਉਨ੍ਹਾਂ ਦੀ ਪੇਸ਼ਕਾਰੀ ਨੂੰ ਰਿਦਮ ਭਰਪੂਰ ਬਣਾਉਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ- ਕਿਤੇ ਨਰਮੀ ਵਰਤ ਕੇ ਤੇ ਕਿਤੇ ਕੁਝ ਸਖਤੀ ਵਰਤ ਕੇ ਵੀ!
ਪੀ.ਸੀ.ਐੱਸ. ਅਨੁਸਾਰ ਸੰਸਥਾ ਹਰ ਸਾਲ ਭਾਈਚਾਰੇ ਦੇ ਬੱਚਿਆਂ ਨੂੰ ਬਿਨਾ ਕਿਸੇ ਫੀਸ ਦੇ ਗਿੱਧੇ-ਭੰਗੜੇ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਲਈ ਸਿਖਲਾਈ ਦੇਣ ਦਾ ਪ੍ਰਬੰਧ ਕਰਦੀ ਹੈ। ‘ਰੰਗਲਾ ਪੰਜਾਬ’ ਪੰਜਾਬੀ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਆਪਣੇ ਭਾਈਚਾਰੇ ਦੇ ਨੇੜੇ ਆਉਣ ਅਤੇ ਲੰਬੇ ਸਮੇਂ ਲਈ ਦੋਸਤ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਅਸਲ ਵਿੱਚ ਇੱਕ ਭਾਈਚਾਰਕ ਨਿਰਮਾਣ ਦਾ ਯਤਨ ਹੈ। ਪੀ.ਸੀ.ਐਸ. ਪੰਜਾਬੀ ਆਰਟਸ ਡਰਾਇੰਗ ਮੁਕਾਬਲੇ, ਪੰਜਾਬੀ ਮਾਂ ਬੋਲੀ ਮਹੀਨਾ, ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਨਾਈਟ ਅਤੇ ਸ਼ਿਕਾਗੋ ਥੈਂਕਸਗਿਵਿੰਗ ਪਰੇਡ ਵਿੱਚ ਹਿੱਸਾ ਲੈਣ ਵਰਗੇ ਪ੍ਰੋਗਰਾਮਾਂ ਰਾਹੀਂ ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣਾ ਜਾਰੀ ਰੱਖਦੀ ਹੈ।
‘ਰੰਗਲਾ ਪੰਜਾਬ’ ਲਈ ਔਨਲਾਈਨ ਟਿਕਟਾਂ ਆਰਡਰ ਕਰਨ ਲਈ www.pcscihcago.org `ਤੇ ਕਲਿੱਕ ਕਰੋ ਜਾਂ info@pcscihcago.org ਨੂੰ ਈ-ਮੇਲ ਕਰੋ।

*ਨਵਤੇਜ ਸਿੰਘ ਸੋਹੀ ਸਾਲ 2025 ਲਈ ਪ੍ਰਧਾਨ ਨਿਯੁਕਤ
ਸਾਲ 2025 ਲਈ ਪੀ.ਸੀ.ਐਸ. ਕਾਰਜਕਾਰੀ ਬੋਰਡ ਵਿੱਚ ਨਵਤੇਜ ਸਿੰਘ ਸੋਹੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਵਿੱਚ ਮੀਤ ਪ੍ਰਧਾਨ ਬਿਕਰਮ ਸਿੰਘ ਸੋਹੀ, ਕਾਰਜਕਾਰੀ ਸਕੱਤਰ ਗੁਰਲਾਲ ਸਿੰਘ ਭੱਠਲ, ਵਿੱਤ ਨਿਰਦੇਸ਼ਕ ਪਰਮਜੋਤ ਸਿੰਘ ਪਰਮਾਰ, ਸਹਾਇਕ ਵਿੱਤ ਤੇ ਆਈ.ਟੀ. ਡਾਇਰੈਕਟਰ ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਕਾਰਜਕਾਰੀ ਸਕੱਤਰ ਜਿਗਰਦੀਪ ਸਿੰਘ ਢਿੱਲੋਂ, ਖੇਡ ਨਿਰਦੇਸ਼ਕ ਅੰਮ੍ਰਿਤਪਾਲ ਸਿੰਘ ਗਿੱਲ, ਅੰਤਰ-ਕਮਿਊਨਿਟੀ ਡਾਇਰੈਕਟਰ ਤੇਜਵੀਰ ਸਿੰਘ ਸੂਦਨ ਅਤੇ ਯੂਥ ਡਾਇਰੈਕਟਰ ਪਰਮਵੀਰ ਕੌਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਨਵਤੇਜ ਸਿੰਘ ਸੋਹੀ ਲੰਬੇ ਸਮੇਂ ਤੋਂ ਸੰਸਥਾ ਦਾ ਸਮਰਪਿਤ ਮੈਂਬਰ ਹੈ ਅਤੇ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਉਸ ਦਾ ਭਰਪੂਰ ਯੋਗਦਾਨ ਹੁੰਦਾ ਹੈ। ਪਿਛਲੇ ਸਾਲਾਂ ਦੌਰਾਨ ਉਸਨੇ ਬੋਰਡ ਦੇ ਕਈ ਅਹੁਦਿਆਂ `ਤੇ ਸੇਵਾ ਕੀਤੀ ਹੈ ਅਤੇ ਸਥਾਨਕ ਭਾਈਚਾਰੇ ਵਿੱਚ ਨਵੀਨਤਾਕਾਰੀ ਭੰਗੜੇ ਨੂੰ ਪੇਸ਼ ਕਰਨ ਵਿੱਚ ਭੂਮਿਕਾ ਨਿਭਾਈ ਹੈ, ਜਿਸ ਵਿੱਚ ਬਾਲਗਾਂ ਅਤੇ ਬੱਚਿਆਂ- ਦੋਵਾਂ ਲਈ ਭੰਗੜੇ ਦੀਆਂ ਨਵੀਆਂ ਸ਼ੈਲੀਆਂ ਸ਼ਾਮਲ ਹਨ।
ਨਵਤੇਜ ਸਿੰਘ ਸੋਹੀ ਵਰਤਮਾਨ ਵਿੱਚ ਇੰਟਰਨੈਸ਼ਨਲ ਮੋਟਰਜ਼ (ਟਰੈਟਨ) ਵਿੱਚ ਪਾਵਰਟ੍ਰੇਨ ਇੰਜੀਨੀਅਰਿੰਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਿਹਾ ਹੈ, ਉਸ ਕੋਲ 25 ਤੋਂ ਵੱਧ ਯੂ.ਐਸ. ਪੇਟੈਂਟ ਹਨ; ਪਾਵਰਟ੍ਰੇਨ ਪ੍ਰਣਾਲੀਆਂ, ਨਿਕਾਸੀ ਤਕਨਾਲੋਜੀਆਂ ਅਤੇ ਵਾਹਨ ਨਿਯੰਤਰਣ ਦੇ ਖੇਤਰਾਂ ਵਿੱਚ 10 ਤੋਂ ਵੱਧ ਤਕਨੀਕੀ ਜਰਨਲ ਪੇਪਰ ਅਤੇ 40 ਤੋਂ ਵੱਧ ਪੀਅਰ-ਸਮੀਖਿਆ ਕੀਤੇ ਐਸ.ਏ.ਈ. ਪੇਪਰ ਪ੍ਰਕਾਸ਼ਿਤ ਕੀਤੇ ਹਨ। ਉਹ ਉੱਤਰੀ ਅਮਰੀਕਾ ਦੇ ਹੈਵੀ ਡਿਊਟੀ ਚਾਰਜਿੰਗ ਕੰਸੋਰਟੀਅਮ (HDCC) ਦੇ ਚੇਅਰਮੈਨ ਵਜੋਂ ਵੀ ਕੰਮ ਕਰਦਾ ਹੈ।
ਇੰਜੀਨੀਅਰਿੰਗ ਖੇਤਰ ਵਿੱਚ ਸੋਹੀ ਦੇ ਯੋਗਦਾਨ ਨੇ ਉਸਨੂੰ 2017 ਵਿੱਚ ਐਸ.ਏ.ਈ. ਫੋਰੈਸਟ ਆਰ. ਮੈਕਫਾਰਲੈਂਡ ਅਵਾਰਡ ਸਮੇਤ ਮਹੱਤਵਪੂਰਨ ਮਾਨਤਾ ਦਿੱਤੀ ਹੈ। ਉਸਦੀ ਉਦਯੋਗ ਲੀਡਰਸ਼ਿਪ ਵਿੱਚ ਐਸ.ਏ.ਈ. ਦੀ ਸਸਟੇਨੇਬਲ ਪ੍ਰੋਗਰਾਮ ਡਿਵੈਲਪਮੈਂਟ ਕਮੇਟੀ (SDPC), ਐਸ.ਏ.ਈ. ਕਮਰਸ਼ੀਅਲ ਵਹੀਕਲ ਗਰੁੱਪ ਦੇ ਕਾਰਜਕਾਰੀ ਕੌਂਸਲ ਬੋਰਡ ਦੇ ਮੈਂਬਰ ਅਤੇ ਉੱਤਰੀ ਅਮਰੀਕਨ ਪਾਵਰ ਕਮੇਟੀ ਦੇ 18 ਮੈਂਬਰਾਂ ਵਿੱਚ ਐਸ.ਏ.ਈ. ਦੇ ਸਹਿ-ਚੇਅਰ ਵਜੋਂ ਭੂਮਿਕਾਵਾਂ ਸ਼ਾਮਲ ਹਨ।
ਨਵਤੇਜ ਸਿੰਘ ਸੋਹੀ ਨੇ ਭਾਰਤ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਅਤੇ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ। ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਤੋਂ ਇਲਾਵਾ ਸੋਹੀ ਅਤੇ ਉਸਦਾ ਪਰਿਵਾਰ- ਪਤਨੀ ਤਨੂ ਮਾਂਗਟ, ਬੱਚੇ- ਮੋਖਮ ਤੇ ਖੇਮ ਪੀ.ਸੀ.ਐਸ. ਸਮਾਗਮਾਂ ਵਿੱਚ ਸਰਗਰਮ ਭਾਗੀਦਾਰ ਰਹਿੰਦੇ ਹਨ।
ਸੰਸਥਾ ਦੇ ਪ੍ਰਧਾਨ ਸੋਹੀ ਨੇ ਕਿਹਾ, “ਸਾਡੇ ਕੋਲ ਪੀ.ਸੀ.ਐਸ. ਅਧਿਕਾਰੀਆਂ ਦੀ ਇੱਕ ਸਮਰਪਿਤ ਟੀਮ ਹੈ, ਜੋ ਸਾਰਥਕ ਪ੍ਰੋਗਰਾਮ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਅਸੀਂ ‘ਰੰਗਲਾ ਪੰਜਾਬ-2025’ ਰਾਹੀਂ ਭਾਈਚਾਰੇ ਦੇ ਲੋਕਾਂ ਨਾਲ ਆਪਣੇ ਜੀਵੰਤ ਸੱਭਿਆਚਾਰ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।”

Leave a Reply

Your email address will not be published. Required fields are marked *