ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੇ ਦੁੱਖ ਪਿੰਡੇ ਜਾਂ ਮਨ ‘ਤੇ ਹੰਢਾਏ ਹਨ, ਉਸ ਨਾਲ ਜੁੜੀਆਂ ਯਾਦਾਂ ਅਤੇ ਯਾਦਾਂ ਵਿੱਚੋਂ ਉਠਦੀਆਂ ਚੀਸਾਂ ਦਾ ਦਰਦ ਉਹ ਹੀ ਕਿਆਸ ਸਕਦੇ ਹਨ। ਇਸ ਮੌਕੇ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਕੀ ਜ਼ਮੀਨ/ਜਾਇਦਾਦ, ਕੀ ਮਾਲ-ਡੰਗਰ ਤੇ ਕੀ ਰਿਸ਼ਤੇ-ਨਾਤੇ! ਅਜਿਹੀਆਂ ਹੀ ਅਭੁੱਲ, ਮਿੱਠੀਆਂ-ਖੱਟੀਆਂ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ ਕਲਮਕਾਰ ਸਾਂਵਲ ਧਾਮੀ ਨੇ ਕੁਝ ਇਸ ਲਹਿਜ਼ੇ ‘ਚ ਖੋਲ੍ਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ, ਪਾਠਕ ਇਨ੍ਹਾਂ ਨੂੰ ਪਰੁੱਚ ਕੇ ਪੜ੍ਹਨਗੇ…
ਸਾਂਵਲ ਧਾਮੀ
ਫੋਨ:+91-9781843444
ਉਸਨੂੰ ਨਾ ਤਾਂ ਮਾਪਿਆਂ ਦਾ ਨਾਂ ਯਾਦ ਹੈ, ਨਾ ਹੀ ਆਪਣਾ।
ਸੰਤਾਲ਼ੀ ਨੇ ਉਸਦਾ ਨਾਂ, ਘਰ ਤੇ ਪਰਿਵਾਰ ਸਭ ਕੁਝ ਬਦਲ ਕੇ ਰੱਖ ਦਿੱਤਾ। ਲਾਹੌਰ ਤੋਂ ਤੁਰੇ, ਉਹਦੇ ਨਿੱਕੇ-ਨਿੱਕੇ ਪੈਰ, ਉਹਨੂੰ ਹੁਸ਼ਿਆਰਪੁਰ ਦੇ ਕਸਬੇ ਤਲਵਾੜੇ ਤੱਕ ਲੈ ਆਏ। ਅੱਜ ਉਸਦਾ ਨਾਂ ਸਤੀਸ਼ ਕੁਮਾਰ ਹੈ। ਉਹ ਇੱਕ ਸੇਵਾ-ਮੁਕਤ ਮੁਲਾਜ਼ਮ ਹੈ ਤੇ ਆਪਣੇ ਪਰਿਵਾਰ ’ਚ ਸੁੱਖ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ।
ਵੰਡ ਵੇਲੇ ਮਸਾਂ ਚਾਰ-ਪੰਜ ਕੁ ਸਾਲਾਂ ਦਾ ਸੀ ਉਹ। ਉਸਨੂੰ ਧੁੰਦਲਾ-ਧੁੰਦਲਾ ਜਿਹਾ ਯਾਦ ਹੈ ਕਿ ਅਨਾਰਕਲੀ ਬਾਜ਼ਾਰ ’ਚ ਉਨ੍ਹਾਂ ਦਾ ਘਰ ਸੀ ਤੇ ਉਸਦਾ ਬਾਪ ਕਿਸੇ ਮੰਦਰ ’ਚ ਪੁਜਾਰੀ ਹੁੰਦਾ ਸੀ।
ਉਸ ਘਟਨਾ ਤੋਂ ਬਾਅਦ, ਉਸਦੀਆਂ ਅੱਖਾਂ ਨੇ ਕਰੀਬ ਛੱਬੀ ਹਜ਼ਾਰ ਵਾਰ ਸੂਰਜ ਅਸਤ ਹੁੰਦਿਆਂ ਵੇਖਿਆ ਹੋਵੇਗਾ, ਪਰ ਉਹ ਮਨਹੂਸ ਸ਼ਾਮ ਅੱਜ ਵੀ ਉਸਦੇ ਦਿਲ ਦੀ ਕਿਸੇ ਪਰਤ ’ਚ ਸਹਿਮੀ ਘੁੱਗੀ ਵਾਂਗ ਲੁਕ ਕੇ ਬੈਠੀ ਹੋਈ ਹੈ। ਜਦ ਕਦੇ ਵੀ ਉਹ ਸ਼ਾਮ ਗੁਟਕਦੀ ਹੈ ਤਾਂ ਉਸਦੇ ਮਨ-ਮਸਤਕ ’ਚ ਨੰਗੀਆਂ ਤਲਵਾਰਾਂ ਲਿਸ਼ਕ ਉੱਠਦੀਆਂ ਨੇ।
“ਮੇਰਾ ਬਾਪ ਕਿਸੇ ਘਰ ਤੋਂ ਕਥਾ ਕਰਕੇ ਪਰਤਿਆ ਸੀ। ਦਰਵਾਜ਼ਾ ਲੰਘਦਿਆਂ ਹੀ ਹਮਲਾਵਰਾਂ ਉਸਨੂੰ ਕਤਲ ਕਰ ਦਿੱਤਾ ਸੀ। ਮਾਂ ਨੂੰ ਧਾੜਵੀਆਂ ਮਾਰ ਸੁੱਟਿਆ ਜਾਂ ਆਪਣੇ ਨਾਲ਼ ਲੈ ਗਏ, ਇਹ ਨਹੀਂ ਪਤਾ ਮੈਨੂੰ! ਉਨ੍ਹਾਂ ਮੈਨੂੰ ਵੀ ਨਹੀਂ ਬਖ਼ਸ਼ਿਆ। ਮੇਰੇ ਪੇਟ ’ਚ ਵੀ ਕੁਝ ਮਾਰਿਆ। ਆਹ ਨਿਸ਼ਾਨ…।”
ਬਾਲ-ਰੁੱਤੇ ਮਿਲੇ ਜ਼ਖ਼ਮ ਦਾ ਨਿਸ਼ਾਨ ਉਹਦਾ ਜਿਸਮ ਬਹੱਤਰ ਵਰਿ੍ਹਆਂ ਤੋਂ ਚੁੱਕੀ ਫਿਰਦੈ। ਝੱਗਾ ਚੁੱਕਦਿਆਂ ਉਹ ਇਸ ਨਿਸ਼ਾਨ ਨੂੰ ਇਉਂ ਵਿਖਾਉਂਦੈ, ਜਿਉਂ ਕੋਈ ਬੁੱਢਾ ਅਥਲੀਟ ਆਪਣਾ ਇਕਲੌਤਾ ਤਮਗਾ ਵਿਖਾ ਰਿਹਾ ਹੋਵੇ।
“ਅਨਾਰਕਲੀ ਬਾਜ਼ਾਰ ਦੇ ਕੋਨੇ ’ਚ ਘਰ ਸੀ ਸਾਡਾ। ਓਥੇ ਹਰ ਕਿਸਮ ਦੀਆਂ ਦੁਕਾਨਾਂ ਸਨ। ਬੈਂਕ ਸੀ। ਡਾਕਖਾਨਾ ਵੀ ਸੀ। ਕਦੇ-ਕਦੇ ਅਸੀਂ ਬਾਜ਼ਾਰ ਜਾਂਦੇ। ਅੱਜ ਵੀ ਸੁਪਨਿਆਂ ’ਚ ਉਹ ਮਾਹੌਲ ਆ ਜਾਂਦੈ। ਬਾਪ ਤੇ ਮਾਂ ਦੇ ਚਿਹਰੇ ਵੀ ਯਾਦ ਆਉਂਦੇ ਨੇ, ਪਰ ਧੁੰਦਲੇ-ਧੁੰਦਲੇ। ਬਾਪ ਮੇਰਾ ਰਿਸ਼ਟ-ਪੁਸ਼ਟ ਆਦਮੀ ਸੀ। ਗੋਰਾ ਰੰਗ ਸੀ ਉਸਦਾ। ਮਾਂ ਵੀ ਸੋਹਣੀ ਤੇ ਸਿਹਤਮੰਦ ਸੀ। ਕਿਸੇ-ਕਿਸੇ ਦਿਨ ਉਹ ਮੈਨੂੰ ਮੰਦਰ ਵੀ ਲੈ ਜਾਂਦੇ। ਮੇਨ ਦਰਵਾਜ਼ਾ ਦੱਖਣ ਦਿਸ਼ਾ ’ਚ ਸੀ। ਕਾਫ਼ੀ ਵੱਡਾ ਮੰਦਰ ਸੀ ਉਹ। ਤਸਵੀਰਾਂ ਨਾਲ਼ ਭਰਿਆ ਹੋਇਆ ਸੀ। ਓਥੇ ਕ੍ਰਿਸ਼ਨ ਮਹਾਰਾਜ ਵੀ ਸਨ ਤੇ ਹਨੂੰਮਾਨ ਜੀ ਵੀ। ਭਜਨ ਚੱਲ ਰਹੇ ਹੁੰਦੇ। ਹੋਰ ਕਿਸੇ ਰਿਸ਼ਤੇ ਦੀ ਕੋਈ ਯਾਦ ਨਹੀਂ ਮੈਨੂੰ। ਨਾਲ਼ ਖੇਡਣ ਵਾਲ਼ੇ ਬੱਚਿਆਂ ਦਾ ਵੀ ਚੇਤਾ ਨਹੀਂ ਕੋਈ।”
“ਉਸ ਸ਼ਾਮ ਕੀ ਹੋਇਆ ਸੀ?” ਮੈਂ ਹਮਲੇ ਬਾਰੇ ਥੋੜ੍ਹੀ ਤਫ਼ਸੀਲ ਚਾਹੁੰਦਾ ਹਾਂ।
“ਸ਼ਾਮ ਦਾ ਵਕਤ ਸੀ। ਮੈਂ ਤੇ ਮੇਰੀ ਮਾਂ ਤਾਂ ਮਕਾਨ ਦੇ ਅੰਦਰ ਹੀ ਸਾਂ। ਉਹ ਨਾਹਰੇ ਲਗਾਉਂਦੇ ਆਏ। ਉਨ੍ਹਾਂ ਦੇ ਹੱਥਾਂ ’ਚ ਛੁਰੀਆਂ ਤੇ ਤਲਵਾਰਾਂ ਸਨ। ਮੈਂ ਇਨ੍ਹਾਂ ਅੱਖਾਂ ਨਾਲ਼ ਕਤਲ ਹੁੰਦੇ ਵੇਖਿਆ ਸੀ, ਆਪਣੇ ਬਾਪ ਨੂੰ। ਮੇਰੀ ਮਾਂ…! ਆਪਣੇ ਵਲ਼ੋਂ ਤਾਂ ਉਹ ਮੈਨੂੰ ਵੀ ਖ਼ਤਮ ਕਰ ਗਏ ਸੀ। ਉਹ ਤਾਂ ਮੌਕੇ ’ਤੇ ਮਿਲਟਰੀ ਜਾਂ ਪੁਲਸ ਪਹੁੰਚ ਗਈ ਸੀ। ਜ਼ਖ਼ਮੀਆਂ ਨੂੰ ਉਨ੍ਹਾਂ ਹਸਪਤਾਲ ਪਹੁੰਚਾ ਦਿੱਤਾ ਸੀ। ਪਤਾ ਨਹੀਂ ਕਿੰਨੇ ਦਿਨ ਰਿਹਾ ਸਾਂ, ਮੈਂ ਓਥੇ। ਜਦੋਂ ਥੋੜ੍ਹਾ ਠੀਕ ਹੋ ਗਿਆ ਤਾਂ ਕਿਸੇ ਬਾਂਹ ਫੜ ਕੇ ਮੈਨੂੰ ਹਸਪਤਾਲੋਂ ਬਾਹਰ ਵੱਲ ਤੋਰ ਦਿੱਤਾ ਸੀ। ਹੁਣ ਮੈਂ ਕਿਹਦੇ ਕੋਲ਼ ਜਾਂਦਾ? ਉੱਜੜੇ ਲੋਕਾਂ ਦੇ ਹਜੂਮ ਨਾਲ਼ ਧੱਕੇ-ਧੁੱਕੇ ਖਾਂਦਾ, ਮੈਂ ਵੀ ਸਟੇਸ਼ਨ ’ਤੇ ਪਹੁੰਚ ਗਿਆ ਸਾਂ। ਓਥੋਂ ਗੱਡੀ ਚੜ੍ਹ ਗਿਆ। ਜਿਸ ਸਟੇਸ਼ਨ ’ਤੇ ਮੈਂ ਉਤਰਿਆ, ਉਹ ਯੂ.ਪੀ. ਦਾ ਸ਼ਹਿਰ ਮੁਰਾਦਾਬਾਦ ਸੀ।
ਕੋਈ ਢਾਈ-ਤਿੰਨ ਕਿਲੋਮੀਟਰ ਦਾ ਸਫ਼ਰ ਕਰ ਕੇ ਮੈਂ ਸ਼ਹਿਰ ਅੰਦਰ ਆਇਆ। ਤਰਕਾਲ਼ਾਂ ਹੋ ਗਈਆਂ ਸਨ। ਓਥੇ ਇੱਕ ਮੰਦਰ ਸੀ। ਆਰਤੀ ਹੋ ਰਹੀ ਸੀ। ਮੈਂ ਵੀ ਅੰਦਰ ਚਲਾ ਗਿਆ। ਭੁੱਖ ਲੱਗੀ ਹੋਈ ਸੀ, ਪਰ ਕਿਹਨੂੰ ਕਹਿੰਦਾ? ਮੰਦਰ ਦੇ ਨਾਲ਼ ਇੱਕ ਦੁਕਾਨ ਸੀ। ਓਥੇ ਬੈਂਚ ਡੱਠਾ ਪਿਆ ਸੀ। ਮੈਂ ਓਥੇ ਲੰਮਾ ਪੈ ਗਿਆ। ਪਤਾ ਨਹੀਂ ਕਿਹੜੇ ਵੇਲੇ ਮੇਰੀ ਅੱਖ ਲੱਗ ਪਈ। ਜਦੋਂ ਅੱਖ ਖੁਲ੍ਹੀ ਤਾਂ ਮੇਰੇ ਆਸ-ਪਾਸ ਕੁਝ ਜਨਾਨੀਆਂ ਤੇ ਬੰਦੇ ਇਕੱਠੇ ਹੋਏ ਪਏ ਸਨ।
ਬੇਟਾ ਤੂੰ ਕੌਣ ਏ? ਤੇਰੇ ਮਾਪੇ ਕਿੱਥੇ ਨੇ? ਤੂੰ ਕਿੱਥੋਂ ਆਇਆਂ? ਤੂੰ ਕਿੱਥੇ ਜਾਣਾ? ਉਹ ਮੈਨੂੰ ਸਵਾਲ ਪੁੱਛਣ ਲੱਗੇ।
ਮੈਂ ਤੋਤਲੀ ਜ਼ੁਬਾਨ ’ਚ ਆਪਣੀ ਕਹਾਣੀ ਸੁਣਾਈ। ਉਹ ਸਾਰੇ ਰੋਣ ਲੱਗ ਪਏ। ਓਥੇ ਮੈਂ ਵੀ ਬਹੁਤ ਰੋਇਆ। ਉਸ ਭੀੜ ’ਚ ਇੱਕ ਲਾਲਾ ਹੇਤ ਰਾਮ ਵੀ ਸਨ। ਉਹ ਮੈਨੂੰ ਆਪਣੇ ਘਰ ਲੈ ਗਏ। ਨੁਹਾਇਆ, ਕੱਪੜੇ ਬਦਲੇ ਤੇ ਰੋਟੀ ਖਵਾਈ। ਉਨ੍ਹਾਂ ਦੀ ਦੁਕਾਨ ਸੀ, ਕਰਿਆਨੇ ਦੀ। ਓਥੇ ਮੈਂ ਤਿੰਨ ਕੁ ਸਾਲ ਰਿਹਾ। ਫਿਰ ਮੇਰੇ ਪੜ੍ਹਨ ਦਾ ਵਕਤ ਆ ਗਿਆ। ਉਨ੍ਹਾਂ ਦੇ ਬੱਚੇ ਵੀ ਪੜ੍ਹਦੇ ਸਨ। ਉਹ ਮੀਆਂ-ਬੀਵੀ ਕਈ ਦਿਨ ਸਲਾਹ ਕਰਦੇ ਰਹੇ। ਆਖ਼ਰ ਉਨ੍ਹਾਂ ਮੈਨੂੰ ਪੜ੍ਹਨ ਵਾਸਤੇ ਹਰਿਦਵਾਰ ਦੇ ਗੁਰੂਕੁੱਲ ਕਾਂਗੜੀ ’ਚ ਭੇਜ ਦਿੱਤਾ।
ਗੁਰੂਕੁੱਲ ਕਾਂਗੜੀ ’ਚ ਇਸ ਇਲਾਕੇ ਦੇ ਇੱਕ ਪ੍ਰੋਫੈਸਰ ਹੁੰਦੇ ਸਨ। ਧਰਮਪੁਰ ਪਿੰਡ ਸੀ ਉਨ੍ਹਾਂ ਦਾ। ਨਾਂ ਸੀ ਚੰਦਰ ਕੇਤੂ। ਉਹ ਸ਼ਹੀਦ ਭਗਤ ਸਿੰਘ ਹੁਰਾਂ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਦੇ ਸਕੇ ਭਾਈ ਸਨ। ਮੈਂ ਬਾਅਦ ’ਚ ਜਿਨ੍ਹਾਂ ਦਾ ਪੁੱਤ ਬਣਿਆ, ਉਨ੍ਹਾਂ ਪ੍ਰੋਫ਼ੈਸਰ ਸਾਹਿਬ ਨੂੰ ਆਖਿਆ ਹੋਇਆ ਸੀ ਕਿ ਅਗਰ ਕੋਈ ਲਾਵਾਰਿਸ ਬੱਚਾ ਮਿਲੇ ਤਾਂ ਸਾਨੂੰ ਇਤਲਾਹ ਜ਼ਰੂਰ ਦੇਣੀ।
ਓਧਰ ਲਾਲਾ ਹੇਤ ਰਾਮ ਹੁਰੀਂ ਗੁਰੂਕੁੱਲ ਕਾਂਗੜੀ ਦੇ ਪ੍ਰਬੰਧਕਾਂ ਮੂਹਰੇ ਇਹ ਸ਼ਰਤ ਰੱਖੀ ਹੋਈ ਸੀ ਕਿ ਅਗਰ ਕੋਈ ਮੇਰਾ ਵਾਲੀ-ਵਾਰਸ ਬਣਨਾ ਚਾਹੇ ਤਾਂ ਪਹਿਲਾਂ ਉਹਦਾ ਬੈਂਕ ਬੈਲੇਂਸ, ਜ਼ਮੀਨ-ਜਾਇਦਾਦ ਤੇ ਪਿੰਡ ’ਚ ਉਹਦੀ ਹੈਸੀਅਤ ਜ਼ਰੂਰ ਵੇਖੀ ਜਾਵੇ। ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਏ ਕਿ ਬੱਚਾ ਉਸ ਘਰ ਜਾ ਕੇ ਰੁਲ਼ੇ ਨਾ।
ਪ੍ਰੋਫ਼ੈਸਰ ਸਾਹਿਬ ਨੇ ਮੇਰੇ ਨਵੇਂ ਮਾਪਿਆਂ ਨੂੰ ਖ਼ਤ ਪਾਇਆ। ਮੇਰਾ ‘ਬਾਪ’ ਗੁਰੂਕੁੱਲ ਕਾਂਗੜੀ ਪਹੁੰਚਿਆ। ਪ੍ਰੋਫ਼ੈਸਰ ਸਾਹਿਬ ਨੇ ਮੈਨੂੰ ਆਖਿਆ- ਜਿਨ੍ਹਾਂ ਨੂੰ ਤੂੰ ਲੱਭਦਾ ਪਿਆ ਸੀ, ਤੇਰੇ ਉਹ ਪਿਤਾ ਜੀ ਆ ਗਏ ਨੇ। ਤੇਰੀ ਮਾਂ ਵੀ ਜਿਉਂਦੀ ਏ। ਬਿਲਕੁਲ ਠੀਕ-ਠਾਕ ਏ। ਤੈਨੂੰ ਘਰ ਬੈਠੀ ਉਡੀਕਦੀ ਪਈ ਏ।
ਮੈਨੂੰ ਤਾਂ ਪਤਾ ਸੀ ਕਿ ਉਹ ਝੂਠ ਬੋਲ ਰਹੇ ਨੇ, ਪਰ ਮੈਂ ਚੁੱਪ ਰਿਹਾ। ਉਹ ਮੈਨੂੰ ਗੁਰੂਕੁੱਲ ਤੋਂ ਬਾਹਰ ਲੈ ਗਏ। ਮਠਿਆਈ ਖਿਲਾਈ। ਮੈਂ ਬੱਚਾ ਸਾਂ। ਖ਼ੁਸ਼ ਹੋ ਗਿਆ। ਤੀਸਰੇ ਦਿਨ ਉਹ ਮੈਨੂੰ ਇੱਥੇ ਲੈ ਆਏ। ਬਾਰ੍ਹਾਂ ਅਗਸਤ, ਉੱਨ੍ਹੀ ਸੌ ਪੰਜਾਹ ਦਾ ਦਿਨ ਸੀ ਉਹ। ਮੈਨੂੰ ਨਵਾਂ ਇਲਾਕਾ, ਨਵਾਂ ਘਰ ਤੇ ਨਵੇਂ ਮਾਪੇ ਮਿਲ ਗਏ।
ਇਹ ਦੋ ਭਾਈ ਸਨ। ਛੋਟੇ ਸੰਤ ਰਾਮ ਦਾ ਵਿਆਹ ਹੋਇਆ ਸੀ, ਪਰ ਕੋਈ ਬੱਚਾ ਨਹੀਂ ਹੋਇਆ। ਵੱਡੇ ਭਗਤ ਰਾਮ ਜੀ ਨੇ ਵਿਆਹ ਨਹੀਂ ਸੀ ਕਰਵਾਇਆ। ਮੈਂ ਇਨ੍ਹਾਂ ਦਾ ਧਰਮ-ਪੁੱਤਰ ਬਣ ਗਿਆ। ਮੈਂ ਅਕਸਰ ਸੋਚਦਾਂ ਕਿ ਇਸ ਘਰ ’ਚ ਕੋਈ ਬੱਚਾ ਇਸ ਕਰਕੇ ਨਹੀਂ ਸੀ ਆਇਆ, ਮੈਂ ਜੋ ਆਉਣਾ ਸੀ। ਇਨ੍ਹਾਂ ਮੈਨੂੰ ਪੂਰਾ ਪਿਆਰ ਦਿੱਤਾ। ਕਦੇ ਕੋਈ ਫ਼ਰਕ ਨਹੀਂ ਕੀਤਾ। ਆਪਣਾ ਘਰ ਤੇ ਜ਼ਮੀਨ ਮੇਰੇ ਨਾਂ ਲਗਵਾ ਦਿੱਤੇ।
ਦੋ ਕੁ ਸਾਲ ਬਾਅਦ ਲਾਲਾ ਹੇਤ ਰਾਮ ਹੁਰੀਂ ਪ੍ਰੋਫ਼ੈਸਰ ਸਾਹਿਬ ਨੂੰ ਚਿੱਠੀ ਵੀ ਲਿਖੀ ਸੀ ਕਿ ਸਤੀਸ਼ ਕਿੱਥੇ ਆ ਤੇ ਕਿਸ ਹਾਲ ’ਚ ਆ? ਸਾਨੂੰ ਮਿਲਾਓ ਤਾਂ ਸਹੀ।
ਅਸੀਂ ਹਰਿਦਵਾਰ ਗਏ, ਲਾਲੇ ਹੁਰਾਂ ਨੂੰ ਉਡੀਕਦੇ ਰਹੇ, ਪਰ ਉਹ ਆਏ ਨਹੀਂ ਸਨ।
ਮੈਂ ਪੜ੍ਹਾਈ ਕੀਤੀ। ਫਿਰ ਨੌਕਰੀ ਕੀਤੀ। ਵਿਆਹ ਵੀ ਹੋ ਗਿਆ। ਮੇਰੇ ਵਿਆਹ ਤੋਂ ਛੇਤੀ ਮਗਰੋਂ ਇੱਕ-ਇੱਕ ਕਰਕੇ ਉਹ ਤਿੰਨੋਂ ਬਜ਼ੁਰਗ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।
ਉਦੋਂ ਕੱਚੇ ਕੋਠੇ ਹੁੰਦੇ ਸਨ। ਸਿਆਲ ਦੀਆਂ ਸ਼ਾਮਾਂ ਨੂੰ ਮੈਂ ਅੰਗੀਠੀ ਮਘਾ ਲੈਣੀ। ਆਂਢ-ਗੁਆਂਢ ਦੇ ਬਜ਼ੁਰਗ ਜੁੜ ਜਾਂਦੇ। ਉਹ ਮੈਥੋਂ ਮੇਰੀ ਕਹਾਣੀ ਪੁੱਛਦੇ। ਮੈਂ ਆਖਦਾ- ਪਿਛਲੇ ਜਨਮ ’ਚ ਮੈਂ ਬਿਜ਼ਨੇਸਮੈਨ ਸਾਂ ਤੇ ਇਹ ਦੋਵੇਂ ਮੇਰੇ ਪਾਰਟਨਰ ਸਨ। ਇਹ ਮੈਨੂੰ ਧੋਖਾ ਦੇ ਗਏ ਸਨ ਤੇ ਉਸ ਧੋਖੇ ਦਾ ਬਦਲਾ ਲੈਣ ਲਈ ਮੈਂ ਇਸ ਜਨਮ ’ਚ ਇੱਥੇ ਆਇਆਂ ਹਾਂ।
ਮੇਰੇ ਨਵੇਂ ਮਾਪਿਆਂ ਦੇ ਸ਼ਰੀਕ ਤਾਂ ਮੇਰੇ ਨਾਲ਼ ਹੁਣ ਵੀ ਈਰਖਾ ਕਰਦੇ ਨੇ। ਉਹ ਮਿਹਣੇ ਮਾਰਦੇ ਨੇ ਕਿ ਪਤਾ ਨਹੀਂ ਇਹ ਬੱਚਾ ਇਨ੍ਹਾਂ ਕਿੱਥੋਂ ਚੁਕ ਲਿਆਂਦਾ ਸੀ। ਹੁਣ ਮੈਨੂੰ ਪਿਛਲੀਆਂ ਯਾਦਾਂ ਬਹੁਤ ਘੱਟ ਆਉਂਦੀਆਂ ਨੇ। ਮੇਰਾ ਜੰਮਣ-ਮਰਨ, ਹੁਣ ਸਭ ਕੁਝ ਇੱਥੇ ਈ ਆ। ਮੈਂ ਆਪਣੀ ਪਤਨੀ ਨਾਲ਼ ਵੀ ਕਦੇ ਗੱਲ ਨਹੀਂ ਸੀ ਕੀਤੀ। ਮੈਂ ਕਦੇ ਆਪਣੇ ਬੱਚਿਆਂ ਨਾਲ਼ ਵੀ ਕਦੇ ਆਪਣੀ ਕਹਾਣੀ ਸਾਂਝੀ ਨਹੀਂ ਸੀ ਕੀਤੀ। ਮੈਨੂੰ ਕਤਲ ਹੁੰਦੇ ਪਿਉ ਦੇ ਸੁਪਨੇ ਆਉਂਦੇ ਰਹੇ। ਮਾਂ ਦੀਆਂ ਚੀਕਾਂ ਵੀ ਮੇਰੇ ਕੰਨਾਂ ’ਚ ਗੂੰਜਦੀਆਂ ਰਹੀਆਂ, ਪਰ ਮੈਂ ਨਵੇਂ ਮਾਪਿਆਂ ਨੂੰ ਕਦੇ ਆਪਣੀ ਕਹਾਣੀ ਨਹੀਂ ਸੁਣਾਈ!” ਗੱਲ ਮੁਕਾਉਂਦਿਆਂ, ਉਹ ਉਦਾਸ ਜਿਹਾ ਮੁਸਕਰਾਇਆ ਸੀ।
“ਕਿਉਂ?” ਮੈਂ ਹੈਰਾਨ ਹੁੰਦਿਆਂ ਪੁੱਛਿਆ ਸੀ।
“ਉਹ ਵਿਚਾਰੇ ਏਹੋ ਸੋਚਦੇ ਰਹੇ ਕਿ ਮੈਨੂੰ ਅਤੀਤ ਦਾ ਕੁਝ ਵੀ ਯਾਦ ਨਹੀਂ। ਅਗਰ ਮੈਂ ਅਸਲੀਅਤ ਦੱਸਦਾ ਤਾਂ ਰਿਸ਼ਤਿਆਂ ਦਾ ਉਹ ਖ਼ੂਬਸੂਰਤ ਭਰਮ ਟੁੱਟ ਜਾਣਾ ਸੀ!” ਇਹ ਆਖ ਉਸਨੇ ਆਪਣੇ ਬਾਰ੍ਹਾਂ ਕੁ ਵਰਿ੍ਹਆਂ ਦੇ ਪੋਤਰੇ ਨੂੰ ਹਿੱਕ ਨਾਲ਼ ਲਗਾ ਕੇ ਡੁਸਕਣਾ ਸ਼ੁਰੂ ਕਰ ਦਿੱਤਾ ਸੀ।