ਰੇਤ ਵਿੱਚ ਰੌਣਕਾਂ ਲਾਉਣ ਦੀ ਫੌਜੀ-ਸਿਆਸੀ ਖੇਡ

ਸਿਆਸੀ ਹਲਚਲ

ਮੁਹੰਮਦ ਹਨੀਫ਼
ਆਪਣੇ ਬਚਪਨ ਵਿੱਚ ਪਿੰਡ ਦੀ ਪਹਿਲੀ ਲੜਾਈ ਪਾਣੀ `ਤੇ ਹੁੰਦੀ ਵੇਖੀ ਸੀ। ਕਿਸਾਨਾਂ ਅਤੇ ਛੋਟੇ ਜ਼ਿਮੀਦਾਰਾਂ ਦਾ ਪਿੰਡ ਸੀ, ਕਿਸੇ ਕੋਲ ਦੋ ਕਿੱਲੇ, ਤਾਂ ਕਿਸੇ ਕੋਲ ਚਾਰ, ਜ਼ਿਆਦਾ ਤੋਂ ਜ਼ਿਆਦਾ ਅੱਧਾ ਮੁਰੱਬਾ। ਇਹ ਨਿਮਾਣੇ ਲੋਕ ਥਾਣੇ-ਕਚਹਿਰੀਆਂ ਤੋਂ ਬਹੁਤ ਡਰਦੇ ਹਨ, ਮਿੱਟੀ ਨਾਲ ਮਿੱਟੀ ਹੋਏ ਮਜ਼ਦੂਰ ਹਨ, ਕੋਈ ਆਪਸ ਵਿੱਚ ਜ਼ਿਆਦਾ ਗਾਲ੍ਹ-ਮੰਦਾ ਵੀ ਨਹੀਂ ਕਰਦੇ ਸੀ।

ਪਰ ਜੇਕਰ ਕਿਸੇ ਨੇ ਨਹਿਰ ਦੇ ਮੋਗੇ ਨੂੰ ਵੱਢ ਲਗਾ ਦਿੱਤਾ ਜਾਂ ਕਿਸੇ ਦੀ ਪਾਣੀ ਦੀ ਵਾਰੀ ਨੂੰ 5 ਮਿੰਟ ਦੇਰੀ ਹੋ ਗਈ ਤਾਂ ਕਈਆਂ ਦੀਆਂ ਕੁਹਾੜੀਆਂ ਨਿਕਲ ਆਉਂਦੀਆਂ ਸਨ ਤੇ ਕਈਆਂ ਦੇ ਪਾਣੀ ਦੇ ਖਾiਲ਼ਆਂ `ਚ ਫੱਟੜ ਬੰਦੇ ਪਏ ਹੁੰਦੇ ਸੀ।
ਹੁਣ ਲੱਗਦਾ ਹੈ ਕਿ ਇਹੀ ਝਗੜਾ ਪਾਕਿਸਤਾਨ ਪੱਧਰ `ਤੇ ਅੱਪੜ ਗਿਆ ਹੈ। ਸਾਡੇ ਕੋਲ ਮੁੱਢ-ਕਦੀਮ ਤੋਂ ਸਿੰਧ ਦਰਿਆ ਹੈ, ਜਿਹੜਾ ਸਦੀਆਂ ਤੋਂ ਹਿਆਤੀ ਦੇ ਰਿਹਾ ਹੈ, ਇਹ ਦਰਿਆ ਸਿੰਧ ਤੱਕ ਪਹੁੰਚਣ ਤੱਕ ਥੋੜ੍ਹਾ ਸੁੱਕ ਜਾਂਦਾ ਹੈ, ਪਾਣੀ ਘੱਟ ਹੋ ਜਾਂਦਾ ਹੈ।
ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਿੱਚੋਂ 6 ਨਹਿਰਾਂ ਕੱਢ ਕਿ ਚੁਲਿਸਤਾਨ ਨੂੰ ਪਾਣੀ ਦਿੱਤਾ ਜਾਵੇਗਾ ਤੇ ਰੇਤ ਵਿੱਚ ਰੌਣਕਾਂ ਲਗਾਈਆਂ ਜਾਣਗੀਆਂ। ਹਾਲਾਂਕਿ ਸਿੱਧ ਦੇ ਲੋਕ ਤੈਸ਼ `ਚ ਹਨ ਕਿ ਤੁਸੀਂ ਸਾਡੇ ਹਿੱਸੇ ਦਾ ਪਾਣੀ, ਪਹਿਲਾਂ ਹੀ ਸਾਨੂੰ ਨਹੀਂ ਦਿੰਦੇ, ਤੇ ਹੁਣ ਆਪਣੇ ਰੇਤ ਆਬਾਦ ਕਰਨ ਲਈ ਸਾਡੀਆਂ ਜ਼ਮੀਨਾਂ ਬੰਜਰ ਕਰਨ ਲੱਗੇ ਹੋ, ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ।
ਪਰ ਇਨ੍ਹਾਂ ਨਹਿਰਾਂ ਦੀ ਲੋੜ ਕਿਉਂ ਪਈ?
ਪਾਕਿਸਤਾਨ ਦੀ ਫੌਜ ਨੇ ਸਰਕਾਰ ਨਾਲ ਰਲ਼ ਕੇ ‘ਗ੍ਰੀਨ ਇਨੀਸ਼ੇਟਿਵ’ ਨਾਂ ਦਾ ਮਨਸੂਬਾ ਬਣਾਇਆ ਹੈ। ਇਹ ਪਲਾਨ ਪਤਾ ਨਹੀਂ ਰਲ਼ ਕੇ ਬਣਾਇਆ ਹੈ ਜਾਂ ਫਿਰ ਉਪਰੋਂ ਆਡਰ ਆਇਆ ਹੈ ਕਿ ਅੱਜ ਤੋਂ ਅਸੀਂ ਜ਼ਿਮੀਦਾਰ ਤੇ ਤੁਸੀਂ ਸਾਡੇ ਮੁਜ਼ਾਹਰੇ, ਚੱਲੋਂ ਕੱਢੋਂ ਸਿੰਧ ਦਰਿਆ ਵਿੱਚੋਂ ਨਹਿਰਾਂ, ਵਿਰਾਨ ਕਰੋ ਆਬਾਦ, ਹੱਲ ਚਲ਼ਾਓ, ਖੁਦ ਵੀ ਖਾਓ, ਕਿਸਾਨ ਨੂੰ ਵੀ ਖਵਾਓ।
ਅਸੀਂ ਤੇ ‘ਗ੍ਰੀਨ ਇਨੀਸ਼ੇਟਿਵ’ ਦੀਆਂ ਸਿਰਫ਼ ਵੀਡੀਓ ਹੀ ਵੇਖੀਆਂ ਹਨ, ਜਿਨ੍ਹਾਂ ਵਿੱਚ ਡਰੋਨ ਬੀਜ ਸੁੱਟਦੇ ਨੇ, ਮਸ਼ੀਨਾਂ ਗੌਡੀ ਕਰ ਰਹੀਆਂ ਹਨ ਤੇ ਗ੍ਰੀਨ ਹਾਊਸ ਬਣੇ ਹਨ- ਕਿਸੇ ਨੇ ਕੰਪੀਊਟਰ `ਤੇ ਬੈਠਿਆਂ ਹੀ ਜੰਗਲ ਵਿੱਚ ਮੰਗਲ ਕਰ ਛੱਡਿਆ ਹੈ।
ਪਾਕਿਸਤਾਨ ਇੱਕ ਜ਼ਰੀਨ ਮੁਲਕ ਸੀ, ਅੱਜ ਵੀ ਹੈ। ਸਾਰੀ ਉਮਰ ਸੁਣਦੇ ਆਏ ਹਾਂ ਕਿ ਸਾਡੀ ਧਰਤੀ ਇੰਨੀ ਜ਼ਰਖੇਜ ਹੈ ਕਿ ਪਾਕਿਸਤਾਨ `ਚ ਕੋਈ ਭੁੱਖਾ ਨਹੀਂ ਸੌਂਦਾ। ਭਾਵੇਂ ਕਿ ਅੱਜ-ਕੱਲ ਇਹ ਸਵਾਲ ਪੁੱਛਦੇ ਡਰ ਲੱਗਦਾ ਹੈ ਕਿ ਕਿਤੇ ਕੋਈ ਸਫ਼ੈਦਪੋਸ਼ ਸੱਚ ਹੀ ਨਾ ਦੱਸ ਦੇਵੇ, ਤੇ ਰਾਸ਼ਨ ਦੇ ਪੈਸੇ ਨਾ ਮੰਗਣ ਲੱਗ ਜਾਵੇ।
ਵਾਹੀ-ਬੀਜੀ ਤੇ ਪਾਕਿਸਤਾਨ `ਚ ਸਦੀਆਂ ਤੋਂ ਹੋ ਰਹੀਆਂ ਸੀ ਤੇ ਹੁਣ ਸਾਡੀ ਫੌਜ ਨੂੰ ਇਸ ਕੰਮ ਦੀ ਲੋੜ ਕਿਉਂ ਪੈ ਗਈ, ਉਸ ਕੋਲ ਪਹਿਲਾਂ ਕਿਤੇ ਘੱਟ ਕੰਮ ਹਨ, 30-35 ਵਰਿ੍ਹਆਂ ਤੋਂ ਪੂਰਾ ਸਮਾਂ ਕੰਮ ਹੈ ਦਹਿਸ਼ਤਗਰਦਾਂ ਖਿਲਾਫ਼ ਲੜਨਾ। ਉਹ ਹਾਰੇ ਚਾਹੇ ਜਿੱਤੇ, ਫੌਜ ਇਹ ਕੰਮ ਕਰਦੀ ਰਹਿੰਦੀ ਹੈ ਪਰ ਇਸ ਦੇ ਨਾਲ ਹੋਰ ਵੀ ਕਈ ਕੰਮ ਸਹੇੜ ਰੱਖੇ ਹਨ, ਲਿਸਟ ਹੀ ਚੁੱਕ ਕੇ ਵੇਖ ਲਵੋ।
ਫੌਜ ਸਾਡੀ, ਨਾਸ਼ਤੇ `ਤੇ ਜਿਹੜਾ ਸੀਰੀਅਲਜ਼ ਖਾਣਾ ਹੁੰਦਾ ਹੈ, ਉਹ ਬਣਾਉਂਦੀ ਹੈ; ਖਾਦ, ਗੈਸ ਵੇਚਦੀ ਹੈ, ਬੈਂਕ ਚਲਾਉਂਦੀ ਹੈ; ਚੀਨੀ, ਦੁੱਧ, ਮੱਖਣ, ਛੋਟਾ-ਵੱਡਾ ਗੋਸ਼ਤ ਦਾ ਕੰਮ ਕਰਦੀ ਹੈ। ਪ੍ਰਾਈਵੇਟ ਸਿਕਿਉਰਿਟੀ ਗਾਰਡ ਤੇ ਚੋਰਾਂ ਦਾ ਖੁਰਾ ਲਗਾਉਣ ਵਾਲੇ ਖੋਜੀ ਕੁੱਤੇ ਕਿਰਾਏ `ਤੇ ਦਿੰਦੀ ਹੈ। ਪਲਾਟਾਂ, ਫਲੈਟਾਂ ਅਤੇ ਹਾਉਸਿੰਗ ਸੁਸਾਇਟੀਆਂ ਦਾ ਕੰਮ ਤੇ ਇੰਨਾ ਫੈਲ ਗਿਆ ਹੈ ਕਿ ਹੁਣ ਬਾਰਡਰ ਤੱਕ ਪਹੁੰਚ ਗਿਆ ਹੈ। ਇਹ ਤੇਲ ਵੀ ਵੇਚਦੀ ਹੈ ਤੇ ਹੁਣ ਸੁਣਿਆ ਹੈ ਕਿ ਜੁੱਤੀਆਂ-ਕੱਪੜੇ ਵੀ ਬਣਾ ਲੈਂਦੀ ਹੈ।
ਇੱਕ ਵਾਹੁਣ-ਬੀਜਣ ਵਾਲਾ ਕੰਮ ਬਚਿਆ ਸੀ, ਜਿਹੜਾ ਸਿੰਧ ਦਰਿਆ ਦੀ ਬਰਕਤ ਤੋਂ ਸਦੀਆਂ ਤੋਂ ਚੱਲ ਰਿਹਾ ਸੀ। ਪਹਿਲੇ ਵੀ ਅਰਜ਼ ਕੀਤੀ ਹੈ ਕਿ ਕਿਸਾਨ ਹਰ ਗੱਲ `ਤੇ ਸਬਰ-ਸ਼ੁਕਰ ਕਰ ਲੈਂਦੇ ਹਨ, ਪਰ ਪਾਣੀ ਦੀ ਵਾਰੀ ਦੀ ਵਸਾ ਨਹੀਂ ਖਾਂਦੇ। ਹੁਣ ਉਹ ਵੀ ਸੋਚਦੇ ਹੋਣਗੇ ਕਿ ਜੇ ਜ਼ਿਮੀਦਾਰੀ ਵੀ ਸਾਡੇ ਫੌਜੀ ਭਰਾਵਾਂ ਕਰਨੀ ਹੈ, ਫਿਰ ਸਾਨੂੰ ਭਾਵੇਂ ਭਰਤੀ ਕਰਕੇ ਬਾਰਡਰ `ਤੇ ਭੇਜ ਦੇਵੋ!

Leave a Reply

Your email address will not be published. Required fields are marked *