ਡਾ. ਐਮ.ਐਸ. ਰੰਧਾਵਾ ਨਾਲ ਮਿਲਣੀ ਦਾ ਪ੍ਰਤੀਕਰਮ

ਸਾਹਿਤਕ ਤੰਦਾਂ

ਮਨਮੋਹਨ ਸਿੰਘ ਦਾਊਂ
ਫੋਨ:+91-9815123900
ਚੰਗੀਆਂ ਸ਼ਖ਼ਸੀਅਤਾਂ ਤੇ ਉੱਤਮ ਪੁਸਤਕਾਂ ਤੁਹਾਨੂੰ ਨੇੜੇ ਲਿਆਉਂਦੀਆਂ ਨੇ ਅਤੇ ਪਲਟਾਊ ਅਸਰ ਕਰਦੀਆਂ ਹਨ। ਜਦੋਂ ਮੈਂ 1967 ’ਚ ਡਾ. ਐਮ.ਐਸ. ਰੰਧਾਵਾ ਦੀ ਸੰਪਾਦਕ ਕੀਤੀ ਪੁਸਤਕ ‘ਪੂਰਨ ਸਿੰਘ: ਜੀਵਨ ਤੇ ਕਵਿਤਾ’ ਪੜ੍ਹੀ ਤਾਂ ਮੈਨੂੰ ਇਸ ਪੁਸਤਕ ਨੇ ਬਹੁਤ ਪ੍ਰਭਾਵਿਤ ਕੀਤਾ। ਉਦੋਂ ਡਾ. ਰੰਧਾਵਾ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਸਨ ਤੇ ਗਾਰਡਨ ਕਲੋਨੀ ਖਰੜ ’ਚ ਆਪਣੀ ਰਿਹਾਇਸ਼ੀ ਕੋਠੀ ’ਚ ਰਹਿੰਦੇ ਸਨ। ਇਹ ਪੁਸਤਕ ਸਾਹਿਤ ਅਕਾਦਮੀ, ਦਿੱਲੀ ਨੇ ਪਹਿਲੀ ਵਾਰ 1964 ’ਚ ਡਾ. ਰੰਧਾਵਾ ਦੇ ਉੱਦਮ ਸਦਕਾ ਪ੍ਰਕਾਸ਼ਿਤ ਕੀਤੀ ਸੀ।

ਦੂਜੀ ਐਡੀਸ਼ਨ ਸੰਸ਼ੋਧਿਤ 2009 ’ਚ ਛਾਪੀ ਗਈ। ਮੈਂ ਉਦੋਂ ਪਿੰਡ ਦਾਊਂ ਰਹਿੰਦਾ ਸੀ ਤੇ ਸਰਕਾਰੀ ਮਿਡਲ ਸਕੂਲ ਤਿਊੜ ਪੜ੍ਹਾਉਂਦੇ ਸਮੇਂ ਐਮ.ਏ. ਪੰਜਾਬੀ (ਪ੍ਰਾਈਵੇਟਲੀ) ਦੀ ਤਿਆਰੀ ਕਰਦਾ ਸੀ। ਪ੍ਰੋ. ਪੂਰਨ ਸਿੰਘ ਮੇਰਾ ਮਨ ਭਾਉਂਦਾ ਕਵੀ ਸੀ ਤੇ ਮੈਂ ਇਹ ਪੁਸਤਕ ਖਰੀਦ ਲਈ ਸੀ। ਮੈਂ ਜਕਦੇ-ਜਕਦੇ 16 ਜੁਲਾਈ 1967 ਨੂੰ ਡਾ. ਰੰਧਾਵਾ ਨੂੰ ਖਰੜ ਦੇ ਪਤੇ ’ਤੇ ਪੁਸਤਕ ਬਾਰੇ ਇਨਲੈਂਡ ਲੈਟਰ ਲਿਖ ਕੇ ਭੇਜਿਆ। ਡਾ. ਰੰਧਾਵਾ ਦੀ ਪ੍ਰਸ਼ੰਸਾ ਤਾਂ ਕਰਨੀ ਹੀ ਬਣਦੀ ਸੀ। ਮੈਂ ਇਹ ਵੀ ਲਿਖ ਦਿੱਤਾ ਕਿ ਅਸੀਂ ਕੁਝ ਸਾਹਿਤ-ਰਸੀਆਂ ਨੇ ਪੰਜਾਬੀ ਸਾਹਿਤ ਸਭਾ ਖਰੜ ਦਾ ਗਠਨ ਕੀਤਾ ਹੈ। ਮੈਨੂੰ ਖਿਆਲ ਸੀ ਕਿ ਏਡੀ ਵੱਡੀ ਸ਼ਖ਼ਸੀਅਤ ਡਾ. ਰੰਧਾਵਾ ਕੋਲ ਮੇਰੀ ਚਿੱਠੀ ਨੂੰ ਵਾਚਣ ਦਾ ਸਮਾਂ ਕਿੱਥੇ ਹੋਵੇਗਾ!
ਮੈਨੂੰ ਹੈਰਾਨੀ ਭਰੀ ਖ਼ੁਸ਼ੀ ਹੋਈ ਕਿ ਡਾ. ਰੰਧਾਵਾ ਦਾ ਅੰਗਰੇਜ਼ੀ ’ਚ ਮਿਤੀ 18 ਜੁਲਾਈ 1967 ਦਾ ਕਾਰਡ ਮੈਨੂੰ ਮੇਰੇ ਪਿੰਡ ਦੇ ਪਤੇ ’ਤੇ 19 ਜੁਲਾਈ 1967 ਨੂੰ ਮਿਲ ਗਿਆ, ਜਿਸ ’ਚ ਉਨ੍ਹਾਂ ਨੇ ਖ਼ਤ ਦੀ ਤਾਰੀਫ਼ ਹੀ ਨਹੀਂ ਕੀਤੀ ਸਗੋਂ ਮੈਨੂੰ ਕਿਸੇ ਵੀ ਐਤਵਾਰ ਸ਼ਾਮੀਂ ਪੰਜ ਤੋਂ ਛੇ ਵਜੇ ਦੌਰਾਨ ਮਿਲਣ ਦਾ ਸੱਦਾ ਵੀ ਦੇ ਦਿੱਤਾ। (ਇਹ ਪੱਤਰ ਹੁਣ ਤੱਕ ਮੈਂ ਸਾਂਭਿਆ ਹੋਇਆ ਹੈ।) ਘਰ ’ਚ ਪਿਤਾ ਜੀ ਨੂੰ ਵੀ ਡਾਢੀ ਖ਼ੁਸ਼ੀ ਹੋਈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਮੈਂ ਖਾਲਸਾ ਹਾਈ ਸਕੂਲ ਖਰੜ ਪੜ੍ਹਦਾ ਸੀ ਤਾਂ ਡਾ. ਰੰਧਾਵਾ ਨੇ ਬਹੁਤ ਪਹਿਲਾਂ ਇਸ ਸਕੂਲ ਦੀ ਲਾਇਬ੍ਰੇਰੀ-ਕਮ-ਆਰਟ ਗੈਲਰੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੁਸਤਕਾਂ, ਦੁਰਲਭ ਪੇਂਟਿੰਗਾਂ, ਤਸਵੀਰਾਂ, ਵੱਡੇ-ਵੱਡੇ ਮੇਜ਼ ਤੇ ਕੁਰਸੀਆਂ ਉਪਲਬਧ ਕਰਵਾਈਆਂ ਸਨ। ਉਸ ਵੇਲੇ ਡਾ. ਰੰਧਾਵਾ ਇਸ ਖੇਤਰ ’ਚ ਡਿਪਟੀ-ਕਮਿਸ਼ਨਰ ਹੁੰਦੇ ਸਨ। ਇਹ ਗੱਲ ਸ਼ਾਇਦ 1950 ਦੇ ਨੇੜੇ-ਤੇੜੇ ਦੀ ਹੈ। ਡਾ. ਰੰਧਾਵਾ ਕਦੇ-ਕਦੇ ਇਸ ਸਕੂਲ ਵਿੱਚ ਆਉਂਦੇ ਸਨ ਤੇ ਸਕੂਲ ਦੇ ਹੈਡਮਾਸਟਰ ਸ. ਸਮੁੰਦ ਸਿੰਘ ਸਿੱਧੂ ਤੇ ਮੇਰੇ ਪਿਤਾ ਸ. ਸਰੂਪ ਸਿੰਘ, ਜੋ ਸਕੂਲ ਟੀਚਰ-ਕਮ-ਕਲਰਕ ਸਨ, ਉਨ੍ਹਾਂ ਨੂੰ ਮਿਲ ਕੇ ਚੰਗੀਆਂ ਸਕੀਮਾਂ ਦੱਸ ਵੀ ਜਾਂਦੇ ਸਨ। ਅਸੀਂ ਵੀ ਕਦੇ-ਕਦੇ ਡਾ. ਰੰਧਾਵਾ ਨੂੰ ਵੇਖ ਕੇ ਅੰਗਰੇਜ਼ ਅਫ਼ਸਰ ਸਮਝਦੇ ਹੁੰਦੇ ਸੀ। ਮੈਨੂੰ ਉਨ੍ਹਾਂ ਪੇਂਟਿੰਗਜ਼ ਨੂੰ ਵੇਖ ਕੇ ਚਾਅ ਚੜ੍ਹ ਜਾਂਦਾ ਸੀ। ਮੈਨੂੰ ਹੁਣ ਵੀ ਯਾਦ ਹੈ ਕਿ ਡਾ. ਰੰਧਾਵਾ ਨੇ ਜਿੱਥੇ ਬਹੁਤ ਵੱਡ-ਮੁੱਲੀਆਂ ਪੇਂਟਿੰਗਜ਼ ਉਸ ਲਾਇਬ੍ਰੇਰੀ ’ਚ ਲੁਆਈਆਂ, ਉੱਥੇ ਪ੍ਰੋ. ਪੂਰਨ ਸਿੰਘ ਦੀ ਪੇਂਟਿੰਗ ਵਿਸ਼ੇਸ਼ ਤੌਰ ’ਤੇ ਸ. ਸੋਭਾ ਸਿੰਘ ਤੋਂ ਬਣਵਾ ਕੇ ਲੁਆਈ।
ਮੈਂ ਪਿਤਾ ਜੀ ਦੀ ਸਲਾਹ ਲੈ ਕੇ, ਆਉਂਦੇ ਐਤਵਾਰ ਪਿੰਡੋਂ ਤੀਜੇ ਪਹਿਰ ਡਾ. ਰੰਧਾਵਾ ਨੂੰ ਖਰੜ ਮਿਲਣ, ਸਾਈਕਲ ਚਲਾਉਂਦਾ ਸਹਿਮਿਆ-ਸਹਿਮਿਆ ਜਾ ਪੁੱਜਿਆ। ਸਾਈਕਲ ਚਲਾਉਣ ਕਾਰਨ, ਮੈਂ ਗਰਮੀ ਨਾਲ ਭਿੱਜ ਗਿਆ ਤੇ ਉਪਰੋਂ ਡਾ. ਰੰਧਾਵਾ ਨੂੰ ਮਿਲਣ ਦਾ ਚਾਅ ਵੀ ਤੌਣੀਆਂ ਲਿਆ ਰਿਹਾ ਸੀ। ਮੈਂ ਕੈਂਪਸ ’ਚ ਪ੍ਰਵੇਸ਼ ਕੀਤਾ। ਨੌਕਰ ਨੂੰ ਮੈਂ ਆਪਣਾ ਨਾਂ ਦੱਸ ਕੇ ਡਾ. ਸਾਹਿਬ ਨੂੰ ਮਿਲਣ ਬਾਰੇ ਦੱਸਿਆ। ਮੈਂ ਅਜੇ ਸੋਚਾਂ ਵਿੱਚ ਡੁੱਬਿਆ ਹੋਇਆ ਹੀ ਸੀ ਕਿ ਡਾ. ਰੰਧਾਵਾ ਆ ਬਹੁੜੇ। ਮੈਂ ਸਤਿਕਾਰ ਵਜੋਂ ਝੁਕ ਕੇ ਅਦਾ ਕੀਤੀ। ਮੈਨੂੰ ਥਾਪੜਾ ਦਿੱਤਾ ਤੇ ਲਾਅਨ ’ਚ ਪਈ ਇੱਕ ਮੰਜੀ ਉੱਤੇ ਆਪਣੇ ਨਾਲ ਬਿਠਾ ਲਿਆ। ਸੋਚੋ, ਮੇਰੇ ਦਿਲ ਦੀਆਂ ਖ਼ੁਸ਼ੀਆਂ ਕਿਹੜੇ ਅਸਮਾਨੀਂ ਚੜ੍ਹੀਆਂ ਹੋਣਗੀਆਂ। ਲਗਪਗ 20 ਮਿੰਟ ਡਾ. ਰੰਧਾਵਾ ਨੇ ਮੇਰੇ ਨਾਲ ਸਾਹਿਤ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਪ੍ਰੋ. ਪੂਰਨ ਸਿੰਘ ਦੀ ਪੁਸਤਕ ਬਾਰੇ ਗੱਲਾਂ ਛੋਹੀਆਂ। “ਚੰਗਾ ਕੀਤਾ, ਤੂੰ ਖਰੜ ਪੰਜਾਬੀ ਸਾਹਿਤ ਸਭਾ ਬਣਾਈ। ਤੈਨੂੰ ਦੱਸਾਂ ਖਰੜ ਇਲਾਕੇ ਨੂੰ ਵੀ ਹਿੰਦੀ ਏਰੀਆ ਦੱਸ ਕੇ ਹਰਿਆਣਾ ’ਚ ਸ਼ਾਮਲ ਕੀਤਾ ਜਾ ਰਿਹਾ ਸੀ, ਪਰ ਮੈਂ ਅੜ ਗਿਆ ਕਿ ਇਹ ਤਾਂ ਪੰਜਾਬੀ ਖੇਤਰ ਹੈ। ਪੰਜਾਬ ’ਚ ਰਹੇਗਾ। ਰਾਜਨੀਤੀ ਬੜੀ ਭੈੜੀ। ਤੂੰ ਆ ਜੇ ਕਰ, ਛੁੱਟੀ ਵਾਲੇ ਦਿਨ।”
ਮੈਂ ਉਨ੍ਹਾਂ ਤੋਂ ਆਗਿਆ ਲਈ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਘਰ ਪਹੁੰਚ ਗਿਆ। ਪਿਤਾ ਜੀ ਨਾਲ ਗੱਲ ਸਾਂਝੀ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਵੱਡੇ ਪੁਰਖਾਂ ਨਾਲ ਮਿਲਣਾ ਸੁਭਾਗ ਹੁੰਦਾ, ਸਿੱਖਣ ਲਈ ਮਿਲਦਾ। ਇਸ ਤੋਂ ਬਾਅਦ ਮੈਨੂੰ ਡਾ. ਰੰਧਾਵਾ ਤੇ ਬੀਬੀ ਇਕਬਾਲ ਕੌਰ ਰੰਧਾਵਾ ਨਾਲ ਮਿਲਣ ਦਾ ਮੌਕਾ ਮਿਲਦਾ ਰਿਹਾ। ਉਨ੍ਹਾਂ ਨਾਲ ਸੈਰ ਸਮੇਂ ਵੀ ਕੁਝ ਪਲ ਗੁਜ਼ਾਰੇ। ਚਾਹ ਤੇ ਜੂਸ ਪੀਣ ਦਾ ਸੁਭਾਗ ਵੀ ਮਿਲਿਆ। ਉਨ੍ਹਾਂ ਦੇ ਸੰਪਰਕ ਨਾਲ ਡਾ. ਹਰਚਰਨ ਸਿੰਘ ਦਾ ਨਾਟਕ ‘ਇਤਿਹਾਸ ਜੁਆਬ ਮੰਗਦਾ’ ਕਲਾਕਾਰ ਤੇ ਨਿਰਦੇਸ਼ਕ ਹਰਪਾਲ ਟਿਵਾਣਾ ਨੇ ਖਾਲਸਾ ਸਕੂਲ ਖਰੜ ਵਿਖੇ ਮੰਚਿਤ ਕੀਤਾ, ਜੋ ਉਸ ਵੇਲੇ ਸੱਤ ਹਜ਼ਾਰ ਦਰਸ਼ਕਾਂ ਨੇ ਵੇਖਿਆ, ਜਿਸ ਦੀ ਪ੍ਰਧਾਨਗੀ ਡਾ. ਰੰਧਾਵਾ ਨੇ ਕੀਤੀ ਤੇ ਪਹਿਲੀ ਵਾਰ ਮੈਨੂੰ ਬਤੌਰ ਪੰਜਾਬੀ ਸਾਹਿਤ ਸਭਾ ਖਰੜ ਦੇ ਪ੍ਰਧਾਨ ਵਜੋਂ ਡਾ. ਰੰਧਾਵਾ ਨੇ ਸੰਬੋਧਨ ਕਰਨ ਲਈ ਹੱਲਾਸ਼ੇਰੀ ਦਿੱਤੀ। ਇਸ ਯਾਦਗਾਰੀ ਸਮਾਗਮ ਨੂੰ ਹੁਣ ਵੀ ਯਾਦ ਕੀਤਾ ਜਾਂਦਾ ਹੈ, ਇਹ 1967 ਦਾ ਮੌਕਾ ਸੀ। ਉਸ ਤੋਂ ਬਾਅਦ ਇਸੇ ਸਕੂਲ ਵਿੱਚ ਡਾ. ਹਰਚਰਨ ਸਿੰਘ ਨਾਟਕਕਾਰ ਦਾ ਸਨਮਾਨ ਸਮਾਗਮ ਡਾ. ਰੰਧਾਵਾ ਦੀ ਅਗਵਾਈ ਤੇ ਸਰਪ੍ਰਸਤੀ ਵਿੱਚ ਕੀਤਾ ਗਿਆ। ਮੇਰੀ ਇਨਾਮੀ ਪੁਸਤਕ ‘ਸਭਿਆਚਾਰਕ ਮੁਹਾਂਦਰੇ’ ਦਾ ਮੁਖ-ਬੰਦ ਡਾ. ਰੰਧਾਵਾ ਨੇ ਬੜੇ ਉਮਾਹ ਨਾਲ ਲਿਖ ਕੇ ਮੈਨੂੰ ਮਾਣ ਤੇ ਪਿਆਰ ਬਖਸ਼ਿਆ। ‘ਪੂਰਨ ਸਿੰਘ: ਜੀਵਨੀ ਤੇ ਕਵਿਤਾ’ ਦੇ ਸਬੰਧ ਵਿੱਚ ਕੁਝ ਗੱਲਾਂ ਬੜੀਆਂ ਮਹੱਤਵਪੂਰਨ ਹਨ।
ਇਸ ਪੁਸਤਕ ਦਾ ਪ੍ਰਾਕਥਨ ਡਾ. ਰੰਧਾਵਾ ਨੇ ਪ੍ਰੋ. ਪੂਰਨ ਸਿੰਘ ਦੇ ਸਪੁੱਤਰ ਮਦਨਮੋਹਨ ਸਿੰਘ, ਜੋ ਸ਼ਿਮਲੇ ਸਬ-ਜੱਜ ਸੀ, ਤੋਂ ਲਿਖਵਾਇਆ। ਉਸ ਨੂੰ ਮਿਲ ਕੇ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਨੂੰ ਸਾਂਭਣ ਦਾ ਬੀੜਾ ਚੁੱਕਿਆ। ਪੁਸਤਕਾਂ ਪੜ੍ਹਨ ਦੇ ਸ਼ੌਕ ਕਾਰਨ ਹੀ ਡਾ. ਰੰਧਾਵਾ ਇਸ ਪੁਸਤਕ ਦੇ ਪ੍ਰਵੇਸ਼ ਵਿੱਚ ਲਿਖਦੇ ਹਨ ਕਿ ਪੂਰਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਦੀ ਅੰਗਰੇਜ਼ੀ ਪੁਸਤਕ ‘ਸਿਸਟਰਜ਼ ਔਫ਼ ਦੀ ਸਪਿਨਿੰਗ ਵੀਲ’ (ਤ੍ਰਿੰਝਣ) ਰਾਹੀਂ 1929 ਵਿੱਚ ਹੋਈ, ਉਦੋਂ ਮੈਂ ਲਾਹੌਰ ਮਿਸ਼ਨ ਕਾਲਜ ’ਚ ਪੜ੍ਹਦਾ ਸਾਂ। ਇਹ ਇੱਕ ਪੰਜਾਬੀ ਕਵੀ ਦੀ ਅੰਗਰੇਜ਼ੀ ਵਿੱਚ ਪਹਿਲੀ ਕਾਵਿ-ਰਚਨਾ ਸੀ, ਜੋ ਇੰਗਲਿਸਤਾਨ ਵਿੱਚ ਪ੍ਰਕਾਸ਼ਿਤ ਹੋਈ, ਜਿਸ ਦਾ ਮੁੱਖ ਬੰਦ ਉੱਘੇ ਕਵੀ ਅਰਨੈਸਟ ਰਾਈਸ ਨੇ ਲਿਖਿਆ ਸੀ। ਦੂਜੀ ਪੁਸਤਕ ਡਾ. ਰੰਧਾਵਾ ਨੂੰ ‘ਦੀ ਸਪਿਰਟ ਬੌਰਨ ਪੀਪਲ’ (ਰੂਹ ਦੇ ਜਾਏ) ਪ੍ਰਾਪਤ ਹੋਈ, ਜਿਸ ਨੂੰ ਪੜ੍ਹ ਕੇ ‘ਆਰਟ ਐਂਡ ਪਰਸਨੈਲਿਟੀ’ (ਕਲਾ ਤੇ ਸ਼ਖ਼ਸੀਅਤ) ਬਾਰੇ ਬਹੁਤ ਕਮਾਲ ਦੀ ਜਾਣਕਾਰੀ ਮਿਲੀ। ਇੰਝ ਹੀ ਪੂਰਨ ਸਿੰਘ ਦੀ ਜੀਵਨੀ ‘ਔਨ ਪਾਥਸ ਔਫ ਲਾਈਫ’ (ਜੀਵਨ ਮਾਰਗ ਉੱਤੇ), ਜੋ ਡਾ. ਰੰਧਾਵਾ ਨੇ 1954 ’ਚ ਛਪਵਾਈ। ਵਿਚਾਰ ਅਧੀਨ ਪੁਸਤਕ ਦਾ ਪਹਿਲਾ ਨਾਂ ‘ਪੂਰਨ ਸਿੰਘ ਰਚਨਾਵਲੀ’ ਤਜਵੀਜ਼ ਕੀਤਾ ਗਿਆ, ਪਰ ਰੰਧਾਵਾ ਸਾਹਿਬ ਨੇ ਪੂਰਨ ਸਿੰਘ ਦੀਆਂ ਕਾਵਿ-ਪੁਸਤਕਾਂ ਖੁੱਲ੍ਹੇ ਘੁੰਡ, ਖੁੱਲ੍ਹੇ ਮੈਦਾਨ, ਖੁੱਲ੍ਹੇ ਅਸਮਾਨੀ ਰੰਗ, ਖੁੱਲ੍ਹੇ ਲੇਖ ਤੇ ਹੋਰ ਅਣਛਪੀ ਸਮੱਗਰੀ ਨੂੰ ਸੋਧ-ਸੁਧਾਈ ਕਰਕੇ ‘ਪੂਰਨ ਸਿੰਘ ਜੀਵਨੀ ਤੇ ਕਵਿਤਾ’ ਨਾਂ ਥੱਲੇ ਸਾਹਿਤ ਅਕਾਦਮੀ, ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਨਾਲ ਸਬੰਧ ਹੋਣ ਕਾਰਨ ਪ੍ਰਕਾਸ਼ਿਤ ਕਰਵਾਈ।
ਕਮਾਲ ਦੀ ਗੱਲ ਇਹ ਹੈ ਕਿ ਡਾ. ਰੰਧਾਵਾ ਨੇ ਪ੍ਰੋ. ਪੂਰਨ ਸਿੰਘ ਦੀ ਸੁਪਤਨੀ ਮਾਇਆ ਦੇਵੀ ਨਾਲ ਸੰਪਰਕ ਕਰਕੇ ਇਸ ਪੁਸਤਕ ਨੂੰ ‘ਜੀਵਨੀ’ (ਪੂਰਨ ਸਿੰਘ ਦੀਆਂ ਕੁਝ ਯਾਦਾਂ) ਮੁੱਖ ਬੰਦ ਵਜੋਂ ਲਿਖਵਾਇਆ। ਮਾਇਆ ਦੇਵੀ ਪੂਰਨ ਸਿੰਘ ਨੇ ਲਗਪਗ 100 ਸਫ਼ਿਆਂ ’ਚ ਜਿਹੜੀਆਂ ਅਦੁੱਤੀ ਯਾਦਾਂ ਅਤੇ ਪੂਰਨ ਸਿੰਘ ਦੀ ਸ਼ਖ਼ਸੀਅਤ ਬਾਰੇ ਗੱਲਾਂ ਲਿਖੀਆਂ ਹਨ, ਉਹ ਬਹੁਤ ਹੀ ਮੁੱਲਵਾਨ ਤੇ ਮਨੋਹਰ ਹਨ। ਉਹ ਏਨੀ ਵਧੀਆ ਵਾਰਤਕ ਹੈ, ਕਿਰਸ਼ਕ ਆਉਂਦਾ। ‘ਸੁਆਮੀ ਜੀ’ ਕਹਿ ਕੇ ਸੰਬੋਧਨ ਕਰਦੀ ਸੀ। ਇਸ ਭਾਗ ਨੂੰ ਅੱਠ ਖੰਡਾਂ ’ਚ ਲਿਖਿਆ ਗਿਆ। ਰਾਵਲਪਿੰਡੀ, ਲਾਹੌਰ, ਡੋਈ ਵਾਲਾ, ਡੇਹਰਾਦੂਨ, ਪਟਿਆਲਾ, ਗਵਾਲੀਅਰ, ਸਰਈਆ (ਗੋਰਖਪੁਰ) ਅਤੇ ਸ਼ੇਖੂਪੁਰਾ (ਚੱਕ ਨੰ: 73/19)।
ਇੱਕ ਜ਼ਿਕਰ ਬਹੁਤ ਹੀ ਭਾਵੁਕਤਾ ਵਾਲਾ ਹੈ: “ਸੁੱਤਾ ਹੈਂ ਤਾਂ ਜਾਗ ਪੂਰਨਾ, ਤੈਨੂੰ ਮਾਇਆ ਸੀਟੀਆਂ ਮਾਰੇ।” ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਵਿੱਚ ਕਿਸੇ ਔਰਤ ਨੇ ਆਪਣੇ ਸਾਹਿਤਕਾਰ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਪਤੀ ਸਬੰਧੀ ਅਜਿਹੀ ਰਚਨਾ ਨਹੀਂ ਕੀਤੀ ਹੋਣੀ। ਇਹ ਡਾ. ਰੰਧਾਵਾ ਦੀ ਹੀ ਮਿਕਨਾਤੀਸੀ ਆਭਾ ਸੀ, ਜਿਸ ਦੇ ਫਲਸਰੂਪ ਇਹ ਲਿਖਤ ਇਸ ਪੁਸਤਕ ਦਾ ਸ਼ਿੰਗਾਰ ਹੀ ਨਹੀਂ ਸਗੋਂ ਅਸਲੀ ਰੂਹ ਦੇ ਬੋਲ ਹਨ। ਪੁਸਤਕ ਦੇ ਅਗਲੇ ਭਾਗ ’ਚ ਪੂਰਨ ਸਿੰਘ ਦੀ ਕਾਵਿ-ਰਚਨਾ ‘ਖੁੱਲ੍ਹੇ ਮੈਦਾਨ’, ‘ਖੁੱਲ੍ਹੇ ਘੁੰਡ’ ਤੇ ‘ਖੁੱਲ੍ਹੇ ਅਸਮਾਨੀ ਰੰਗ’ ਸ਼ਾਮਲ ਕੀਤੇ ਗਏ।
ਡਾ. ਰੰਧਾਵਾ ਦੀ ਪ੍ਰੋ. ਪੂਰਨ ਸਿੰਘ ਬਾਰੇ ਦ੍ਰਿਸ਼ਟੀ ਵੀ ਬਹੁਤ ਸ੍ਰੇਸ਼ਟ ਤੇ ਸਟੀਕ ਹੈ: “ਪੰਜਾਬ ਨੂੰ ਅਸੀਸ, ਮਾਰਮਿਕ ਕਵਿਤਾ ਹੈ। ਪੂਰਨ ਸਿੰਘ ਦੀ ਪ੍ਰਤਿਭਾ ਤੇ ਨਿਡਰ ਸ਼ਖ਼ਸੀਅਤ ਨੇ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਪੂਰਨ ਸਿੰਘ ਮਾਨਵਤਾ ਦਾ ਕਵੀ ਹੈ। ਉਸ ਲਈ ਧਰਮ, ਫਿਰਕੇ ਅਤੇ ਜਾਤੀ ਦੀਆਂ ਕਲਪਿਤ ਸੀਮਾਵਾਂ ਕੋਈ ਅਰਥ ਨਹੀਂ ਰੱਖਦੀਆਂ। ਪੂਰਨ ਸਿੰਘ ਦਾ ਰੱਬ ਗੁਰੂ ਨਾਨਕ ਦਾ ਰੱਬ ਹੈ। ਉਸ ਦੀ ਕਵਿਤਾ ਉਸ ਦੀ ਰਹੱਸਵਾਦੀ ਆਤਮ-ਕਥਾ ਹੈ। ਉਸ ਦੇ ਸ਼ਬਦ ਪੰਜਾਬੀ ਮੁਟਿਆਰ ਦੀਆਂ ਵੰਗਾਂ ਵਾਂਗ ਛਣਕਦੇ ਹਨ। ਉਸ ਦੀ ਸ਼ਖ਼ਸੀਅਤ ਵਿੱਚ ਉਹ ਪਾਰਸ ਸੀ, ਜਿਸ ਦੀ ਛੋਹ ਨਾਲ ਬੋਲੀ, ਵਿਚਾਰ ਤੇ ਕਲਪਨਾ ਹਰਿਮੰਦਰ ਦੇ ਸੋਨ ਕਲਸਾਂ ਵਾਂਗ ਜਗਮਗਾ ਉੱਠਦੇ ਹਨ। ਉਸ ਦੀਆਂ ਰਚਨਾਵਾਂ ਵਿੱਚ ਸਾਨੂੰ ਪੰਜਾਬ ਦੇ ਮੈਦਾਨਾਂ ਦੀ ਖੁੱਲ੍ਹ, ਸਰ੍ਹੋਂ ਦੇ ਖੇਤਾਂ ਦੀ ਸੁਗੰਧ ਅਤੇ ਪੰਜ ਦਰਿਆਵਾਂ ਦੇ ਬੇ-ਪ੍ਰਵਾਹ ਵਹਿਣਾਂ ਦੀ ਮਸਤੀ ਲਭਦੀ ਹੈ।”
ਅੰਤ ਵਿੱਚ ਡਾ. ਰੰਧਾਵਾ ਲਿਖਦੇ ਹਨ: “ਪੂਰਨ ਸਿੰਘ ਦੀ ਪੰਜਾਬ ਵਿੱਚ ਉਹੀ ਥਾਂ ਹੈ, ਜੋ ਰਾਬਿੰਦਰ ਨਾਥ ਟੈਗੋਰ ਦੀ ਬੰਗਾਲੀ, ਇਕਬਾਲ ਦੀ ਉਰਦੂ, ਗੋਇਟੇ ਦੀ ਜਰਮਨ ਅਤੇ ਨੋਗੂਚੀ ਦੀ ਜਾਪਾਨ ਦੇ ਸਾਹਿਤ ਵਿੱਚ।”
ਇਹ ਪੁਸਤਕ ਮੇਰੇ ਲਈ ਕ੍ਰਿਸ਼ਮਾ ਸਿੱਧ ਹੋਈ, ਜਿਸ ਕਾਰਨ ਮੇਰੀ ਨੇੜਤਾ ਡਾ. ਰੰਧਾਵਾ ਨਾਲ ਹੋਈ ਤੇ ਡਾ. ਰੰਧਾਵਾ ਨੂੰ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਨੇ ਮੋਹਿਤ ਕੀਤਾ। ਦੋਵੇਂ ਸ਼ਖ਼ਸੀਅਤਾਂ ਨੂੰ ਮੇਰੀ ਅਕੀਦਤ।

Leave a Reply

Your email address will not be published. Required fields are marked *