‘ਸਵੇਰਾ’ ਨੇ ਮਨਾਈ ਹਰ ਜੀਅ ਦੀ ਲੋਹੜੀ

Uncategorized

*ਨੱਚਣ ਦੇ ਪਿੜ ਵਿੱਚ ਬੀਬੀਆਂ ਦੀ ਝੰਡੀ ਰਹੀ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਪਰਦੇਸ `ਚ ਰਹਿੰਦਿਆਂ ਪੰਜਾਬ ਦੇ ਤਿਓਹਾਰ ਮਨਾ ਕੇ ਆਪਣੇ ਆਪ ਨੂੰ ਜੰਮਣ ਭੋਇੰ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣਾ ਪੰਜਾਬੀਆਂ ਲਈ ਕਿਸੇ ਸੱਜਰੇ ਚਾਅ ਤੋਂ ਘੱਟ ਨਹੀਂ। ਇਸੇ ਤਰਜ `ਤੇ ਇੱਥੋਂ ਦੀ ਸੰਸਥਾ “ਸਵੇਰਾ” ਵੱਲੋਂ ਲੋਹੜੀ ਦਾ ਪ੍ਰੋਗਰਾਮ ਕਰਵਾ ਕੇ ਪੰਜਾਬ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਇਹ ਸਮਾਗਮ ‘ਲੋਹੜੀ ਹਰ ਜੀਅ ਦੀ’ ਨਾਅਰੇ ਹੇਠ ਕਰਵਾਇਆ ਗਿਆ, ਜਿਸ ਦੌਰਾਨ ਨਵ-ਜੰਮੇ ਬੱਚਿਆਂ, ਨਵ-ਵਿਆਹੀਆਂ ਜੋੜੀਆਂ ਤੇ ਹੋਰਨਾਂ ਜੀਆਂ ਦੇ ਲੋਹੜੀ ਦੇ ਸ਼ਗਨ ਮਨਾਏ ਗਏ ਅਤੇ ਉਨ੍ਹਾਂ ਨੂੰ ਗਿਫਟ ਦਿੱਤੇ ਗਏ। ਸਮਾਗਮ ਦਾ ਉਚੇਚਾ ਮਕਸਦ ਸ਼ਗਨਾਂ ਦੀ ਖੁਸ਼ੀ ਰਲ਼-ਮਿਲ ਕੇ ਮਨਾਉਣੀ, ਤਿਓਹਾਰ ਨਾਲ ਜੁੜੇ ਰਹਿਣਾ ਅਤੇ ਨਵੀਂ-ਪੁਰਾਣੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣਾ ਸੀ।

ਇਹ ਸਮਾਗਮ ਜਿੱਥੇ ਰੌਣਕਾਂ ਭਰਪੂਰ ਰਿਹਾ, ਉਥੇ ਇਸ ਮੌਕੇ ਕੀਤੀਆਂ ਗਈਆਂ ਪੇਸ਼ਕਾਰੀਆਂ ਦਾ ਹਾਜ਼ਰੀਨ ਨੇ ਅਨੰਦ ਮਾਣਿਆ। ਦਾਜ ਦੇ ਸµਜੀਦਾ ਵਿਸ਼ੇ ਉੱਤੇ ਕੀਤੀ ਗਈ ਸਕਿੱਟ ‘ਗਿਫਟ’ ਆਪਣਾ ਸੁਨੇਹਾ ਛੱਡਣ ਵਿੱਚ ਕਾਮਯਾਬ ਰਹੀ। ਇੱਕਾ-ਦੁੱਕਾ ਤਰੁਟੀਆਂ ਦੇ ਬਾਵਜੂਦ ਇਸ ਪੇਸ਼ਕਸ਼ ਜ਼ਰੀਏ ਸੁਨੇਹਾ ਦੇਣ ਦਾ ਜੋ ਮਨੋਰਥ ਸੀ, ਉਹ ਆਪਣੇ ਆਪ ਵਿੱਚ ਸਾਰਥਕ ਸੀ। ਉਂਝ ਇਸ ਮੌਕੇ ਗਿੱਧਾ-ਭµਗੜਾ, ਡੀ.ਜੇ. ਉੱਤੇ ਬੋਲੀਆਂ ਅਤੇ ਗਾਇਕਾਂ ਵੱਲੋਂ ਗਾਇਕੀ ਦੇ ਮੁਜ਼ਾਹਰੇ ਦਾ ਦੌਰ ਚੱਲਿਆ। ਇਹ ਲੋਹੜੀ ਪ੍ਰੋਗਰਾਮ ਭੇਦ-ਭਾਵ ਦੀਆਂ ਬੰਦਿਸ਼ਾਂ ਤੋਂ ਵੀ ਮੁਕਤ ਸੀ, ਕਿਉਂਕਿ ਇਸ ਵਿੱਚ ਇਕੱਲੀ ਮੁੰਡਿਆਂ ਦੀ ਹੀ ਨਹੀਂ, ਸਗੋਂ ਧੀਆਂ, ਨੂੰਹਾਂ- ਯਾਨਿ ‘ਲੋਹੜੀ ਹਰ ਜੀਅ ਦੀ’ ਮਨਾਈ ਗਈ।
ਇਸ ਮੌਕੇ ਜਿਹੜੇ ਨਵੇਂ ਜਨਮੇ ਬੱਚਿਆਂ ਦੀ ਲੋਹੜੀ ਮਨਾਈ ਗਈ, ਉਨ੍ਹਾਂ ਵਿੱਚ ਕਰਮ ਸਿੰਘ ਜੱਜ, ਜਸਨੂਰ ਕੌਰ ਕਲੇਰ, ਤਾਜ ਕੌਰ ਰਾਏ ਤੇ ਜ਼ੋਰਾਵਰ ਸਿੰਘ ਸੇਖੋਂ ਸ਼ਾਮਲ ਸਨ। ਕਰਮ ਸਿੰਘ ਜੱਜ- ਸੁਲੱਖਣ ਸਿੰਘ ਜੱਜ ਤੇ ਕੰਵਲਜੀਤ ਕੌਰ ਜੱਜ ਦਾ ਪੁੱਤਰ, ਬਲਜਿੰਦਰ ਸਿੰਘ ਜੱਜ ਤੇ ਰਸ਼ਪਾਲ ਕੌਰ ਜੱਜ ਦਾ ਪੋਤਰਾ ਅਤੇ ਦਵਿੰਦਰ ਸਿੰਘ ਰੰਗੀ ਤੇ ਨਰਿੰਦਰ ਕੌਰ ਰੰਗੀ ਦਾ ਦੋਹਤਾ ਹੈ। ਜਸਨੂਰ ਕੌਰ ਕਲੇਰ- ਜਸਕਰਨਜੀਤ ਸਿੰਘ ਕਲੇਰ ਤੇ ਕਿਰਨਦੀਪ ਕੌਰ ਕਲੇਰ ਦੀ ਧੀ, ਮੱਖਣ ਸਿੰਘ ਕਲੇਰ ਤੇ ਜਤਿੰਦਰ ਕੌਰ ਕਲੇਰ ਦੀ ਪੋਤਰੀ ਅਤੇ ਵਰਿੰਦਰ ਸਿੰਘ ਪਰਮਾਰ ਤੇ ਕੁਲਵੰਤ ਕੌਰ ਪਰਮਾਰ ਦੀ ਦੋਹਤੀ ਹੈ। ਤਾਜ ਕੌਰ ਰਾਏ- ਨਵਜੋਤ ਸਿੰਘ ਰਾਏ ਤੇ ਨਵਨੀਤ ਕੌਰ ਰਾਏ ਦੀ ਧੀ ਹੈ ਅਤੇ ਸੁਖਜੀਵਨ ਸਿੰਘ ਰਾਏ ਤੇ ਬਲਜੀਤ ਕੌਰ ਰਾਏ ਉਹਦੇ ਦਾਦਾ-ਦਾਦੀ ਹਨ, ਜਦਕਿ ਸਤਵਿੰਦਰ ਸਿੰਘ ਧਨੋਆ ਤੇ ਰੁਪਿੰਦਰ ਕੌਰ ਧਨੋਆ ਨਾਨਾ-ਨਾਨੀ ਹਨ। ਜ਼ੋਰਾਵਰ ਸਿੰਘ ਸੇਖੋਂ- ਦਿਲਰਾਜ ਸਿੰਘ ਸੇਖੋਂ ਤੇ ਮਨਪ੍ਰੀਤ ਕੌਰ ਸੇਖੋਂ ਦਾ ਪੁੱਤਰ, ਸਵਰਨ ਸਿੰਘ ਸੇਖੋਂ ਤੇ ਨਿੱਕੀ ਸੇਖੋਂ ਦਾ ਪੋਤਰਾ ਅਤੇ ਹਰਮੀਤ ਸਿੰਘ ਧਾਲੀਵਾਲ ਤੇ ਸਤਪਾਲ ਕੌਰ ਧਾਲੀਵਾਲ ਦਾ ਦੋਹਤਾ ਹੈ।
ਇਸ ਤੋਂ ਇਲਾਵਾ ਨਵੀਆਂ ਵਿਆਹੀਆਂ ਜੋੜੀਆਂ- ਹਰਪ੍ਰੀਤ ਸਿੰਘ ਮਾਨ ਤੇ ਸਿਡਨੀ ਪੇਜ ਸਮਿਥ ਅਤੇ ਗੁਲਨੀਰ ਕੌਰ ਨਾਗਰਾ ਤੇ ਅਰਸ਼ਪਾਲ ਸਿੰਘ ਗਿੱਲ ਦੀ ਲੋਹੜੀ ਵੀ ਪਾਈ ਗਈ। ਨਵੇਂ ਜਨਮੇ ਬੱਚਿਆਂ ਨੂੰ ਗਿਫਟ ਹੈਂਪਰ ਦਿੱਤੇ ਗਏ, ਜਿਹੜੇ ਕਿ ਸਵੇਰਾ ਟੀਮ ਦੀਆਂ ਦੋ ਮੈਂਬਰਾਨ- ਸੁਖਵੀਰ ਕੌਰ ਢਿੱਲੋਂ ਅਤੇ ਡਿੰਪੀ ਕੌਰ ਨੇ ਤਿਆਰ ਕੀਤੇ ਸਨ। ਪਰਿਵਾਰਾਂ ਨੂੰ ਗਿਫਟ ਹੈਂਪਰ ਦੇਣ ਦੀ ਰਸਮ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈ ਰਾਮ ਸਿੰਘ ਕਾਹਲੋਂ, ‘ਪੰਜਾਬੀ ਪਰਵਾਜ਼’ ਦੇ ਬੋਰਡ ਮੈਂਬਰ ਦਵਿੰਦਰ ਸਿੰਘ ਰੰਗੀ ਅਤੇ ‘ਸਵੇਰਾ’ ਟੀਮ ਨੇ ਸਾਂਝੇ ਤੌਰ `ਤੇ ਦਿੱਤੇ। ਇਸ ਮੌਕੇ ਬੋਲਦਿਆਂ ਜੈ ਰਾਮ ਸਿੰਘ ਕਾਹਲੋਂ ਨੇ ‘ਸਵੇਰਾ’ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਟੀਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਧ-ਚੜ੍ਹ ਕੇ ਕੰਮ ਕਰੇ। ਇਸ ਤੋਂ ਇਲਾਵਾ ਮੱਖਣ ਸਿੰਘ ਕਲੇਰ ਨੇ ਸਵੇਰਾ ਸੰਸਥਾ ਦਾ ਸਾਥ ਦੇਣ ਦਾ ਵਾਅਦਾ ਕੀਤਾ। ਲਾਡੀ ਕੇ. ਸਿੰਘ ਅਤੇ ਕਮਲਜੀਤ ਕੌਰ ਸਹੋਤਾ ਨੇ ਵੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਤੇ ਮਾਇਕ ਮਦਦ ਵੀ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਸੀਰਤ ਕੌਰ ਕਲੇਰ ਨੇ ‘ਸਵੇਰਾ’ ਟੀਮ ਦੇ ਕੰਮਾਂ ਅਤੇ ਨਿਸ਼ਾਨਿਆਂ ਦੀ ਵਿਆਖਿਆ ਕਰਦਿਆਂ ਪ੍ਰਭਾਵਸ਼ਾਲੀ ਤਕਰੀਰ ਨਾਲ ਕੀਤੀ। ਉਸ ਨੇ ਕਿਹਾ ਕਿ ਸਿਹਤ ਪੱਖੋਂ ਚੁਣੌਤੀਆਂ ਦੇ ਬਾਵਜੂਦ ਬੀਬੀ ਜਸਬੀਰ ਕੌਰ ਮਾਨ ਕਿਵੇਂ ਕੁੜੀਆਂ ਲਈ ਕਿਸੇ ਵੀ ਕਿਸਮ ਦੀ ਮਦਦ ਲਈ ਅੱਗੇ ਰਹਿੰਦੇ ਹਨ। ਸੀਰਤ ਕਲੇਰ ਨੇ ਕਿਹਾ ਕਿ ਬੀਬੀ ਮਾਨ ‘ਸਵੇਰਾ ਟੀਮ’ ਅਤੇ ਮੇਰੇ ਵਰਗੀਆਂ ਕੁੜੀਆਂ ਲਈ ਰੋਲ ਮਾਡਲ ਹਨ।
ਇਸ ਮੌਕੇ ‘ਸਵੇਰਾ’ ਸੰਸਥਾ ਦੀ ਕਰਤਾ-ਧਰਤਾ ਬੀਬੀ ਜਸਬੀਰ ਕੌਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ‘ਸਵੇਰਾ’ ਟੀਮ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਕਿਹਾ, “ਗੁਰੂ ਗ੍ਰੰਥ ਸਾਹਿਬ, ਗੀਤਾ, ਕੁਰਾਨ, ਬਾਈਬਲ ਕਦੇ ਆਪਸ ਵਿੱਚ ਲੜਦੇ ਨਹੀਂ; ਲੜਦੇ ਸਿਰਫ਼ ਉਹੀ ਨੇ, ਜਿਹੜੇ ਇਨ੍ਹਾਂ ਨੂੰ ਪੜ੍ਹਦੇ ਨਹੀਂ।” ਉਨ੍ਹਾਂ ਨੇ ਦੱਸਿਆ ਕਿ ‘ਸਵੇਰਾ’ ਸੰਸਥਾ ਦਾ ਮਨੋਰਥ ਪੰਜਾਬੀ ਸੱਭਿਆਚਾਰ ਦਾ ਹਰ ਤਿਓਹਾਰ ਵਧ-ਚੜ੍ਹ ਕੇ ਮਨਾਉਣ ਦੇ ਨਾਲ ਨਾਲ ਲੋੜਵੰਦ ਕੁੜੀਆਂ ਦੀ ਮਦਦ ਕਰਨਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸੰਸਥਾ ਮੁਸੀਬਤ ਵਿੱਚ ਘਿਰੀਆਂ ਕੁੜੀਆਂ, ਭਾਵੇਂ ਉਹ ਕਿਸੇ ਵੀ ਧਰਮ ਜਾਂ ਸੂਬੇ ਤੋਂ ਹੋਣ, ਉਨ੍ਹਾਂ ਨੂੰ ਸਹੀ ਦਿਸ਼ਾ-ਨਿਰਦੇਸ਼ ਦੇ ਕੇ ਜਾਂ ਜਿੱਥੋਂ ਵੀ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਦਾ ਵਸੀਲਾ ਹੋ ਸਕੇ, ਉਸ ਲਈ ਲੋੜੀਂਦੀ ਭੂਮਿਕਾ ਨਿਭਾਉਂਦੀ ਹੈ। ‘ਸਵੇਰਾ’ ਸੰਸਥਾ ਕੁੜੀਆਂ ਦੀ ਇੱਕੋ ਇੱਕ ਸੰਸਥਾ ਹੈ, ਜੋ ਲੋੜ ਅਨੁਸਾਰ ਕੁੜੀਆਂ ਦੀ ਮਦਦ ਕਰਦੀ ਹੈ।
ਇਸ ਮੌਕੇ ਸਟੇਜ ਦੀ ਕਾਰਵਾਈ ਮੰਚ ਸੰਚਾਲਕਾ ਗੁਰਲੀਨ ਕੌਰ ਨੇ ਆਪਣੇ ਸ਼ੇਅਰੋ-ਸ਼ਾਇਰੀ ਭਰੇ ਅੰਦਾਜ਼ ਵਿੱਚ ਅੱਗੇ ਵਧਾਈ ਅਤੇ ਪ੍ਰੋਗਰਾਮ ਨੂੰ ਤਰਤੀਬਬੱਧ ਪੇਸ਼ ਕਰਦਿਆਂ ਆਪਣੇ ਬੋਲਾਂ ਨਾਲ ਸ਼ਾਇਰਾਨਾ ਰੰਗ ਬਿਖੇਰਿਆ। ਪੰਜਾਬੀ ਬੋਲੀ ਦੇ ਹੱਕ ਵਿੱਚ ਉਸ ਦੇ ਬੋਲ ਸਨ, ‘ਮੈਂ ਕਿਹੜੀ ਵਸੀਅਤ ਬਣਾਵਾਂ, ਜਿਹੜੀ ਖੁਦ ਮੇਰੇ ਨਾਂ ਨਾ ਰਹੀ, ਮੈਂ ਪੰਜਾਬ ਦੀ ਧੀ ਹਾਂ, ਪਰ ਪੰਜਾਬੀ ਮੇਰੀ ਮਾਂ ਨਾ ਰਹੀ।’
ਮਿੰਨੀ ਕੌਰ ਨੇ ਅਮਰੀਕਨ ਨੈਸ਼ਨਲ ਐਨਥਮ ਗਾ ਕੇ ਪ੍ਰੋਗਰਾਮ ਦੀ ਪਹਿਲੀ ਆਈਟਮ ਵਜੋਂ ਪੇਸ਼ ਕੀਤਾ। ‘ਅਸ਼ਕੇ ਭੰਗੜਾ ਗਰੁੱਪ’ ਦੇ ਬੱਚਿਆਂ ਨੇ ਮਾਡਰਨ ਕੱਪੜਿਆਂ ਦੇ ਨਾਲ ਪੰਜਾਬੀ ਰਵਾਇਤੀ ਗਹਿਣੇ ਪਾ ਕੇ ਫਿਊਜ਼ਨ ਸਟਾਈਲ ਭੰਗੜਾ ਪਾਇਆ। ਇਸ ਟੀਮ ਨੂੰ ਨਵਜੋਧ ਸਿੰਘ ਬਾਜਵਾ ਨੇ ਤਿਆਰ ਕੀਤਾ ਸੀ। ਬਲਜੀਤ ਕੌਰ ਅਠਵਾਲ ਅਤੇ ਰਾਜਵਿੰਦਰ ਕੌਰ ਨੇ ਡਾਂਸ ਅਤੇ ਗਿੱਧੇ ਦੇ ਰਲਵੇਂ-ਮਿਲਵੇਂ ਐਕਸ਼ਨ ਪੇਸ਼ ਕਰ ਕੇ ਸਮਾਂ ਬੰਨਿ੍ਹਆ। ਬਲਜੀਤ ਕੌਰ ਅਤੇ ਰਿੰਪਲ ਡੋਗਰਾ ਨੇ ‘ਪੰਡਿਤ ਜੀ’ ਵਾਲੇ ਸਕਿੱਟ ਟਾਈਪ ਗੀਤ ‘ਮੁੰਡਾ ਬੜਾ ਛਨਿੱਚਰੀ…’ ਉਤੇ ਮਜਾਹੀਆ ਪੇਸ਼ਕਾਰੀ ਕਰਦਿਆਂ ਵਾਹ ਵਾਹ ਖੱਟੀ।
ਇੰਡੀਅਨਐਪੋਲਿਸ ਤੋਂ ਆਈਆਂ ਦੋ ਕੁੜੀਆਂ- ਗੁਰਲੀਨ ਅਤੇ ਹਰਲੀਨ ਨੇ ਡਾਂਸ ਪੇਸ਼ ਕੀਤਾ ਅਤੇ ਲੈਅ-ਮਈ ਪੇਸ਼ਕਾਰੀ ਕਰਕੇ ਹੋਰ ਬੀਬੀਆਂ ਤੇ ਕੁੜੀਆਂ ਦਾ ਧਿਆਨ ਖਿੱਚਿਆ। ਇਹ ਕੁੜੀਆਂ ਅਮਰਜੀਤ ਮਾਂਗਟ ਦੀਆਂ ਭਾਣਜੀਆਂ ਹਨ। ਦਾਜ ਦੇ ਵਿਰੁੱਧ ਸੁਨੇਹਾ ਦਿੰਦੀ ਸਕਿੱਟ ‘ਗਿਫਟ’ ਚਰਨਦੀਪ ਸਿੰਘ, ਗੁਰਪ੍ਰੀਤ ਕੇ. ਸਿੰਘ, ਜਸਮੀਤ ਸਿੰਘ, ਸੰਦੀਪ ਕੌਰ ਅਤੇ ਜਸਬੀਰ ਮਾਨ ਨੇ ਬਾਖੂਬ ਪੇਸ਼ਕਾਰੀ ਕੀਤੀ। ਸਕਿੱਟ ਵਿਚਲੇ ਵਿਅੰਗ ਦੇ ਨਾਲ ਨਾਲ ‘ਲੁੱਤੀ ਲਾਉਣ ਆਈ ਗੁਆਂਢਣ’ ਦਾ ਰੋਲ ਵੀ ਦਿਲਚਸਪ ਸੀ। ਇਹ ਅਦਾਕਾਰ ਪਿਛਲੇ ਸਾਲ ਭਾਸ਼ਾ ਦਿਵਸ ਨੂੰ ਸਮਰਪਿਤ ਖੇਡੇ ਗਏ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੀ ਪੇਸ਼ਕਾਰੀ ਵਿੱਚ ਵੀ ਸ਼ਾਮਲ ਸਨ।
ਮਾਹੌਲ ਉਦੋਂ ਨੱਚਣ-ਟੱਪਣ ਵਾਲਾ ਬਣ ਗਿਆ, ਜਦੋਂ ਸਿਨਸਿਨੈਟੀ ਤੋਂ ਆਏ ਗਾਇਕ ਰੈਵ ਇੰਦਰ ਨੇ ਸਟੇਜ ਸੰਭਾਲੀ। ਅਟਲਾਂਟਿਸ ਬੈਂਕੁਇਟ ਹਾਲ ਵਿੱਚ ਹਾਜ਼ਰ ਕਰੀਬ ਕਰੀਬ ਸਾਰੀਆਂ ਬੀਬੀਆਂ ਉਸ ਦੇ ਗੀਤਾਂ ਅਤੇ ਬੋਲੀਆਂ ਉਤੇ ਪੂਰੀ ਅੱਡੀ ਥਿਰਕਾਉਣ ਦੇ ਨਾਲ ਨਾਲ ਕਈ ਪੱਬਾਂ ਭਾਰ ਵੀ ਨੱਚੀਆਂ। ਮਨਮੀਤ ਕੌਰ ਨੇ ਵੀ ਇੱਕ ਗੀਤ ਗਾ ਕੇ ਹਾਜ਼ਰੀ ਲੁਆਈ, ਪਰ ਰੈਵ ਨੇ ਆਪਣੇ ਅਤੇ ਹੋਰਨਾਂ ਗਾਇਕਾਂ ਦੇ ਕਈ ਮਸ਼ਹੂਰ ਪੰਜਾਬੀ ਗੀਤ ਗਾ ਕੇ ਖੂਬ ਰੰਗ ਬੰਨਿ੍ਹਆ। ਰੈਵ ਦੇ ਗਾਏ ਬੋਲਾਂ- ‘ਕਰਮਾਂ ਵਾਲੜੀਆਂ, ਮੇਲਾ ਵੇਖਣ ਆਈਆਂ’, ‘ਆ ਜਾ ਨੱਚ ਲੈ ਗਿੱਧੇ `ਚ ਮੇਰੀ ਬਾਂਹ ਫੜ੍ਹ ਕੇ’, ‘ਲੱਡੂ ਖਾਧੇ ਵੀ ਬਥੇਰੇ, ਲੱਡੂ ਵੰਡੇ ਵੀ ਬਥੇਰੇ’, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ’, ‘ਕੁੜੀਆਂ ਪੰਜਾਬ ਦੀਆਂ, ਦੁੱਧ ਮੱਖਣਾਂ ਨਾਲ ਪਲ਼ੀਆਂ’ ਆਦਿ ਉਤੇ ਨੱਚ ਨੱਚ ਬੀਬੀਆਂ ਨੇ ਪੂਰਾ ਧਮੱਚੜ ਪਾਇਆ। ਕੁੜੀਆਂ ਨੇ ਨੱਚ ਨੱਚ ਕੇ ਆਪਣੇ ਦਿਲ ਦੇ ਅਰਮਾਨ ਪੂਰੇ ਕੀਤੇ ਅਤੇ ਬਹੁਤੀਆਂ ਨੇ ਰੀਲ੍ਹਾਂ ਬਣਾ ਬਣਾ ਸੋਸ਼ਲ ਮੀਡੀਆ ਉਤੇ ਵੀ ਚਾੜ੍ਹੀਆਂ। ਗੀਤਾਂ ਦੇ ਬੋਲਾਂ ਉਤੇ ਬੀਬੀਆਂ ਦੇ ਐਕਸ਼ਨ ਵੀ ਨਾਲੋ ਨਾਲ ਪੇਸ਼ ਸਨ। ਛੋਟੀਆਂ ਕੁੜੀਆਂ ਆਪਣੀਆਂ ਸਹੇਲੀਆਂ ਨਾਲ ਰਲ਼ ਕਿੱਕਲੀ ਪਾ ਰਹੀਆਂ ਸਨ।
ਕੁਲ ਮਿਲਾ ਕੇ ਪਿੜ ਵਿੱਚ ਝੰਡੀ ਬੀਬੀਆਂ ਦੀ ਹੀ ਰਹੀ; ਜਦਕਿ ਸਮਾਗਮ ਵਿੱਚ ਬੰਦਿਆਂ ਦੀ ਗਿਣਤੀ ਘੱਟ ਸੀ। ਉਂਜ ਮਾਹੌਲ ਪੂਰਾ ਪਰਿਵਾਰਕ ਸੀ ਅਤੇ ਦਾਰੂ-ਬੱਤਾ ਵਰਤਾਉਣ ਤੋਂ ਵੀ ਗੁਰੇਜ ਕੀਤਾ ਗਿਆ ਸੀ, ਪਰ ਪੀਣ ਦੇ ਸ਼ੌਕੀਨਾਂ ਨੇ ਇੱਕ ਟੇਬਲ `ਤੇ ਆਪਣੀ ਮਹਿਫਿਲ ‘ਪਰਦੇ ਓਹਲੇ’ ਸਜਾਈ ਹੋਈ ਸੀ; ਜਿਵੇਂ ਕਹਿੰਦੇ ਹਨ, ‘ਗੁੜ ਚੋਰੀ ਦਾ ਖਾਂਦਾ, ਲੱਗਿਆ ਇਸ਼ਕ ਬੁਰਾ’ ਵਾਂਗ ਇਸ਼ਕ ਤੇ ਮੁਸ਼ਕ ਲੁਕਦੇ ਕਿੱਥੇ ਨੇ!
ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਪਹਿਲੀ ਲੋਹੜੀ 2020 ਵਿੱਚ ਮਨਾਈ ਗਈ ਸੀ। ਉਦੋਂ ਤੋਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ; ਪਰ ਪਿਛਲੇ ਸਾਲ 2024 ਵਿੱਚ ਲੋਹੜੀ ਦਾ ਪ੍ਰੋਗਰਾਮ ਨਹੀਂ ਸੀ ਹੋਇਆ, ਕਿਉਂਕਿ ਸੰਸਥਾ ਦੀ ਮੋਹਰੀ ਬੀਬੀ ਜਸਬੀਰ ਕੌਰ ਮਾਨ ਦਾ ਕੈਂਸਰ ਦਾ ਇਲਾਜ ਚੱਲਦਾ ਸੀ। ਸੰਸਥਾ ਦਾ ਟੀਚਾ ਅਜਿਹੇ ਸਮਾਗਮਾਂ ਨੂੰ ਪੰਜਾਬ ਦੇ ਪਿੰਡਾਂ ਦੀ ਤਰਜ `ਤੇ “ਸਭਨਾਂ ਦੀ ਇੱਕੋ ਲੋਹੜੀ” ਵਾਂਗ ਮਨਾਉਣ ਦਾ ਹੈ। ਲੋਹੜੀ ਦੇ ਪ੍ਰੋਗਰਾਮ `ਤੇ ਉਨ੍ਹਾਂ ਸਹੇਲੀਆਂ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਨੇ ‘ਸਵੇਰਾ’ ਲਈ ਤਰੱਦਦ ਕੀਤਾ। ਟੀਮ ਦੀ ਸਦੀਵੀ ਵਿਛੜ ਚੁੱਕੀ ਮੈਂਬਰ ਜੌਲੀ ਡੰਡੋਨਾ ਨੂੰ ਵੀ ਯਾਦ ਕੀਤਾ ਗਿਆ।
‘ਸਵੇਰਾ’ ਟੀਮ ਦੀਆਂ ਸਾਰੀਆਂ ਕੁੜੀਆਂ ਨੇ ਪ੍ਰੋਗਰਾਮ ਦੇ ਲਈ ਵਿੱਤੀ ਮਦਦ ਦਿੱਤੀ ਅਤੇ ਆਪਣੀ ਅਣਥੱਕ ਮਿਹਨਤ ਨਾਲ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ। ‘ਸਵੇਰਾ’ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਹਿਯੋਗੀ ਸਹੇਲੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਕਮਲਜੀਤ ਕੌਰ ਸਹੋਤਾ, ਲਾਡੀ ਕੇ. ਸਿੰਘ, ਜੱਸੀ ਹੀਰ, ਪੰਮੀ ਵੋਹਰਾ, ਮਨਜਿੰਦ ਬਰਾੜ, ਅਮਰਜੀਤ ਮਾਂਗਟ, ਸ਼ਿੰਦਰ ਸਿੱਧੂ, ਹਰਜਿੰਦਰ ਸਿੰਘ, ਗੈਰੀ ਡੰਡੋਨਾ, ਭੂਪ ਨਾਗਰਾ, ਅਜੀਤ ਸਿੰਘ, ਕੁਲਵੰਤ ਕੌਰ ਪਰਮਾਰ, ਜਤਿੰਦਰ ਕੌਰ ਕਲੇਰ, ਸ਼ਰਨ ਕਾਹਲੋਂ, ਪਰਮਜੀਤ ਭੱਠਲ, ਸਰਬਜੀਤ ਕੌਰ, ਸੁਖਵੀਰ ਕੌਰ ਢਿੱਲੋਂ; ਲਿਟਲ ਕਿੰਗਡਮ ਦੇ ਪਾਲ ਸਿੰਘ ਡੰਡੋਨਾ, ਤਰਲੋਚਨ ਸਿੰਘ ਗਿੱਲ, ਅਮਨ ਕੁਲਾਰ, ਰਾਜਵੀਰ ਕੁਲਾਰ, ਭੋਲਾ ਸਿੰਘ ਬਰਾੜ, ਸੁਖਦੀਪ ਵਾਲੀਆ, ਪੰਮੀ ਸੰਘਾ, ਜੈ ਰਾਮ ਸਿੰਘ ਕਾਹਲੋਂ, ਸਤਨਾਮ ਸਿੰਘ ਔਲਖ, ਹਰਮੇਸ਼ ਬੈਂਸ, ਰਾਜੂ ਧਾਲੀਵਾਲ, ਜੋਤੀ ਖਹਿਰਾ, ਰਘਵਿੰਦਰ ਮਾਹਲ, ਗੁਰਪ੍ਰੀਤ ਕੇ. ਸਿੰਘ, ਰਿੰਪਲ ਡੋਗਰਾ, ਪਲਕ ਸ਼ਰਮਾ, ਕਿਰਪਾਲ ਲਾਲ, ਅਨੁਰੀਤ ਕੌਰ ਢਿੱਲੋਂ, ਪਰਦੀਪ ਕੌਰ ਝੱਜ, ਬਲਵਿੰਦਰ ਔਲਖ, ਮਨਜੀਤ ਕੌਰ ਮਾਂਗਟ, ਚਰਨਜੀਤ ਕਾਹਲੋਂ, ਪਾਇਲ ਵਿਰਦੀ, ਵਿਪਨ ਕਲੇਰ, ਜਸਪ੍ਰੀਤ ਸਿੰਘ ਮਾਨ ਸਮੇਤ ਹੋਰ ਵੀ ਕਈ ਸ਼ਾਮਲ ਸਨ। ‘ਸਵੇਰਾ’ ਟੀਮ ਨੇ ਸਾਰੇ ਖੇਡ ਕਲੱਬਾਂ, ਸੱਭਿਆਚਾਰਕ ਸੰਸਥਾਵਾਂ, ਵਿਦਿਅਕ ਅਤੇ ਧਾਰਮਿਕ ਅਦਾਰਿਆਂ, ਕਾਰ ਸੇਵਾ ਗਰੁੱਪ ਤੇ ਮੀਡੀਆ ਸਮੇਤ ਅਜੀਤ ਸਿੰਘ ਮਿਡਵੇਅ ਬਿਜ਼ਨਸ ਗਰੁੱਪ, ਨਵਰੀਨ ਕੌਰ ਹੀਰ, ਹਰਜੀਤ ਸਿੰਘ ਗਿੱਲ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਸਮਾਗਮ ਦੌਰਾਨ ਮੂੰਗਫਲੀ, ਗੱਚਕ ਤੇ ਰਿਓੜੀਆਂ ਦੀਆਂ ਭਰੀਆਂ ਗੁਥਲੀਆਂ ਹਰ ਮੇਜ਼ ਉਤੇ ਰੱਖੀਆਂ ਹੋਈਆਂ ਸਨ। ਗੱਚਕ ਤੇ ਰਿਓੜੀਆਂ ਵਗੈਰਾ ਸਲਵਾਨ ਟਰੇਡਿੰਗ ਵੱਲੋਂ ਮੁਹੱਈਆ ਸਨ। ਪ੍ਰੋਗਰਾਮ ਦੌਰਾਨ ਲੋਕਾਂ ਨੇ ਮੂੰਗਫਲੀ ਛਿੱਲ ਛਿੱਲ ਖਾਧੀ ਅਤੇ ਰਿਓੜੀਆਂ ਤੇ ਗੱਚਕ ਦਾ ਵੀ ਸਵਾਦ ਚਖਿਆ। ਤਾਜ਼ਾ ਤਰੀਨ ਮੂੰਗਫਲੀ ਦਾ ਜ਼ਿਕਰ ਕਈਆਂ ਦੀ ਜ਼ੁਬਾਨ `ਤੇ ਸੀ। ਖਾਣਾ ਟੱਚ ਆਫ ਸਪਾਈਸ ਦੇ ਕੇ.ਕੇ. ਪੰਮਾ ਅਤੇ ਡੀ.ਜੇ. ਰਾਜਨ ਭੱਲਾ ਦਾ ਸੀ। ਪ੍ਰੋਗਰਾਮ ਨੂੰ ਕੈਮਰਾਬੰਦ ਰਾਜਾ ਬਾਲੀਵੁੱਡ ਸਟੂਡੀਓ ਨੇ ਕੀਤਾ।

Leave a Reply

Your email address will not be published. Required fields are marked *