ਪਰਮਜੀਤ ਢੀਂਗਰਾ
ਫੋਨ: +91-9417358120
ਬਖਸ਼ੀ ਰਾਮ ਦਾ ਹੱਥ ਵਾਰ ਵਾਰ ਮੇਜ਼ `ਤੇ ਪਈ ਘੰਟੀ ਵੱਲ ਚਲਾ ਜਾਂਦਾ ਤੇ ਕੰਬਦੀਆਂ ਉਂਗਲਾਂ ਨਾਲ ਉਹ ਘੰਟੀ ਦੱਬ ਦੇਂਦਾ। ਹੰਸਾ ਜਿਓਂ ਹੀ ਟਰਨ… ਟਰਨ… ਦੀ ਆਵਾਜ਼ ਸੁਣਦਾ, ਦੌੜਦਾ ਹੋਇਆ ਆਉਂਦਾ, “ਜੀ, ਜਨਾਬ…।”
“ਕੁਝ ਨਹੀਂ, ਜਾਹ ਪਾਣੀ ਦਾ ਗਲਾਸ ਲਿਆ।”
ਉਹ ਚੁੱਪ-ਚਾਪ ਪਾਣੀ ਦਾ ਗਲਾਸ ਮੇਜ਼ `ਤੇ ਰੱਖ ਕੇ ਕੁਝ ਪਲ ਰੁਕਦਾ ਕਿ ਸ਼ਾਇਦ ਸਾਹਿਬ ਕੁਝ ਹੋਰ ਆਖੇ, ਪਰ ਬਖਸ਼ੀ ਰਾਮ ਨੂੰ ਤਰੇਲੀਆਂ ਆ ਰਹੀਆਂ ਸਨ। ਉਹ ਸਵੇਰ ਦਾ ਬੈਠਾ ਇੱਕ ਵੱਡੀ ਡਿਕਸ਼ਨਰੀ ਫੋਲ ਫੋਲ ਥੱਕ ਗਿਆ ਸੀ।
ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਹੋ ਜਿਹਾ ਭਾਣਾ ਵੀ ਵਾਪਰ ਸਕਦਾ ਹੈ। ਉਂਜ ਉਹ ਹਰ ਰੋਜ਼ ਇਹ ਸ਼ਬਦ ਸੁਣਦਾ ਵੀ ਆ ਰਿਹਾ ਸੀ ਤੇ ਵਰਤਦਾ ਵੀ; ਪਰ ਵੱਡੀ ਸਰਕਾਰ ਨੇ ਇਹ ਨਵੀਂ ਭਸੂੜੀ ਪਾ ਦਿੱਤੀ ਸੀ- ਅਖੇ ਇਸ ਸ਼ਬਦ ਬਾਰੇ ਵਿਸਥਾਰ ਨਾਲ ਰਿਪੋਰਟ ਭੇਜੋ ਤਾਂ ਕਿ ਵੱਖ-ਵੱਖ ਮਹਿਕਮਿਆਂ ਵਿੱਚ ਇਨ੍ਹਾਂ ਦੀ ਪਛਾਣ ਯਕੀਨੀ ਬਣਾਈ ਜਾ ਸਕੇ।
ਬਖਸ਼ੀ ਰਾਮ ਨੇ ਪੰਜਾਬੀ ਸਕੂਲ ਤੋਂ ਅੱਗੇ ਪੜ੍ਹੀ ਨਹੀਂ ਸੀ। ਬੀ.ਏ. ਅੰਗਰੇਜ਼ੀ ਵਿੱਚ ਕਰਕੇ ਉਹ ਭਲੇ ਵੇਲਿਆਂ ਵਿੱਚ ਬਾਬੂ ਲੱਗ ਗਿਆ ਸੀ। ਉਦੋਂ ਬਾਬੂ ਦਫਤਰਾਂ ਦੇ ਮਾਲਕ ਸਮਝੇ ਜਾਂਦੇ ਸਨ। ਉਨ੍ਹਾਂ ਦਾ ਰੁਤਬਾ ਸ਼ਹਿਦ ਦੇ ਛੱਤੇ ਦੀ ਰਾਣੀ ਮੱਖੀ ਵਰਗਾ ਹੁੰਦਾ ਸੀ, ਮਜਾਲ ਕੋਈ ਚੂੰ ਕਰ ਜਾਵੇ। ਲੋਕਾਂ ਨੂੰ ਵੀ ਪਤਾ ਹੁੰਦਾ ਸੀ ਕਿ ਜੇ ਕੰਮ ਕਰਾਉਣਾ ਹੈ ਤਾਂ ਬਾਬੂ ਦੀ ਖੁਸ਼ਾਮਦ ਦੇ ਨਾਲ ਨਾਲ ਚਾਂਦੀ ਦਾ ਪਹੀਆ ਵੀ ਜ਼ਰੂਰੀ ਹੈ। ਜੇ ਕੋਈ ਹਮਕੀ-ਤੁਮਕੀ ਵਾਲਾ ਚਾਂਦੀ ਦੇ ਪਹੀਏ ਤੱਕ ਨਾ ਪਹੁੰਚਦਾ ਤਾਂ ਬਾਬੂ ਟਿੰਡ ਵਿੱਚ ਅਜਿਹਾ ਕਾਨਾ ਪਾਉਂਦਾ ਕਿ ਪਹੀਆ ਨਾ ਦੇਣ ਵਾਲਾ ਚਾਂਦੀ ਦੀ ਬੱਘੀ ਦੇਣ ਲਈ ਵੀ ਤਿਆਰ ਹੋ ਜਾਂਦਾ। ਇੰਜ ਹੀ ਪਹੀਆ ਪਹੀਆ ਜੋੜ ਕੇ ਉਹ ਅਫਸਰ ਦੀ ਪਦਵੀ ਤੱਕ ਜਾ ਪਹੁੰਚਿਆ ਸੀ।
ਜਦੋਂ ਦੀ ਨਵੀਂ ਹਕੂਮਤ ਆਈ ਸੀ, ਬਖਸ਼ੀ ਰਾਮ ਕੋਲ ਚਾਂਦੀ ਦੇ ਪਹੀਏ ਘੱਟ ਗਏ ਸਨ, ਪਰ ਉਹ ਵੀ ਗੁਰੂ ਘੰਟਾਲ ਸੀ। ਉਹਨੇ ਬਾਬੂਗਿਰੀ ਵਿੱਚ ਹੁਣ ਤੱਕ ਮਾਸਟਰ ਦੀਆਂ ਕਈ ਡਿਗਰੀਆਂ ਚੁੱਪ-ਚੁੱਪੀਤੇ ਡੁੱਕ ਲਈਆਂ ਸਨ। ਕਈ ਨਵੇਂ ਨਵੇਂ ਬਣੇ ਬਾਬੂ ਉਹਨੂੰ ਗੁਰੂ ਧਾਰਨ ਨੂੰ ਫਿਰਦੇ ਸਨ। ਉਹ ਗੁਰੂ ਬਨਣ ਤੋਂ ਪਹਿਲਾਂ ਹੀ ਹਿੱਸਾ ਪੱਤੀ ਤੈਅ ਕਰ ਲੈਂਦਾ। ਇੰਜ ਉਹਨੂੰ ਬਹੁਤੀ ਸਿਰ-ਖਪਾਈ ਵੀ ਨਹੀਂ ਸੀ ਕਰਨੀ ਪੈਂਦੀ। ਦੂਜਾ ਹੁਣ ਉਹ ਕਿਸੇ ਵੀ ਅਸਾਮੀ ਨਾਲ ਦਫਤਰ ਵਿੱਚ ਸੌਦਾ ਨਹੀਂ ਸੀ ਕਰਦਾ। ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈਂਦਾ ਸੀ ਕਿ ਬੰਦਾ ਕੋਈ ਸਰਕਾਰੀਆ ਤਾਂ ਨਹੀਂ! ਹੁਣ ਕਿਹੜਾ ਕਿਸੇ ਦੇ ਮੂੰਹ `ਤੇ ਲਿਖਿਆ ਹੁੰਦਾ ਹੈ ਕਿ ਇਹ ਸਰਕਾਰੀਆ ਹੈ ਕਿ ਉਂਜ ਹੀ ਮੁਸੀਬਤ ਦਾ ਮਾਰਿਆ! ਇਹੋ ਜਿਹੇ ਬੰਦਿਆਂ ਦੀ ਪਛਾਣ ਲਈ ਉਹਨੇ ਆਪਣੀ ਤਰਕੀਬ ਘੜ ਲਈ ਸੀ। ਉਹ ਸਰਕਾਰ ਦੀ ਰੱਜ ਕੇ ਤਾਰੀਫ ਕਰਦਾ। ਜੇ ਅੱਗੋਂ ਅਸਾਮੀ ਵੀ ਉਹਦੀ ਹਾਂ ਵਿੱਚ ਹਾਂ ਮਿਲਾਉਂਦੀ ਸਿਫਤਾਂ ਦੇ ਪੁਲ਼ ਬੰਨਣ ਲੱਗ ਜਾਂਦੀ ਤਾਂ ਸਮਝੋ ਇਹ ਸਰਕਾਰੀ ਤੋਤਾ ਹੈ। ਇਹਦੇ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ।
ਜੇ ਕਿਤੇ ਅਸਾਮੀ ਅੱਗੋਂ ਚਾਰੇ ਖੁਰ ਚੁੱਕ ਕੇ ਸਰਕਾਰ ਨੂੰ ਪੈ ਨਿਕਲੇ ਤੇ ਚੋਣਾਂ ਵਿੱਚ ਕੀਤੇ ਵਾਅਦਿਆਂ ਦੇ ਪੋਤੜੇ ਫੋਲਣ ਲੱਗ ਜਾਵੇ ਤਾਂ ਸਮਝੋ ਕਿ ਝੋਟਾ ਚੋਇਆ ਜਾ ਸਕਦਾ ਹੈ। ਇਹੋ ਜਿਹੀਆਂ ਅਸਾਮੀਆਂ ਨੂੰ ਬਖਸ਼ੀ ਰਾਮ ਹੋਰ ਉਕਸਾਂਦਾ ਤੇ ਨਾਲ ਨਾਲ ਕਹਿੰਦਾ, “ਭਾਈ ਸਾਡਾ ਕੀ ਕਸੂਰ, ਆਵਾ ਹੀ ਊਤਿਆ ਪਿਐ। ਅਸੀਂ ਤਾਂ ਚਾਹੁੰਦੇ ਆਂ ਕਿ ਕਿਸੇ ਦੀ ਖੱਜਲ ਖੁਆਰੀ ਨਾ ਹੋਏ, ਹਰ ਇੱਕ ਦਾ ਕੰਮ ਬਿਨਾ ਪੈਸੇ ਤੋਂ ਹੋਵੇ, ਪਰ ਕੀ ਕਰੀਏ ਉਪਰਲੇ ਸਾਡੀ ਜਾਨ ਖਾ ਜਾਂਦੇ ਨੇ। ਜੇ ਇੱਕ ਮਹੀਨਾ ਵੀ ਭੱਤਾ ਲੇਟ ਹੋ ਜਾਏ ਤਾਂ ਉਨ੍ਹਾਂ ਦਾ ਇੱਕੋ ਤਾਹਨਾ ਹੁੰਦਾ, ਲੱਗਦੈ ਸੀਟ ਚੂੰਡੀਆਂ ਵੱਢਦੀ ਐ। ਜਲਦੀ ਜੈਤੋ ਮਿਲੂਗੀ ਢਿਚਕੂੰ ਢਿੰਚਕੂ ਕਰਦੀ ਕੁਰਸੀ। ਸਾਰਾ ਦਿਨ ਮੂੰਹ ਤੋਂ ਬਰਸਾਤੀ ਮੱਖੀ ਨਹੀਂ ਉੱਡਣੀ।”
ਉਹ ਅਸਾਮੀ ਵੱਲ ਨਿਗ੍ਹਾ ਮਾਰਦਾ। ਅਸਾਮੀ ਅੱਗੋਂ ਉਹਨੂੰ ਤਾੜ ਰਹੀ ਹੁੰਦੀ ਕਿ ਹੁਣ ਭਾਅ ਕੀ ਲੱਗੇਗਾ, ਮੋਲ-ਤੋਲ ਦੀ ਕੋਈ ਗੁੰਜਾਇਸ਼ ਹੈ ਕਿ ਨਹੀਂ। ਹਾਲਾਂਕਿ ਬਖਸ਼ੀ ਰਾਮ ਨੇ ਪਹਿਲਾਂ ਹੀ ਏਜੰਟ ਰੱਖੇ ਹੋਏ ਸਨ ਤੇ ਉਹ ਚੰਗੀ ਤਰ੍ਹਾਂ ਸਮਝਾ ਦੇਂਦੇ ਸਨ ਕਿ ਕਿੰਨਾ ਕੁ ਭਾਰ ਪਾਉਣਾ ਪਏਗਾ ਤੇ ਫਾਈਲ ਝੱਟ ਅਫਸਰ ਕੋਲੋਂ ਘੁੱਗੀ ਮਰਵਾ ਕੇ ਚੰਡੀਗੜ੍ਹ ਵੱਲ ਉੱਡਣ ਲੱਗ ਜਾਏਗੀ। ਇਸ ਉਡਾਣ ਵਿੱਚ ਏਜੰਟ ਆਪਣਾ ਹਿੱਸਾ ਪਹਿਲਾਂ ਹੀ ਬਰੈਕਟ ਲਾ ਕੇ ਰਾਖਵਾਂ ਕਰ ਲੈਂਦੇ।
ਜੇ ਕਿਸੇ ਅਸਾਮੀ ਨੂੰ ਜ਼ਿਆਦਾ ਕਾਹਲੀ ਹੁੰਦੀ ਤੇ ਚੰਡੀਗੜ੍ਹ ਫਾਈਲ ਦਾ ਪਤਾ-ਟਿਕਾਣਾ ਲੱਭਣਾ ਹੁੰਦਾ ਤਾਂ ਇਹਦੇ ਲਈ ਡੀਲ ਹੁੰਦੀ ਤੇ ਉਪਰ ਤੱਕ ਦਾ ਹਿੱਸਾ ਇਸ ਵਿੱਚ ਸ਼ਾਮਲ ਕਰਕੇ ਗੰਢ ਬੰਨ੍ਹ ਦਿੱਤੀ ਜਾਂਦੀ; ਪਰ ਉਪਰ ਕੰਮ ਕਰਾਉਣ ਦੀ ਗਾਰੰਟੀ ਬਿਲਕੁਲ ਨਾ ਲਈ ਜਾਂਦੀ ਕਿਉਂਕਿ ਉਪਰਲਿਆਂ ਦਾ ਆਪਣਾ ਨੈੱਟਵਰਕ ਤੇ ਏਜੰਟ ਸਨ। ਉਨ੍ਹਾਂ ਦੇ ਭਾਰ ਵੀ ਵੱਖਰੇ ਸਨ।
ਬਖਸ਼ੀ ਰਾਮ ਖਿਆਲਾਂ ਵਿੱਚ ਗੋਤੇ ਲਾਉਂਦਾ ਕਦੇ ਡੁੱਬਦਾ ਕਦੇ ਤੈਰਦਾ ਘੰਟੀ ਤੋਂ ਹੱਥ ਚੁੱਕ ਹੀ ਨਹੀਂ ਸੀ ਰਿਹਾ। ਹੰਸ ਰਾਜ ਉਡੀਕ ਵਿੱਚ ਖੜਾ ਸੀ ਕਿ ਫਾਇਰ ਬ੍ਰਿਗੇਡ ਦੀ ਘੰਟੀ ਬੰਦ ਹੋਵੇ ਤਾਂ ਉਹ ਸਾਹਿਬ ਨੂੰ ਪੁਛੇ ਕਿ ਕੀ ਹੁਕਮ ਐ, ਜਨਾਬ! ਪਰ ਸਾਹਿਬ ਤਾਂ ਜਿਵੇਂ ਡੌਰ ਭੌਰਾ ਹੋਇਆ ਡਿਕਸ਼ਨਰੀ ਫੋਲੀ ਜਾ ਰਿਹਾ ਸੀ, ਜਿਵੇਂ ਉਹਦੇ `ਚ ਕੋਈ ਅਸਾਮੀ ਗੁਆਚ ਗਈ ਹੋਵੇ।
ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਜਦੋਂ ਉਹ ਭੇਡ ਬਾਰੇ ਸੋਚਦਾ ਤਾਂ ਸਮਝ ਨਹੀਂ ਸੀ ਆ ਰਹੀ ਕਿ ਉਹਨੇ ਕਾਲੀ ਭੇਡ ਤਾਂ ਕਦੇ ਸਕੂਲ ਦੀ ਕਿਤਾਬ ਵਿੱਚ ਵੀ ਨਹੀਂ ਸੀ ਦੇਖੀ, ਜਿੱਥੇ ਅਕਸਰ ‘ਭ’ ਭੇਡ ਰਟਾਈ ਜਾਂਦੀ। ਕਦੇ ਕਦੇ ਉਹ ਸੋਚਦਾ ਕਿ ‘ਭ’ ਸਿਰਫ ਭੇਡ ਲਈ ਹੀ ਕਿਉਂ ਰਾਖਵਾਂ ਹੈ? ਇਹ ਹੋਰ ਕੋਈ ਕਿਉਂ ਨਹੀਂ ਹੋ ਸਕਦਾ, ਮਸਲਨ ਭੇਡੂ, ਮੱਛਰ ਦੀ ਭੀਂ ਭੀਂ, ਭੁਜਿਆ ਹੋਇਆ ਬਤਊਂ, ਭੇਜਾ। ਉਹਨੂੰ ਲੱਗਦਾ ਭੇਡ ਹੀ ਠੀਕ ਹੈ। ਹਾਲਾਂਕਿ ਉਹਨੇ ਕਦੇ ਭੇਡ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ। ਸ਼ਹਿਰਾਂ ਵਿੱਚ ਭੇਡਾਂ ਹੁੰਦੀਆਂ ਹੀ ਨਹੀਂ।
ਪਰ ਵੱਡੀ ਸਰਕਾਰ ਨੇ ਕਾਲੀਆਂ ਭੇਡਾਂ ਦਾ ਇਹ ਨਵਾਂ ਹੀ ਰੱਫੜ ਪਾ ਦਿੱਤਾ ਸੀ। ਹਾਲਾਂਕਿ ਉਹਨੇ ਕਾਲੀ ਕਮਾਈ, ਕਾਲੀਆਂ ਇੱਟਾਂ, ਕਾਲੇ ਰੋੜ, ਕਾਲੀ ਨਾਗਣੀ, ਕਾਲੀ ਗੁੱਤ, ਕਾਲੀਆਂ ਅੱਖਾਂ, ਕਾਲੇ ਸਿਆਹ ਬੰਦੇ, ਕਾਲੀ ਬੱਦਲੀ, ਕਾਲੀ ਦੀਵਾਲੀ ਤੇ ਇੱਥੋਂ ਤੱਕ ਦਾਲ ਵਿੱਚ ਕਾਲਾ ਤੇ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲੇ ਬਾਰੇ ਵੀ ਅਕਸਰ ਸੁਣਿਆ ਸੀ; ਪਰ ਕਾਲੀਆਂ ਭੇਡਾਂ ਬਾਰੇ ਉਹਦਾ ਗਿਆਨ ਸਿਫਰ ਬਰਾਬਰ ਸੀ।
ਹੁਣ ਤਤਕਾਲ ਮੰਗੀ ਜਾਣਕਾਰੀ ਅਨੁਸਾਰ ਕਾਲੀਆਂ ਭੇਡਾਂ ਦੀ ਰਿਪੋਰਟ ਤਿਆਰ ਕਰਕੇ ਉਪਰ ਭੇਜਣੀ ਸੀ। ਜਿੰਨੀ ਸਿਰ ਖਪਾਈ ਉਹਨੇ ਕਰਨੀ ਸੀ, ਕਰ ਲਈ। ਕਈ ਕੋਸ਼ ਫੋਲ ਲਏ, ਕਈ ਮਹਿਕਮਿਆਂ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਮਹਿਕਮੇ ਵਿੱਚ ਕਾਲੀਆਂ ਭੇਡਾਂ ਹਨ, ਜੇ ਹਨ ਤਾਂ ਕਿੰਨੀਆਂ? ਪਰ ਕਿਤਿਓਂ ਵੀ ਕੋਈ ਸੁਰਾਗ ਨਹੀਂ ਸੀ ਲੱਭ ਰਿਹਾ। ਕਦੇ ਉਹਨੂੰ ਲੱਗਦਾ ਕਿਸੇ ਨੇ ਕੋਈ ਸ਼ਰਾਰਤ ਹੀ ਨਾ ਕੀਤੀ ਹੋਵੇ, ਪਰ ਵੱਡੇ ਦਫਤਰ ਦਾ ਨੰਬਰ ਤੇ ਲੱਗੀ ਮੋਹਰ ਦੇਖ ਕੇ ਉਹਨੂੰ ਯਕੀਨ ਹੋ ਗਿਆ ਕਿ ਇਹ ਕਾਲੀਆਂ ਭੇਡਾਂ ਦਾ ਮਸਲਾ ਖਾਸਾ ਵੱਡਾ ਤੇ ਅਹਿਮ ਹੈ। ਇਸੇ ਕਰਕੇ ਤੁਰੰਤ ਰਿਪੋਰਟ ਮੰਗੀ ਗਈ ਹੈ, ਤਾਂ ਜੋ ਇਨ੍ਹਾਂ ਦੀ ਪਛਾਣ ਕਰਕੇ ਉਚਿਤ ਕਾਰਵਾਈ ਕੀਤੀ ਜਾ ਸਕੇ।
ਅਖੀਰ ਉਹਨੇ ਪਿਛਲਾ ਰਿਕਾਰਡ ਵੀ ਤਾੜ ਲਿਆ ਕਿ ਜਿੰਨੀ ਭਰਤੀ ਹੋਈ ਸੀ, ਉਹਦੇ ਵਿੱਚ ਕੋਈ ਕਾਲੀ ਭੇਡ ਤਾਂ ਨਹੀਂ? ਪਰ ਸਾਰੇ ਰਿਕਾਰਡ ਵਿੱਚ ਇਹਦੇ ਨਾਲ ਸੰਬੰਧਤ ਕੋਈ ਖਾਨਾ ਨਹੀਂ ਸੀ। ਉਹਨੇ ਸਰਕਾਰੀ ਮੈਨੂਅਲ ਦੀ ਵੀ ਫੋਲਾਫਾਲੀ ਕੀਤੀ, ਪਰ ਕਾਲੀਆਂ ਭੇਡਾਂ ਸ਼ਬਦ ਬਾਰੇ ਕੁਝ ਵੀ ਸਪੱਸ਼ਟ ਨਹੀਂ ਸੀ। ਅਖੀਰ ਉਹਨੇ ਫੈਸਲਾ ਕਰ ਲਿਆ ਕਿ ਉਹ ਰਿਪੋਰਟ ਨਿੱਲ ਕਰਕੇ ਭੇਜ ਦਏਗਾ ਕਿ ਇੱਥੇ ਕੋਈ ਕਾਲੀ ਭੇਡ ਨਹੀਂ, ਬਸ ਟੰਟਾ ਖਤਮ!
ਉਹਨੇ ਘੰਟੀ ਮਾਰੀ ਤੇ ਹੰਸ ਰਾਜ ਨੂੰ ਚਾਹ ਲਿਆਉਣ ਲਈ ਕਿਹਾ। ਟੁਆਇਲਟ ਵਿੱਚ ਜਾ ਕੇ ਹੌਲਾ ਹੋ ਕੇ ਉਹਨੇ ਮੂੰਹ ਧੋਤਾ ਤੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲ ਵਾਹੁਣ ਹੀ ਲੱਗਾ ਸੀ ਕਿ ਇੱਕ ਦਮ ਉਹਦੀ ਚੀਕ ਨਿਕਲਦੀ ਗਲੇ ਵਿੱਚ ਫਸ ਗਈ। ਸ਼ੀਸ਼ੇ ਵਿੱਚ ਕਾਲੀ ਭੇਡ ਜੀਭ ਕੱਢੀ ਉਹਨੂੰ ਅੱਖਾਂ ਕੱਢ ਰਹੀ ਸੀ। ਸ਼ੀਸ਼ੇ ਤੋਂ ਪਰ੍ਹਾਂ ਹੋ ਕੇ ਉਹ ਸੋਚਣ ਲੱਗਾ ਕਿ ਇਹਦਾ ਮਤਲਬ ਹੈ ਦਫਤਰ ਵਿੱਚ ਕਾਲੀ ਭੇਡ ਹੈ ਜ਼ਰੂਰ। ਉਹਨੇ ਇੱਕ ਵਾਰ ਫਿਰ ਸ਼ੀਸ਼ੇ ਵਿੱਚ ਦੇਖਣ ਦਾ ਜੇਰਾ ਕੀਤਾ, ਪਰ ਭੇਡ ਟੱਸ ਤੋਂ ਮੱਸ ਨਹੀਂ ਸੀ ਹੋਈ, ਸਗੋਂ ਉਹਦਾ ਰੰਗ ਹੋਰ ਕਾਲਾ ਸ਼ਾਹ ਹੋ ਗਿਆ ਸੀ।
ਉਹਨੇ ਕੁਰਸੀ `ਤੇ ਆਕੜ ਭੰਨਦਿਆਂ ਸਟੈਨੋ ਨੂੰ ਨੋਟਿਸ ਲਿਖਵਾਇਆ ਕਿ ਸਵੇਰੇ ਹਾਜ਼ਰੀ ਤੋਂ ਬਾਅਦ ਸਾਰੇ ਕਰਮਚਾਰੀ ਵੱਡੇ ਦਫਤਰ ਵਿੱਚ ਇਕੱਠੇ ਹੋ ਕੇ ਸ਼ੀਸ਼ੇ ਵਿੱਚ ਆਪਣੀ ਆਪਣੀ ਸ਼ਕਲ ਦੇਖਣਗੇ ਤਾਂ ਕਿ ਕਾਲੀਆਂ ਭੇਡਾਂ ਦੀ ਪਛਾਣ ਕੀਤੀ ਜਾ ਸਕੇ। ਕੱਲ੍ਹ ਕਿਸੇ ਨੂੰ ਛੁੱਟੀ ਨਹੀਂ ਮਿਲੇਗੀ। ਇਸ ਨੋਟਿਸ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ। ਗੈਰ-ਹਾਜ਼ਰ ਕਰਮਚਾਰੀ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਬਾ ਹੁਕਮ…।