*ਸਿੱਖ ਪੰਥ ਨੂੰ ਕੇਂਦਰੀ ਏਜੰਸੀਆਂ ਦੇ ਨਵੇਂ ਫਰੇਬ ਤੋਂ ਬਚਣ ਦੀ ਲੋੜ
-ਅਮਰੀਕ ਸਿੰਘ ਮੁਕਤਸਰ
ਧਰਮਾਂ ਦੀ ਦੁਨੀਆ ਦੇ ਕਾਫ਼ਲੇ ਵਿੱਚ ਸਿੱਖ ਪੰਥ ਸਭ ਤੋਂ ਛੋਟੀ ਉਮਰ ਦਾ ਧਰਮ ਹੈ। ਆਪਣੀ ਕਰੀਬ ਸਾਢੇ ਪੰਜ ਸਦੀਆਂ ਦੀ ਉਮਰ ਦੇ ਇਸ ਇਤਿਹਾਸ ਦੌਰਾਨ ਸਿੱਖ ਪੰਥ ਨੇ ਅਨੇਕਾਂ ਘੱਲੂਘਾਰਿਆਂ ਅਤੇ ਸੰਕਟਾਂ ਨੂੰ ਆਪਣੇ ਪਿੰਡੇ ਉੱਪਰ ਹੰਢਾਇਆ ਹੈ। ਸਿੱਖ ਪੰਥ ਦਾ ਇਹ ਸਾਰਾ ਸਫ਼ਰ ਸੰਘਰਸ਼ਮਈ ਗਾਥਾ ਹੀ ਹੈ। ਵਰਤਮਾਨ ਸਮੇਂ ਪੰਥ ਨੂੰ ਜਿਨ੍ਹਾਂ ਧਾਰਮਿਕ-ਰਾਜਸੀ ਚੁਣੌਤੀਆਂ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ, ਇਹ ਸੰਘਰਸ਼ ਕੌਮ ਲਈ ਭਾਵੇਂ ਨਵਾਂ ਤਾਂ ਨਹੀਂ, ਪਰ ਟੇਢਾ ਅਤੇ ਗੁੰਝਲਦਾਰ ਜ਼ਰੂਰ ਹੈ।
ਲੀਡਰਸ਼ਿਪ ਦੇ ਮਾਮਲੇ ਵਿੱਚ ਕਿਸ ਉੱਪਰ ਵਿਸ਼ਵਾਸ ਕਰੀਏ? ਇਹ ਸਵਾਲ ਦਿਨੋ ਦਿਨ ਔਖਾ ਹੁੰਦਾ ਜਾ ਰਿਹਾ ਹੈ। ਬੀਤੇ ਵਿੱਚ ਹੋਏ ਵਿਸ਼ਵਾਸਘਾਤਾਂ, ਧ੍ਰੋਹਾਂ ਅਤੇ ਧੋਖਿਆਂ ਨੇ ਸਿੱਖਾਂ ਵਿੱਚ ਬੇਭਰੋਸਗੀ ਅਤੇ ਭੰਬਲਭੂਸਿਆਂ ਵਾਲੀ ਅਜਿਹੀ ਸਥਿਤੀ ਸਿਰਜ ਦਿੱਤੀ ਹੈ ਕਿ ਪੂਰੀ ਕੌਮ ਵਿੱਚੋਂ ਕੋਈ ਇੱਕ ਵੀ ਅਜਿਹੀ ਸ਼ਖਸੀਅਤ ਨਜ਼ਰ ਨਹੀਂ ਆਉਂਦੀ, ਜੋ ਇਸ ਟੁੱਟ ਚੁੱਕੇ ਵਿਸ਼ਵਾਸ ਨੂੰ ਬਹਾਲ ਕਰਨ ਦੀ ਸਮਰੱਥਾ ਰੱਖਦੀ ਹੋਵੇ।
ਇਸ ਸਾਰੀ ਸਥਿਤੀ ਦਾ ਇੱਕ ਗੰਭੀਰ ਅਤੇ ਨਿਰਾਸ਼ਾਜਨਕ ਪਹਿਲੂ ਇਹ ਵੀ ਹੈ ਕਿ ਮੌਜੂਦਾ ਪਦਾਰਥਕ ਪਸਾਰ ਵਾਲੀ ਦੁਨੀਆ ਨੇ ਸਿੱਖ ਇਖਲਾਕ ਦੀ ਪਛਾਣ ਨੂੰ ਵੀ ਬੇਹੱਦ ਖੋਰਾ ਲਾਇਆ ਹੈ। ਸਾਡਾ ਅੱਜ ਵਾਲਾ ਦੁਸ਼ਮਣ ਪਹਿਲੇ ਦੁਸ਼ਮਣਾਂ ਨਾਲੋਂ ਬੇਹੱਦ ਚਤਰ ਤੇ ਫਰੇਬੀ ਹੈ ਅਤੇ ਟਾਕਰਾ ਕਰਨ ਵਾਲੀ ਧਿਰ ਕੋਲ ਪਹਿਲਾਂ ਵਾਲੇ ਇਖਲਾਕ, ਜ਼ਾਬਤੇ ਅਤੇ ਹੌਸਲੇ ਦੀ ਕਮੀ ਵੀ ਸ਼ਪਸਟ ਝਲਕ ਰਹੀ ਹੈ। ਆਪਸੀ ਏਕਤਾ ਅਤੇ ਸਿਆਸੀ ਸੂਝ-ਬੂਝ ਨਾਲ ਹੀ ਇਸ ਸਥਿਤੀ ਵਿੱਚ ਮੋੜਾ ਪਾਇਆ ਸਕਦਾ ਹੈ।
ਪਰ ਸਥਾਪਤ ਧਾਰਮਿਕ-ਰਾਜਸੀ ਧੜਿਆਂ ਅਤੇ ਇਨ੍ਹਾਂ ਦੇ ਆਗੂਆਂ ਤੋਂ ਸਿਰ ਜੋੜਨ ਤੇ ਕਿਸੇ ਇਖਲਾਕੀ ਸਿਆਣਪ ਦੀ ਆਸ ਕਰਨੀ ਮੂਰਖਤਾ ਹੋਵੇਗੀ। ਅੱਜ ਸਮਾਂ ਕਿ ਇਮਾਨਦਾਰ ਤੇ ਸੁਹਿਰਦ ਪੰਥਕ ਵਰਕਰ, ਧੜਿਆਂ ਅਤੇ ਸ਼ਖਸੀਅਤਾਂ ਦੀ ਗੁਲਾਮੀ ਛੱਡ ਕੇ ਸ਼੍ਰੋਮਣੀ ਕਮੇਟੀ ਦੇ ਹਲਕਾ ਪੱਧਰ ਉੱਪਰ ਜੱਥੇਬੰਦ ਹੋਣ ਅਤੇ ਆਉਣ ਵਾਲੀਆਂ ਚੋਣਾਂ ਲਈ ਹੁਣ ਤੋਂ ਹਲਕਾ ਪੱਧਰ ਉੱਪਰ ਚੰਗੇ ਗੁਰਸਿੱਖ ਉਮੀਦਵਾਰ ਨਾਮਜ਼ਦ ਕਰਨ। ਸੰਗਤੀ ਏਕਤਾ ਰਾਹੀਂ ਸਾਰਿਆਂ ਧੜਿਆਂ ਉੱਪਰ ਇਹ ਇਖਲਾਕੀ ਦਬਾਅ ਸਿਰਜਿਆ ਜਾਵੇ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਥਾਪਤ ਰਾਜਸੀ ਧੜੇ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ। ਇਤਿਹਾਸ ਗਵਾਹ ਹੈ ਕਿ ਧੜਿਆਂ ਵੱਲੋਂ ਜਿੱਤ ਕੇ ਆਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਕਦੇ ਵੀ ਮੁਸ਼ਕਲ ਸਮੇਂ ਪੰਥ ਨਾਲ ਨਹੀਂ ਖੜ੍ਹੇ ਹਨ।
ਸਾਡੀ ਮੌਜੂਦਾ ਸਥਿਤੀ ਲਈ ਬਾਗੀ, ਦਾਗ਼ੀ ਅਤੇ ਧੁੰਮੇ ਦੀ ਅਗਵਾਈ ਵਾਲਾ ਸਾਧ ਟੋਲਾ ਬਰਾਬਰ ਦੇ ਭਾਗੀਦਾਰ ਹਨ। ਬਾਦਲਾਂ ਨੂੰ ਪੰਥ ਨਕਾਰ ਚੁੱਕਿਆ ਹੈ, ਪਰ ਬਾਦਲਾਂ ਖਿਲਾਫ ‘ਸ੍ਰੀ ਅਕਾਲ ਮਹਾਨ ਹੈ’ ਦੇ ਨਾਅਰੇ ਲਾਉਣ ਵਾਲੀ ਇਹ ਭੀੜ ਵੀ ਭਾਜਪਾ ਦੀ ਹੀ ‘ਬੀ’ ਟੀਮ ਹੈ; ਪਰ ਕਈ ਇਮਾਨਦਾਰ ਅਤੇ ਜਜ਼ਬਾਤੀ ਪੰਥ ਦਰਦੀ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਇਨ੍ਹਾਂ ਦਾ ਸਾਥ ਦੇ ਰਹੇ ਹਨ। ਭਾਜਪਾ ਇਹ ਗੱਲ ਬਹੁਤ ਸਮਾਂ ਪਹਿਲਾ ਸਮਝ ਚੁਕੀ ਹੈ ਕਿ ਬਾਦਲਾਂ ਦੀ ਅਗਵਾਈ ਵਿੱਚ ਹੁਣ ਸਿੱਖਾਂ ਨੂੰ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ। ਇਸ ਕਰਕੇ ਭਾਜਪਾ ਅਤੇ ਕੇਂਦਰੀ ਏਜੰਸੀਆਂ ਸਿੱਖਾਂ ਵਿੱਚ ਆਪਣੀ ਪਸੰਦ ਦੀ ਲੀਡਰਸ਼ਿਪ ਪੈਦਾ ਕਰਨ ਲਈ ਵੱਖ ਵੱਖ ਤਜਰਬੇ ਕਰ ਰਹੀਆਂ ਹਨ। ਇਨ੍ਹਾਂ ਤਜਰਬਿਆਂ ਤਹਿਤ ਹੀ ਭਾਜਪਾ ਨੇ ਧੁੰਮੇ ਪਹਿਲਵਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕੇਂਦਰੀ ਏਜੰਸੀਆਂ ਨੂੰ ਇਸ ਵਕਤ ਇਹ ਡਰ ਸਤਾ ਰਿਹਾ ਹੈ ਕਿ ਅਜਿਹੇ ਮਾਹੌਲ ਵਿੱਚ ਜੇਕਰ ਸਿੱਖ ਪੰਥ ਵਿੱਚ ਕੋਈ ਅਜਿਹੀ ਆਜ਼ਾਦਾਨਾ ਲੀਡਰਸ਼ਿਪ ਉੱਭਰ ਕੇ ਸਾਹਮਣੇ ਆ ਗਈ, ਜੋ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੋਈ ਤਾਂ ਸਥਿਤੀ ਖਤਰਨਾਕ ਹੋ ਜਾਵੇਗੀ। ਕੇਂਦਰੀ ਏਜੰਸੀਆਂ ਪੁਰਾਣੀ ਲੀਡਰਸ਼ਿਪ ਵਿੱਚੋਂ ਆਪਣੇ ਅਜ਼ਮਾਏ ਆਗੂਆਂ ਨੂੰ ਨਵੀ ਪਛਾਣ ਅਤੇ ਨਾਅਰਿਆਂ ਦੇ ਨਾਮ ਹੇਠ ਸਿੱਖਾਂ ਉਪਰ ਠੋਸਣ ਦੇ ਯਤਨ ਕਰ ਰਹੀਆਂ ਹਨ। ਧੁੰਮਾ ਕੇਂਦਰੀ ਹਾਕਮਾਂ ਦਾ ਨਵਾਂ ਮਸੌਦਾ/ਪੈਕੇਜ ਲੈ ਕੇ ਮੈਦਾਨ ਵਿੱਚ ਉਤਰਿਆ ਹੈ। ਅੰਦਰਖਾਤੇ ਤਿਆਰ ਕੀਤੇ ਗਏ ਇਸ ਮਸੌਦੇ ਨੂੰ ਧਾਮੀ, ਭੂੰਦੜ, ਮਜੀਠੀਏ ਸਮੇਤ ਬਾਗ਼ੀ ਧਿਰ ਦੇ ਕਈ ਆਗੂਆਂ ਦੀ ਵੀ ਹਮਾਇਤ ਹਾਸਲ ਹੈ। ਇਸ ਮਸੌਦੇ ਦਾ ਮਕਸਦ ਦਬਾਅ ਸਿਰਜ ਕੇ ਸੁਖਬੀਰ ਨੂੰ ਪ੍ਰਧਾਨਗੀ ਤੋ ਲਾਂਬੇ ਹੋਣ ਲਈ ਸਹਿਮਤ ਕਰਨਾ ਅਤੇ ਕੇਂਦਰੀ ਏਜੰਸੀਆਂ ਦੇ ਵਿਸ਼ਵਾਸਯੋਗ ਕਿਸੇ ਆਗੂ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਪੁਨਰ ਗਠਨ ਦੀ ਯੋਜਨਾ ਹੈ; ਪਰ ਸੁਖਬੀਰ ਦੀ ਚਾਪਲੂਸ ਜੁੰਡਲੀ ਇਸ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹੈ। ਇਹ ਜੁੰਡਲੀ ਜਾਣਦੀ ਹੈ ਕਿ ਜੇ ਝੋਟਾ (ਸੁਖਬੀਰ) ਮਰ ਗਿਆ ਤਾਂ ਜੂੰਆਂ (ਚਾਪਲੂਸ) ਨਾਲ ਹੀ ਸਿਆਸੀ ਮੌਤ ਮਰ ਜਾਣਗੇ।
ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਧੁੰਮੇ ਵਾਲੇ ਮਸੌਦੇ ਨੂੰ ਅਮਿੱਤ ਸ਼ਾਹ ਦੀ ਸਰਪ੍ਰਸਤੀ ਵਿੱਚ ‘ਅਜੀਤ’ ਅਖਬਾਰ ਦੇ ਐਡੀਟਰ ਕਾਮਰੇਡ ਬਰਜਿੰਦਰ ਹਮਦਰਦ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰੇ ਨੇ ਤਿਆਰ ਕੀਤਾ ਹੈ। ਇਸ ਤਰ੍ਹਾਂ ਇਹ ਅਕਾਲੀ ਦਲ ਦੇ ਪੁਨਰਗਠਨ ਦੇ ਨਾਮ ਹੇਠ ਸਿੱਖਾਂ ਨਾਲ ਨਵਾਂ ਧੋਖਾ ਹੋਵੇਗਾ। ਸਿੱਖ ਲੀਡਰਸ਼ਿਪ ਦਾ ਖ਼ਲਾਅ ਬਣਿਆ ਰਹਿਣਾ ਐਨਾ ਨੁਕਸਾਨਦਾਇਕ ਨਹੀ, ਪਰ ਇਸ ਦੇ ਮੁਕਾਬਲੇ ਧੁੰਮੇ ਦੀ ਅਗਵਾਈ ਵਿੱਚ ਸਿਰਜੀ ਜਾ ਰਹੀ ਮ੍ਰਿਗ ਤ੍ਰਿਸ਼ਨਾ ਬਹੁਤ ਹੀ ਤਬਾਹਕੁੰਨ ਹੋਵੇਗੀ!