ਸਾਕਾ ਨਨਕਾਣਾ ਸਾਹਿਬ (4)
ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ। ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਹਥਲੀ ਕਿਸ਼ਤ ਵਿੱਚ ਸਾਕੇ ਤੋਂ ਬਾਅਦ ਦੇ ਹਾਲਾਤ ਦਾ ਵੇਰਵਾ ਪੇਸ਼ ਹੈ… ਪ੍ਰਬੰਧਕੀ ਸੰਪਾਦਕ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਸਾਕੇ ਵਾਲੇ ਦਿਨ ਲਗਭਗ ਬਾਰਾਂ ਵਜੇ ਡੀ.ਸੀ. ਮਿਸਟਰ ਕਰੀ ਵੀ ਮੌਕੇ ’ਤੇ ਪਹੁੰਚ ਗਿਆ। ਸ਼ਾਮ ਨੂੰ ਕਮਿਸ਼ਨਰ ਲਾਹੌਰ ਡਿਵੀਜ਼ਨ ਮਿਸਟਰ ਕਿੰਗ ਲਗਭਗ ਡੇਢ ਸੌ ਗੋਰੇ ਸਿਪਾਹੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਨਨਕਾਣਾ ਸਾਹਿਬ ਪੁੱਜ ਗਿਆ। ਮਹੰਤ ਸਣੇ 26 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਪਹੁੰਚਾ ਦਿੱਤਾ ਗਿਆ। ਗੁਰਦੁਆਰੇ ਨੂੰ ਝਗੜੇ ਵਾਲੇ ਥਾਂ ਗਰਦਾਨ ਕੇ ਸੀ.ਪੀ.ਸੀ. ਦੀ ਦਫਾ 145 ਦੇ ਤਹਿਤ ਗੁਰਦੁਆਰੇ ਨੂੰ ਸਰਕਾਰੀ ਜ਼ਿੰਦੇ ਲਗਾ ਦਿੱਤੇ ਗਏ।
22 ਫਰਵਰੀ ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਲਗਭਗ 2200 ਸਿੰਘਾਂ ਦਾ ਜਥਾ ਨਨਕਾਣਾ ਸਾਹਿਬ ਪੁੱਜਾ। ਮਰਨ-ਮਾਰਨ ’ਤੇ ਉਤਰਿਆ ਅਕਾਲੀ ਜਥਾ ਜਦੋਂ ਗੁਰਦੁਆਰੇ ਵਿੱਚ ਵੜਣ ’ਤੇ ਬਜਿੱਦ ਹੋਇਆ ਤਾਂ ਕਮਿਸ਼ਨਰ ਨੇ ਦਫਾ 145 ਚੱਕ ਲਈ ਅਤੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਕਰਤਾਰ ਸਿੰਘ ਝੱਬਰ ਦੇ ਹਵਾਲੇ ਕੀਤੀਆਂ। ਮੌਕੇ ’ਤੇ ਹੀ ਇੱਕ ਕਮੇਟੀ ਬਣੀ ਜਿਸਦੇ ਪ੍ਰਧਾਨ ਸ. ਹਰਬੰਸ ਸਿੰਘ ਅਟਾਰੀ ਬਣੇ। ਯਕਦਮ ਕਮਿਸ਼ਨਰ ਨੇ ਇਸ ਕਮੇਟੀ ਦੇ ਨਾਮ ਗੁਰਦੁਆਰੇ ਦਾ ਕਬਜ਼ਾ ਲਿਖ ਦਿੱਤਾ ਅਤੇ ਪੁਲਿਸ ਹਟਾ ਲਈ।
ਗਵਰਨਰ ਨੇ ਮੌਕਾ ਦੇਖਿਆ
ਇਸਤੋਂ ਅਗਲੇ ਭਲਕ ਗਵਰਨਰ ਦੀ ਐਗਜ਼ੈਕਟਿਵ ਦੇ ਮੈਂਬਰ ਸ. ਸੁੰਦਰ ਸਿੰਘ ਮਜੀਠੀਆ ਦੀ ਰਾਵਲਪਿੰਡੀ ਤੋਂ ਤਾਰ ਆਈ ਕਿ ਸ਼ਹੀਦਾਂ ਦਾ ਸਸਕਾਰ ਨਹੀਂ ਕਰਨਾ, ਮੈਂ ਲਾਟ ਸਾਹਿਬ (ਗਵਰਨਰ) ਨੂੰ ਲੈ ਕੇ ਨਨਕਾਣੇ ਪੁੱਜ ਰਿਹਾ ਹਾਂ।
23 ਫਰਵਰੀ ਨੂੰ ਗਵਰਨਰ ਪੰਜਾਬ ਇੱਕ ਸਪੈਸ਼ਲ ਰੇਲ ਗੱਡੀ ਰਾਹੀਂ ਨਨਕਾਣੇ ਪੁੱਜੇ। ਉਨ੍ਹਾਂ ਦੇ ਨਾਲ ਸਾਰੀ ਐਗਜ਼ੈਕਟਿਵ ਕੌਂਸਲ (ਵਜਾਰਤ/ਮੰਤਰੀ ਮੰਡਲ) ਵੀ ਸੀ। ਹੋਰ ਬਹੁਤ ਸਾਰੇ ਅੰਗਰੇਜ਼ ਅਫਸਰ ਵੀ ਸਨ। ਸਾਰਿਆਂ ਨੇ ਜੋੜੇ ਲਾਹ ਕੇ ਗੁਰਦੁਆਰਾ ਸਾਹਿਬ ਦਾ ਅੰਦਰਲਾ ਹਾਲ ਦੇਖਿਆ। ਜਦ ਲਾਟ ਸਾਹਿਬ ਨੇ ਬਾਰਾਂਦਰੀ ਦੇ ਅੰਦਰ ਹੋਇਆ ਲਹੂ-ਲੁਹਾਣ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਛਮ-ਛਮ ਅੱਥਰੂ ਕਿਰ ਰਹੇ ਸਨ। ਬਹੁਤ ਸਾਰੇ ਲੋਕ ਕੋਠਿਆਂ ’ਤੇ ਚੜ੍ਹ ਕੇ ਇਹ ਦ੍ਰਿਸ਼ ਵੇਖ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਆਖਿਆ ਕਿ ਸਾਡੇ ਸਿੰਘ ਕਮਿਸ਼ਨਰ ਕਿੰਗ ਅਤੇ ਡੀ.ਸੀ. ਕਰੀ ਨੇ ਮਰਵਾਏ ਹਨ। ਭੀੜ ਨੇ ਕਿੰਗ-ਕਰੀ, ਕਿੰਗ-ਕਰੀ ਆਖ ਕੇ ਬਹੁਤ ਰੌਲਾ ਪਾਇਆ।
ਫੇਰ ਸ. ਹਰਬੰਸ ਸਿੰਘ ਅਟਾਰੀ ਅਤੇ ਸ. ਕਰਤਾਰ ਸਿੰਘ ਝੱਬਰ ਗਵਰਨਰ ਦੇ ਨਾਲ ਰੇਲਵੇ ਸਟੇਸ਼ਨ ਤਕ ਗਏ। ਸਟੇਸ਼ਨ ’ਤੇ ਜਦ ਗਵਰਨਰ ਗੱਡੀ ਵਿੱਚ ਵੜਨ ਲੱਗਾ ਤਾਂ ਝੱਬਰ ਨੇ ਉਸਨੂੰ ਆਖਿਆ, “ਸਾਹਬ ਬਹਾਦਰ, ਤੁਸੀਂ ਸ਼ਹੀਦਾਂ ਨਾਲ ਜੋ ਹਮਦਰਦੀ ਕੀਤੀ ਹੈ, ਉਸਦੇ ਅਸੀਂ ਸ਼ੁਕਰਗੁਜ਼ਾਰ ਹਾਂ, ਪਰ ਹੁਣ ਸਾਨੂੰ ਕੋਈ ਆਖਦਾ ਹੈ ਕਿ ਹਰਿਦੁਆਰ ਤੋਂ 400 ਸਾਧੂ ਆ ਰਹੇ ਹਨ, ਕੋਈ ਆਖਦਾ ਹੈ ਕਿ ਭੱਟੀ ਵੀ ਤਿਆਰ ਹੋ ਰਹੇ ਹਨ। ਕਬਜ਼ਾ ਲੈਣ ਲਈ ਸਾਡੇ 200 ਜਵਾਨਾਂ ਨੇ ਜਾਨਾਂ ਦਿੱਤੀਆਂ ਹਨ, ਪਰ ਹੱਥ ਨਹੀਂ ਚੁੱਕਿਆ, ਹੁਣ ਜੇਕਰ ਕੋਈ ਸਾਡੇ ਪਾਸੋਂ ਧੱਕੇ ਨਾਲ ਕਬਜ਼ਾ ਖੋਹਣ ਆਇਆ ਤਾਂ ਅਸੀਂ ਚੁੱਪ ਨਹੀਂ ਰਹਿਣਾ, ਸਿੱਖਾਂ ਵਾਲੇ ਹੱਥ ਵਿਖਾਵਾਂਗੇ।
ਇਹ ਸੁਣ ਕੇ ਲਾਟ ਸਾਹਿਬ ਨੇ ਸ. ਸੁੰਦਰ ਸਿੰਘ ਮਜੀਠੀਆ ਨੂੰ ਆਪਣੇ ਡੱਬੇ ਵਿੱਚ ਸੱਦ ਕੇ ਆਖਿਆ ਕਿ ਝੱਬਰ ਨੂੰ ਕਹਿ ਦਿਓ ਕਿ ਅਮਨ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ, ਉਹ ਕੋਈ ਫਿਕਰ ਨਾ ਕਰੇ, ਮੈਂ ਕਲ੍ਹ ਨੂੰ ਹੀ ਇੱਥੇ ਸਿੱਖ ਮਿਲਟਰੀ ਭੇਜ ਦਿੰਦਾ ਹਾਂ।
ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ’ਤੇ ਅਕਾਲੀਆਂ ਵੱਲੋਂ ਕਬਜ਼ਾ ਕਰਨ ਦੀ ਸਕੀਮ ਨੂੰ ਮਾਸਟਰ ਤਾਰਾ ਸਿੰਘ ਸਮੇਤ ਅਕਾਲੀ ਲੀਡਰਾਂ ਨੇ ਠੁੱਸ ਕਰ ਦਿੱਤਾ। ਸਾਰੇ ਜਥੇ ਰੋਕ ਦਿੱਤੇ; ਪਰ ਸ. ਲਛਮਣ ਸਿੰਘ ਦੀ ਅਗਵਾਈ ਵਾਲਾ ਲਗਭਗ ਡੇਢ ਸੌ ਸਿੰਘਾਂ ਦਾ ਜਥਾ ਰੋਕੇ ’ਤੇ ਵੀ ਨਾ ਰੁਕਿਆ। ਇਸ ਜਥੇ ਨੂੰ ਮਹੰਤ ਨਰੈਣ ਦਾਸ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੇ ਵੇਰਵੇ ਵੀ ਲੇਖਾਂ ਵਿੱਚ ਪੜ੍ਹਨ ਨੂੰ ਅਕਸਰ ਮਿਲ ਜਾਂਦੇ ਹਨ; ਪਰ ਜਿਸ ਢੰਗ ਨਾਲ ਸਿੰਘਾਂ ਨੇ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਵਿਉਂਤਬੰਦੀ ਕੀਤੀ ਸੀ, ਉਹ ਆਮ ਤੌਰ ’ਤੇ ਲੇਖਾਂ ਅਤੇ ਤਕਰੀਰਾਂ ਵਿੱਚੋਂ ਗਾਇਬ ਰਹਿੰਦੀ ਹੈ। ਇਹ ਵਿਉਂਤਬੰਦੀ ਇੱਕ ਫੌਜੀ ਅਪ੍ਰੇਸ਼ਨ ਤੋਂ ਘੱਟ ਨਹੀਂ ਸੀ। ਇਸ ਵਿਉਂਤਬੰਦੀ ਦਾ ਵਿਸਥਾਰ ਜਾਣ ਕੇ ਵਿਉਂਤਬੰਦੀ ਦੇ ਰੂਹੇ-ਰਵਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ’ਤੇ ਮਨ ਅਸ਼-ਅਸ਼ ਕਰ ਉਠਦਾ ਹੈ।
ਲੰਮੇ ਸਮੇਂ ਦੀ ਵਿਉਂਤਬੰਦੀ
ਅਕਾਲੀਆਂ ਵੱਲੋਂ ਗੁਰਦੁਆਰਿਆਂ ’ਤੇ ਕਬਜ਼ੇ ਕਰਨ ਦੇ ਅਹਿਮ ਵਾਕੇ ਜਥੇਦਾਰ ਝੱਬਰ ਦੀ ਅਗਵਾਈ ਹੇਠ ਵੀ ਹੋਏ। ਇਨ੍ਹਾਂ ਵਿੱਚ ਉਨ੍ਹਾਂ ਨੇ ਕਮਾਲ ਦੀ ਦਲੇਰੀ, ਅਕਲਮੰਦੀ ਦਾ ਸਬੂਤ ਦਿੱਤਾ। ਖਾਸ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕਬਜ਼ਾ ਕਰਨ ਦੀ ਉਨ੍ਹਾਂ ਨੇ ਲੰਮੀ ਵਿਉਂਤਬੰਦੀ ਕੀਤੀ ਸੀ। ਗੁਰਦੁਆਰੇ ਦੇ ਨਾਂ ਸੈਂਕੜੇ ਮੁਰੱਬੇ ਜ਼ਮੀਨ ਤੋਂ ਇਲਾਵਾ ਚੜ੍ਹਾਵਾ ਬਹੁਤ ਸੀ। ਸੋ ਇਸ ਪੈਸੇ ਦੇ ਆਸਰੇ ਮਹੰਤ ਬਹੁਤ ਤਾਕਤਵਰ ਬਣਿਆ ਬੈਠਾ ਸੀ। ਅਕਾਲੀਆਂ ਦੇ ਕਬਜ਼ੇ ਡਰੋਂ ਉਸਨੇ ਬਹੁਤ ਸਾਰੇ ਗੁੰਡੇ ਬਦਮਾਸ਼ ਆਪਣੇ ਹੱਥ ਵਿੱਚ ਕੀਤੇ ਹੋਏ ਸਨ ਅਤੇ ਕਈ ਦਰਜਨ ਗੁੰਡੇ ਤਾਂ ਉਸਨੇ ਗੁਰਦੁਆਰੇ ਵਿੱਚ ਕਬਜ਼ੇ ਤੋਂ ਪਹਿਲਾਂ ਪੱਕੇ ਹੀ ਬਿਠਾ ਲਏ ਸਨ। ਮਹੰਤ ਦੀ ਹਥਿਆਰਬੰਦ ਤਾਕਤ ਦੇ ਮੱਦੇਨਜ਼ਰ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਪਤਾ ਸੀ ਕਿ ਮਹੰਤਾਂ ਦੇ ਇਸ ਗੜ੍ਹ ਨੂੰ ਤੋੜਨ ਲਈ ਮੁਕਾਬਲੇ ਵਿੱਚ ਉਸ ਤੋਂ ਵੀ ਵੱਡੀ ਤਾਕਤ ਅਤੇ ਵਿਉਂਤਬੰਦੀ ਦੀ ਲੋੜ ਪੈਣੀ ਹੈ। ਜਥੇਦਾਰ ਜੀ ਨੇ ਇਸ ਮੋਰਚੇ ਨੂੰ ਸਰ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਬਣਾ ਲਿਆ ਸੀ।
ਕਬਜ਼ੇ ਲਈ ਲਾਮਬੰਦੀ
ਗੁਰਦੁਆਰਾ ਜਨਮ ਅਸਥਾਨ ’ਤੇ ਕਬਜ਼ਾ ਕਰਨ ਦੀ ਸਕੀਮ ਕਈ ਮਹੀਨਿਆਂ ਤੋਂ ਜਥੇਦਾਰ ਝੱਬਰ ਦੇ ਦਿਮਾਗ ਵਿੱਚ ਸੀ। ਉਨ੍ਹਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਕਬਜ਼ਾ ਕਰਨ ਲਈ ਪ੍ਰੇਰਤ ਕਰਨ ਦੀ ਮੁਹਿੰਮ ਵਿੱਢੀ ਹੋਈ ਸੀ। ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਆਪਾਂ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਕਬਜ਼ਾ ਕਰਨਾ ਹੈ, ਸੋ ਤੁਸੀਂ ਤਿਆਰ ਰਹੋ। ਜਦੋਂ ਵੀ ਕਬਜ਼ੇ ਦਾ ਹੁਕਮ ਮਿਲੇ, ਤੁਸੀਂ ਫੌਰਨ ਪਹੁੰਚ ਜਾਣਾ ਹੈ। ਸਾਂਦਲ ਬਾਰ ਦੇ ਇਲਾਕੇ ਵਿੱਚ ਇਸ ਕਬਜ਼ੇ ਦੀ ਚਰਚਾ ਆਮ ਸੀ। ਬਹੁਤ ਸਾਰੇ ਸਿੱਖਾਂ ਨੇ ਸ. ਝੱਬਰ ਨੂੰ ਸੁਨੇਹੇ ਪੁਚਾਏ ਕਿ ਜਦੋਂ ਕਬਜ਼ਾ ਕਰਨਾ ਹੋਵੇ, ਸਾਨੂੰ ਜ਼ਰੂਰ ਦੱਸਣਾ। ਇਨ੍ਹਾਂ ਸਿੱਖਾਂ ਦੇ ਨਾਂ ਸ. ਝੱਬਰ ਨੋਟ ਕਰੀ ਗਿਆ, ਜੋ ਕਿ ਕਬਜ਼ੇ ਲਈ ਸੁਨੇਹੇ ਭੇਜਣ ਵਿੱਚ ਬਹੁਤ ਕੰਮ ਆਏ।
ਸੂਹੀਏ ਵੀ ਤਿਆਰ ਕੀਤੇ
ਕੋਈ ਫੌਜੀ ਪਲਟਣ ਅਪ੍ਰੇਸ਼ਨ ਕਰਨ ਵੇਲੇ ਦੁਸ਼ਮਣ ਦੇ ਇਲਾਕੇ ਦੀ ਪੈੜ ਚਾਲ ਕੱਢਣ ਲਈ ਆਪਣੇ ਸੂਹੀਏ ਘੱਲ ਕੇ ਸਾਰਾ ਭੇਦ ਪਤਾ ਕਰਾਉਂਦੀ ਹੈ, ਇਸਨੂੰ ਫੌਜੀ ਭਾਸ਼ਾ ਵਿੱਚ ਰੈਕੀ ਕਰਨਾ ਕਿਹਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਥੇਦਾਰ ਝੱਬਰ ਨੇ ਰੈਕੀ ਕਰਨ ਲਈ ਆਪਣੇ ਸੂਹੀਏ ਨਨਕਾਣਾ ਸਾਹਿਬ ਛੱਡੇ ਹੋਏ ਸਨ ਅਤੇ ਇੱਕ ਤਾਂ ਪੱਕਾ ਮਹੰਤਾਂ ਦੇ ਨਾਲ ਹੀ ਰਹਿੰਦਾ ਸੀ।
ਅਜਿਹੇ ਸੂਹੀਏ ਨੂੰ ਖਾਲਸਾ ਜੀ ਦੇ ਬੋਲਬਾਲੇ ਵਿੱਚ ਬਿਜਲਾ ਸਿੰਘ ਕਿਹਾ ਜਾਂਦਾ ਹੈ। ਅਜਿਹਾ ਹੀ ਇੱਕ ਬਿਜਲਾ ਸਿੰਘ ਜ਼ਿਲ੍ਹਾ ਮਿੰਟਗੁੰਮਰੀ ਦੇ ਪਿੰਡ ਭੋਜੀਆਂ ਦਾ ਵਰਿਆਮ ਸਿੰਘ ਸੀ। ਇਹ ਪੱਕੇ ਤੌਰ ’ਤੇ ਨਨਕਾਣਾ ਸਾਹਿਬ ਰਹਿੰਦਾ ਸੀ ਤੇ ਮਹੰਤ ਦੀ ਸਾਰੀ ਰਿਪੋਰਟ ਜਥੇਦਾਰ ਝੱਬਰ ਨੂੰ ਘੱਲਦਾ ਸੀ। ਇਹ ਸਿੰਘ ਰੋਟੀ ਪਾਣੀ ਭਾਈ ਉੱਤਮ ਸਿੰਘ ਦੇ ਕਾਰਖਾਨੇ ਤੋਂ ਛਕਦਾ ਸੀ ਤੇ ਇਸ ਨੂੰ ਸ. ਉੱਤਮ ਸਿੰਘ ਹੀ ਖਰਚਾ ਪਾਣੀ ਦਿੰਦੇ ਸਨ। ਉਨ੍ਹਾਂ ਨੇ ਵਰਿਆਮ ਸਿੰਘ ਨੂੰ ਆਖਿਆ ਹੋਇਆ ਸੀ ਕਿ ਤੈਨੂੰ ਜੇ ਕੋਈ ਪੁੱਛੇ ਤਾਂ ਤੂੰ ਆਖ ਛੱਡੀਂ ਕਿ ਮੈਂ ਸ. ਉੱਤਮ ਸਿੰਘ ਦਾ ਮੁਨਸ਼ੀ ਹਾਂ। ਇਸ ਵਾਕੇ ਦਾ ਜ਼ਿਕਰ ਕਰਨ ਵੇਲੇ ਭਾਈ ਉੱਤਮ ਸਿੰਘ ਦਾ ਯੋਗਦਾਨ ਦੱਸਣਾ ਵੀ ਜ਼ਰੂਰੀ ਹੈ। ਭਾਈ ਉੱਤਮ ਸਿੰਘ ਦਾ ਕਪਾਹ ਦਾ ਕਾਰਖਾਨਾ ਨਨਕਾਣੇ ਤੋਂ ਇੱਕ ਮੀਲ ਚੜ੍ਹਦੇ ਵਾਲੇ ਪਾਸੇ ਸੀ। ਭਾਈ ਸਾਹਿਬ ਦਾ ਇਹ ਕਾਰਖਾਨਾ ਅਕਾਲੀਆਂ ਦੀ ਖੁਫੀਆ ਠਾਹਰ ਸੀ। ਨਨਕਾਣਾ ਸਾਹਿਬ ਦੇ ਕਤਲੇਆਮ ਦੀਆਂ ਤਾਰਾਂ ਵੀ ਸਰਕਾਰ ਨੂੰ ਭਾਈ ਉੱਤਮ ਸਿੰਘ ਨੇ ਦਿੱਤੀਆਂ ਸਨ। ਉਨ੍ਹੀਂ ਦਿਨੀਂ ਮਹੰਤ ਦੇ ਗੜ੍ਹ ਨਨਕਾਣਾ ਸਾਹਿਬ ਵਿੱਚ ਆਪਣੇ ਕਾਰਖਾਨੇ ਨੂੰ ਅਕਾਲੀਆਂ ਦੀ ਖੁਫੀਆ ਠਾਹਰ ਬਣਾਉਣਾ ਖਤਰੇ ਤੋਂ ਖਾਲੀ ਨਹੀਂ ਸੀ।
ਦੂਜਾ ਅਹਿਮ ਬਿਜਲਾ ਸਿੰਘ ਸ. ਅਵਤਾਰ ਸਿੰਘ ਸੀ, ਜੋ ਕਿ ਸ਼ਰੀਕੇ ਵਿੱਚੋਂ ਜਥੇਦਾਰ ਝੱਬਰ ਦਾ ਭਤੀਜਾ ਲੱਗਦਾ ਸੀ। ਉਹਦੇ ਸਹੁਰੇ ਸ਼ਤਾਬਗੜ੍ਹ ਸਨ। ਮਹੰਤ ਨਰੈਣ ਦਾਸ ਦੇ ਖਾਸਮ-ਖਾਸ ਸ਼ਤਾਬਗੜ੍ਹੀਏ ਮਹੰਤ ਸੁੰਦਰ ਦਾਸ ਨਾਲ ਉਹਨੇ ਚੰਗੀ ਯਾਰੀ ਗੰਢ ਲਈ ਸੀ। ਉਹ ਸੁੰਦਰ ਦਾਸ ਨੂੰ ਰੱਜ ਕੇ ਖਵਾਉਂਦਾ-ਪਿਆਉਂਦਾ ਸੀ। ਇਸ ਯਾਰੀ ਦੇ ਸਦਕੇ ਹੀ ਉਹ ਮਹੰਤ ਨਰੈਣ ਦਾਸ ਦੇ ਐਨ ਨੇੜੇ ਜਾ ਕੇ ਉਸਦੀਆਂ ਖੁਫੀਆ ਮੀਟਿੰਗਾਂ ਦੇ ਵੀ ਭੇਤ ਕੱਢ ਕੇ ਜਥੇਦਾਰ ਝੱਬਰ ਨੂੰ ਪਹੁੰਚਾਉਂਦਾ ਰਿਹਾ।
ਇਸੇ ਤਰ੍ਹਾਂ ਦੇ ਸੂਹੀਏ ਮਹੰਤ ਨਰੈਣ ਦਾਸ ਨੇ ਵੀ ਰੱਖੇ ਹੋਏ ਸਨ। ਇੱਕ ਦੂਜੇ ਦੇ ਸੂਹੀਏ ਫੜੇ ਵੀ ਜਾਂਦੇ ਰਹੇ। ਜਿਵੇਂ ਭਾਈ ਵਰਿਆਮ ਸਿੰਘ ਪਹਿਲਾਂ ਸਾਧਾਂ ਵਾਲੇ ਭਗਵੇਂ ਲੀੜੇ ਪਾ ਕੇ ਗੁਰਦੁਆਰਾ ਜਨਮ ਅਸਥਾਨ ਵਿੱਚ ਰਹਿਣ ਲੱਗ ਪਿਆ ਸੀ। ਸ਼ੱਕ ਪੈਣ ’ਤੇ ਮਹੰਤ ਨੇ ਉਹਨੂੰ ਪੁੱਛਿਆ ਕਿ ਤੂੰ ਕਿਹੜੀ ਸ਼੍ਰੇਣੀ ਦਾ ਸਾਧ ਹੈਂ ਤਾਂ ਉਹ ਨਾ ਦੱਸ ਸਕਿਆ ਅਤੇ ਆਖਿਆ ਕਿ ਮੈਂ ਨਵਾਂ ਨਵਾਂ ਸਾਧ ਬਣਿਆ ਹਾਂ। ਮਹੰਤ ਨੇ ਆਖਿਆ, ਤੂੰ ਇੱਥੋਂ ਦੌੜ ਜਾ। ਵਰਿਆਮ ਸਿੰਘ ਨੇ ਭੋਲਾ ਜਿਹਾ ਬਣ ਕੇ ਕਿਹਾ, ਚੰਗਾ ਭਾਈ ਜੇ ਤੁਸੀਂ ਨਹੀਂ ਰਹਿਣ ਦਿੰਦੇ ਤਾਂ ਮੈਂ ਗ੍ਰਹਿਸਥੀ ਬਣ ਜਾਂਦਾ ਹੈ। ਇਸਤੋਂ ਬਾਅਦ ਉਹ ਚਿੱਟ (ਸਾਦੇ) ਕੱਪੜਿਆਂ ਵਿੱਚ ਉਤਮ ਸਿੰਘ ਦੇ ਕਾਰਖਾਨੇ ਦਾ ਮੁਨਸ਼ੀ ਬਣ ਕੇ ਨਨਕਾਣੇ ਵਿੱਚ ਵਿਚਰਦਾ ਰਿਹਾ।
ਮਹੰਤ ਨਰੈਣ ਦਾਸ ਦੇ ਕੁਕਰਮਾਂ ਦੀਆਂ ਮਿਸਾਲਾਂ ਦੇਣ ਵੇਲੇ ਲੇਖਾਂ ਵਿੱਚ ਜੋ ਇੱਕ ਸਿੰਧੀ ਰਿਟਾਇਰਡ ਸੈਸ਼ਨ ਜੱਜ ਦੀ ਤੇਰਾਂ ਸਾਲਾ ਲੜਕੀ ਅਤੇ ਲਾਇਲਪੁਰ ਤੋਂ ਆਈਆਂ ਛੇ ਔਰਤਾਂ ਦਾ ਮਹੰਤ ਦੇ ਗੁੰਡਿਆਂ ਵੱਲੋਂ ਸਤ ਭੰਗ ਕਰਨ ਵਾਲੇ ਦੋ ਵਾਕਿਆਂ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ, ਉਸ ਦੀਆਂ ਰਿਪੋਰਟਾਂ ਭਾਈ ਵਰਿਆਮ ਸਿੰਘ ਨੇ ਹੀ ਘੱਲੀਆਂ ਸਨ। ਫਰਵਰੀ ਦੇ ਸ਼ੁਰੂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅਕਾਲ ਤਖਤ ਸਾਹਿਬ ’ਤੇ ਹੋਈ ਮੀਟਿੰਗ ਵਿੱਚ ਜਥੇਦਾਰ ਝੱਬਰ ਨੇ ਇਹ ਰਿਪੋਰਟਾਂ ਪੜ੍ਹ ਕੇ ਸੁਣਾਈਆਂ ਸਨ। ਇਹ ਘਟਨਾਵਾਂ ਬਾਕਾਇਦਾ ਤੌਰ ’ਤੇ ਮੀਟਿੰਗ ਵਿੱਚ ਆਉਣ ਕਰਕੇ ਜੱਗ ਜਾਹਰ ਹੋਈਆਂ ਤੇ ਇਨ੍ਹਾਂ ਦਾ ਜ਼ਿਕਰ ਨਨਕਾਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਲਿਖਦਿਆਂ ਵਾਰ ਵਾਰ ਆਉਂਦਾ ਹੈ। ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਨਕਾਣਾ ਸਾਹਿਬ ਇੱਕ ਬਾਕਾਇਦਾ ਸੂਹੀਆ ਛੱਡਣ ਤੋਂ ਪਹਿਲਾਂ ਪਤਾ ਨਹੀਂ ਮਹੰਤ ਹੋਰ ਕੀ ਕੁਝ ਕਰਦਾ ਰਿਹਾ ਹੋਵੇਗਾ, ਜੋ ਕਿ ਜੱਗ ਜਾਹਰ ਨਹੀਂ ਹੋਇਆ। ਕਿਉਂਕਿ ਆਪਣੀ ਇੱਜ਼ਤ ਖਰਾਬ ਹੋਣ ਡਰੋਂ ਲੋਕ ਅਜਿਹੇ ਵਾਕਿਆਂ ਦੀ ਰਿਪੋਰਟ ਆਮ ਤੌਰ ’ਤੇ ਪੁਲਿਸ ਕੋਲ ਨਹੀਂ ਕਰਦੇ। ਮਹੰਤ ਦੀ ਦਹਿਸ਼ਤ ਕਰਕੇ ਅਜਿਹੀਆਂ ਘਟਨਾਵਾਂ ਦੀ ਕੋਈ ਦੰਦ ਚਰਚਾ ਵੀ ਨਹੀਂ ਸੀ ਹੁੰਦੀ।
ਮਹੰਤ ਦੇ ਸੂਹੀਏ ਝੱਬਰ ਹੁਰਾਂ ਦੇ ਵੀ ਕਾਬੂ ਆਉਂਦੇ ਰਹੇ। ਜਦੋਂ ਕਬਜ਼ੇ ਦੀ ਮੁਹਿੰਮ ਅੰਤਿਮ ਪੜਾਅ ’ਤੇ ਸੀ ਤਾਂ ਗੁਰਦੁਆਰਾ ਸੱਚਾ ਸੌਦਾ ਵਿੱਚ ਸ. ਝੱਬਰ ਦੀ ਬਾਜ ਅੱਖ ਨੇ ਇੱਕ ਅਜਿਹੇ ਹੀ ਸੂਹੀਏ ਨੂੰ ਤਾੜ ਲਿਆ। ਪਹਿਲਾਂ ਉਸ ਨੇ ਆਖਿਆ ਕਿ ਉਹ ਤਾਂ ਰਾਹੀ ਪਾਂਧੀ ਹੈ ਤੇ ਰੇਲ ਗੱਡੀਓਂ ਉਤਰ ਕੇ ਆਇਆ ਹੈ। ਜਦ ਝੱਬਰ ਨੇ ਉਸਨੂੰ ਘੂਰ ਕੇ ਛਿੱਤਰ ਫੇਰਨ ਦਾ ਡਰਾਵਾ ਦਿੱਤਾ ਤਾਂ ਉਸਨੇ ਸੱਚ ਦੱਸਦਿਆਂ ਆਖਿਆ ਕਿ ਉਹਦਾ ਨਾਂ ਸੰਤੋਸ਼ ਦਾਸ ਹੈ ਤੇ ਮਹੰਤ ਨੇ ਤੁਹਾਡਾ ਪਤਾ ਕਰਨ ਲਈ ਘੱਲਿਆ ਹੈ। ਉਹਦੀ ਜੇਬ ਵਿੱਚੋਂ ਮਹੰਤ ਦੇ ਠਿਕਾਣਿਆਂ ’ਤੇ ਦਿੱਤੀਆਂ ਤਿੰਨ ਤਾਰਾਂ (ਟੈਲੀਗਰਾਮਾਂ) ਦੀਆਂ ਤਸੀਦਾਂ ਵੀ ਨਿਕਲੀਆਂ।
ਜਥੇਦਾਰ ਕਰਤਾਰ ਸਿੰਘ ਝੱਬਰ ਨੇ ਬੰਦਿਆਂ ਨੂੰ ਆਪਣੇ ਨੇੜੇ ਲਾਉਣ ਵੇਲੇ ਵੀ ਪੂਰੀ ਚੌਕਸੀ ਵਰਤੀ। ਮਿਸਾਲ ਦੇ ਤੌਰ ’ਤੇ ਪਹਿਲਾਂ ਜ਼ਿਕਰ ਵਿੱਚ ਆਇਆ ਭੋਜੀਆਂ ਵਾਲਾ ਵਰਿਆਮ ਸਿੰਘ, ਸੱਚੇ ਸੌਦੇ ਜਥੇਦਾਰ ਝੱਬਰ ਕੋਲ ਆਇਆ ਤਾਂ ਉਸਨੇ ਆਪਣੇ ਆਉਣ ਦਾ ਕਾਰਨ ਦੱਸਦਿਆਂ ਇੱਕ ਲੰਬੀ ਚੌੜੀ ਕਹਾਣੀ ਬਿਆਨ ਕੀਤੀ। ਇਸ ਕਹਾਣੀ ਦਾ ਸਾਰ ਇਹ ਸੀ ਕਿ ਵਰਿਆਮ ਸਿੰਘ ਨੇ ਦੱਸਿਆ, ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਮਿਲ ਕੇ ਮੈਨੂੰ ਅਕਾਲੀਆਂ ਨਾਲ ਰਲਣ ਦਾ ਹੁਕਮ ਦਿੱਤਾ ਹੈ। ਉਸਦੀ ਕਹਾਣੀ ’ਤੇ ਸ. ਝੱਬਰ ਨੇ ਨਾ ਤਾਂ ਸਿੱਧਮ-ਸਿੱਧਾ ਇਤਬਾਰ ਕੀਤਾ ਅਤੇ ਨਾ ਹੀ ਨਿਰ੍ਹਾ ਪੂਰਾ ਝੂਠ ਸਮਝ ਕੇ ਘੂਰਨ ਵਾਲਾ ਤਰੀਕਾ ਅਪਣਾਇਆ। ਬਲਕਿ ਉਸਨੂੰ ਨਜ਼ਰਸਾਨੀ ਹੇਠ ਰੱਖਦਿਆਂ ਗੁਰਦੁਆਰੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਵਰਿਆਮ ਸਿੰਘ ਦੀ ਕਹਾਣੀ ਦੀ ਸੱਚਾਈ ਜਾਣਨ ਲਈ ਸ. ਝੱਬਰ ਨੇ ਉਸੇ ਦਿਨ ਉਸਦੇ ਪਿੰਡ ਦੇ ਇੱਕ ਸੱਜਣ ਹਵਾਲਦਾਰ ਹੇਮ ਸਿੰਘ ਨੂੰ ਇੱਕ ਚਿੱਠੀ ਲਿਖੀ। ਇਸ ਚਿੱਠੀ ਦਾ ਪੰਜਵੇਂ ਦਿਨ ਜਵਾਬ ਆ ਗਿਆ, ਜਿਸ ਵਿੱਚ ਸ. ਵਰਿਆਮ ਸਿੰਘ ਦੀ ਕਹਾਣੀ ਨੂੰ ਸੱਚੀ ਆਖਿਆ ਗਿਆ ਸੀ। ਇਹ ਮਿਸਾਲਾਂ ਦੇਣ ਦਾ ਭਾਵ ਇਹ ਹੈ ਕਿ ਕਬਜ਼ੇ ਤੋਂ ਪਹਿਲਾਂ ਦੀ ਲਾਮਬੰਦੀ ਕਰਦਿਆਂ ਸ. ਝੱਬਰ ਨੇ ਬੰਦਿਆਂ ਦੀ ਤਾਕਤ ਤੋਂ ਬਿਨਾ ਕਿੰਨੀ ਦਿਮਾਗੀ ਤਾਕਤ ਦਾ ਇਸਤੇਮਾਲ ਕੀਤਾ।
ਸ਼੍ਰੋਮਣੀ ਕਮੇਟੀ ਵੱਲੋਂ ਕਬਜ਼ਿਆਂ ’ਤੇ ਪਾਬੰਦੀ, ਝੱਬਰ ਵੱਲੋਂ ਕਬਜ਼ੇ ਦੀ ਇਜਾਜ਼ਤ ਰੱਦ ਕੀਤੀ
1921 ਦੀ ਫਰਵਰੀ ਦੇ ਸ਼ੁਰੂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖਤ ਸਾਹਿਬ ’ਤੇ ਹੋਈ, ਇਸ ਵਿੱਚ ਜਦੋਂ ਸ. ਕਰਤਾਰ ਸਿੰਘ ਝੱਬਰ ਨੇ ਮਹੰਤ ਦੇ ਕੁਕਰਮ ਦੀਆਂ ਰਿਪੋਰਟਾਂ ਪੜ੍ਹ ਕੇ ਸੁਣਾਉਣ ਤੋਂ ਬਾਅਦ ਆਖਿਆ ਕਿ ਕਮੇਟੀ ਨੇ ਪਾਸ ਕੀਤਾ ਹੋਇਆ ਹੈ, ਕਬਜ਼ੇ ਤੋਂ ਪਹਿਲਾਂ ਕਮੇਟੀ ਦੀ ਇਜਾਜ਼ਤ ਲਈ ਜਾਵੇ। ਸੋ ਹੁਣ ਮੈਨੂੰ ਇਹ ਇਜਾਜ਼ਤ ਦਿੱਤੀ ਜਾਵੇ, ਮੈਂ ਕਮੇਟੀ ਤੋਂ ਨਾ ਬੰਦੇ ਮੰਗਦਾ ਹਾਂ, ਨਾ ਕੋਈ ਪੈਸਾ ਮੰਗਦਾ ਹਾਂ- ਸਿਰਫ ਇੱਕ ਆਗਿਆ ਮੰਗਦਾ ਹਾਂ, ਇਸ ਵਿੱਚ ਦੇਰ ਨਹੀਂ ਹੋਣੀ ਚਾਹੀਦੀ। ਇਹ ਕਹਿ ਕੇ ਝੱਬਰ ਬੈਠ ਗਿਆ। ਮੀਟਿੰਗ ਵਿੱਚ ਹਾਜ਼ਰ ਪਟਿਆਾਲਾ ਰਿਆਸਤ ਦੀ ਹਾਈ ਕੋਰਟ ਦੇ ਜੱਜ ਸਿਆਲਕੋਟ ਜ਼ਿਲ੍ਹੇ ਦੇ ਸ. ਨਿਹਾਲ ਸਿੰਘ ਸੁਹਾਵੀਆ ਨੇ ਆਖਿਆ ਕਿ ਕੀ ਇਸ ਕੰਮ ਲਈ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ? ਹੁਣੇ ਤਰੀਕ ਮਿੱਥੀ ਜਾਵੇ। ਕਮੇਟੀ ਵਿੱਚ ਵਿਚਾਰ-ਵਟਾਂਦਰੇ ਦੌਰਾਨ ਕਬਜ਼ੇ ਦੀ ਇਜਾਜ਼ਤ ਤਾਂ ਨਾ ਮਿਲੀ, ਪਰ ਇਹ ਫੈਸਲਾ ਹੋਇਆ ਕਿ 4, 5 ਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਸਿੱਖਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਵੇ। ਇਸਦੇ ਪ੍ਰਬੰਧ ਲਈ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਸ. ਬੂਟਾ ਸਿੰਘ ਵਕੀਲ ਸ਼ੇਖੂਪੁਰਾ, ਤੇਜਾ ਸਿੰਘ ਸਮੁੰਦਰੀ, ਸ. ਬੂਟਾ ਸਿੰਘ ਚੱਕ ਨੰਬਰ 204 ਵਾਲੇ ਤੇ ਸ. ਕਰਤਾਰ ਸਿੰਘ ਝੱਬਰ ਸ਼ਾਮਲ ਸਨ।
ਮਹੰਤ ਵੱਲੋਂ ਗੱਲਬਾਤ ਦਾ ਢਕਵੰਜ ਸ਼ੁਰੂ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨਫਰੰਸ ਦਾ ਐਲਾਨ ਪੜ੍ਹ ਕੇ ਨਰੈਣ ਦਾਸ ਨੇ, ਮਹੰਤ ਸੁੰਦਰ ਦਾਸ ਸ਼ਤਾਬਗੜ੍ਹੀਆ ਤੇ ਮਹੰਤ ਹਰੀ ਦਾਸ ਨੂੰ ਝੱਬਰ ਕੋਲ ਘੱਲਿਆ। ਇਹ ਦੋਵੇਂ ਝੱਬਰ ਦੇ ਪਹਿਲਾਂ ਤੋਂ ਵਾਕਫਕਾਰ ਸਨ। ਇਨ੍ਹਾਂ ਨੇ ਝੱਬਰ ਨੂੰ ਨਨਕਾਣਾ ਸਾਹਿਬ ਨਾ ਜਾਣ ਲਈ ਪ੍ਰੇਰਣ ਦੀ ਕੋਸ਼ਿਸ਼ ਕੀਤੀ। ਝੱਬਰ ਨੇ ਆਖਿਆ ਕਿ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਮੈਂ ਢਿੱਲਾ ਪੈ ਜਾਵਾਂ। ਹਾਂ! ਜੇ ਮਹੰਤ ਮੇਰੇ ਆਖੇ ਲੱਗ ਕੇ ਗੁਰਦੁਆਰਾ ਪੰਥ ਨੂੰ ਦੇਵੇ ਤਾਂ ਇਸਦੇ ਬਦਲੇ ਉਸਨੂੰ ਹਜ਼ਾਰ-ਪੰਦਰਾਂ ਸੌ ਰੁਪਏ ਮਹਾਵਾਰ ਤਨਖਾਹ, ਇੱਕ ਵੱਡਾ ਮਹਿਲ, ਮਾਲ ਵਾਲਾ ਤਬੇਲਾ ਤੇ ਹੋਰ ਕਈ ਕੁਝ ਦਿਵਾਇਆ ਜਾ ਸਕਦਾ ਹੈ; ਪਰ ਸ਼ਰਤ ਇਹ ਹੈ ਕਿ ਮਹੰਤ ਮੇਰੇ ਨਾਲ ਸਿੱਧੀ ਗੱਲ ਕਰਕੇ ਸਮਝੌਤੇ ਦਾ ਇਤਬਾਰ ਕਰੇ ਤਾਂ ਮੈਂ ਇਹ ਪੇਸ਼ਕਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਰੱਖਾਂਗਾ।
ਇਸ ਤੋਂ ਕੁਝ ਦਿਨ ਮਗਰੋਂ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਹੋਣੀ ਸੀ। ਸ. ਝੱਬਰ ਰੇਲ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਲਾਹੌਰ ਸਟੇਸ਼ਨ ਤੋਂ ਹੀ ਮਹੰਤ ਸੁੰਦਰਦਾਸ ਝੱਬਰ ਨੂੰ ਸੱਦ ਕੇ ਲੈ ਗਿਆ ਤੇ ਲਾਹੌਰ ਸ਼ਹਿਰ ਦੇ ਇੱਕ ਚੁਬਾਰੇ ਵਿੱਚ ਨਰੈਣ ਦਾਸ ਨੇ ਉਕਤ ਸ਼ਰਤਾਂ ’ਤੇ ਗੁਰਦੁਆਰਾ ਪੰਥ ਨੂੰ ਦੇਣਾ ਮੰਨ ਲਿਆ। ਜਦੋਂ ਝੱਬਰ ਚੁਬਾਰਿਓਂ ਉਤਰਿਆ ਤਾਂ ਥੱਲੇ ਮਹੰਤ ਦੇ ਬੰਦੇ ਰਾਂਝਾ ਤੇ ਰਿਹਾਣਾ ਬੰਦੂਕਾਂ ਲਈ ਖੜ੍ਹੇ ਸਨ। ਇਹ ਪਤਾ ਨਹੀਂ ਕਿ ਉਹ ਮਹੰਤ ਦੀ ਰਾਖੀ ਲਈ ਆਏ ਸਨ ਜਾਂ ਕਿ ਲੋੜ ਪੈਣ ’ਤੇ ਝੱਬਰ ਨੂੰ ਮਾਰਨ ਲਈ।
ਸ. ਝੱਬਰ ਨੇ ਕਮੇਟੀ ਦੀ ਮੀਟਿੰਗ ਵਿੱਚ ਨਰੈਣ ਦਾਸ ਨਾਲ ਹੋਈ ਗੱਲਬਾਤ ਦਾ ਵਿਸਥਾਰ ਦੱਸਿਆ। ਕਮੇਟੀ ਨੇ ਮਹੰਤ ਨਾਲ ਗੱਲਬਾਤ ਕਰਨ ਲਈ ਇੱਕ ਪੰਜ ਮੈਂਬਰੀ ਸਬ ਕਮੇਟੀ ਬਣਾ ਦਿੱਤੀ ਅਤੇ 7, 8 ਤੇ 9 ਫਰਵਰੀ ਨੂੰ ਸੱਚੇ ਸੌਦੇ ਦੇ ਮੇਲੇ ਮੌਕੇ ਗੱਲਬਾਤ ਲਈ ਆਉਣ ਖਾਤਰ ਨਰੈਣ ਦਾਸ ਨੂੰ ਸੁਨੇਹਾ ਘੱਲਿਆ। ਮਹੰਤ ਆਪ ਤਾਂ ਨਾ ਆਇਆ, ਪਰ ਉਸਨੇ ਸ. ਸਾਹਿਬ ਸਿੰਘ ਮਾਨ ਅਤੇ ਦੇਵੀ ਦਿਆਲ ਦੇ ਹੱਥ ਸੁਨੇਹਾ ਘੱਲ ਕੇ ਆਖਿਆ ਕਿ ਤੁਸੀਂ ਮੇਰੇ ਨਾਲ ਕਿਸੇ ਸ਼ਹਿਰ ਵਿੱਚ ਗੱਲਬਾਤ ਕਰੋ। ਉਕਤ ਦੋਵਾਂ ਵਿਅਕਤੀਆਂ ਨੇ ਮਹੰਤ ਦੇ ਨਾ ਆ ਸਕਣ ਦੀ ਵਜਾਹਤ ਕਰਦਿਆਂ ਆਖਿਆ ਕਿ ਨਰੈਣ ਦਾਸ ਇੱਥੇ ਡਰਦਾ ਨਹੀਂ ਆਇਆ ਕਿ ਅਕਾਲੀਆਂ ਨੇ ਓਹਨੂੰ ਇੱਥੇ ਫੜ ਕੇ ਨੂੜ ਲੈਣਾ ਹੈ।
ਮਹੰਤ ਦੇ ਇਨ੍ਹਾਂ ਬੰਦਿਆਂ ਨੇ 14 ਫਰਵਰੀ ਨੂੰ ਸ਼ੇਖੂਪੁਰੇ ਬੂਟਾ ਸਿੰਘ ਵਕੀਲ ਦੀ ਬੈਠਕ ਵਿੱਚ ਗੱਲਬਾਤ ਲਈ ਆਉਣ ਦਾ ਸ. ਝੱਬਰ ਨੂੰ ਸੁਨੇਹਾ ਦਿੱਤਾ। ਮਹੰਤ ਇੱਥੇ ਵੀ ਨਹੀਂ ਆਇਆ ਤੇ ਮਹੰਤ ਜੀਵਨ ਦਾਸ ਨੇ ਆ ਕੇ ਝੱਬਰ ਨੂੰ ਆਖਿਆ ਕਿ ਨਰੈਣ ਦਾਸ ਤੁਹਾਨੂੰ ਲਾਹੌਰ ਸੱਦਦਾ ਹੈ। ਸ. ਝੱਬਰ ਤੇ ਬੂਟਾ ਸਿੰਘ ਵਕੀਲ 15 ਫਰਵਰੀ ਸਵੇਰ ਦੀ ਗੱਡੀ ਫੜ ਕੇ ਲਾਹੌਰ ਲਾਇਲ ਗਜ਼ਟ ਅਖਬਾਰ ਦੇ ਦਫਤਰ ਸ. ਅਮਰ ਸਿੰਘ ਦੇ ਕੋਲ ਪੁੱਜੇ। ਮਹੰਤ ਦਾ ਇੱਕ ਮਕਾਨ ਲਾਹੌਰ ਦੀ ਰਾਮ ਗਲੀ ਵਿੱਚ ਸੀ। ਝੱਬਰ ਨੇ ਮਹੰਤ ਜੀਵਨ ਦਾਸ ਦੇ ਹੱਥੀਂ ਸੁਨੇਹਾ ਘੱਲਿਆ ਕਿ ਨਰੈਣ ਦਾਸ ਲਾਇਲ ਗਜ਼ਟ ਦੇ ਦਫਤਰ ਆ ਜਾਵੇ।
ਨਰੈਣ ਦਾਸ ਦੇ ਮਕਾਨ ਵਿੱਚ ਝੱਬਰ ਦਾ ਸੂਹੀਆ ਅਵਤਾਰ ਸਿੰਘ ਮੌਜੂਦ ਸੀ। ਝੱਬਰ ਦਾ ਲਾਇਲ ਗਜ਼ਟ ਦੇ ਦਫਤਰ ਵਿੱਚ ਆਉਣਾ ਸੁਣ ਕੇ ਉਹ ਸਿੱਧਾ ਝੱਬਰ ਕੋਲ ਪੁੱਜਾ। ਉਹਨੇ ਆ ਕੇ ਦੱਸਿਆ ਕਿ ਮਹੰਤ ਤੁਹਾਡੇ ਨਾਲ ਗੱਲਬਾਤ ਦਾ ਤਾਂ ਐਵੇਂ ਢਕਵੰਜ ਹੀ ਕਰ ਰਿਹਾ ਹੈ, ਪਰ ਉਸਦੇ ਅਸਲ ਇਰਾਦੇ ਬਹੁਤ ਭੈੜੇ ਨੇ। ਉਹਨੇ ਮਹੰਤ ਵੱਲੋਂ ਤਿਆਰ ਕੀਤੀ ਜਾ ਰਹੀ ਸਾਜਿਸ਼ ਇਸ ਤਰ੍ਹਾਂ ਬਿਆਨ ਕੀਤੀ:
“ਮਹੰਤ ਨੇ ਅੱਜ ਰਾਤ ਰਾਮ ਗਲੀ ਆਪਣੇ ਮਕਾਨ ’ਤੇ ਇੱਕ ਖੁਫੀਆ ਮੀਟਿੰਗ ਕੀਤੀ ਹੈ, ਮੈਂ ਭੀ ਉਸ ਵਿੱਚ ਸੀ। ਅਰਜਨ ਦਾਸ ਥੰਮਣ ਤੇ ਜਗਨ ਨਾਥ ਬਘਿਆਂ ਵਾਲਾ, ਬਸੰਤ ਦਾਸ ਮਾਣਕ ਵਾਲਾ ਤੇ ਚਾਰ ਪੰਜ ਮਾਝੇ ਦੇ ਜੱਟ ਸੀ। ਮਹੰਤ ਨੇ ਡੇਢ ਲੱਖ ਰੁਪਏ ਮਾਝੇ ਦੇ ਬਦਮਾਸ਼ਾਂ ਨੂੰ ਦੇਣਾ ਮੰਨਿਆ ਹੈ ਤੇ ਉਨ੍ਹਾਂ ਨੇ 12 ਭਗੌੜੇ ਕਾਤਲ ਨਨਕਾਣਾ ਸਾਹਿਬ 6 ਮਾਰਚ ਨੂੰ ਲੈ ਕੇ ਪੁੱਜਣਾ ਹੈ, ਜਿਸ ਦਿਨ ਪੰਥ ਦਾ ਇਕੱਠ ਹੈ। ਅੱਗੋਂ ਸਕੀਮ ਇਹ ਬਣਾਈ ਹੈ ਕਿ ਭਰੇ ਮੇਲੇ ਵਿੱਚ ਸਿੱਖ ਲੀਡਰਾਂ ਸ. ਹਰਬੰਸ ਸਿੰਘ ਅਟਾਰੀ, ਪ੍ਰੋਫੈਸਰ ਜੋਧ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਨੂੰ, ਜੋ ਇਸ ਵੇਲੇ ਪੰਥ ਦਾ ਕੰਮ ਕਰਦੇ ਹਨ, ਗੁਰਦੁਆਰੇ ਅੰਦਰ ਸੁਲ੍ਹਾ ਦੀ ਗੱਲਬਾਤ ਕਰਨ ਲਈ ਬੁਲਾ ਲਿਆ ਜਾਵੇ; ਅਸੀਂ ਗੱਲਬਾਤ ਕਰੀਏ। ਗੁਰਦੁਆਰੇ ਦਾ ਲਹਿੰਦਾ ਬੂਹਾ ਖੋਲ੍ਹ ਦਿੱਤਾ ਜਾਵੇਗਾ, ਚੜ੍ਹਦਾ ਪਹਿਲਾਂ ਬੰਦ ਕੀਤਾ ਜਾਵੇਗਾ। ਬਾਹਰੋਂ ਬਦਮਾਸ਼ ਘੋੜਿਆਂ ’ਤੇ ਆਉਣ ਅਤੇ ਲਹਿੰਦੇ ਵੱਲ ਖਾਲੀ ਥਾਂ ’ਤੇ ਕਿੱਲੇ ਲੱਗੇ ਹੋਏ ਹੋਣਗੇ, ਉਹ ਘੋੜਿਆਂ ਤੋਂ ਉਤਰ ਕਿੱਲਿਆਂ ਨਾਲ ਘੋੜੇ ਬੰਨ੍ਹ ਕੇ ਅੰਦਰ ਆ ਕੇ ਹੋ ਰਹੀ ਕਮੇਟੀ ਦੀ ਮੀਟਿੰਗ ਵਿੱਚ ਬੈਠੇ ਸਿੱਖ ਲੀਡਰਾਂ ਨੂੰ ਕਤਲ ਕਰਕੇ ਘੋੜੇ ਭਜਾ ਲੈ ਜਾਣ। ਅਸੀਂ ਵੀ ਹਾਲ ਦੁਹਾਈ ਪਾ ਦਿਆਂਗੇ ਕਿ ਮਾਰ ਗਏ, ਮਾਰ ਗਏ। ਤੁਹਾਡੀ ਸੁਲ੍ਹਾ ਦੀ ਕੋਈ ਗੱਲਬਾਤ ਨਹੀਂ, ਤੁਸੀਂ ਆਪਣੇ ਬਚਾਓ ਦਾ ਉਪਾਅ ਕਰੋ ਤੇ ਝੱਬਰ ਜੀ ਤੁਸਾਂ ਨੂੰ ਵੀ ਪਹਿਲਾਂ ਹੀ ਮਾਰ ਦੇਣ ਦੀ ਤਜਵੀਜ਼ ਹੈ। ਆਪਣਾ ਫਿਕਰ ਰੱਖਿਆ ਕਰੋ ਤੇ ਨਾਲ ਦੋ ਸਿੰਘ ਵੀ ਜ਼ਰੂਰ ਰੱਖਿਆ ਕਰੋ।” ਇਹ ਗੱਲ ਦੱਸ ਕੇ ਅਵਤਾਰ ਸਿੰਘ ਫਿਰ ਵਾਪਸ ਚਲਿਆ ਗਿਆ।
ਇਸ ਖਤਰਨਾਕ ਸਾਜਿਸ਼ ਦਾ ਪਤਾ ਲੱਗਣ ’ਤੇ ਵੀ ਝੱਬਰ ਨੇ ਆਪਣਾ ਸੰਜਮ ਕਾਇਮ ਰੱਖਦਿਆਂ ਦੋ ਘੰਟੇ ਉਡੀਕਣ ਤੋਂ ਬਾਅਦ ਇੱਕ ਹੋਰ ਬੰਦਾ ਮਹੰਤ ਨੂੰ ਸੱਦਣ ਘੱਲਿਆ। ਉਸ ਆਦਮੀ ਨੇ ਵਾਪਸ ਆ ਕੇ ਦੱਸਿਆ ਕਿ ਮੇਰੇ ਗਿਆਂ ਮਹੰਤ ਟਾਂਗੇ ’ਤੇ ਚੜ੍ਹਿਆ ਸੀ ਤੇ ਜਦ ਮੈਂ ਕਿਹਾ ਕਿ ਮਹੰਤ ਜੀ ਤੁਹਾਨੂੰ ਝੱਬਰ ਜੀ ਤੇ ਸ. ਬੂਟਾ ਸਿੰਘ ਜੀ ਬੁਲਾਉਂਦੇ ਹਨ, ਤਾਂ ਮਹੰਤ ਨੇ ਉਤਰ ਦਿੱਤਾ ਕਿ ਮੈਂ ਬਾਵਾ ਕਰਤਾਰ ਸਿੰਘ ਬੇਦੀ ਦੀ ਕੋਠੀ ਜਾ ਰਿਹਾ ਹਾਂ, ਮੇਰਾ ਐਸ ਵੇਲੇ ਜਾਣ ਨਹੀਂ ਹੁੰਦਾ। ਇਹ ਬਾਵਾ ਕਰਤਾਰ ਸਿੰਘ ਬੇਦੀ ਗਵਰਨਰ ਕੌਂਸਲ ਦਾ ਮੈਂਬਰ ਸੀ ਤੇ ਨਰੈਣ ਦਾਸ ਦਾ ਖਾਸ ਯਾਰ ਸੀ। ਨਰੈਣ ਦਾਸ ਨੇ ਉਦਾਸੀ ਮਹਾਂ ਮੰਡਲ ਵੱਲੋਂ ਮਹੰਤਾਂ ਦੀ ਕਾਨਫਰੰਸ ਲਾਹੌਰ ਵਿਖੇ 19 ਤੇ 20 ਫਰਵਰੀ ਨੂੰ ਇਸੇ ਬੇਦੀ ਦੀ ਕੋਠੀ ’ਤੇ ਰੱਖੀ ਹੋਈ ਸੀ।
ਮਹੰਤ ਵੱਲੋਂ ਮੀਟਿੰਗ ਕਰਨ ਤੋਂ ਇਨਕਾਰ ਕਰਨਾ ਸੁਣ ਕੇ ਉਸਨੂੰ ਸੂਹੀਏ ਅਵਤਾਰ ਸਿੰਘ ਦੀ ਖਬਰ ਸੱਚੀ ਹੋ ਜਾਣ ਦਾ ਭਰੋਸਾ ਹੋ ਗਿਆ। ਝੱਬਰ ਨੇ ਆਖਿਆ, “ਚੰਗਾ ਚਬਲ ਸਾਧ ਸਾਡੇ ਨਾਲ ਗੱਲ ਕਰਕੇ ਫਿਰ ਗਿਆ ਹੈ। ਅਸੀਂ ਵੀ ਇਸ ਸਾਜਿਸ਼ ਦਾ ਬੰਦੋਬਸਤ ਕਰਾਂਗੇ।” ਉਥੇ ਹਾਜ਼ਰ ਸਿੰਘਾਂ ਨੇ ਫਿਕਰਮੰਦੀ ਜ਼ਾਹਰ ਕਰਦਿਆਂ ਝੱਬਰ ਤੋਂ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਂਗੇ। ਝੱਬਰ ਨੇ ਜੁਆਬ ਦਿੱਤਾ ਕਿ ਜਿਹੜੇ ਸਾਡੇ ਨਾਲ ਟੁਰਨਗੇ ਉਨ੍ਹਾਂ ਨੂੰ ਹੀ ਦੱਸਾਂਗੇ।
ਫੈਸਲੇ ਦੀ ਘੜੀ ਆਣ ਪੁੱਜੀ
ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕਬਜ਼ੇ ਵਾਲੇ ਅਪ੍ਰੇਸ਼ਨ ਲਈ, ਗੁਰਦੁਆਰਾ ਸੱਚਾ ਸੌਦਾ ਨੂੰ ਸ. ਝੱਬਰ ਨੇ ਪਹਿਲਾਂ ਤੋਂ ਹੀ ਇੱਕ ਬੇਸ ਕੈਂਪ ਵਾਂਗੂੰ ਐਨ ਫੌਜੀ ਤਰਕੀਬ ਮੁਤਾਬਕ ਚੁਣਿਆ ਹੋਇਆ ਸੀ, ਜਿੱਥੇ ਝੱਬਰ ਦੇ ਖਾਸ ਬੰਦੇ ਹਰ ਮੌਕੇ ਮੌਜੂਦ ਰਹਿੰਦੇ ਸਨ। ਮਹੰਤ ਦੀ ਮਾਰੂ ਸਾਜਿਸ਼ ਦਾ ਪਤਾ ਲੱਗਣ ਤੋਂ ਬਾਅਦ ਸ. ਝੱਬਰ ਰੇਲ ਚੜ੍ਹ ਕੇ 15 ਫਰਵਰੀ ਦੀ ਰਾਤ ਨੂੰ ਹੀ 12 ਵਜੇ ਸੱਚੇ ਸੌਦੇ ਪਹੁੰਚ ਗਿਆ। ਉਸੇ ਵਕਤ ਉਹਨੇ ਸੁੱਤੇ ਪਏ ਸਿੰਘ ਜਗਾਏ।
ਉਨ੍ਹਾਂ ਨੂੰ ਮਹੰਤ ਦੀ ਸਾਜਿਸ਼ ਵਾਲੀ ਸਾਰੀ ਗੱਲਬਾਤ ਸੁਣਾਈ ਤੇ ਕਿਹਾ ਕਿ ਮਹੰਤ ਨੇ 19, 20 ਫਰਵਰੀ ਨੂੰ ਸਨਾਤਨ ਸਿੱਖ ਕਾਨਫਰੰਸ ਕਰਨੀ ਹੈ। ਸਾਰੇ ਮਹੰਤ ਓਸ ਦਿਨ ਉਥੇ ਹਾਜ਼ਰ ਹੋਣਗੇ। ਸੋ ਨਰੈਣ ਦਾਸ ਦੀ ਨਨਕਾਣਾ ਸਾਹਿਬ ਵਿੱਚ ਗੈਰ-ਹਾਜ਼ਰੀ ਦਾ ਲਾਭ ਉਠਾਉਣ ਲਈ 20 ਫਰਵਰੀ ਸਵੇਰ ਦਾ ਦਿਨ ਬਹੁਤ ਢੁਕਵਾਂ ਹੈ। ਨਾਲੇ ਜੇ ਮਹੰਤਾਂ ਦੀ ਕਾਨਫਰੰਸ ਚੁੱਪ-ਚਾਪ ਹੋ ਗਈ ਤਾਂ ਉਹਦੀ ਜਥੇਬੰਦੀ ਸਾਡੇ ਮੁਕਾਬਲੇ ’ਤੇ ਹੋ ਜਾਵੇਗੀ, ਜਿਸ ਦਾ ਅਸਰ ਲੋਕਾਂ ਅਤੇ ਗੌਰਮਿੰਟ ਉਤੇ ਸਾਡੇ ਖ਼ਿਲਾਫ਼ ਪਵੇਗਾ। ਜਿਵੇਂ ਮਹੰਤ ਦੀ ਤਿਆਰੀ ਹੈ, ਉਸ ਹਿਸਾਬ ਨਾਲ ਅੱਬਲ ਤਾਂ ਉਹਨੇ 4-5-6 ਮਾਰਚ ਵਾਲੀ ਨਨਕਾਣੇ ਪੰਥਕ ਕਾਨਫਰੰਸ ਹੋਣ ਹੀ ਨਹੀਂ ਦੇਣੀ। ਜੇ ਹੋ ਵੀ ਗਈ, ਤਾਂ ਵੀ ਉਹ ਸਾਡਾ ਨੁਕਸਾਨ ਕਰੇਗੀ; ਜਿਸ ਨਾਲ ਪੰਥ ਦੀ ਹਾਨੀ ਹੋਵੇਗੀ।
ਸਿੰਘਾਂ ਨੇ ਇਸ ਤਜਵੀਜ਼ ਨੂੰ ਸਹਿਮਤੀ ਦੇ ਦਿੱਤੀ। ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਬਿਲਕੁਲ ਪਤਾ ਨਾ ਲੱਗੇ। ਜੇ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਇਸ ਕੰਮ ਲਈ ਇਜਾਜ਼ਤ ਨਹੀਂ ਦੇਣੀ। ਇੱਥੋਂ ਤਕ ਕਿ ਰਾਵੀ ਦਰਿਆ ਤੋਂ ਚੜ੍ਹਦੇ ਵਾਲੇ ਪਾਸੇ ਕਿਸੇ ਨੂੰ ਕਬਜ਼ੇ ਲਈ ਆਉਣ ਖਾਤਰ ਨਾ ਕਿਹਾ ਜਾਵੇ। ਇਸ ਦਿਨ ਤਾਰੀਕ 16 ਫਰਵਰੀ ਹੋ ਗਈ ਸੀ। 20 ਫਰਵਰੀ ਸਵੇਰੇ ਤੜਕੇ ਕਬਜ਼ੇ ਲਈ ਧਾਵਾ ਬੋਲਿਆ ਜਾਣਾ ਸੀ। ਉਪਰ ਦੱਸੀਆਂ ਹਾਲਤਾਂ ਦੇ ਮੱਦੇਨਜ਼ਰ ਧਾਵੇ ਦੀ ਤਰੀਕ 20 ਫਰਵਰੀ ਤੋਂ ਅਗਾਂਹ ਨਹੀਂ ਸੀ ਵਧਾਈ ਜਾ ਸਕਦੀ। ਹਜ਼ਾਰਾਂ ਬੰਦੇ ਚੁੱਪ-ਚਾਪ ਇਕੱਠੇ ਕਰਨੇ ਇੱਕ ਵੱਡਾ ਕਾਰਜ ਸੀ, ਜਿਸ ਦੇ ਲਈ ਸਿਰਫ ਦੋ ਤਿੰਨ ਦਿਨ ਦਾ ਸਮਾਂ ਸੀ, ਪਰ ਝੱਬਰ ਵੱਲੋਂ ਸਿੰਘਾਂ ਨੂੰ ਕਬਜ਼ੇ ਲਈ ਪਹਿਲਾਂ ਤੋਂ ਹੀ ਤਿਆਰ ਕਰਨ ਲਈ ਕੀਤਾ ਕਾਰਜ ਕੰਮ ਆਇਆ, ਜਿਸ ਕਰਕੇ ਉਨ੍ਹਾਂ ਨੇ 20 ਫਰਵਰੀ 1921 ਤੜਕੇ ਦਾ ਦਿਨ ਪੱਕਾ ਕਰ ਦਿੱਤਾ।
(ਬਾਕੀ ਅਗਲੇ ਅੰਕ ਵਿੱਚ)