ਜ਼ਿੰਦਗੀ: ਸਵਾਲਾਂ ਤੋਂ ਪਰੇ

ਅਧਿਆਤਮਕ ਰੰਗ ਆਮ-ਖਾਸ

ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ:+91-9463062603
ਮੁਰੀਦ ਨੇ ਆਪਣੇ ਮੁਰਸ਼ਦ ਅੱਗੇ ਨਤਮਸਤਕ ਹੁੰਦਿਆਂ ਅਰਜ਼ੋਈ ਕੀਤੀ ਕਿ ਉਹ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਮਹਿਜ਼ ਸਾਹਾਂ ਦੇ ਸਿਲਸਿਲੇ ਦੇ ਚਲਦੇ ਰਹਿਣ ਨੂੰ ਹੀ ਜ਼ਿੰਦਗੀ ਕਹਿਣਾ ਕੀ ਉਚਿਤ ਹੋਵੇਗਾ? ਕੇਵਲ ਇੱਕ ਤੋਂ ਬਾਅਦ ਇੱਕ ਮੰਜ਼ਿਲ ਨੂੰ ਹਾਸਲ ਕਰਨ ਲਈ ਔਖੇ ਪੈਂਡੇ ਤੈਅ ਕਰਨ ਨੂੰ ਜ਼ਿੰਦਗੀ ਕਹਿਣਾ ਕੀ ਮੁਨਾਸਿਬ ਹੋਵੇਗਾ? ਰਿਜ਼ਕ ਦੀ ਤਲਾਸ਼ ਵਿੱਚ ਕੀਤੀ ਦੌੜ-ਭੱਜ ਨੂੰ ਹੀ ਜ਼ਿੰਦਗੀ ਕਹਿਣਾ ਕੀ ਵਾਜਬ ਹੋਵੇਗਾ? ਹਰ ਰੋਜ਼ ਬਣਾਵਟੀ ਰਿਸ਼ਤਿਆਂ ਦੇ ਤਕਾਜ਼ੇ ਪੂਰੇ ਕਰਨ ਨੂੰ ਜ਼ਿੰਦਗੀ ਕਹਿਣਾ ਕੀ ਦਰੁਸਤ ਹੋਵੇਗਾ? ਮਹਿਲ ਮੁਨਾਰੇ ਅਤੇ ਦੌਲਤਾਂ ਦੇ ਅੰਬਾਰ ਲਗਾਉਣ ਨੂੰ ਜ਼ਿੰਦਗੀ ਕਹਿਣਾ ਕੀ ਠੀਕ ਹੋਵੇਗਾ?

ਮਾਂ ਦੀ ਕੁੱਖ ਤੋਂ ਚਿਤਾ ਤੱਕ ਦੇ ਸਫ਼ਰ ਨੂੰ ਹੀ ਜ਼ਿੰਦਗੀ ਕਹਿਣਾ ਕੀ ਸਹੀ ਹੋਵੇਗਾ? ਕਾਮ, ਕ੍ਰੋਧ, ਮੋਹ, ਲੋਭ ਅਤੇ ਅਹੰਕਾਰ ਦੀ ਭੱਠੀ ਵਿੱਚ ਸੜ ਕੇ ਸੁਆਹ ਹੋਣ ਨੂੰ ਜ਼ਿੰਦਗੀ ਕਹਿਣਾ ਕੀ ਯੋਗ ਹੋਵੇਗਾ? ਕੀ ਝੂਠ-ਸੱਚ ਤੇ ਸਹੀ-ਗਲਤ ਦੇ ਦਵੰਦ ਉਲਝੇ ਰਹਿਣ ਨੂੰ ਜ਼ਿੰਦਗੀ ਕਹਿਣਾ ਕੀ ਠੀਕ ਹੋਵੇਗਾ? ਜ਼ਿੰਦਗੀ ਦੀਆਂ ਰਮਜ਼ਾਂ ਨੂੰ ਸਾਰੀ ਉਮਰ ਸਮਝਣ ਦੀ ਕੋਸ਼ਿਸ ਕਰਦੇ ਰਹਿਣ ਨੂੰ ਜ਼ਿੰਦਗੀ ਕਹਿਣਾ ਕੀ ਜਾਇਜ਼ ਹੋਵੇਗਾ? ਪਾਪ-ਪੁੰਨ ਤੇ ਜੰਨਤ-ਦੋਜ਼ਖ਼ ਦੇ ਪੁੜਾਂ ਵਿੱਚ ਫ਼ਸੇ ਰਹਿਣ ਨੂੰ ਜ਼ਿੰਦਗੀ ਕਹਿਣਾ ਕੀ ਢੁਕਵਾਂ ਹੋਵੇਗਾ? ਛਿਨ ਭਰ ਦੀ ਖੁਸ਼ੀ ਹਾਸਲ ਕਰਨ, ਜਿੱਤ ਦੀ ਲਾਲਸਾ ਰੱਖਣ ਤੇ ਹਾਰ ਦੇ ਖ਼ੌਫ਼ ਹੇਠ ਸਹਿਮ-ਸਹਿਮ ਕੇ ਜਿਊਣ ਨੂੰ ਜ਼ਿੰਦਗੀ ਕਹਿਣਾ ਕੀ ਮੁਨਾਸਬ ਹੋਵੇਗਾ? ਪਲਕ ਝਪਕਦਿਆਂ ਜ਼ਿੰਦਗੀ ਦੇ ਬਦਲਦੇ ਅਰਥਾਂ ਨੂੰ ਜ਼ਿੰਦਗੀ ਕਹਿਣਾ ਕੀ ਸਹੀ ਹੋਵੇਗਾ?
ਮੁਰਸ਼ਦ ਨੇ ਆਪਣੇ ਮੁਰੀਦ ਦੀ ਮਨੋਦਸ਼ਾ ਨੂੰ ਸਮਝਿਆ ਤੇ ਉਸ ਦੇ ਸਵਾਲਾਂ ਨੂੰ ਸੁਣਿਆ ਅਤੇ ਮੁਸਕਰਾਉਂਦੇ ਹੋਏ ਫ਼ੁਰਮਾਇਆ ਕਿ ਬੇਸ਼ੱਕ ਇਹ ਸਭ ਬਹੁਪਰਤੀ ਅਟੱਲ ਸੱਚਾਈਆਂ ਤੇ ਵਰਤਾਰੇ ਜ਼ਿੰਦਗੀ ਦਾ ਅਨਖਿੜਵਾਂ ਹਿੱਸਾ ਹੁੰਦੇ ਹਨ, ਪਰ ਜ਼ਿੰਦਗੀ ਦੇ ਅਰਥ, ਜ਼ਿੰਦਗੀ ਦੀਆਂ ਗੁੱਝੀਆਂ ਰਮਜਾਂ ਤੇ ਗੁੰਝਲਦਾਰ ਬੁਝਾਰਤਾਂ ਇਸ ਸਭ ਤੋਂ ਬਹੁਤ ਵੱਧ ਵਸੀਹ ਅਤੇ ਪੇਚੀਦਾ ਹੁੰਦੀਆਂ ਹਨ। ਜੇਕਰ ਤੁਸੀਂ ਜ਼ਿੰਦਗੀ ਨੂੰ ਭਰਪੂਰ ਢੰਗ ਨਾਲ ਜਿਊਣ ਦਾ ਹੁਨਰ ਸਿੱਖਣ ਵਿੱਚ ਕਾਮਯਾਬ ਹੋ ਜਾਵੋ ਤਾਂ ਐਨ ਮੁਮਕਿਨ ਹੈ ਕਿ ਤੁਹਾਡੀ ਜ਼ਿੰਦਗੀ ਪ੍ਰਤੀ ਸਮਝ ਤੇ ਨਜ਼ਰੀਆ ਪਹਿਲਾਂ ਨਾਲੋਂ ਹੋਰ ਵਧੇਰੇ ਤੀਖਣ, ਬਿਹਤਰ ਅਤੇ ਵਿਸ਼ਾਲ ਹੋ ਜਾਵੇਗਾ। ਜ਼ਿੰਦਗੀ ਨੂੰ ਬੇਸ਼ੱਕ ਸਮਝਣ ਦਾ ਜ਼ਰੂਰ ਯਤਨ ਕਰੋ, ਲੇਕਿਨ ਉਸ ਤੋਂ ਕਿਤੇ ਵੱਧ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਜ਼ਿੰਦਗੀ ਨੂੰ ਭਰਪੂਰ ਤਰੀਕੇ ਨਾਲ ਜਿਊਣ ਦਾ ਅਭਿਆਸ ਕਰੋ, ਕਿਉਂਕਿ ਜਿਹੜੇ ਲੋਕ ਅਧੂਰੇਪਣ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ, ਉਨ੍ਹਾਂ ਨੂੰ ਅਕਸਰ ਦੁਬਿਧਾਵਾਂ ਅਤੇ ਦੁਚਿੱਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਲੋਕ ਜ਼ਿੰਦਗੀ ਦੇ ਹਰ ਰੰਗ ਨੂੰ ਸਹਿਜ ਸੁਭਾਅ ਮਾਣਦੇ ਹਨ, ਉਹ ਅਕਸਰ ਜ਼ਿੰਦਗੀ ਦੀਆਂ ਬੁਝਾਰਤਾਂ ਨੂੰ ਸਹਿਜੇ ਹੀ ਸੁਲਝਾ ਲੈਂਦੇ ਹਨ, ਇਸ ਦੀ ਬਨਿਸਬਤ ਜੋ ਲੋਕ ਆਪਣੀਆਂ ਰੀਝਾਂ, ਸੱਧਰਾਂ ਅਤੇ ਉਮੰਗਾਂ ਦੀ ਪੂਰਤੀ ਲਈ ਜ਼ਿੰਦਗੀ ਨੂੰ ਇੱਕ ਅਨਮੋਲ ਮੌਕੇ ਵਾਂਗ ਇਸਤੇਮਾਲ ਵਿੱਚ ਲਿਆਉਂਦੇ ਹਨ, ਉਹ ਆਪਣੇ ਬੇਪਰਵਾਹ ਹਾਸਿਆਂ ਦੇ ਸਹਾਰੇ ਆਪਣੇ ਦੁੱਖਾਂ, ਤਕਲੀਫਾਂ ਤੇ ਦੁਸ਼ਵਾਰੀਆਂ ਦੀ ਟੀਸ ਨੂੰ ਵੀ ਘੱਟ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ।
ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਜਿਹੜੇ ਲੋਕ ਥੋੜ੍ਹੀ ਜਿਹੀ ਬੇਪਰਵਾਹੀ, ਥੋੜ੍ਹੇ ਜਿਹੇ ਸਰੂਰ ਅਤੇ ਭੋਲੇਪਣ ਵਿੱਚ ਰਹਿਣਾ ਸਿੱਖ ਲੈਂਦੇ ਹਨ, ਉਨ੍ਹਾਂ ਲਈ ਰੋਜ਼ਮੱਰ੍ਹਾ ਦੀਆਂ ਤਲਖ਼ ਹਕੀਕਤਾਂ ਤੇ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਕਾਫ਼ੀ ਹੱਦ ਤੱਕ ਆਸਾਨ ਹੋ ਜਾਂਦਾ ਹੈ। ਜ਼ਿੰਦਗੀ ਜਾਂ ਆਸ-ਪਾਸ ਦੇ ਵਰਤਾਰਿਆਂ ਬਾਰੇ ਜੁੜੇ ਹੋਏ ਪੇਚੀਦਾ ਸਵਾਲ ਅਤੇ ਉਲਝਣਾਂ ਉਸ ਸਮੇਂ ਤੁਹਾਡੀ ਪ੍ਰੇਸ਼ਾਨੀ ਦਾ ਸਬੱਬ ਵਧੇਰੇ ਬਣਦੀਆਂ ਹਨ, ਜਦੋਂ ਮਨੁੱਖ ਜ਼ਿੰਦਗੀ ਨੂੰ ਗ਼ੈਰ-ਸੰਜੀਦਾ ਰੂਪ ਵਿੱਚ ਡੰਗ ਟਪਾਊ ਬਿਰਤੀ ਹੇਠ ਗੁਜ਼ਾਰਨਾ ਆਰੰਭ ਕਰਦਾ ਹੈ। ਆਪਣੇ ਅਤੀਤ ਵਿੱਚ ਫਸਿਆ, ਵਰਤਮਾਨ ਨੂੰ ਕੋਸ ਰਿਹਾ ਤੇ ਆਪਣੇ ਭਵਿੱਖ ਪ੍ਰਤੀ ਹੱਦੋਂ ਵੱਧ ਚਿੰਤਤ ਮਨੁੱਖ ਕਦੇ ਵੀ ਛੁਰੀ ਦੀ ਧਾਰ ਵਰਗੇ ਬੇਰਹਿਮ ਸਵਾਲਾਂ ਦੀ ਗ੍ਰਿਫਤ ਤੋਂ ਕਦੇ ਵੀ ਰਿਹਾਅ ਨਹੀਂ ਹੋ ਸਕਦਾ ਹੈ। ਜ਼ਿੰਦਗੀ ਦੇ ਗੀਤ ਨੂੰ ਮਾਯੂਸ, ਹੰਭਿਆ ਹੋਇਆ ਅਤੇ ਆਪਣੇ ਆਪ ਤੋਂ ਹਾਰਿਆ ਹੋਇਆ ਇਨਸਾਨ ਕਦੇ ਵੀ ਗੁਣਗੁਣਾ ਨਹੀਂ ਸਕਦਾ ਹੈ। ਇਹ ਵੀ ਇੱਕ ਅਟੱਲ ਸਚਾਈ ਹੈ ਕਿ ਜੋ ਮਨੁੱਖ ਆਪਣੀਆਂ ਪ੍ਰੇਸ਼ਾਨੀਆਂ ਤੋਂ ਅਕਸਰ ਅੱਖਾਂ ਚੁਰਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੋਰ ਵੀ ਵਧੇਰੇ ਨਾ-ਗਵਾਰ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਫ਼ਰਜ਼ਾਂ ਦੀ ਅਦਾਇਗੀ ਤੋਂ ਜੋ ਲੋਕ ਮੁਨਕਰ ਹੁੰਦੇ ਹਨ, ਉਹ ਦੂਸਰਿਆਂ ਦੇ ਮੁਕਾਬਲੇ ਵਧੇਰੇ ਚਿੰਤਾਗ੍ਰਸਤ ਅਤੇ ਪ੍ਰੇਸ਼ਾਨ ਰਹਿੰਦੇ ਹਨ। ਦਵੰਦ, ਦੁਚਿੱਤੀ ਅਤੇ ਭਟਕਣ ਦਾ ਸ਼ਿਕਾਰ ਮਨੁੱਖ ਦਰਅਸਲ ਕੇਵਲ ਸਤਹੀ ਪੱਧਰ ਦੇ ਉਨ੍ਹਾਂ ਵਰਤਾਰਿਆਂ ਉਪਰ ਹੀ ਤਵੱਜੋ ਦਿੰਦਾ ਹੈ, ਜਿਹੜੇ ਵਰਤਾਰੇ ਕੇਵਲ ਮਨੁੱਖ ਅੰਦਰ ਨਕਾਰਾਤਮਿਕਤਾ ਅਤੇ ਖ਼ਲਲ ਪੈਦਾ ਕਰਦੇ ਹਨ। ਜ਼ਿੰਦਗੀ ਦੇ ਗੁੰਝਲਦਾਰ ਸਵਾਲ ਉਸ ਮਨੁੱਖ ਨੂੰ ਨਾਗਾਂ ਵਾਂਗ ਡੰਗਦੇ ਹਨ, ਜਿਹੜੇ ਇਨ੍ਹਾਂ ਪ੍ਰਸ਼ਨਾਂ ਵਿੱਚ ਹੀ ਉਲਝੇ ਰਹਿੰਦੇ ਹਨ। ਉਹ ਲੋਕ ਜੋ ਕੇਵਲ ਆਪਣੇ ਸੋਹਣੇ ਰੱਬ ਦੀ ਰਜ਼ਾ ਵਿੱਚ ਸਹਿਜ ਸੁਭਾਅ ਰਾਜ਼ੀ ਰਹਿਣ ਨੂੰ ਆਪਣਾ ਫਰਜ਼ ਸਮਝਦੇ ਹਨ, ਉਨ੍ਹਾਂ ਦੇ ਸਾਰੇ ਸਵਾਲਾਂ ਦਾ ਜਵਾਬ ਉਹ ਸੋਹਣਾ ਰੱਬ ਆਪ ਦਿੰਦਾ ਹੈ। ਲਿਹਾਜ਼ਾ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲਾ ਮਨੁੱਖ ਹਰ ਔਖੇ ਸਵਾਲ ਦਾ ਜਵਾਬ ਬੜੀ ਆਸਾਨੀ ਨਾਲ ਦੇ ਪਾਉਂਦਾ ਹੈ।
ਮੁਰਸ਼ਦ ਨੇ ਇਸ ਗੱਲ ਦੀ ਵੀ ਤਲਕੀਨ ਕੀਤੀ ਕਿ ਸਵਾਲਾਂ ਦੇ ਚੱਕਰਵਿਊ ਵਿੱਚੋਂ ਨਿਕਲ ਕੇ ਜ਼ਰਾ ਕੁ ਜ਼ਿੰਦਗੀ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲੋ, ਆਪਣੇ ਹੱਥੀਂ ਆਪਣੇ ਲਈ ਨਵੀਆਂ ਉਲਝਣਾਂ ਪੈਦਾ ਕਰਨ ਤੋਂ ਗੁਰੇਜ਼ ਕਰੋ, ਕੁਝ ਨੂੰ ਦਰਗੁਜ਼ਰ ਕਰਕੇ, ਕੁਝ ਨੂੰ ਮਾਫ ਕਰਕੇ, ਕੁਝ ਨੂੰ ਮੁਸਕਰਾਉਂਦੇ ਹੋਏ ਨਜ਼ਰਅੰਦਾਜ਼ ਕਰਕੇ ਅਤੇ ਕੁਝ ਨੂੰ ਆਪਣੇ ਸਮੀਕਰਨਾਂ ਅਤੇ ਰਿਸ਼ਤਿਆਂ ਵਿੱਚੋਂ ਹਮੇਸ਼ਾ ਲਈ ਮਨਫੀ ਕਰਕੇ ਤੁਸੀਂ ਬਹੁਤ ਸਾਰੇ ਅਜਿਹੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਸਕਦੇ ਹੋ, ਜਿਨ੍ਹਾਂ ਦੇ ਉੱਤਰ ਤੁਹਾਡੇ ਸਾਹਮਣੇ ਹੋਰ ਅਨੇਕਾਂ ਅਜਿਹੇ ਸਵਾਲ ਖੜ੍ਹੇ ਕਰ ਸਕਦੇ ਹਨ, ਜਿਨ੍ਹਾਂ ਦੇ ਉੱਤਰ ਤੁਹਾਡੇ ਲਈ ਦੇਣਾ ਕਠਿਨ ਹੋ ਸਕਦਾ ਹੈ। ਦਰਅਸਲ ਸਵਾਲਾਂ ਦੇ ਜਵਾਬਾਂ ਵਿੱਚ ਕਈ ਸਵਾਲ ਅੰਗੜਾਈ ਲੈ ਰਹੇ ਹੁੰਦੇ ਹਨ। ਤੁਸੀਂ ਸਵਾਲਾਂ ਦੇ ਜਵਾਬਾਂ ਦੀ ਤਲਾਸ਼ ਇਸ ਤਰ੍ਹਾਂ ਕਰੋ ਕਿ ਹੋਰ ਸਵਾਲ ਖੜ੍ਹੇ ਨਾ ਹੋਣ। ਜ਼ਿੰਦਗੀ ਨੂੰ ਇਸ ਤਰ੍ਹਾਂ ਜਿਊਣ ਦੀ ਕੋਸ਼ਿਸ਼ ਕਰੋ ਕਿ ਜ਼ਿੰਦਗੀ ਤੁਹਾਡੇ ਲਈ ਇਮਤਿਹਾਨ ਨਹੀਂ, ਸਗੋਂ ਇੱਕ ਅਜਿਹਾ ਸਕਾਰਾਤਮਕ ਤੇ ਸਾਰਥਕ ਅਵਸਰ ਬਣੇ, ਜਿਸ ਰਾਹੀਂ ਤੁਸੀਂ ਆਪਣੇ ਖ਼ਵਾਬਾਂ ਦੀ ਤਾਬੀਰ ਕਰ ਪਾਓ ਅਤੇ ਰੋਜ਼-ਏ-ਹਸ਼ਰ ਵੇਲੇ ਤੁਹਾਨੂੰ ਸ਼ਰਮਸਾਰ ਨਾ ਹੋਣਾ ਪਵੇ। ਜ਼ਿੰਦਗੀ ਦੀ ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਆਪਣਾ ਭੋਲਾਪਣ, ਆਪਣੇ ਚਾਅ, ਆਪਣੀਆਂ ਸੱਧਰਾਂ, ਆਪਣੇ ਮਾਸੂਮ ਜਿਹੇ ਹਾਸੇ ਅਤੇ ਆਪਣੀ ਬੇਫ਼ਿਕਰੀ ਨੂੰ ਕਦੇ ਨਾ ਗਵਾਓ।

Leave a Reply

Your email address will not be published. Required fields are marked *