ਡਾ. ਅਰਵਿੰਦਰ ਸਿੰਘ ਭੱਲਾ ਆਪਣੇ ਲੇਖਾਂ ਜ਼ਰੀਏ ਬੜੀਆਂ ਮਹੀਨ ਗੱਲਾਂ ਅਤੇ ਵਿਚਾਰ ਅਕਸਰ ਛੋਂਹਦੇ ਰਹਿੰਦੇ ਹਨ। ਹਥਲੇ ਲੇਖ ਵਿੱਚ ਵੀ ਉਨ੍ਹਾਂ ਬੜੀ ਗੂੜ੍ਹੀ ਲਕੀਰ ਖਿੱਚੀ ਹੈ ਕਿ ਬਜ਼ੁਰਗ ਹੋਣਾ ਅਤੇ ਸਿਆਣਾ ਹੋਣਾ ਇੱਕ ਗੱਲ ਨਹੀਂ ਹੁੰਦੀ। ਉਹ ਲਿਖਦੇ ਹਨ, “ਸਾਲਾਂ ਜਾਂ ਦਹਾਕਿਆਂ ਤੱਕ ਪਸਰੀ ਹੋਈ ਉਮਰ ਕਿਸੇ ਵਿਅਕਤੀ ਦੀ ਸੂਝ-ਬੂਝ, ਦੂਰਦਰਸ਼ਤਾ, ਲਿਆਕਤ ਅਤੇ ਵਡੱਪਣ ਦਾ ਮਾਪਦੰਡ ਜਾਂ ਪ੍ਰਤੀਕ ਕਦੇ ਵੀ ਨਹੀਂ ਹੋ ਸਕਦੀ।” ਸਪਸ਼ਟ ਕਰ ਦਈਏ ਕਿ ਇਸ ਲੇਖ ਦਾ ਮਕਸਦ ਬਜ਼ੁਰਗਾਂ ਦਾ ਨਿਰਾਦਰ ਕਰਨਾ ਨਹੀਂ ਹੈ, ਸਗੋਂ ਬਜ਼ੁਰਗੀ ਅਤੇ ਸਿਆਣਪ ਦੇ ਨਜ਼ਰੀਏ ਤੋਂ ਨਿਖੇੜਾ ਕਰਨਾ ਹੈ। ਸਮਾਜ ਵਿੱਚ ਵਿਚਰਦਿਆਂ ਅਜਿਹੇ ਕਈ ਕਿਰਦਾਰ ਤੁਹਾਨੂੰ ਨਜ਼ਰੀਂ ਪੈ ਜਾਣਗੇ, ਜੋ ਲੱਗਦੇ ਤਾਂ ਬਜ਼ੁਰਗ ਹਨ, ਪਰ ਸਿਆਣਪ ਦਾ ਪੱਲਾ ਉਨ੍ਹਾਂ ਫੜ੍ਹਿਆ ਨਹੀਂ ਹੁੰਦਾ।
ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ।
ਫੋਨ:+91-9463062603
ਦਾਨਿਸ਼ਵਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਜਦੋਂ ਕਿਸੇ ਇਨਸਾਨ ਦੀ ਉਮਰ ਵਧਦੀ ਹੈ ਤਾਂ ਲੋਕ ਅਕਸਰ ਉਸ ਨੂੰ ਤਜ਼ਰਬੇਕਾਰ, ਦੂਰ-ਅੰਦੇਸ਼, ਪੁਰਖ਼ਲੂਸ, ਜ਼ਹੀਨ ਅਤੇ ਦਾਨਾ ਸ਼ਖਸ ਸਮਝਦੇ ਹਨ, ਪਰ ਲੋਕਾਂ ਨੂੰ ਕਈ ਵਾਰ ਉਸ ਸਮੇਂ ਬੇਹੱਦ ਮਾਯੂਸੀ ਹੁੰਦੀ ਹੈ, ਜਦੋਂ ਵੱਡੀ ਉਮਰ ਦੇ ਲੋਕ ਵੀ ਬੇਹੱਦ ਨੀਵੇਂ ਦਰਜੇ ਦੀ ਸੋਚ ਰੱਖਣ ਦੇ ਨਾਲ-ਨਾਲ ਕਮਜ਼ਰਫ, ਝੂਠੇ, ਨਿੰਦਕ, ਜਾਲਸਾਜ਼, ਤਿਕੜਮਬਾਜ਼, ਪੱਖਪਾਤੀ, ਈਰਖਾਲੂ ਅਤੇ ਫ਼ਰੇਬੀ ਸਾਬਤ ਹੁੰਦੇ ਹਨ। ਅਕਸਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਵੱਡੀ ਉਮਰ ਦੇ ਲੋਕ ਇਹ ਸਮਝਣ ਦੇ ਵੀ ਆਦੀ ਹੋ ਜਾਂਦੇ ਹਨ ਕਿ ਜਿਵੇਂ ਇਸ ਕਾਇਨਾਤ ਵਿੱਚ ਉਨ੍ਹਾਂ ਤੋਂ ਵੱਧ ਕੋਈ ਹੋਰ ਸਿਆਣਾ, ਚੁਸਤ, ਚਲਾਕ ਅਤੇ ਦੂਰਦਰਸ਼ੀ ਹੈ ਹੀ ਨਹੀਂ! ਉਹ ਆਪਣੀ ਰਾਏ ਨੂੰ ਇੱਕ ਹੁਕਮ ਦੀ ਤਰ੍ਹਾਂ ਇਸ ਤਰ੍ਹਾਂ ਪੇਸ਼ ਕਰਦੇ ਹੋਏ ਦੂਸਰਿਆਂ ਕੋਲੋਂ ਇਹ ਉਮੀਦ ਰੱਖਦੇ ਹਨ ਕਿ ਲੋਕ ਉਨ੍ਹਾਂ ਦੇ ਵਿਚਾਰਾਂ ਨੂੰ ਸਹੀ ਠਹਿਰਾਉਣ ਦੇ ਨਾਲ-ਨਾਲ ਬਿਨਾਂ ਕਿਸੇ ਹੀਲ ਹੁੱਜਤ ਦੇ ਉਨ੍ਹਾਂ ਨੂੰ ਪ੍ਰਵਾਨ ਵੀ ਕਰਨ ਅਤੇ ਆਪਣੇ ਅਮਲਾਂ ਨੂੰ ਉਨ੍ਹਾਂ ਦੇ ਕਹੇ ਅਨੁਸਾਰ ਉਸੇ ਤਰ੍ਹਾਂ ਸੇਧ ਵੀ ਦੇਣ।
ਇਸ ਸਭ ਦਾ ਨਤੀਜਾ ਇਹ ਨਿਕਲਦਾ ਹੈ ਕਿ ਅਜਿਹੇ ‘ਅਖੌਤੀ ਰੋਸ਼ਨ ਦਿਮਾਗ’ ਲੋਕ ਆਪਣੇ ਆਪ ਨੂੰ ਇੱਕ ਅਜਿਹੇ ਟੀਸੀ ਉੱਤੇ ਬਿਠਾ ਲੈਂਦੇ ਹਨ ਕਿ ਜਿੱਥੋਂ ਨਾ ਤਾਂ ਇਨ੍ਹਾਂ ਨੂੰ ਤਸਵੀਰ ਦਾ ਕੋਈ ਦੂਸਰਾ ਪਹਿਲੂ ਨਜ਼ਰ ਆਉਂਦਾ ਹੈ ਅਤੇ ਨਾ ਹੀ ਕਿਸੇ ਦੀ ਕੋਈ ਮੁਖ਼ਤਲਿਫ਼ ਰਾਏ ਪ੍ਰਵਾਨ ਹੁੰਦੀ ਹੈ। ਦਰਅਸਲ ਅਜਿਹੇ ਲੋਕ ਜ਼ਿੰਦਗੀ ਨੂੰ ਆਪਣੇ ਲਈ ਇੱਕ ਅਜਿਹਾ ਅਖਾੜਾ ਬਣਾ ਲੈਂਦੇ ਹਨ, ਜਿੱਥੇ ਚਿੱਤ ਵੀ ਇਨ੍ਹਾਂ ਦੀ ਹੁੰਦੀ ਹੈ ਅਤੇ ਪਟ ਵੀ ਇਨ੍ਹਾਂ ਦੀ ਹੁੰਦੀ ਹੈ। ਅਜਿਹੇ ਲੋਕ ਕਿਸੇ ਹੱਦ ਤੱਕ ਜ਼ਿਹਨੀ ਤੌਰ ਉੱਪਰ ਵੀ ਬੀਮਾਰ ਹੁੰਦੇ ਹਨ ਅਤੇ ਆਪਣੀ ਹੀ ਪਸੰਦ ਦੀਆਂ ਧਾਰਨਾਵਾਂ ਅਤੇ ਬਿਰਤਾਂਤ ਸਿਰਜਣ ਵਿੱਚ ਰੁਚਿਤ ਹੁੰਦੇ ਹਨ। ਅਜਿਹੇ ਲੋਕਾਂ ਦੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਲੋਕ ਅੰਨ੍ਹੇ ਭਗਤਾਂ ਵਾਂਗ ਹਰ ਸਮੇਂ ਬਿਨਾ ਕੋਈ ਸੁਆਲ ਕੀਤਿਆਂ ਇਨ੍ਹਾਂ ਦੀ ਹਰ ਜਾਇਜ਼ ਅਤੇ ਨਾਜਾਇਜ਼ ਗੱਲ ਨੂੰ ਸਿਰਫ ਤਸਲੀਮ ਹੀ ਨਾ ਕਰਨ, ਸਗੋਂ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਇਨ੍ਹਾਂ ਦੀ ਅਧੀਨਗੀ ਵੀ ਪ੍ਰਸੰਨਤਾ ਪੂਰਵਕ ਸਵੀਕਾਰ ਕਰਨ।
ਦਾਨਿਸ਼ਵਰ ਨੇ ਇਸ ਗੱਲ ਵੱਲ਼ ਇਸ਼ਾਰਾ ਕਰਦਿਆਂ ਫ਼ੁਰਮਾਇਆ ਕਿ ਅਕਸਰ ਜਿੱਥੇ ਇੱਕ ਪਾਸੇ ਤਕੱਬਰ ਦੀ ਕਾਠੀ ਉੱਪਰ ਸਵਾਰ ਬੁੱਢੀ ਉਮਰੇ ਲੋਕ ਮਾਨਸਿਕ ਤੌਰ ਉੱਪਰ ਇਹ ਸਵੀਕਾਰ ਕਰਨ ਤੋਂ ਵੀ ਅਸਮਰਥ ਹੁੰਦੇ ਹਨ ਕਿ ਸਮੇਂ ਦੇ ਬੀਤਣ ਨਾਲ ਬਹੁਤ ਕੁਝ ਬਦਲ ਚੁੱਕਾ ਹੈ, ਉਥੇ ਦੂਜੇ ਪਾਸੇ ਨੌਜਵਾਨ ਪੀੜ੍ਹੀ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਕਦੋਂ ਉਨ੍ਹਾਂ ਨੂੰ ਅਜਿਹੇ ਲੋਕਾਂ ਤੋਂ ਨਿਜਾਤ ਮਿਲੇਗੀ ਅਤੇ ਕਦੋਂ ਉਨ੍ਹਾਂ ਨੂੰ ਵਕਤ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲੇ ਤਾਂ ਜੋ ਉਹ ਆਪਣੀਆਂ ਤਰਜੀਹਾਂ, ਸੋਚ, ਸਰੋਕਾਰਾਂ ਅਤੇ ਪਸੰਦ-ਨਾਪਸੰਦ ਦੇ ਮੱਦੇਨਜ਼ਰ ਆਪਣੀ ਰਣਨੀਤੀ ਨੂੰ ਅਮਲ ਵਿੱਚ ਲਿਆਉਣ ਵਿੱਚ ਸਫ਼ਲ ਹੋਣ। ਜਦੋਂ ਵੱਖ-ਵੱਖ ਪੀੜ੍ਹੀਆਂ ਦੇ ਅੰਤਰ ਵਿਰੋਧ ਇੱਕ ਸਮੇਂ ਤੇ ਸੀਮਾ ਤੋਂ ਬਾਅਦ ਹੱਦੋਂ ਵੱਧ ਜਾਣ ਤਾਂ ਫਿਰ ਇੱਕ ਧਿਰ ਵੱਲੋਂ ਸਥਿਤੀ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਅਤੇ ਦੂਜੀ ਧਿਰ ਵੱਲੋਂ ਬਦਲਾਅ ਲਿਆਉਣ ਲਈ ਜ਼ੋਰ ਅਜ਼ਮਾਈ ਕੀਤੀ ਜਾਂਦੀ ਹੈ। ਵੱਖ-ਵੱਖ ਉਮਰ ਦੇ ਲੋਕਾਂ ਦੇ ਅੱਡੋ-ਅੱਡ ਵਿਚਾਰ, ਸੰਸਕਾਰ ਅਤੇ ਸਰੋਕਾਰ ਦਰਅਸਲ ਅਨੇਕਾਂ ਕਿਸਮਾਂ ਦੀਆਂ ਦੁਸ਼ਵਾਰੀਆਂ ਅਤੇ ਚਣੌਤੀਆਂ ਵੀ ਖੜੀਆਂ ਕਰਦੇ ਹਨ। ਹਰੇਕ ਉਮਰ ਦੇ ਵਿਅਕਤੀ ਨੂੰ ਆਪੋ ਆਪਣੀ ਸੋਚ ਅਤੇ ਦ੍ਰਿਸ਼ਟੀਕੋਣ ਦਾ ਮੁਨਾਸਿਬ ਲੱਗਣਾ ਬੇਸ਼ੱਕ ਬੇਹੱਦ ਸੁਭਾਵਿਕ ਜਿਹਾ ਵਰਤਾਰਾ ਮਹਿਸੂਸ ਹੁੰਦਾ ਹੈ, ਪਰ ਇਹ ਆਮ ਜਿਹਾ ਵਰਤਾਰਾ ਅਕਸਰ ਇਨਸਾਨੀ ਰਿਸ਼ਤਿਆਂ ਵਿੱਚ ਬੇਇੰਤਹਾ ਕੁੜੱਤਣ, ਕਸ਼ੀਦਗੀ ਅਤੇ ਨਫ਼ਰਤ ਵਧਾਉਣ ਦੇ ਨਾਲ-ਨਾਲ ਅਨੇਕਾਂ ਕਿਸਮਾਂ ਦੇ ਬਹੁਪਰਤੀ ਸਮੀਕਰਨਾਂ ਨੂੰ ਵੀ ਜਨਮ ਦਿੰਦਾ ਹੈ।
ਦਾਨਿਸ਼ਵਰ ਨੇ ਇਸ ਗੱਲ ਦੀ ਤਲਕੀਨ ਕੀਤੀ ਕਿ ਉਮਰ ਦੇ ਵੱਧਣ ਨਾਲ ਲੋਕਾਂ ਦੇ ਵਿਚਾਰਾਂ ਵਿੱਚ ਪੁਖਤਗੀ ਆਉਣੀ ਚਾਹੀਦੀ ਹੈ। ਸਿਆਣੀ ਉਮਰੇ ਲੋਕਾਂ ਨੂੰ ਖੁਦ ਨੂੰ ਨਾ ਤਾਂ ਨਾਤਜ਼ਰਬੇਕਾਰ ਅਤੇ ਨਾ ਹੀ ਹੋਛੇ ਸਿਧ ਕਰਨਾ ਚਾਹੀਦਾ, ਕਿਉਂਕਿ ਵਡੇਰੀ ਉਮਰ ਦੇ ਲੋਕਾਂ ਦੀ ਵਡਿਆਈ ਉਨ੍ਹਾਂ ਦੀ ਸੁਲਝੀ ਤੇ ਦਾਨੀ ਸੋਚ, ਸਾਬਤ ਕਦਮੀ ਅਤੇ ਦਿਆਲੂ ਤੇ ਦਰਗੁਜ਼ਰ ਕਰਨ ਵਾਲੇ ਸੁਭਾਅ ਵਿੱਚ ਛੁਪੀ ਹੁੰਦੀ ਹੈ। ਇੱਥੇ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਉਮਰ ਦਰਾਜ਼ ਲੋਕ ਵੀ ਜੇਕਰ ਬੱਚਿਆਂ ਵਰਗੀਆਂ ਹੀ ਹਰਕਤਾਂ ਕਰਨਗੇ ਤਾਂ ਫਿਰ ਨਵੀਂ ਪੀੜ੍ਹੀ ਦਾ ਰਾਹ ਦਸੇਰਾ ਕੌਣ ਬਣੇਗਾ?
ਦਾਨਿਸ਼ਵਰ ਨੇ ਇਹ ਵੀ ਫ਼ੁਰਮਾਇਆ ਕਿ ਬਜ਼ੁਰਗਾਂ ਨੂੰ ਆਪਣੇ ਗਿਆਨ ਅਤੇ ਅਨੁਭਵ ਦੇ ਸਹਾਰੇ ਵਿਚਰਨਾ ਚਾਹੀਦਾ ਹੈ, ਨਵੇਂ ਪੂਰਨੇ ਪਾਉਣੇ ਚਾਹੀਦੇ ਹਨ ਅਤੇ ਅਧਿਆਤਮਕ ਤੇ ਸੰਸਾਰਕ ਪੱਧਰ ਉਤੇ ਅਜਿਹੀ ਪਰਵਾਜ਼ ਭਰਨੀ ਚਾਹੀਦੀ ਹੈ ਕਿ ਜ਼ਮਾਨਾ ਉਨ੍ਹਾਂ ਦੀ ਉਚੇਰੀ ਉਡਾਣ ਦਾ ਕਾਇਲ ਹੋਵੇ। ਬਜ਼ੁਰਗ ਸਮੱਸਿਆਵਾਂ ਦੀ ਵਜ੍ਹਾ ਨਾ ਬਣਨ ਸਗੋਂ ਸਮੱਸਿਆਵਾਂ ਦਾ ਹੱਲ ਕੱਢਣ; ਉਹ ਅਜਿਹੀਆਂ ਪਰੰਪਰਾਵਾਂ ਦੇ ਧਾਰਨੀ ਬਣਨ ਕਿ ਉਨ੍ਹਾਂ ਨੂੰ ਦੇਖ ਕੇ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਨਕਸ਼ੇ ਕਦਮਾਂ ਉੱਤੇ ਚਲਣ ਦਾ ਯਤਨ ਕਰੇ ਅਤੇ ਬਜ਼ੁਰਗ ਆਪਣੀ ਸੂਝ-ਬੂਝ, ਲਿਆਕਤ, ਕਿਰਦਾਰ ਤੇ ਉਸਾਰੂ ਦ੍ਰਿਸ਼ਟੀਕੋਣ ਨਾਲ ਅਜਿਹੀ ਮਿਸਾਲ ਕਾਇਮ ਕਰਨ ਦੇ ਸਮਰੱਥ ਹੋਣ ਕਿ ਉਹ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਸਕਣ। ਹਰੇਕ ਬਜ਼ੁਰਗ ਨੂੰ ਆਪਣੀ ਉਮਰ ਦਾ ਅਹਿਸਾਸ ਹੋਣਾ ਵੀ ਬੇਹੱਦ ਜ਼ਰੂਰੀ ਹੈ ਤਾਂ ਕਿ ਉਹ ਹਰ ਮੁਹਾਜ਼ ਉਤੇ ਆਪਣੀ ਜਹਾਨਤ ਦਾ ਸਬੂਤ ਦਿੰਦੇ ਹੋਏ ਇਸ ਤਰ੍ਹਾਂ ਵਿਚਰੇ ਕਿ ਲੋਕਾਂ ਲਈ ਉਹ ਕਾਬਲੇ ਇਹਤਰਾਮ ਬਣੇ। ਕੇਵਲ ਦਿਨਾਂ, ਮਹੀਨਿਆਂ, ਸਾਲਾਂ ਜਾਂ ਦਹਾਕਿਆਂ ਤੱਕ ਪਸਰੀ ਹੋਈ ਉਮਰ ਕਿਸੇ ਵਿਅਕਤੀ ਦੀ ਸੂਝ-ਬੂਝ, ਦੂਰਦਰਸ਼ਤਾ, ਲਿਆਕਤ ਅਤੇ ਵਡੱਪਣ ਦਾ ਮਾਪਦੰਡ ਜਾਂ ਪ੍ਰਤੀਕ ਕਦੇ ਵੀ ਨਹੀਂ ਹੋ ਸਕਦੀ ਹੈ। ਕੋਈ ਸ਼ਖ਼ਸ ਸੌ ਵਰ੍ਹੇ ਬਿਤਾ ਕੇ ਵੀ ਬੱਚਿਆਂ ਵਾਂਗ ਵਿਚਰਦਾ ਹੈ ਅਤੇ ਕੋਈ ਜੋਬਨ ਰੁੱਤੇ ਵੀ ਅਜਿਹੀ ਸੋਚ ਦਾ ਮਾਲਕ ਬਣ ਜਾਂਦਾ ਹੈ ਕਿ ਜਿਸ ਅੱਗੇ ਜ਼ਮਾਨਾ ਸਿਰ ਝੁਕਾਅ ਵੀ ਫ਼ਖ਼ਰ ਮਹਿਸੂਸ ਕਰਦਾ ਹੈ।
ਦਾਨਿਸ਼ਵਰ ਨੇ ਇਸ ਗੱਲ ਦੀ ਵੀ ਤਲਕੀਨ ਕੀਤੀ ਕਿ ਸਿਰਫ ਆਪਣੇ ਸਫ਼ੈਦ ਕੇਸ, ਲੜਖੜਾਉਂਦੇ ਵਜੂਦ ਅਤੇ ਗੁਜ਼ਰੇ ਕੱਲ੍ਹ ਤੱਕ ਮਹਿਦੂਦ ਆਪਣੀ ਸੋਚ ਉੱਤੇ ਗਰੂਰ ਨਾ ਕਰੋ। ਸਮੇਂ ਦੀ ਨਬਜ਼ ਨੂੰ ਪਛਾਣਨ ਦਾ ਯਤਨ ਕਰੋ, ਤੰਗ ਨਜ਼ਰੀਏ ਦੀ ਕੈਦ ਤੋਂ ਖੁਦ ਨੂੰ ਰਿਹਾਅ ਕਰੋ, ਆਪਣੇ ਅਨੁਭਵ ਦੀ ਦਾਤ ਦਾ ਸਦ ਉਪਯੋਗ ਕਰੋ, ਲੋੜ ਅਨੁਸਾਰ ਆਪਣੇ ਜ਼ਾਵੀਏ ਵਿੱਚ ਪਰਿਵਰਤਨ ਲਿਆਉ, ਦੂਜਿਆਂ ਨੂੰ ਆਪਣੇ ਕਿਰਦਾਰ ਦੇ ਕਾਇਲ ਬਣਾਉਣ ਦੀ ਜੁਸਤਜੂ ਕਰੋ, ਕਮੀਆਂ-ਪੇਸ਼ੀਆਂ ਭਰਪੂਰ ਆਪਣੇ ਬੀਤੇ ਕੱਲ੍ਹ ਦੀ ਧੌਂਸ ਦੂਸਰਿਆਂ ਉੱਪਰ ਨਾ ਜਮਾਉ ਅਤੇ ਜੇਕਰ ਹੋ ਸਕੇ ਤਾਂ ਵਿਚਾਰਾਂ ਨਾਲ ਨਹੀਂ, ਸਗੋਂ ਪਿਆਰ ਨਾਲ ਦੂਜਿਆਂ ਨੂੰ ਜਿੱਤਣਾ ਸਿਖੋ। ਤੁਸੀਂ ਕਿੰਨੇ ਵਰਿ੍ਹਆਂ ਦੇ ਹੋ ਚੁੱਕੇ ਹੋ ਸ਼ਾਇਦ ਇਸ ਨਾਲ ਇੱਕ ਹੱਦ ਤੋਂ ਵੱਧ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ, ਮਗਰ ਜੇ ਤੁਹਾਡੇ ਵਿਚਾਰਾਂ ਵਿੱਚ ਵਿਸ਼ਾਲਤਾ, ਤਾਜ਼ਗੀ ਅਤੇ ਪੁਖਤਗੀ ਪਾਈ ਜਾਂਦੀ ਹੈ ਤਾਂ ਤੁਹਾਡਾ ਹਰ ਕੋਈ ਮੁਰੀਦ ਬਣੇਗਾ।
ਲਿਹਾਜ਼ਾ ਆਪਣੀ ਬਜ਼ੁਰਗੀ ਦਾ ਹਵਾਲਾ ਦੇ ਕੇ ਆਪਣਾ ਕੱਦ ਉੱਚਾ ਕਰਨ ਦੀ ਬਜਾਏ ਆਪਣੀ ਸੋਚ ਦੇ ਦਾਇਰਿਆਂ ਨੂੰ ਵਸੀਹ ਕਰਨ ਦਾ ਯਤਨ ਕਰਨ ਨੂੰ ਤਰਜੀਹ ਦੇਣ ਵਿੱਚ ਸਿਆਣਪ ਅਤੇ ਵਡਿਆਈ ਛੁਪੀ ਹੁੰਦੀ ਹੈ। ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤੁਹਾਡੀ ਉਮਰ ਅਤੇ ਤੁਹਾਡੇ ਕਿਰਦਾਰ ਦੇ ਕੱਦ ਦਾ ਅੰਦਾਜ਼ਾ ਤੁਹਾਡੇ ਸੁਹਿਰਦ ਵਿਚਾਰਾਂ ਤੋਂ ਅਤੇ ਨੇਕ ਅਮਲਾਂ ਤੋਂ ਲੱਗੇ ਨਾ ਕਿ ਆਪਣੀ ਜਨਮ ਤਿਥੀ ਦਾ ਹਵਾਲਾ ਦੇ ਕੇ ਤੁਹਾਨੂੰ ਵਾਰ-ਵਾਰ ਲੋਕਾਂ ਤੋਂ ਇੱਜ਼ਤ ਉਧਾਰ ਮੰਗਣੀ ਪਵੇ। ਇੱਕ ਗੱਲ ਸਪੱਸ਼ਟ ਰੂਪ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਬਜ਼ੁਰਗ ਹੋਣਾ ਅਤੇ ਸਿਆਣੇ ਹੋਣਾ ਦੋ ਅਲੱਗ-ਅਲੱਗ ਗੱਲਾਂ ਹਨ। ਹਠ ਧਾਰਨ ਕਰਨ ਵਾਲੇ ਅਤੇ ਆਪਣੀ ਜਿੱਦ ਪੁਗਾਉਣ ਵਾਲੇ ਬੁਢਾਪੇ ਦੇ ਸ਼ਿਕਾਰ ਮਨੁੱਖ ਨਾਲੋਂ ਨਿਮਰ ਸੁਭਾਅ ਅਤੇ ਲਚਕਦਾਰ ਸੋਚ ਰੱਖਣ ਵਾਲਾ ਮਨੁੱਖ ਹੀ ਅਸਲ ਵਿੱਚ ਬਜ਼ੁਰਗ ਕਹਿਲਾਉਣ ਦਾ ਹੱਕਦਾਰ ਹੁੰਦਾ ਹੈ।