ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਚੰਗੀ, ਗੁਣਕਾਰੀ ਅਤੇ ਸੇਧਮਈ ਸਾਹਿਤ ਰਚਨਾ ਕਰਨ ਦਾ ਗੁਣ ਆਪਣੇ ਆਪ ਵਿੱਚ ਹੀ ਕਿਸੇ ਸ਼ਖ਼ਸ ’ਤੇ ਪਰਮਾਤਮਾ ਵੱਲੋਂ ਕੀਤੀ ਗਈ ਇੱਕ ਅਮੁੱਲੀ ਬਖ਼ਸ਼ਿਸ਼ ਹੈ ਤੇ ਉਹ ਬੜੇ ਹੀ ਸੁਭਾਗੇ ਜੀਵ ਹੁੰਦੇ ਹਨ, ਜੋ ਬਤੌਰ ਸਾਹਿਤਕਾਰ ਚੰਗੇਰਾ ਸਾਹਿਤ ਰਚ ਕੇ ਆਪਣੀ ਮਾਂ ਬੋਲੀ, ਆਪਣੇ ਲੋਕ ਸਾਹਿਤ, ਆਪਣੇ ਸੱਭਿਆਚਾਰ, ਆਪਣੇ ਲੋਕ ਵਿਰਸੇ, ਆਪਣੇ ਮੁਲਕ ਅਤੇ ਆਪਣੇ ਮੁਲਕਵਾਸੀਆਂ ਦੇ ਨਾਲ-ਨਾਲ ਸਮੁੱਚੇ ਸੰਸਾਰ ਦੇ ਭਲੇ ਨਾਲ ਜੁੜੇ ਸਰੋਕਾਰਾਂ ਨੂੰ ਉਭਾਰਨ ਤੇ ਪ੍ਰਚਾਰਨ ਦੀ ਸੇਵਾ ਕਰਦੇ ਹਨ।
ਇਸ ਮਹਾਨ ਕਾਰਜ ਨੂੰ ਕਰਦਿਆਂ ਇੱਕ ਸਾਹਿਤਕਾਰ ਨੂੰ ਇਸ ਗੱਲ ਦਾ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਨੇ ਇਸ ਵਡਮੁੱਲੀ ਸੇਵਾ ਲਈ ਉਸਨੂੰ ਚੁਣਿਆ ਹੈ ਤੇ ਉਸ ਸੇਵਾ ਨੂੰ ਬਾਖ਼ੂਬੀ ਨਿਭਾਉਣ ਦੀ ਸੂਝ ਤੇ ਸਮਰੱਥਾ ਉਸਦੀ ਝੋਲੀ ਪਾਈ ਹੈ; ਕਿਉਂਕਿ ਇੱਕ ਚੰਗਾ ਸਾਹਿਤਕਾਰ ਬਣਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ‘ਧੰਨੁ ਲੇਖਾਰੀ ਨਾਨਕਾ’ ਜਿਹਾ ਮਹਾਂਵਾਕ ਆਪਣੇ ਆਪ ਵਿੱਚ ਹੀ ਅਰਥਾਂ ਦਾ ਸਮੁੰਦਰ ਸਮੋਈ ਬੈਠਾ ਹੈ। ਹੁਣ ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਸਾਹਿਤਕਾਰਾਂ ਨੂੰ ਮਾਇਕ ਜਾਂ ਪਦਾਰਥਕ ਰੂਪ ਵਿੱਚ ਮਾਣ-ਸਨਮਾਨ ਮਿਲਣਾ ਚਾਹੀਦਾ ਹੈ ਜਾਂ ਨਹੀਂ? ਅਤੇ ਕੀ ਸਾਹਿਤਕਾਰਾਂ ਨੂੰ ‘ਐਵਾਰਡਾਂ’ ਜਾਂ ‘ਪੁਰਸਕਾਰਾਂ’ ਦੀ ਦੌੜ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਜਾਂ ਨਹੀਂ?
ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਹਰੇਕ ਚੰਗੇ ਲੇਖਕ ਜਾਂ ਪ੍ਰਤਿਭਾਵਾਨ ਸਾਹਿਤਕਾਰ ਨੂੰ ਸਮਾਜ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਭਰਪੂਰ ਮਾਣ-ਸਨਮਾਨ ਪ੍ਰਦਾਨ ਕੀਤਾ ਹੀ ਜਾਣਾ ਚਾਹੀਦਾ ਹੈ ਤੇ ਅਕਸਰ ਹੀ ਇਹ ਪ੍ਰਦਾਨ ਕੀਤਾ ਵੀ ਜਾਂਦਾ ਹੈ। ਇਸਦੇ ਬਾਵਜੂਦ ਅਨੇਕਾਂ ਸਾਹਿਤਕਾਰ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਹੋਰ ਜ਼ਿਆਦਾ ਅਤੇ ਵੱਧ ਤੋਂ ਵੱਧ ਮਾਣ-ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇੱਥੇ ਇਹ ਮੂਲ ਗੱਲ ਸਮਝਣ ਦੀ ਲੋੜ ਹੈ ਕਿ ਜੇਕਰ ਕੋਈ ਸਾਹਿਤਕਾਰ ਆਪਣੇ ਮਨ ਦੇ ਵਲਵਲੇ ਪ੍ਰਗਟ ਕਰਨ ਲਈ ਜਾਂ ਫਿਰ ਸਾਹਿਤ, ਸੱਭਿਅਚਾਰ, ਵਿਰਸੇ ਅਤੇ ਲੋਕ ਸਰੋਕਾਰਾਂ ਲਈ ਸਾਹਿਤ ਰਚਨਾ ਕਰ ਰਿਹਾ ਹੈ ਤੇ ਲੋਕ ਉਸਦੇ ਸਾਹਿਤ ਨੂੰ ਬੜੀ ਬੇਸਬਰੀ ਨਾਲ ਪੜ੍ਹਦੇ ਤੇ ਪਲੋਸਦੇ ਹਨ ਤਾਂ ਇਹ ਆਪਣੇ ਆਪ ਵਿੱਚ ਹੀ ‘ਸਭ ਤੋਂ ਵੱਡਾ ਇਨਾਮ ਤੇ ਸਨਮਾਨ’ ਹੈ। ਜੇਕਰ ਕਿਸੇ ਸਾਹਿਤਕਾਰ ਦੀ ਸਾਹਿਤਕ ਕਿਰਤ ਪੜ੍ਹ ਕੇ ਉਸਦੇ ਪਾਠਕ ਪ੍ਰਸ਼ੰਸਾਮਈ ਖ਼ਤ ਜਾਂ ਫ਼ੋਨ ਸੁਨੇਹੇ ਲਿਖ਼ਦੇ ਹਨ ਜਾਂ ਫਿਰ ਫ਼ੋਨ ਕਰਦੇ ਹਨ ਤਾਂ ਇਸਨੂੰ ਹੀ ਸੱਚਾ ‘ਐਵਾਰਡ ਜਾਂ ਪੁਰਸਕਾਰ’ ਮੰਨ ਕੇ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਤੇ ਕਿਸੇ ਸਭਾ, ਸੁਸਾਇਟੀ ਜਾਂ ਸਰਕਾਰੀ ਤੇ ਗ਼ੈਰ-ਸਰਕਾਰੀ ਸੰਗਠਨ ਤੋਂ ਪਦਾਰਥਕ ਸਨਮਾਨ ਲੈਣ ਦੀ ਹਿਰਸ ਮਨ ਵਿੱਚ ਨਹੀਂ ਪਾਲਣੀ ਚਾਹੀਦੀ। ਮੇਰਾ ਵਿਚਾਰ ਹੈ ਕਿ ਅੱਜ ਤੱਕ ਜਿੰਨੇ ਵੀ ਸਾਹਿਤਾਕਰਾਂ ਨੂੰ ਵੱਡੇ ਜਾਂ ਛੋਟੇ ਪੁਰਸਕਾਰ ਪ੍ਰਾਪਤ ਹੋਏ ਹਨ, ਉਹ ਉਨ੍ਹਾਂ ਦੀ ਲਿਆਕਤ ਅਤੇ ਸੁਘੜ ਸਾਹਿਤਕਾਰੀ ਨਾਲ ਬਰ ਮੇਚਣ ਵਾਲੇ ਨਹੀਂ ਸਨ। ਕਈ ਸਾਹਿਤਕਾਰ ਅਜਿਹੇ ਹਨ, ਜਿਨ੍ਹਾਂ ਦਾ ਕੰਮ ਐਨਾ ਵੱਡਾ ਹੈ ਕਿ ਉਸ ਕੰਮ ਦੇ ਸਨਮੁੱਖ ਉਨ੍ਹਾਂ ਨੂੰ ਮਿਲਿਆ ਐਵਾਰਡ ਜਾਂ ਪੁਰਸਕਾਰ ਬਹੁਤ ਹੀ ਬੌਣਾ ਜਿਹਾ ਜਾਪਦਾ ਹੈ। ਦੂਜੇ ਪਾਸੇ ਅਜਿਹੇ ਸਾਹਿਤਕਾਰ ਵੀ ਹਨ, ਜਿਨ੍ਹਾਂ ਨੇ ਕੇਵਲ ਸਿਫ਼ਾਰਸ਼, ਚਾਪਲੂਸੀ ਅਤੇ ਰਿਸ਼ਵਤਖ਼ੋਰੀ ਜਿਹੇ ‘ਜੁਗਾੜ’ ਲਗਾ ਕੇ ਵੱਡੇ-ਵੱਡੇ ਪੁਰਸਕਾਰ ਹਾਸਿਲ ਕੀਤੇ ਹਨ, ਪਰ ਜਦੋਂ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਸਾਹਿਤਕਾਰ ਆਪਣੇ ਆਪ ਨੂੰ ਹਾਸਿਲ ਹੋਏ ਐਵਾਰਡ ਦੇ ਵੱਡੇ ਕੱਦ ਦੇ ਸਨਮੁੱਖ ਕਿੰਨਾ ਬੌਣਾ ਜਾਂ ਛੋਟਾ ਹੈ। ਤੀਜੀ ਸ਼੍ਰੇਣੀ ਉਨ੍ਹਾਂ ਸਾਹਿਤਕਾਰਾਂ ਦੀ ਹੈ, ਜਿਨ੍ਹਾਂ ਦੀਆਂ ਕਿਰਤਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਜਿਸ ਰਚਨਾ ਲਈ ਪੁਰਸਕਾਰ ਮਿਲਿਆ ਹੈ, ਉਹ ਵਾਕਿਆ ਹੀ ਉਸੇ ਇਨਾਮ ਜਾਂ ਪੁਰਸਕਾਰ ਦੀਆਂ ਹੱਕਦਾਰ ਸਨ।
ਇਹ ਇੱਕ ਕੌੜੀ ਸੱਚਾਈ ਹੈ ਕਿ ਜਿੰਨੀ ਵੱਡੀ ਗਿਣਤੀ ਵਿੱਚ ਅੱਜ ਸਾਹਿਤਕਾਰ, ਸਾਹਿਤ ਰਚਨਾ ਕਰ ਰਹੇ ਹਨ, ਓਨੀ ਵੱਡੀ ਗਿਣਤੀ ਵਿੱਚ ਹਰੇਕ ਸਾਹਿਤਕਾਰ ਨੂੰ ਜਾਂ ਉਸਦੀ ਰਚਨਾ ਨੂੰ ਪੁਰਸਕਾਰ ਦਿੱਤੇ ਜਾਣਾ ਸੰਭਵ ਹੀ ਨਹੀਂ ਹੈ। ਇਸ ਲਈ ਜੇਕਰ ਕੋਈ ਸਾਹਿਤਕਾਰ ਉੱਚ ਕੋਟੀ ਦਾ ਸਾਹਿਤ ਰਚ ਰਿਹਾ ਹੈ, ਪਰ ਉਸਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ ਹੈ ਤਾਂ ਉਸਨੂੰ ਝੂਰਨਾ ਨਹੀਂ ਚਾਹੀਦਾ ਹੈ ਤੇ ਉਸਨੂੰ ਪਵਿੱਤਰ ਗ੍ਰੰਥ ਗੀਤਾ ਵਿੱਚ ਦਰਜ ਭਗਵਾਨ ਸ੍ਰੀ ਕ੍ਰਿਸ਼ਨ ਦੇ ਉਸ ਅਮਰ ਸੰਦੇਸ਼ ਨੂੰ ਹਿਰਦੇ ਵਿੱਚ ਵਸਾ ਲੈਣਾ ਚਾਹੀਦਾ ਹੈ, ਜੋ ਆਖ਼ਦਾ ਹੈ- “ਹੇ ਪ੍ਰਾਣੀ, ਤੂੰ ਕੇਵਲ ਆਪਣਾ ਕਰਮ ਕਰ ਤੇ ਪੂਰੀ ਨਿਸ਼ਠਾ ਨਾਲ ਕਰ ਪਰ ਫ਼ਲ ਦੀ ਇੱਛਾ ਨਾ ਰੱਖ।”
ਦੁਨੀਆਂ ਭਰ ਵਿੱਚ ਮਸ਼ਹੂਰ ਸ਼ਾਇਰ ਮਿਰਜ਼ਾ ਗ਼ਾਲਿਬ ਨੇ ਕੋਈ ਦਰਜਨਾਂ ਸਾਹਿਤਕ ਪੁਸਤਕਾਂ ਨਹੀਂ ਰਚੀਆਂ ਸਨ। ਉਸਦਾ ‘ਦੀਵਾਨ-ਏ-ਗ਼ਾਲਿਬ’ ਇੱਕ ਅਮਰ ਰਚਨਾ ਹੈ ਤੇ ਕਈ ਸਾਲਾਂ ਤੋਂ ਪੜ੍ਹੀ ਜਾ ਰਹੀ ਹੈ ਤੇ ਕਈ ਯੁਗਾਂ ਤੱਕ ਪੜ੍ਹੀ ਜਾਵੇਗੀ। ਰੂਸੀ ਸਾਹਿਤਕਾਰ ਰਸੂਲ ਹਮਜ਼ਾਤੋਵ ਦੀ ਕ੍ਰਿਤ ‘ਮੇਰਾ ਦਾਗ਼ਿਸਤਾਨ’ ਦੁਨੀਆਂ ਦੀ ਹਰ ਜ਼ੁਬਾਨ ਵਿੱਚ ਅਨੁਵਾਦ ਹੋ ਕੇ ਪੜ੍ਹੀ ਜਾਣ ਵਾਲੀ ਅਮਰ ਸਾਹਿਤਕ ਕਿਰਤ ਹੈ। ਸ਼ੇਖ਼ ਸਾਅਦੀ, ਟੈਗੋਰ, ਮੁਨਸ਼ੀ ਪ੍ਰੇਮ ਚੰਦ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਬਟਾਲਵੀ ਦੀਆਂ ਸ਼ਬਦ ਕਿਰਤਾਂ ਨੂੰ ਲੋਕ ਬੜੀ ਹੀ ਮੁਹੱਬਤ ਅਤੇ ਖ਼ਲੂਸ ਨਾਲ ਪੜ੍ਹਦੇ ਹਨ। ਇਨ੍ਹਾਂ ਸਾਹਿਤਕਾਰਾਂ ਨੂੰ ਮਿਲ ਰਿਹਾ ਪਾਠਕਾਂ ਅਤੇ ਪ੍ਰਸ਼ੰਸਕਾਂ ਦਾ ਅਥਾਹ ਪਿਆਰ ਆਪਣੇ ਆਪ ਵਿੱਚ ਹੀ ਕਿਸੇ ‘ਨੋਬਲ ਪੁਰਸਕਾਰ’ ਤੋਂ ਵੀ ਵੱਡਾ ਪੁਰਸਕਾਰ ਹੈ। ਸੋ, ਹਰੇਕ ਸਾਹਿਤਕਾਰ ਨੂੰ ਆਪਣੀ ਸਾਹਿਤਕ ਰਚਨਾ ਦਾ ਕੱਦ-ਬੁੱਤ ਇਸ ਕਦਰ ਵੱਡਾ ਰੱਖਣਾ ਚਾਹੀਦਾ ਹੈ ਕਿ ਉਹ ਲੋਕ ਹਿਰਦਿਆਂ ਦੀਆਂ ਗਹਿਰਾਈਆਂ ਵਿੱਚ ਇਸ ਕਦਰ ਵੱਸ ਜਾਵੇ ਕਿ ਅਤਿਅੰਤ ਬਲਵਾਨ ਆਖਿਆ ਜਾਂਦਾ ਸਮਾਂ ਵੀ ਉਸਦੀ ਚਮਕ ਫਿੱਕੀ ਨਾ ਪਾ ਸਕੇ।
ਕੁਝ ਦਿਨ ਪਹਿਲਾਂ ਮੈਨੂੰ ਇੱਕ ਬਜ਼ੁਰਗ ਸਾਹਿਤਕਾਰ ਦਾ ਫ਼ੋਨ ਆਇਆ ਤੇ ਉਹ ਆਖਣ ਲੱਗੇ- “ਬੇਟਾ! ਮੈਂ ਆਪਣੇ ਆਪ ਵਿੱਚ ਇੱਕ ‘ਲੈਜੈਂਡ’ ਹਾਂ। ਤੂੰ ਮੇਰੇ ’ਤੇ ਪੀਐਚ.ਡੀ. ਕਰ। ਮੇਰੀ ਪਹੁੰਚ ਯੂਨੀਵਰਸਿਟੀ ਦੇ ਉੱਚ-ਅਹੁਦਿਆਂ ਤੱਕ ਹੈ ਤੇ ਮੈਂ ਤੇਰਾ ਥੀਸਿਸ ਜਲਦੀ ਪਾਸ ਕਰਵਾ ਦੇਵਾਂਗਾ। ਫਿਰ ਤੂੰ ਮੇਰੇ ’ਤੇ ਇੱਕ ਕਿਤਾਬ ਵੀ ਲਿਖ਼ ਤੇ ਉਸ ਕਿਤਾਬ ਦੀ ਛਪਾਈ ਦੀ ਲਾਗਤ ਦੀ ਅੱਧੀ ਰਕਮ ਵੀ ਮੈਂ ਤੈਨੂੰ ਦੇ ਦਿਆਂਗਾ…।” ਇਸ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਕਰਨ ਪਿੱਛੋਂ ਉਨ੍ਹਾਂ ਮੈਨੂੰ ‘ਪੇਸ਼ਕਸ਼’ ਕਰਦਿਆਂ ਕਿਹਾ, “ਤੂੰ ਆਪਣੀ ਇੱਕ ਫ਼ੋਟੋ ਭੇਜ। ਅਸੀਂ ਇੱਕ ‘ਸਨਮਾਨ ਸਮਾਗਮ’ ਕਰਕੇ ਤੈਨੂੰ ਦੁਸ਼ਾਲਾ ਦਿਆਂਗੇ ਤੇ ਤੇਰੀ ਫ਼ੋਟੋ ਜੜਿਆ ਇੱਕ ਮੋਮੈਂਟੋ ਵੀ ਭੇਟ ਕਰਾਂਗੇ।” ਉਸ ਬਜ਼ੁਰਗ ਸਾਹਿਤਕਾਰ ਦੇ ਉਕਤ ਵਾਕਾਂ ਨੇ ਹੀ ਉਕਤ ਸਮੁੱਚਾ ਵਿਸਥਾਰ ਲਿਖਣ ਦਾ ਬੀਜ ਮੇਰੇ ਅੰਦਰ ਬੀਜਿਆ ਸੀ। ਮੈਨੂੰ ਪਤਾ ਹੈ ਕਿ ਇਸ ਤਰੀਕੇ ਨਾਲ ਵੱਖ-ਵੱਖ ਅਖੌਤੀ ਸਾਹਿਤਕ ਸਭਾਵਾਂ ਤੋਂ ਸਨਮਾਨਿਤ ਹੋਣ ਵਾਲੇ ਸਾਹਿਤਕਾਰਾਂ ਤੇ ਸਾਹਿਤਕ ਪੱਤਰਕਾਰਾਂ ਦੀ ਕੋਈ ਕਮੀ ਨਹੀਂ ਹੈ, ਪਰ ਮੇਰੀ ਜ਼ਮੀਰ ਉਸ ਭੀੜ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਦਿੰਦੀ ਹੈ। ਮੈਂ ਬੜੇ ਹੀ ਸਤਿਕਾਰ ਸਹਿਤ ਉਸ ਬਜ਼ੁਰਗ ਸਾਹਿਤਕਾਰ ਤੋਂ ਉਕਤ ‘ਮਾਣ-ਸਨਮਾਨ’ ਲੈਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ।
ਉਕਤ ਪ੍ਰਸੰਗ ਦਾ ਜ਼ਿਕਰ ਕਰਨ ਦਾ ਮੇਰਾ ਮੰਤਵ ਕਿਸੇ ਸਤਿਕਾਰਤ ਸਾਹਿਤਕਾਰ ਨੂੰ ਨੀਵਾਂ ਵਿਖਾਉਣਾ ਨਹੀਂ ਹੈ, ਸਗੋਂ ਮੇਰਾ ਅਸਲ ਮਕਸਦ ਉਨ੍ਹਾਂ ਹਜ਼ਾਰਾਂ ਸਾਹਿਤਕਾਰਾਂ ਦੇ ‘ਪ੍ਰਤੀਕ’ ਵਜੋਂ ਉਕਤ ਬਜ਼ੁਰਗ ਸਾਹਿਤਕਾਰ ਦਾ ਜ਼ਿਕਰ ਕਰਨਾ ਹੈ, ਜੋ ‘ਸਵੈ-ਸਿਫ਼ਤ’ ਲਈ ਤਰਲੋਮੱਛੀ ਹੁੰਦੇ ਰਹਿੰਦੇ ਹਨ ਤੇ ਕਿਸੇ ਸੁਆਰਥ ਖ਼ਾਤਿਰ ਕਿਸੇ ਦੂਜੇ ਸਾਹਿਤਕਾਰ ਜਾਂ ਪੱਤਰਕਾਰ ਨੂੰ ‘ਸਨਮਾਨਿਤ’ ਕਰਦੇ ਹਨ। ਕੁਝ ਇੱਕ ਸਾਹਿਤਕਾਰ ਤਾਂ ਵੱਖ-ਵੱਖ ਸਾਹਿਤਕ ਜਥੇਬੰਦੀਆਂ ਕਾਇਮ ਕਰ ਲੈਂਦੇ ਹਨ ਤੇ ਹਰੇਕ ਸਾਹਿਤਕ ਸਮਾਗਮ ਵਿੱਚ ‘ਤੂੰ ਮੇਰਾ ਸਨਮਾਨ ਕਰ, ਮੈਂ ਤੇਰਾ ਸਨਮਾਨ ਕਰਦਾ ਹਾਂ’ ਦੀ ਨੀਤੀ ’ਤੇ ਕੰਮ ਕਰਦਿਆਂ ਇੱਕ ਦੂਜੀ ਜਥੇਬੰਦੀ ਦੇ ਮੁਖੀ ਨੂੰ ਹੀ ਹਰ ਵਾਰ ਸਮਾਗਮ ਦੀ ਪ੍ਰਧਾਨਗੀ ਲਈ ਸੱਦ ਲੈਂਦੇ ਹਨ ਤੇ ਮੁੜ-ਘਿੜ ਕੇ ਇੱਕ ਦੂਜੇ ਦਾ ਹੀ ਸਨਮਾਨ ਕਰੀ ਜਾਂਦੇ ਹਨ। ਕਿਸੇ ਮਾਣ-ਸਨਮਾਨ ਦੇ ਸਹੀ ਪਾਤਰ ਨਾ ਹੁੰਦਿਆਂ ਹੋਇਆਂ ਵੀ ਐਵੇਂ ਹੀ ਝੂਠੇ ‘ਪ੍ਰਸ਼ੰਸਾ ਪੱਤਰ’, ‘ਖੋਖਲੇ ਮੋਮੈਂਟੋ’ ਅਤੇ ‘ਵੱਡੇ ਪੁਰਸਕਾਰ’ ਆਪਣੀ ਝੋਲੀ ਪੁਆ ਲੈਣਾ ਸਰਾਸਰ ਜ਼ਮੀਰਕੁਸ਼ੀ ਹੈ। ਹਰੇਕ ਸਾਹਿਤਕਾਰ ਨੂੰ ਇਨਾਮਾਂ ਤੇ ਸਨਮਾਨਾਂ ਦੀ ਦੌੜ ਨੂੰ ਛੱਡ ਕੇ ਕੇਵਲ ਤੇ ਕੇਵਲ ਚੰਗਾ, ਸੁਚੱਜਾ, ਸੁਥਰਾ ਤੇ ਸੇਧਮਈ ਸਾਹਿਤ ਰਚਣ ਵੱਲ ਧਿਆਨ ਕਰਨਾ ਚਾਹੀਦਾ ਹੈ ਅਤੇ ਲੋਕ ਗੀਤਾਂ ਜਿਹਾ ਪਾਏਦਾਰ ਤੇ ਲੰਮੇਰੀ ਉਮਰ ਵਾਲਾ ਸਾਹਿਤ ਰਚਣਾ ਚਾਹੀਦਾ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਪੜ੍ਹਿਆ ਤੇ ਪਿਆਰਿਆ ਜਾਵੇ।