ਹਥਲਾ ਲੇਖ ਅੰਗਰੇਜ਼ ਅਤੇ ਸਿੱਖ ਫੌਜਾਂ ਵਿਚਕਾਰ ਹੋਈਆਂ ਜੰਗਾਂ ਦਾ ਇੱਕ ਤਰ੍ਹਾਂ ਹਾਲ-ਏ-ਬਿਆਂ ਹੈ ਅਤੇ ਇਨ੍ਹਾਂ ਜੰਗਾਂ ਲਈ ਧਰਾਤਲ ਬਣੇ ਕਾਰਨਾਂ ਦਾ ਵੀ ਇਸ ਲੇਖ ਵਿੱਚ ਜ਼ਿਕਰ ਛੋਹਿਆ ਗਿਆ ਹੈ। ਸਿੱਖ ਰਾਜ ਦੇ ਖਤਮ ਹੋਣ ਵਿੱਚ ‘ਆਪਣਿਆਂ’ ਦੀ ਗੱਦਾਰੀ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਦੋਂ ਅੰਗਰੇਜ਼ ਹਕੂਮਤ ਨਾਲ ਗੱਦਾਰ ਕਥਿਤ ਸਿੱਖਾਂ ਦਾ ਰਲ਼ ਜਾਣਾ ਅਤੇ ਹੁਣ ਮੌਜੂਦਾ ਦੌਰ ਵਿੱਚ ਭਾਰਤੀ ਕੇਂਦਰੀ ਹਕੂਮਤ ਨਾਲ ਅਖੌਤੀ ਪੰਥਕ ਆਗੂਆਂ ਦੇ ਰਲ਼ ਜਾਣ ਨਾਲ ਸਿੱਖ ਪੰਥ/ਸਿੱਖਾਂ ਲਈ ਨੇੜ ਭਵਿੱਖ ਵਿੱਚ ਗੰਭੀਰ ਸਥਿਤੀ ਉਭਰਨ ਦਾ ਖਦਸ਼ਾ ਬਣ ਗਿਆ ਹੈ। ਪੰਜਾਬ ਹੁਣ ਜਿਸ ਸਰਦਲ `ਤੇ ਖੜ੍ਹਾ ਹੈ, ਉਸ ਲਈ ਬਹੁਤਾ ਕਰਕੇ ਨਿੱਸਲ ਹੋ ਗਈ ਪੰਜਾਬ ਦੀ ਹਰ ਰੰਗ ਦੀ ਲੀਡਰਸ਼ਿੱਪ ਜ਼ਿੰਮੇਵਾਰ ਹੈ। ਅੰਗਰੇਜ਼-ਸਿੱਖ ਜੰਗਾਂ ਅਤੇ ਮੌਜੂਦਾ ਪੰਥਕ ਜਾਂ ਪੰਜਾਬ ਦੇ ਹਾਲਾਤ ਦੀ ਨੇੜਿਓਂ ਘੋਖ ਕਰੀਏ ਤਾਂ ਕਿਤੇ ਨਾ ਕਿਤੇ ਇਹ ਵਰਤਾਰਾ ਆਪਸ ਵਿੱਚ ਜੁੜਦਾ ਪ੍ਰਤੀਤ ਹੁੰਦਾ ਹੈ।
ਦਿਲਜੀਤ ਸਿੰਘ ਬੇਦੀ
ਅੰਗਰੇਜ਼ ਲਗਭਗ ਸਾਰੇ ਭਾਰਤ ਦੇ ਮਾਲਕ ਬਣ ਗਏ ਸਨ ਅਤੇ ਕੇਵਲ ਪੰਜਾਬ ਹੀ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ। ਇਸ ਲਈ ਉਹ ਛੇਤੀ ਤੋਂ ਛੇਤੀ ਇਸ ਨੂੰ ਆਪਣੇ ਰਾਜ ਦਾ ਭਾਗ ਬਣਾ ਕੇ ਆਪਣੇ ਰਾਜ ਨੂੰ ਸੰਪੂਰਨ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜਾਬ ਨੂੰ ਘੇਰਾ ਪਾ ਲੈਣ ਦੀ ਵਿਉਂਤ ਬਣਾਈ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਸੰਨ 1836 ਵਿੱਚ ਸੱਖਰ ਤੇ ਸਿੰਧ ਵੱਲ ਵਧਣ ਤੋਂ ਰੋਕਿਆ ਅਤੇ ਫਿਰ 1938 ਵਿੱਚ ਤ੍ਰੈਪੱਖੀ ਸੰਧੀ ਕਰ ਕੇ ਕਾਬਲ ਵੱਲ ਵੱਧਣ ਤੋਂ ਰੋਕਿਆ। ਇਸ ਤੋਂ ਇਲਾਵਾ ਕਈ ਹੋਰ ਕਾਰਨ ਵੀ ਸਨ, ਜਿਨ੍ਹਾਂ ਕਰ ਕੇ ਅੰਗਰੇਜ਼ ਅਤੇ ਸਿੱਖ ਫੌਜਾਂ ਵਿਚਕਾਰ ਇਹ ਲੜਾਈ ਲੜੀ ਗਈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਅਤੇ ਅਸ਼ਾਂਤੀ ਫੈਲ ਗਈ ਸੀ। ਡੋਗਰਾ ਭਰਾਵਾਂ ਨੇ ਮਹਾਰਾਜਾ ਖੜਕ ਸਿੰਘ ਦੇ ਵਜੀਰ ਚੇਤ ਸਿੰਘ ਬਾਜਵਾ ਨੂੰ ਮਰਵਾ ਦਿੱਤਾ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਬੁਲਾ ਕੇ ਪ੍ਰਸ਼ਾਸਨ ਉਸ ਦੇ ਹੱਥ ਦੇ ਦਿੱਤਾ। ਕੰਵਰ ਨੌਨਿਹਾਲ ਸਿੰਘ ਕਿਲੇ ਦੀ ਡਿਉੜੀ ਦਰਵਾਜ਼ੇ ਦਾ ਛੱਜਾ ਡਿਗਣ ਕਾਰਨ ਮਰ ਗਿਆ। ਇਸ ਤੋਂ ਬਾਅਦ ਸ਼ੇਰ ਸਿੰਘ ਮਹਾਰਾਜਾ ਬਣਿਆ, ਜਿਸ ਨੇ ਤਕਰੀਬਨ ਦੋ ਸਾਲ ਰਾਜ ਕੀਤਾ। ਸੰਧਾਵਾਲੀਏ ਸਰਦਾਰਾਂ ਨੇ ਮਹਾਰਾਜਾ ਸ਼ੇਰ ਸਿੰਘ, ਉਸ ਦੇ ਪੱਤਰ ਪ੍ਰਤਾਪ ਸਿੰਘ ਅਤੇ ਰਾਜਾ ਧਿਆਨ ਸਿੰਘ ਨੂੰ ਇੱਕੋ ਦਿਨ ਹੀ ਕਤਲ ਕਰ ਦਿੱਤਾ। ਅੰਗਰੇਜ਼ ਅਜਿਹੀ ਸਥਿਤੀ ਨੂੰ ਬੜੇ ਧਿਆਨ ਨਾਲ ਵੇਖ ਰਹੇ ਸਨ ਅਤੇ ਛੇਤੀ ਤੋਂ ਛੇਤੀ ਇਸ ਤੋਂ ਫਾਇਦਾ ਉਠਾਉਣਾ ਚਾਹੁੰਦੇ ਸਨ। ਲੁਧਿਆਣੇ ਦੇ ਏਜੰਟ ਕਲਾਰਕ ਨੇ ਆਪਣੀ ਸਰਕਾਰ ਨੂੰ ਲਗਾਤਾਰ ਚਿੱਠੀਆ ਲਿਖ ਕੇ ਇਸ ਗੱਲ ਲਈ ਮਜਬੂਰ ਕਰ ਦਿੱਤਾ ਕਿ ਉਹ ਪੰਜਾਬ ਉੱਤੇ ਕਬਜ਼ਾ ਕਰਨ ਦੀ ਕਾਰਵਾਈ ਕਰੇ।
ਡਾ. ਭਗਤ ਸਿੰਘ ਨੇ ਇਸ ਲੜਾਈ ਸਬੰਧੀ ਪੰਜਾਬ ਕੋਸ਼ ਪੰਨਾ 58 `ਤੇ ਦਰਜ ਕੀਤਾ ਹੈ ਕਿ “ਸੰਨ 1842 ਵਿੱਚ ਲਾਰਡ ਆਕਲੈਂਡ ਦੀ ਥਾਂ ਲਾਰਡ ਐਲਨਬਰੋ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਹੋਇਆ। ਇਸ ਨੇ ਸਿੰਧ `ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ। ਸੰਨ 1843 ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਇਲਾਕੇ ਨਾਲ ਮਿਲਾ ਲਿਆ। ਸਿੱਖਾਂ ਨੇ ਅੰਗਰੇਜ਼ਾਂ ਦੀ ਇਸ ਕਾਰਵਾਈ ਨੂੰ ਬੜੇ ਸ਼ੱਕ ਤੇ ਭੈਅ ਨਾਲ ਵੇਖਿਆ ਅਤੇ ਮਹਿਸੂਸ ਕੀਤਾ ਕਿ ਅੰਗਰੇਜ਼ ਪੰਜਾਬ ਦੇ ਦੁਆਲੇ ਘੇਰਾ ਪਾਈ ਜਾ ਰਹੇ ਸਨ ਤੇ ਛੇਤੀ ਹੀ ਪੰਜਾਬ ਨੂੰ ਅੰਗਰੇਜ਼ੀ ਇਲਾਕੇ ਵਿੱਚ ਸ਼ਾਮਲ ਕਰਨ ਲਈ ਕਾਰਵਾਈ ਕਰਨਗੇ। ਅੰਗਰੇਜ਼ੀ ਸੈਨਾ ਦੇ ਕਮਾਂਡਰ-ਇਨ-ਚੀਫ ਲਾਰਡ ਗਫ ਨੇ ਅੰਬਾਲੇ ਵਿੱਚ ਆਪਣਾ ਹੈੱਡ ਕੁਆਰਟਰ ਸਥਾਪਤ ਕਰ ਲਿਆ। ਅਕਤੂਬਰ 1844 ਵਿੱਚ ਸਰਹੱਦ ਉੱਤੇ ਅੰਗਰੇਜ਼ਾਂ ਦੀ 17,000 ਪਿਆਦਾ ਫੌਜ ਤੇ 60 ਤੋਪਾਂ ਸਨ ਅਤੇ ਨਵੰਬਰ ਤੱਕ 10,000 ਹੋਰ ਸੈਨਿਕਾਂ ਦਾ ਪ੍ਰਬੰਧ ਹੋ ਜਾਣਾ ਸੀ। ਜਨਵਰੀ 1845 ਵਿੱਚ ਜਦੋਂ ਸਰ ਜਾਨ ਲਿਟਲਰ ਨੇ 7000 ਸੈਨਿਕਾਂ ਦੀ ਕਮਾਨ ਸੰਭਾਲੀ ਤਾਂ ਅੰਗਰੇਜ਼ਾਂ ਦੇ ਇਸ ਸਰਹੱਦ ਉੱਤੇ 20,000 ਸੈਨਿਕ ਅਤੇ 60 ਤੋਪਾਂ ਸਨ। ਉਸ ਵੇਲੇ ਗਵਰਨਰ ਜਨਰਲ ਹਾਰਡਿੰਗ ਨੇ ਕਿਹਾ ਕਿ ਉਹ 33,000 ਪਿਆਦਾ ਫੌਜ, 6000 ਘੋੜ ਸਵਾਰ ਅਤੇ 100 ਤੋਪਾਂ ਛੇ ਹਫਤੇ ਵਿੱਚ ਆਪਣੀ ਸਰਹੱਦ ਉੱਪਰ ਇਕੱਠੀਆਂ ਕਰਨ। ਮਾਰਚ 1845 ਵਿੱਚ ਬੈਰਕਪੁਰ, ਮਿਦਨਾਪੁਰ, ਦੀਨਾਪੁਰ, ਬਹਿਰਾਮਪੁਰ ਅਤੇ ਸਾਗਰ ਤੋਂ ਹੋਰ ਫੌਜਾਂ ਫਿਰੋਜ਼ਪੁਰ, ਲੁਧਿਆਣਾ ਅਤੇ ਅੰਬਾਲਾ ਵਿੱਚ ਲਿਆਂਦੀਆਂ ਗਈਆਂ। ਮੇਰਠ ਅਤੇ ਸਤਲੁਜ ਦੇ ਦਰਮਿਆਨ ਵੀ ਕਾਫ਼ੀ ਫੌਜ ਜਮ੍ਹਾਂ ਕੀਤੀ ਗਈ।
ਐਲਨਬਰੋ ਦੇ ਜਾਣ ਤੋਂ ਸਾਲ/ਡੇਢ ਸਾਲ ਦੇ ਅੰਦਰ ਅੰਦਰ ਹਾਰਡਿੰਗ ਨੇ ਫਿਰੋਜ਼ਪੁਰ ਦੀ ਛਾਉਣੀ ਵਿੱਚ 4595 ਸੈਨਿਕਾਂ ਤੋਂ ਵਧਾ ਕੇ 10,472 ਸੈਨਿਕ ਕਰ ਦਿੱਤੇ ਅਤੇ 12 ਤੋਪਾਂ ਤੋਂ ਵਧਾ ਕੇ 24 ਤੋਪਾਂ ਕਰ ਦਿੱਤੀਆਂ। ਅੰਬਾਲੇ ਵਿੱਚ 4113 ਸੈਨਿਕਾਂ ਅਤੇ 24 ਤੋਪਾਂ ਤੋਂ ਵਧਾ ਕੇ 12,972 ਸੈਨਿਕ ਅਤੇ 32 ਤੋਪਾਂ ਕਰ ਦਿੱਤੀਆਂ; ਮੇਰਠ ਵਿੱਚ 5572 ਸੈਨਿਕਾ ਤੇ 18 ਤੋਪਾਂ ਤੋਂ ਵਧਾ ਕੇ 9844 ਸੈਨਿਕ ਅਤੇ 24 ਤੋਪਾਂ ਕਰ ਦਿੱਤੀਆਂ ਅਤੇ ਸਬਾਥ (ਸਪਾਟ) ਤੇ ਕਸੌਲੀ ਆਦਿ ਪਹਾੜੀ ਇਲਾਕਿਆਂ ਦੀਆਂ ਫੌਜਾਂ ਦੀ ਗਿਣਤੀ 24,000 ਤੋਂ ਵਧਾ ਕੇ 45,500 ਕਰ ਦਿੱਤੀ। ਪੰਜਾਬ ਦੇ ਲਾਗੇ ਇੰਨੀ ਭਾਰੀ ਗਿਣਤੀ ਵਿੱਚ ਫੌਜਾਂ ਜਮ੍ਹਾਂ ਕਰ ਦੇਣ ਦੇ ਪਿੱਛੋਂ ਅੰਗਰੇਜ਼ਾਂ ਦੇ ਮਨੋਰਥ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਹੋ ਸਕਦਾ। ਨਿਸਚੇ ਹੀ ਉਹ ਸਿੱਖਾਂ ਨਾਲ ਜੰਗ ਕਰਨ ਦੀਆਂ ਤਿਆਰੀਆਂ ਦੇ ਆਖਰੀ ਪੜਾਅ `ਤੇ ਪੁੱਜ ਰਹੇ ਸਨ।
ਅੰਗਰੇਜ਼ੀ ਫੌਜਾਂ ਦੀ ਸਰਹੱਦ, ਲਾਹੌਰ ਦਰਬਾਰ ਤੋਂ ਛੁਪੀ ਨਹੀਂ ਸੀ ਰਹਿ ਸਕਦੀ। ਅੰਗਰੇਜ਼ੀ ਫੌਜਾਂ ਦੇ ਕਮਾਂਡਰ-ਇਨ-ਚੀਫ ਦਾ ਸਤਲੁਜ ਦੇ ਲਾਗੇ ਆ ਡੇਰੇ ਲਾਉਣਾ ਲਾਹੌਰ ਦਰਬਾਰ ਵੱਲੋਂ ਬੜੀ ਸਖ਼ਤ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ। ਜਨਵਰੀ 1845 ਵਿੱਚ ਅੰਗਰੇਜ਼ ਫ਼ੌਜਾਂ ਦੇ ਸਤਲੁਜ ਦੇ ਕੰਢੇ `ਤੇ ਇੱਕਠੇ ਹੋਣ ਦੀ ਖ਼ਬਰ ਸੁਣ ਕੇ ਲਾਹੌਰ ਵਿੱਚ ਚਿੰਤਾ ਦੀ ਇੱਕ ਲਹਿਰ ਦੌੜ ਗਈ। ਲੁਧਿਆਣੇ ਦੇ ਪੁਲੀਟੀਕਲ ਏਜੰਟ ਬਰਾਡਫੁਟ ਪਾਸ ਇਸ ਗੱਲ ਲਈ ਰੋਸ ਪ੍ਰਗਟ ਕੀਤਾ ਗਿਆ। ਬਰਾਡਫੁਟ ਨੇ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਫ਼ੌਜਾਂ ਦਾ ਇਧਰ-ਉਧਰ ਜਾਣਾ ਜਾਂ ਬਹੁਤ ਸਾਰੀਆਂ ਫ਼ੌਜਾਂ ਦਾ ਮਾਲਵੇ ਵਿੱਚ ਆ ਜਾਣਾ ਨਿਰੋਲ ਪ੍ਰਬੰਧਕੀ ਸਹੂਲਤਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਸੀ ਅਤੇ ਲਾਹੌਰ ਦਰਬਾਰ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਬਰਾਡਫੁਟ ਦੇ ਦਿਵਾਏ ਭਰੋਸੇ `ਤੇ ਸਿੱਖਾਂ ਨੂੰ ਇਤਬਾਰ ਨਾ ਆਇਆ।
ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਮਹਾਰਾਣੀ ਜਿੰਦਾਂ ਬੜੀ ਦਲੇਰ ਅਤੇ ਸੂਝਵਾਨ ਔਰਤ ਸੀ। ਉਹ ਅੰਗਰੇਜ਼ਾਂ ਦੀ ਸਖ਼ਤ ਵਿਰੋਧੀ ਸੀ। ਇਸ ਲਈ ਅੰਗਰੇਜ਼, ਜੋ ਪੰਜਾਬ ਉੱਤੇ ਕਬਜ਼ਾ ਕਰ ਲੈਣ ਦੀਆਂ ਯੋਜਨਾਵਾਂ ਬਣਾਈ ਬੈਠੇ ਸਨ, ਮਹਾਰਾਣੀ ਜਿੰਦਾਂ ਨੂੰ ਬਦਨਾਮ ਕਰਨ ਲੱਗੇ। ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਦੇ ਆਚਰਨ ਉੱਤੇ ਤਰ੍ਹਾਂ ਤਰ੍ਹਾਂ ਦੇ ਦੂਸ਼ਣ ਲਾਏ। ਇਸ ਤਰ੍ਹਾਂ ਉਹ ਲਾਹੌਰ ਦਰਬਾਰ ਦੀਆਂ ਫੌਜਾਂ ਅਤੇ ਆਮ ਲੋਕਾਂ ਨੂੰ ਮਹਾਰਾਣੀ ਜਿੰਦਾ ਵਿਰੁੱਧ ਭੜਕਾ ਕੇ ਪੰਜਾਬ ਵਿੱਚ ਅਰਾਜਕਤਾ ਫੈਲਾਉਣਾ ਚਾਹੁੰਦੇ ਸਨ ਤਾਂ ਜੋ ਪੰਜਾਬ ਉੱਤੇ ਕਬਜ਼ਾ ਕਰਨ ਲਈ ਉਨ੍ਹਾਂ ਨੂੰ ਸੌਖ ਰਹੇ। ਮਹਾਰਾਣੀ ਜਿੰਦਾਂ ਆਪਣੀ ਬਦਨਾਮੀ ਦੇ ਸਨਮੁਖ ਅੰਗਰੇਜ਼ਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨ ਦੇ ਹੱਕ ਵਿੱਚ ਸੀ। ਇਸ ਸਥਿਤੀ ਦਾ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਦੇ ਸਬੰਧਾਂ ਉੱਤੇ ਬੁਰਾ ਅਸਰ ਪਿਆ ਅਤੇ ਦੋਹਾਂ ਵਿਚਕਾਰ ਲੜਾਈ ਦਿਨ-ਬਦਿਨ ਨੇੜੇ ਆਉਂਦੀ ਗਈ।
ਸਤੰਬਰ 1845 ਵਿੱਚ ਰਾਜਾ ਲਾਲ ਸਿੰਘ ਨੂੰ ਲਾਹੌਰ ਸਰਕਾਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਲਾਲ ਸਿੰਘ ਵਿੱਚ ਨਾ ਕੋਈ ਸੈਨਿਕ ਗੁਣ ਸਨ ਅਤੇ ਨਾ ਹੀ ਕੋਈ ਰਾਜਨੀਤਕ ਸੂਝ ਸੀ। ਇਹ ਇਤਬਾਰੀ ਅਤੇ ਭਰੋਸੇਯੋਗ ਬਿਲਕੁਲ ਨਹੀਂ ਸੀ। ਮਹਾਰਾਣੀ ਜਿੰਦਾਂ, ਲਾਲ ਸਿੰਘ ਦੀ ਸਮਰਥਕ ਸੀ। ਉਹ ਫੌਜ ਤੋਂ ਡਰਦਾ ਸੀ ਅਤੇ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਲਈ ਮਹਾਰਾਣੀ ਜਿੰਦਾਂ ਦਾ ਹਾਮੀ ਸੀ। ਉਹ ਲਾਹੌਰ ਦਰਬਾਰ ਦੀ ਅੰਗਰੇਜ਼ਾਂ ਨਾਲ ਲੜਾਈ ਕਰਵਾ ਕੇ ਲਾਹੌਰ ਰਾਜ ਦੀ ਸੈਨਾ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਆਪਣੇ ਅਹੁਦੇ `ਤੇ ਬਣਿਆ ਰਹਿ ਸਕੇ। ਉਸ ਸਮੇਂ ਹੀ ਤੇਜ ਸਿੰਘ ਸਿੱਖ ਫੌਜ ਦਾ ਕਮਾਂਡਰ-ਇਨ-ਚੀਫ ਥਾਪਿਆ ਗਿਆ। ਤੇਜ ਸਿੰਘ ਵੀ ਸੈਨਾ ਤੋਂ ਬੜਾ ਡਰਦਾ ਸੀ। ਲਾਲ ਸਿੰਘ ਤੇ ਤੇਜ ਸਿੰਘ ਦੋਵੇਂ ਹੀ ਅੰਗਰੇਜ਼ ਸਰਕਾਰ ਨਾਲ ਮਿਲ ਗਏ ਅਤੇ ਇਨ੍ਹਾਂ ਵਿਸ਼ਵਾਸਘਾਤੀ ਉੱਚ-ਅਧਿਕਾਰੀਆਂ ਨੇ ਸੈਨਾ ਨੂੰ ਕਮਜ਼ੋਰ ਕਰਨ ਲਈ ਅੰਗਰੇਜ਼ਾਂ ਨਾਲ ਲੜਾਈ ਦੀ ਯੋਜਨਾ ਬਣਾਈ।
ਹੋਰਨਾਂ ਤੋਂ ਇਲਾਵਾ ਬਰਾਡਫੁਟ ਦੇ ਪੁਲੀਟੀਕਲ ਏਜੰਟ ਬਣਨ (ਨਵੰਬਰ 1844) ਨਾਲ ਵੀ ਅੰਗਰੇਜ਼ਾਂ ਤੇ ਸਿੱਖਾਂ ਦੇ ਸਬੰਧਾਂ ਵਿੱਚ ਫਰਕ ਪਿਆ। ਫਰਵਰੀ 1845 ਨੂੰ ਦਰਿਆ ਸਿੰਧ ਵਿੱਚ ਕੁਝ ਬੇੜੀਆਂ ਬੰਬਈ ਅੰਗਰੇਜ਼ਾਂ ਸਿੱਖਾਂ ਦੀ ਲੜਾਈ (ਪਹਿਲੀ) ਤੋਂ ਲਿਆ ਕੇ ਫਿਰ ਫਿਰੋਜ਼ਪੁਰ ਪੁਚਾ ਦਿੱਤੀਆਂ। ਫੌਜੀ ਨੁਕਤੇ ਤੋਂ ਇਸ ਹਰੇਕ ਬੇੜੀ ਵਿੱਚ ਇੱਕ ਤੋਪ ਰੱਖੀ ਗਈ ਸੀ ਅਤੇ ਪੁਲ ਦੇ ਬਹਾਨੇ ਇੰਨੀ ਵੱਡੀ ਗਿਣਤੀ ਵਿੱਚ ਬੇੜੀਆਂ ਦਾ ਇਕੱਠ ਵੀ ਸਿੱਖਾਂ ਲਈ ਚਿੰਤਾ ਦਾ ਕਾਰਨ ਸੀ। ਰਾਜਾ ਸੁਚੇਤ ਸਿੰਘ ਦਾ 15 ਲੱਖ ਰੁਪਿਆ, ਜੋ ਫਿਰੋਜ਼ਪੁਰ ਵਿੱਚ ਦਬਿਆ ਹੋਇਆ ਸੀ, ਅੰਗਰੇਜ਼ ਦੇਣਾ ਨਹੀਂ ਸਨ ਚਾਹੁੰਦੇ ਅਤੇ ਲਾਹੌਰ ਦਰਬਾਰ ਉਸ ਉੱਤੇ ਆਪਣਾ ਹੱਕ ਸਮਝਦਾ ਸੀ, ਵੀ ਸਬੰਧ ਵਿਗਾੜਨ ਦਾ ਇੱਕ ਕਾਰਨ ਸੀ।
ਗਵਰਨਰ ਜਨਰਲ ਵੱਲੋਂ ਯੁੱਧ ਦਾ ਐਲਾਨ-ਉਪਰਲੀਆਂ ਸਭ ਗੱਲਾਂ ਤੋਂ ਸਪਸ਼ਟ ਹੈ ਕਿ ਗਵਰਨਰ ਜਨਰਲ ਹਾਰਡਿੰਗ ਅਤੇ ਪੁਲੀਟੀਕਲ ਏਜੰਟ ਬਰਾਡਫੁਟ ਸਿੱਖਾਂ ਨਾਲ ਲੜਾਈ ਲੜਨਾ ਚਾਹੁੰਦੇ ਸਨ। ਇਨ੍ਹਾਂ ਨੇ ਸਲਾਹ ਕਰ ਕੇ 6 ਦਸੰਬਰ 1845 ਨੂੰ ਕਮਾਂਡਰ-ਇਨ-ਚੀਫ਼ ਨੂੰ ਆਦੇਸ਼ ਦਿੱਤਾ ਕਿ ਉਹ ਮੇਰਠ ਅਤੇ ਅੰਬਾਲਾ ਆਦਿ ਤੋਂ ਇਲਾਵਾ ਆਪਣੀ ਫ਼ੌਜ ਲੁਧਿਆਣਾ ਅਤੇ ਫਿਰੋਜ਼ਪੁਰ ਲੈ ਜਾਣ। 11 ਦਸੰਬਰ ਤੱਕ ਅੰਗਰੇਜ਼ਾਂ ਦੀ ਫ਼ੌਜ ਸਤਲੁਜ ਵੱਲ ਮਾਰਚ ਕਰਦੀ ਰਹੀ। 11 ਦਸੰਬਰ ਨੂੰ ਲਾਲ ਸਿੰਘ ਅਤੇ ਤੇਜ ਸਿੰਘ ਦੇ ਚੁੱਕਣ `ਤੇ ਸਿੱਖ ਸੈਨਾ ਨੇ ਸਤਲੁਜ ਦਰਿਆ ਪਾਰ ਕੀਤਾ। 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖ ਫੌਜ ਉੱਤੇ ਇਹ ਇਲਜ਼ਾਮ ਲਾ ਕੇ ਕਿ ਉਨ੍ਹਾਂ ਨੇ ਅੰਗਰੇਜ਼ੀ ਇਲਾਕੇ ਉੱਤੇ ਹਮਲਾ ਕਰ ਦਿੱਤਾ ਹੈ, ਸਿੱਖਾਂ ਦੇ ਖਿਲਾਫ ਲੜਾਈ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਪਹਿਲਾ ਅੰਗਰੇਜ਼-ਸਿੱਖ ਯੁੱਧ ਸ਼ੁਰੂ ਹੋ ਗਿਆ।
ਯੁੱਧ ਦੀਆਂ ਘਟਨਾਵਾਂ ਦੇ ਇਤਿਹਾਸਕ ਤੱਥਾਂ ਦਾ ਵਰਨਣ ਕਰਦਿਆਂ ਡਾ. ਭਗਤ ਸਿੰਘ ਨੇ ਇਸ ਜੰਗ ਦੀਆਂ ਘਟਨਾਵਾਂ ਬਾਰੇ ਲਿਖਿਆ ਹੈ ਕਿ ਲਾਲ ਸਿੰਘ ਅਤੇ ਤੇਜ ਸਿੰਘ ਦੀ ਅਗਵਾਈ ਵਿੱਚ 11 ਦਸੰਬਰ 1845 ਨੂੰ ਲਗਭਗ 60,000 ਸਿੱਖ ਸੈਨਿਕਾਂ ਨੇ ਸਤਲੁਜ ਦਰਿਆ ਪਾਰ ਕੀਤਾ। ਉਸ ਵੇਲੇ ਫਿਰੋਜ਼ਪੁਰ ਵਿੱਚ ਅੰਗਰੇਜ਼ਾਂ ਕੋਲ ਸਿਰਫ 8000 ਸੈਨਿਕ ਸਨ। ਜੇਕਰ ਲਾਲ ਸਿੰਘ ਉਸ ਵੇਲੇ ਫਿਰੋਜ਼ਪੁਰ `ਤੇ ਹਮਲਾ ਕਰ ਦਿੰਦਾ ਤਾਂ ਅੰਗਰੇਜ਼ਾਂ ਨੂੰ ਬੜੀ ਭਾਰੀ ਹਾਰ ਹੁੰਦੀ, ਪਰ ਉਹ ਅੰਗਰੇਜ਼ ਸਹਾਇਕ ਏਜੰਟ ਨਿਕਲਸਨ ਦੀ ਹਦਾਇਤ ਅਨੁਸਾਰ ਜਿਸ ਨਾਲ ਚਿੱਠੀ ਪੱਤਰ ਚਲਾ ਰਿਹਾ ਸੀ, ਅਜਿਹਾ ਨਹੀਂ ਸੀ ਕਰ ਰਿਹਾ। ਸਿੱਖ ਫ਼ੌਜਾਂ ਨੂੰ ਉਸ ਨੇ ਇੱਕ ਥਾਂ ਇਕੱਠਿਆਂ ਵੀ ਨਹੀਂ ਰਹਿਣ ਦਿੱਤਾ। ਇਨ੍ਹਾਂ ਨੂੰ ਕਈ ਥਾਈਂ ਖਿੰਡਾ-ਪੁੰਡਾ ਕੇ ਇਨ੍ਹਾਂ ਦੀ ਸ਼ਕਤੀ ਘਟਾ ਦਿੱਤੀ ਸੀ। ਲਾਲ ਸਿੰਘ ਵਿੱਚ ਨਾ ਕੋਈ ਸੈਨਿਕ ਗੁਣ ਸਨ ਅਤੇ ਨਾ ਹੀ ਕੋਈ ਰਾਜਨੀਤਕ ਸੂਝ ਸੀ।
ਮੁਦਕੀ ਦੀ ਲੜਾਈ: 18 ਦਸੰਬਰ 1845 ਨੂੰ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਮੁਦਕੀ ਦੇ ਮੁਕਾਮ `ਤੇ ਲੜੀ ਗਈ, ਜੋ ਫਿਰੋਜ਼ਪੁਰ ਤੋਂ ਦੱਖਣੀ-ਪੂਰਬ ਦਿਸਾ ਵੱਲ 32 ਕਿਲੋਮੀਟਰ ਹੈ। ਇਸ ਲੜਾਈ ਵਿੱਚ ਸਿੱਖਾਂ ਪਾਸ 3500 ਘੋੜ ਸਵਾਰ ਤੇ 2000 ਪੈਦਲ ਸੈਨਾ ਅਤੇ ਸਿਰਫ 20 ਤੋਪਾਂ ਸਨ। ਅੰਗਰੇਜ਼ਾਂ ਪਾਸ 12000 ਸੈਨਿਕ, 48 ਤੋਪਾਂ ਅਤੇ 4 ਘੋੜ ਸਵਾਰ ਤੋਪਖ਼ਾਨਾ ਦਸਤੇ ਸਨ। ‘ਮੁਦਕੀ ਦੀ ਲੜਾਈ ਸੈਨਿਕਾਂ ਦੀ ਨਾ ਬਰਾਬਰ ਗਿਣਤੀ ਦੀ ਲੜਾਈ ਸੀ।’ ਸਿੱਖਾਂ ਦੇ ਮੁਕਾਬਲੇ ਵਿੱਚ ਅੰਗਰੇਜ਼ਾਂ ਪਾਸ ਬੜੀ ਭਾਰੀ ਸੈਨਾ ਸੀ। ਲਾਲ ਸਿੰਘ ਪਹਿਲਾਂ ਹੀ ਤੈਅ ਹੋਈ ਗੱਲ ਅਨੁਸਾਰ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਅਤੇ ਸਿੱਖ ਸਿਪਾਹੀ ਬੜੀ ਬਹਾਦਰੀ ਨਾਲ ਲੜੇ। ਆਪਣੀ ਗਿਣਤੀ ਘੱਟ ਹੋਣ ਕਰ ਕੇ ਅਤੇ ਆਪਣੇ ਸੈਨਿਕ ਆਗੂ ਦੀ ਗੱਦਾਰੀ ਕਰ ਕੇ ਸਿੱਖ ਲੜਾਈ ਹਾਰ ਗਏ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋਇਆ। 215 ਅੰਗਰੇਜ਼ ਸੈਨਿਕ ਮਾਰੇ ਗਏ ਅਤੇ 657 ਸੈਨਿਕ ਜ਼ਖ਼ਮੀ ਹੋ ਗਏ।
ਫਿਰੋਜ਼ਸ਼ਾਹ (ਫੇਰੂ ਸ਼ਹਿਰ) ਦੀ ਲੜਾਈ ਅਤੇ ਫਿਰ ਜੁਸ਼ਾਹ ਦੀ ਲੜਾਈ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਨੇ ਸਿੱਖ ਫੌਜ ਦੀ ਅਗਵਾਈ ਕੀਤੀ ਸੀ। ਦੋਹੀਂ ਪਾਸੀ ਬੜੀਆਂ ਭਾਰੀਆਂ ਤੋਪਾਂ ਦੀ ਵਰਤੋਂ ਕੀਤੀ ਗਈ। ਅੰਗਰੇਜ਼ ਬਹੁਤ ਡਰ ਗਏ ਸਨ ਅਤੇ ਇਹ ਇਨ੍ਹਾਂ ਲਈ ਇੱਕ ਬੜੀ ਭਿਆਨਕ ਰਾਤ ਸੀ। ਲਾਲ ਸਿੰਘ ਆਪਣੇ ਕੁਝ ਸੈਨਿਕਾਂ ਨੂੰ ਲੈ ਕੇ 21 ਦਸੰਬਰ ਦੀ ਰਾਤ ਨੂੰ ਰਣਭੂਮੀ ਵਿੱਚੋਂ ਭੱਜ ਗਿਆ। 22 ਦਸੰਬਰ ਨੂੰ ਤੇਜ ਸਿੰਘ ਦੀ ਅਗਵਾਈ ਵਿੱਚ ਕੁਝ ਨਵੇਂ ਸੈਨਿਕ ਦਸਤੇ ਲੜਾਈ ਦੇ ਮੈਦਾਨ ਵਿੱਚ ਆ ਪੁੱਜੇ, ਪਰ ਵਿਸਾਹਘਾਤੀ ਤੇਜ ਸਿੰਘ, ਜੋ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ, ਆਪਣੇ ਸੈਨਿਕਾਂ ਨੂੰ ਲੈ ਕੇ ਰਣਭੂਮੀ ਵਿੱਚੋਂ ਭੱਜ ਗਿਆ। ਇਸ ਘਮਸਾਨ ਯੁੱਧ ਵਿੱਚ 5000 ਸਿੱਖ ਮਾਰੇ ਗਏ ਅਤੇ ਉਨ੍ਹਾਂ ਦੀਆਂ 73 ਤੋਪਾਂ ਵੈਰੀਆਂ ਦੇ ਹੱਥ ਆ ਗਈਆਂ। ਅੰਗਰੇਜ਼ਾਂ ਦੇ 695 ਸੈਨਿਕ ਮਾਰੇ ਗਏ ਸਨ ਅਤੇ 1721 ਫੱਟੜ ਹੋਏ ਸਨ। ਮਾਰੇ ਗਏ 103 ਅੰਗਰੇਜ਼ ਅਫਸਰਾਂ ਵਿੱਚ ਪੁਲੀਟੀਕਲ ਅਫਸਰ ਬਰਾਡਫੁਟ ਵੀ ਸ਼ਾਮਲ ਸੀ।
ਬਦੋਵਾਲ ਦੀ ਲੜਾਈ: ਫਿਰੋਜਸ਼ਾਹ ਦੀ ਲੜਾਈ ਤੋਂ ਪਿੱਛੇ ਇੱਕ ਮਹੀਨਾ ਤੱਕ ਕੋਈ ਲੜਾਈ ਨਹੀਂ ਹੋਈ। ਅੰਗਰੇਜ਼ ਆਪਣੀ ਸੈਨਿਕ ਸਥਿਤੀ ਨੂੰ ਮਜਬੂਤ ਕਰ ਰਹੇ ਸਨ ਅਤੇ ਵਿਸਾਹਘਾਤੀ ਲਾਲ ਸਿੰਘ ਅਤੇ ਤੇਜ ਸਿੰਘ ਅੰਗਰੇਜ਼ਾਂ ਦੀਆਂ ਤਿਆਰੀਆਂ ਵਿੱਚ ਕੋਈ ਵਿਘਨ ਨਹੀਂ ਸੀ ਪਾਉਣਾ ਚਾਹੁੰਦੇ। 21 ਜਨਵਰੀ 1846 ਨੂੰ ਰਣਜੋਧ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਲਾਡਵਾ ਨੇ ਮਿਲ ਕੇ ਸਤਲੁਜ ਦਰਿਆ ਪਾਰ ਕਰ ਕੇ ਲੁਧਿਆਣੇ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ। ਉਧਰੋਂ ਹੈਨਰੀ ਸਮਿੱਥ ਨੇ ਇਨ੍ਹਾਂ ਸਰਦਾਰਾਂ ਵਿਰੁੱਧ ਕੂਚ ਕੀਤਾ। ਬਦੋਵਾਲ ਨਾਂ ਦੇ ਪਿੰਡ ਦੇ ਲਾਗੇ ਲੜਾਈ ਹੋਈ, ਜਿਸ ਵਿੱਚ ਰਣਜੋਧ ਸਿੰਘ ਨੂੰ ਜਿੱਤ ਪ੍ਰਾਪਤ ਹੋਈ। ਅੰਗਰੇਜ਼ਾਂ ਦੇ 69 ਸੈਨਿਕ ਮਾਰੇ ਗਏ। 68 ਸੈਨਿਕ ਜ਼ਖ਼ਮੀ ਹੋਏ ਅਤੇ 77 ਸੈਨਿਕ ਫੜ ਲਏ ਗਏ। ਅਲੀਵਾਲ ਦੀ ਲੜਾਈ, ਬਦੋਵਾਲ ਦੀ ਲੜਾਈ ਤੋਂ ਬਾਅਦ ਹੈਨਰੀ ਹੈਰੀ ਸਮਿੱਥ ਲਈ ਫਿਰੋਜ਼ਪੁਰ ਤੋਂ ਸਹਾਇਕ ਸੈਨਾ ਪੁੱਜ ਗਈ, ਜਿਸ ਨਾਲ ਸਮਿੱਥ ਪਾਸ 11,000 ਸੈਨਿਕ ਹੋ ਗਏ। 28 ਜਨਵਰੀ 1846 ਨੂੰ ਸਮਿੱਥ ਨੇ ਅਲੀਵਾਲ ਵਿੱਚ ਡੇਰਾ ਲਾਈ ਬੈਠੇ ਰਣਜੋਧ ਸਿੰਘ ਅਤੇ ਉਸ ਦੇ ਸੈਨਿਕਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ।
ਇਸ ਲੜਾਈ ਵਿੱਚ ਅੰਗਰੇਜ਼ ਜਿੱਤ ਗਏ। ਸਭਰਾਉਂ ਦੀ ਲੜਾਈ ਗੱਦਾਰ ਡੋਗਰਾ ਗੁਲਾਬ ਸਿੰਘ ਨੇ ਫਰਵਰੀ 1846 ਵਿੱਚ ਲਾਰਡ ਹਾਰਡਿੰਗ ਨਾਲ ਸਿੱਖਾਂ ਵਿਰੁੱਧ ਇੱਕ ਭਾਰੀ ਹਮਲਾ ਕਰਨ ਤੇ ਫਿਰ ਲਾਹੌਰ ਵਿੱਚ ਦਾਖਲ ਹੋਣ ਬਾਰੇ ਗੱਲਬਾਤ ਕੀਤੀ ਅਤੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਚਨ ਦਿੱਤਾ। ਕਨਿੰਘਮ ਅਨੁਸਾਰ, “ਅਜਿਹੀ ਸਿਆਣੀ ਨੀਤੀ ਅਤੇ ਬੇਰਹਿਮ ਗੱਦਾਰੀ ਦੇ ਹਾਲਾਤ ਵਿੱਚ ਸਭਰਾਉਂ ਦੀ ਲੜਾਈ ਲੜੀ ਗਈ।” ਸਿੱਖ ਫੌਜ ਸਭਰਾਉਂ ਦੇ ਮੁਕਾਮ ਉੱਤੇ ਇਕੱਠੀ ਹੋ ਗਈ। ਸਿੱਖ ਫੌਜ ਦੀ ਕੁੱਲ ਗਿਣਤੀ 30,000 ਦੇ ਕਰੀਬ ਸੀ ਅਤੇ ਉਨ੍ਹਾਂ ਪਾਸ 70 ਤੋਪਾਂ ਸਨ। ਸਿੱਖ ਫੌਜ ਨੇ ਕਈ ਦਿਨਾਂ ਤੱਕ ਅੰਗਰੇਜ਼ਾਂ ਉੱਤੇ ਹਮਲਾ ਨਾ ਕੀਤਾ। ਇਸ ਸਮੇਂ ਗੁਲਾਬ ਸਿੰਘ ਨੇ ਲਾਹੌਰ ਨਾਲ ਧੋਖਾ ਕਰਦੇ ਹੋਏ ਅੰਗਰੇਜ਼ਾਂ ਨਾਲ ਗੱਲਬਾਤ ਕੀਤੀ। ਗੱਦਾਰ ਲਾਲ ਸਿੰਘ ਨੇ ਸਭਰਾਉਂ ਵਿੱਚ ਆਪਣੇ ਮੋਰਚਿਆਂ ਦੀ ਸਥਿਤੀ ਬਾਰੇ ਗੁਪਤ ਸੂਚਨਾ ਦੇ ਦਿੱਤੀ।
10 ਫਰਵਰੀ 1846 ਨੂੰ ਸਭਰਾਉਂ ਦੇ ਅਸਥਾਨ ਤੋਂ ਦੋਹਾਂ ਫੌਜਾਂ ਵਿਚਕਾਰ ਇੱਕ ਘੋਰ ਯੁੱਧ ਹੋਇਆ। ਲੜਾਈ ਸ਼ੁਰੂ ਹੁੰਦਿਆਂ ਹੀ ਲਾਲ ਸਿੰਘ ਅਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਗਏ। ਸ਼ਾਮ ਸਿੰਘ ਅਟਾਰੀਵਾਲਾ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਬਹਾਦਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਸ਼ਾਮ ਸਿੰਘ ਲੜਦਾ ਹੋਇਆ ਮਾਰਿਆ ਗਿਆ। ਇਸ ਲੜਾਈ ਵਿੱਚ 3125 ਸਿੱਖ ਸੈਨਿਕ ਮਾਰੇ ਗਏ। ਤੇਜ ਸਿੰਘ ਨੇ ਲੜਾਈ ਦੇ ਮੈਦਾਨ ਵਿੱਚੋਂ ਭੱਜਣ ਸਮੇਂ ਸਤਲੁਜ ਦਰਿਆ ਉੱਪਰ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ, ਜਿਸ ਕਾਰਨ ਹਜ਼ਾਰਾਂ ਸਿੱਖ ਸੈਨਿਕ ਮੁੜਨ ਸਮੇਂ ਦਰਿਆ ਵਿੱਚ ਡੁਬ ਕੇ ਮਾਰੇ ਗਏ। ਸਿੱਖਾਂ ਦੀ ਹਾਰ ਦਾ ਮੁੱਖ ਕਾਰਨ ਉਨ੍ਹਾਂ ਦੇ ਸੈਨਿਕ ਆਗੂਆਂ ਦੀ ਗੱਦਾਰੀ ਸੀ, ਭਾਵੇਂ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਸਨ। ਕਨਿੰਘਮ ਦੇ ਸ਼ਬਦਾਂ ਵਿੱਚ, “ਸਿੱਖ ਸੈਨਿਕਾਂ ਨੇ ਸਭ ਕੁੱਝ ਕੀਤਾ ਸੀ, ਪਰ ਉਨ੍ਹਾਂ ਦੇ ਆਗੂਆਂ ਨੇ ਕੁੱਝ ਨਹੀਂ ਸੀ ਕੀਤਾ।” ਇਸ ਲੜਾਈ ਵਿੱਚ ਅੰਗਰੇਜ਼ਾਂ ਦੇ 320 ਸੈਨਿਕ ਮਾਰੇ ਗਏ ਤੇ 2083 ਜ਼ਖ਼ਮੀ ਹੋਏ। ਅੰਗਰੇਜ਼ਾਂ ਦੀ ਇਸ ਭਾਰੀ ਜਿੱਤ ਦੇ ਫਲਸਰੂਪ ਅੰਗਰੇਜ਼ ਸੈਨਾ ਸਤਲੁਜ ਪਾਰ ਕਰ ਕੇ 20 ਫਰਵਰੀ 1846 ਨੂੰ ਲਾਹੌਰ ਪੁੱਜੀ।
ਅੰਗਰੇਜ਼ਾਂ ਅਤੇ ਸਿੱਖਾਂ ਦਰਮਿਆਨ ਪਹਿਲੀ ਲੜਾਈ ਤੋਂ ਬਾਅਦ ਇਨ੍ਹਾਂ ਵਿੱਚ ਸਬੰਧ ਹੋਰ ਵਿਗੜਦੇ ਗਏ। ਇਸ ਦੇ ਬਹੁਤ ਸਾਰੇ ਕਾਰਨ ਸਨ। ਆਖਰਕਾਰ ਇਹ ਕਾਰਨ ਇੱਕ ਦਿਨ ਫੈਸਲਾਕੁਨ ਲੜਾਈ ਦਾ ਆਧਾਰ ਸਿੱਧ ਹੋਏ ਅਤੇ ਪੰਜਾਬ `ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਇਸ ਸਬੰਧੀ ਇਤਿਹਾਸਕ ਤੱਥਾਂ ਦਾ ਡਾ. ਭਗਤ ਸਿੰਘ ਨੇ ਪੰਜਾਬ ਕੋਸ਼ ਵਿੱਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਪਹਿਲੀ ਅੰਗਰੇਜ਼-ਸਿੱਖ ਜੰਗ ਤੋਂ ਬਾਅਦ ਲਾਹੌਰ ਵਿੱਚ ਜੋ ਸ਼ਾਸਨ ਪ੍ਰਬੰਧ ਕੀਤਾ ਗਿਆ, ਉਸ ਤੋਂ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਆਪਣੇ ਰਾਜ ਦੀ ਸੁਤੰਤਰਤਾ ਸਮਾਪਤ ਹੋ ਗਈ ਸੀ। ਬਿਸਤ ਜਲੰਧਰ ਦੁਆਬ ਦੇ, ਜੰਮੂ ਕਸ਼ਮੀਰ ਅਤੇ ਹਜ਼ਾਰਾ ਦੇ ਇਲਾਕੇ ਲਾਹੌਰ ਰਾਜ ਵਿੱਚੋਂ ਵੱਖ ਕਰ ਦਿੱਤੇ ਗਏ ਸਨ, ਜਿਸ ਲਈ ਸਿੱਖਾਂ ਨੇ ਆਪਣੇ ਮਾਨ ਸਨਮਾਨ ਨੂੰ ਮੁੜ ਬਹਾਲ ਕਰਨ ਲਈ ਸੋਚਣਾ ਸ਼ੁਰੂ ਕੀਤਾ।
ਭੈਰੋਵਾਲ ਦੀ ਸੰਧੀ, ਜੋ 26 ਦਸੰਬਰ 1846 ਨੂੰ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਨਾਲ ਕੀਤੀ ਸੀ, ਨੇ ਦੂਜੀ ਐਂਗਲੋ-ਸਿੱਖ ਲੜਾਈ ਦਾ ਮੁੱਢ ਬੰਨ੍ਹ ਦਿੱਤਾ। ਅੰਗਰੇਜ ਰੈਜ਼ੀਡੈਂਟ ਦੇ ਹੱਥ ਵਿੱਚ ਰਾਜ ਕਰਨ ਦੇ ਸਾਰੇ ਅਧਿਕਾਰ ਦੇ ਦਿੱਤੇ ਗਏ ਸਨ। ਲਾਹੌਰ ਵਿਖੇ ਸਥਿਤ ਬਰਤਾਨਵੀ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਪੰਜਾਬ ਵਿੱਚ ਕੁੱਝ ਸਮਾਜਿਕ ਸੁਧਾਰ ਕਰਨ ਦੇ ਯਤਨ ਕੀਤੇ। ਉਸ ਨੇ ਸਤੀ ਪ੍ਰਥਾ ਨੂੰ ਬੰਦ ਕਰਨ ਦਾ ਉਪਰਾਲਾ ਕੀਤਾ, ਪਰ ਪੰਜਾਬ ਦੇ ਲੋਕਾਂ ਨੇ ਇਸ ਨੂੰ ਆਪਣੇ ਸਮਾਜਿਕ ਰਸਮਾਂ ਰੀਤੀਆਂ ਵਿੱਚ ਦਖਲ ਸਮਝਿਆ ਅਤੇ ਉਹ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਪਹਿਲੇ ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ ਲਾਹੌਰ ਦਰਬਾਰ ਦੀ ਸੈਨਾ ਦੀ ਗਿਣਤੀ 20,000 ਤੱਕ ਸੀਮਿਤ ਕੀਤੀ ਗਈ, ਜਿਸ ਦੇ ਫਲਸਰੂਪ ਬਹੁਤ ਸਾਰੇ ਸੈਨਿਕ ਸੇਵਾ ਮੁਕਤ ਹੋ ਗਏ। ਭੈਰੋਵਾਲ ਦੀ ਸੰਧੀ ਅਨੁਸਾਰ ਪੰਜਾਬ ਵਿੱਚ ਸਥਿਤ ਅੰਗਰੇਜ਼ੀ ਸੈਨਾ ਦੇ ਖਰਚੇ ਵਜੋਂ 22 ਲੱਖ ਰੁਪਏ ਹਰ ਸਾਲ ਦੇਣੇ ਸਨ, ਜਿਸ ਕਰ ਕੇ ਪੰਜਾਬ ਦੇ ਪਹਿਲੇ ਸੈਨਿਕਾਂ ਦੀ ਤਨਖਾਹ ਘਟਾ ਦਿੱਤੀ ਗਈ। ਇਸ ਨਾਲ ਉਨ੍ਹਾਂ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਅਸੰਤੁਸ਼ਟਤਾ ਵਧ ਗਈ।
ਭੈਰੋਵਾਲ ਦੀ ਸੰਧੀ ਅਨੁਸਾਰ ਮਹਾਰਾਣੀ ਜਿੰਦਾਂ ਨੂੰ ਡੇਢ ਲੱਖ ਰੁਪਏ ਪੈਨਸ਼ਨ ਦੇ ਕੇ ਰਾਜਨੀਤਕ ਅਧਿਕਾਰਾਂ ਤੋਂ ਖਾਲੀ ਕਰ ਦਿੱਤਾ। ਮਹਾਰਾਣੀ ਜਿੰਦਾਂ ਉੱਤੇ ਅੰਗਰੇਜ਼ ਰੈਜ਼ੀਡੈਂਟ ਤੇਜ ਸਿੰਘ ਨੂੰ ਕਤਲ ਕਰਵਾਉਣ ਦਾ ਦੋਸ਼ ਲਗਾਇਆ ਗਿਆ। ਦੋਸ਼ਾਂ ਦੀ ਪੜਤਾਲ ਕੀਤੇ ਬਿਨਾ ਹੀ ਮਹਾਰਾਣੀ ਨੂੰ 20 ਅਗਸਤ 1847 ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਉਸ ਦੀ ਪੈਨਸ਼ਨ ਡੇਢ ਲੱਖ ਤੋਂ ਘਟਾ ਕੇ 48,000 ਰੁਪਏ ਸਾਲਾਨਾ ਕਰ ਦਿੱਤੀ ਗਈ।
ਪਹਿਲਾ ਮਹਾਰਾਣੀ ਜਿੰਦਾਂ ਨੂੰ ਅਗਸਤ 1847 ਵਿੱਚ ਲਾਹੌਰ ਤੋਂ ਸ਼ੇਖੂਪੁਰਾ ਭੇਜ ਦਿੱਤਾ ਅਤੇ ਫਿਰ ਉਸ ਉੱਤੇ ਅੰਗਰੇਜ਼ਾਂ ਵਿਰੁੱਧ ਸਾਜਿਸ਼ਾਂ ਕਰਨ ਦਾ ਇਲਜ਼ਾਮ ਲਾ ਕੇ ਸ਼ੇਖੂਪੁਰੇ ਤੋਂ ਬਨਾਰਸ ਭੇਜ ਦਿੱਤਾ ਗਿਆ ਅਤੇ ਉਸ ਦੀ ਪੈਨਸ਼ਨ ਹੋਰ ਵੀ ਘਟਾ ਕੇ 12,000 ਰੁਪਏ ਸਾਲਾਨਾ ਕਰ ਦਿੱਤੀ ਗਈ। ਮਹਾਰਾਣੀ ਜਿੰਦਾਂ ਦਾ ਦੇਸ਼ ਨਿਕਾਲਾ ਦੂਸਰੀ ਐਂਗਲੋ-ਸਿੱਖ ਲੜਾਈ ਦਾ ਇੱਕ ਭਾਰੀ ਕਾਰਨ ਸਮਝਿਆ ਜਾਂਦਾ ਹੈ। ਉਪਰੋਕਤ ਤੋਂ ਇਲਾਵਾ ਭਾਈ ਮਹਾਰਾਜ ਸਿੰਘ ਵੱਲੋਂ ਬਗਾਵਤ ਤੇ ਖੁੱਲ੍ਹਮ ਖੁੱਲ੍ਹਾ ਅੰਗਰੇਜ਼ਾਂ ਦਾ ਵਿਰੋਧ, ਲਾਰਡ ਡਲਹੌਜ਼ੀ ਦੀਆਂ ਸਾਮਰਾਜਵਾਦੀ ਕੁਟਲ ਨੀਤੀਆਂ, ਮੁਲਤਾਨ ਦੇ ਨਾਜ਼ਮ ਸਾਵਣ ਮੱਲ ਅਤੇ ਹਜ਼ਾਰੇ ਦੇ ਗਵਰਨਰ ਚਤਰ ਸਿੰਘ ਤੇ ਉਸ ਦੇ ਲੜਕੇ ਸ਼ੇਰ ਸਿੰਘ ਅਟਾਰੀਵਾਲਾ ਵੱਲੋਂ ਕੀਤੀਆਂ ਜਾ ਰਹੀਆਂ ਬਾਗ਼ੀ ਕਾਰਵਾਈਆਂ ਵੀ ਬਹੁਤ ਹੱਦ ਤੱਕ ਅੰਗਰੇਜ਼ਾਂ ਵੱਲੋਂ ਪੰਜਾਬ `ਤੇ ਕਬਜ਼ਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਕਾਰਨ ਬਣੀਆਂ।
ਅੰਗਰੇਜ਼ਾਂ ਦਾ ਮੁਲਤਾਨ ਉਤੇ ਕਬਜ਼ਾ: ਮੁਲਤਾਨ ਵਿੱਚ ਮੁਲ ਰਾਜ ਦੀ ਅਗਵਾਈ ਥੱਲੇ ਕਾਫੀ ਮਹੀਨਿਆਂ ਤੱਕ ਵਿਦਰੋਹ ਫੈਲਿਆ ਰਿਹਾ। ਅੰਗਰੇਜ਼ਾਂ ਨੇ ਜਾਅਲੀ ਚਿੱਠੀਆਂ ਰਾਹੀਂ ਮੂਲ ਰਾਜ ਅਤੇ ਸ਼ੇਰ ਸਿੰਘ ਵਿਚਕਾਰ ਗਲਤਫਹਿਮੀ ਪੈਦਾ ਕਰ ਦਿੱਤੀ। ਇਸ ਦੇ ਫਲਸਰੂਪ ਸ਼ੇਰ ਸਿੰਘ 9 ਅਕਤੂਬਰ 1848 ਨੂੰ ਮੁਲਤਾਨ ਵਿੱਚੋਂ ਚਲਾ ਗਿਆ। ਅੰਗਰੇਜ਼ਾਂ ਦੀ ਕੁਝ ਸਹਾਇਕ ਸੈਨਾ ਆਉਣ `ਤੇ ਜਨਰਲ ਵਿਸ਼ ਦੀ ਅਗਵਾਈ ਵਿੱਚ ਅੰਗਰੇਜ਼ਾਂ ਨੇ ਦਸੰਬਰ 1848 ਵਿੱਚ ਮੁਲਤਾਨ ਦੇ ਕਿਲੇ ਉੱਤੇ ਧਾਵਾ ਬੋਲਿਆ। 30 ਦਸੰਬਰ ਨੂੰ ਅੰਗਰੇਜ਼ਾਂ ਵੱਲੋਂ ਸੁੱਟੇ ਗੋਲੇ ਦੁਆਰਾ ਕਿਲੇ ਦੇ ਅੰਦਰ ਬਾਰੂਦ ਨੂੰ ਅੱਗ ਲੱਗਣ ਨਾਲ ਕਿਲੇ ਦੇ ਅੰਦਰ ਦਾ ਬਹੁਤ ਸਾਰਾ ਬਾਰੂਦ ਸੜ ਗਿਆ ਅਤੇ 500 ਦੇ ਲਗਭਗ ਸੈਨਿਕ ਵੀ ਮਾਰੇ ਗਏ। 22 ਜਨਵਰੀ 1840 ਨੂੰ ਮਲ ਰਾਜ ਅਤੇ ਉਸ ਦੇ ਸਾਥੀਆਂ ਨੇ ਜਨਰਲ ਵਿਸ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਮੂਲ ਰਾਜ ਨੂੰ ਕੈਦੀ ਬਣਾ ਲਿਆ ਗਿਆ ਤੇ ਮੁਲਤਾਨ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। 22 ਨਵੰਬਰ 1848 ਨੂੰ ਰਾਮਨਗਰ ਦੀ ਲੜਾਈ ਨੂੰ ਸ਼ੇਰ ਸਿੰਘ ਅਟਾਰੀਵਾਲਾ ਅਤੇ ਬਰਤਾਨਵੀ ਸੈਨਾ ਦੇ ਕਮਾਂਡਰ-ਇਨ-ਚੀਫ ਨੇ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਕੁੜੀਆਂ ਮਾਰਨ ਦੇ ਰਿਵਾਜ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਅੰਗਰੇਜ਼ਾਂ ਦੇ ਦੋ ਪ੍ਰਸਿੱਧ ਸੈਨਿਕ ਅਫਸਰ ਹੈਵਲਾਕ ਅਤੇ ਕਿਉਰਟਨ ਇਸ ਲੜਾਈ ਵਿੱਚ ਮਾਰੇ ਗਏ।
ਚੇਲਿਆਂ ਵਾਲੇ ਦੀ ਲੜਾਈ 3 ਦਸੰਬਰ 1848 ਨੂੰ ਹੋਈ। ਮਹਾਰਾਜਾ ਸ਼ੇਰ ਸਿੰਘ ਦੀ ਫ਼ੌਜ ਨਾਲ ਸਦੁਲਾਪੁਰ ਦੀ ਝੜਪ ਤੋਂ ਬਾਅਦ ਲਾਰਡ ਗੱਫ ਨੇ ਸਿੱਖਾਂ ਵਿਰੁੱਧ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਉਹ ਇੱਕ ਮਹੀਨੇ ਤੱਕ ਸਹਾਇਕ ਸੈਨਾ ਦੀ ਉਡੀਕ ਕਰਦਾ ਰਿਹਾ। ਜਨਵਰੀ 1849 ਦੇ ਸ਼ੁਰੂ ਵਿੱਚ ਲਾਰਡ ਗੱਫ ਨੂੰ ਖ਼ਬਰ ਮਿਲੀ ਕਿ ਚਤਰ ਸਿੰਘ ਨੇ ਅਟਕ ਉੱਤੇ ਕਬਜ਼ਾ ਕਰ ਲਿਆ ਹੈ। ਉਸ ਨੇ ਸ਼ੇਰ ਸਿੰਘ ਦੀ ਫੌਜ ਨੂੰ ਚਤਰ ਸਿੰਘ ਦੀ ਫੌਜ ਨਾਲ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 13 ਜਨਵਰੀ ਨੂੰ ਅੰਗਰੇਜ਼ ਸੈਨਾ ਨੇ ਚੇਲਿਆਂ ਵਾਲੇ ਦੇ ਸਥਾਨ `ਤੇ ਸਿੱਖ ਫੌਜ ਉੱਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਅੰਗਰੇਜ਼ ਫੌਜ ਦੇ 446 ਸੈਨਿਕ, ਜਿਨ੍ਹਾਂ ਵਿੱਚ 132 ਅਫਸਰ ਵੀ ਸ਼ਾਮਲ ਸਨ, ਮਾਰੇ ਗਏ। ਅੰਗਰੇਜ਼ਾਂ ਦੀਆਂ 4 ਤੋਪਾਂ ਵੀ ਸਿੱਖਾਂ ਦੇ ਹੱਥ ਆ ਗਈਆਂ।
ਇਸ ਲੜਾਈ ਵਿੱਚ ਹੋਈ ਅੰਗਰੇਜ਼ਾਂ ਦੀ ਹਾਰ ਬਾਰੇ ਸੀਤਾ ਰਾਮ ਕੋਹਲੀ ਅਨੁਸਾਰ, “ਚੇਲਿਆਂ ਵਾਲੇ ਦੀ ਲੜਾਈ ਵਿੱਚ ਹਾਰ, ਭਾਰਤ ਵਿੱਚ ਅੰਗਰੇਜ਼ਾ ਦਾ ਕਬਜ਼ਾ ਹੋਣ ਦੇ ਸਮੇਂ ਤੋਂ ਇਸ ਵੇਲੇ ਤੱਕ ਅੰਗਰੇਜ਼ਾਂ ਦੀ ਸਭ ਤੋਂ ਭੈੜੀ ਹਾਰ ਸੀ।” ਅੰਗਰੇਜ਼ਾਂ ਦੇ ਇਸ ਲੜਾਈ ਵਿੱਚ ਭਾਰੀ ਨੁਕਸਾਨ ਕਾਰਨ ਸੈਨਾਪਤੀ ਗੱਫ ਦੇ ਖਿਲਾਫ ਸਭ ਪਾਸਿਆਂ ਤੋਂ ਵਿਰੋਧ ਉਠਿਆ ਅਤੇ ਬ੍ਰਿਟਿਸ਼ ਪਾਰਲੀਮੈਂਟ ਨੇ ਗੱਫ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਉਸ ਦੀ ਥਾਂ ਸਰ ਚਾਰਲਸ ਨੇਪੀਅਰ ਦੀ ਨਿਯੁਕਤੀ ਕਰ ਦਿੱਤੀ।
ਗੁਜਰਾਤ ਦੀ ਲੜਾਈ ਵਿੱਚ ਚਤਰ ਸਿੰਘ ਤੇ ਸ਼ੇਰ ਸਿੰਘ ਦੀਆਂ ਫੌਜਾਂ ਇਕੱਠੀਆਂ ਹੋਈਆਂ ਅਤੇ ਭਾਈ ਮਹਾਰਾਜ ਸਿੰਘ ਉਨ੍ਹਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਨਾਲ ਮਿਲ ਗਿਆ। ਇਸ ਲੜਾਈ ਵਿੱਚ ਸਿੱਖਾਂ ਦੀ ਕੁੱਲ ਫ਼ੌਜ 40,000 ਦੇ ਕਰੀਬ ਦੱਸੀ ਜਾਂਦੀ ਹੈ ਤੇ ਉਨ੍ਹਾਂ ਕੋਲ 59 ਤੋਪਾਂ ਵੀ ਸਨ। ਅਫਗਾਨਿਸਤਾਨ ਦੇ ਬਾਦਸ਼ਾਹ ਦੋਸਤ ਮੁਹੰਮਦ ਨੇ ਵੀ ਸਿੱਖਾਂ ਦੀ ਸਹਾਇਤਾ ਵਜੋਂ ਆਪਣੇ ਪੁੱਤਰ ਅਕਰਮ ਖ਼ਾਨ ਦੀ ਅਗਵਾਈ ਵਿੱਚ 3000 ਘੋੜ ਸਵਾਰ ਭੇਜੇ ਸਨ। ਅੰਗਰੇਜ਼ਾਂ ਦੀ ਸੈਨਾ ਦੇ ਪੈਦਲ ਸੈਨਿਕਾਂ ਦੀ ਕੁੱਲ ਗਿਣਤੀ 56636, ਘੋੜ ਸਵਾਰ 11569 ਅਤੇ 96 ਤੋਪਾਂ ਸਨ। ਸ਼ਾਇਦ ਅੰਗਰੇਜ਼ਾਂ ਨੇ ਭਾਰਤ ਵਿੱਚ ਪਹਿਲਾਂ ਕਦੇ ਵੀ ਇੱਕ ਰਣ-ਭੂਮੀ ਵਿੱਚ ਇੰਨੇ ਸੈਨਿਕ ਅਤੇ ਤੋਪਾਂ ਇਕੱਠੀਆਂ ਨਾ ਲਿਆਂਦੀਆਂ ਹੋਣ।
ਅੰਗਰੇਜ਼ ਫੌਜ ਦੀ ਕਮਾਨ ਹਾਲੇ ਵੀ ਸੈਨਾਪਤੀ ਗੱਫ ਦੇ ਹੱਥਾਂ ਵਿੱਚ ਹੀ ਸੀ, ਕਿਉਂਕਿ ਨੇਪੀਅਰ ਇੰਗਲੈਂਡ ਵਿੱਚ ਗੁਜਰਾਤ ਦੀ ਲੜਾਈ ਹੋਣ ਤੋਂ ਪਿੱਛੋਂ ਪੁੱਜਾ। ਉਸ ਤੋਂ ਪਹਿਲਾਂ ਗੱਫ ਮੁਲਤਾਨ ਦੀ ਲੜਾਈ ਜਿੱਤ ਚੁੱਕਾ ਸੀ। 21 ਫਰਵਰੀ 1849 ਨੂੰ ਗੁਜਰਾਤ ਵਿੱਚ ਦਰਿਆ ਚਨਾਬ ਦੇ ਕੰਢੇ ਸਵੇਰੇ 7:30 ਵਜੇ ਲੜਾਈ ਸ਼ੁਰੂ ਹੋਈ। ਦੋਵੇਂ ਪਾਸਿਓਂ ਤੋਪਾਂ ਦੀ ਵਰਤੋਂ ਕੀਤੀ ਗਈ, ਜਿਸ ਕਰ ਕੇ ਇਸ ਲੜਾਈ ਨੂੰ ‘ਤੋਪਾਂ ਦੀ ਲੜਾਈ` ਵੀ ਕਹਿੰਦੇ ਹਨ। ਸਿੱਖਾਂ ਦੀਆਂ ਤੋਪਾਂ ਦਾ ਸਿੱਕਾ ਬਰਦ ਛੇਤੀ ਹੀ ਮੁੱਕ ਗਿਆ ਅਤੇ ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਭਾਰੀ ਨੁਕਸਾਨ ਹੋਇਆ। ਕਿਹਾ ਜਾਂਦਾ ਹੈ ਕਿ 3000 ਤੋਂ 5000 ਦੇ ਵਿਚਕਾਰ ਸਿੱਖ ਸੈਨਿਕ ਇਸ ਲੜਾਈ ਵਿੱਚ ਮਾਰੇ ਗਏ ਅਤੇ ਸਿੱਖਾਂ ਦੀਆਂ 53 ਤੋਪਾਂ ਵੀ ਅੰਗਰੇਜ਼ਾਂ ਦੇ ਹੱਥ ਲੱਗੀਆਂ। ਸਿੱਖਾਂ ਦੇ ਮੁਕਾਬਲੇ ਵਿੱਚ ਅੰਗਰੇਜ਼ਾਂ ਦਾ ਇਸ ਲੜਾਈ ਵਿੱਚ ਬਹੁਤ ਘੱਟ ਨੁਕਸਾਨ ਹੋਇਆ। ਉਨ੍ਹਾਂ ਦੇ ਸਿਰਫ 96 ਸੈਨਿਕ ਮਾਰੇ ਗਏ ਸਨ।
ਚਤਰ ਸਿੰਘ, ਸ਼ੇਰ ਸਿੰਘ ਅਤੇ ਮਹਾਰਾਜ ਸਿੰਘ ਆਪਣੀ ਜਿੱਤ ਦੀ ਕੋਈ ਆਸ ਨਾ ਦੇਖਦੇ ਹੋਏ ਰਾਵਲਪਿੰਡੀ ਨੂੰ ਚਲੇ ਗਏ। ਦੋਸਤ ਮੁਹੰਮਦ ਖਾਂ ਦੇ ਸੈਨਿਕ ਕਾਬਲ ਨੂੰ ਮੁੜ ਗਏ। 10 ਮਾਰਚ 1849 ਨੂੰ ਚਤਰ ਸਿੰਘ ਅਤੇ ਸ਼ੇਰ ਸਿੰਘ ਨੇ ਰਾਵਲਪਿੰਡੀ ਦੇ ਲਾਗੇ ਅੰਗਰੇਜ਼ ਜਰਨੈਲ ਗਿਲਬਰਟ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਉਨ੍ਹਾਂ ਤੋਂ ਚਾਰ ਦਿਨ ਬਾਅਦ ਬਾਕੀ ਸਿੱਖ ਸੈਨਾ ਨੇ ਵੀ ਹਥਿਆਰ ਸੁੱਟ ਦਿੱਤੇ। ਇਹ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਆਖਰੀ ਤੇ ਨਿਰਣਾਜਨਕ ਲੜਾਈ ਸੀ। ਇਸ ਲੜਾਈ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰਕੇ ਪੰਜਾਬ ਨੂੰ ਅੰਗਰੇਜ਼ੀ ਰਾਜ ਦਾ ਭਾਗ ਬਣਾ ਲਿਆ। ਸਿੱਖ ਫੌਜਾਂ ਨੂੰ ਤੋੜ ਦਿੱਤਾ ਗਿਆ। ਮੂਲ ਰਾਜ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦਿੱਤੀ ਗਈ। ਪੰਜਾਬ ਦੇ ਸਰਦਾਰਾਂ ਨੂੰ ਸ਼ਕਤੀਹੀਨ ਬਣਾਉਣ ਦੀ ਯੋਜਨਾ ਬਣਾਈ ਗਈ ਅਤੇ ਪੰਜਾਬ ਲਈ ਇੱਕ ਨਵਾਂ ਰਾਜ ਪ੍ਰਬੰਧ ਸਥਾਪਤ ਕੀਤਾ ਗਿਆ।