-ਚੀਨ ਦੁਨੀਆਂ ਵਿੱਚੋਂ ਟਰੇਡ ਬੰਦਿਸ਼ਾਂ ਹਟਾਉਣ ਦੀ ਮੰਗ ਕਰ ਰਿਹਾ ਅਤੇ ਅਮਰੀਕਾ ਰੋਕਾਂ ਲਾਉਣ ਦੀ
-ਹੁਣ ਨਹੀਂ ਚਾਹੀਦੀ ਫਰੀ ਟਰੇਡ ਤੇ ਮੁਕਤ ਬਾਜ਼ਾਰ ਵਾਲੀ ਆਰਥਿਕਤਾ?
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆਂ ਦੇ ਤਕਰੀਬਨ 60 ਮੁਲਕਾਂ ‘ਤੇ ਲਗਾਏ ਪਰਤਵੇਂ (ਰੈਸੀਪਰੋਕਲ) ਟੈਰਿਫਾਂ ਦੇ ਮਾਮਲੇ ਨੇ ਇੱਕ ਤਰ੍ਹਾਂ ਨਾਲ ਸਾਰੀ ਦੁਨੀਆਂ ਹਿਲਾ ਕੇ ਰੱਖ ਦਿੱਤੀ ਹੈ। ਅਮਰੀਕਾ ਲਈ ਦੁਨੀਆਂ ਦੇ ਸਾਰੇ ਮੁਲਕਾਂ ਵਿੱਚੋਂ ਹੋ ਰਹੀ ਬਰਾਮਦ ‘ਤੇ 10 ਫੀਸਦੀ ਟੈਕਸ ਪਹਿਲਾਂ ਹੀ ਲੱਗਾ ਹੋਇਆ ਹੈ, ਜਿਸ ਨੂੰ ‘ਬੇਸ ਟੈਕਸ’ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਉੱਪਰ ਇੰਗਲੈਂਡ ਤੇ ਆਸਟਰੇਲੀਆ ਤੋਂ ਬਿਨਾ ਬਾਕੀ 58 ਮੁਲਕਾਂ ‘ਤੇ 26 ਫੀਸਦੀ ਬਰਾਮਦ ਟੈਕਸ ਹੋਰ ਲਗਾ ਦਿੱਤਾ ਗਿਆ ਹੈ। ਇਸ ਵਿੱਚ ਯੂਰਪ ਵੀ ਸ਼ਾਮਲ ਹੈ। ਇੰਗਲੈਂਡ ਅਤੇ ਆਸਟਰੇਲੀਆ ਨਾਲ ਕੁਝ ਰਿਆਇਤ ਵਰਤਦਿਆਂ ਸਿਰਫ 10 ਫੀਸਦੀ ਹੀ ਬਰਾਮਦ ਟੈਕਸ ਵਧਾਇਆ ਗਿਆ ਹੈ। ਚੀਨ ‘ਤੇ ਇਹ ਟੈਕਸ 34 ਫੀਸਦੀ ਲਗਾਇਆ ਗਿਆ ਹੈ। ਇੱਕ ਹੋਰ ਛੋਟੇ ਜਿਹੇ ਮੁਲਕ ਲਿਸੋਥੋ ‘ਤੇ 50 ਫੀਸਦੀ ਬਰਾਮਦਗੀ ਟੈਕਸ ਲਗਾ ਦਿੱਤਾ ਗਿਆ ਹੈ। ਥਾਈਲੈਂਡ ‘ਤੇ 37 ਫੀਸਦੀ ਬਰਾਮਦ ਟੈਕਸ ਲਾਇਆ ਗਿਆ ਹੈ ਅਤੇ ਦੱਖਣੀ ਕੋਰੀਆ ‘ਤੇ 26 ਫੀਸਦੀ ਬਰਾਮਦਗੀ ਟੈਰਿਫ ਵਧਾ ਦਿੱਤਾ ਗਿਆ।
ਯਾਦ ਰਹੇ, ਆਪਣੇ ਰਾਸ਼ਟਰਪਤੀ ਬਣਨ ਤੋਂ ਇੱਕ ਦੋ ਦਿਨ ਬਾਅਦ ਹੀ ਡੋਨਾਲਡ ਟਰੰਪ ‘ਟੈਰਿਫ ਵਾਰ’ ਦੇ ਗੀਤ ਗਾਉਣ ਲੱਗ ਪਏ ਸਨ। ਉਨ੍ਹਾਂ ਨੇ ਮੀਡੀਆ ਨਾਲ ਆਪਣੀ ਇੱਕ ਗੱਲਬਾਤ ਵਿੱਚ ਕਿਹਾ ਸੀ ਕਿ ਮੇਰੀ ਡਿਕਸ਼ਨਰੀ ਵਿੱਚ ਟੈਰਿਫ ਇੱਕ ਬੇਹੱਦ ਖੂਬਸੂਰਤ ਸ਼ਬਦ ਹੈ। ਵੱਖ-ਵੱਖ ਮੁਲਕਾਂ ‘ਤੇ ਔਸਤਨ 26 ਫੀਸਦੀ ਬਰਾਮਦਗੀ ਟੈਕਸ ਦਾ ਬੀਤੇ ਬੁੱਧਵਾਰ ਵਾਲੇ ਦਿਨ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਬੰਧਤ ਮੁਲਕਾਂ ਦੇ ਮੁਕਾਬਲੇ ਉਨ੍ਹਾਂ ਹਾਲਾਂ ਕਾਫੀ ‘ਡਿਸਕਾਊਂਟ’ ਦੇ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਦਿਨ ਨੂੰ ‘ਅਮਰੀਕਾ ਲਈ ਮੁਕਤੀ ਦਿਵਸ’ ਕਿਹਾ। ਯਾਦ ਰਹੇ, ਅਮਰੀਕੀ ਰਾਸ਼ਟਰਪਤੀ ਵੱਲੋਂ ਪਹਿਲਾਂ 52 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਕੀਤੇ ਜਾ ਰਹੇ ਸਨ।
ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਇਸ ਟੈਰਿਫ ਵਾਰ ਨਾਲ ਸਾਰੀ ਦੁਨੀਆਂ ਦੇ ਕਾਰੋਬਾਰੀ ਅਤੇ ਵਿੱਤੀ ਖੇਤਰਾਂ ਵਿੱਚ ਹੜਕੰਪ ਮੱਚ ਗਿਆ ਹੈ। ਨਵੇਂ ਟੈਰਿਫ ਐਲਾਨ ਕਰਨ ਤੋਂ ਬਾਅਦ ਬੁੱਧਵਾਰ ਨੂੰ ਅਮਰੀਕੀ ਸ਼ੇਅਰ ਸੂਚਕ ਅੰਕ ਵਿੱਚ ਭਾਰੀ ਗਿਰਵਾਟ ਵੇਖੀ ਗਈ। ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰਾਂ ਵਿੱਚ ਵੀ ਭਾਰੀ ਖਸਾਰਾ ਵੇਖਣ ਨੂੰ ਮਿਲਆ। ਅਮਰੀਕਾ ਵਿੱਚ ਹੀ ਛੋਟੇ ਨਿਵੇਸ਼ਕਾਂ ਦੇ ਲੱਖਾਂ ਡਾਲਰ ਮਿੱਟੀ ਹੋ ਗਏ। ਖਪਤਕਾਰਾਂ ਵਿੱਚ ਨਵਾਂ ਟੈਰਿਫ ਲੱਗਣ ਤੋਂ ਪਹਿਲਾਂ ਵਾਹਨ ਖਰੀਦਣ ਦੀ ਹੋੜ ਲੱਗ ਗਈ। ਆਰਥਿਕ ਉਥਲ-ਪੁਥਲ ਕਾਰਨ ਸੋਨੇ ਅਤੇ ਚਾਂਦੀ ਦੀ ਖਰੀਦੋ ਫਰੋਕਤ ਵਧ ਗਈ ਤੇ ਇਨ੍ਹਾਂ ਧਾਂਤਾਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ ਹਨ। ਇੱਥੋਂ ਤੱਕ ਕਿ ਅਮਰੀਕਾ ਦੇ ਖੁਦ ਆਪਣੇ ਬਿਜ਼ਨਸ ਭਾਈਚਾਰੇ ਵਿੱਚ ਵੱਡੀ ਹਲਚਲ ਹੈ।
ਅਮਰੀਕੀ ਰਾਸ਼ਟਰਪਤੀ ਦੇ ਇਸ ਕਦਮ ਤੋਂ ਅਮਰੀਕਾ ਅਤੇ ਕੈਨੇਡਾ ਸਮੇਤ ਸਾਰੀ ਦੁਨੀਆਂ ਦੇ ਮੱਧਵਰਗੀ ਲੋਕ ਤ੍ਰਹਿ ਗਏ ਹਨ। ਆਰਥਿਕ ਅਨਿਸ਼ਚਤਾ ਵਾਲੇ ਮਾਹੌਲ ਵਿੱਚ ਲੋਕ ਧੜਾ-ਧੜ ਸੋਨਾ ਖਰੀਦ ਰਹੇ ਹਨ। ਇੱਥੋਂ ਤੱਕ ਦੁਨੀਆਂ ਦੀ ਐਕਸਪੋਰਟ ਹੱਬ ਚੀਨ ਆਪਣੀ ਕਰੰਸੀ ਨੂੰ ਡਾਲਰ ਦੀ ਸੰਭਾਵਤ ਗਿਰਾਵਟ ਤੋਂ ਮੁਕਤ ਕਰਨ ਲਈ ਵੱਡੀ ਮਾਤਰਾ ਵਿੱਚ ਸੋਨੇ ਦੀ ਖਰੀਦ ਕਰ ਰਿਹਾ ਹੈ। ਅਮਰੀਕਾ ਵੱਲੋਂ ਸਾਰੀ ਦੁਨੀਆਂ ‘ਤੇ ਮੜ੍ਹੀ ਗਈ ਇਸ ਹਲਚਲ ਵਿੱਚ ਭਾਰਤੀ ਆਰਥਿਕਤਾ ਦੇ ਵੀ ਪ੍ਰਭਾਵਤ ਹੋਣ ਦੇ ਆਸਾਰ ਹਨ। ਭਾਰਤ ਵੱਲੋਂ ਅਮਰੀਕਾ ਲਈ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚੋਂ ਹੀਰੇ ਅਤੇ ਗਹਿਣੇ, ਕਾਰਾਂ ਅਤੇ ਕਾਰਾਂ ਦੇ ਪੁਰਜੇ, ਰਿਫਾਈਂਡ ਪੈਟਰੋਲੀਅਮ, ਰੈਡੀਮੇਡ ਕੱਪੜੇ, ਟੈਲੀਕਾਮ ਨਾਲ ਸੰਬੰਧਤ ਸਮਾਨ ਟੈਰਿਫ ਕਾਰਨ ਮਹਿੰਗਾ ਹੋ ਜਾਵੇਗਾ। ਇਸ ਦੇ ਉਲਟ ਭਾਰਤ ਵੱਲੋਂ ਅਮਰੀਕਾ ਨੂੰ ਬਰਾਮਦ ਕੀਤੇ ਜਾਣ ਵਾਲੀਆਂ ਜੈਨੇਰਿਕ ਦਵਾਈਆਂ, ਤਾਂਬਾ, ਸੈਮੀਕੰਡਕਟਰਜ਼, ਲੱਕੜੀ ਦਾ ਸਮਾਨ, ਊਰਜਾ ਉਤਪਾਦਨ ਅਤੇ ਕਈ ਮਹੱਤਵਪੂਰਨ ਖਣਿਜਾਂ ‘ਤੇ ਨਵੇਂ ਬਰਾਮਦਗੀ ਟੈਕਸ ਵਿੱਚ ਛੋਟ ਦੇ ਦਿੱਤੀ ਗਈ ਹੈ।
ਭਾਰਤ ਨੂੰ ਇਸ ਸਾਲ ਦੇ ਅਖ਼ੀਰ ਵਿੱਚ ਦੋ ਪੱਖੀ ਟਰੇਡ ਸਮਝੌਤਾ ਹੋਣ ਦੀ ਆਸ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਮੌਕੇ ਨਵੇਂ ਟੈਰਿਫ ਘਟਾਏ ਜਾ ਸਕਦੇ ਹਨ। ਭਾਰਤ ਦੇ ਆਰਥਿਕ ਮਾਹਿਰਾਂ ਦੀ ਦਲੀਲ ਹੈ ਕਿ 26-27% ਬਰਾਮਦ ਡਿਊਟੀ ਕਾਫੀ ਜ਼ਿਆਦਾ ਹੈ, ਪਰ ਫਿਰ ਵੀ ਕੁਝ ਦੂਜੇ ਖ਼ੇਤਰਾਂ ਵਿੱਚ ਰਾਹਤ ਮਿਲਣ ਨਾਲ ਭਾਰਤ ਘਾਟਾ ਪੂਰਾ ਕਰ ਸਕਦਾ ਹੈ। ਮਾਹਿਰਾਂ ਅਨੁਸਾਰ ਭਾਰਤ ਨੂੰ ਜੁੱਤੀਆਂ, ਟੈਕਸਟਾਈਲ ਦਾ ਮਾਲ, ਕੈਮੀਕਲ ਅਤੇ ਪਲਾਸਟਿਕ ਐਕਸਪੋਰਟ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਮੁਲਕਾਂ ਦੇ ਮੁਕਾਬਲੇ ਫਾਇਦਾ ਹੋਵੇਗਾ, ਜਿਹੜੇ ਰਵਾਇਤੀ ਰੂਪ ਵਿੱਚ ਇਹ ਵਸਤਾਂ ਅਮਰੀਕਾ ਨੂੰ ਬਰਾਮਦ ਕਰਦੇ ਰਹੇ ਹਨ। ਮਿਸਾਲ ਦੇ ਤੌਰ ‘ਤੇ ਭਾਰਤੀ ਕਾਰਪੈਟ ਦਾ ਐਕਸਪੋਰਟ ਤੁਰਕੀ ਦੇ ਮੁਕਾਬਲੇ ਭਾਰਤ ਨੂੰ ਮਹਿੰਗਾ ਪੈ ਸਕਦਾ ਹੈ। ਭਾਰਤੀ ਕੱਪੜੇ (ਗਾਰਮੈਂਟਸ) ਦੀ ਐਕਸਪੋਰਟ ਵੀ ਯੂਰਪ ਅਤੇ ਐਕਵਾਡੋਰ ਦੇ ਮੁਕਾਬਲੇ ਭਾਰਤ ਨੂੰ ਦਰਾਮਦ ਕਰਨੀ ਮਹਿੰਗੀ ਪੈ ਸਕਦੀ ਹੈ। ਅਮਰੀਕਾ ਨੇ ਨਵੀਆਂ ਟੈਕਸ ਦਰਾਂ ਵਿੱਚ ਮੈਕਸੀਕੋ ਨੂੰ ਵੀ ਕੁਝ ਰਾਹਤ ਦੇ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਵੇਂ ਟੈਰਿਫ ਅਮਰੀਕਾ ਨੂੰ ਪੈ ਰਹੇ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਹਨ, ਜਿਹੜਾ ਕਿ 2024 ਵਿੱਚ 1.2 ਟ੍ਰਿਲੀਅਨ ਰਿਹਾ; ਪਰ ਇਹ ਟੈਰਿਫ ਮੈਨੂਫੈਕਚਰਿੰਗ ਨੂੰ ਦੂਜੇ ਮੁਲਕਾਂ ਤੋਂ ਅਮਰੀਕਾ ਵੱਲ ਖਿੱਚਣ ਦੇ ਮਕਸਦ ਨਾਲ ਵੀ ਲਗਾਏ ਗਏ ਹਨ। ਭਾਰਤ ਦੇ ਇੱਕ ਕੌਮੀ ਅਖ਼ਬਾਰ ਦੇ ਕਾਲਮਨਿਸਟ ਨੇ ਇਸ ਨੂੰ ‘ਕਿੱਲ ਦ ਕੈਪੀਟਲ ਟੂ ਅਟਰੈਕਟ ਦ ਕੈਪੀਟਲ’ ਦਾ ਲਕਬ ਦਿੱਤਾ ਹੈ।
ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਇਸ ਟੈਰਫ ਵਾਰ ਦਾ ਅਮਰੀਕੀ ਸੰਸਦ ਵਿੱਚ ਵੀ ਕਾਫੀ ਵਿਰੋਧ ਹੋਇਆ। ਸਾਬਕਾ ਫੁੱਟਬਾਲ ਖਿਡਾਰੀ ਅਤੇ ਅਮਰੀਕੀ ਸੈਨੇਟ ਦੇ ਮੈਂਬਰ ਕੋਰੀ ਬੁੱਕਰ ਨੇ ਇਸ ਕਦਮ ਦੇ ਵਿਰੋਧ ਵਿੱਚ ਲਗਾਤਾਰ 25 ਘੰਟੇ ਭਾਸ਼ਨ ਦਿੱਤਾ। ਉਸ ਨੇ ਭਾਸ਼ਨ ਸ਼ੁਰੂ ਕਰਨ ਲੱਗੇ ਕਿਹਾ ਕਿ ਜਦੋਂ ਤੱਕ ਮੇਰੇ ਸਰੀਰ ਵਿੱਚ ਸਮਰਥਾ ਰਹੇਗੀ, ਮੈਂ ਬੋਲਦਾ ਰਹਾਂਗਾ। ਬੁੱਕਰ ਤੋਂ ਪਹਿਲਾਂ 1957 ‘ਚ ਕੈਰੋਲੀਨਾ ਤੋਂ ਸੈਨੇਟਰ ਸਟੋਮ ਥਰਮੋਂਡ ਨੇ ਸਿਵਲ ਰਾਈਟਸ ‘ਤੇ ਤਕਰੀਬਨ 24 ਘੰਟੇ 19 ਮਿੰਟ ਭਾਸ਼ਨ ਦਿੱਤਾ ਸੀ। ਕੋਰੀ ਬੁੱਕਰ ਨੇ 2020 ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਹਿੱਸਾ ਲਿਆ ਸੀ। ਬੁੱਕਰ ਦੀ ਉਹਦੇ ਸਾਥੀ ਸੈਨੇਟ ਮੈਂਬਰਾਂ ਨੇ ਵੀ ਮੱਦਦ ਕੀਤੀ ਅਤੇ ਬਹੁਤ ਸਾਰੇ ਸਵਾਲ ਪੁੱਛੇ। ਉਨ੍ਹਾਂ ਆਪਣੇ ਭਾਸ਼ਨ ਵਿੱਚ ਕਿਹਾ, “ਸਾਡੇ ਦੇਸ਼ ਲਈ ਇਹ ਆਮ ਸਮਾਂ ਨਹੀਂ ਹੈ। ਅਮਰੀਕੀ ਲੋਕਤੰਤਰ ਲਈ ਗੰਭੀਰ ਖ਼ਤਰੇ ਦਰਪੇਸ਼ ਹਨ। ਸਾਨੂੰ ਸਾਰਿਆਂ ਨੂੰ ਇਨ੍ਹਾਂ ਖਿਲਾਫ ਖੜ੍ਹਾ ਹੋਣਾ ਚਾਹੀਦਾ ਹੈ।” ਉਨ੍ਹਾਂ ਐਲਨ ਮਸਕ ਦੀ ਅਗਵਾਈ ਵਿੱਚ ਬਣੇ ‘ਸਰਕਾਰੀ ਕੁਸ਼ਲਤਾ ਵਿਭਾਗ’ ਦੀ ਵੀ ਆਲੋਚਨਾ ਕੀਤੀ।
ਅਸਲ ਹਕੀਕਤ ਇਹ ਹੈ ਕਿ 1990ਵਿਆਂ ਦੇ ਸ਼ੁਰੂ ਵਿੱਚ ਅਮਰੀਕਾ ਅਤੇ ਕੁਝ ਹੋਰ ਮੁਲਕਾਂ ਵਿੱਚ ਸੂਚਨਾ ਤਕਨੀਕੀ, ਗਿਆਨ ਅਤੇ ਗਿਆਨ ਆਧਾਰਤ ਆਰਥਿਕਤਾ ਦੇ ਭਾਰੂ ਹੋ ਜਾਣ ਨਾਲ ਇਨ੍ਹਾਂ ਮੁਲਕਾਂ ਨੇ ਪ੍ਰਦੂਸ਼ਣ ਘਟਾਉਣ ਲਈ ਮੈਨੂਫੈਕਚਰਿੰਗ (ਇੰਡਸਟਰੀਅਲ ਪ੍ਰੋਡਕਸ਼ਨ) ਚੀਨ, ਭਾਰਤ, ਬੰਗਲਾ ਦੇਸ਼, ਬ੍ਰਾਜ਼ੀਲ ਤੇ ਅਫਰੀਕਾ ਅਤੇ ਸੰਸਾਰ ਦੇ ਹੋਰ ਪਛੜੇ ਮੁਲਕਾਂ ਵੱਲ ਧੱਕ ਦਿੱਤੀ ਸੀ। ਇਨ੍ਹਾਂ ਮੁਲਕਾਂ ਨੂੰ ਲਗਦਾ ਸੀ ਕਿ ਸੂਚਨਾ ਅਤੇ ਸਰਵਿਸਿਸ ਦੇ ਆਧਾਰ ‘ਤੇ ਪੈਦਾ ਹੋਣ ਵਾਲੀ ਆਰਥਿਕ ਗਤੀਵਿਧੀ ਉਨ੍ਹਾਂ ਲਈ ਮੈਨੂਫੈਕਚਰਿੰਗ ਨਾਲੋਂ ਲਾਹੇਵੰਦ ਸਿੱਧ ਹੋਵੇਗੀ। ਪੱਛਮੀ ਮੁਲਕਾਂ ਦੀ ਆਰਥਿਕ ਪਹੁੰਚ ਵਿੱਚ ਤਬਦੀਲੀ ਦਾ ਸਭ ਤੋਂ ਵੱਧ ਲਾਭ ਚੀਨ ਨੇ ਉਠਾਇਆ ਅਤੇ ਮੈਨੂਫੈਕਚਰਿੰਗ ਅਤੇ ਐਕਸਪੋਰਟ ਦੀ ਹੱਬ ਬਣ ਕੇ ਉਭਰ ਆਇਆ। ਭਾਰਤ, ਬੰਗਲਾਦੇਸ਼, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਵੀਅਤਨਾਮ ਜਿਹੇ ਮੁਲਕਾਂ ਨੂੰ ਵੀ ਇਸ ਦਾ ਲਾਭ ਹੋਇਆ; ਪਰ ਚੀਨ ਨੇ ਪ੍ਰੋਡਕਸ਼ਨ ਤੇ ਐਕਸਪੋਰਟ ਦੇ ਨਾਲ-ਨਾਲ ਰਿਸਰਚ ਅਤੇ ਡਿਵੈਲਪਮੈਂਟ ਵੱਲ ਵੀ ਧਿਆਨ ਦਿੱਤਾ ਤੇ ਇਸ ਕਾਰਨ ਹੁਣ ਉਹ ਮਸਨੂਈ ਬੌਧਿਕਤਾ ਅਤੇ ਗਿਆਨ ਆਧਾਰਤ ਆਰਥਿਕਤਾ ਵਿੱਚ ਅਮਰੀਕਾ ਦੇ ਵੀ ਕੰਨ ਭੰਨਣ ਲੱਗਾ ਹੈ।
ਇੱਕ ਹੋਰ ਦਿਲਚਸਪ ਤੱਥ ਇਹ ਹੈ ਕਿ ਕਿਸੇ ਦੌਰ ਵਿੱਚ ਪੱਛਮੀ ਮੁਲਕਾਂ ਨੇ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਬਣਾਈ ਸੀ ਅਤੇ ਮੁਕਤ ਆਰਥਿਕਤਾ ਦਾ ਨਾਹਰਾ ਦਿੱਤਾ ਸੀ। ਪਰ ਜਦੋਂ ਦੇ ਟਰੇਡ ਵਿੱਚ ਚੀਨ, ਭਾਰਤ, ਬ੍ਰਾਜ਼ੀਲ, ਬੰਗਲਾਦੇਸ਼ ਆਦਿ ਮੁਲਕ ਉਭਰਨ ਲੱਗੇ ਹਨ, ਫਰੀ ਟਰੇਡ ਦੀ ਵਕਾਲਤ ਕਰਨ ਵਾਲਾ ਹਰ ਸਿਰਕੱਢ ਮੁਲਕ ‘ਮੁਕਤ ਟਰੇਡ’ ਤੇ ‘ਖੁਲ੍ਹੀ ਮੰਡੀ’ ਦਾ ਖਹਿੜਾ ਛਡ ਕੇ ਰੱਖਿਆਤਮਕ ਟੈਰਿਫ ਲਗਾਉਣ ਲੱਗਾ ਹੈ। ਇਸ ਤੋਂ ਸਾਫ ਹੀ ਹੈ ਕਿ ਪੱਛਮੀ ਮੁਲਕਾਂ ਨੂੰ ਫਰੀ ਟਰੇਡ, ਮੁਕਤ ਬਾਜ਼ਾਰ ਉਦੋਂ ਤੱਕ ਹੀ ਮਨਜ਼ੂਰ ਸੀ, ਜਦੋਂ ਤੱਕ ਉਨ੍ਹਾਂ ਨੂੰ ਲਾਭ ਹੋ ਰਿਹਾ ਸੀ। ਜਦੋਂ ਧਰਤੀ ਦੇ ਹੋਰ ਖਿੱਤਿਆਂ ਦੇ ਮੁਲਕ ਉਭਰ ਆਏ ਤਾਂ ਇਹ ਹੁਣ ਅਮਰੀਕਾ ਲਈ ਬੇਮਾਅਨਾ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਅੱਜਕੱਲ੍ਹ ਚੀਨ ਫਰੀ ਟਰੇਡ ਲਈ ਦੁਨੀਆਂ ਨੂੰ ਖੋਲ੍ਹਣ ਦੀ ਮੰਗ ਕਰ ਰਿਹਾ ਹੈ ਅਤੇ ਅਮਰੀਕੀ ਰੱਖਿਆਤਮਕ ਨੀਤੀਆਂ ਅਪਣਾ ਰਹੇ ਹਨ।