ਪਿੰਡ ਵਸਿਆ-24
‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਲੇਖਕ ਮੁਤਾਬਿਕ ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ, ਜਿਹੜੀ ਕਈ ਕਾਰਨਾਂ ਕਰਕੇ ਬਹੁਤੇ ਮਾਮਲਿਆਂ `ਚ ਵਿਅਰਥ ਵੀ ਚਲੇ ਜਾਂਦੀ ਹੈ; ਕਿਉਂਕਿ ਅਕਸਰ ਪਿੰਡਾਂ ਦਾ ਇਤਿਹਾਸ ਲਿਖਤੀ ਨਹੀਂ ਮਿਲਦਾ ਅਤੇ ਦੰਦ ਕਥਾਵਾਂ ਦੱਸਣ ਵਾਲੇ ਬਜ਼ੁਰਗ ਫੌਤ ਹੋ ਚੁੱਕੇ ਹਨ। ਸੋ, ਜੇ ਤਾਂ ਪਾਠਕ ਇਸ ਕਾਲਮ ਨੂੰ ਗੰਭੀਰਤਾ ਨਾਲ ਲੈਂਦੇ ਹਨ, ਤਦ ਹੀ ਘਾਲਣਾ ਸਫਲ ਹੈ। ਮੁੱਕਦੀ ਗੱਲ, ਭਵਿੱਖ ਵਿੱਚ ਇਹ ਕਾਲਮ ਤੁਹਾਡੀ ਦਿਲਚਪਸੀ ਅਤੇ ਮੰਗ `ਤੇ ਮੁਨੱਸਰ ਰਹੇਗਾ। ਹੁੰਗਾਰੇ ਦੀ ਉਡੀਕ ਵਿੱਚ ਕਿ ਇਹ ਕਾਲਮ ਜਾਰੀ ਰਹੇ ਜਾਂ ਨਾ? ਹਥਲੀ ਲਿਖਤ ਵਿੱਚ ਪ੍ਰਾਚੀਨ ਨਗਰ ਹਰਿਆਣਾ ਦੀ ਗਾਥਾ ਪੇਸ਼ ਹੈ…
ਵਿਜੈ ਬੰਬੇਲੀ
ਫੋਨ: +91-9463439075
ਵਾਜਬ-ਉਲ-ਅਰਜ਼/ਵਜਾਹ ਤਸਮੀਆਂ ਦੇਹ ਹਜ਼ਾ ਅਨੁਸਾਰ, “ਹੁਸ਼ਿਆਰਪੁਰ-ਦਸੂਆ ਸ਼ਾਹ ਰਾਹ ‘ਤੇ ਵਸਿਆ ਪਿੰਡ ਹਰਿਆਣਾ ਹਰੀਆ ਨਾਮੀ ਜੱਟ ਦੇ ਨਾਂਓ ਮੁੜ ਵਸਿਆ, ਜਿਹੜਾ ਆਪਣੇ ਕੁਨਬੇ ਨਾਲ ਸਥਿਤੀਆਂ-ਪ੍ਰਸਥਿਤੀਆਂ ਵੱਸ ਆਪਣੇ ਮਾਲ-ਡੰਗਰ ਨਾਲ ਭ੍ਰਮਣ ਕਰਦਿਆਂ ਇਸ ਸਬਜ਼ ਖਿੱਤੇ ਵਿੱਚ ਇੱਥੇ ਆ ਟਿੱਕਿਆ ਸੀ।” ਇੱਕ ਹੋਰ ਕਨਸੋਅ ਮੁਤਾਬਿਕ “ਰਾਗ ਵਿਦਿਆ ਵਜੋਂ ਉੱਘੇ ਰਹੇ ਇਸ ਖੇੜੇ ਦਾ ਨਾਂ ਸੰਗੀਤਵੇਤਾ ਤਾਨਸੈਨ ਦੇ ਗੁਰੂ ਬੈਜੂਵਾਬਰਾ ਦੇ ਗੁਰੂ ਮਹਾਂ ਗਵੱਈਏ ਹਰੀ ਦਾਸ ਉਰਫ ਹਰੀ ਦੱਤ ਉਰਫ ਹਰੀਆ ਗਵੱਈਆ, ਜਿਹੜਾ ਮੂਲ ਰੂਪ ‘ਚ ਇੱਥੋਂ ਦਾ ਹੀ ਸੀ, ਦੇ ਨਾਂ ਚਮਕਿਆਂ-ਦਮਕਿਆ।”
ਤਾਨਸੈਨ ਦੇ ਨਾਨਕੇ ਇੱਥੇ ਸਨ, ਪਰ ਉਸਦਾ ਗੁਰੂ ਬੈਜੂਵਾਬਰਾ ‘ਬਜਵਾੜਾ’ (ਹੁਸ਼ਿਆਰਪੁਰ) ਦਾ ਸੀ, ਜਿਸਦੇ ਸੰਗੀਤਕ ਜਲੌਅ ਬਦੌਲਤ ਉਸਦੀ ਜੰਮਣ-ਭੌਇੰ ਦਾ ਨਾਂ ‘ਬਜਵਾੜਾ’ ਪੈ ਗਿਆ। ਇਸ ਨਗਰ ਦਾ ਨਾਂ ਹਰਿਆਣਾ ਸਥਾਪਿਤ ਹੋਣ ਪਿੱਛੇ ਅਸਲ ਗੱਲ ਇਹ ਵੀ ਦੱਸੀ ਜਾਂਦੀ ਹੈ ਕਿ “ਇਹ ਖੇਤਰ ਐਨਾ ਜਲ-ਯੁਕਤ, ਜੰਗਲ ਲਬਰੇਜ਼ ਅਰਥਾਤ ਕੁਦਰਤੀ ਕੰਦ-ਮੂਲਾਂ/ਫਲਾਂ ਵਜੋਂ ਸਰ-ਸਬਜ਼ ਭਾਵ ਹਰਿਆਵਲਾ ਸੀ, ਇਸੇ ਸਿਫ਼ਤ ਤਹਿਤ ਇਹ ਸਮਾਂ-ਦਰ-ਸਮਾਂ ਵਿਗੜਦਾ-ਸੰਵਰਦਾ ‘ਹਰਿਆਲੀ’ ਤੋਂ ‘ਹਰਿਆਣਾ’ ਵਜੋਂ ਲੋਕ ਮਨਾਂ ‘ਤੇ ਉੱਕਰ ਗਿਆ।”
ਤਾਰੀਖ-ਕਦੀਮ-ਆਰੀਆ ਵ੍ਰਤ ਅਨੁਸਾਰ, “ਹਰਿਆਣਾ ਕਦੇ ਯਾਦੂ ਵੰਸ਼ ਦੀ ਰਿਆਸਤ ਸੀ।” ਤਵਾਰੀਖ ਕਸ਼ਮੀਰ ‘ਰਾਜ ਤਰੰਗਨੀ’ ਮੁਤਾਬਿਕ, “ਯਾਦੂ ਵੰਸ਼ ਦਾ ਮੂਲ ਕਾਬੁਲ-ਕੰਧਾਰ ਦੀ ਵਾਦੀ ਸੀ।” ਮਗਰੋਂ ਇਹ ਮੁਸਲਿਮ ਨਾਰੂ ਰਾਜਪੂਤਾਂ ਦੇ ਕਬਜ਼ੇ ਵਿਚ ਆ ਗਈ।” ਤਾਰੀਖ-ਏ-ਮੁਬਾਰਕ, ਹੁਸ਼ਿਆਰਪੁਰ ਡਿਸਟ੍ਰਿਕਟ ਗਜ਼ਟੀਅਰ ਅਤੇ ਪੰਜਾਬ ਅੰਡਰ ਦਾ ਗਰੇਟ ਮੁਗਲਜ਼ ਦੀਆਂ ਕਨਸੋਆਂ ਅਨੁਸਾਰ, “ਬਜਵਾੜਾ ਖਿੱਤਾ ਨਾਰੂ ਰਾਜਪੂਤਾਂ ਦੇ ਪੱਕੇ ਪੈਰੀਂ ਹੇਠਾਂ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਪਠਾਣਾਂ ਹੇਠ ਸੀ। ਇੱਧਰੋਂ ਲੰਘੇ ਬਾਬਰ ਨੇ ਹਰਿਆਣਾ ਦੇ ਚੜ੍ਹਦੇ, ਜੰਗਲ-ਪਹਾੜ ‘ਚ, ਸਥਿਤ ‘ਕਿਲਾ ਮਲੌਤ’ ਨੂੰ ਲੋਧੀਆਂ ਤੋਂ ਖੋਹਣ ਉਪਰੰਤ, ਮਗਰੋਂ ਬਜਵਾੜੇ ਦੇ ਪਠਾਣ ਭਜਾ ਦਿੱਤੇ। ਸਿੱਟੇ ਵਜੋਂ ਨਾਰੂ ਰਾਜਪੂਤ ਹਰਿਆਣੇ ਪੱਕੇ-ਪੈਰੀਂ ਹੋ ਗਏ। ਇਹ, ਉਹੀ ਨਾਰੂ ਰਾਜਪੂਤ ਤੇ ਹਰਿਆਣਾ ਹੈ, ਜਿਨ੍ਹਾਂ ਕੋਲ ਅਕਬਰ ਵਕਤ ਬੈਰਮ ਖਾ ਨੇ ਪਨਾਹ ਲਈ ਸੀ।”
ਪੁਖਤਾ ਦਸਤਾਵੇਜ਼ੀ ਪੁਸਤਕ ‘ਏ ਗਲੋਸਰੀ ਆਫ ਦੀ ਟਰਾਇਬਜ਼ ਐਂਡ ਕਾਸਟ’ਜ਼’ ਅਨੁਸਾਰ, “ਨਾਰੂ ਭਾਵੇਂ ਉਚੇਰੇ ਪਹਾੜੀ ਖੇਤਰਾਂ ‘ਚ ਫੈਲਿਆ-ਪਸਰਿਆ ਕਬੀਲਾ ਸੀ, ਪਰ ਬਹੁਪਰਤੀ ਕਾਰਨਾਂ ਕਰਕੇ ਇਸਦਾ ਸਦਰ ਮੁਕਾਮ ਹੁਸ਼ਿਆਰਪੁਰ-ਜਲੰਧਰ ਖਿੱਤਾ ਬਣ ਗਿਆ, ਜਿਸ ਵਿੱਚ ਹਰਿਆਣਾ ਬੜਾ ਉੱਘਾ ਹੈ। ਨਾਰੂ ਰਾਜਪੂਤ, ਹਿੰਦੂ ਰਾਜਪੂਤਾਂ ਤੋਂ ਸਥਿਤੀਆਂ-ਪ੍ਰਸਥਿਤੀਆਂ ਵੱਸ ਕਨਵਰਟਡ ਹੋਏ ਮੁਸਲਿਮ ਸਨ, ਪਰ ਇੱਥੋਂ ਦੇ ਨਾਰੂਆਂ ਕਦੇ ‘ਹਿੰਦੂ ਆਸਥਾ’ ਨਹੀਂ ਛੱਡੀ। ਤੌੜ ਆਜ਼ਾਦੀ ਤੱਕ ਇਨ੍ਹਾਂ ਦੇ ਕੁੱਲ ਪ੍ਰੋਹਿਤ ਸਾਰਸਵੱਤ ਬ੍ਰਾਹਮਣ (ਕੰਚਨ ਕਵਾਲ) ਹੀ ਰਹੇ।” ਇਹ ਬ੍ਰਾਹਮਣ ਸਿਰੇ ਦੇ ਤਾਲੀਮ ਜ਼ਾਫਤਾ ਸਨ, ਜਿਨ੍ਹਾਂ ਦੀ ਲਿਆਕਤ ਅਤੇ ਕਲਮੀ ਕਿਸਬ ਦੀ ਤੂਤੀ ਚੁਫੇਰੇ ਬੋਲਦੀ ਸੀ। ਜੰਗਿ-ਏ-ਆਜ਼ਾਦੀ ਵਿੱਚ ਇਨ੍ਹਾਂ ਦੇ ਇੱਕ ਫਰਜ਼ੰਦ ਪੰਡਿਤ ਜਗਤ ਰਾਮ ਹਰਿਆਣਵੀਂ, ਗ਼ਦਰ ਪਾਰਟੀ ਦਾ ਉੱਘਾ ਰੁਕਨ, ਸਮੇਤ ਹਰਿਆਣਾ ਦੀ ਹਰ ਜਾਤ-ਧਰਮ ਦੇ ਜਾਇਆਂ ਨੇ ਅਣਤੋਲਵਾਂ ਹਿੱਸਾ ਪਾਇਆ ਸੀ।
ਨਾਰੂ ਰਾਜਪੂਤਾਂ ਅਨੁਸਾਰ, “ਉਹ ਸੂਰਜਬੰਸੀ ਰਾਜਪੂਤ ਸਨ। ਰਾਜਾ ਰਾਮਚੰਦਰ ਦੀਆਂ ਅਗਲੀਆਂ-ਅਗਲੇਰੀਆਂ ਪੀੜ੍ਹੀਆਂ ਵਿੱਚੋਂ ਇੱਕ ਪੁਰਖਾ ਮੁਸਲਮਾਨ ਹੋ ਗਿਆ, ਜਿਸਨੂੰ ਮਹਿਦੂਦ ਗਜ਼ਨਵੀਂ ਨੇ ਨਾਰੂ ਸ਼ਾਹ ਦਾ ਖਿਤਾਬ ਦਿੱਤਾ। ਇਸਦੇ ਇੱਕ ਪੁੱਤਰ ਨੇ ਮਹੱਤਵਪੂਰਨ ਥਾਵੀਂ, ਚਾਰ ਨਾਰੂ ਪਰਗਨੇ (ਤਾਲੁਕਾ) ਸਥਾਪਿਤ ਕੀਤੇ: ਘੌੜੇਬਾਹਾ, ਸ਼ਾਮਚੌਰਾਸੀ, ਬਜਵਾੜਾ ਅਤੇ ਹਰਿਆਣਾ।” ਜ਼ਾਹਰ ਹੈ, ਉਦੋਂ ‘ਹਰਿਆਣਾ’ ਬੁਲੰਦ ਵੱਸਦਾ ਹੋਵੇਗਾ। ਬਕੌਲ ਰਾਣਾ ਅਜ਼ਹਰ ਖਾਨ ਵਾਲਦ ਰਾਣਾ ਅਰਸ਼ਦ ਖਾਂ ਹਰਿਆਣਵੀ, ਹਾਲ ਆਬਾਦ ਉਕਾੜਾ (ਪਾਕਿਸਤਾਨ), ਜਿਹੜੇ ਭੂਟੋ ਵੇਲੇ ਪੰਜਾਬ ਅਸੰਬਲੀ ‘ਚ ਮੈਂਬਰ ਆਹਲਾ ਵੀ ਰਹੇ, ਅਨੁਸਾਰ, “ਸਾਡੀ ਵੰਸ਼ਾਬਲੀ ਰਾਜਾ ਦਸ਼ਰਥ ਨਾਲ ਮਿਲਦੀ ਹੈ। ਰਾਹੋਂ ਵਾਲੇ ਨਾਨਕਿਆਂ ਦੀ ਮਾਤਾ ਕੌਸ਼ੱਲਿਆ ਨਾਲ। ਅਸੀਂ ਨਾਰੂ ਮੁਸਲਮਾਨ ਹਾਂ, ਹਿੰਦੂ ਰਾਜਪੂਤਾਂ ਤੋਂ ਕਨਵਰਟ ਹੋਏ ਅਤੇ ਨਾਨਕੇ ਹਿੰਦੂ ਘੋੜੇਵਾਹ ਰਾਜਪੂਤਾਂ ਤੋਂ। ਸਾਡੇ ਬਹੁਤੇ ਕੁਨਬੇ ਦਸੂਹਾ ਅਤੇ ਹੁਸ਼ਿਆਰਪੁਰ ਤਹਿਸੀਲ਼ਾਂ ‘ਚ ਵੱਸਦੇ ਸਨ ਅਤੇ ਘੋੜੇਵਾਹਾਂ ਦੇ ਸਤਲੁਜ ਦੇ ਉਰਾਂ ਅਤੇ ਪਰਾਂ, ਗੜ੍ਹਸ਼ੰਕਰ-ਨਵਾਂਸ਼ਹਿਰ ਕੰਨੀ। ਬੜਾ ਮੋਹਤਬਾਰਾਨ ਸੀ ਸਾਡਾ ਕੁਨਬਾ, ਹਿੰਦੂ–ਮੁਸਲਿਮਾਂ ਦਾ ਮਿਲਗੋਭਾ।”
ਇੱਕ ਹੋਰ ਗਾਥਾ ਅਨੁਸਾਰ, “ਜੈਪੁਰ-ਜੋਧਪੁਰ ਦੇ ਰਾਜਿਆਂ ਦਾ ਇੱਕ ਫਰਜੰਦ ਮਹਿਮੂਦ ਗਜ਼ਨਵੀਂ ਵੇਲੇ ਮੁਸਲਮਾਨ ਬਣ ਗਿਆ। ਇਵਜ਼ ਵਿੱਚ ਗਜ਼ਨਵੀਂ ਨੇ ਉਸਨੂੰ ਨਾਰੂ ਸ਼ਾਹ ਦੇ ਖਿਤਾਬ ਨਾਲ ਨਿਵਾਜਿਆ। ਉਹ ਬਜਵਾੜੇ ਆਣ ਆਬਾਦ ਹੋਆ। ਬੰਦਾ ਦਲੇਰ ਅਤੇ ਯੁਕਤੀ ਸੀ, ਮੌਕਾ ਮਿਲਦਿਆਂ ਹੀ ਹਰਿਆਣਾ ਆ ਨੱਪਿਆ। ਰਗਾਂ ‘ਚ ਪਿਆ ਹਿੰਦੂ ਖੂਨ, ਅਤੀਤ ਯਾਦ ਕਰਵਾਂ ਦਿੰਦਾ। ਮੁਸਲਿਮ ਹੁੰਦਿਆਂ ਵੀ ਹਿੰਦੂ ਆਸਥਾ ਦਰ-ਕਿਨਾਰ ਨਾ ਕਰ ਸਕਿਆ।” ਸਿੱਟੇ ਵਜੋਂ, ਤੋੜ ਸਿੱਖਾਂ ਸ਼ਾਹੀ ਤੱਕ ਉਸਦੇ ਵਾਰਸ, ਇੱਥੋਂ ਦੇ ਮੁਸਲਿਮ ਅਹਿਲਕਾਰ, ਦਾਨੇ ਅਤੇ ਧਰਮ-ਨਿਰਪੱਖ ਰਹੇ। ਇਸੇ ਕਾਰਨ, ਮਿਸਲ ਕਰੌੜ ਸਿੰਘੀਆਂ ਦੇ ਸ. ਬਘੇਲ ਸਿੰਘ, ਜਿਸਦਾ ਸਦਰ-ਮੁਕਾਮ ਇਹੀ ਹਰਿਆਣਾ ਬਣਿਆ ਸੀ, ਨੇ ਇੱਥੋਂ ਦੇ ਮੁਸਲਿਮ ਰਾਜਪੂਤਾਂ ਦੀ ਪੁਖਤਾ, ਮਾਲਕੀ ਅਤੇ ਮਾਣ-ਸਤਿਕਾਰ ਬਰਕਰਾਰ ਰੱਖੀ। ਇਹ ਉਹੀ ਸ. ਬਘੇਲ ਸਿੰਘ ਹੈ, ਜਿਸਨੇ ‘ਦਿੱਲੀ ਫਤਿਹ’ ‘ਚ ਕੁੰਜੀਵਤ ਰੋਲ ਨਿਭਾਇਆ ਸੀ। ਹਰਿਆਣੇ ਨਾਲ ਪੀਡੀ ਗਲਵੱਕੜੀ ਪਾ ਕੇ ਰੱਖਣ ਵਾਲਾ ਇਹ ਮਹਾਂ ਸਪੂਤ, ਅੱਜ ਵੀ ਹਰਿਆਣਾ ਦੀ ਕੇਂਦਰੀ ਜੂਹ ਵਿੱਚ ਸਦੀਵੀ ਸੁੱਤਾ ਪਿਆ ਹੈ।
ਮੁੱਕਦੀ ਗੱਲ, “ਹਰਿਆਣਾ ਬੜਾ ਪ੍ਰਾਚੀਨ ਹੈ। ਪੱਕ ਨਾਲ ਕਦ ਵੱਸਿਆ? ਓ ਨਹੀਂ ਲੱਭਾ।”