ਖ਼ਾਲਸਾ ਪੰਥ ਦੀ ਸਾਜਨਾ ਤੇ ਇਸ ਦਾ ਪਿਛੋਕੜ

ਅਧਿਆਤਮਕ ਰੰਗ ਗੂੰਜਦਾ ਮੈਦਾਨ

ਡਾ. ਚਰਨਜੀਤ ਸਿੰਘ ਗੁਮਟਾਲਾ
ਫੋਨ: +91-919417533060
ਹੋਰ ਮੌਸਮੀ ਤਿਓਹਾਰਾਂ ਵਾਂਗ ਵੈਸਾਖੀ ਵੀ ਇੱਕ ਮੌਸਮੀ ਤਿਓਹਾਰ ਹੈ, ਪਰ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਾਜਨਾ ਨਾਲ ਹੁਣ ਇਹ ਇੱਕ ਸਿੱਖਾਂ ਦਾ ਧਾਰਮਿਕ ਦਿਵਸ ਦਾ ਰੂਪ ਧਾਰਨ ਕਰ ਗਿਆ ਹੈ। ਸੁਆਲ ਹੈ ਕਿ ਗੁਰੂ ਜੀ ਨੂੰ ਖਾਲਸਾ ਪੰਥ ਸਾਜਨ ਦੀ ਲੋੜ ਕਿਉਂ ਪਈ?

ਇਸਦੇ ਪਿਛੋਕੜ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਸ ਦਾ ਕਾਰਨ ਔਰੰਗਜ਼ੇਬ ਵਲੋਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਨੀਤੀ ਸੀ। ਔਰੰਗਜ਼ੇਬ ਨੇ ਆਪਣੇ ਰਾਜਭਾਗ ਦੇ ਕੁਝ ਸਾਲਾਂ ਪਿਛੋਂ ਧਾਰਮਿਕ ਕੱਟੜਪ੍ਰਸਤ ਦੀ ਨੀਤੀ ਅਪਣਾਉਂਦੇ ਹੋਏ ਕਈ ਫੁਰਮਾਨ ਜਾਰੀ ਕੀਤੇ। ਸਾਰੇ ਹਿੰਦੁਸਤਾਨ ਨੂੰ ਇਸਲਾਮ ਧਰਮ ਵਿੱਚ ਤਬਦੀਲ ਕਰਨ ਲਈ ਉਸਨੇ ਹਿੰਦੂਆਂ ਵਿਰੁੱਧ ਕਈ ਕਦਮ ਚੁੱਕੇ। ਉਨ੍ਹਾਂ ਦੇ ਤਿਓਹਾਰਾਂ ਅਤੇ ਧਾਰਮਿਕ ਪੂਜਾ ਅਰਚਨਾ ’ਤੇ ਪਾਬੰਦੀ ਲਾ ਦਿੱਤੀ ਗਈ। ਫ਼ੌਜ ਤੇ ਹੋਰ ਸਰਕਾਰੀ ਨੌਕਰੀਆਂ ਕੇਵਲ ਮੁਸਲਮਾਨਾਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ। ਰਾਜਪੂਤਾਂ ਨੂੰ ਛੱਡ ਕੇ ਬਾਕੀ ਹਿੰਦੂਆਂ ਨੂੰ ਘੋੜੇ ਅਤੇ ਹਾਥੀ ਦੀ ਸਵਾਰੀ ਕਰਨ ਦੀ ਪਾਬੰਦੀ ਲਾ ਦਿੱਤੀ ਗਈ। ਹਿੰਦੂਆਂ ਉਤੇ ਵਧੇਰੇ ਟੈਕਸ ਲਾਏ ਗਏ। ਕਈ ਮੰਦਰ ਢਾਹ ਕੇ ਉਨ੍ਹਾਂ ਨੂੰ ਮਸੀਤਾਂ ਵਿੱਚ ਬਦਲ ਦਿੱਤਾ ਗਿਆ।
ਸਾਰੇ ਦੇਸ਼ ਨੂੰ ਦਾਰੁਲਇਸਲਾਮ ਭਾਵ ਕਿ ਇੱਕੋ ਧਰਮ ਇਸਲਾਮ ਵਿੱਚ ਤਬਦੀਲ ਕਰਨ ਦੀ ਨੀਤੀ ਉਸ ਨੇ ਕਸ਼ਮੀਰ ਤੋਂ ਲਾਗੂ ਕਰਨ ਦਾ ਫੁਰਮਾਨ ਜਾਰੀ ਕੀਤਾ। ਕਸ਼ਮੀਰ ਦੇ ਸੂਬੇਦਾਰ ਇਫ਼ਤਖਾਰ ਖ਼ਾਨ ਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਨੀਤੀ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਧਰਮ ਦੀ ਰੱਖਿਆ ਲਈ ਕਸ਼ਮੀਰੀ ਹਿੰਦੂਆਂ ਦਾ ਜਥਾ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਹਾਜ਼ਰ ਹੋਇਆ। ਗੁਰੂ ਤੇਗ਼ ਬਹਾਦਰ ਜੀ ਜਦੋਂ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਸੋਚੀ ਪੈ ਗਏ ਤਾਂ 9 ਸਾਲ ਦੇ ਗੋਬਿੰਦ ਰਾਇ ਜੀ ਨੇ ਪਿਤਾ ਤੋਂ ਇਸ ਗੰਭੀਰਤਾ ਦਾ ਕਾਰਨ ਪੁੱਛਿਆ ਤਾਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਿਹਾ ਕਿ ਇਸ ਲਈ ਕਿਸੇ ਮਹਾਂਪੁਰਸ਼ ਦੇ ਬਲੀਦਾਨ ਦੀ ਲੋੜ ਹੈ। ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਨਾਲੋਂ ਹੋਰ ਵੱਡਾ ਮਹਾਂਪੁਰਸ਼ ਕਿਹੜਾ ਹੋ ਸਕਦਾ ਹੈ? ਗੁਰੂ ਤੇਗ਼ ਬਹਾਦਰ ਜੀ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਬਾਦਸ਼ਾਹ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ਼ ਬਹਾਦਰ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਵੀ ਉਨ੍ਹਾਂ ਤੋਂ ਬਾਅਦ ਇਸਲਾਮ ਕਬੂਲ ਕਰ ਲਵਾਂਗੇ।
8 ਜੁਲਾਈ 1675 ਨੂੰ ਗੁਰੂ ਤੇਗ਼ ਬਹਾਦਰ ਜੀ ਨੇ ਗੋਬਿੰਦ ਰਾਇ ਨੂੰ ਆਪਣਾ ਉਤਰਾਅਧਿਕਾਰੀ ਥਾਪ ਦਿੱਤਾ ਤੇ ਆਪਣੇ ਦਰਬਾਰ ਦੇ ਮੋਢੀ ਗੁਰਸਿੱਖਾਂ- ਭਾਈ ਦੀਵਾਨ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਨਾਲ ਬ੍ਰਾਹਮਣਾਂ ਦਾ ਮਾਮਲਾ ਪੇਸ਼ ਕਰਨ ਲਈ ਦਿੱਲੀ ਵੱਲ ਨੂੰ ਚਲ ਪਏ। ਉਨ੍ਹਾਂ ਨੂੰ 12 ਜੁਲਾਈ 1675 ਨੂੰ ਘਣੌਲਾ ਪਰਗਣਾਂ ਦੇ ਪਿੰਡ ਮਲਿਕਪੁਰ ਰੰਘੜਾਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਸਰਹੰਦ ਭੇਜ ਦਿੱਤਾ ਗਿਆ। ਸਰਹੰਦ ਦੇ ਫ਼ੌਜਦਾਰ ਦਿਲਾਵਰ ਖ਼ਾਨ ਦੇ ਹੁਕਮ ਨਾਲ ਆਪ ਜੀ ਨੂੰ ਬੱਸੀ ਪਠਾਣਾਂ ਬੰਦ ਰੱਖਿਆ ਗਿਆ। 3 ਮਹੀਨੇ ਪਿਛੋਂ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ 4 ਨਵੰਬਰ 1675 ਨੂੰ ਦਿੱਲੀ ਲਿਜਾਇਆ ਗਿਆ। ਉਸ ਸਮੇਂ ਔਰੰਗਜ਼ੇਬ ਹਸਨ ਅਬਦਾਲ ਸੀ, ਜਿਥੇ ਉਹ 27 ਮਾਰਚ 1676 ਈ: ਤੀਕ ਰਿਹਾ, ਪਰ ਉਸਦੇ ਹੁਕਮ ਨਾਲ ਹੀ ਗੁਰੂ ਜੀ ਨੂੰ ‘ਕਲਮਾ’ ਜਾਂ ‘ਕਤਲ’ ਦਾ ਹੁਕਮ ਸੁਣਾਇਆ ਗਿਆ। ਦਿੱਲੀ ਦੇ ਸੂਬੇਦਾਰ ਅਤੇ ਸ਼ਾਹੀ ਕਾਜੀ ਨੇ ਗੁਰੂ ਜੀ ਅੱਗੇ 3 ਸ਼ਰਤਾਂ ਰੱਖੀਆਂ। ਕਰਾਮਾਤਾਂ ਦਿਖਾਓ ਜਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਮੌਤ ਲਈ ਤਿਆਰ ਰਹੋ। ਗੁਰੂ ਜੀ ਅਤੇ ਉਨ੍ਹਾਂ ਦੇ ਨਾਲ ਸਿੱਖਾਂ ਨੇ ਤੀਜੀ ਸ਼ਰਤ ਹੱਸ ਕੇ ਮੰਨ ਲਈ।
ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜਿਆ ਗਿਆ। ਭਾਈ ਦਿਆਲ ਦਾਸ ਨੂੰ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ। ਇਸ ਸਾਰੇ ਵਰਤਾਰੇ ਨੂੰ ਗੁਰੂ ਤੇਗ਼ ਬਹਾਦਰ ਜੀ ਅਡੋਲ ਅਤੇ ਸ਼ਾਂਤ ਚਿਤ ਵੇਖਦੇ ਰਹੇ। 11 ਨਵੰਬਰ 1675 ਨੂੰ ਸਮਾਣੇ ਦੇ ਜਲਾਦ ਸੱਯਦ ਜਲਾਲਦੀਨ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ। ਇਸ ਘਟਨਾ ਮਗਰੋਂ ਸਾਰੇ ਸ਼ਹਿਰ ਵਿੱਚ ਸਖ਼ਤ ਹਨੇਰੀ ਝੁਲਣ ਕਾਰਨ ਬੰਦੇ ਨੂੰ ਬੰਦਾ ਨਜ਼ਰ ਨਹੀਂ ਸੀ ਆਉਂਦਾ। ਇਸ ਦਾ ਲਾਭ ਉਠਾਉਂਦੇ ਹੋਏ ਭਾਈ ਜੈਤਾ ਗੁਰੂ ਜੀ ਦਾ ਸੀਸ ਉਠਾਉਣ ਅਤੇ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਵਿੱਚ ਸਫ਼ਲ ਹੋ ਗਿਆ, ਜਿੱਥੇ ਦਸ਼ਮੇਸ਼ ਜੀ ਨੇ ਆਪਣੇ ਕਰ ਕਮਲਾਂ ਨਾਲ ਸੀਸ ਦਾ ਸਸਕਾਰ ਕੀਤਾ ਤੇ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ਰੰਘਰੇਟਾ ਗੁਰੂ ਕਾ ਬੇਟਾ ਕਹਿ ਕੇ ਨਿਵਾਜਿਆ।
ਭਾਈ ਲੱਖੀ ਸ਼ਾਹ ਹੋਰ ਸਿੱਖਾਂ ਦੀ ਸਹਾਇਤਾ ਨਾਲ ਗੁਰੂ ਜੀ ਦਾ ਧੜ ਗੱਡੇ ਵਿੱਚ ਰੱਖ ਕੇ ਆਪਣੇ ਘਰ ਵਿੱਚ ਲੈ ਗਿਆ। ਉਸਨੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਦਿੱਤਾ। ਇਸ ਸਥਾਨ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ। ਚਾਂਦਨੀ ਚੌਂਕ, ਜਿੱਥੇ ਗੁਰੂ ਜੀ ਦੀ ਸ਼ਹਾਦਤ ਹੋਈ, ਉਥੇ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।
ਗੁਰੂ ਜੀ ਦੀ ਸ਼ਹੀਦੀ ਤੋਂ ਦੂਜੇ ਦਿਨ, ਤਿੰਨਾਂ ਗੁਰਸਿੱਖਾਂ ਦੀਆਂ ਮ੍ਰਿਤਕ ਦੇਹਾਂ ਸਿੱਖਾਂ ਨੂੰ ਦਿੱਤੀਆਂ ਗਈਆਂ। ਯਮੁਨਾ ਕਿਨਾਰੇ, ਜਿੱਥੇ ਇੱਕ ਦਿਨ ਪਹਿਲਾਂ ਬਾਬਾ ਗੁਰਦਿੱਤਾ ਜੀ ਦਾ ਦਾਹ ਸਸਕਾਰ ਕੀਤਾ ਗਿਆ ਸੀ ਅਤੇ ਕੁਝ ਸਾਲ ਪਹਿਲਾਂ ਗੁਰੂ ਹਰਿਕ੍ਰਿਸ਼ਨ ਜੀ ਦਾ ਸਸਕਾਰ ਵੀ ਹੋਇਆ ਸੀ, ਵਿਖੇ ਤਿੰਨਾਂ ਦੇਹਾਂ ਦਾ ਸਸਕਾਰ ਕੀਤਾ ਗਿਆ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਮਹਾਨ ਬਲੀਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਵਰਣਨ ਕੀਤਾ ਹੈ:
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧੁਨ ਹੇਤ ਇਤੀ ਜਿਨ ਕਰੀ॥
ਸੀਸ ਦੀਆ ਪਰ ਸੀ ਨਾ ਉਚਰੀ॥
ਧਰਮ ਹੇਤ ਸਾਕਾ ਜਿਨ ਕੀਆ॥
ਸੀਸ ਦੀਆ ਪਰ ਸਿਰੜ ਨਾ ਦੀਆ॥
ਨਾਟਕ ਚੇਟਕ ਕਿਯੋ ਕੁਕਾਜਾ॥
ਪ੍ਰਭ ਲੋਗਨ ਕੋ ਆਵਤ ਲਾਜਾ॥
ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਓ ਪਯਨ॥
ਤੇਗ਼ ਬਹਾਦਰ ਸੀ ਕਿਯਾ ਕਰੀ ਨਾ ਕਿਨਹੂ ਆਨ॥
ਤੇਗ਼ ਬਹਾਦਰ ਕੇ ਚਲਤੇ ਭਯੋ ਜਗਤ ਮੇ ਸੋਗ॥
ਹੈ ਹੈ ਹੈ ਸਭ ਜਗ ਭਯੌ ਜੈ ਜੈ ਜੈ ਸੁਰ ਲੋਕ॥
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਇਤਿਹਾਸ ਵਿੱਚ ਅਦੁਤੀ ਅਤੇ ਬੇਮਿਸਾਲ ਹੈ। ਗੁਰੂ ਜੀ ਨੇ ਧਾਰਮਿਕ ਸਹਿਣਸ਼ੀਲਤਾ, ਪੂਜਾ ਭਗਤੀ ਦੀ ਸੁਤੰਤਰਤਾ ਅਤੇ ਜ਼ਮੀਰ ਦੀ ਸੁਤੰਤਰਤਾ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਹ ਇੱਕ ਅਜਿਹੀ ਕੁਰਬਾਨੀ ਸੀ, ਜੋ ਮੂਲ ਮਾਨਵ ਕਦਰਾਂ ਕੀਮਤਾਂ ਦੀ ਰੱਖਿਆ ਲਈ ਆਪਣੇ ਆਪ ਸਹੇੜੀ ਗਈ ਸੀ, ਜਿਹੜੀਆਂ ਕਦਰਾਂ ਕੀਮਤਾਂ ਦੀ ਰਖਿਆ ਲਈ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਨੇ 10 ਦਸੰਬਰ 1948 ਵਿੱਚ ਪੈਰਿਸ ਵਿੱਚ ‘ਯੂਨੀਵਰਸਲ ਡੈਕਲੇਰੇਸ਼ਨ ਆਫ਼ ਹੁਮੈਨ ਰਾਈਟਸ’ ਨਾਂ ਹੇਠ ਪਾਸ ਕੀਤੀ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਪਿੱਛੋਂ ਗੁਰੂ ਗੋਬਿੰਦ ਰਾਇ ਜੀ ਨੇ ਹਕੂਮਤ ਦੀਆਂ ਜੜਾਂ ਪੁਟਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਦੇਣੀ ਸ਼ੁਰੂ ਕੀਤੀ। ਉਨ੍ਹਾਂ ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਟੱਕਰ ਲੈਣੀ ਸ਼ੁਰੂ ਕਰ ਦਿੱਤੀ। 22 ਦਸੰਬਰ 1688 ਨੂੰ ਪਹਾੜੀ ਰਾਜਿਆਂ ਨਾਲ ਭੰਗਾਲੀ ਦੇ ਸਥਾਨ `ਤੇ, 1690 ਵਿੱਚ ਨਦੌਣ ਦੇ ਸਥਾਨ `ਤੇ ਮੁਗਲਾਂ ਨਾਲ ਟੱਕਰ ਹੋਈ। ਗੁਰੂ ਜੀ ਨੇ ਇਸ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਖਾਲਸਾ ਪੰਥ ਦੀ ਸਾਜਣਾ ਕਰਨ ਦਾ ਫੈਸਲਾ ਕੀਤਾ।
ਖਾਲਸਾ ਪੰਥ ਦੀ ਸਿਰਜਣਾ (1699)
1699 ਈਸਵੀ 1756 ਬਿਕਰਮੀ ਦੇ ਵਿਸਾਖੀ ਦੇ ਪੁਰਬ ਉਤੇ ਆਨੰਦਪੁਰ ਵਿਖੇ ਸਿੱਖ ਸੰਗਤਾਂ ਦਾ ਬੜਾ ਭਾਰੀ ਇਕੱਠ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਵਾਨ ਸਿੱਖ ਵੱਖ-ਵੱਖ ਪ੍ਰਦੇਸ਼ਾਂ ਤੋਂ ਪੁੱਜੇ। ਕੇਸਗੜ੍ਹ ਦੇ ਸਥਾਨ ਉਤੇ ਵਿਸ਼ਾਲ ਦੀਵਾਨ ਸਜਾਇਆ ਗਿਆ। ਗੁਰੂ ਜੀ ਨੇ ਨੰਗੀ ਕਿਰਪਾਨ ਸੂਤ ਕੇ ਆਪਣੇ ਸਿੱਖਾਂ ਕੋਲ ਸੀਸ ਭੇਟ ਕਰਨ ਦੀ ਮੰਗ ਕੀਤੀ। ਗੁਰੂ ਸਾਹਿਬ ਦੀ ਇਸ ਮੰਗ ’ਤੇ ਵੰਗਾਰ ਪਾਉਣ ਨਾਲ ਸਾਰੇ ਦੀਵਾਨ ਵਿੱਚ ਸਹਿਮ ਅਤੇ ਹੈਰਾਨੀ ਦਾ ਵਾਤਾਵਰਣ ਛਾ ਗਿਆ। ਗੁਰੂ ਜੀ ਦੇ ਦੁਬਾਰਾ ਕਹਿਣ ਉਤੇ ਲਾਹੌਰ ਦੇ ਖੱਤਰੀ ਦਇਆ ਰਾਮ ਨੇ ਆਪਣਾ ਸੀਸ ਅਰਪਣ ਕਰ ਦਿੱਤਾ। ਗੁਰੂ ਜੀ ਉਸਨੂੰ ਤੰਬੂ ਵਿੱਚ ਲੈ ਗਏ ਅਤੇ ਲਹੂ ਲਿਬੜੀ ਕਿਰਪਾਨ ਨੂੰ ਸੂਤ ਕੇ ਫਿਰ ਇੱਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰ ਸਹਾਰਨਪੁਰ ਦਾ ਇੱਕ ਜੱਟ ਧਰਮ ਦਾਸ ਆਪਣਾ ਸੀਸ ਭੇਟ ਕਰਨ ਲਈ ਅੱਗੇ ਆਇਆ। ਗੁਰੂ ਜੀ ਉਸਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਮੁੜ ਇੱਕ ਹੋਰ ਸੀਸ ਦੀ ਮੰਗ ਕੀਤੀ। ਤੀਜੀ ਵਾਰੀ ਦਵਾਰਕਾ ਦਾ ਮੋਹਕਮ ਚੰਦ ਜੋ ਧੋਬੀ ਸੀ, ਚੌਥੀ ਵਾਰ ਬਿਦਰ ਦਾ ਨਾਈ ਸਾਹਿਬ ਚੰਦ ਅਤੇ ਪੰਜਵੀਂ ਵਾਰ ਜਗਨਨਾਥ ਪੁਰੀ ਦਾ ਹਿੰਮਤ ਰਾਏ ਕਹਾਰ ਸੀਸ ਭੇਟ ਕਰਨ ਲਈ ਅੱਗੇ ਵਧੇ। ਇਸ ਮਗਰੋਂ ਗੁਰੂ ਜੀ ਨੇ ਇਸ ਸਮੇਂ ਅੰਮ੍ਰਿਤ ਤਿਆਰ ਕਰਵਾਇਆ। ਇਨ੍ਹਾਂ ਗੁਰੂ ਨਮਿਤ ਸੀਸ ਭੇਟ ਕਰਨ ਵਾਲੇ ਸਿੱਖਾਂ ਨੂੰ ਕੇਸਰੀ ਬਾਣਾ ਪਹਿਨਾਇਆ ਗਿਆ। ਗੁਰੂ ਜੀ ਨੇ ਆਪ ਵੀ ਅਜਿਹੇ ਬਸਤਰ ਪਹਿਨ ਲਏ। ਇਨ੍ਹਾਂ ਨੂੰ ਨਿਸ਼ਚਿਤ ਵਿਧੀ ਅਨੁਸਾਰ ਅੰਮ੍ਰਿਤ ਛਕਾ ਕੇ ਅਤੇ ਪਿਛੋਂ ਆਪ ਅੰਮ੍ਰਿਤ ਛਕ ਕੇ ਇਨ੍ਹਾਂ ਸਿੱਖਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ ਗਿਆ। ਇਨ੍ਹਾਂ ਦੇ ਨਾਮ ਪਿੱਛੇ ਸਿੰਘ ਪਿਛੇਰ ਲਾ ਦਿੱਤਾ ਗਿਆ। ਇੰਜ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਦਾ ਭਾਰਤ ਦੇ ਇਤਿਹਾਸ ਦੀ ਧਾਰਾ ਨੂੰ ਬਦਲਣ ਵਿੱਚ ਬਹੁਤ ਵਡਾ ਯੋਗਦਾਨ ਹੈ।
ਇਸ ਸਾਰੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਗੁਰਸਿੱਖਾਂ ਦੇ ਅਧਿਆਤਮਿਕ ਰੂਪਾਂਤਰਣ ਦਾ ਵੱਡਾ ਕਾਰਨਾਮਾ ਸੀ। ਗੁਰੂ ਸਾਹਿਬ ਨੇ ਇਹ ਪੰਜ ਪਿਆਰੇ, ਜੋ ਅੰਮ੍ਰਿਤਪਾਨ ਕਰਕੇ ਗੁਰੂ ਜੀ ਦੇ ਸਿੰਘ ਸਜੇ, ਹੁਣ ਨਿਵੇਕਲੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਚੁੱਕੇ ਸਨ। ਇਹ ਸਮੁੱਚੇ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚੋਂ ਆਏ ਸਨ ਅਤੇ ਲਗਪਗ ਸਾਰੇ ਹੀ ਕਥਿਤ ਨੀਵੀਆਂ ਜਾਤੀਆਂ ਵਿੱਚੋਂ ਸਨ। ਗੁਰੂ ਜੀ ਨੇ ਖਾਲਸਾ ਪੰਥ ਨੂੰ ਅਕਾਲ ਪੁਰਖ ਕੀ ਫੌਜ ਕਹਿ ਕੇ ਨਿਵਾਜਿਆ ਹੈ, ਜੋ ਗ਼ਰੀਬਾਂ ਅਤੇ ਦੁਖੀਆਂ ਦੀ ਸਹਾਇਤਾ ਲਈ ਹੋਂਦ ਵਿੱਚ ਆਈ ਸੀ।
1699 ਦੇ ਇਸ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਲੈ ਕੇ ਵਰਤਮਾਨ ਕਾਲ ਤਕ ਜੋ ਬੀਰਤਾ ਅਤੇ ਉਪਕਾਰ ਦੀ ਭਾਵਨਾ ਗੁਰੂ ਜੀ ਨੇ ਆਪਣੇ ਖ਼ਾਲਸੇ ਨੂੰ ਬਖ਼ਸ਼ੀ, ਉਸ ਨੇ ਬੀਰਤਾ ਅਤੇ ਕੁਰਬਾਨੀਆਂ ਦਾ ਨਵਾਂ ਇਤਿਹਾਸ ਸਿਰਜ ਦਿੱਤਾ, ਜੋ ਆਪਣੇ ਆਪ ਵਿੱਚ ਬੇਮਿਸਾਲ ਤੇ ਸੁਤੰਤਰਤਾ ਪ੍ਰਾਪਤੀ ਲਈ ਜੂਝ ਮਰਨ ਦੀ ਵੱਡੀ ਇਤਿਹਾਸਕ ਗਾਥਾ ਹੈ। ਵਿਸ਼ਵ ਦੇ ਇਤਿਹਾਸ ਵਿੱਚ ਸਾਧਾਰਨ ਮਨੁੱਖ ਨੂੰ ਖ਼ਾਲਸੇ ਦੀ ਪਦਵੀ ਤਕ ਦਾ ਉਥਾਨ ਅਤੇ ਸਿੰਘਤਵ ਦੇ ਚਰਿੱਤਰ ਦਾ ਅਸ਼ਪਾਤੀ ਨਿਰਮਾਣ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਕਾਮ ਸੇਵਾ ਭਗਤੀ, ਸੰਤ ਉਭਾਰਣ, ਧਰਮ ਚਲਾਵਣ ਅਤੇ ਦੁਸ਼ਟਾਂ ਦਾ ਅਰਥਾਤ ਮਾਨਵ ਦੋਖੀਆਂ ਦਾ ਸਰਬ ਮੂਲ ਸੰਘਾਰਣ ਦਾ ਉਹ ਮਾਰਗ ਸੀ, ਜੋ ਸੰਸਾਰ ਦੇ ਵੱਡੇ ਵੱਡੇ ਇਨਕਲਾਬਾਂ ਦਾ ਕਾਰਨ ਬਣ ਸਕਦਾ ਹੈ। ਅਕਾਲ ਪੁਰਖ ਦੀ ਅਧਿਆਤਮਿਕ ਸ਼ਕਤੀ ਅਤੇ ਆਮ ਲੋਕਾਂ ਦੇ ਭੌਤਿਕ ਬਲ ਦਾ ਸੰਯੋਗ ਗੁਰੂ ਖ਼ਾਲਸੇ ਨੂੰ ਨਿਵੇਕਲੀ ਸ਼ਾਨ ਪ੍ਰਦਾਨ ਕਰਦਾ ਹੈ ਅਤੇ ਇਸ ਮਾਨਵੀ ਸ਼ਕਤੀ ਤੇ ਨਵ ਨਿਰਮਾਣ ਦਾ ਸਾਰਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਰ ਦ੍ਰਿਸ਼ਟੀ ਅਤੇ ਦੂਰਦਰਸ਼ਤਾ ਦਾ ਸਾਖਿਆਤ ਪ੍ਰਮਾਣ ਹੈ।
ਜਦੋਂ ਕਦੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਹਾਨ ਇਤਿਹਾਸਕ ਕਾਰਨਾਮੇ ਦਾ ਵਿਸ਼ਲੇਸ਼ਣ ਕਰਕੇ ਇਸਦੇ ਉਚਤਮ ਲਖ਼ਸ਼ਾਂ ਦਾ ਵਾਸਤਵਿਕ ਬੋਧ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਜਿਵੇਂ ਸੰਸਾਰ ਦੇ ਪ੍ਰਸਿੱਧ ਇਤਿਹਾਸਕਾਰਾਂ ਨੇ ਇਸ ਦਾ ਮੁਲਾਂਕਣ ਕੀਤਾ ਹੈ ਕਿ ਇਹ ਵਿਸ਼ਵ ਦੇ ਮਾਨਵੀ ਇਤਿਹਾਸ ਦਾ ਸਦੀਵ ਕਾਲ ਤਕ ਚਮਕਦੇ ਰਹਿਣ ਵਾਲਾ ਇੱਕ ਸੁਨਿਹਰੀ ਬਿੰਦੂ ਹੈ। ਗੁਰੂ ਜੀ ਦੇ ਇਸ ਕਾਰਨਾਮੇ ਅਤੇ ਉਪਕਾਰ ਨੇ ਮਨੁੱਖਾਂ ਦੇ ਸਮੁੱਚੇ ਚਰਿੱਤਰ ਦੀ ਕਾਇਆ ਕਲਪ ਕਰਕੇ ਅਜਿਹਾ ਨਵ ਨਿਰਮਾਣ ਕਰ ਦੇਣਾ ਸੰਭਵ ਬਣਾ ਦਿੱਤਾ, ਜੋ ਸੋਸ਼ਣਕਾਰੀ ਤੇ ਦਮਨ ਕਾਰਕ ਸ਼ਕਤੀਆਂ ਅੱਗੇ ਕਦੀ ਝੁਕ ਨਹੀਂ ਸਕਦਾ, ਸਗੋਂ ਮਨੁੱਖ ਦੀ ਸੁਤੰਤਰਤਾ ਅਤੇ ਬਰਾਬਰੀ ਦੇ ਆਦਰਸ਼ਕ ਭਾਈਚਾਰੇ ਦੀ ਸਿਰਜਣਾ ਲਈ ਸਦਾ ਸੰਘਰਸ਼ ਕਰਨ ਲਈ ਤਤਪਰ ਰਹਿੰਦਾ ਹੈ। ਇਹ ਆਦਰਸ਼ ਸਮਾਜ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਿਅਕਤੀਤਵ ਦੀ ਦੇਣ ਸੀ, ਨੂੰ ਮਹਾਨ ਸਿੱਖ ਚਿੰਤਕ ਪ੍ਰੋ. ਪੂਰਨ ਸਿੰਘ ਨੇ ਅਧਿਆਤਮਿਕ ਲੋਕਤੰਤਰ ਦੀ ਸੰਗਿਆ ਦਿੱਤੀ ਹੈ, ਜਿਸ ਦਾ ਆਧਾਰ ਵੋਟ ਤੰਤਰ ਨਹੀਂ, ਸਗੋਂ ਗੁਰੂ ਦੇ ਵਿਅਕਤਿਤਵ ਦੇ ਆਤਮਿਕ ਲਕਸ਼ਾਂ ਦੀ ਪੂਰਤੀ ਹੈ। ਅਜਿਹੀ ਮਾਨਵੀ ਨਵ ਸਿਰਜਣਾ ਨੂੰ ਮੁੱਖ ਰੱਖ ਕੇ ਭਾਈ ਗੁਰਦਾਸ ਦੂਜੇ ਨੇ ਸੱਚ ਹੀ ਕਿਹਾ ਹੈ:
ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
(ਵਾਰ ਭਾਈ ਗੁਰਦਾਸ ਪਉੜੀ 17)
ਕਿਸੇ ਵੀ ਅਧਿਆਤਮਿਕ ਰਹਿਬਰ ਅਤੇ ਉਸਦੇ ਅਨੁਯਾਈਆਂ ਦਾ ਇਸ ਪ੍ਰਕਾਰ ਇੱਕ ਸੁਰ ਹੋ ਜਾਣਾ, ਸੱਚਮੁੱਚ ਇੱਕ ਵੱਡੀ ਕਰਾਮਾਤ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਈ ਅਤੇ ਆਪ ਦੇ ਇਹ ਪ੍ਰਵਚਨ ਉਚੇਚੇ ਧਿਆਨ ਦੀ ਮੰਗ ਕਰਦੇ ਹਨ:
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮੇ ਹਉ ਕਰਹੁ ਨਿਵਾਸ॥
ਇਹੋ ਖਾਲਸਾ ਅਗਾਮੀ ਇਤਿਹਾਸਕ ਕਾਲਾਂ ਵਿੱਚ ਵੱਡੀ ਕ੍ਰਾਂਤੀਕਾਰੀ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆਇਆ। ਇਹ ਭਾਰਤੀ ਸੁਤੰਤਰਤਾ ਦੇ ਇਤਿਹਾਸ ਦੇ ਸੰਗਰਾਮਾਂ ਵਿੱਚ ਇਸਦੇ ਮੁਹਰਲੇ ਅਰਥਾਤ ਹਰਾਵਲ ਦਸਤੇ ਦੇ ਕਾਰਜ ਨੂੰ ਨਿਭਾਇਆ।
ਇਸ ਖਾਲਸੇ ਨੇ ਮੁਗਲਾਂ ਦੀਆਂ ਜੜਾਂ ਪੁੱਟ ਦਿਤੀਆਂ ਤੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਪਿੱਛੋਂ ਮੁਸਲਮਾਨ ਹਮਲਾਵਰਾਂ ਦੇ ਹਮਲਿਆਂ ਤੋਂ ਨਿਜਾਤ ਮਿਲ ਗਈ।
ਹਵਾਲਾ ਪੁਸਤਕਾਂ:
1. ਸੰਗਤ ਸਿੰਘ, ਇਤਿਹਾਸ `ਚ ਸਿੱਖ 2008, ਸਿੰਘ ਬਰਦਰਜ਼, ਅੰਮ੍ਰਿਤਸਰ।
2. ਕਿਰਪਾਲ ਸਿੰਘ ਕਸੇਲ, ਤਵਾਰੀਖ ਸੰਤ ਖ਼ਾਲਸਾ ਗੁਰ-ਇਤਿਹਾਸ (ਭਾਗ ਪਹਿਲਾ- 1906 ਤੱਕ), ਆਰਸੀ ਪਬਲਿਸ਼ਰਜ਼ ਚਾਂਦਨੀ ਚੌਂਕ, ਦਿੱਲੀ।

Leave a Reply

Your email address will not be published. Required fields are marked *