ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ

ਆਮ-ਖਾਸ ਵਿਚਾਰ-ਵਟਾਂਦਰਾ

ਸਾਕਾ ਨਨਕਾਣਾ ਸਾਹਿਬ (5)
ਕਬਜ਼ੇ ਦੀ ਤਿਆਰੀ ਅਤੇ ਚਾਰਾਜੋਈਆਂ
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ।

ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਹਥਲੀ ਕਿਸ਼ਤ ਵਿੱਚ ਕਬਜ਼ੇ ਦੀ ਤਿਆਰੀ ਅਤੇ ਚਾਰਾਜੋਈਆਂ ਦਾ ਵੇਰਵਾ ਪੇਸ਼ ਹੈ… ਪ੍ਰਬੰਧਕੀ ਸੰਪਾਦਕ

ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
16 ਫਰਵਰੀ ਨੂੰ ਵੱਖ ਵੱਖ ਥਾਵਾਂ ’ਤੇ ਬੈਠੇ ਸਿੱਖਾਂ ਨੂੰ ਸ. ਝੱਬਰ ਨੇ ਆਪਣੇ ਵੱਲੋਂ ਚਿੱਠੀਆਂ ਲਿਖੀਆਂ। ਜਿਵੇਂ ਜਿਵੇਂ ਸਾਧਨ ਮਿਲੇ, ਕਾਸਦ ਇਹ ਚਿੱਠੀਆਂ ਲੈ ਕੇ ਰਵਾਨਾ ਹੋ ਗਏ। ਇਨ੍ਹਾਂ ਵਿੱਚੋਂ ਕੁਝ ਬੰਦੇ ਘੋੜਿਆਂ ਅਤੇ ਕੁਝ ਰੇਲਾਂ ’ਤੇ ਹੋ ਤੁਰੇ। ਇਨ੍ਹਾਂ ਚਿੱਠੀਆਂ ਵਿੱਚ ਬਾਕਾਇਦਾ ਪ੍ਰੋਗਰਾਮ ਲਿਖ ਕੇ ਦੱਸਿਆ ਗਿਆ ਸੀ ਕਿ ਕਿਹੜੇ ਬੰਦੇ ਨੇ ਕਿਹੜੇ ਰਾਹ ਆਉਣਾ ਹੈ ਤੇ ਕਿੱਥੇ ਪੜਾਅ ਕਰਨਾ ਹੈ। ਮਿਸਾਲ ਦੇ ਤੌਰ ’ਤੇ ਕੁਝ ਜਥਿਆਂ ਦਾ ਪ੍ਰੋਗਰਾਮ ਇਸ ਤਰ੍ਹਾਂ ਸੀ:
ਅਕਾਲੀ ਦਲ ਖਰਾ ਸੌਦਾ ਬਾਰ ਦਾ ਜਥਾ ਗੁਰਦੁਆਰਾ ਸੱਚਾ ਸੌਦਾ ਤੋਂ 19 ਤਾਰੀਕ ਸ਼ਾਮ ਨੂੰ ਤੁਰ ਕੇ ਬੁੱਟਰੀਂ ਰੁਕੇਗਾ। ਇੱਥੇ ਜਥੇ ਦਾ ਲੰਗਰ ਤਿਆਰ ਹੋਵੇਗਾ। ਸ਼ੇਖੂਪੁਰਾ, ਮਿਰਜ਼ਾ, ਕੁਰਲਕੇ ਤੇ ਮਲੀਯਾ ਵੱਲੋਂ ਆਉਣ ਵਾਲੇ ਬੁੱਟਰੀਂ ਨਹਿਰ ਦੇ ਪੁਲ ’ਤੇ ਇਕੱਠੇ ਹੋਣਗੇ। ਖਰੇ ਸੌਦੇ ਵਾਲਾ ਜਥਾ ਵੀ ਉਨ੍ਹਾਂ ਨਾਲ ਇੱਥੋਂ ਰਲੇਗਾ। ਇਹ ਜਥਾ ਅਗਾਂਹ ਚੱਲ ਕੇ ਰਾਤ ਦੇ ਦਸ ਵਜੇ ਮਾਨਾਂਵਾਲੀ ਨਹਿਰ ਦੇ ਪੁਲ ’ਤੇ ਰਾਤ ਦੇ 10 ਵਜੇ ਤਕ ਪਹੁੰਚ ਜਾਵੇਗਾ, ਜਿੱਥੇ ਉਨ੍ਹਾਂ ਦਾ ਮੇਲ ਖਾਰਿਆਂ ਵਾਲਾ ਅਤੇ ਭਿੱਖੀ ਦੇ ਜਥੇ ਨਾਲ ਹੋਵੇਗਾ। ਇਹ ਸਾਰਾ ਜਥਾ ਰਾਤ 12 ਵਜੇ ਚੰਦਰਕੋਟ ਨਹਿਰ ਦੀ ਝਾਲ ’ਤੇ ਪੁੱਜ ਜਾਵੇਗਾ। ਉਥੇ ਇਸਦਾ ਮੇਲ ਬਾਗਾਂ ਵਾਲਾ, ਜੈ ਸਿੰਘ, ਗੁਰਮੂਲਾ ਅਤੇ ਚੱਬਾ ਗਿੱਲ ਵਾਲੇ ਜਥਿਆਂ ਨਾਲ ਹੋਵੇਗਾ। ਇੱਥੇ ਹੀ ਟਹਿਲ ਸਿੰਘ ਅਤੇ ਲਛਮਣ ਸਿੰਘ ਦਾ ਜਥਾ ਵੀ ਆ ਕੇ ਮਿਲੇਗਾ। ਇਹ ਸਾਰੇ ਜਥੇ ਜੇ ਟਾਇਮ ਸਿਰ ਇਕੱਠੇ ਹੁੰਦੇ ਹਨ ਤਾਂ ਇੱਥੋਂ 12 ਵਜੇ ਚਾਲੇ ਪਾ ਦੇਣਗੇ। ਜੇ ਕੋਈ ਜਥਾ ਨਹੀਂ ਪਹੁੰਚਦਾ ਤਾਂ ਉਸਦੀ ਤੜਕੇ 2 ਵਜੇ ਤਕ ਉਡੀਕ ਕੀਤੀ ਜਾਵੇਗੀ, ਉਪਰੰਤ ਜਥਾ 2 ਵਜੇ ਇੱਥੋਂ ਹਰ ਹਾਲਤ ਨਨਕਾਣਾ ਸਾਹਿਬ ਲਈ ਤੁਰ ਪਵੇਗਾ।
ਇਸੇ ਤਰ੍ਹਾਂ ਲਹਿੰਦੇ ਵਾਲੇ ਪਾਸਿਓਂ ਆਉਣ ਵਾਲੇ ਜਥਿਆਂ ਲਈ ਵੀ ਇਸੇ ਤਰ੍ਹਾਂ ਦਾ ਪ੍ਰੋਗਰਾਮ ਹੀ ਬਣਾਇਆ ਗਿਆ ਸੀ। ਇਨ੍ਹਾਂ ਵਿੱਚ ਵਿਰਕਾਂ ਦੇ ਸੱਤ ਪਿੰਡਾਂ ਦੇ ਜਥੇ, ਇਨੋਆਣਾ ਜ਼ੈਲ ਵਿਚਲੇ ਪਿੰਡਾਂ ਅਤੇ ਲਾਇਲਪੁਰ ਦੇ ਜਥੇ ਸ਼ਾਮਿਲ ਸਨ। ਸਾਰੇ ਜਥਿਆਂ ਨੂੰ ਇਹ ਕਿਹਾ ਗਿਆ ਸੀ ਕਿ 19 ਤਰੀਕ ਸ਼ਾਮ ਤਕ ਨਨਕਾਣਾ ਸਾਹਿਬ ਤੋਂ ਲਗਭਗ ਪੰਦਰਾਂ ਕੋਹ ਦੀ ਦੂਰੀ ’ਤੇ ਅਪੜ ਜਾਣ। ਗੁਰਦੁਆਰਾ ਸੱਚਾ ਸੌਦਾ ਨਨਕਾਣਾ ਸਾਹਿਬ ਤੋਂ ਪੰਦਰਾ ਕੋਹ ਦੂਰ ਹੈ। ਇਨ੍ਹਾਂ ਜਥਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਾਰਾਂ ਕੋਹ ਦੂਰ ਕਿਸੇ ਪਿੰਡ ਵਿੱਚ ਦੀਵਾਨ ਕਰਨ ਦੇ ਬਹਾਨੇ ਆਪਣਾ ਪੜਾਅ ਕਰਨ ਅਤੇ ਦਿਨ ਦੇ ਛੁਪਾ ਨਾਲ ਨਨਕਾਣਾ ਸਾਹਿਬ ਵੱਲ ਕੂਚ ਕਰਨ। ਸਾਰੇ ਜਥੇ ਇਹ ਪਹਿਰ ਰਾਤ ਰਹਿੰਦੀ ਨਨਕਾਣਾ ਸਾਹਿਬ ਭੱਠਿਆਂ ’ਤੇ ਇਕੱਠੇ ਹੋਣ।
ਕਿਸੇ ਨੂੰ ਘਰੋਂ ਗ੍ਰਿਫਤਾਰ ਕਰਨ ਜਾਂ ਹੋਰ ਕਿਸੇ ਤਰੀਕੇ ਦਾ ਹਮਲਾ ਕਰਨ ਲਈ ਹਮੇਸ਼ਾ ਤੜਕੇ ਦਾ ਸਮਾਂ ਹੀ ਬਿਹਤਰ ਰਹਿੰਦਾ ਹੈ। ਸ. ਝੱਬਰ ਨੇ ਵੀ ਇਸੇ ਨੀਤੀ ਤਹਿਤ ਤੜਕੇ ਮਹੰਤ ਅਤੇ ਉਸਦੇ ਗੁੰਡਿਆਂ ਨੂੰ ਤੜਕੇ ਹੀ ਦਬੋਚਣ ਦੀ ਨੀਤੀ ਅਪਣਾਈ ਸੀ।
ਮਹੰਤ ਨੂੰ ਕਬਜ਼ੇ ਦੀ ਤਰੀਕ ਗਲਤ ਮਿਲੀ
ਉਧਰ ਨਰਇਣ ਦਾਸ ਨੂੰ ਇੱਕ ਸੂਹੀਏ ਨੇ ਲਾਇਲਪੁਰੋਂ ਤਾਰ ਰਾਹੀਂ ਇਹ ਇਤਲਾਹ ਦਿੱਤੀ ਕਿ ਅਕਾਲੀ 19 ਫਰਵਰੀ ਨੂੰ ਕਬਜ਼ਾ ਕਰਨ ਲਈ ਆ ਰਹੇ ਹਨ। ਮਹੰਤ ਨੇ ਇਸ ਦਿਨ ਹੋਰ ਬਦਮਾਸ਼ ਇਕੱਠੇ ਕਰ ਲਏ, ਪਰ ਸਾਰੀ ਦਿਹਾੜੀ ਉਡੀਕ ਤੋਂ ਬਾਅਦ ਜਦੋਂ ਕੋਈ ਨਾ ਆਇਆ ਤਾਂ ਮਹੰਤ ਨੇ ਸੋਚਿਆ ਕਿ ਹੁਣ ਕੋਈ ਨੀਂ ਆਉਂਦਾ ਤੇ ਆਪ ਕੁਝ ਬੰਦਿਆਂ ਨੂੰ ਲੈ ਕੇ ਲਾਹੌਰ ਕਾਨਫਰੰਸ ’ਤੇ ਜਾਣ ਲਈ ਨਨਕਾਣਾ ਸਾਹਿਬ ਸਟੇਸ਼ਨ ਤੋਂ ਸ਼ਾਮ ਪੰਜ ਵਜੇ ਵਾਲੀ ਗੱਡੀ ਚੜ੍ਹ ਬੈਠਾ, ਇਸੇ ਰੇਲ ਤੋਂ ਨਨਕਾਣਾ ਸਾਹਿਬ ਰਹਿਣ ਵਾਲੀ ਇੱਕ ਔਰਤ ਉਤਰੀ ਸੀ, ਜੋ ਜੜ੍ਹਾਂਵਾਲੇ ਪਾਸਿਓਂ ਆਈ ਸੀ। ਗੱਡੀ ਭਾਵੇਂ ਤੁਰ ਪਈ ਸੀ, ਪਰ ਉਹਨੇ ਉੱਚੀ ਬਾਂਹ ਕਰਕੇ ਆਖਿਆ, “ਵੇ ਮਹੰਤਾਂ! ਤੂੰ ਇੱਥੇ ਪਿਆ ਵੈਂਦਾ ਏ, ਇਹ ਕਾਲੀਆਂ ਪੱਗਾਂ ਤੇ ਛੁਰਿਆਂ ਵਾਲੇ ਤਾਂ ਬੁਚਿਆਣੇ ਰੇਲਵੇ ਟੇਸ਼ਨ ਆ ਉਤਰੇ ਨੇ।”
ਇਹ ਸੁਣਦਿਆਂ ਸਾਰ ਮਹੰਤ ਚਲਦੀ ਗੱਡੀ ’ਚੋਂ ਛਾਲ ਮਾਰ ਕੇ ਉਤਰ ਗਿਆ। ਉਸਦੇ ਕੁਝ ਸਾਥੀ ਵੀ ਛਾਲਾਂ ਮਾਰ ਕੇ ਉਤਰ ਗਏ ਤੇ ਕੁਝ ਅਗਲੇ ਸਟੇਸ਼ਨ ਵਕੀਲਵਾਲੇ ਉਤਰ ਕੇ ਵਾਪਸ ਆ ਗਏ।
ਕਿਹਾ ਤਾਂ ਇਹ ਜਾਂਦਾ ਹੈ ਕਿ ਅਠਾਰਾਂ ਫਰਵਰੀ ਨੂੰ ਕਬਜ਼ੇ ਖਾਤਰ ਜਦੋਂ ਗੁਰਦੁਆਰਾ ਸਿੰਘ ਸਭਾ ਲਾਇਲਪੁਰ ਵਿੱਚ ਮੀਟਿੰਗ ਹੋ ਰਹੀ ਸੀ, ਉਸ ਵਿੱਚ ਕੋਈ ਮਹੰਤ ਦਾ ਸੂਹੀਆ ਹਾਜ਼ਰ ਸੀ, ਜੀਹਨੇ ਮਹੰਤ ਨੂੰ 19 ਫਰਵਰੀ ਨੂੰ ਅਕਾਲੀਆਂ ਵੱਲੋਂ ਕਬਜ਼ੇ ਕਰਨ ਦੀ ਇਤਲਾਹ ਦਿੱਤੀ; ਪਰ ਇਹ ਗੱਲ ਬਿਲਕੁਲ ਸੰਭਵ ਹੈ ਕਿ ਜਥੇਦਾਰ ਝੱਬਰ ਨੇ ਮਹੰਤ ਨੂੰ ਗੁੰਮਰਾਹ ਕਰਨ ਲਈ 20 ਦੀ ਥਾਂ 19 ਤਰੀਕ ਦੀ ਸੂਚਨਾ ਉਸਦੇ ਸੂਹੀਏ ਰਾਹੀਂ ਖੁਦ ਹੀ ਪੁਚਾਈ ਹੋਵੇ।
ਕਬਜ਼ਾ ਅਪ੍ਰੇਸ਼ਨ ਦੀ ਵਿਉਂਤਬੰਦੀ
ਸ. ਕਰਤਾਰ ਸਿੰਘ ਝੱਬਰ ਨੇ ਕਬਜ਼ਾ ਕਰਨ ਲਈ ਜਿਸ ਤਰ੍ਹਾਂ ਐਨ ਫੌਜੀ ਕਮਾਂਡੋ ਐਕਸ਼ਨ ਦੀ ਤਰਜ਼ ’ਤੇ ਜਿਸ ਤਰ੍ਹਾਂ ਵਿਉਂਤਬੰਦੀ ਕੀਤੀ, ਉਸ ਤੋਂ ਇਹ ਜਾਪਦਾ ਹੈ ਕਿ ਉਸਦੇ ਨਾਲ ਕੋਈ ਸਾਬਕਾ ਫੌਜੀ ਵੀ ਜ਼ਰੂਰ ਸਲਾਹਕਾਰ ਹੋਵੇਗਾ। ਕਬਜ਼ਾ ਅਪ੍ਰੇਸ਼ਨ ਦੇ ਆਖਰੀ ਪੜਾਅ ਦੀ ਵਿਉਂਤਬੰਦੀ ਇਸ ਤਰ੍ਹਾਂ ਸੀ:
ਗੁਰਦੁਆਰਾ ਜਨਮ ਅਸਥਾਨ ਕੁਝ ਪਿਛੇ ਹਟਵਾਂ ਇੱਕ ਆਊਟਰ ਰਿੰਗ (ਬਾਹਰੀ ਘੇਰਾ) ਬਣਾਇਆ ਜਾਵੇਗਾ। ਇਸ ਘੇਰੇ ’ਤੇ ਇੱਕ ਸੌ ਘੋੜ ਸਵਾਰਾਂ ਅਤੇ ਇੱਕ ਸੌ ਪੈਦਲ ਸਿੰਘਾਂ ਦਾ ਪਹਿਰਾ ਹੋਵੇਗਾ। ਇਸ ਘੇਰੇ ਤੋਂ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾਵੇਗਾ ਤੇ ਨਾ ਹੀ ਕੋਈ ਬਾਹਰੋਂ ਅੰਦਰ ਆਉਣ ਦਿੱਤਾ ਜਾਵੇਗਾ।
ਦੂਜਾ ਜਥਾ ਇਸ ਘੇਰੇ ਵਿੱਚ ਪੈਂਦੇ ਸਾਰੇ ਘਰਾਂ ਦੇ ਬਾਹਰੋਂ ਕੁੰਡੇ ਮਾਰ ਦੇਵੇਗਾ। ਹੋਰ ਵੀਹ ਵੀਹ ਸਿੰਘਾਂ ਦੇ ਜਥੇ ਗਲੀਆਂ ਅਤੇ ਵਿਹੜਿਆਂ ਵਿੱਚ ਪਹਿਰਾ ਦੇਣਗੇ ਤੇ ਗਸ਼ਤ ਕਰਨਗੇ। ਕਿਸੇ ਵੀ ਸ਼ਹਿਰੀ ਨੂੰ ਤੁਰਨ ਫਿਰਨ ਅਤੇ ਉਚਾ ਬੋਲਣ ਦੀ ਇਜਾਜ਼ਤ ਨਹੀਂ ਦੇਣਗੇ। ਭਾਵ ਐਨ ਕਰਫਿਊ ਵਾਲੀ ਹਾਲਤ ਬਣਾ ਦਿੱਤੀ ਜਾਣੀ ਸੀ। ਚਾਰ ਨੰਬਰ ਦਾ ਜਥਾ ਮਹੰਤ ਦੇ ਮਕਾਨ ’ਤੇ ਧਾਵਾ ਬੋਲੇ ਜੋ ਦਰਵਾਜ਼ਾ ਭੰਨ ਕੇ ਅੰਦਰ ਵੜ ਜਾਵੇ। ਜੇ ਮਹੰਤ ਲੱਭਦਾ ਹੈ ਤਾਂ ਉਸ ਨੂੰ ਕਾਬੂ ਕਰੇ ਅਤੇ ਕਬਜ਼ੇ ਵੀ ਕਰੇ। ਇੱਥੇ ਜੇ ਵਾਲੀ ਗੱਲ ਤਾਂ ਕੀਤੀ ਗਈ ਸੀ, ਕਿਉਂਕਿ ਉਸ ਦਿਨ ਮਹੰਤ ਦਾ ਲਾਹੌਰ ਵਿੱਚ ਹੋਣ ਦਾ ਪ੍ਰੋਗਰਾਮ ਸੀ, ਪਰ ਇਸ ਗੱਲ ਦੀ ਸੰਭਾਵਨਾ ਦਾ ਅੰਦਾਜ਼ਾ ਵੀ ਲਾ ਲਿਆ ਸੀ ਕਿ ਮੰਨ ਲਉ ਮਹੰਤ ਉਸ ਦਿਨ ਨਨਕਾਣੇ ਹੀ ਹੋਵੇ।
ਪੰਜਵੇਂ ਜਥੇ ਨੂੰ ਹੁਕਮ ਇਹ ਸੀ ਕਿ ਉਹ ਮਹੰਤ ਦੀ ਬੈਠਕ ’ਤੇ ਪੌੜੀਆਂ ਲਾ ਕੇ ਚੜ੍ਹ ਜਾਵੇ। ਮਹੰਤ ਨੂੰ ਲੱਭੇ ਤੇ ਹਥਿਆਰ ਕਬਜ਼ੇ ਵਿੱਚ ਕਰੇ। ਪੌੜੀਆਂ ਦਾ ਇੰਤਜ਼ਾਮ ਕਰਨ ਲਈ ਭਾਈ ਬੂਟਾ ਸਿੰਘ ਚੱਕ ਨੰਬਰ 204 ਵਾਲੇ ਨੂੰ ਪਹਿਲਾਂ ਹੀ ਨਨਕਾਣੇ ਘੱਲ ਦਿੱਤਾ ਗਿਆ ਸੀ, ਕਿਉਂਕਿ ਗੁਰਦੁਆਰੇ ਦੀ ਚਾਰ-ਦੀਵਾਰੀ ਐਨੀ ਉੱਚੀ ਸੀ ਕਿ ਬਿਨਾ ਪੌੜੀਆਂ ਤੋਂ ਟੱਪਣਾ ਔਖਾ ਸੀ। ਛੇਵਾਂ ਜਥਾ ਗੁਰਦੁਆਰੇ ’ਤੇ ਕਬਜ਼ੇ ਲਈ ਲਾਇਆ ਗਿਆ ਸੀ। ਸੱਤਵੇਂ ਬੰਦੇ ਦੀ ਡਿਊਟੀ ਇਹ ਸੀ ਕਿ ਉਹ ਵੀ ਪੌੜੀਆਂ ਲਾ ਕੇ ਸਰਾਂ ’ਤੇ ਧਾਵਾ ਬੋਲ ਕੇ ਸਰਾਂ ਵਿੱਚ ਸੁੱਤੇ ਮਹੰਤ ਦੇ ਬਦਮਾਸ਼ਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੇ ਮਾਰ ਕੇ ਅੰਦਰ ਹੀ ਤਾੜ ਦਿੱਤਾ ਜਾਵੇ। ਜੇ ਕੋਈ ਬਾਹਰ ਫਿਰਦਾ ਮਿਲੇ ਤਾਂ ਉਹ ਨੂੰ ਫੜਕੇ ਜਦੇ ਹੀ ਮੁਸ਼ਕਾਂ ਨਾਲ ਬੰਨ੍ਹ ਦਿੱਤਾ ਜਾਵੇ।
ਮੌਕੇ ’ਤੇ ਕਮਾਂਡ ਦੇਣ ਲਈ ਜਥੇਦਾਰ ਝੱਬਰ ਨੂੰ ਗੁਰਦੁਆਰੇ ਦੇ ਵਿਹੜੇ ਵਿੱਚ ਬਰੋਟਿਆਂ ਥੱਲ੍ਹੇ ਖੜ੍ਹੇ ਰਹਿਣਾ ਸੀ। ਉਸਦੇ ਨਾਲ ਸਿੰਘਾਂ ਦਾ ਇੱਕ ਰਿਜ਼ਰਵ ਜਥਾ ਵੀ ਹਾਜ਼ਰ ਰਹਿਣਾ ਸੀ। ਇਹ ਦੱਸਿਆ ਗਿਆ ਸੀ ਕਿ ਜੇ ਕਿਸੇ ਨੂੰ ਕੋਈ ਲੋੜ ਪਵੇ, ਉਹ ਸ. ਝੱਬਰ ਨੂੰ ਬਰੋਟਿਆਂ ਥੱਲੇ ਮਿਲੇ।
ਕਬਜ਼ਾ ਅਪ੍ਰੇਸ਼ਨ ਦੀ ਸਫਲਤਾ ਤੋਂ ਬਾਅਦ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ: ਜੇ ਮਹੰਤ ਲੱਭ ਪਏ ਤਾਂ ਉਸ ਵੇਲੇ ਮਹੰਤ ਨੂੰ ਊਠ ਦੇ ਅਗਲੇ ਆਸਣ ’ਤੇ ਮੁਸ਼ਕਾਂ ਬੰਨ੍ਹ ਕੇ ਬਿਠਾਇਆ ਜਾਵੇ ਤੇ ਪਿਛਲੇ ਆਸਣ ’ਤੇ ਇੱਕ ਸਿੰਘ ਤੇਜ ਤਲਵਾਰ ਨੰਗੀ ਕਰਕੇ ਬੈਠਾ ਹੋਵੇ ਤੇ 25 ਘੋੜ ਸਵਾਰ ਨਾਲ ਛਵੀਆਂ ਵਾਲੇ ਹੋਣ। ਨਨਕਾਣਾ ਸਾਹਿਬ ਤੋਂ ਊਠ ਭਜਾ ਕੇ ਸੱਚੇ ਸੌਦੇ ਪੁੱਜ ਜਾਵੇ। ਇੱਥੇ ਲਹਿੰਦੇ ਬੁਰਜ ਦੀ ਹੇਠਲੀ ਕੋਠੀ ਵਿੱਚ ਜੋ ਤਹਿਖਾਨਾ ਸੀ, ਉਸ ਵਿੱਚ ਲਿਆ ਕੇ ਬੰਦ ਕਰਕੇ ਪਹਿਰਾ ਲਾ ਦਿੱਤਾ ਜਾਵੇ। ਉਧਰ ਦਿਨ ਚੜ੍ਹੇ ਇੱਕ-ਇੱਕ ਬਦਮਾਸ਼ ਨੂੰ ਸਰਾਂ ਤੋਂ ਬਾਹਰ ਲਿਆ ਕੇ ਲੰਮੇ ਪਾ ਕੇ ਦੋ ਜੁਆਨ ਸੋਲ੍ਹੀਆਂ ਵਾਲੇ ਉਪਰ ਲਾਏ ਜਾਣ, ਜੋ ਛਿੱਤਰ ਮਾਰ ਕੇ ਫਿਰ ਕਾਲਾ ਮੂੰਹ ਕਰਕੇ ਪੰਜ ਸਿੰਘ ਲੈ ਕੇ ਟੁਰ ਪੈਣ ਤੇ ਨਨਕਾਣੇ ਸਾਹਿਬ ਦੀ ਬੁਰਜੀ ਵਿੱਚੋਂ ਕੱਢ ਆਉਣ ਤਾਂ ਕਿ ਇਨ੍ਹਾਂ ਨੂੰ ਮਹੰਤ ਤੋਂ ਤਨਖਾਹ ਲੈ ਕੇ ਸਿੰਘਾਂ ਨਾਲ ਮੁਕਾਬਲਾ ਕਰਨ ਦਾ ਸੁਆਦ ਚਖਾਇਆ ਜਾਵੇ। ਇਹ ਕੁਝ ਕਰਦਿਆਂ ਦਿਨ ਚੜ੍ਹ ਜਾਵੇਗਾ। ਸ਼ਹਿਰੀ ਲੋਕ ਹਾਕਮਾਂ ਨੂੰ ਤਾਰਾਂ ਖਬਰਾਂ ਦੇਣਗੇ, ਅਫਸਰ ਜਿਸ ਵੇਲੇ ਮੰਡੀ ਪਾਸ ਆ ਜਾਣਗੇ ਤਾਂ ਝੱਬਰ ਪੰਜ ਵਾਰ ਸੀਟੀ ਮਾਰੇਗਾ, ਸੁਣ ਕੇ ਸਾਰੇ ਜਥੇਦਾਰ ਸੀਟੀਆਂ ਮਾਰਨ ਤੇ ਸਿੰਘ ਸਾਰੇ ਪਹਿਰੇ ਛੱਡ ਕੇ ਗੁਰਦੁਆਰਾ ਜਨਮ ਅਸਥਾਨ ਦੇ ਸਾਹਮਣੇ ਹਥਿਆਰਬੰਦ ਹੋ ਕੇ ਖੜ੍ਹੇ ਹੋ ਜਾਣ; ਜੋ ਕੁਝ ਅਫਸਰ ਪੁੱਛਣਗੇ ਤਾਂ ਝੱਬਰ ਉਤਰ ਦੇਵੇਗਾ। ਇਸਦਾ ਨਤੀਜਾ ਹਾਰ ਜਾਂ ਜਿੱਤ ਗੁਰੂ ਦੇ ਵੱਸ ਹੈ, ਇੱਕ ਜ਼ਰੂਰ ਹੋਵੇਗਾ। ਜੇ ਲੜਾਈ ਹੋ ਕੇ ਇਹ ਸਿੰਘ ਕਤਲ ਹੋ ਗਏ ਤਾਂ ਭੀ ਗੁਰੂ ਕੀ ਸੇਵਾ ਹੈ। ਮਰ ਜਾਣ ਤੋਂ ਬਾਅਦ ਕਿਸੇ ਨੇ ਹਾਰ ਕੋਈ ਆ ਕੇ ਵੇਖਣੀ ਹੈ! ਜੇ ਇਸ ਸਕੀਮ ਨਾਲ ਅਮਨ ਨਾਲ ਕਬਜ਼ਾ ਹੋ ਗਿਆ ਤਾਂ ਪੰਥ ਸਾਡੇ ਨਾਲ ਹੋਵੇਗਾ। ਮਾੜਾ ਕੰਮ ਉਹ ਹੁੰਦਾ ਹੈ, ਜੋ ਆਪਣੇ ਲੋਭ ਲਾਲਚ ਲਈ ਕੀਤਾ ਜਾਵੇ। ਅਸਾਂ ਤਾਂ ਪੰਥ ਦੇ ਭਲੇ ਲਈ ਕੁਰਬਾਨੀ ਕਰਨੀ ਹੈ। ਇਹ ਗੁਰੂ ਦਾ ਕੰਮ ਹੈ, ਗੁਰੂ ਆਪ ਸਾਡੀ ਸਹਾਇਤਾ ਕਰੇਗਾ।
ਸਿੰਘਾਂ ਨੂੰ ਸੁਨੇਹੇ ਦੇਣ ਲਈ ਰੇਲ ਗੱਡੀਆਂ ਅਤੇ ਤਾਰਾਂ ਦਾ ਬਹੁਤ ਇਸਤੇਮਾਲ ਕੀਤਾ ਗਿਆ ਸੀ। ਉਨ੍ਹੀਂ ਦਿਨੀਂ ਤਾਰ ਦੋ ਤਿੰਨ ਘੰਟਿਆਂ ਵਿੱਚ ਹੀ ਆਪਣੇ ਠਿਕਾਣੇ ’ਤੇ ਪਹੁੰਚ ਜਾਂਦੀ ਸੀ। ਤਾਰਾਂ ਵਿੱਚ ਸਿੱਖ ਇਹ ਲਿਖਦੇ ਸਨ ਕਿ ਮੈਂ ਫਲਾਣੀ ਗੱਡੀਂ ਰਾਹੀਂ ਢਿਮਕੇ ਥਾਂ ਜਾ ਰਿਹਾ ਹਾਂ, ਤੁਸੀਂ ਅਮਕੇ ਸਮੇਂ ਫਲਾਣੇ ਰੇਲਵੇ ਸਟੇਸ਼ਨ ’ਤੇ ਸਾਨੂੰ ਮਿਲੋ। ਇਸ ਨਾਲ ਸਫਰ ਵੀ ਜਾਰੀ ਰਹਿੰਦਾ ਸੀ ਤੇ ਸੁਨੇਹੇ ਵੀ ਨਾਲ ਦੀ ਨਾਲ ਲੱਗੀ ਜਾਂਦੇ ਸਨ। ਮਿਸਾਲ ਦੇ ਤੌਰ ’ਤੇ ਸਾਂਗਲੇ ਵਾਲੇ ਸ. ਸੰਤ ਸਿੰਘ ਬਜਾਜ ਨੂੰ ਇਹ ਆਖਿਆ ਗਿਆ ਸੀ ਕਿ 19 ਫਰਵਰੀ ਨੂੰ ਸਵੇਰੇ ਉਨ੍ਹਾਂ ਨੂੰ ਇੱਕ ਤਾਰ ਮਿਲੇਗੀ, ਜਿਸ ਵਿੱਚ ਕੰਬਲ ਦੇ ਕੋਡ ਵਰਡ ਨਾਲ ਗੱਲ ਸਮਝਾਈ ਹੋਵੇਗੀ। ਜੇ ਤਾਰ ਵਿੱਚ ਲਿਖਿਆ ਹੋਵੇ ਕਿ ਕੰਬਲ ਨਹੀਂ ਮਿਲਿਆ ਤਾਂ ਸਮਝੋ ਕਿ ਕਬਜ਼ੇ ਦੇ ਪ੍ਰੋਗਰਾਮ ਵਿੱਚ ਕੋਈ ਵਿਘਨ ਪੈ ਗਿਆ ਹੈ। ਜੇ ਲਿਖਿਆ ਹੋਇਆ ਕਿ ਕੰਬਲ ਮਿਲ ਗਿਆ ਹੈ ਤਾਂ ਸਮਝਿਆ ਜਾਵੇ ਕਿ ਕਬਜ਼ੇ ਦਾ ਪ੍ਰੋਗਰਾਮ ਪੱਕਾ ਹੈ, ਤੁਸੀਂ ਤਿਆਰੀ ਖਿੱਚ ਦਿਓ।
ਨਵੀਂ ਉਮਰ ਦੇ ਬੱਚਿਆਂ ਨੂੰ ਸ਼ਾਇਦ ਤਾਰ ਦਾ ਮਤਲਬ ਅੱਜ ਕਲ੍ਹ ਸਮਝ ਨਾ ਲੱਗੇ। ਤਾਰ ਅੰਗਰੇਜ਼ੀ ਦੇ ਸ਼ਬਦ ਟੈਲੀਗ੍ਰਾਮ ਨੂੰ ਆਖਿਆ ਜਾਂਦਾ ਹੈ। ਇਸ ਨੂੰ ਤਾਰ ਤਾਂ ਕਿਹਾ ਜਾਂਦਾ ਹੈ, ਕਿਉਂਕਿ ਇਹ ਸੁਨੇਹਾ ਤਾਰਾਂ ਵਿੱਚ ਦੀ ਹੋ ਕੇ ਆਉਂਦਾ ਸੀ। ਇਸ ਵਿੱਚ ਸਿਰਫ ਸੰਖੇਪ ਸੁਨੇਹਾ ਹੀ ਦਿੱਤਾ ਜਾ ਸਕਦਾ ਹੈ। ਸੁਨੇਹੇ ਵਿੱਚ ਜਿੰਨੇ ਸ਼ਬਦ ਹੋਣ, ਓਨੇ ਹੀ ਪੈਸੇ ਲੱਗਦੇ ਹਨ।
ਮਾਸਟਰ ਤਾਰਾ ਸਿੰਘ ਹੁਰਾਂ ਵੱਲੋਂ ਕਬਜ਼ੇ ਨੂੰ ਰੋਕਣਾ
ਮਾਸਟਰ ਤਾਰਾ ਸਿੰਘ ਹੁਰਾਂ ਨੇ ਭਾਈ ਬੂਟਾ ਸਿੰਘ ਚੱਕ ਨੰਬਰ 204 ਵਾਲਿਆਂ ਤੋਂ ਕਬਜ਼ੇ ਦੇ ਪ੍ਰੋਗਰਾਮ ਦੀ ਸੂਹ ਮਿਲ ਗਈ ਸੀ। 18 ਫਰਵਰੀ ਨੂੰ ਗੁਰਦੁਆਰਾ ਸੱਚਾ ਸੌਦਾ ਵਿਖੇ ਭਾਈ ਝੱਬਰ ਨੂੰ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਦੀ ਤਾਰ ਮਿਲੀ ਕਿ ਅਸੀਂ 19 ਤਰੀਕ ਨੂੰ ਲਾਇਲਪੁਰ ਤੋਂ ਲਾਹੌਰ ਰੇਲ ਰਾਹੀਂ ਜਾ ਰਹੇ ਹਾਂ, ਸੋ ਤੁਸੀਂ ਤੜਕੇ ਪੰਜ ਵਜੇ ਸਾਨੂੰ ਚੂਹੜਕਾਨਾ (ਸੱਚਾ ਸੌਦਾ) ਰੇਲਵੇ ਸਟੇਸ਼ਨ ’ਤੇ ਮਿਲੋ। ਤਾਰ ਪੜ੍ਹ ਕੇ ਸ. ਝੱਬਰ ਦਾ ਮੱਥਾ ਠਣਕਿਆ। ਉਨ੍ਹਾਂ ਆਖਿਆ ਕਿ ਸ਼ਾਇਦ ਉਨ੍ਹਾਂ ਨੂੰ ਸਾਡੇ ਪ੍ਰੋਗਰਾਮ ਦੀ ਸੂਹ ਮਿਲ ਗਈ ਹੈ ਤੇ ਉਹ ਸਾਨੂੰ ਰੋਕਣਾ ਚਾਹੁੰਦੇ ਹਨ। ਸ. ਝੱਬਰ ਆਪ ਤਾਂ ਨਾ ਗਏ ਤੇ ਉਨ੍ਹਾਂ ਨੇ ਭਾਈ ਸੁੱਚਾ ਸਿੰਘ ਨੂੰ ਸਟੇਸ਼ਨ ’ਤੇ ਘੱਲਿਆ, ਜਿਥੇ ਮਾਸਟਰ ਤਾਰਾ ਸਿੰਘ ਤੇ ਸਮੁੰਦਰੀ ਸਾਹਿਬ ਨੇ ਪ੍ਰੋਗਰਾਮ ਰੱਦ ਕਰਨ ਲਈ ਆਖਿਆ। ਸ. ਸੁੱਚਾ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਤੁਹਾਡਾ ਸੁਨੇਹਾ ਤਾਂ ਝੱਬਰ ਨੂੰ ਦੇ ਦਿਆਂਗਾ, ਪਰ ਪ੍ਰੋਗਰਾਮ ਰੱਦ ਨਹੀਂ ਹੋ ਸਕਦਾ। ਮਾਸਟਰ ਤਾਰਾ ਸਿੰਘ ਹੋਰੀਂ ਜਦੋਂ ਲਾਹੌਰ ਰੇਲਵੇ ਸਟੇਸ਼ਨ ’ਤੇ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਭਾਈ ਦਲੀਪ ਸਿੰਘ ਸਾਹੋਵਾਲ ਟੱਕਰੇ, ਜੋ ਕਿ ਸ਼ੇਖੂਪੁਰੇ ਜ਼ਿਲ੍ਹੇ ਦੇ ਜਥੇਦਾਰ ਸਨ ਤੇ ਉਨ੍ਹਾਂ ਨੂੰ ਵੀ ਕਬਜ਼ੇ ਦੇ ਪ੍ਰੋਗਰਾਮ ਦਾ ਕੋਈ ਇਲਮ ਨਹੀਂ ਸੀ। ਮਾਸਟਰ ਜੀ ਹੁਰਾਂ ਦੇ ਕਹਿਣ ’ਤੇ ਭਾਈ ਦਲੀਪ ਸਿੰਘ ਨੂੰ ਝੱਬਰ ਨੂੰ ਮਨਾਉਣ ਲਈ ਤੁਰੰਤ ਸੱਚੇ ਸੌਦੇ ਜਾਣ ਲਈ ਰੇਲ ਗੱਡੀ ’ਤੇ ਚੜ੍ਹ ਗਏ।
19 ਤਰੀਕ ਦੀ ਸ਼ਾਮ ਨੂੰ ਭਾਈ ਦਲੀਪ ਸਿੰਘ ਸ਼ਹੀਦ ਅਤੇ ਸ. ਜਸਵੰਤ ਸਿੰਘ ਝਬਾਲੀਆ ਵੀ ਸੱਚੇ ਸੌਦੇ ਪਹੁੰਚੇ ਗਏ। ਉਨ੍ਹਾਂ ਨੇ ਝੱਬਰ ਨੂੰ ਆਖਿਆ ਕਿ ਕੀ ਅੱਜ ਗੁਰਦੁਆਰਾ ਕਮੇਟੀ ਦੀ ਅੰਮ੍ਰਿਤਸਰ ਮੀਟਿੰਗ ਹੋਈ ਹੈ, ਜਿਸ ਵਿੱਚ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਕਿ ਤੁਸੀਂ ਕਬਜ਼ੇ ਦਾ ਪ੍ਰੋਗਰਾਮ ਰੱਦ ਕਰ ਦਿਓ। ਭਾਈ ਝੱਬਰ ਨੇ ਜਵਾਬ ਦਿੱਤਾ ਕਿ ਕਮੇਟੀ ਦੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਦੁਪਹਿਰ ਇੱਕ ਵਜੇ ਸ਼ੁਰੂ ਹੋਣੀ ਸੀ। ਜਿਹੜੀ ਰੇਲ ਗੱਡੀ ’ਤੇ ਤੁਸੀਂ ਆਏ ਹੋ, ਉਹ ਸਵੇਰੇ ਸਾਢੇ 10 ਵਜੇ ਲਾਹੌਰੋਂ ਚੱਲਦੀ ਹੈ, ਸੋ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਮੇਟੀ ਨੇ ਤੁਹਾਨੂੰ ਘੱਲਿਆ ਹੈ। ਸੁਨੇਹਾ ਦੇਣ ਵਾਲੇ ਝੱਟ ਮੰਨ ਗਏ ਕਿ ਕਮੇਟੀ ਨੇ ਨਹੀਂ, ਬਲਕਿ ਕੁਝ ਅਕਾਲੀ ਲੀਡਰਾਂ ਨੇ ਘੱਲਿਆ ਹੈ। ਘੱਲਣ ਵਾਲੇ ਲੀਡਰਾਂ ਦੇ ਨਾਂ ਇਸ ਤਰ੍ਹਾਂ ਗਿਣਾਏ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਅਮਰ ਸਿੰਘ ਝਬਾਲ ਅਤੇ ਸਰਦੂਲ ਸਿੰਘ ਕਵੀਸ਼ਰ ਆਦਿ। ਇਹ ਅਮਰ ਸਿੰਘ ਝਬਾਲ ਉਹੀ ਲੀਡਰ ਹੈ, ਜਿਹੜਾ ਸ. ਝੱਬਰ ਨੂੰ ਗਾਂਧੀ ਦਾ ਕਬਜ਼ੇ ਰੋਕਣ ਵਾਲਾ ਸੁਨੇਹਾ ਲੈ ਕੇ ਉਦੋਂ ਲਾਹੌਰ ਮਿਲਿਆ ਸੀ, ਜਦੋਂ ਸ. ਝੱਬਰ ਪੰਜਾ ਸਾਹਿਬ ’ਤੇ ਕਬਜ਼ੇ ਲਈ ਜਾ ਰਹੇ ਸਨ। ਪੰਜਾ ਸਾਹਿਬ ’ਤੇ ਕਬਜ਼ੇ ਦੀ ਕਾਰਵਾਈ ਜਦੋਂ ਕਾਮਯਾਬੀ ਨਾਲ ਅੱਗੇ ਵਧ ਰਹੀ ਸੀ ਤਾਂ ਉਥੇ ਵੀ ਅਮਰ ਸਿੰਘ ਝਬਾਲ ਕਬਜ਼ਾ ਪ੍ਰੋਗਰਾਮ ਛੱਡ ਕੇ ਵਾਪਸ ਮੁੜਨ ਦੀ ਸਲਾਹ ਦਿੱਤੀ ਸੀ। ਅੱਜ ਵੀ ਕਬਜ਼ਾ ਰੋਕਣ ਦਾ ਸੁਨੇਹਾ ਲਿਆਉਣ ਵਾਲਾ ਜਸਵੰਤ ਸਿੰਘ ਝਬਾਲ, ਅਮਰ ਸਿੰਘ ਝਬਾਲ ਦਾ ਸਕਾ ਭਾਈ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਜਦੋਂ ਕਰਤਾਰ ਸਿੰਘ ਝੱਬਰ ਦਾ ਜਥਾ 1 ਫਰਵਰੀ 1921 ਨੂੰ ਗੁਰਦੁਆਰਾ ਗੁਰੂ ਕੇ ਬਾਗ ’ਤੇ ਕਬਜ਼ਾ ਕਰਕੇ ਮਹੰਤ ਨੂੰ ਗੁਰਦੁਆਰੇ ਵਿੱਚੋਂ ਕੱਢ ਰਿਹਾ ਸੀ ਤਾਂ ਅਮਰ ਸਿੰਘ ਝਬਾਲ ਨੇ ਹੀ ਮਹੰਤ ਨੂੰ ਗੁਰਦੁਆਰੇ ’ਚੋਂ ਨਾ ਕੱਢਣ ਲਈ ਆਖਿਆ ਸੀ; ਪਰ ਸ. ਝੱਬਰ ਇਸ ਲਈ ਬਜ਼ਿੱਦ ਸੀ ਕਿ ਭਾਵੇਂ ਮਹੰਤ ਪੰਥ ਨਾਲ ਗੁਰਦੁਆਰਾ ਛੱਡਣ ਲਈ ਜ਼ੁਬਾਨੀ ਇਕਰਾਰ ਕਰ ਰਿਹਾ ਹੈ, ਪਰ ਇਸਦੀ ਕੋਈ ਕਾਨੂੰਨੀ ਵੁੱਕਤ ਨਹੀਂ ਹੈ। ਸੋ ਅੰਮ੍ਰਿਤਸਰ ਲਿਜਾ ਕੇ ਇਸ ਤੋਂ ਪੱਕਾ ਇਕਰਾਰਨਾਮਾ ਕਰਾਉਣਾ ਹੈ ਤੇ ਘੱਟੋ ਘੱਟ ਇੱਕ ਹਫਤਾ ਇਸਨੂੰ ਗੁਰਦੁਆਰੇ ਤੋਂ ਬਾਹਰ ਰੱਖ ਕੇ ਇਸ ਦਾ ਕਬਜ਼ਾ ਤੋੜਨਾ ਚਾਹੀਦਾ ਹੈ। ਪਰ ਅਮਰ ਸਿੰਘ ਝਬਾਲ ਅਤੇ ਦਾਨ ਸਿੰਘ ਵਛੋਆ ਨੇ ਸ. ਝੱਬਰ ਨੂੰ ਗੁੱਸੇ ਹੋ ਕੇ ਆਖਿਆ ਕਿ ਤੁਸੀਂ ਸਾਡੀ ਲੋਕਲ ਬੰਦਿਆਂ ਦੀ ਰਾਏ ਦੀ ਪ੍ਰਵਾਹ ਨਹੀਂ ਕਰ ਰਹੇ। ਸਾਰੇ ਮਾਮਲੇ ਵਿੱਚ ਲੋਕਲ ਬੰਦਿਆਂ ਦੀ ਹੀ ਚੱਲਣੀ ਚਾਹੀਦੀ ਹੈ। ਅਸੀਂ ਆਖਦੇ ਹਾਂ ਕਿ ਮਹੰਤ ਵੱਲੋਂ ਕੱਚੇ ਕਾਗਜ਼ ’ਤੇ ਕੀਤੀ ਲਿਖਤ ਬਥੇਰੀ ਹੈ। ਝੱਬਰ ਨੇ ਆਖਿਆ ਕਿ ਸ. ਅਮਰ ਸਿੰਘ ਜੀ ਤੁਸੀਂ ਜ਼ਿੱਦ ਕਰ ਰਹੇ ਹੋ, ਮੈਂ ਤੁਹਾਡੇ ਨਾਲ ਕਿਸੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਤੁਸੀਂ ਸਰਾਸਰ ਗਲਤੀ ਕਰ ਰਹੇ ਹੋ। ਇਹੀ ਮਹੰਤ ਬਾਅਦ ਵਿੱਚ ਮੁੱਕਰ ਬੈਠਾ, ਜਿਸ ਕਰਕੇ ਇੱਥੇ ਪੰਥ ਨੂੰ ਇੱਕ ਵੱਡਾ ਮੋਰਚਾ ਲਾਉਣਾ ਪਿਆ, ਜੋ ਕਿ ਗੁਰੂ ਕੇ ਬਾਗ ਮੋਰਚਾ ਨਾਲ ਮਸ਼ਹੂਰ ਹੈ।
ਨਨਕਾਣਾ ਸਾਹਿਬ ’ਤੇ ਕਬਜ਼ੇ ਦਾ ਪ੍ਰੋਗਰਾਮ ਕੈਂਸਲ ਕਰਾਉਣ ਖਾਤਰ ਆਏ ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਨੂੰ ਸ. ਕਰਤਾਰ ਸਿੰਘ ਝੱਬਰ ਨੇ ਆਖਿਆ ਕਿ ਇਸ ਵੇਲੇ ਜ਼ਿਲ੍ਹਾ ਸ਼ੇਖੂਪੁਰਾ ਅਤੇ ਲਾਇਲਪੁਰ ਵਿੱਚ ਨਨਕਾਣਾ ਸਾਹਿਬ ਪੁੱਜਣ ਵਾਸਤੇ ਬੜੀ ਭਾਰੀ ਤਿਆਰੀ ਹੋ ਚੁੱਕੀ ਹੈ, ਇਹੋ ਜਿਹੇ ਮੌਕੇ ’ਤੇ ਰੋਕਣਾ ਠੀਕ ਨਹੀਂ ਹੈ। ਸਾਡਾ ਨਨਕਾਣਾ ਸਾਹਿਬ ’ਤੇ ਕਬਜ਼ਾ ਕਰ ਲੈਣ ਦਾ ਪੱਕਾ ਪ੍ਰੋਗਰਾਮ ਬਣ ਚੁੱਕਾ ਹੈ। ਤੁਸੀਂ ਸਾਡੇ ਕੰਮ ਵਿੱਚ ਦਖਲ ਨਾ ਦਿਓ। ਅਸੀਂ ਕਦਾਚਿਤ ਨਹੀਂ ਰੁਕਣਾ।
ਰੇਲਵੇ ਲਾਇਨ ਤੋਂ ਉਤਰ ਦੇ ਪਾਸੇ ਦੇ ਵਿਰਕੈਤ (ਵਿਰਕਾਂ) ਦੇ ਪਿੰਡਾਂ ਵਿੱਚੋਂ ਸਿੰਘ ਜਥੇ ਬਣ ਬਣ ਕੇ ਹਥਿਆਰਬੰਦ ਹੋ ਕੇ ਇਕੱਠੇ ਹੋ ਰਹੇ ਸਨ। ਲਾਇਲਪੁਰ ਤੋਂ 5 ਵਜੇ ਦੀ ਗੱਡੀ ਸੰਤ ਤੇਜਾ ਸਿੰਘ ਨਡਾਲੀ, ਜ਼ਿਲ੍ਹਾ ਰਾਵਲਪਿੰਡੀ ਵਾਲੇ 60 ਸਿੰਘਾਂ ਦਾ ਜਥਾ ਲੈ ਕੇ ਪੁੱਜੇ, ਪਰ ਇਹ ਵੀ ਸ. ਜਸਵੰਤ ਸਿੰਘ ਤੇ ਭਾਈ ਦਲੀਪ ਸਿੰਘ ਦੇ ਨਾਲ ਹੋ ਗਏ। ਇਨ੍ਹਾਂ ਨੇ ਸ. ਝੱਬਰ ਨੂੰ ਕਿਹਾ ਕਿ ਸਾਡੇ ਜਥੇ ਨੇ ਲਾਇਲਪੁਰੋਂ ਤੁਰਨ ਲੱਗੇ ਪਾਸ ਕੀਤਾ ਸੀ ਕਿ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਆਗਿਆ ਹੋਈ ਤਾਂ ਨਨਕਾਣਾ ਸਾਹਿਬ ਝੱਬਰ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਜਾਣਾ ਹੈ, ਪਰ ਜੇਕਰ ਕਮੇਟੀ ਦੀ ਆਗਿਆ ਨਹੀਂ ਲਈ ਗਈ ਤਾਂ ਅਸੀਂ ਵਾਪਸ ਮੁੜ ਜਾਵਾਂਗੇ। ਹੁਣ ਇਹ ਤਿੰਨੇ ਸੱਜਣ ਤੇ ਕੁਝ ਹੋਰ ਸ. ਝੱਬਰ ਨੂੰ ਲੈ ਕੇ ਇੱਕ ਕੋਠੇ ’ਤੇ ਬੈਠ ਗਏ ਤੇ ਲੱਗੇ ਜਥੇ ਨੂੰ ਰੋਕਣ ਲਈ ਦਲੀਲਾਂ ਦੇਣ, ਪਰ ਝੱਬਰ ਬਿਲਕੁਲ ਨਾ ਮੰਨਿਆ। ਇਹ ਸੰਤ ਤੇਜਾ ਸਿੰਘ ਨਡਾਲੀ ਵੀ ਉਹੀ ਹੈ, ਜਿਹੜਾ ਜਥੇਦਾਰ ਝੱਬਰ ਦੇ ਗੁਰਦੁਆਰਾ ਪੰਜਾ ਸਾਹਿਬ ਕਬਜ਼ਾ ਕਰਨ ਖਾਤਰ ਹਸਨਅਬਦਾਲ ਰੇਲ ਰਾਹੀਂ ਜਾ ਰਹੇ ਜਥੇ ਨੂੰ ਰਾਵਲਪਿੰਡੀ ਸਟੇਸ਼ਨ `ਤੇ ਗੱਡਿਉਂ ਲਾਹੁਣ ਆਇਆ ਸੀ ਤੇ ਕਹਿੰਦਾ ਸੀ ਕਿ ਤੁਸੀਂ ਕਬਜ਼ਾ ਕਰਨ ਦਾ ਸਫਰ ਫਿਲਹਾਲ ਮੁਲਤਵੀ ਕਰ ਦਿਓ।
ਇਲਾਕੇ ਦੇ ਸਿੰਘਾਂ ਦਾ ਜਥਾ ਤਕਰੀਬਨ 3000 ਸੀ। ਇਹ ਪ੍ਰਸ਼ਾਦੇ ਛਕ ਕੇ ਟੁਰਨ ਲਈ ਤਿਆਰ ਹੋ ਚੁੱਕਾ ਸੀ। ਉਨ੍ਹਾਂ ਵਿੱਚੋਂ ਸਿੰਘਾਂ ਨੇ ਕਿਹਾ ਕਿ ਝੱਬਰ ਜੀ ਹੁਣ ਬੱਸ ਕਰੋ ਤੇ ਉਠੋ। ਜਦ ਝੱਬਰ ਉਠਣ ਲੱਗਾ ਤਾਂ ਸੰਤ ਤੇਜਾ ਸਿੰਘ ਨੇ ਕਿਹਾ, ਝੱਬਰ ਜੀ ਮੇਰੀ ਇੱਕ ਗੱਲ ਸੁਣ ਲਵੋ, ਫਿਰ ਜਾਣਾ। ਸੰਤ ਜੀ ਕਹਿਣ ਲੱਗੇ, “ਝੱਬਰ ਜੀ! ਮੈਂ 60 ਸਿੰਘਾਂ ਦੇ ਜਥੇ ਦਾ ਜਥੇਦਾਰ ਹਾਂ। ਸਾਡੇ ਸਾਰੇ ਜਥੇ ਦੀ ਰਾਇ ਹੈ ਕਿ ਕਮੇਟੀ ਦੀ ਆਗਿਆ ਤੋਂ ਬਿਨਾ ਨਹੀਂ ਜਾਣਾ ਚਾਹੀਦਾ, ਜੇ ਤੁਸੀਂ ਜਾਉਗੇ ਤਾਂ ‘ਪੰਥ ਤੇ ਗੁਰੂ ਮਹਾਰਾਜ’ ਦੇ ਦੇਣਦਾਰ ਹੋਵੋਗੇ।”
ਝੱਬਰ ਨੇ ਕਿਹਾ, “ਖਾਲਸਾ ਜੀ ਬਸ ਇਹ ਓੜਕ ਦੀ ਸਹੁੰ ਤੁਸਾਂ ਪਾਈ ਹੈ, ਮੇਰਾ ਦਿਲ ਨਹੀਂ ਮੰਨਦਾ। ਜੇ ਅਸੀਂ ਨਾ ਗਏ ਤਾਂ ਪਤਾ ਨਹੀਂ ਕਿ ਨਨਕਾਣਾ ਸਾਹਿਬ ਕੀ ਬਣ ਜਾਵੇ? ਮੈਂ ਤੁਹਾਡਾ ਹੁਕਮ ਛਾਤੀ ’ਤੇ ਰੱਖ ਕੇ ਮੰਨਦਾ ਹਾਂ। ਹੁਣ ਅਸੀਂ ਨਹੀਂ ਜਾਵਾਂਗੇ। ਮੈਂ ਤੁਹਾਨੂੰ ਹੁਣ ਵੀ ਆਖਦਾ ਹਾਂ ਕਿ ਜੇ ਤੁਸੀਂ ਸਾਨੂੰ ਨਾ ਰੋਕੋ ਤਾਂ ਉਥੇ ਸੂਈ ਦਾ ਵੀ ਨੁਕਸਾਨ ਨਹੀਂ ਹੋਵੇਗਾ, ਪਰ ਤੁਸੀਂ ਸਾਨੂੰ ਮਜਬੂਰ ਪਏ ਕਰਦੇ ਹੋ, ਜੇ ਓਥੇ ਕੱਲ੍ਹ ਕੋਈ ਕਤਲ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗਾ।”
ਜਸਵੰਤ ਸਿੰਘ ਝਬਾਲ ਕਹਿਣ ਲੱਗੇ ਕਿ ਅਸੀਂ ਪੰਥ ਅੱਗੇ ਜ਼ਿੰਮੇਵਾਰ ਹੋਵਾਂਗੇ, ਜੋ ਤੁਹਾਨੂੰ ਰੋਕ ਰਹੇ ਹਾਂ। ਝੱਬਰ ਨੇ ਕਿਹਾ ਕਿ ਚੰਗਾ ਹੇਠਾਂ ਚਲ ਕੇ ਸਾਰੇ ਜਥੇ ਦੇ ਰੂ-ਬ-ਰੂ ਹੋ ਕੇ ਆਖੋ। ਇਹ ਸਾਰੇ ਕੋਠੇ ਤੋਂ ਹੇਠਾਂ ਆਏ ਤੇ ਗੁਰਦੁਆਰੇ ਦੇ ਸਾਹਮਣੇ ਝੱਬਰ ਨੇ ਸਾਰੇ ਜਥੇ ਨੂੰ ਬੁਲਾਇਆ ਤੇ ਇਨ੍ਹਾਂ ਜਥੇ ਰੋਕਣ ਵਾਲੇ ਸੱਜਣਾਂ ਨੇ ਵਾਰੋ ਵਾਰੀ ਜਥੇ ਨੂੰ ਨਾ ਜਾਣ ਲਈ ਸਮਝਾਇਆ ਤੇ ਘਾਟੇ ਵਾਧੇ ਦੀ ਜ਼ਿੰਮੇਵਾਰੀ ਚੁੱਕੀ। ਇੱਥੇ ਦੁਬਾਰੇ ਇਸ ਲਈ ਲਿਖਿਆ ਜਾਂਦਾ ਹੈ ਇੱਕ ਪਾਸੇ ਤਾਂ ਜਥੇਦਾਰ ਝੱਬਰ ਇਹ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਨਾ ਰੋਕੋ, ਜੇ ਰੋਕਿਆ ਤਾਂ ਉਥੇ ਜਿਹੜੇ ਵੀ ਥੋੜ੍ਹੇ ਸਿੰਘ ਪਹੁੰਚ ਗਏ, ਉਨ੍ਹਾਂ ਦਾ ਨੁਕਸਾਨ ਹੋਣਾ ਹੈ; ਸੋ ਸਾਨੂੰ ਜਾਣ ਦਿਉ, ਮੈਂ ਤੁਹਾਨੂੰ ਯਕੀਨ ਦਿਵਾਉਦਾਂ ਹਾਂ ਕਿ ਸਿੰਘਾਂ ਦਾ ਸੁਈ ਭਰ ਦਾ ਵੀ ਨੁਕਸਾਨ ਨਹੀਂ ਹੋਵੇਗਾ, ਜੇ ਸਾਡੇ ਨਾ ਗਿਆਂ ਕਤਲ ਹੋ ਗਏ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਵੇਗਾ? ਦੂਜੇ ਪਾਸੇ ਜਥੇ ਨੂੰ ਰੋਕਣ ਵਾਲੇ ਮਾਸਟਰ ਤਾਰਾ ਸਿੰਘ ਵਗੈਰਾ ਦਾ ਹੁਕਮ ਸੁਨਾਉਣ ਵਾਲੇ ਜਸਵੰਤ ਸਿੰਘ ਝਬਾਲ ਹੋਰੀਂ ਹਿੱਕ ਥਾਪੜ ਕੇ ਹਰ ਘਾਟ ਵਾਧੇ ਦੀ ਜ਼ਿੰਮੇਵਾਰੀ ਚੁੱਕ ਰਹੇ ਸਨ। ਸਾਕੇ ਦਾ ਇਤਿਹਾਸ ਲਿਖਣ ਵੇਲੇ ਇਸ ਅਹਿਮ ਵਾਕਿਆਤ ਨੂੰ ਪਤਾ ਨਹੀਂ ਸਾਹਮਣੇ ਕਿਉਂ ਨਹੀਂ ਲਿਆਉਂਦੇ? ਇਹ ਤਾਂ ਲਿਖ ਦਿੰਦੇ ਨੇ ਕਿ ਅਕਾਲੀ ਲੀਡਰਾਂ ਨੇ ਜਥੇ ਨੂੰ ਰੋਕਣ ਲਈ ਸਨੇਹੇ ਘੱਲੇ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਨੇ ਜਥੇ ਰੋਕਣ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਓਟੀ ਸੀ, ਜਦਕਿ ਝੱਬਰ ਪੂਰੇ ਯਕੀਨ ਨਾਲ ਕਹਿ ਰਿਹਾ ਸੀ ਕਿ ਜੇ ਜਥਾ ਰੋਕਿਆ ਗਿਆ ਤਾਂ ਨਨਕਾਣੇ ਸਿੰਘ ਕਤਲ ਹੋਣਗੇ।
ਆਏ ਸੱਜਣਾਂ ਨੇ ਭਾਈ ਦਲੀਪ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਜਾਓ ਤੇ ਜਥਿਆਂ ਨੂੰ ਜਾ ਕੇ ਰੋਕੋ। ਸੋ ਭਾਈ ਦਲੀਪ ਸਿੰਘ ਜੀ ਤਿਆਰ ਹੋਏ। ਉਨ੍ਹਾਂ ਨੂੰ ਘੋੜਾ ਦਿੱਤਾ ਗਿਆ ਤੇ ਨਾਲ ਭਾਈ ਵਰਿਆਮ ਸਿੰਘ ਜੀ ਗਰਮੂਲਾ, ਗੁਰਦਿੱਤਾ ਸਿੰਘ ਝੀਂਡੇ ਵਾਲਾ ਤੇ ਰਾਮ ਸਿੰਘ ਝੰਡਿਆਂਵਾਲੀ ਵਾਲਾ ਤਿੰਨੇ ਘੋੜ ਸਵਾਰ ਘੱਲੇ ਗਏ। ਸਾਰੇ ਜਥਿਆਂ ਨੂੰ ਮੁੜ ਜਾਣ ਲਈ ਝੱਬਰ ਨੇ ਚਿੱਠੀਆਂ ਲਿਖ ਦਿੱਤੀਆਂ। ਇਸ ਵੇਲੇ ਖਰੇ ਸੌਦੇ ਦੇ ਜਥੇ ਵਿੱਚੋਂ ਕੁਝ ਸਿੰਘ ਜੋਸ਼ ਵਿੱਚ ਆ ਗਏ ਤੇ ਰੋਕਣ ਵਾਲੇ ਸੱਜਣਾਂ ਨੂੰ ਕੌੜਾ ਫਿੱਕਾ ਬੋਲਣ ਲੱਗ ਪਏ, ਪਰ ਝੱਬਰ ਨੇ ਉਨ੍ਹਾਂ ਨੂੰ ਝਿੜਕਿਆ।
ਜਥਿਆਂ ਨੂੰ ਰੋਕਣ ਵਾਲੇ ਚਾਰੇ ਸਵਾਰ ਚਲੇ ਗਏ। ਬਾਕੀ ਸਿੰਘ ਜਿਨ੍ਹਾਂ ਨੂੰ ਰੋਕਿਆ ਗਿਆ ਸੀ, ਉਹ ਮੁੜ ਕੇ ਘਰੀਂ ਜਾਣ ਲੱਗੇ ਤਾਂ ਝੱਬਰ ਨੇ ਕਿਹਾ ਖਾਲਸਾ ਜੀ ਤੁਸੀਂ ਸਾਰੇ ਨਾ ਚਲੇ ਜਾਵੋ, ਮੇਰੇ ਪਾਸ ਘੱਟ ਤੋਂ ਘੱਟ 100 ਸਿੰਘ ਠਹਿਰੋ, ਮੈਨੂੰ ਸ਼ੱਕ ਹੈ, ਸਵੇਰ ਨੂੰ ਨਨਕਾਣਾ ਸਾਹਿਬ ਖੈਰ ਨਹੀਂ ਰਹਿਣੀ! ਤੁਹਾਡੀ ਫਿਰ ਲੋੜ ਪੈਣੀ ਹੈ। ਜਥਿਆਂ ਨੂੰ ਰੋਕਣ ਵਾਲੇ ਚਾਰ ਸਿੰਘ ਬੁੱਟਰੀਂ ਪੁੱਜੇ, ਚਿੱਠੀ ਵਿਖਾਈ ਤਾਂ ਜਥਾ ਵਾਪਸ ਹੋ ਗਿਆ। ਭਾਈ ਲੱਖਾ ਸਿੰਘ ਕੁਝ ਸਿੰਘਾਂ ਸਮੇਤ ਸਵੇਰੇ ਸੱਚੇ ਸੌਦੇ ਪੁੱਜ ਗਏ ਸਨ; ਲਾਗਰਾ ਵਾਲੇ, ਭਿੱਖੀ ਵਾਲੇ ਜਿਉਂ ਜਿਉਂ ਰੋਕਣ ਵਾਲਿਆਂ ਨੂੰ ਮਿਲੇ, ਸਭ ਵਾਪਸ ਹੋ ਗਏ। ਇਹ ਚਾਰੇ ਘੋੜ ਸਵਾਰ ਚੰਦਰਕੋਟ ਦੇ ਪੁਲ ’ਤੇ ਜਿਥੇ ਧਾਰੋਵਾਲੀ ਦੇ ਜਥੇ ਨੇ ਮਿਲਣਾ ਸੀ, ਪੁੱਜੇ ਪਰ ਭਾਈ ਲਛਮਣ ਸਿੰਘ ਜੀ ਦਾ ਜਥਾ ਚੰਦਰਕੋਟ ਨਾ ਆਇਆ। ਜਦ ਇਹ ਏਥੇ ਨਾ ਮਿਲਿਆ ਤਾਂ ਇਹ ਸਵਾਰ ਅਗਲੇ ਪੁਲ ਤਕ ਵੀ ਗਏ, ਪਰ ਇਨ੍ਹਾਂ ਨੂੰ ਜਥਾ ਨਾ ਮਿਲਿਆ। ਪੰਜ ਚੱਕ ਵਾਲੇ ਪੁਲ ਤੋਂ ਮੁੜ ਕੇ ਤਿੰਨ ਸਵਾਰ ਤਾਂ ਨਨਕਾਣਾ ਸਾਹਿਬ ਨੂੰ ਚਲੇ ਗਏ ਤੇ ਰਾਮ ਸਿੰਘ ਨੂੰ ਫਿਰ ਚੰਦਰਕੋਟ ਝਾਲ ’ਤੇ ਘੱਲਿਆ। ਜੋ ਨਨਕਾਣਾ ਸਾਹਿਬ ਗਏ, ਉਨ੍ਹਾਂ ਵਿੱਚੋਂ ਭਾਈ ਵਰਿਆਮ ਸਿੰਘ ਤੇ ਗੁਰਦਿੱਤ ਸਿੰਘ ਤਾਂ ਮੰਡੀ ਵਿੱਚ ਥੋੜ੍ਹੀ ਰਾਤ ਰਹਿੰਦਿਆਂ ਜਾ ਸੁੱਤੇ ਅਤੇ ਭਾਈ ਦਲੀਪ ਸਿੰਘ, ਭਾਈ ਉਤਮ ਸਿੰਘ ਦੇ ਕਾਰਖਾਨੇ ਪੁੱਜੇ। ਇੱਥੇ ਸਾਡਾ ਬਿਜਲਾ ਸਿੰਘ, ਭਾਈ ਵਰਿਆਮ ਸਿੰਘ ਭੋਜੀਆਂ ਵਾਲਾ ਮਿਲਿਆ। ਆਪਸ ਵਿੱਚ ਗੱਲਬਾਤ ਕੀਤੀ ਤਾਂ ਭਾਈ ਦਲੀਪ ਸਿੰਘ ਨੇ ਜਥੇ ਨੂੰ ਰੋਕਣ ਵਾਲੀ ਚਿੱਠੀ ਭਾਈ ਵਰਿਆਮ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਹੁਣ ਰਾਤ ਥੋੜ੍ਹੀ ਰਹਿ ਗਈ ਹੈ, ਤੂੰ ਜਾਹ ਜੇਕਰ ਫਾਟਕ ਵੱਲ ਕੋਈ ਜਥਾ ਮਿਲੇ ਤਾਂ ਇਹ ਚਿੱਠੀ ਵਿਖਾਣੀ ਤੇ ਕਹਿਣਾ ਕਿ ਵਾਪਸ ਚਲੇ ਜਾਵੋ। ਭਾਈ ਵਰਿਆਮ ਸਿੰਘ ਜੀ ਫਾਟਕ ਕੋਲ ਗਏ ਤਾਂ ਕੋਟ ਦਰਬਾਰ ਵਾਲੀ ਸੜਕੇ ਜਥਾ ਆ ਰਿਹਾ ਸੀ। ਭਾਈ ਵਰਿਆਮ ਸਿੰਘ ਨੇ ਚਿੱਠੀ ਭਾਈ ਲਛਮਣ ਸਿੰਘ ਨੂੰ ਦਿੱਤੀ। ਚਿੱਠੀ ਪੜ੍ਹ ਕੇ ਭਾਈ ਲਛਮਣ ਸਿੰਘ ਨੇ ਜਥੇ ਨੂੰ ਕਿਹਾ ਕਿ ਵਾਪਸ ਚਲੋ। ਜਥਾ ਵਾਪਸ ਮੁੜ ਪਿਆ, ਪਰ ਭਾਈ ਟਹਿਲ ਸਿੰਘ ਜੀ ਬੋਲੇ, “ਖਾਲਸਾ ਜੀ! ਮੈਂ ਤਾਂ ਘਰੋਂ ਨਨਕਾਣੇ ਸਾਹਿਬ ਸ਼ਹੀਦ ਹੋਣ ਲਈ ਅਰਦਾਸਾ ਸੋਧਿਆ ਹੋਇਆ ਹੈ, ਇਸ ਲਈ ਤੁਸੀਂ ਜਾਣਾ ਹੈ ਤਾਂ ਬੇਸ਼ੱਕ ਜਾਓ, ਪਰ ਮੈਂ ਪਿੱਛਾਂ ਮੁੜ ਕੇ ਨਹੀਂ ਜਾਣਾ।”
ਇਹ ਕਹਿੰਦੇ ਇਹ ਇਕੱਲਾ ਹੀ ਗੁਰਦੁਆਰੇ ਵੱਲ ਟੁਰ ਪਿਆ, ਜਥੇ ਵਿੱਚੋਂ ਸਿੰਘਾਂ ਨੇ ਆਵਾਜ਼ਾਂ ਮਾਰੀਆਂ, ਪਰ ਇਹ ਨਾ ਮੁੜਿਆ। ਫਿਰ ਭਾਈ ਲਛਮਣ ਸਿੰਘ ਵੀ ਸਮੇਤ ਜਥੇ ਮੁੜ ਗੁਰਦੁਆਰੇ ਵੱਲ ਚਲ ਪਏ। ਨਾਲ ਕੁਝ ਸਿੰਘਣੀਆਂ ਵੀ ਸਨ। ਭਾਈ ਲਛਮਣ ਸਿੰਘ ਨੇ ਸਿੰਘਣੀਆਂ ਨੂੰ ਕਿਹਾ, “ਤੁਸੀਂ ਸਾਡੇ ਨਾਲ ਨਾ ਜਾਓ।” ਭਾਈ ਮੂਲਾ ਸਿੰਘ ਬੋਲਾ, ਜਰਮਨੀ ਡੱਲੇ ਵਾਲਾ ਨਾਲ ਭੇਜ ਕੇ ਇਨ੍ਹਾਂ ਨੂੰ ਗੁਰਦੁਆਰਾ ਤੰਬੂ ਸਾਹਿਬ ਘੱਲ ਦਿੱਤਾ।
ਜਥੇ ਨੇ ਸਰੋਵਰ ’ਤੇ ਇਸ਼ਨਾਨ ਕੀਤਾ ਤੇ ਵੱਡੇ ਦਰਵਾਜ਼ਿਓਂ ਗੁਰਦੁਆਰੇ ਦੇ ਅੰਦਰ ਜਾ ਵੜੇ। ਮੱਥਾ ਟੇਕ ਕੇ ਜਥੇ ਨੇ ਜੈਕਾਰੇ ਛੱਡੇ। 60 ਆਦਮੀ, ਜੋ ਮਹੰਤ ਨੇ ਰਾਖੇ ਰੱਖੇ ਸੀ, ਜੈਕਾਰੇ ਸੁਣ ਕੇ ਸਭ ਬਾਹਰ ਭੱਜ ਗਏ। ਸਿੰਘਾਂ ਨੇ ਗੁਰਦੁਆਰੇ ਦੇ ਦਰਵਾਜ਼ੇ ਆਪ ਬੰਦ ਕਰ ਲਏ। ਮਹੰਤ ਦੇ ਲਾਏ ਹੋਏ ਜਾਲ ਵਿੱਚ ਇਹ ਭੋਲੇ ਸਿੰਘ ਆਪ ਜਾ ਫਸੇ।
(ਬਾਕੀ ਅਗਲੇ ਅੰਕ ਵਿੱਚ)

Leave a Reply

Your email address will not be published. Required fields are marked *